ਕੈਨੇਡਾ ਦੀ ਚਰਚਿਤ ਤੈਰਾਕ ਸਮਰ ਮੈਕਿਨਟੌਸ਼

ਪ੍ਰਿੰ. ਸਰਵਣ ਸਿੰਘ
ਫੋਨ: 647-785-1661
ਕੈਨੇਡਾ ਦੀ ਤੂਫਾਨਮੇਲ ਤੈਰਾਕ ਸਮਰ ਮੈਕਿਨਟੌਸ਼ ਅੱਜ-ਕੱਲ੍ਹ ਚਰਚਾ ਵਿਚ ਹੈ। ਲੋਕ ਜਾਣਨਾ ਚਾਹੁੰਦੇ ਨੇ ਕਿ ਉਹ ਹੈ ਕੀ ਸ਼ੈਅ? ਕੀ ਉਹ ਮਾਈਕਲ ਫੈਲਪਸ ਬਣ ਸਕੇਗੀ? ਅਮਰੀਕਾ ਦੇ ਮਾਈਕਲ ਫੈਲਪਸ ਨੇ 4 ਓਲੰਪਿਕ ਖੇਡਾਂ ‘ਚੋਂ 23 ਸੋਨੇ, 3 ਚਾਂਦੀ, 2 ਕਾਂਸੀ, ਕੁਲ 28 ਤਗ਼ਮੇ ਜਿੱਤੇ ਸਨ! ਉਹ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਓਲੰਪੀਅਨ ਹੈ।

ਉਸ ਤੋਂ ਪਹਿਲਾਂ ਸੋਵੀਅਤ ਰੂਸ ਦੀ ਲਾਰੀਸਾ ਲਤੀਨੀਨਾ ਦਾ 18 ਓਲੰਪਿਕ ਮੈਡਲ ਜਿੱਤਣ ਦਾ ਰਿਕਾਰਡ ਸੀ। ਸਮਰ ਨੇ ਅਜੇ ਕਈ ਸਾਲ ਤੈਰਨਾ ਹੈ। ਵੇਖਦੇ ਹਾਂ ਉਹ ਕਿੰਨੇ ਮੈਡਲ ਜਿੱਤ ਕੇ ਬੱਸ ਕਰਦੀ ਹੈ?
ਗੋਰੇ ਰੰਗ, ਭੂਰੇ ਵਾਲ ਤੇ ਲੰਮੇ ਕੱਦ ਦੀ ਸਮਰ ਅਜੇ ਚੌਦਾਂ ਸਾਲਾਂ ਦੀ ਸੀ ਕਿ ਉਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅਠਾਰਾਂ ਸਾਲਾ ਦੀ ਹੋਈ ਤਾਂ ਪੈਰਿਸ ਦੀਆਂ ਓਲੰਪਿਕ ਖੇਡਾਂ ‘ਚੋਂ 3 ਸੋਨ ਤਗਮੇ ਤੇ 1 ਚਾਂਦੀ ਦਾ ਤਗਮਾ ਜਿੱਤੀ। ਉਹਦਾ ਜਨਮ 18 ਅਗਸਤ 2006 ਨੂੰ ਟੋਰਾਂਟੋ ਵਿਚ ਹੋਇਆ। ਆਪਣੇ 19ਵੇਂ ਜਨਮ ਦਿਵਸ ਤਕ ਪਹੁੰਚਦਿਆਂ ਉਸ ਨੇ ਓਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਅਤੇ ਫਿਨਾ ਵਰਲਡ ਚੈਂਪੀਅਨਸ਼ਿਪਾਂ ਵਿਚੋਂ ਏਨੇ ਮੈਡਲ ਜਿੱਤੇ ਕਿ ਉਹਦੇ ਗੋਲਡ, ਸਿਲਵਰ ਤੇ ਬ੍ਰਾਂਜ ਮੈਡਲਾਂ ਦੀ ਗਿਣਤੀ ਦੋ ਦਰਜਨ ਤੋਂ ਟੱਪ ਚੁੱਕੀ ਹੈ। ਉਨ੍ਹਾਂ ਵਿਚ 14 ਮੈਡਲ ਤਾਂ ਸੋਨੇ ਦੇ ਹੀ ਹਨ!
ਓਲੰਪਿਕ ਖੇਡਾਂ ‘ਚੋਂ ਤਾਂ ਇਕ ਮੈਡਲ ਜਿੱਤ ਲੈਣਾ ਹੀ ਮਾਣ ਨਹੀਂ ਹੁੰਦਾ। ਭਾਰਤ ਵਿਚ ਹੁਣ ਇਕੋ ਓਲੰਪਿਕ ਮੈਡਲ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਤੇ ਪਦਮ ਸਨਮਾਨ ਮਿਲਦੇ ਹਨ।
ਸਮਰ ਦਾ ਨਿੱਕਾ ਨਾਂ ‘ਸੁਮ’ ਹੈ ਤੇ ਪੂਰਾ ਨਾਂ ਸਮਰ ਐੱਨ ਮੈਕਿਨਟੌਸ਼। ਉਸ ਦੀ ਮਨਭਾਉਂਦੀ ਮੂਵੀ ‘ਡਰਾਈਵ ਟੂ ਸਰਵਾਈਵ’ ਹੈ ਤੇ ਮਨਭਾਉਂਦਾ ਸੈਰ ਸਥਾਨ ‘ਬੋਰਾ ਬੋਰਾ’। ਉਸ ਦਾ ਸ਼ੌਕ ਆਪਣਾ ਕਮਰਾ ਆਪ ਸਾਫ ਕਰਨਾ ਤੇ ਸਜਾ ਕੇ ਰੱਖਣਾ ਹੈ। ਉਹਦਾ ਜਨਮ ਕੈਨੇਡਾ ਦੀ ਓਲੰਪੀਅਨ ਤੈਰਾਕ ਜਿੱਲ ਹੌਰਸਟੈੱਡ ਦੀ ਕੁੱਖੋਂ ਪਿਤਾ ਗ੍ਰੈਗ ਮੈਕਿਨਟੌਸ਼ ਦੇ ਘਰ ਹੋਇਆ। ਉਹ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੀ ਜੰਮਪਲ ਹੈ ਅਤੇ ਅਮਰੀਕਾ ਵਿਚ ਫਲੋਰੀਡਾ ਦੇ ਸ਼ਹਿਰ ਸਾਰਾਸੋਟਾ ਵਿਚ ਪੜ੍ਹਦੀ ਤੇ ਤੈਰਾਕੀ ਦੀ ਸਿਖਲਾਈ ਲੈਂਦੀ ਆ ਰਹੀ ਹੈ। ਉਸ ਦੀ ਇਕ ਵੱਡੀ ਭੈਣ ਹੈ ਬਰੁਕ ਮੈਕਿਨਟੌਸ਼ ਜੋ ਚੋਟੀ ਦੀ ਫਿੱਗਰ ਸਕੇਟਰ ਹੈ। ਉਹ ਆਪਣੇ ਸਾਥੀ ਸਕੇਟਰ ਟੋਸਟ ਨਾਲ ਕੈਨੇਡੀਅਨ ਰਿਕਾਰਡ ਤੋੜਦਿਆਂ ਨੈਸ਼ਨਲ ਪੱਧਰ `ਤੇ ਗੋਲਡ ਮੈਡਲ ਜਿੱਤ ਚੁੱਕੀ ਹੈ। ਉਹਦਾ ਜਨਮ ਵੀ 5 ਜਨਵਰੀ 2005 ਨੂੰ ਟੋਰਾਂਟੋ ਵਿਚ ਹੀ ਹੋਇਆ ਸੀ।
ਸਮਰ ਦੀ ਮਾਂ ਜਿੱਲ ਹੌਰਸਟੈੱਡ ਮਾਸਕੋ ਦੀਆਂ ਓਲੰਪਿਕ ਖੇਡਾਂ-1980 ਸਮੇਂ ਕੈਨੇਡੀਅਨ ਤੈਰਾਕੀ ਟੀਮ ਦੀ ਮੈਂਬਰ ਸੀ। 16 ਸਾਲ ਦੀ ਉਮਰੇ ਉਸ ਨੇ ਪੈਨ ਅਮੈਰੀਕਨ ਗੇਮਜ਼-1983 ਵਿਚ ਭਾਗ ਲਿਆ। ਉਹ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਵੀ ਕੈਨੇਡੀਅਨ ਟੀਮ ਵਿਚ ਸ਼ਾਮਲ ਸੀ ਪਰ ਕੋਈ ਮੈਡਲ ਨਹੀਂ ਸੀ ਜਿੱਤ ਸਕੀ। ਪਰ 1986 ਦੀਆਂ ਕਾਮਨਵੈਲਥ ਖੇਡਾਂ ‘ਚੋਂ ਬ੍ਰਾਂਜ਼ ਮੈਡਲ ਜਿੱਤ ਗਈ ਸੀ। ਸਮਰ ਦਾ ਪਿਤਾ ਗ੍ਰੈੱਗ ਮੈਕਿਨਟੋਸ਼ ਵਿਸ਼ਵ ਪੱਧਰੀ ਅਥਲੀਟ ਸੀ ਜੋ ਕੈਂਸਰ ਦਾ ਮਰੀਜ਼ ਬਣ ਗਿਆ ਸੀ ਪਰ ਇਲਾਜ ਪਿੱਛੋਂ ਰਾਜ਼ੀ ਹੋ ਗਿਆ।
ਅਗਸਤ 2025 ਵਿਚ ਸਿੰਘਾਪੁਰ ਵਿਖੇ ਹੋਈ ਵਰਲਡ ਤੈਰਾਕੀ ਚੈਂਪੀਅਨਸ਼ਿਪਸ ਵਿਚੋਂ ਸਮਰ ਨੇ ਨਾ ਕੇਵਲ ਇਕ ਬ੍ਰਾਂਜ਼ ਤੇ ਚਾਰ ਗੋਲਡ ਮੈਡਲ ਜਿੱਤੇ ਬਲਕਿ 400 ਮੀਟਰ ਵਿਅਕਤੀਗਤ ਤੈਰਾਕੀ ਦੇ ਮੁਕਾਬਲੇ ਵਿਚ 4:25.78 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਿਤ ਕਰ ਦਿੱਤਾ। ਉਸ ਨੂੰ ਮੈਡਲੇ ਦੇ ਅਵਾਰਡਾਂ ਤੋਂ ਬਿਨਾਂ 90 ਹਜ਼ਾਰ ਡਾਲਰਾਂ ਦੀ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਉਸ ਦੀਆਂ ਪ੍ਰਾਪਤੀਆਂ ਦਾ ਮੁੱਢਲਾ ਦੌਰ ਹੈ ਅਜੇ ਉਸ ਨੇ ਹੋਰ ਵੀ ਵੱਡੀਆਂ ਮੱਲਾਂ ਮਾਰਨੀਆਂ ਹਨ। ਹਜ਼ਾਰਾਂ ਨਹੀਂ ਕਰੋੜਾਂ ਡਾਲਰਾਂ ਦੀ ਰਾਸ਼ੀ ਉਹਦੀ ਝੋਲੀ ਪੈਣੀ ਹੈ ਤੇ ਵਿਸ਼ਵ ਪੱਧਰ ਦੇ ਵੱਡੇ ਤੋਂ ਵੱਡੇ ਮਾਣ-ਸਨਮਾਨ ਹਾਸਲ ਹੋਣੇ ਹਨ।
ਸਮਰ ਮੈਕਿਨਟੌਸ਼ ਲਈ 2025 ਦੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਸਭ ਤੋਂ ਵੱਧ ਸਫਲ ਰਹੀ। ਉਹ ਤੈਰਾਕੀ ਦੇ ਇਤਿਹਾਸ ਵਿਚ ਵਿਸ਼ਵ ਦੀ ਦੂਜੀ ਤੈਰਾਕ ਹੈ ਜਿਸ ਨੇ ਵਿਅਕਤੀਗਤ ਤੌਰ ‘ਤੇ ਇਕੋ ਵਿਸ਼ਵ ਚੈਂਪੀਅਨਸ਼ਿਪਸ ਵਿਚੋਂ 4 ਗੋਲਡ ਮੈਡਲ ਜਿੱਤੇ। ਉਹ ਪਹਿਲੀ ਤੈਰਾਕ ਹੈ ਜਿਸ ਨੇ 400 ਮੀਟਰ ਦੀ ਵਿਅਕਤੀਗਤ ਮੈਡਲੇ ਤੈਰਾਕੀ ਵਿਚ ਦੂਜੇ ਨੰਬਰ ‘ਤੇ ਰਹਿਣ ਵਾਲੀ ਤੈਰਾਕ ਤੋਂ 7.48 ਸਕਿੰਟ ਪਹਿਲਾਂ ਤਾਰੀ ਜਿੱਤੀ। ਉਹ ਦੂਜੀ ਔਰਤ ਤੈਰਾਕ ਹੈ ਜਿਸ ਨੇ 400 ਮੀਟਰ ਫਰੀਸਟਾਈਲ, 200 ਮੀਟਰ ਵਿਅਕਤੀਗਤ ਮੈਡਲੇ, 200 ਮੀਟਰ ਬਟਰਫਲਾਈ ਤੇ 400 ਮੀਟਰ ਵਿਅਕਤੀਗਤ ਮੈਡਲੇ ਦੇ ਸੋਨ ਮੈਡਲ ਹਾਸਲ ਕੀਤੇ।
ਖੇਡਾਂ ਦੀ ਦੁਨੀਆ ਬੜੀ ਵਿਸ਼ਾਲ ਹੈ। ਲੱਖਾਂ ਨਹੀਂ, ਕਰੋੜਾਂ ਲੋਕ ਹਜ਼ਾਰਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਨਿੱਕੇ ਜਿਹੇ ਪੰਜਾਬ ਦੀਆਂ ਪੁਰਾਤਨ ਤੇ ਮਾਡਰਨ ਖੇਡਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਕਈ ਸਾਲ ਪਹਿਲਾਂ ਮੈਂ ‘ਪੰਜਾਬ ਦੀਆਂ ਦੇਸੀ ਖੇਡਾਂ’ ਬਾਰੇ ਲਿਖੀ ਕਿਤਾਬ ਵਿਚ 87 ਖੇਡਾਂ ਦਾ ਵਿਸਥਾਰ ਦਿੱਤਾ ਸੀ ਜੋ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ। ਮੈਂ ਸਮਝਦਾ ਹਾਂ ਉਹ ਗੋਹੜੇ `ਚੋਂ ਪੂਣੀ ਹੀ ਕੱਤੀ ਗਈ ਸੀ। ਖੇਡਾਂ, ਜ਼ਮੀਨ `ਤੇ ਵੀ ਖੇਡੀਆਂ ਜਾਂਦੀਆਂ ਹਨ, ਹਵਾ `ਚ ਵੀ ਤੇ ਪਾਣੀਆਂ ਵਿਚ ਵੀ। ਸਾਡੀ ਇਸ ਧਰਤੀ `ਤੇ ਸਮੁੰਦਰ ਤੇ ਝੀਲਾਂ ਖੁਸ਼ਕ ਜ਼ਮੀਨ ਨਾਲੋਂ ਕਿਤੇ ਵੱਧ ਹਨ। ਜੀਆ ਜੰਤ ਮਿੱਟੀ ਅੰਦਰ, ਮਿੱਟੀ ਉਤੇ, ਹਵਾ ਵਿਚ ਤੇ ਪਾਣੀਆਂ ਵਿਚ ਵੀ ਜੰਮਦੇ ਪਲਦੇ ਰਹਿੰਦੇ ਹਨ। ਜਿਸ ਜਗ੍ਹਾ ਜੰਮਦੇ ਪਲਦੇ ਹਨ ਉਥੇ ਖੇਡਾਂ ਵੀ ਖੇਡਦੇ ਹਨ।
ਪੁਰਾਤਨ ਓਲੰਪਿਕ ਖੇਡਾਂ ਵਿਚ ਕੇਵਲ ਪੁਰਸ਼ ਹੀ ਭਾਗ ਲੈ ਸਕਦੇ ਸਨ। ਔਰਤਾਂ ਲਈ ਖੇਡਾਂ ਵੇਖਣੀਆਂ ਮਨ੍ਹਾ ਸਨ। ਜੇ ਕੋਈ ਔਰਤ ਲੁਕ ਛਿਪ ਕੇ ਵੇਖਦੀ ਤਾਂ ਲਾਗਲੀ ਪਹਾੜੀ ਤੋਂ ਹੇਠਾਂ ਸੁੱਟ ਕੇ ਮਾਰ ਦੇਣ ਦੀ ਸਜ਼ਾ ਸੀ। ਪਰ ਮਾਡਰਨ ਓਲੰਪਿਕ ਖੇਡਾਂ ਵਿਚ ਔਰਤਾਂ ਵੀ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲੱਗੀਆਂ ਹਨ। ਪਾਣੀਆਂ ਦੀਆਂ ਖੇਡਾਂ ਯਾਨੀ ਤੈਰਨ ਦੇ ਮੁਕਾਬਲੇ ਜਿੰਨੇ ਕੁ ਪੁਰਸ਼ਾਂ ਦੇ ਹਨ ਓਨੇ ਕੁ ਹੁਣ ਔਰਤਾਂ ਲਈ ਵੀ ਹਨ। ਬਲਕਿ ਖੋਜ ਤਾਂ ਇਹ ਸਿੱਧ ਕਰ ਰਹੀ ਹੈ ਕਿ ਔਰਤ ਦਾ ਸਰੀਰ ਤੈਰਨ ਲਈ ਪੁਰਸ਼ ਦੇ ਸਰੀਰ ਨਾਲੋਂ ਵਧੇਰੇ ਅਨੁਕੂਲ ਹੈ। ਇਹੋ ਕਾਰਨ ਹੈ ਕਿ ਜ਼ਮੀਨ ਉਤੇ ਹੁੰਦੇ ਦੌੜ ਮੁਕਾਬਲਿਆਂ ਦੇ ਔਰਤਾਂ ਤੇ ਮਰਦਾਂ ਦੇ ਰਿਕਾਰਡਾਂ ਵਿਚ ਜਿੰਨਾ ਵੱਡਾ ਫਰਕ ਹੈ ਓਨਾ ਤੈਰਾਕੀ ਦੇ ਮੁਕਾਬਲਿਆਂ ਵਿਚ ਨਹੀਂ। ਜ਼ਮੀਨ ਉਤਲੀਆਂ ਖੇਡਾਂ ਵਾਂਗ ਪਾਣੀ ਵਿਚਲੀਆਂ ਖੇਡਾਂ ਦਾ ਇਤਿਹਾਸ ਵੀ ਸਦੀਆਂ ਪੁਰਾਣਾ ਹੈ। ਸਮੁੰਦਰੀ ਜੀਵ ਵੀ ਆਪਸ ਵਿਚ ਖੇਡਦੇ ਹਨ ਭਾਵੇਂ ਕਿ ਉਨ੍ਹਾਂ ਦੇ ਨਿਯਮ ਨਹੀਂ ਹੁੰਦੇ।
ਗੱਲ ਤੋਰੀ ਸੀ ਕੈਨੇਡਾ ਦੀ ਤੇਜ਼-ਤਰਾਰ ਤੈਰਾਕ ਸਮਰ ਮੈਕਿਨਟੌਸ਼ ਤੋਂ। ਉਹਦੇ ‘ਚ ਬੇਅੰਤ ਸੰਭਾਵਨਾਵਾਂ ਹਨ। ਵੈਸੇ ਹਰ ਖਿਡਾਰੀ ਅੰਦਰ ਸੰਭਾਵਨਾਵਾਂ ਹੁੰਦੀਆਂ ਹਨ। ਬੰਦਾ ਧਰਤੀਆਂ ਗਾਹੁੰਦਾ, ਸਮੁੰਦਰ ਤੈਰਦਾ, ਹਵਾ ਵਿਚ ਯਾਨੀ ਪੁਲਾੜ ‘ਚ ਕਿਤੇ ਦਾ ਕਿਤੇ ਚਲਾ ਗਿਆ ਹੈ। ਜਿਵੇਂ ਜ਼ਮੀਨ ਉਤਲੀਆਂ ਖੇਡਾਂ ਦੇ ਰਿਕਾਰਡ ਟੁੱਟ ਰਹੇ ਹਨ ਉਵੇਂ ਪਾਣੀਆਂ ਵਿਚਲੇ ਰਿਕਾਰਡ ਵੀ ਟੁੱਟੀ ਜਾਂਦੇ ਹਨ। ਕੈਨੇਡਾ ਦੀ ਜਾਈ ਸਮਰ ਨੇ ਤਾਂ 14 ਸਾਲਾਂ ਦੀ ਉਮਰ ਤੋਂ ਹੀ ਰਿਕਾਰਡ ਤੋੜਨੇ ਸ਼ੁਰੂ ਕੀਤੇ ਹੋਏ ਹਨ।
ਤੈਰਨ ਦੇ ਅਨੇਕ ਸਟਾਈਲ ਹੁੰਦੇ ਹਨ। ਜਿਵੇਂ ਬਟਰਫਲਾਈ, ਬੈਕਸਟ੍ਰੋਕ, ਬੈ੍ਰਸਟਸਟਰੋਕ, ਫਰੀਸਟਾਈਲ ਤੇ ਮੈਡਲੇ ਆਦਿ। ਆਮ ਬੰਦੇ ਤਾਂ ਸਿੱਧੀ ਤਾਰੀ ਤੇ ਪੁੱਠੀ ਤਾਰੀ ਬੱਸ ਦੋ ਤਰ੍ਹਾਂ ਦੀਆਂ ਤਾਰੀਆਂ ਹੀ ਜਾਣਦੇ ਹਨ। ਓਲੰਪਿਕ ਖੇਡਾਂ ਵਿਚ ਉਹੀ ਮੁਲਕ ਸਭ ਤੋਂ ਵੱਧ ਮੈਡਲ ਜਿੱਤਦੇ ਹਨ ਜਿਹੜੇ ਤੈਰਾਕੀ ‘ਚ ਵੀ ਤਕੜੇ ਹੋਣ। ਭਾਰਤ, ਜੀਹਦੇ ਆਲੇ-ਦੁਆਲੇ ਵਿਸ਼ਾਲ ਸਮੁੰਦਰ ਅਤੇ ਮੈਦਾਨਾਂ ‘ਚ ਵਗਦੇ ਦਰਿਆ ਤੇ ਤੀਰਥਾਂ ਦੇ ਸਰੋਵਰ ਹਨ, ਉਥੇ ਤੈਰਾਕੀ ਦੀਆਂ ਖੇਡਾਂ ‘ਚ ਭਾਰਤੀ ਫਿਰ ਵੀ ਕਾਫੀ ਪਿੱਛੇ ਹਨ। ਵਿਸ਼ਵ ਵਸੋਂ ‘ਚ ਸਭ ਤੋਂ ਵੱਡੇ ਮੁਲਕ ਭਾਰਤ ਨੇ ਓਲੰਪਿਕ ਖੇਡਾਂ ਜਾਂ ਵਿਸ਼ਵ ਪੱਧਰ ‘ਤੇ ਹੁੰਦੀਆਂ ਤੈਰਾਕੀ ਦੀਆਂ ਖੇਡਾਂ ‘ਚੋਂ ਕਦੇ ਕੋਈ ਗੋਲਡ ਮੈਡਲ ਨਹੀਂ ਜਿੱਤਿਆ। ਦੂਜੇ ਪਾਸੇ ਅਬਾਦੀ ‘ਚ ਨਿੱਕੇ ਜਿਹੇ ਮੁਲਕ ਕੈਨੇਡਾ ਦੀ ਕੁੜੀ ਤੈਰਾਕੀ ਦੇ ਤੇਜ਼-ਤਰਾਰ ਮੁਕਾਬਲਿਆਂ ਵਿਚ ਗਾਹ ਪਾਈ ਜਾ ਰਹੀ ਹੈ।
ਤੈਰਨ ਦਾ ਇਤਿਹਾਸ ਬੇਸ਼ਕ ਪੱਥਰ ਦੇ ਯੁਗ ਤਕ ਖੋਜਿਆ ਗਿਆ ਹੈ ਪਰ ਖੇਡ ਵਜੋਂ ਮਨੋਰੰਜਕ ਮੁਕਾਬਲੇ 19ਵੀਂ ਸਦੀ ਵਿਚ ਇੰਗਲੈਂਡ ਤੋਂ ਸ਼ੁਰੂ ਹੋਏ ਸਨ। ਫਰਾਂਸ ਇੰਗਲੈਂਡ ਦਾ ਗੁਆਂਢੀ ਦੇਸ਼ ਹੈ ਜਿਨ੍ਹਾਂ ਵਿਚਕਾਰ ਇੰਗਲਿਸ਼ ਚੈਨਲ ਦਾ ਸਮੁੰਦਰ ਪੈਂਦਾ ਹੈ। ਬੇੜੀਆਂ, ਬੇੜਿਆਂ ਤੇ ਸਮੁੰਦਰੀ ਜਹਾਜ਼ਾਂ ‘ਤੇ ਸਫ਼ਰ ਤਾਂ ਬਹੁਤ ਚਿਰ ਪਹਿਲਾਂ ਆਰੰਭ ਹੋ ਚੁੱਕਾ ਸੀ। ਤੈਰ ਕੇ ਇੰਗਲਿਸ਼ ਚੈਨਲ ਪਾਰ ਕਰਨਾ ਸਭ ਤੋਂ ਪਹਿਲਾਂ ਮੈਥਿਊ ਵੈੱਬ ਦੇ ਹਿੱਸੇ ਆਇਆ ਸੀ। ਉਸ ਨੇ 1875 ਵਿਚ ਬ੍ਰੈਸਟਸਟਰੋਕ ਤਕਨੀਕ ਨਾਲ 20.26 ਮੀਲ ਯਾਨੀ 34.21 ਕਿਲੋਮੀਟਰ ਦਾ ਸਮੁੰਦਰੀ ਪਾਟ 21 ਘੰਟੇ 45 ਮਿੰਟਾਂ ਵਿਚ ਪਾਰ ਕਰ ਲਿਆ ਸੀ। ਉਹਦਾ ਰਿਕਾਰਡ ਫਿਰ ਟੀ. ਬਰਜਿੱਸ ਨੇ 36 ਸਾਲਾਂ ਬਾਅਦ 1911 ਵਿਚ ਤੋੜਿਆ।
ਵੈਸੇ ਰਿਕਾਰਡ ਕਿੱਡੇ ਵੀ ਹੋਣ, ਉਹ ਟੁੱਟਦੇ ਰਹਿੰਦੇ ਹਨ। ਸਮਰ ਨੇ ਪੈਰਿਸ ਦੀਆਂ ਓਲੰਪਿਕ ਖੇਡਾਂ-2024 ‘ਚੋਂ 1 ਕਾਂਸੀ ਤੇ 3 ਸੋਨੇ ਦੇ ਮੈਡਲ ਜਿੱਤੇ ਅਤੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਸ 2025 ‘ਚੋਂ 1 ਬ੍ਰਾਂਜ਼ ਤੇ 4 ਗੋਲਡ ਮੈਡਲ ਹਾਸਲ ਕੀਤੇ। ਉਹ 2028 ਵਿਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚੋਂ ਘੱਟੋ-ਘੱਟ 5 ਗੋਲਡ ਮੈਡਲ ਜਿੱਤਣ ਦਾ ਨਿਸ਼ਾਨਾ ਮਿਥੀ ਬੈਠੀ ਹੈ। ਹੋ ਸਕਦੈ 2032 ਦੀਆਂ ਓਲੰਪਿਕ ਖੇਡਾਂ ਦਾ ਨਿਸ਼ਾਨਾ ਵੀ ਮਿਥੇ। ਤਦ ਤਕ ਉਹ 26 ਸਾਲਾਂ ਦੀ ਹੋਵੇਗੀ।
ਇਹ ਸਤਰਾਂ ਲਿਖਣ ਤਕ ਸਮਰ ਓਲੰਪਿਕ ਖੇਡਾਂ ਦੇ 3 ਗੋਲਡ ਮੈਡਲ, ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਦੇ 8 ਗੋਲਡ ਤੇ ਕਾਮਨਵੈਲਥ ਖੇਡਾਂ ਦੇ 2 ਗੋਲਡ ਮੈਡਲ ਜਿੱਤ ਚੁੱਕੀ ਹੈ। ਸਿਲਵਰ ਤੇ ਬਰਾਂਜ਼ ਮੈਡਲ ਉਨ੍ਹਾਂ ਤੋਂ ਵੱਖਰੇ ਹਨ। ਉਂਜ ਤਾਂ ਉਹ ਤੈਰਾਕੀ ਦੇ ਕਈ ਈਵੈਂਟਸ ਵਿਚ ਭਾਗ ਲੈਂਦੀ ਹੈ ਪਰ 200 ਤੇ 400 ਮੀਟਰ ਵਿਅਕਤੀਗਤ ਮੈਡਲੇ ਅਤੇ 400 ਮੀਟਰ ਫਰੀਸਟਾਈਲ ਉਸ ਦੇ ਮਨਭਾਉਂਦੇ ਈਵੈਂਟਸ ਹਨ। ਇਨ੍ਹਾਂ ਈਵੈਂਟਸ ਦੇ ਵਰਲਡ ਰਿਕਾਰਡ ਵੀ ਉਸ ਨੇ ਆਪਣੇ ਨਾਂ ਕਰ ਲਏ ਹਨ। 200 ਮੀਟਰ ਬਟਰਫਲਾਈ ਈਵੈਂਟ ਦਾ ਓਲੰਪਿਕ ਰਿਕਾਰਡ ਵੀ ਉਹਦੇ ਨਾਂ ਹੈ। ਕੀ ਕਿਹਾ ਜਾਏ ਛੋਟੀ ਉਮਰ ਦੀ ਇਸ ਹੋਣਹਾਰ ਤੈਰਾਕ ਬਾਰੇ? ਜਿੰਨਾ ਤੇਜ਼ ਉਹ ਤੈਰਦੀ ਹੈ ਕਈ ਆਲਸੀ ਬੰਦੇ ਤਾਂ ਓਨਾ ਤੇਜ਼ ਤੁਰ ਵੀ ਨਹੀਂ ਸਕਦੇ!
ਮੈਕਿਨਟੌਸ਼ ਨੇ ਕੇਵਲ 14 ਸਾਲ ਦੀ ਉਮਰੇ ਹੀ ਤੈਰਾਕੀ ਦੇ ਕੋਚਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਉਹ 2020 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲੈਣ ਲਈ ਕੈਨੇਡਾ ਦੀ ਤੈਰਾਕੀ ਟੀਮ ਵਿਚ ਚੁਣੀ ਗਈ ਸੀ। ਉਦੋਂ ਉਹ ਟੀਮ ‘ਚ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ। ਉਹ ਟੋਕੀਓ ਤੋਂ ਭਾਵੇਂ ਕੋਈ ਮੈਡਲ ਨਹੀਂ ਸੀ ਜਿੱਤ ਸਕੀ ਪਰ ਚੌਥਾ ਸਥਾਨ ਜ਼ਰੂਰ ਹਾਸਲ ਕਰ ਲਿਆ ਸੀ। ਫਿਰ ਉਹ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਸ ਵਿਚ ਸਭ ਤੋਂ ਛੋਟੀ ਉਮਰ ਦੀ ਵਿਸ਼ਵ ਚੈਂਪੀਅਨ ਬਣ ਗਈ ਸੀ।
ਉਹ ਪਹਿਲੀ ਕੈਨੇਡੀਅਨ ਤੈਰਾਕ ਹੈ ਜਿਸ ਨੇ ਪਹਿਲੀ ਵਾਰ ਹੀ ਇਕੋ ਵਿਸ਼ਵ ਚੈਂਪੀਅਨਸ਼ਿਪਸ ਵਿਚੋਂ ਦੋ ਗੋਲਡ ਮੈਡਲ ਜਿੱਤੇ ਸਨ। ਉਹਦੇ ਨਾਲ ਉਸ ਨੂੰ ‘ਟੀਨ ਸਵਿਮਿੰਗ ਸੈਨਸੇਸ਼ਨ’ ਆਖਿਆ ਜਾਣ ਲੱਗਾ। ਕੈਨੇਡੀਅਨ ਨੈਸ਼ਨਲ ਟ੍ਰਾਇਲਜ਼ ਦੌਰਾਨ ਮਾਰਚ ਅਪ੍ਰੈਲ 2023 ਦੇ ਪੰਜ ਦਿਨਾਂ `ਚ ਉਸ ਨੇ ਸਭ ਤੋਂ ਔਖੇ ਸਮਝੇ ਜਾਂਦੇ 400 ਮੀਟਰ ਫਰੀਸਟਾਈਲ ਤੇ 400 ਮੀਟਰ ਵਿਅਕਤੀਗਤ ਮੈਡਲੇ ਈਵੈਂਟਸ ਵਿਚ ਵਿਸ਼ਵ ਰਿਕਾਰਡ ਨਵਿਆ ਦਿੱਤੇ। 2024 ਦੀਆਂ ਓਲੰਪਿਕ ਖੇਡਾਂ ਵਿਚ ਪੈਰਿਸ ਵਿਖੇ ਉਸ ਨੇ 1 ਸਿਲਵਰ ਤੇ 3 ਗੋਲਡ ਮੈਡਲ ਜਿੱਤੇ। ਉਸ ਦੀ ਇਸ ਪ੍ਰਾਪਤੀ ਉਤੇ ‘ਟਾਈਮ’ ਮੈਗਜ਼ੀਨ ਨੇ ਉਸ ਨੂੰ ‘ਸਮਰ ਆਫ਼ ਸਮਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਉਹਦੇ ਪ੍ਰਸ਼ੰਸਕਾਂ ਨੇ ਉਹਦੀਆਂ ਤਸਵੀਰਾਂ ਸ਼ੀਸ਼ਿਆਂ ਵਿਚ ਮੜ੍ਹਾਅ ਕੇ ਬੈਠਕਾਂ ਵਿਚ ਸਜਾ ਲਈਆਂ। ਉਂਜ ਵੀ ਉਹ ਦਰਸ਼ਨੀ ਸ਼ਖਸੀਅਤ ਦੀ ਮਾਲਕ ਹੈ ਜਿਸ ਤੋਂ ਹੋਰਨਾਂ ਨੂੰ ਪ੍ਰੇਰਨਾ ਮਿਲਦੀ ਹੈ।
ਰਿਕਾਰਡ ਕੀਪਰਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਸਮਰ ਨੇ ਵੱਖ-ਵੱਖ ਉਮਰ ਗਰੁੱਪਾਂ ਵਿਚ 50 ਨਵੇਂ ਰਿਕਾਰਡ ਰੱਖੇ। ਮਈ 2021 ‘ਚ ਸਭ ਤੋਂ ਛੋਟੀ ਉਮਰੇ 400 ਮੀਟਰ ਫਰੀਸਟਾਈਲ ਤਾਰੀ 4:05.13 ਮਿੰਟ ‘ਚ ਲਾਉਣ ਵਾਲੀ ਵਿਸ਼ਵ ਦੀ ਉਹ ਪਹਿਲੀ ਮਹਿਲਾ ਬਣੀ ਸੀ। ਇਹੋ ਜਿਹਾ ਹੀ ਜਲਵਾ ਉਸ ਨੇ 16 ਮਈ 2024 ਨੂੰ 400 ਮੀਟਰ ਵਿਅਕਤੀਗਤ ਮੈਡਲੇ ਈਵੈਂਟ ਵਿਚ ਕਰ ਵਿਖਾਇਆ ਸੀ। ਪੈਰਿਸ ਓਲੰਪਿਕਸ ਦੇ 4 ਮੈਡਲਾਂ ਤੋਂ ਅੱਗੇ ਲਾਸ ਏਂਜਲਸ ਵਿਖੇ 2028 ਦੀ ਓਲੰਪਿਕਸ ਵਿਚੋਂ 5 ਗੋਲਡ ਮੈਡਲ ਜਿੱਤ ਕੇ ਉਹ ਮਾਈਕਲ ਫੈਲਪਸ ਦੇ ਰਾਹ ਪੈਣਾ ਚਾਹੁੰਦੀ ਹੈ।
ਸਮਰ ਦਾ ਕੱਦ 5 ਫੁੱਟ 8 ਇੰਚ ਹੈ। ਅਜੇ ਉਹ ਕਿਸੇ ਕਲੱਬ ਦੀ ਪੱਕੀ ਮੈਂਬਰ ਨਹੀਂ ਤੇ ਹਾਲ ਦੀ ਘੜੀ ਉਸ ਦਾ ਕੋਚ ਫ੍ਰੈੱਡ ਵਰਗਨੌਕਸ ਹੈ। ਉਸ ਦਾ ਹੋਮ ਟਾਊਨ ਟੋਰਾਂਟੋ ਹੈ ਪਰ ਉਹ ਰਹਿੰਦੀ ਐਂਟੀਬੇਸ, ਫਲੋਰੀਡਾ ਵਿਚ ਹੈ। ਉਸ ਨੇ 2020 ਦੀਆਂ ਓਲੰਪਿਕ ਖੇਡਾਂ ਪਿੱਛੋਂ 2021 ਵਿਚ ਆਬੂ ਧਾਬੀ ਦੀ ਫਿਨਾ ਵਰਲਡ ਚੈਂਪੀਅਨਸ਼ਿਪਸ, 2022 ਵਿਚ ਬੁਡਾਪੈਸਟ ਦੀ ਫਿਨਾ ਵਰਲਡ ਚੈਂਪੀਅਨਸ਼ਿਪਸ, 2022 ਵਿਚ ਕਾਮਨਵੈਲਥ ਗੇਮਜ਼ ਬਰਮਿੰਗਮ, 2023 ਵਿਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਸ ਫੁਕੌਕਾ, 2024 ਵਿਚ ਓਲੰਪਿਕ ਖੇਡਾਂ ਪੈਰਿਸ, 2024 ਵਿਚ ਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਸ ਬੁਡਾਪੈਸਟ ਤੇ 2025 ਵਿਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਸ ਸਿੰਘਾਪੁਰ ‘ਚ ਭਾਗ ਲਿਆ ਹੈ। ਉਥੇ ਉਸ ਨੇ 4 ਗੋਲਡ ਤੇ 1 ਬ੍ਰਾਂਜ਼ ਨਾਲ ਕੁਲ 5 ਤਗ਼ਮੇ ਜਿੱਤੇ।
2 ਅਗਸਤ 2025 ਤਕ ਉਸ ਦੇ ਓਲੰਪਿਕ ਖੇਡਾਂ ਤੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪਾਂ ਵਿਚੋਂ ਜਿੱਤੇ ਕੁਲ ਤਗਮੇ 31 ਹੋ ਗਏ ਹਨ। ਉਨ੍ਹਾਂ ‘ਚ 18 ਸੋਨੇ, 6 ਚਾਂਦੀ ਤੇ 7 ਬ੍ਰਾਂਜ਼ ਮੈਡਲ ਹਨ। 2024 ਵਿਚ ਉਸ ਨੂੰ ਕੈਨੇਡਾ ਦੀ ਟੌਪ ਐਥਲੀਟ ਹੋਣ ਦਾ ਅਵਾਰਡ ਮਿਲਿਆ ਸੀ। ਨਾਲ ਹੀ ਕੈਨੇਡਾ ਦੀ 2024 ਸਾਲ ਦੀ ਮਹਿਲਾ ਐਥਲੀਟ ਹੋਣ ਦਾ ਮਾਣ ਬੌਬੀ ਰੋਜ਼ਨਫੇਲਡ ਅਵਾਰਡ ਵੀ ਮਿਲਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਉਸ ਨੂੰ ‘ਸੁਪਰ ਸਟਾਰ’ ਕਹਿ ਕੇ ਵਡਿਆਇਆ। ਫੋਰਬਜ਼ ਮੈਗਜ਼ੀਨ ਨੇ ਵੱਖ ਮਾਨਤਾ ਦਿੱਤੀ।
ਸਮਰ ਐਲਾਨ ਕਰ ਚੁੱਕੀ ਹੈ ਕਿ ਉਹ ਹੁਣ ਔਸਟਿਨ, ਟੈਕਸਾਸ ਵਿਖੇ ਮਾਈਕਲ ਫੈਲਪਸ ਦੇ ਕੋਚ ਰਹੇ ਬੌਬ ਬੋਮੈਨ ਦੀ ਦੇਖ-ਰੇਖ ਹੇਠ ਟ੍ਰੇਨਿੰਗ ਕਰੇਗੀ ਅਤੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ‘ਚੋਂ 5 ਗੋਲਡ ਮੈਡਲ ਜਿੱਤਣ ਦੀ ਪੂਰੀ ਵਾਹ ਲਾਵੇਗੀ। ਉਹ ਨਿਰੀ ਤੈਰਾਕ ਹੀ ਨਹੀਂ ਸੰਭਾਵਨਾਵਾਂ ਨੂੰ ਸਾਣ ਚਾੜ੍ਹਨ ਵਾਲੀ ਪ੍ਰੇਰਨਾ ਹੈ। ਕੋਈ ਵੀ ਵਿਅਕਤੀ ਉਹਦੇ ਵਾਂਗ ਦ੍ਰਿੜ ਨਿਰਣਾ ਲੈ ਕੇ ਮਿਹਨਤ ਕਰਦਿਆਂ ਕੋਈ ਵੀ ਮੰਜ਼ਿਲ ਸਰ ਕਰ ਸਕਦਾ ਹੈ।