ਪਰਛਾਵਾਂ

ਸੁਰਿੰਦਰ ਗੀਤ
403 605-3734
ਹਰਦੇਵ ਨੂੰ ਕਈ ਰਾਤਾਂ ਦਾ ਉਨੀਂਦਰਾ ਸੀ। ਉਹ ਕਈ ਦਿਨਾਂ ਤੋਂ ਬੇਚੈਨ ਸੀ। ਦਿਨ ਵੇਲੇ ਹੋਰ ਗੱਲ ਹੁੰਦੀ ਹੈ। ਏਧਰ-ਓਧਰ ਦੇਖ ਕੇ ਦਿਨ ਲੰਘ ਜਾਂਦੈ ਪਰ ਰਾਤ ਨੂੰ ਇਕੱਲੇ ਬਿਸਤਰੇ ’ਚ ਪੈ ਕੇ ਸੋਚੀਂ ਪੈ ਜਾਣਾ, ਇਕ ਛੋਟੀ ਜਿਹੀ ਰਾਤ ਨੂੰ ਯੁੱਗ ਜੇਡੀ ਬਣਾ ਦਿੰਦਾ ਆ।

ਬੀਤੀ ਰਾਤ ਉਸਨੇ ਲਗਾਤਾਰ ਛੱਤ ਵੱਲ ਵੇਖਦਿਆਂ ਲੰਘਾਈ। ਉਹ ਗੱਲਾਂ ਕਰਨਾ ਚਾਹੁੰਦਾ ਸੀ। ਪਰ ਕੀਹਦੇ ਨਾਲ ਕਰੇ? ਉਸਦੀਆਂ ਅੱਖਾਂ ਮੂਹਰੇ ਛੱਤ ਹੀ ਤਾਂ ਸੀ ਜਿਸ ਨੂੰ ਉਹ ਸੰਬੋਧਨ ਕਰਕੇ ਕੁਝ ਆਖ ਸਕਦਾ, ਛੱਤ ‘ਤੇ ਬਿਜਲੀ ਦੇ ਤਿੰਨ ਪਰਾਂ ਵਾਲੇ ਪੱਖੇ ਤੋਂ ਸਿਵਾ ਹੋਰ ਕੁਝ ਵੀ ਨਹੀਂਂ ਸੀ। ਪੱਖੇ ਦੇ ਪਰਾਂ ਨੂੰ ਉਹ ਅਣਗਿਣਤ ਵਾਰੀ ਗਿਣ ਚੁੱਕਾ ਸੀ। ਇਕ ਵਾਰ ਫਿਰ ਉਸਨੇ ਪੱਖੇ ਦੇ ਪਰ ਗਿਣੇ ਪਰ ਉਹ ਤਿੰਨ ਹੀ ਰਹੇ।
ਕਮਰੇ ਵਿਚ ਭਾਵੇਂ ਦੋ ਕੁਰਸੀਆਂ ਕੰਧ ਦੇ ਨਾਲ ਪਈਆਂ ਸਨ ਪਰ ਉਨ੍ਹਾਂ ਉਪਰ ਬੈਠਣ ਵਾਲਾ ਕਦੇ ਕੋਈ ਨਹੀਂਂ ਸੀ ਆਇਆ। ਉਸਦਾ ਚਿੱਤ ਤਾਂ ਕਰਦਾ ਸੀ ਕਿ ਕੋਈ ਆਵੇ, ਕੁਰਸੀ ‘ਤੇ ਬੈਠੇ ਤੇ ਫਿਰ ਕੁਰਸੀ ਖਿੱਚ ਕੇ ਉਹਦੇ ਮੰਜੇ ਨਾਲ ਆ ਜੋੜੇ। ਤਿੰਨ ਸਾਲਾਂ ਵਿਚ ਤਾਂ ਕਦੇ ਕੋਈ ਨਹੀਂ ਸੀ ਆਇਆ ਅਤੇ ਅਗਾਂਹ ਨੂੰ ਕਿਸੇ ਦੇ ਆਉਣ ਦੀ ਕੋਈ ਆਸ ਵੀ ਨਹੀਂਂ ਸੀ। ਜੇ ਕੋਈ ਭੁੱਲਾ ਚੁੱਕਾ ਕਮਰੇ ਵਿਚ ਆ ਵੀ ਜਾਂਦਾ ਤਾਂ ਖੜ੍ਹਾ ਖੜ੍ਹਾ ਹੀ ਮੁੜ ਜਾਂਦਾ। ਹਰਦੇਵ ਆਪਣੇ ਹੱਥ ਅੱਗੇ ਨੂੰ ਕਰਦਾ ਤੇ ਅਗਲਾ ਤੁਰਦਾ ਬਣਦਾ। ਹਰਦੇਵ ਦੀ ਸੋਚੀ ਗੱਲ ਉਸਦੇ ਸੰਘ ਵਿਚ ਹੀ ਫਸੀ ਰਹਿ ਜਾਂਦੀ।
ਉਸਨੂੰ ਖੰਘ ਛਿੜ ਗਈ। ਸ਼ਾਇਦ ਸੰਘ ’ਚ ਅੜੀ ਕੋਈ ਗੱਲ ਉਸਦੇ ਕੁਰਕਰੀ ਕਰਨ ਲੱਗ ਪਈ ਸੀ। ਉਸਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਦੁਪਹਿਰੇ ਜਿਹੇ ਉਸਦੇ ਮਾਮੇ ਦੇ ਵੱਡੇ ਮੁੰਡੇ ਦਾ ਪੁੱਤ ਜਾਣੀਂ ਮਾਮੇ ਦਾ ਪੋਤਾ ਆਇਆ ਸੀ। ਉਸ ਨੂੰ ਦੇਖ ਕੇ ਉਹ ਇਕ ਦਮ ਉੱਠ ਕੇ ਬੈਠ ਗਿਆ। ਆਮ ਕਰਕੇ ਉੱਠ ਕੇ ਬੈਠਣ ਲਈ ਉਸ ਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਸੀ ਪਰ ਓਦਣ ਉਹ ਉੱਠ ਬੈਠਾ ਸੀ ਬਿਨਾਂ ਕਿਸੇ ਸਹਾਰੇ ਦੇ। ਹਾਲੇ ਬੈਠਿਆ ਹੀ ਸੀ ਕਿ ਉਸਦੇ ਮਾਮੇ ਦਾ ਪੋਤਾ ਇਹ ਕਹਿ ਚਲਦਾ ਬਣਿਆ ਕਿ ਅੱਜ ਮੈਂ ਬਹੁਤ ਬਿਜ਼ੀ ਹਾਂ। ਫਿਰ ਕਿਸੇ ਦਿਨ ਆਵਾਂਗਾ।
ਉਹ ਤਾਂ ਇਹ ਦੇਖਣ ਆਇਆ ਸੀ ਕਿ ਕਦੋਂ ਕੁ ਇਸਦੇ ਮਰਨ ਦੀ ਆਸ ਹੋ ਸਕਦੀ ਹੈ। ਉਸ ਦੇ ਮਰਨ ਬਾਅਦ ਹੀ ਉਸਨੇ ਉਹਦੇ ਚਾਰ ਕਿੱਲਿਆਂ ਦਾ ਮਾਲਕ ਬਣਨਾ ਸੀ।
ਹਰਦੇਵ ਦੀਆਂ ਨਜ਼ਰਾਂ ਓਨੀ ਦੇਰ ਉਸਦੀ ਆਵਾਜ਼ ਦਾ ਪਿੱਛਾ ਕਰਦੀਆਂ ਰਹੀਆਂ ਜਿੰਨਾ ਚਿਰ ਸਫ਼ਾਈ ਕਰਨ ਵਾਲੀ ਕੁੜੀ ਉਸਦੇ ਕਮਰੇ ‘ਚੋਂ ਗਾਰਬੇਜ ਚੁੱਕਣ ਨਹੀਂਂ ਆਈ। ਗਾਰਬੇਜ ਕੈਨ ਦੇ ਖੜਕੇ ਨਾਲ ਮਾਮੇ ਦੇ ਪੋਤੇ ਦੀ ਆਵਾਜ਼ ਦਾ ਪਿੱਛਾ ਕਰਦੀਆਂ ਉਸਦੀਆਂ ਨਜ਼ਰਾਂ ਪਿਛਾਂਹ ਮੁੜੀਆਂ।
ਉਸਦੇ ਆਉਣ ਨਾਲ ਹਰਦੇਵ ਬੇਚੈਨ ਜਿਹਾ ਹੋ ਗਿਆ। “ਕੀ ਉਹ ਸੱਚੀਂ ਆਇਆ ਸੀ ਜਾਂ ਉਸਨੂੰ ਅੱਧ-ਸੁੱਤੇ ਜਿਹੇ ਨੂੰ ਸੁਪਨਾ ਆਇਆ ਸੀ…? ਇਸ ਤਰ੍ਹਾਂ ਤਾਂ ਕੋਈ ਨੀ ਆਉਂਦਾ….ਚੱਲ! ਏਨਾ ਹੀ ਬੜਾ ਹੈ ਕਿ ਕੋਈ ਆਇਆ ਤਾਂ ਸਹੀ..!” ਅੱਖਾਂ ਭਰ ਆਈਆਂ ਪਰ ਉਸਨੇ ਹੰਝੂ ਅੰਦਰੋਂ-ਅੰਦਰ ਪੀ ਲਏ।
ਬੈੱਡ ਨਾਲ ਲਟਕਦੀ ਘੰਟੀ ਕਈ ਵਾਰ ਖੜਕਾਈ। ਹਰ ਵਾਰ ਨਰਸ ਭੱਜੀ-ਭੱਜੀ ਆਈ ਤੇ ਅੱਗੋਂ ਹਰਦੇਵ ਨੂੰ ਚੰਗਾ ਭਲਾ ਦੇਖ ਕੇ ਵਾਪਿਸ ਚਲੀ ਗਈ। ਤੜਕੇ ਦੋ ਵਜੇ ਉਸਨੇ ਫਿਰ ਘੰਟੀ ਖੜਕਾਈ ਤਾਂ ਨਰਸ ਨੇ ਆ ਕੇ ਉਸਦਾ ਬਲੱਡ ਪਰੈਸ਼ਰ ਤੇ ਸਰੀਰ ਦਾ ਤਾਪਮਾਨ ਜਾਣੀਂ ਬੁਖਾਰ ਦੇਖਿਆ ਤੇ ਬੋਲੀ,”ਅੰਕਲ ਜੀ! ਤੁਸੀਂ ਠੀਕ ਠਾਕ ਹੋ। ਬਲੱਡ ਪਰੈਸ਼ਰ ਠੀਕ ਹੈ, ਬੁਖ਼ਾਰ ਵਗੈਰਾ ਵੀ ਨਹੀਂਂ ਹੈ… ਮੈਂ ਤੁਹਾਨੂੰ ਨੀਂਦ ਦੀ ਗੋਲੀ ਦੇ ਦਿੰਨੀ ਆਂ ਤੇ ਆਰਾਮ ਨਾਲ ਸੌਂ ਜਾਵੋ।”
ਨਰਸ ਪੰਜਾਬੀ ਮੁਟਿਆਰ ਸੀ। ਉਹ ਪੰਜਾਬੀ ਬਜ਼ੁਰਗਾਂ ਨੂੰ ਅੰਕਲ ਜੀ ਕਹਿ ਕੇ ਬੁਲਾਇਆ ਕਰਦੀ ਸੀ। ਉਸ ਤੋਂ ਸਿਵਾ ਹੋਰ ਵੀ ਪੰਜਾਬੀ ਕੁੜੀਆਂ ਜਿਹੜੀਆਂ ਬਜ਼ੁਰਗਾਂ ਲਈ ਬਣੇ ਇਸ ਕੇਅਰ ਸੈਂਟਰ ਵਿਚ ਕੰਮ ਕਰਦੀਆਂ ਸਨ, ਪੰਜਾਬੀ ਰਿਵਾਇਤ ਅਨੁਸਾਰ ਬਜ਼ੁਰਗਾਂ ਨੂੰ ਬਾਪੂ ਜੀ ਜਾਂ ਅੰਕਲ ਜੀ ਆਖਦੀਆਂ ਅਤੇ ਪੰਜਾਬੀ ’ਚ ਹੀ ਗੱਲਬਾਤ ਕਰਦੀਆਂ। ਪੰਜਾਬੀ ਬਜ਼ੁਰਗ ਔਰਤਾਂ ਨੂੰ ਉਹ ਅੰਟੀ ਜੀ ਜਾਂ ਬੀਜੀ ਆਖ ਦਿੰਦੀਆਂ। ਇਸ ਕੇਅਰ ਸੈਂਟਰ ਵਿਚ ਬਹੁਤੇ ਪੰਜਾਬੀ ਬਜ਼ੁਰਗ ਸਨ ਅਤੇ ਪੰਜਾਬੀਆਂ ਦੀ ਦੇਖ-ਭਾਲ ਸੌਖੀ ਅਤੇ ਯਕੀਨੀ ਬਣਾਉਣ ਲਈ ਪੰਜਾਬੀ ਨਰਸਾਂ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਹੋਇਆ ਸੀ।
ਨਰਸ ਨੇ ਹਰਦੇਵ ਨੂੰ ਨੀਂਦ ਦੀ ਗੋਲੀ ਦਿੱਤੀ ਤੇ ਉਸਦੇ ਉਪਰਲਾ ਕੰਬਲ ਚੰਗੀ ਤਰ੍ਹਾਂ ਉਸਦੇ ਦੁਆਲੇ ਲਪੇਟ ਕੇ ਕਹਿਣ ਲੱਗੀ “ਲਓ ਅੰਕਲ ਸੀ ਸੌਂ ਜਾਓ। ਹੁਣ ਤੁਹਾਨੂੰ ਨੀਂਦ ਆ ਜਾਣੀ ਆ।”
ਜਾਣ ਲੱਗੀ ਨੇ ਹਰਦੇਵ ਦੇ ਮੱਥੇ ‘ਤੇ ਹੱਥ ਫੇਰਿਆ ਤੇ ਬੱਚਿਆਂ ਵਾਂਗ ਥੋੜ੍ਹਾ ਚਿਰ ਉਸ ਨੂੰ ਥਾਪੜਦੀ ਰਹੀ।
ਹਰਦੇਵ ਫਿਰ ਵੀ ਕਾਫ਼ੀ ਦੇਰ ਤੱਕ ਜਾਗਦਾ ਰਿਹਾ। ਦਿਨੇ ਵੱਡੇ ਹਾਲ ਵਿਚ ਵੀਲ੍ਹ ਚੇਅਰ ‘ਤੇ ਧੁੱਪੇ ਬੈਠਿਆਂ ਉਸਨੇ ਜੋ ਪਰਛਾਵਾਂ ਜਿਹਾ ਦੇਖਿਆ ਸੀ ਉਹ ਉਸਨੂੰ ਤੰਗ ਕਰ ਰਿਹਾ ਸੀ। ਕੌਣ ਸੀ ਉਹ? ਕੋਈ ਸੀ ਜਾਂ ਵੈਸੇ ਹੀ ਭੁਲੇਖਾ ਪਿਆ ਸੀ? ਇਸ ਸਵਾਲ ਦਾ ਉਹ ਆਪੇ ਜਵਾਬ ਕੱਢ ਲੈਂਦਾ ਤੇ ਮਿਟਾ ਵੀ ਦਿੰਦਾ। ਉਹ ਉਧੇੜ ਬੁਣ ’ਚ ਫਸਿਆ ਪਿਆ ਸੀ।
ਵਾਰ-ਵਾਰ ਆਪਣੇ ਆਪ ਨੂੰ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ਿ ਕਰਦਾ, “ਮੈਨੂੰ ਕਿਹੜਾ ਕੋਈ ਦਿਸਿਆ ਸੀ। ਪਰਛਾਵੇਂ ਦਾ ਭੁਲੇਖਾ ਪਿਆ ਸੀ। ਜੇਕਰ ਉਹ ਪਰਛਾਵਾਂ ਸੀ ਤਾਂ ਖ਼ਬਰੇ ਕਿਸ ਦਾ ਪਰਛਾਵਾਂ ਸੀ। ਸ਼ੀਸ਼ੇ ਵਿਚ ਬਾਹਰੋਂ ਵੀ ਕਿਸੇ ਦਾ ਹੋ ਸਕਦਾ ਹੈ! ਐਵੇਂ ਹੀ ਮੈਂ ਪਰਛਾਵੇਂ ਪਿੱਛੇ ਭੱਜਿਆ ਫਿਰਦਾ ਆਂ।”
ਫਿਰ ਉਸਨੂੰ ਲੱਗਦਾ ਜਿਵੇਂ ਉਹ ਪਾਗਲ ਹੋ ਗਿਆ ਹੋਵੇ।
“ਕਿਤੇ ਸੱਚੀਂ ਤਾਂ ਮੈਂ ਪਾਗਲ ਨਹੀਂਂ! ਪਾਗਲ ਹੋ ਵੀ ਸਕਦਾਂ। ਪਰ ਮੈਨੂੰ ਤਾਂ ਸਾਰੀ ਸੁਰਤ ਆ। ਮੈਂ ਤਾਂ ਸਭ ਨੂੰ ਪਹਿਚਾਣਦਾ ਆਂ। ਮੇਰੀ ਕੋਈ ਹਰਕਤ ਵੀ ਪਾਗਲਾਂ ਵਰਗੀ ਨਹੀਂਂ। ਬੱਸ ਏਨਾ ਹੈ ਕਿ ਮੈਂ ਉਸ ਪਰਛਾਵੇਂ ਨਾਲ ਗੱਲਾਂ ਕਰੀ ਜਾ ਰਿਹਾਂ।” ਉਸਨੇ ਆਪਣੇ ਆਪ ਨੂੰ ਕਿਹਾ।
ਤੜਕੇ ਜਿਹੇ ਆ ਕੇ ਉਸ ਦੀ ਅੱਖ ਲੱਗੀ ਹੀ ਸੀ ਕਿ ਸਵੇਰ ਵਾਲੀ ਨਰਸ ਨੇ ਆ ਕੇ ਜਗਾ ਦਿੱਤਾ ।
“ਗੁੱਡ ਮਾਰਨਿੰਗ ਅੰਕਲ!” ਕਹਿ ਕੇ ਆਪਣੀਆਂ ਬਾਹਾਂ ਦਾ ਸਹਾਰਾ ਦੇ ਕੇ ਉਸਨੇ ਹਰਦੇਵ ਨੂੰ ਬੈਡ `ਤੇ ਬਿਠਾਇਆ ਤੇ ਪੈਂਦ ਵੱਲ ਜਾ ਕੇ ਲੋਹੇ ਦਾ ਲੀਵਰ ਘੁਮਾ ਕੇ ਸਿਰਹਾਣੇ ਵਾਲੇ ਪਾਸਿਓਂ ਬੈੱਡ ਨੂੰ ਥੋੜ੍ਹਾ ਜਿਹਾ ਉੱਪਰ ਚੁੱਕਿਆ, ਬੈੱਡ ਨਾਲ ਪਏ ਟੇਬਲ ਨੂੰ ਉਸ ਕੋਲ ਨੂੰ ਖਿੱਚ ਕੇ, ਉਸ ਉਪਰ ਬਰੈਕਫ਼ਾਸਟ ਵਾਲੀ ਟ੍ਰੇਅ ਰੱਖ ਦਿੱਤੀ ਤੇ ‘ਇਨਜੁਆਏ ਯੂਅਰ ਬਰੇਕਫਾਸਟ’ ਕਹਿ ਕੇ ਚਲੀ ਗਈ।
ਨਾ ਚਾਹੁੰਦੇ ਹੋਏ ਵੀ ਹਰਦੇਵ ਨੇ ਟ੍ਰੇਅ ਉੱਤੋਂ ਢੱਕਣ ਚੁੱਕਿਆ ਤੇ ਬਰੇਕਫਾਸਟ ਵੱਲ ਦੇਖਣ ਲੱਗਾ। ਤਕਰੀਬਨ-ਤਕਰੀਬਨ ਕੱਲ੍ਹ ਵਾਲਾ ਹੀ ਸਭ ਕੁਝ ਸੀ। ਅੰਡਾ, ਫ਼ਰੂਟ ਤੇ ਉਹੀ ਦਲੀਆ। ਅੱਜ ਤਾਂ ਉਸਦਾ ਦਿਲ ਪਰੌਂਠਾ ਖਾਣ ਨੂੰ ਕਰਦਾ ਸੀ। ਕਈ ਦਿਨ ਹੋ ਗਏ ਸਨ ਪਰੌਂਠਾ ਖਾਧੇ ਨੂੰ। ਕੇਅਰ ਸੈਂਟਰ ਵਿਚ ਨਵੇਂ ਆਏ ਉਸਦੇ ਨਾਲ ਦੇ ਸਾਥੀ ਦੇ ਘਰੋਂ ਕੋਈ ਪਕਾ ਕੇ ਲਿਆਇਆ ਸੀ ਤੇ ਉਸਨੇ ਇਕ ਪਰੌਂਠਾ ਹਰਦੇਵ ਸਿੰਘ ਨੂੰ ਦੇ ਦਿੱਤਾ ਸੀ। ਉਹ ਬਜ਼ੁਰਗ ਕੇਵਲ ਇਕ ਦਿਨ ਹੀ ਉਸਦੇ ਕਮਰੇ ਵਿਚ ਰਿਹਾ ਸੀ ਤੇ ਦੂਸਰੇ ਹੀ ਦਿਨ ਉਸਨੂੰ ਦੂਸਰੀ ਯੂਨਿਟ ਵਿਚ ਭੇਜ ਦਿੱਤਾ ਗਿਆ। ਪਤਾ ਨਹੀਂਂ ਕਿਉਂ? ਜੇਕਰ ਏਥੇ ਹੀ ਰਹਿੰਦਾ ਤਾਂ ਕਿਤੇ ਫਿਰ ਵੀ ਉਸਨੂੰ ਪਰੌਂਠਾ ਮਿਲ ਜਾਂਦਾ!
ਆਲੂਆਂ ਵਾਲਾ ਪਰੌਂਠਾ ਯਾਦ ਕਰਕੇ ਉਸਦੇ ਮੂੰਹ ਵਿਚ ਪਾਣੀ ਭਰ ਆਇਆ। ਆਲੂਆਂ ਵਾਲਾ ਪਰੌਂਠਾ ਚੰਗਾ ਲੂਣ-ਮਿਰਚ ਵਾਲਾ ਕਰਾਰਾ ਜਿਹਾ ਕਿਸੇ ਸਚਿਆਰੇ ਹੱਥਾਂ ਦਾ ਬਣਿਆ ਹੋਇਆ। ਉਸਨੂੰ ਮਹਿਸੂਸ ਹੋਇਆ ਕਿ ਬਿਲਕੁਲ ਏਸੇ ਸਵਾਦ ਵਰਗਾ ਪਰੌਂਠਾ ਉਸਨੇ ਕਿਤੇ ਪਹਿਲਾਂ ਖਾਧਾ ਸੀ। ਪਰੌਂਠੇ ਦਾ ਸਵਾਦ ਮੂੰਹ ਵਿਚ ਲਈ ਉਸਨੇ ਬਰੈਕਫਾਸਟ ਖਾਣਾ ਸ਼ੁਰੂ ਕੀਤਾ ਪਰ ਉਸਨੂੰ ਸਵਾਦ ਨਾ ਲੱਗਾ।
ਉਸਦਾ ਚਿੱਤ ਕੀਤਾ ਕਿ ਉਸਨੂੰ ਉਹ ਬਜ਼ੁਰਗ ਫਿਰ ਮਿਲ ਜਾਵੇ ਤੇ ਉਹ ਉਸਨੂੰ ਆਪਣੇ ਘਰੋਂ ਆਏ ਪਰੌਠਿਆਂ ‘ਚੋਂ ਮਲਕੜੇ ਜਿਹੇ ਇਕ ਪਰੌਂਠਾ ਉਸਨੂੰ ਫੜਾ ਦੇਵੇ। ਆਲੂਆਂ ਵਾਲੇ ਪਰੌਂਠੇ ਤਾਂ ਉਸਦੀ ਜਾਨ ਸਨ।
ਅੱਧ-ਪਚੱਧਾ ਜਿਹਾ ਬਰੇਕਫਾਸਟ ਖਾ ਕੇ ਉਹ ਵਾਪਿਸ ਬਿਸਤਰੇ ‘ਤੇ ਪੈ ਗਿਆ। ਉਸਦਾ ਚਿੱਤ ਹੋਰ ਸੌਣ ਨੂੰ ਕਰਦਾ ਸੀ… ਪਰ ਉਸਦੀ ਨੀਂਦ ਪਤਾ ਨੀ ਕਿੱਧਰ ਖੰਭ ਲਾ ਕੇ ਉੱਡ ਗਈ। ਉਹ ਅੱਜ ਆਪਣੇ ਆਸੇ-ਪਾਸੇ ਕੁਝ ਵੀ ਦੇਖਣਾ ਨਹੀਂਂ ਸੀ ਚਾਹੁੰਦਾ। ਉਹ ਆਪਣੇ ਆਪ ਨਾਲ ਹੀ ਰਹਿਣਾ ਚਾਹੁੰਦਾ ਸੀ। ਉਹ ਗੱਲਾਂ ਕਰਨਾ ਚਾਹੁੰਦਾ ਸੀ। ਆਪਣੇ ਆਪ ਨਾਲ। ਬੀਤ ਚੁੱਕੇ ਕਲ੍ਹ ਤੋਂ ਤਾਂ ਉਸਨੂੰ ਸ਼ਰਮ ਆ ਰਹੀ ਸੀ। ਇਸ ਲਈ ਉਹ ਉਸਨੂੰ ਯਾਦ ਨਹੀਂਂ ਸੀ ਕਰਨਾ ਚਾਹੁੰਦਾ। ਆਉਣ ਵਾਲਾ ਕਲ੍ਹ ਧੁੰਦਲਾ ਜਿਹਾ ਸੀ। ਉਸਦਾ ਕੋਈ ਭਰੋਸਾ ਨਹੀਂਂ ਸੀ।
ਉਸਨੇ ਬੈਡ ਦੇ ਨਾਲ ਲਟਕਦੀ ਕਾਲ ਬੈਲ ਦੱਬੀ। ਨਰਸ ਭੱਜੀ-ਭੱਜੀ ਆਈ।
“ਕੀ ਗੱਲ ਹੈ ਅੰਕਲ ਜੀ?” ਨਰਸ ਨੇ ਪਿਆਰ ਨਾਲ ਪੁੱਛਿਆ।
“ਪੁੱਤ ਮੈਨੂੰ ਨੀਂਦ ਦੀ ਗੋਲੀ ਦੇ ਦੇ।”
“ਅੰਕਲ ਜੀ! ਹੋਰ ਗੋਲੀ ਇਸ ਵੇਲੇ ਨਹੀਂਂ ਮਿਲ ਸਕਦੀ। ਰਾਤ ਨੂੰ ਹੀ ਤੁਹਾਨੂੰ ਨੀਂਦ ਵਾਲੀ ਗੋਲੀ ਦੇਣੀ ਹੈ।”
ਏਨਾ ਆਖ ਉਹ ਚਲੀ ਗਈ। ਪਰ ਜਾਂਦੀ-ਜਾਂਦੀ ਉਸਦਾ ਕੰਬਲ ਉਸਦੇ ਦੁਆਲੇ ਚੰਗੀ ਤਰ੍ਹਾਂ ਲਪੇਟ ਗਈ।
ਹਰਦੇਵ ਨੇ ਹਾਲੇ ਆਪਣੇ ਦੁਆਲੇ ਚੰਗੀ ਤਰ੍ਹਾਂ ਲਪੇਟੇ ਕੰਬਲ ਵਿਚ ਸੌਣ ਦਾ ਯਤਨ ਹੀ ਕੀਤਾ ਸੀ ਕਿ ਦੋ ਨਰਸਾਂ ਹੱਸਦੀਆਂ-ਹੱਸਦੀਆਂ ਉਸਦੇ ਕਮਰੇ ਵਿਚ ਦਾਖ਼ਲ ਹੋਈਆਂ।
ਇਕ ਨੇ ਉਸਨੂੰ ਜ਼ਰਾ ਕੁ ਹਲੂਣਿਆ ਤੇ ਕਿਹਾ, “ਅੰਕਲ ਜੀ! ਕੀ ਗੱਲ ਅੱਜ ਤੁਹਾਡਾ ਬਰੈਕਫਾਸਟ ਵੀ ਓਸੇ ਤਰ੍ਹਾਂ ਪਿਆ ਹੈ। ਜੇ ਕਹੋ ਤਾਂ ਐਪਲ ਜੂਸ ਲਿਆ ਦੇਵਾਂ!”
ਹਰਦੇਵ ਕੁਝ ਨਾ ਬੋਲਿਆ। ਉਸਨੇ ਇਕ ਲੰਬਾ ਜਿਹਾ ਹਾਉਕਾ ਲਿਆ ਤੇ ਨਰਸ ਵੱਲ ਦੇਖਣ ਲੱਗ ਪਿਆ। ਨਰਸ ਨੇ ਸੋਚਿਆ ਕਿ ਉਹ ਉਸਨੂੰ ਕੁਝ ਦੱਸਣਾ ਚਾਹੁੰਦਾ ਹੈ।
ਨਰਸ ਨੇ ਪਲ ਭਰ ਲਈ ਉਸਦੀਆਂ ਅੱਖਾਂ ਵੱਲ ਦੇਖਿਆ ਤੇ ਬੋਲੀ, “ਅੰਕਲ ਜੀ ਤੁਹਾਡੀਆਂ ਅੱਖਾਂ ਵੀ ਅੱਜ ਲਾਲ ਹਨ।”
“ਨਹੀਂਂ ਪੁੱਤ…ਮੈਨੂੰ ਕੁਝ ਨਹੀਂਂ ਚਾਹੀਦਾ। ਬਸ ਐਵੇਂ ਦਿਲ ਉਦਾਸ ਜਿਹਾ ਹੈ। ਕਈ ਦਿਨਾਂ ਤੋਂ ਨਾ ਨੀਂਦ ਆਉਂਦੀ ਆ ਤੇ ਨਾ ਹੀ ਚੈਨ। ਹੱਡ ਪੈਰ ਟੁੱਟਦੇ ਰਹਿੰਦੇ ਨੇ…?”- ਹਰਦੇਵ ਸਿੰਘ ਨੇ ਮਸਾਂ ਹੀ ਮੂੰਹੋਂ ਕੱਢਿਆ।
ਦੂਸਰੀ ਨਰਸ ਕੁੜੀ ਹਰਦੇਵ ਸਿੰਘ ਦਾ ਪਿੰਡਾ ਟੋਂਹਦਿਆਂ ਕਹਿਣ ਲੱਗੀ, “ਅੰਕਲ ਜੀ ਚੱਲੋ ਤੁਹਾਨੂੰ ਇਸ਼ਨਾਨ ਕਰਵਾ ਦਿੰਦੇ ਹਾਂ ਤੇ ਫਿਰ ਤੁਸੀਂ ਧੁੱਪੇ ਬੈਠ ਜਾਣਾ।”
ਹਰਦੇਵ ਸਿੰਘ ਦਾ ਨਹਾਉਣ ਲਈ ਜੀਅ ਨਹੀਂਂ ਸੀ ਕਰਦਾ ਪਰ ਉਸਨੇ ਨਾ ਹਾਂ ਕਹੀ ਤੇ ਨਾ ਹੀ ਨਾਂਹ। ਉਹ ਨਾਂਹ ਕਰ ਵੀ ਦਿੰਦਾ ਤਾਂ ਵੀ ਤਾਂ ਕੋਈ ਫ਼ਰਕ ਨਹੀਂਂ ਸੀ ਪੈਣਾ। ਉਨ੍ਹਾਂ ਨੇ ਆਪਣੀ ਡਿਊਟੀ ਨੂੰ ਮੱਦੇਨਜ਼ਰ ਰੱਖਦਿਆਂ ਉਸਨੂੰ ਨਹਿਲਾ ਦੇਣਾ ਸੀ। ਦੋਨਾਂ ਨਰਸ ਕੁੜੀਆਂ ਨੇ ਮਸ਼ੀਨ ਦੀ ਮਦਦ ਨਾਲ ਉਸਦੀ ਭਾਰੀ ਦੇਹ ਨੂੰ ਵ੍ਹੀਲ ਚੇਅਰ ਵਿਚ ਬਿਠਾਇਆ ਤੇ ਵਾਸ਼ਰੂਮ ਵਿਚ ਲੈ ਗਈਆਂ। ਚੰਗੀ ਤਰ੍ਹਾਂ ਨਵਾ ਕੇ ਧੋਤੇ ਕੱਪੜੇ ਪਵਾ ਦਿੱਤੇ।
ਇਕ ਨਰਸ ਕੁੜੀ ਉਸਦੇ ਬੈੱਡ ਦੀਆਂ ਚਾਦਰਾਂ ਬਦਲਣ ਲੱਗ ਪਈ ਤੇ ਦੂਸਰੀ ਨਰਸ ਉਸਦੀ ਖਿਲਰੀ ਦਾੜ੍ਹੀ ਵਿਚ ਕੰਘੀ ਫੇਰਨ ਲੱਗ ਪਈ। ਉਸਦੇ ਹੱਥਾਂ ਪੈਰਾਂ ‘ਤੇ ਲੋਸ਼ਨ ਲਾਇਆ, ਨਹੁੰ ਕੱਟੇ ਤੇ ਪਾਣੀ ਵਰਗੀ ਦਵਾਈ ਦੀ ਇਕ ਇਕ ਬੂੰਦ ਦੋਨਾਂ ਅੱਖਾਂ ਵਿਚ ਪਾ ਦਿੱਤੀ। ਉਸਦੀ ਵ੍ਹੀਲ ਚੇਅਰ ਵੱਡੇ ਮੇਨ ਹਾਲ ਵਿਚ ਬਾਰੀ ਕੋਲ ਲਿਆ ਖੜ੍ਹੀ ਕੀਤੀ। ਉਸਨੂੰ ਪਤਾ ਸੀ ਕਿ ਹਰਦੇਵ ਨੂੰ ਧੁੱਪ ਬਹੁਤ ਚੰਗੀ ਲੱਗਦੀ ਹੈ।
ਕਹਿਣ ਨੂੰ ਤਾਂ ਹਰਦੇਵ ਧੁੱਪੇ ਬੈਠਾ ਸੀ ਪਰ ਉਸਦਾ ਧੁੱਪ ਵੱਲ ਜ਼ਰਾ ਵੀ ਧਿਆਨ ਨਹੀਂਂ ਸੀ। ਬਸ ਏਨਾ ਹੀ ਸੀ ਕਿ ਨਰਸ ਉਸਨੂੰ ਓਥੇ ਬਿਠਾ ਗਈ ਸੀ। ਭਾਵੇਂ ਉਸਦੇ ਸਾਹਮਣੇ ਟੀ.ਵੀ. ਚੱਲ ਰਿਹਾ ਸੀ ਪਰ ਦੇਖ ਨਹੀਂਂ ਸੀ ਰਿਹਾ। ਉਹ ਤਾਂ ਆਪਣੀ ਬੁੱਕਲ ’ਚ ਹੀ ਆਪਣਾ ਸਿਰ ਸੁੱਟੀ ਬੈਠਾ ਸੀ। ਅੱਜ ਸਵੇਰੇ-ਸਵੇਰੇ ਉਸ ਪਰੌਂਠੇ ਦੀ ਯਾਦ ਉਸਨੂੰ ਸਤਾ ਰਹੀ ਸੀ। ਉਸਦਾ ਚਿੱਤ ਕਰਦਾ ਸੀ ਪਰਸੋਂ ਵਰਗੇ ਆਲੂਆਂ ਦੇ ਪਰੌਂਠੇ ਕੋਈ ਉਸਨੂੰ ਦੇ ਜਾਵੇ ਪਰ ਉਹ ਬਜ਼ੁਰਗ ਨੂੰ ਤਾਂ ਕਿਸੇ ਹੋਰ ਪਾਸੇ ਸ਼ਿਫ਼ਟ ਕਰ ਦਿੱਤਾ ਹੈ। ਖ਼ਬਰੇ ਉਹ ਕਦੇ ਉਸਨੂੰ ਮਿਲੇ ਜਾਂ ਨਾ ਮਿਲੇ। ਉਹ ਤਾਂ ਉਸਦਾ ਨਾਂ ਵੀ ਨਹੀਂ ਜਾਣਦਾ।
ਅਚਾਨਕ ਕੋਈ ਪਰਛਾਵਾਂ ਵ੍ਹੀਲ ਚੇਅਰ ਦੇ ਕੋਲੋਂ ਦੀ ਲੰਘ ਕੇ ਗਿਆ। ਉਸਨੇ ਏਧਰ-ਓਧਰ ਦੇਖਣਾ ਸ਼ੁਰੂ ਕੀਤਾ। ਸੋਚਣ ਲੱਗਾ ਕਿ ਸ਼ਾਇਦ ਉਸਦੇ ਮਨ ਦਾ ਭੁਲੇਖਾ ਹੋਵੇ। ਕੋਈ ਵੀ ਤਾਂ ਨਹੀਂਂ ਦਿਸਿਆ।
ਉਸਦਾ ਚਿੱਤ ਕੀਤਾ ਕਿ ਉਹ ਆਪਣੀ ਵ੍ਹੀਲ ਚੇਅਰ ਨੂੰ ਓਧਰ ਨੂੰ ਮੋੜ ਲਵੇ ਤੇ ਉਸ ਪਰਛਾਵੇਂ ਦਾ ਪਿੱਛਾ ਕਰੇ। ਪਰ ਉਹ ਅਜਿਹਾ ਨਹੀਂ ਸੀ ਕਰ ਸਕਦਾ। ਨਰਸ ਵ੍ਹੀਲ ਚੇਅਰ ਦੇ ਪਹੀਆਂ ਨੂੰ ਲਾਕ ਲਾ ਗਈ ਸੀ। ਸੇਫ਼ਟੀ ਦੇ ਪੱਖੋਂ ਇਸ ਤਰ੍ਹਾਂ ਕਰਨਾ ਜ਼ਰੂਰੀ ਸੀ। ਉਸਨੂੰ ਜਾਪਿਆ ਕਿ ਪਰਸੋਂ ਵੀ ਉਹ ਏਥੇ ਬੈਠਾ ਸੀ ਜਦੋਂ ਕੋਈ ਲੰਘ ਕੇ ਗਿਆ ਸੀ। ਉਹ ਪਰਛਾਵਾਂ ਅੱਜ ਦੇ ਪਰਛਾਵੇਂ ਵਰਗਾ ਹੀ ਸੀ।
ਏਨੇ ਨੂੰ ਇਕ ਪੰਜਾਬੀ ਔਰਤ ਇਕ ਅੱਧਖੜ ਉਮਰ ਦੇ ਮਰਦ ਨੂੰ ਵ੍ਹੀਲ ਚੇਅਰ ‘ਤੇ ਲਿਆਈ ਤੇ ਹਰਦੇਵ ਦੀ ਵ੍ਹੀਲ ਚੇਅਰ ਤੋਂ ਦੂਸਰੇ ਪਾਸੇ ਕੁਝ ਦੂਰੀ ‘ਤੇ ਉਸਦੀ ਵ੍ਹੀਲ ਚੇਅਰ ਖੜ੍ਹੀ ਕਰ ਦਿੱਤੀ ਤੇ ਬੜੇ ਪਿਆਰ ਤੇ ਸਿਦਕ ਨਾਲ ਉਹ ਉਸ ਦੇ ਵਾਲਾਂ ਵਿਚ ਹੱਥ ਫੇਰਨ ਲੱਗ ਪਈ। ਗੱਲ ਕੀ ਉਹ ਔਰਤ ਸਾਰੀ ਦੀ ਸਾਰੀ ਉਸ ਆਦਮੀ ਦੀ ਸੇਵਾ ਵਿਚ ਸਮਰਪਿਤ ਸੀ। ਫਿਰ ਉਸ ਔਰਤ ਨੇ ਉਸਦੇ ਮੋਢੇ ਘੁੱਟਣੇ ਸ਼ੁਰੂ ਕਰ ਦਿੱਤੇ। ਹਰਦੇਵ ਲਗਾਤਾਰ ਉਸਦੇ ਹੱਥਾਂ ਤੇ ਉਂਗਲਾਂ ਨੂੰ ਨਿਹਾਰਦਾ ਰਿਹਾ।
ਉਸਦਾ ਚਿੱਤ ਕੀਤਾ ਕਿ ਕੋਈ ਉਸਦੇ ਵਾਲਾਂ ਵਿਚ ਵੀ ਹੱਥ ਫੇਰੇ।
ਉਹ ਉਸਦਾ ਚਿਹਰਾ ਨਹੀਂਂ ਸੀ ਦੇਖ ਸਕਦਾ ਕਿਉਂਕਿ ਉਹਦਾ ਮੂੰਹ ਦੂਸਰੇ ਪਾਸੇ ਨੂੰ ਸੀ।
ਉਸ ਔਰਤ ਨੂੰ ਦੇਖ ਕੇ ਹਰਦੇਵ ਦੀਆਂ ਅੱਖਾਂ ‘ਚੋਂ ਦੋ ਹੰਝੂ ਕਿਰ ਕੇ ਉਸ ਦੀ ਕਰੜ- ਬਰੜ ਅੱਧੀ ਕਾਲੀ ਤੇ ਅੱਧੀ ਚਿੱਟੀ ਦਾੜ੍ਹੀ ‘ਤੇ ਆ ਟਿਕੇ ਤੇ ਜਿਵੇਂ ਹੀ ਉਸਨੇ ਆਪਣੇ ਹੱਥਾਂ ਨਾਲ ਅੱਖਾਂ ਪੂੰਝੀਆਂ, ਉਸ ਦੀਆਂ ਅੱਖਾਂ ਮੂਹਰੇ ਉਸਦੀ ਜ਼ਿੰਦਗੀ ਦੀ ਫ਼ਿਲਮ ਚੱਲ ਪਈ।
ਹਰਦੇਵ ਸਿੰਘ ਦੀਆਂ ਅੱਖਾਂ ਮੂਹਰੇ ਆਪਣੇ ਮਾਂ-ਬਾਪ ਦੀ ਸ਼ਕਲ-ਸੂਰਤ ਘੁੰਮਣ ਲੱਗੀ। ਉਸਦੇ ਦਾਦੇ-ਪੜ੍ਹਦਾਦੇ ਦੀ ਨਾਲ ਦੇ ਪਿੰਡ ’ਚ ਦੁਸ਼ਮਣੀ ਸੀ ਅਤੇ ਇਸ ਦੁਸ਼ਮਣੀ ਤੋਂ ਉਪਜੀ ਇਕ ਲੜਾਈ ਵਿਚ ਉਸਦੇ ਪਿਉ ਦਾ ਕਤਲ ਹੋ ਗਿਆ। ਹਰਦੇਵ ਦੀ ਮਾਂ ਚਰਨ ਕੌਰ ਉਸਨੂੰ ਦੱਸਿਆ ਕਰਦੀ ਸੀ ਉਹ ਓਦੋਂ ਕੇਵਲ ਚਾਰ ਸਾਲਾਂ ਦਾ ਸੀ। ਮਾਂ ਆਪਣੇ ਪੁੱਤ ਨੂੰ ਆਪਣੀ ਬੁੱਕਲ ਵਿਚ ਲੈ, ਆਪਣੇ ਪੇਕੇ ਚਲੀ ਗਈ। ਉਹ ਹਰ ਹਾਲਤ ਵਿਚ ਆਪਣੇ ਪੁੱਤ ਨੂੰ ਦੁਸ਼ਮਣੀ ਦੀ ਅੱਗ ਤੋਂ ਬਚਾਉਣਾ ਚਾਹੁੰਦੀ ਸੀ। ਉਹ ਨਹੀਂਂ ਸੀ ਚਾਹੁੰਦੀ ਕਿ ਦੁਸ਼ਮਣਾਂ ਦੇ ਪਿੰਡੋਂ ਕੋਈ ਫਲੂਹਾ ਉੱਡ ਕੇ ਆਵੇ ਤੇ ਉਸਦੇ ਵਿਹੜੇ ਵਿਚ ਡਿੱਗੇ। ਉਹ ਆਪਣੇ ਪੁੱਤ ਨੂੰ ਕੁਕੜੀ ਵਾਂਗ ਆਪਣੇ ਖੰਭਾਂ ਵਿਚ ਲਕੋਈ ਫਿਰਦੀ ਰਹਿੰਦੀ। ਹਰਦੇਵ ਦੇ ਬਾਪ ਦੇ ਹਿੱਸੇ ਚਾਰ ਕਿੱਲੇ ਆਉਂਦੇ ਸਨ। ਉਨ੍ਹਾਂ ਚਾਰ ਕਿੱਲਿਆਂ ਦਾ ਮਾਮਲਾ ਚਰਨ ਕੌਰ ਆਏ ਸਾਲ ਸਹੁਰਿਆਂ ਤੋਂ ਲੈ ਆਉਂਦੀ ਤੇ ਆਪਣੇ ਭਰਾਵਾਂ ਦੀ ਤਲੀ ‘ਤੇ ਟਿਕਾ ਦਿੰਦੀ। ਏਨੇ ਨਾਲ ਉਹ ਤੇ ਉਸਦਾ ਪੁੱਤ ਆਰਾਮ ਨਾਲ ਰਹੀ ਜਾਂਦੇ। ਹਰਦੇਵ ਸੱਤਵੀਂ ’ਚ ਪੜ੍ਹਦਾ ਸੀ ਜਦੋਂ ਚਰਨ ਕੌਰ ਨੂੰ ਕਿਸੇ ਚੰਦਰੇ ਰੋਗ ਦਾ ਵਲ੍ਹੇਟਾ ਪੈ ਗਿਆ। ਉਹ ਮੰਜੇ ਨਾਲ ਹੀ ਜੁੜ ਗਈ। ਹਰਦੇਵ ਦੇ ਮਾਮਿਆਂ ਨੇ ਜਿੰਨਾ ਸਰਦਾ ਸੀ ਇਲਾਜ ਕਰਵਾਇਆ ਪਰ ਕਿਤੋਂ ਵੀ ਜ਼ਿੰਦਗੀ ਦੀ ਖ਼ੈਰ ਨਾ ਪਈ ਤੇ ਓੜਕ ਨੂੰ ਛੇ-ਸੱਤ ਮਹੀਨਿਆਂ ਦੇ ਅੰਦਰ-ਅੰਦਰ ਹੀ ਉਹ ਰੱਬ ਨੂੰ ਪਿਆਰੀ ਹੋ ਗਈ। ਪਰ ਜਾਂਦੀ-ਜਾਂਦੀ ਉਹ ਚਾਰ ਕਿੱਲੇ ਆਪਣੇ ਪੁੱਤ ਹਰਦੇਵ ਦੇ ਨਾਂ ਕਰਵਾ ਗਈ।
ਨਾਨਕੇ ਰਹਿ ਕੇ ਹੀ ਹਰਦੇਵ ਨੇ ਲਾਗਲੇ ਕਾਲਜ ਤੋਂ ਬਾਰ੍ਹਾਂ ਜਮਾਤਾਂ ਕੀਤੀਆਂ। ਉਨ੍ਹਾਂ ਦਿਨਾਂ ਵਿਚ ਜਵਾਨ ਜਹਾਨ ਮੁੰਡਿਆਂ ਵਿਚ ਕੈਨੇਡਾ, ਅਮਰੀਕਾ ਜਾਣ ਦਾ ਰੁਝਾਨ ਪੂਰੇ ਜ਼ੋਰਾਂ ‘ਤੇ ਸੀ। ਬਹੁਤੇ ਵਿਜ਼ੀਟਰ ਹੀ ਜਾਂਦੇ ਸਨ ਤੇ ਕੁਝ ਚਿਰ ਬਾਅਦ ਪੱਕੇ ਹੋ ਜਾਂਦੇ। ਹਰਦੇਵ ਦੇ ਮਾਮਿਆਂ ਨੇ ਵੀ ਕਿਸੇ ਏਜੰਟ ਨਾਲ ਗੱਲਬਾਤ ਕਰ ਕੇ ਉਸਨੂੰ ਵੈਨਕੂਵਰ ਵੱਲ ਨੂੰ ਜਾਂਦੇ ਜਹਾਜ਼ ਵਿਚ ਚਾੜ੍ਹ ਦਿੱਤਾ ਤੇ ਉਹ ਓਥੇ ਆਪਣੇ ਵਾਂਗ ਵਿਜ਼ੀਟਰ ਆਏ ਆਪਣੇ ਦੋਸਤਾਂ ਦੀ ਢਾਣੀ ਵਿਚ ਜਾ ਰਲਿਆ।
ਅੱਜ ਤੋਂ ਤੀਹ ਸਾਲ ਪਹਿਲਾਂ ਜਦੋਂ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਲੈ ਕੇ ਭਾਰਤ ਵਿਆਹ ਕਰਵਾਉਣ ਗਿਆ ਸੀ ਤਾਂ ਉਸਨੇ ਘੱਟੋ-ਘੱਟ ਦਸ ਕੁੜੀਆਂ ਦੇਖੀਆਂ ਸਨ। ਦੱਸ ਤਾਂ ਹੋਰ ਵੀ ਬਥੇਰੀਆਂ ਦੀ ਪਈ ਪਰ ਉਸਦੀਆਂ ਅੱਖਾਂ ਨੇ ਜਿਵੇਂ ਹੀ ਗੁਰਮੀਤ ਨੂੰ ਦੇਖਿਆ ਤਾਂ ਉਹ ਓਥੇ ਹੀ ਟਿਕ ਗਈਆਂ। ਹੋਰ ਕਿਸੇ ਵੱਲ ਝਾਕਣ ਦੀ ਉਸਨੂੰ ਕੋਈ ਜ਼ਰੂਰਤ ਹੀ ਨਾ ਪਈ।
ਉੱਚੀ ਲੰਬੀ, ਸੋਹਣੇ ਦਿਲ ਖਿੱਚਵੇਂ ਨੈਣ ਨਕਸ਼, ਲੰਬੇ ਘੁੰਗਰਾਲੇ ਵਾਲ ਤੇ ਛਾਂਟਵੇਂ ਸਰੀਰ ਦੀ ਗੁਰਮੀਤ ਨੂੰ ਦੇਖਣ ‘ਤੇ ਕਿਹੜਾ ਮਾਂ ਦਾ ਪੁੱਤ ਉਸਦੇ ਚਿਹਰੇ ਤੋਂ ਆਪਣੀਆਂ ਨਜ਼ਰਾਂ ਹਟਾ ਸਕਦਾ ਸੀ। ਗੁਰਮੀਤ ਤਾਂ ਜਾਣੋ ਉਸਦੇ ਧੁਰ ਅੰਦਰ ਉੱਤਰ ਗਈ। ਗੁਰਮੀਤ ਦੇ ਸੁਹੱਪਣ ਨੇ ਮਾਂ-ਪਿਓ ਦੀ ਗ਼ਰੀਬੀ ਛੁਪਾ ਲਈ। ਹਰਦੇਵ ਨੂੰ ਇਸ ਗੱਲ ਦਾ ਖ਼ਿਆਲ ਵੀ ਨਾ ਰਿਹਾ ਕਿ ਗੁਰਮੀਤ ਦੇ ਬਾਪ ਕੋਲ ਤਿੰਨ-ਚਾਰ ਕਿੱਲੇ ਹੀ ਹਨ ਅਤੇ ਉਸਨੂੰ ਮੂੰਹ ਮੰਗਿਆ ਦਾਜ-ਦਹੇਜ ਵੀ ਨਹੀਂਂ ਮਿਲਣਾ। ਉਸ ਸਮੇਂ ਉਸਨੂੰ ਗੁਰਮੀਤ ਦੀ ਸੋਹਣੀ ਸੂਰਤ ਹੀ ਦਿਖਾਈ ਦੇ ਰਹੀ ਸੀ। ਉਸਨੇ ਦੇਖਣ ਸਾਰ ਹੀ ਗੁਰਮੀਤ ਦੇ ਰਿਸ਼ਤੇ ਲਈ ‘ਹਾਂ’ ਕਰ ਦਿੱਤੀ। ਭਾਵੇਂ ਉਸਦੇ ਮਾਮੇ ਨੇ ਇਸ਼ਾਰਾ ਤਾਂ ਕੀਤਾ ਸੀ ਕਿ ਤੈਨੂੰ ਇਨ੍ਹਾਂ ਕੋਲੋਂ ਮਿਲਣਾ ਮੁਲਣਾ ਕੱਖ ਨਹੀਂਂ। ਹੋਰ ਕੁੜੀਆਂ ਦੇਖ ਲੈ, ਸ਼ਾਇਦ ਕੋਈ ਵੱਡਾ ਘਰ ਮਿਲ ਜਾਵੇ। ਉਸ ਸਮੇਂ ਹਰਦੇਵ ਲਈ ਗੁਰਮੀਤ ਦੀ ਖ਼ੂਬਸੂਰਤੀ ਹੀ ਸਭ ਕੁਝ ਸੀ। ਹਰਦੇਵ ਨੇ ਕਿਸੇ ਦੀ ਨਾ ਸੁਣੀ।
ਹਰਦੇਵ ਵਿਆਹ ਕਰਵਾ ਕੇ ਕੈਨੇਡਾ ਵਾਪਿਸ ਆ ਗਿਆ। ਗੁਰਮੀਤ ਦਾ ਅਪਲਾਈ ਕਰ ਦਿੱਤਾ ਤੇ ਉਹ ਵੀ ਕੁਝ ਮਹੀਨਿਆਂ ਵਿਚ ਹਰਦੇਵ ਕੋਲ ਆ ਗਈ। ਉਹ ਕੈਨੇਡਾ ਕੀ ਆਈ, ਉਸਦੀ ਜ਼ਿੰਦਗੀ ਦਾ ਪੁੱਠਾ ਗੇੜਾ ਸ਼ੁਰੂ ਹੋ ਗਿਆ। ਹਰਦੇਵ ਦੇ ਮਾਮੇ ਨੇ ਆਪਣੇ ਛੋਟੇ ਮੁੰਡੇ ਜਿੰਦਰ ਦੇ ਰਿਸ਼ਤੇ ਦੀ ਗੱਲ ਗੁਰਮੀਤ ਦੀ ਛੋਟੀ ਭੈਣ ਹਰਜੀਤ ਨਾਲ ਛੇੜ ਲਈ। ਮਾਮਾ ਕਹੇ ਆਪਣੇ ਸਹੁਰਿਆਂ ਦਾ ਅਪਲਾਈ ਕਰ। ਆਪਣੇ ਸੱਸ ਸਹੁਰੇ ਨਾਲ ਆਪਣਾ ਸਾਲਾ ਤੇ ਸਾਲੀ ਮੰਗਵਾ ਕੇ ਦੋਨਾਂ ਦੀਆਂ ਜ਼ਿੰਦਗੀਆਂ ਸਾਨੂੰ ਸੌਂਪ ਦੇ। ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨਾਲ ਕਰ ਤੇ ਮੁੰਡੇ ਦਾ ਰਿਸ਼ਤਾ ਮੇਰੇ ਸਾਲੇ ਦੀ ਕੁੜੀ ਨਾਲ ਕਰਵਾ ਦੇ।
ਗੁਰਮੀਤ ਦੇ ਘਰਦਿਆਂ ਨੂੰ ਇਹ ਗੱਲ ਮਨਜ਼ੂਰ ਨਹੀਂਂ ਸੀ। ਗੁਰਮੀਤ ਦੀ ਭੈਣ ਹਰਜੀਤ ਨੇ ਤਾਂ ਕੋਰੀ ਨਾਂਹ ਕਰ ਦਿੱਤੀ। ਉਸਨੂੰ ਜਿੰਦਰ ਤਾਂ ਉੱਕਾ ਹੀ ਪਸੰਦ ਨਹੀਂਂ ਸੀ। ਰਾਹ ਜਾਂਦੀਆਂ ਕੁੜੀਆਂ ਦੀਆਂ ਚੁੰਨੀਆਂ ਲਾਹੁਣੀਆਂ ਉਸਦੇ ਵੈਲਪੁਣੇ ਦਾ ਮਨਭਾਉਂਦਾ ਸ਼ੌਕ ਸੀ। ਇਕ ਦਿਨ ਉਸਦੀ ਕਾਲਜ ਜਾਂਦੀ ਸਹੇਲੀ ਨੂੰ ਜਿੰਦਰ ਨੇ ਆਪਣੇ ਮਸ਼ਟੰਡੇ ਦੋਸਤਾਂ ਨਾਲ ਰਲ ਕੇ ਰਾਹ ਵਿਚ ਘੇਰ ਲਿਆ। ਪਤਾ ਨਹੀਂ ਉਸ ਨਾਲ ਕੀ ਹੁੰਦਾ ਜੇ ਕੋਈ ਭਲੇ ਬੰਦਿਆਂ ਦੀ ਕਾਰ ਓਧਰੋਂ ਦੀ ਨਾ ਲੰਘਦੀ। ਉਹ ਉਸ ਮੁੰਡੇ ਨਾਲ ਵਿਆਹ ਕਰਵਾਉਣ ਲਈ ਕਿਵੇਂ ਰਾਜ਼ੀ ਹੋ ਸਕਦੀ ਸੀ ਜਿਸਨੇ ਉਸਦੀ ਸਹੇਲੀ ਦੀ ਇੱਜ਼ਤ ਨਾਲ ਖੇਡਣ ਦਾ ਯਤਨ ਕੀਤਾ ਹੋਵੇ। ਆਸੇ-ਪਾਸੇ ਦੇ ਪਿੰਡਾਂ ਵਿਚ ਬਦਨਾਮ ਮੁੰਡੇ ਨਾਲ ਹਰਜੀਤ ਦਾ ਵਿਆਹ ਕਰਨ ਨੂੰ ਨਾ ਗੁਰਮੀਤ ਰਾਜ਼ੀ ਸੀ ਤੇ ਨਾ ਹੀ ਗੁਰਮੀਤ ਦੇ ਮਾਂ-ਬਾਪ।
ਏਸੇ ਨਾਂਹ ਕਾਰਨ ਗੁਰਮੀਤ ਦੀ ਜ਼ਿੰਦਗੀ ਨਰਕ ਬਣ ਗਈ। ਹਰਦੇਵ ਆਖੇ ਮੇਰੇ ਮਾਮੇ ਦੇ ਮੇਰੇ ‘ਤੇ ਬਹੁਤ ਅਹਿਸਾਨ ਹਨ। ਮੈਂ ਉਨ੍ਹਾਂ ਅਹਿਸਾਨਾਂ ਦੀ ਕੀਮਤ ਚੁਕਾਉਣਾ ਚਾਹੁੰਦਾ ਹਾਂ। ਕੀਮਤ ਚੁਕਾਉਣ ਦਾ ਇਹ ਇੱਕੋ ਇੱਕ ਹੀ ਵਸੀਲਾ ਸੀ। ਪਰ ਇਹ ਵਸੀਲਾ ਤਾਂ ਉਸਦੇ ਹੱਥੋਂ ਨਿਕਲ ਚੁੱਕਾ ਸੀ।
ਹਰਦੇਵ ਨੇ ਮਾਮੇ ਨੇ ਉਸ ਨੂੰ ਚਿੱਠੀ ਲਿਖੀ ਤੇ ਕਹਿ ਦਿੱਤਾ “ਅੱਜ ਤੋਂ ਸਾਡੇ ਨਾਲ ਤੇਰਾ ਕੋਈ ਰਿਸ਼ਤਾ ਨਹੀਂਂ ਹੈ। ਅਸੀਂ ਤੈਨੂੰ ਟੁਕੜਾ ਪਾਇਆ ਤੇ ਤੂੰ ਸਾਡਾ ਇਹ ਮਾੜਾ ਜਿਹਾ ਕੰਮ ਨਹੀਂਂ ਕਰਵਾ ਸਕਿਆ। ਆਪਣੀ ਤੀਵੀਂ ਨੂੰ ਜੇਕਰ ਖਿੱਚ ਕੇ ਰੱਖਦਾ ਤਾਂ ਇਹ ਦਿਨ ਨਾ ਦੇਖਣਾ ਪੈਂਦਾ। ਬੈਠ ਕੇ ਚੱਟੀ ਜਾ ਉਸਦੀ ਚਿੱਟੀ ਚਮੜੀ!”
ਇਸ ਤੋਂ ਬਾਅਦ ਹਰਦੇਵ ਨੇ ਆਨੇ-ਬਹਾਨੇ ਗੁਰਮੀਤ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਉਸਨੂੰ ਘਰੋਂ ਨਿਕਲਣ ਨਾ ਦਿੰਦਾ। ਫ਼ੋਨ ਨੂੰ ਉਹ ਇਕ ਕਮਰੇ ਵਿਚ ਰੱਖ ਕੇ ਬਾਹਰੋਂ ਤਾਲਾ ਲਾ ਜਾਂਦਾ। ਉਸਦੀ ਪਕਾਈ ਰੋਟੀ ਵਗਾ ਕੇ ਮਾਰਦਾ ਤੇ ਕੁੱਟ-ਕੁੱਟ ਉਸਦੇ ਹੱਡ ਪੋਲੇ ਕਰਦਾ। ਸ਼ਰਾਬ ਪੀ ਕੇ ਅੰਨ੍ਹੇਵਾਹ ਤਸ਼ੱਦਦ ਕਰਦਾ। ਪਰ ਉਹ ਵਿਚਾਰੀ ਸਭ ਕੁਝ ਚੁੱਪ ਚਾਪ ਸਹਾਰਦੀ ਜਾਂਦੀ।
ਇਕ ਦਿਨ ਬਿਸਤਰੇ ’ਚ ਪਏ ਨੇ ਸ਼ਰਾਬੀ ਹਾਲਤ ਵਿਚ ਜਾਣਬੁੱਝ ਕੇ ਉਸ ਉੱਪਰ ਪਿਸ਼ਾਬ ਕਰ ਦਿੱਤਾ ਤੇ ਬਾਅਦ ਵਿਚ ਫ਼ਰਸ਼ ‘ਤੇ ਡੁਲ੍ਹੇ ਪਿਸ਼ਾਬ ਨੂੰ ਜੀਭ ਨਾਲ ਚੱਟਣ ਲਈ ਮਜਬੂਰ ਕੀਤਾ। ਇਸ ਤੋਂ ਪਹਿਲਾਂ ਵੀ ਕਈ ਵਾਰ ਹਰਦੇਵ ਨੇ ਗੁਰਮੀਤ ‘ਤੇ ਪਿਸ਼ਾਬ ਕੀਤਾ ਸੀ ਪਰ ਇਸ ਵਾਰ ਉਸ ਨੇ ਫ਼ਰਸ਼ ‘ਤੇ ਪਏ ਪਿਸ਼ਾਬ ਨੂੰ ਚੱਟਣ ਲਈ ਆਖ ਦਿੱਤਾ। ਗੁਰਮੀਤ ਨੇ ਰੱਬ ਦਾ ਵਾਸਤਾ ਪਾਇਆ। ਮਿੰਨਤਾਂ ਕੀਤੀਆਂ, ਤਰਲੇ ਪਾਏ ਤੇ ਹਰਦੇਵ ਦੇ ਪੈਰਾਂ ‘ਤੇ ਆਪਣਾ ਸਿਰ ਵੀ ਰੱਖ ਦਿੱਤਾ। ਉਹ ਵਾਰ-ਵਾਰ ਹਰਦੇਵ ਅੱਗੇ ਹੱਥ ਜੋੜ ਰਹੀ ਸੀ, “ਹਰਦੇਵ ਪਲੀਜ਼! ਮੇਰੇ ਤੋਂ ਇਹ ਕੰਮ ਨਾ ਕਰਵਾ। ਮੈਨੂੰ ਉਲਟੀ ਆਉਂਦੀ ਹੈ।”
ਜਿਵੇਂ ਹੀ ਗੁਰਮੀਤ ਨੇ ਉਲਟੀ ਸ਼ਬਦ ਕਹਿਆ, ਹਰਦੇਵ ਨੇ ਉਸਦਾ ਸਿਰ ਫੜ ਕੇ ਏਨੀ ਜ਼ੋਰ ਦੀ ਥੱਲੇ ਨੂੰ ਕੀਤਾ ਕਿ ਉਸ ਦੇ ਬੁਲ੍ਹ ਪਿਸ਼ਾਬ ‘ਤੇ ਜਾ ਟਿਕੇ। ਉਸਨੂੰ ਹੱਥੂ ਆ ਗਿਆ।
ਹਰਦੇਵ ਦਾ ਪਾਰਾ ਅਸਮਾਨੀਂ ਚੜ੍ਹ ਗਿਆ। ਉਸਨੇ ਗੁਰਮੀਤ ਦਾ ਸਿਰ ਦੋਨਾਂ ਹੱਥਾਂ ਨਾਲ ਫੜ ਕੇ ਮੂੰਹ ਫਰਸ਼ ‘ਤੇ ਮਾਰਿਆ। ਉਸਦੇ ਨੱਕ ‘ਚੋਂ ਖ਼ੂਨ ਦੀਆਂ ਧਰਾਲਾਂ ਵਗ ਤੁਰੀਆਂ।
ਗੁਰਮੀਤ ਨੂੰ ਲਹੂ-ਲੁਹਾਣ ਦੇਖ ਕੇ ਹਰਦੇਵ ਕੰਬ ਗਿਆ। ਉਸਨੂੰ ਗੁਰਮੀਤ ਦੀ ਸੱਟ ਦੀ ਪ੍ਰਵਾਹ ਨਹੀਂਂ ਸੀ। ਉਹ ਤਾਂ ਇਕ ਗੱਲੋਂ ਡਰਦਾ ਸੀ ਕਿ ਕਿਤੇ ਪੁਲੀਸ ਕੇਸ ਨਾ ਬਣ ਜਾਵੇ।
ਉਹ ਖ਼ੂਨ ਬੰਦ ਕਰਨ ਲਈ ਏਧਰ ਓਧਰ ਪਾਗਲਾਂ ਵਾਂਗ ਫਿਰਨ ਲੱਗਾ। ਕਦੇ ਪੇਪਰ ਟਾਵਲ ਚੁੱਕੇ ਤੇ ਕਦੇ ਅਲਮਾਰੀ ‘ਚੋਂ ਤੌਲੀਏ ਲਿਆਵੇ। ਉਸਦੀ ਏਸੇ ਭੱਜ ਦੌੜ ਵਿਚ ਗੁਰਮੀਤ ਨੇ ਹੁਸ਼ਿਆਰੀ ਨਾਲ ਐਮਰਜੈਂਸੀ ਫ਼ੋਨ ਘੁਮਾ ਦਿੱਤਾ। ਮਿੰਟਾਂ ਸਕਿੰਟਾਂ ਵਿਚ ਪੁਲੀਸ ਆ ਗਈ। ਉਹ ਚਾਹੁੰਦਾ ਤਾਂ ਸੀ ਕਿ ਗੁਰਮੀਤ ਝੂਠ ਬੋਲ ਕੇ ਉਸਨੂੰ ਬਚਾ ਲਵੇ, ਪੁਲੀਸ ਨੂੰ ਆਖ ਦੇਵੇ ਕਿ ਉਸਦੇ ਅਚਾਨਕ ਡਿੱਗਣ ਨਾਲ ਸੱਟ ਵੱਜੀ ਹੈ। ਲਹੂ ਨਾਲ ਲੱਥ ਪੱਥ ਹੋਈ ਗੁਰਮੀਤ, ਪਿਸ਼ਾਬ ਨਾਲ ਭਿੱਜੇ ਗੁਰਮੀਤ ਦੇ ਕੱਪੜੇ, ਫ਼ਰਸ਼ ‘ਤੇ ਪਏ ਪਿਸ਼ਾਬ ਦੇ ਛੱਪੜ ਨੇ ਸਾਰੀ ਕਹਾਣੀ ਸਪਸ਼ਟ ਕਰ ਦਿੱਤੀ ਤੇ ਗੁਰਮੀਤ ਨੇ ਵੀ ਪੁਲੀਸ ਮੂਹਰੇ ਸੱਚ ਬੋਲ ਕੇ ਆਪਣੇ ਉੱਤੇ ਹੋ ਰਹੇ ਤਸ਼ੱਦਦ ਦੀ ਪੁਸ਼ਟੀ ਕਰ ਦਿੱਤੀ।
ਐਬੂਲੈਂਸ ਨਾਲ ਆਏ ਦੋ ਮੁੰਡਿਆਂ ਨੇ ਗੁਰਮੀਤ ਦੇ ਪੱਟੀ ਕੀਤੀ। ਖ਼ੂਨ ਦਾ ਵੱਗਣਾ ਰੋਕਿਆ ਤੇ ਆਪਣੇ ਨਾਲ ਹਸਪਤਾਲ ਲੈ ਗਏ।
ਘਰ, ਜਿਸ ਵਿਚ ਉਹ ਰਹਿ ਰਹੇ ਸਨ ਉਹ ਹਰਦੇਵ ਦੇ ਨਾਮ ਸੀ। ਕਾਨੂੰਨੀ ਤੌਰ ‘ਤੇ ਪੁਲੀਸ ਹਰਦੇਵ ਨੂੰ ਘਰੋਂ ਬਾਹਰ ਨਹੀਂਂ ਸੀ ਕੱਢ ਸਕਦੀ। ਉਸ ਸਮੇਂ ਕਾਨੂੰਨ ਅਨੁਸਾਰ ਪੁਲੀਸ ਦਾ ਫ਼ਰਜ਼ ਸੀ ਗੁਰਮੀਤ ਦੀ ਰੱਖਿਆ ਕਰਨੀ ਤੇ ਉਸਨੂੰ ਆਪਣੀ ਦੇਖ-ਰੇਖ ਵਿਚ ਮਹਿਫ਼ੂਜ਼ ਜਗ੍ਹਾ ਪ੍ਰਦਾਨ ਕਰਵਾਉਣੀ।
ਪੁਲੀਸ ਅਫ਼ਸਰਾਂ ਨੇ ਆਪਣੀ ਕਾਗਜ਼ੀ ਕਾਰਵਾਈ ਕੀਤੀ, ਸੰਗੀਨ ਚਾਰਜਾਂ ਨਾਲ ਭਰੇ ਕਾਗਜ਼ਾਂ ਦਾ ਥੱਬਾ ਹਰਦੇਵ ਨੂੰ ਫੜਾ ਕੇ, ਅਦਾਲਤ ਵਿਚ ਪੇਸ਼ ਹੋਣ ਦੀ ਤਾਰੀਖ ਦੱਸ ਚਲੇ ਗਏ ।
ਐਂਬੂਲੈਂਸ ਵਿਚ ਹਸਪਤਾਲ ਨੂੰ ਜਾਣ ਸਮੇਂ ਗੁਰਮੀਤ ਨੇ ਹਰਦੇਵ ਵੱਲ ਘੂਰ ਕੇ ਵੇਖਿਆ ਤੇ ਬੋਲੀ, “ਤੂੰ ਮੇਰਾ ਪਰਛਾਵਾਂ ਦੇਖਣ ਲਈ ਵੀ ਤਰਸੇਂਗਾ।”
ਪਤਨੀ ਨਾਲ ਮਾਰ ਕੁਟਾਈ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਤੇ ਅਣ-ਮਨੁੱਖੀ ਤਸ਼ੱਦਦ ਕਰਨ ਲਈ ਕੁਝ ਸਜ਼ਾ ਭੁਗਤ ਕੇ ਜਦੋਂ ਹਰਦੇਵ ਬਾਹਰ ਆਇਆ ਤਾਂ ਉਹ ਬਿਲਕੁਲ ਇਕੱਲਾ ਸੀ। ਗੁਰਮੀਤ ਨਾਲ ਉਸਦਾ ਤਲਾਕ ਹੋ ਚੁੱਕਿਆ ਸੀ।
ਉਹ ਆਪਣੇ ਇਕ ਦੋਸਤ ਨਾਲ ਰਹਿਣ ਲੱਗ ਪਿਆ। ਇਕ ਰਾਤ ਉਸਨੂੰ ਅਧਰੰਗ ਦਾ ਦੌਰਾ ਪਿਆ। ਦੋਸਤ ਹਸਪਤਾਲ ਲੈ ਗਿਆ। ਕਿੰਨੇ ਮਹੀਨੇ ਹਸਪਤਾਲ ਰਹਿਣ ਮਗਰੋਂ ਵੀ ਉਹ ਠੀਕ ਨਾ ਹੋਇਆ ਤੇ ਹਸਪਤਾਲ ਵਾਲਿਆਂ ਨੇ ਇਸ ਕੇਅਰ ਸੈਂਟਰ ਵਿਚ ਭਰਤੀ ਕਰਵਾ ਦਿੱਤਾ।
ਗੁਰਮੀਤ ਦੇ ਇਹ ਬੋਲ ਯਾਦ ਕਰਕੇ ਹਰਦੇਵ ਦੀਆਂ ਭੁੱਬਾਂ ਨਿਕਲ ਗਈਆਂ। ਹਰਦੇਵ ਦੇ ਕਮਰੇ ਵਾਲੀ ਨਰਸ ਭੱਜੀ ਭੱਜੀ ਆਈ ਤੇ ਉਸਦੀ ਵ੍ਹੀਲ ਚੇਅਰ ਉਸਦੇ ਕਮਰੇ ਵਿਚ ਲੈ ਗਈ। ਦੋ-ਤਿੰਨ ਨਰਸਾਂ ਉਸਦੀ ਮਦਦ ਲਈ ਹੋਰ ਆ ਗਈਆਂ। ਉਨ੍ਹਾਂ ਨੇ ਵਾਰੀ-ਵਾਰੀ ਆਪੋ ਆਪਣੇ ਤਰੀਕੇ ਨਾਲ ਰੋਣ ਦਾ ਕਾਰਣ ਪੁੱਛਿਆ ਪਰ ਉਸ ਤੋਂ ਬੋਲ ਨਹੀਂਂ ਹੋਇਆ। ਉਹ ਸਿਰਫ਼ ਚੀਕਾਂ ਮਾਰ ਰਿਹਾ ਸੀ।
ਉਹ ਲਗਾਤਾਰ ਬਾਹਰ ਵੱਲ ਨੂੰ ਟੱਢੀਆਂ ਅੱਖਾਂ ਨਾਲ ਵੇਖਦਾ ਰਿਹਾ ਤੇ ਆਪਣੇ ਪਾਏ ਹੋਏ ਕਪੜੇ ਖਿੱਚਦਾ ਰਿਹਾ। ਉਸ ਨੇ ਖਿੱਚ-ਖਿੱਚ ਕੇ ਗਲ ਪਾਇਆ ਹੋਇਆ ਕੁੜਤਾ ਭਰਾੜ ਕਰ ਲਿਆ। ਦੋ-ਤਿੰਨ ਨਰਸਾਂ ਨੇ ਉਸਨੂੰ ਫੜਿਆ ਹੋਇਆ ਸੀ ਅਤੇ ਜਿਉਂ ਹੀ ਡਾਕਟਰ ਨੇ ਕਮਰੇ ’ਚ ਪੈਰ ਪਾਇਆ ਉਸਨੇ ਡਡਆਈਆਂ ਅੱਖਾਂ ਨਾਲ ਦਰਵਾਜ਼ੇ ਵੱਲ ਵੇਖਿਆ। ਉਹ ਬਾਹਰ ਵੱਲ ਨੂੰ ਹੱਥ ਕਰਕੇ ਆਖ ਰਿਹਾ ਸੀ, “ਔਹ ਦੇਖੋ, ਔਹ ਪਰਛਾਵਾਂ… ਮੇਰੇ ਵੱਲ ਨੂੰ ਆਉਂਦਾ… ਪਰਛਾਵਾਂ …ਪਰਛਾਵਾਂ …ਪਰਛਾਵਾਂ ਕਰਦੇ ਨੇ ਉੱਚੀ ਦੇਣੇ ‘ਪਰਛਾਵਾਂ’ ਕਿਹਾ ਤੇ ਚੁੱਪ ਹੋ ਗਿਆ…।