ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
‘‘ਕੌਣ ਜਾਣਦਾ ਸੀ ਕਿ ਵਿਗਿਆਨ ਤੇ ਗਣਿਤ ਪੜ੍ਹਾਉਣ ਵਾਲਾ ਇਕ ਅਧਿਆਪਕ ਇਕ ਮਹਾਨ ਫ਼ਿਲਮਕਾਰ ਬਣ ਕੇ ਕਰੋੜਾਂ ਦਿਲਾਂ ਦਾ ਚਹੇਤਾ ਬਣ ਜਾਵੇਗਾ ਤੇ ਅਜਿਹੀਆਂ ਸ਼ਾਹਕਾਰ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾ ਜਾਵੇਗਾ ਜਿਹੜੀਆਂ ਆਪਣੀ ਸਾਦਗੀ, ਉੱਤਮਤਾ ਤੇ ਰੌਚਿਕਤਾ ਲਈ ਸਦਾ ਹੀ ਯਾਦ ਕੀਤੀਆਂ ਜਾਣਗੀਆਂ।
ਰਿਸ਼ੀਕੇਸ਼ ਮੁਖ਼ਰਜੀ ਸਚਮੁੱਚ ਹੀ ਭਾਰਤੀ ਸਿਨੇਮਾ ਦਾ ਇਕ ਅਮਿੱਟ ਹਸਤਾਖ਼ਰ ਸੀ।“ ਸੰਨ 2006 ਦੀ 27 ਅਗਸਤ ਨੂੰ ਰਿਸ਼ੀਕੇਸ਼ ਮੁਖਰਜੀ ਦੇ ਦੇਹਾਂਤ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉੱਘੇ ਅਦਾਕਾਰ ਅਮਿਤਾਬ ਬੱਚਨ ਨੇ ਇਹ ਵਿਚਾਰ ਪ੍ਰਗਟ ਕੀਤੇ ਸਨ।
ਰਿਸ਼ੀਕੇਸ਼ ਮੁਖਰਜੀ ਨੇ ਸਚਮੁੱਚ ਹੀ ਵਪਾਰਕ ਪੱਖ ਤੋਂ ਮਾਰਧਾੜ ਤੇ ਤੜਕ-ਭੜਕ ਤੋਂ ਰਹਿਤ ਸਾਦਾ, ਸੰਗੀਤਮਈ ਤੇ ਦਿਲਚਸਪ ਫ਼ਿਲਮਾਂ ਬਣਾਉਣ ਨੂੰ ਤਰਜੀਹ ਦਿੱਤੀ ਸੀ ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਤੇ ਕੋਈ ਚੰਗਾ ਸੰਦੇਸ਼ ਦੇਣ ਵਿੱਚ ਉਹ ਹਮੇਸ਼ਾ ਸਫ਼ਲ ਰਿਹਾ ਸੀ। ਉਸਦੀਆਂ ਫ਼ਿਲਮਾਂ ‘ਅਨੰਦ`,‘ ਸੱਤਿਆਕਾਮ`, ‘ਅਨੁਰਾਧਾ`, ‘ਨਮਕ ਹਰਾਮ`, ‘ਛਾਇਆ`, ‘ਅਸਲੀ-ਨਕਲੀ`,‘ ਅਲਾਪ`, ‘ਬਾਵਰਚੀ`, ‘ਮਿਲੀ`, ‘ਚੁਪਕੇ ਚੁਪਕੇ`, ‘ਗੋਲਮਾਲ`, ‘ਖ਼ੂਬਸੂਰਤ`, ‘ਬੇਮਿਸਾਲ`, ‘ਬੁੱਢਾ ਮਿਲ ਗਿਆ`, ‘ਨਰਮ ਗਰਮ`, ‘ਰੰਗ ਬਿਰੰਗੀ`, ‘ਝੂਠੀ` ਅਤੇ ‘ਜੁਰਮਾਨਾ` ਆਦਿ ਬੇਹੱਦ ਸਾਫ਼-ਸੁਥਰੀਆਂ,ਪਰਿਵਾਰਕ ਅਤੇ ਦਿਲਚਸਪ ਰਚਨਾਵਾਂ ਸਨ। ਰਿਸ਼ੀਕੇਸ਼ ਮੁਖਰਜੀ ਇਕ ਮਹਾਨ ਫ਼ਿਲਮ ਨਿਰਦੇਸ਼ਕ,ਵਧੀਆ ਕਹਾਣੀ ਲੇਖਕ ਅਤੇ ਕਾਬਿਲੇ-ਤਾਰੀਫ਼ ਫ਼ਿਲਮ ਸੰਪਾਦਕ ਸੀ। ਉਸਨੂੰ ‘ਨੌਕਰੀ`,‘ਮਧੂਮਤੀ` ਅਤੇ ‘ਅਨੰਦ` ਆਦਿ ਫ਼ਿਲਮਾਂ ਲਈ ਸਰਬੋਤਮ ਫ਼ਿਲਮ ਸੰਪਾਦਕ, ‘ਅਨੰਦ` ਲਈ ਸਰਬੋਤਮ ਕਹਾਣੀਕਾਰ,‘ ਅਨੋਖੀ ਰਾਤ` ਲਈ ਸਰਬੋਤਮ ਪਟਕਥਾ ਲੇਖਕ ਦੇ ‘ਫ਼ਿਲਮ ਫ਼ੇਅਰ ਐਵਾਰਡਾਂ` ਤੋਂ ਇਲਾਵਾ ‘ਅਨੰਦ` ਅਤੇ ‘ ਖ਼ੂਬਸੂਰਤ` ਆਦਿ ਫ਼ਿਲਮਾਂ ਲਈ ‘ਸਰਬੋਤਮ ਫ਼ਿਲਮ` ਦਾ ਇਨਾਮ ਦੇ ਕੇ ਨਿਵਾਜਿਆ ਗਿਆ ਸੀ।ਇੱਥੇ ਹੀ ਬਸ ਨਹੀਂ ਉਸਦੀਆਂ ‘ਅਨਾੜੀ`, ‘ਅਨੁਪਮਾ`, ‘ਆਸ਼ੀਰਵਾਦ`, ‘ਸੱਤਿਆਕਾਮ` ਅਤੇ ‘ਅਨੰਦ` ਆਦਿ ਫ਼ਿਲਮਾਂ ਨੂੰ ਸਰਬੋਤਮ ਫ਼ਿਲਮਾਂ ਵਜੋਂ ਰਾਸ਼ਟਰਪਤੀ ਦੇ ‘ਸਿਲਵਰ ਮੈਡਲ` ਅਤੇ ਫ਼ਿਲਮ ‘ਅਨੁਰਾਧਾ` ਨੂੰ ਰਾਸ਼ਟਰਪਤੀ ਦੇ ਗੋਲਡ ਮੈਡਲ ਨਾਲ ਨਿਵਾਜਿਆ ਗਿਆ ਸੀ।
30 ਸਤੰਬਰ,1922 ਨੂੰ ਕਲਕੱਤਾ ਵਿਖੇ ਜਨਮੇ ਰਿਸ਼ੀਕੇਸ਼ ਮੁਖਰਜੀ ਨੂੰ ਬਾਲੀਵੁੱਡ ਵਿੱਚ ਸਭ ਲੋਕ ‘ਰਿਸ਼ੀ ਦਾਦਾ` ਦੇ ਨਾਂ ਨਾਲ ਜਾਣਦੇ ਸਨ। ਰਿਸ਼ੀਕੇਸ਼ ਮੁਖਰਜੀ ਨੇ ਕਲਕੱਤਾ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਤੇ ਫਿਰ ਇਕ ਨਿਜੀ ਸਕੂਲ ਵਿੱਚ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਅਧਿਆਪਕ ਵਜੋਂ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ। ਅਧਿਆਪਨ ਦੇ ਕਾਰਜ ਦੌਰਾਨ ਉਸਨੂੰ ਇੰਜ ਮਹਿਸੂਸ ਹੋਇਆ ਕਿ ਉਹ ਅਧਿਆਪਨ ਲਈ ਨਹੀਂ ਬਣਿਆ ਸੀ। ਉਸਨੇ ਸੰਨ 1940 ਵਿਚ ਬਤੌਰ ਕੈਮਰਾਮੈਨ ਕੰਮ ਸ਼ੁਰੂ ਕੀਤਾ ਪਰ ਫਿਰ ਛੇਤੀ ਹੀ ਮਸ਼ਹੂਰ ਫ਼ਿਲਮਕਾਰ ਬੀ.ਐਨ.ਸਰਕਾਰ ਦੇ ‘ਨਿਉੂ ਥੀਏਟਰਜ਼` ਕਲਕੱਤਾ ਵਿਖੇ ਫ਼ਿਲਮ ਸੰਪਾਦਨ ਦਾ ਕਾਰਜ ਸੰਭਾਲ ਲਿਆ।ਉਸਨੇ ਨਾਮਵਰ ਫ਼ਿਲਮ ਸੰਪਾਦਕ ਸੁਭਾਸ਼ ਮਿੱਤਰਾ ਤੋਂ ਸੰਪਾਦਨ ਕਲਾ ਦੇ ਗੁਰ ਸਿੱਖੇ ਤੇ ਉਪਰੰਤ ਮਸ਼ਹੂਰ ਫ਼ਿਲਮਕਾਰ ਬਿਮਲ ਰਾਏ ਨਾਲ ਬਤੌਰ ਸੰਪਾਦਕ ਤੇ ਸਹਿ-ਨਿਰਦੇਸ਼ਕ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਪ੍ਰਕਾਰ ਦੀਆਂ ਬਾਰੀਕੀਆਂ ਸਿੱਖੀਆਂ। ਜ਼ਿਕਰਯੋਗ ਹੈ ਕਿ ਬਿਮਲ ਰਾਏ ਦੀਆਂ ਸੁਪਰਹਿਟ ਫ਼ਿਲਮਾਂ ‘ਦੋ ਬੀਘਾ ਜ਼ਮੀਨ` ਅਤੇ ‘ਦੇਵਦਾਸ` ਦੇ ਨਿਰਦੇਸ਼ਨ ਤੇ ਸੰਪਾਦਨ ਵਿੱਚ ਰਿਸ਼ੀਕੇਸ਼ ਮੁਖ਼ਰਜੀ ਦਾ ਵੀ ਮਹੱਤਵਪੂਰਨ ਯੋਗਦਾਨ ਸੀ।ਬਤੌਰ ਸੰਪਾਦਕ ਉਸਦੀਆਂ ਪ੍ਰਮੁੱਖ ਫ਼ਿਲਮਾਂ ‘ਪਰਿਣੀਤਾ`, ‘ਬਿਰਾਜ ਬਹ`ੂ, ‘ਗਰਮ ਕੋਟ`, ‘ਮਧੂਮਤੀ`, ‘ਦਸਤਕ`,‘ਚਾਰ ਦੀਵਾਰੀ` ਅਤੇ ਅਮਿਤਾਬ ਬੱਚਨ ਦੀ ਹਿੱਟ ਫ਼ਿਲਮ ‘ਕੁੱਲੀ` ਅਦਿ ਸਨ।
ਸੰਨ 1957 ਵਿਚ ਫ਼ਿਲਮ ‘ਮਸਾਫ਼ਿਰ` ਨਾਲ ਬਤੌਰ ਸੁਤੰਤਰ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਬਹੁਤੀ ਸਫ਼ਲ ਨਹੀਂ ਰਹੀ ਸੀ। ਸੰਨ 1959 ਵਿੱਚ ਉਸਦੀ ਫ਼ਿਲਮ ‘ਅਨਾੜੀ `ਨੂੰ ਪੰਜ ਵੱਖ-ਵੱਖ ਸ਼੍ਰੇਣੀਆਂ ਵਿੱਚ ਫ਼ਿਲਮ ਫ਼ੇਅਰ ਐਵਾਰਡ ਹਾਸਿਲ ਹੋਏ ਸਨ ਪਰ ਉਸਨੂੰਸਰਬੋਤਮ ਨਿਰਦੇਸ਼ਕ ਦਾ ਐਵਾਰਡ` ਮਿਲਣੋਂ ਇਸ ਕਰਕੇ ਰਹਿ ਗਿਆ ਸੀ ਕਿਉਂਕਿ ੳਸਦੇ ਗੁਰੂ ਬਿਮਲ ਰਾਏ ਨੂੰ ਉਸ ਸਾਲ ਇਹ ਐਵਾਰਡ ਕਿਸੇ ਹੋਰ ਫ਼ਿਲਮ ਲਈ ਪ੍ਰਦਾਨ ਕਰ ਦਿੱਤਾ ਗਿਆ ਸੀ। ਰਿਸ਼ੀਕੇਸ਼ ਮੁਖਰਜੀ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਅਮਿਤਾਬ ਬੱਚਨ ਨੂੰ ਫ਼ਿਲਮ ‘ਅਨੰਦ`,ਧਰਮਿੰਦਰ ਨੂੰ ‘ਚੁਪਕੇ-ਚੁਪਕੇ` ਅਤੇ ਜਯਾ ਬੱਚਨ ਨੂੰ ਫ਼ਿਲਮ ‘ਗੁੱਡੀ `ਰਾਹੀਂ ਆਪੋ ਆਪਣੀ ਅਭਿਨੈ ਕਲਾ ਦੇ ਬੇਹਤਰੀਨ ਪੱਖ ਉਜਾਗਰ ਕਰਨ ਦਾ ਮੌਕਾ ਦਿੱਤਾ ਸੀ। ਸੰਨ 1961 ਵਿੱਚ ਉਸਦੀ ਫ਼ਿਲਮ ‘ਅਨੁਰਾਧਾ` ਨੂੰ ਵਿਸ਼ਵ ਪ੍ਰਸਿੱਧ ਐਵਾਰਡ ‘ਗੋਲਡਨ ਬੀਅਰ `ਲਈ ਨਾਮਜ਼ਦ ਕੀਤਾ ਗਿਆ ਸੀ ਤੇ ਸੰਨ 1994 ਵਿੱਚ ਉਸਨੂੰ ‘ਲਾਈਫ਼ਟਾਈਮ ਐਚੀਵਮੈਂਟ ਐਵਾਰਡ` ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਅਦਾਕਾਰ ਅਨਿਲ ਕਪੂਰ ਅਤੇ ਅਮਰੀਸ਼ ਪੁਰੀ ਨੂੰ ਲੈ ਕੇ ਰਿਸ਼ੀਕੇਸ਼ ਮੁਖਰਜੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਝੂਠ ਬੋਲੇ ਕਊਆ ਕਾਟੇ ` ਉਸਦੀ ਆਖ਼ਰੀ ਫ਼ਿਲਮ ਸੀ। ਰਿਸ਼ੀਕੇਸ਼ ਮੁਖਰਜੀ ਨੂੰ ਇਹ ਮਾਣ ਵੀ ਦਿੱਤਾ ਜਾਂਦਾ ਹੈ ਕਿ ਸੰਨ 1947 ਤੋਂ ਲੈ ਕੇ 1997 ਤੱਕ ਭਾਵ ਲਗਪਗ ਪੰਜਾਹ ਸਾਲ ਤੱਕ ਉਸਨੇ ਬਾਲੀਵੁੱਡ ਦੇ ਹਰ ਵੱਡੇ ਸਿਤਾਰੇ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਪਿਛਲੀ ਉਮਰੇ ਆਣ ਕੇ ਉਸਨੇ ‘ਤਲਾਸ਼`, ‘ਧੂਪ-ਛਾਂਵ`,‘ਰਿਸ਼ਤੇ`,‘ਓਜਾਲੇ ਕੀ ਔਰ`,‘ਅਗਰ ਐਸਾ ਹੋ ਤੋ` ਆਦਿ ਜਿਹੇ ਦਿਲਚਸਪ ਤੇ ਸਫ਼ਲ ਟੀ.ਵੀ.ਲੜੀਵਾਰਾਂ ਦਾ ਨਿਰਦੇਸ਼ਨ ਵੀ ਦਿੱਤਾ ਸੀ। ਅਖ਼ੀਰ 27 ਅਗਸਤ,2006 ਨੂੰ ਇਹ ਮਹਾਨ ਫ਼ਿਲਮਕਾਰ ਸਾਥੋਂ ਸਦਾ ਲਈ ਵਿਛੜ ਗਿਆ ਸੀ ਉਸਦੀਆਂ ਖ਼ੂਬਸੂਰਤ ਤੇ ਦਿਲਕਸ਼ ਫ਼ਿਲਮਾਂ ਕਲਾ ਪਾਰਖ਼ੀਆਂ ਦੇ ਮਨ ਵਿਚ ਉਸਦਾ ਸਤਿਕਾਰ ਸਦਾ ਕਾਇਮ ਰੱਖਣਗੀਆਂ।
-410, ਚੰਦਰ ਨਗਰ,ਬਟਾਲਾ।
ਮੋ: 97816-46008
