ਗੁਰਮੀਤ ਕੜਿਆਲਵੀ
ਗੁਰਮੀਤ ਕੜਿਆਲਵੀ, ਪੰਜਾਬੀ ਦਾ ਉੱਘਾ ਕਹਾਣੀਕਾਰ ਅਤੇ ਵਾਰਤਕਕਾਰ ਹੈ, ਜੋ ਕਥਾ ਪੁਸਤਕਾਂ, ਕਹਾਣੀਆਂ, ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਵਾਰਤਕ ਪੁਸਤਕਾਂ ਤੋਂ ਇਲਾਵਾ ਨਾਟਕ ਵੀ ਲਿਖ ਚੁੱਕਾ ਹੈ। ਉਸ ਦੀ ਕਹਾਣੀ ਆਤੂ ਖੋਜੀ ‘ਤੇ ਲਘੂ ਫਿਲਮ ਬਣ ਚੁੱਕੀ ਹੈ ਤੇ ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ।
ਉਸ ਦੀਆਂ ਕਈ ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਵੀ ਸ਼ਾਮਿਲ ਹਨ। ਪ੍ਰਿੰਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਹਾਸਲ ਕਰ ਚੁੱਕੇ ਕੜਿਆਲਵੀ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ ‘ਚ ਵੀ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ। ਅਸੀਂ ਆਪਣੇ ਪਾਠਕਾਂ ਲਈ ਉਸ ਦੀਆਂ ਕਹਾਣੀਆਂ ਦਾ ਕਾਲਮ ਸ਼ੁਰੂ ਕੀਤਾ ਹੈ, ਉਮੀਦ ਹੈ ਪਾਠਕਾਂ ਨੂੰ ਪਸੰਦ ਆ ਰਿਹਾ ਹੋਵੇਗਾ।
ਵੇਖਦਿਆਂ ਹੀ ਵੇਖਦਿਆਂ ਪੁਲਿਸ ਦੀ ਧਾੜ ਨੇ ਆਲੇ-ਦੁਆਲੇ ਦੇ ਘਰਾਂ ਦੀਆਂ ਛੱਤਾਂ ਉੱਪਰ ਮੋਰਚੇ ਮੱਲ ਲਏ ਸਨ। ਏ.ਕੇ. ਸੰਤਾਲੀਆਂ ਅਤੇ ਏ.ਕੇ. ਚੁਰਾਨਵਿਆਂ ਨਾਲ ਲੈਸ ਪੁਲਿਸ ਦੇ ਚੀਤਿਆਂ ਵਰਗੇ ਸ਼ਿਕਾਰੀਆਂ ਨੇ ਘਰ ਨੂੰ ਘੇਰਾ ਪਾ ਲਿਆ ਸੀ। ਹੋਮਗਾਰਡ ਜਵਾਨਾਂ ਦੇ ਹੱਥਾਂ ਵਿਚ ਫੜੀਆਂ 1962 ਦੀ ਭਾਰਤ-ਚੀਨ ਜੰਗ ਵੇਲੇ ਦੀਆਂ ਬਣੀਆਂ ਥਰੀ-ਨਟ-ਥਰੀ ਦੀਆਂ ਜਾਮ ਹੋਈਆਂ ਬੰਦੂਕਾਂ ਵੀ ਇਧਰ ਨੂੰ ਸੇਧੀਆਂ ਹੋਈਆਂ ਹੜਬੂੰ-ਹੜਬੂੰ ਕਰਦੀਆਂ ਲੱਗਦੀਆਂ ਸਨ। ਇੰਜ ਜਾਪਦਾ ਸੀ ਜਿਵੇਂ ਬੱਬਰ ਖਾਲਸਾ ਦੇ ਕਿਸੇ ਬਹੁਤ ਵੱਡੇ ਮੁਖੀ ਨੂੰ ਫੜਨ ਦੀ ਕਵਾਇਦ ਹੋ ਰਹੀ ਹੋਵੇ। ਭਾਰੇ-ਭਾਰੇ ਪੁਲਿਸੀਏ ਬੂਟਾਂ ਦੀ ਦਗੜ-ਦਗੜ ਗਲੀਆਂ ਵਿਚੋਂ ਵੀ ਸੁਣਾਈ ਦੇ ਰਹੀ ਸੀ। ਪਿੰਡ ਨੂੰ ਹਨੇਰੇ ਦੀ ਗੂੜ੍ਹੀ ਕਾਲੀ ਚਾਦਰ ਨੇ ਢੱਕਿਆ ਹੋਇਆ ਸੀ। ਉਨ੍ਹਾਂ ਦਿਨਾਂ ‘ਚ ਜਗਮਗ ਕਰਦੇ ਲਾਟੂ ਜਗਾਉਣ ਦੀ ਹਿੰਮਤ ਕਿਸੇ ‘ਚ ਨ੍ਹੀਂਂ ਸੀ ਹੁੰਦੀ। ਵਿਰਲੇ-ਵਿਰਲੇ ਘਰ ਵਿਚੋਂ ਹੀ ਕਿਸੇ ਬੱਤੀ ਦਾ ਚਾਨਣ ਦਿਖਾਈ ਦਿੰਦਾ ਸੀ। ਲੋਕ ਘੁਸਮੁਸਾ ਹੁੰਦਿਆਂ ਹੀ ਰੋਟੀ-ਪਾਣੀ ਖਾ ਕੇ ਘਰਾਂ ਅੰਦਰ ਤੜ ਜਾਂਦੇ ਹਨ। ਕਿਧਰੋਂ ਆਵਾਜ਼ ਸੁਣਾਈ ਨ੍ਹੀਂਂ ਸੀ ਦਿੰਦੀ। ਗੁਰਦੁਆਰੇ ਆਲਾ ਭਾਈ ਵੀ ਕਾਫ਼ੀ ਚਿਰ ਪਹਿਲਾਂ ਹੀ ਰਹਿਰਾਸ ਉਪਰੰਤ ਕੀਰਤਨ ਸੋਹਲੇ ਦਾ ਪਾਠ ਕਰਕੇ ‘ਵਾਹਿਗੁਰੂ-ਵਾਹਿਗੁਰੂ’ ਕਰਦਾ ਰਜਾਈ ਨੱਪ ਗਿਆ ਸੀ।
ਇਨ੍ਹੀਂ ਦਿਨੀਂ ਪਿੰਡ ਦਾ ਭਗੌੜਾ ਹੋਇਆ ਮੁੰਡਾ ਇੱਕ ਜਥੇਬੰਦੀ ਦਾ ਏਰੀਆ ਕਮਾਂਡਰ ਬਣ ਕੇ ਇਲਾਕੇ ਵਿਚ ਦਹਿਸ਼ਤ ਪਾਈ ਫਿਰਦਾ ਸੀ। ਸਕੂਲੀ ਦਿਨਾਂ ‘ਚ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਇਹ ਕਮਾਂਡਰ ਦਸਵੀਂ ਤਕ ਮੇਰੇ ਨਾਲ ਪੜ੍ਹਦਾ ਰਿਹਾ ਸੀ। ਸਕੂਲੀ ਦਿਨਾਂ ਵਿਚ ਅਕਸਰ ਚੁੱਪ-ਗੜੁੱਪ ਰਹਿਣ ਵਾਲਾ ਅਤੇ ਪੜ੍ਹਾਈ ਵਿਚ ਔਸਤ ਜਿਹਾ ਦੀਪਾ ਮੇਰੇ ਕਾਫ਼ੀ ਨੇੜੇ ਹੁੰਦਾ ਸੀ। ਸਾਡੀ ਚੰਗੀ ਸੱਥਰੀ ਪੈਂਦੀ ਸੀ। ਦਸਵੀਂ ਕਰਨ ਬਾਅਦ ਉਹ ਤਾਂ ਅਲੱਗ ਮੁਲਕ ਬਣਾਉਣ ਦੇ ਸੁਪਨੇ ਲੈਂਦਾ ਏਰੀਆ ਕਮਾਂਡਰੀ ਕਰਨ ਲੱਗ ਪਿਆ ਤੇ ਮੈਂ ਇੰਜੀਨੀਅਰ ਬਣਨ ਲਈ ਰੋਡਿਆਂ ਵਾਲੇ ਪਾਲੀਟੈਕਨਿਕ ਵਿਚ ਜਾ ਦਾਖ਼ਲ ਹੋਇਆ। ਉਸ ਤੋਂ ਬਾਅਦ ਕਦੇ ਵੀ ਦੀਪੇ ਨਾਲ ਮੇਲ ਨ੍ਹੀਂਂ ਸੀ ਹੋਇਆ। ਉਸਦੀ ਸ਼ਕਲ ਦੇ ਵੀ ਕਦੇ ਦੂਰੋਂ ਵੀ ਦਰਸ਼ਨ ਨ੍ਹੀਂ ਸੀ ਕੀਤੇ। ਕਦੇ-ਕਦਾਈਂ ਉਸਦਾ ਨਾਂ ਅਖ਼ਬਾਰ ਵਿਚ ਜ਼ਰੂਰ ਪੜ੍ਹ ਲਈਦਾ ਸੀ ਜਿੱਥੇ ਉਸਦੀ ਜਥੇਬੰਦੀ ਵਲੋਂ ਕਿਸੇ ਘਟਨਾ ਦੀ ਜ਼ਿੰਮੇਵਾਰੀ ਲਈ ਹੁੰਦੀ ਸੀ। ਇਸ ਤੋਂ ਛੁੱਟ ਉਸ ਬਾਰੇ ਹੋਰ ਕੁਝ ਵੀ ਮੈਨੂੰ ਪਤਾ ਨ੍ਹੀਂ ਸੀ।
ਮਾਰਾ-ਮਰਾਈ ਦੇ ਅਜਿਹੇ ਦੌਰ ਵਿਚ ਦੀਪੇ ਨੂੰ ਕਾਬੂ ਕਰਨ ਲਈ ਪਿੰਡ ਵਿਚ ਅਕਸਰ ਪੁਲਿਸ, ਸੀ.ਆਰ.ਪੀ. ਅਤੇ ਕਮਾਂਡੋਂ ਦੇ ਜਵਾਨਾਂ ਦੀ ਦਗੜ-ਦਗੜ ਛੱਲਦੀ ਹੀ ਰਹਿੰਦੀ ਸੀ। ਆਏ ਦਿਨ ਪੁਲਿਸ ਦੀ ਹੁੰਦੀ ਛਾਪੇਮਾਰੀ ਸਾਡੇ ਪਿੰਡ ਵਾਲਿਆਂ ਲਈ ਕੋਈ ਖ਼ਾਸ ਗੱਲ ਨ੍ਹੀਂ ਸੀ। ਇਸੇ ਕਰਕੇ ਜਦੋਂ ਹੁਣ ਪੁਲਿਸ ਵਾਲਿਆਂ ਨੇ ਘਰਾਂ ‘ਤੇ ਚੜ੍ਹ ਕੇ ਚਾਰ-ਚੁਫ਼ੇਰੇ ਬੰਦੂਕਾਂ ਤਾਣ ਲਈਆਂ ਸਨ, ਸਾਨੂੰ ਕੋਈ ਅਚੰਭਾ ਨ੍ਹੀਂ ਸੀ ਲੱਗਿਆ। ਉਂਜ ਅਸੀਂ ਇੰਨਾ ਕੁ ਜ਼ਰੂਰ ਸੋਚ ਰਹੇ ਸਾਂ ਕਿ ਦੀਪੇ ਦਾ ਘਰ ਤਾਂ ਪਿੰਡ ਦੇ ਬਿਲਕੁਲ ਦੂਜੇ ਪਾਸੇ ਹੈ, ਫਿਰ ਐਧਰ ਇੰਨੀ ਫੋਰਸ ਕਿਉਂ ਲਗਾ ਧਿੱਤੀ ਹੈ? ਫੇਰ ਇਹ ਸੋਚ ਕਿ ਹੋ ਸਕਦਾ ਹੈ ਕਿ ਦੀਪਾ ਇਧਰ ਕਿਸੇ ਘਰ ਲੁਕਿਆ ਹੋਵੇ ਤੇ ਪੁਲਿਸ ਨੂੰ ਇਸਦੀ ਸੂਹ ਮਿਲ ਗਈ ਹੋਵੇ, ਅਸੀਂ ਬਹੁਤੀ ਗੌਰ ਨ੍ਹੀਂ ਸੀ ਕੀਤੀ।
‘ਆਪਣੇ-ਆਪ ਨੂੰ ਪੁਲਿਸ ਹਵਾਲੇ ਕਰ ਦਿਓ ਚੁੱਪ ਕਰਕੇ, ਨ੍ਹੀਂ ਸਾਨੂੰ ਮਜਬੂਰ ਹੋ ਕੇ ਗੋਲੀ ਚਲਾਉਣੀ ਪਊ।’ ਇੱਕ ਪੁਲਿਸੀਏ ਨੇ ਕੋਠੇ ਦੇ ਬਨੇਰੇ `ਤੇ ਖੜ੍ਹ ਕੇ ਸਾਡੇ ਘਰ ਵੱਲ ਮੂੰਹ ਕਰਕੇ ਕਿਹਾ ਸੀ। ਹਨੇਰੇ ਵਿਚ ਵੀ ਪੁਲਿਸੀਏ ਦੇ ਮੋਢੇ ‘ਤੇ ਲੱਗੇ ਸਟਾਰ ਚਮਕੇ ਰਹੇ ਸਨ। ਸ਼ਾਇਦ ਇਹ ਕੋਈ ਸਹਾਇਕ ਪੁਲਿਸ ਇੰਸਪੈਕਟਰ ਸੀ।
ਉਦੋਂ ਹੀ ਘਰ ਦਾ ਦਰਵਾਜ਼ਾ ਵੀ ਜ਼ੋਰ-ਜ਼ੋਰ ਦੀ ਖੜਕਣ ਲੱਗਾ ਸੀ।
‘ਤੁਸੀਂ ਬਚ ਕੇ ਕਿਧਰੇ ਨ੍ਹੀਂਂ ਨਿਕਲ ਸਕਦੇ। ਤੁਹਾਨੂੰ ਚਾਰ-ਚੁਫੇਰੇ ਤੋਂ ਘੇਰਾ ਪੈ ਚੁੱਕਾ। ਭਲੀ ਏਸੇ ਵਿਚ ਐ…ਘਰੋਂ ਬਾਹਰ ਆਜੋ ਹੱਥ ਖੜ੍ਹੇ ਕਰਕੇ।’ ਦਰਵਾਜ਼ੇ ਦੀਆਂ ਵਿਰਲਾਂ ਵਿਚੋਂ ਆਵਾਜ਼ ਅੰਦਰ ਆਈ ਸੀ।
ਹੁਣ ਕੋਈ ਸ਼ੱਕ ਨ੍ਹੀਂ ਸੀ ਰਹਿ ਗਿਆ। ਪੁਲਿਸ ਦੀ ਇਹ ਧਾੜ ਤਾਂ ਸਾਡੇ ਘਰ ਵਿਚਲੇ ਖ਼ਤਰਨਾਕ ਅਤਿਵਾਦੀਆਂ ਨੂੰ ਫੜਨ ਲਈ ਧਾਵਾ ਬੋਲ ਕੇ ਆਈ ਸੀ। ਗੱਲ ਛੇਤੀ ਸਾਡੀ ਸਮਝ ਵਿਚ ਆ ਗਈ ਸੀ। ਦਿਨ ਖੜ੍ਹੇ-ਖੜ੍ਹੇ ਹੀ ਤਾਂ ਅੱਜ ਫੇਰ ਪੰਜਾਬ ਦੀ ਕਾਨੂੰਨ ਘੜਨੀ ਸਭਾ ਦੇ ਮਾਣਯੋਗ ਮੈਂਬਰ ਨਾਲ ‘ਤੂੰ-ਤੂੰ ਮੈਂ-ਮੈਂ’ ਹੋ ਕੇ ਹਟੀ ਸੀ। ਉਦੋਂ ਉਸ ਵਿਧਾਇਕ ਪਾਤਸ਼ਾਹ ਨੇ, ‘ਵੇਖ ਲੂੰ ਥੋਨੂੰ ਵੱਡੇ ਕਾਸ਼ੀ ਰਾਮ ਦੇ ਚੇਲਿਆਂ ਨੂੰ’ ਆਖਦਿਆਂ ਧਮਕੀਆਂ ਧਿੱਤੀਆਂ ਸਨ। ਗੱਲ ਸਾਨੂੰ ਸਾਫ਼ ਹੋ ਗਈ ਸੀ ਕਿ ਧਿੱਲੀ ਤਕ ਪਹੁੰਚ ਦੇ ਮਾਲਕ ਉਸ ਨੇਤਾ ਜੀ ਨੇ ਆਪਣੀ ਤਾਕਤ ਦਿਖਾ ਧਿੱਤੀ ਹੈ। ਅਸੀਂ ਸਮਝ ਗਏ ਕਿ ਨੇਤਾ ਜੀ ਨੇ ਹੀ ਪੁਲਿਸ ਪਾਸ ਚੁਗਲੀ ਕੀਤੀ ਹੋਊ ਕਿ ਇਨ੍ਹਾਂ ਕੋਲ ਫ਼ਲਾਂ-ਫ਼ਲਾਂ ਖਾੜਕੂ ਸ਼ਰਨ ਲੈਂਦੇ ਹਨ। ਹੋਰ ਪਤਾ ਨ੍ਹੀਂ ਕੀ-ਕੀ ਵਾਧੂ ਘਾਟੂ ਗੱਲਾਂ ਸਾਡੇ ਬਾਰੇ ਕੀਤੀਆਂ ਹੋਣਗੀਆਂ।
‘ਦਰਵਾਜ਼ਾ ਖੋਲ੍ਹਦੇ ਓਂ ਕੇ…‘ਭਾਰੀ ਗੜ੍ਹਕਦੀ ਆਵਾਜ਼ ਨੇ ਦਰਵਾਜ਼ੇ ਖਿੜਕੀਆਂ ਕੰਬਣ ਲਾ ਧਿੱਤੇ।
‘ਤੂੰ ਨਾ ਸਾਹਮਣੇ ਆਵੀਂ। ਅਸੀਂ ਪੇਸ਼ ਹੁੰਦੇ ਆਂ। ਤੇਰਾ ਨੁਕਸਾਨ ਕਰਨਗੇ।’ ਬਾਪੂ ਨੇ ਹੁਕਮ ਕੀਤਾ ਸੀ। ਉਸਨੂੰ ਪਤਾ ਸੀ ਕਿ ਮੈਂ ਹੀ ਵਿਧਾਇਕ ਪਾਤਸ਼ਾਹ ਦੀਆਂ ਅੱਖਾਂ ਵਿਚ ਸਭ ਤੋਂ ਵੱਧ ਰੜਕਦਾ ਸਾਂ। ਇਸਦਾ ਕਾਰਨ ਇਹ ਸੀ ਕਿ ਮੈਂ ‘ਪਾਤਸ਼ਾਹ’ ਦੀ ਸਰਦਾਰੀ ਨੂੰ ਲੱਤ ਮਾਰਦਿਆਂ ਉਸ ਤੋਂ ਵੱਖਰੀ ਰਾਜਨੀਤਕ ਸੁਰ ਅਲਾਪ ਧਿੱਤੀ ਸੀ। ਮੁਕਤਸਰ ਵਾਲੇ ਪ੍ਰੋ. ਗੁਰਨਾਮ ਸਿੰਘ ਦੀਆਂ ਕਲਾਸਾਂ ਨੇ ਮੈਨੂੰ ਬਾਬੂ ਕਾਸ਼ੀ ਰਾਮ ਦਾ ਪੱਕਾ ਭਗਤ ਬਣਾ ਧਿੱਤਾ ਸੀ। ਥੋੜ੍ਹੇ ਜਿਹੇ ਸਮੇਂ ਵਿਚ ਹੀ ਮੈਂ ਖ਼ੁਦ ਸਕੂਲਿੰਗ ਕਰਨੀ ਸ਼ੁਰੂ ਕਰ ਧਿੱਤੀ ਸੀ। ਅਨਪੜ੍ਹ ਪੇਂਡੂ ਲੋਕਾਂ ਨੂੰ ਜਗਾਉਣ ਲਈ ਸਕੂਟਰ ਜਾਂ ਸਾਈਕਲ ਉੱਤੇ ਪਿੰਡਾਂ ਵਿਚ ਤੁਰਿਆ ਰਹਿੰਦਾ ਸਾਂ। ਇੱਕ ਦਿਨ ਵਿਚ ਤਿੰਨ-ਤਿੰਨ ਕਲਾਸਾਂ ਵੀ ਲਾ ਆਉਂਦਾ। ਅਸੀਂ ਬੇਖ਼ੌਫ਼ ਹੋ ਕੇ, ਅਤਿਵਾਦ ਨਾਲ ਭੰਨੇ ਪਏ ਮੰਡ ਦੇ ਉਨ੍ਹਾਂ ਪਿੰਡਾਂ ਵਿਚ ਵੀ ਪ੍ਰਚਾਰ ਦੀ ਹਨੇਰੀ ਲਿਆ ਧਿੱਤੀ, ਜਿੱਥੇ ਜਾਣ ਤੋਂ ਹਰ ਕੋਈ ਤ੍ਰਹਿੰਦਾ ਸੀ। ਪਿੰਡਾਂ-ਸ਼ਹਿਰਾਂ ਦੀਆਂ ਕੰਧਾਂ ਉੱਤੇ ਸਾਡੇ ਹੱਥੀਂ ਵਾਹੇ ਨੀਲੇ ਰੰਗ ਦੇ ਹਾਥੀ ਸੁੰਢ ਚੁੱਕੀ ਖਲੋਤੇ ਸਨ। ਇੰਜ ਜਾਪਦਾ ਸੀ ਜਿਵੇਂ ਇਹ ਹਾਥੀ ਧਿੱਲੀ ਦੇ ਲਾਲ ਕਿਲ੍ਹੇ ਦੇ ਭਾਰੇ-ਭਾਰੇ ਕਿੱਲਾਂ ਵਾਲੇ ਦਰਵਾਜ਼ੇ ਤੋੜ ਕੇ ਅੰਦਰ ਘੁਸਣ ਲਈ ਕਾਹਲੇ ਹੋਣ। ਅਸੀਂ ਦਿਨ ਰਾਤ ਪਾਰਲੀਮੈਂਟ ਵਿਚ ਹਾਥੀ ਵਾੜਨ ਅਤੇ ਲਾਲ ਕਿਲ੍ਹੇ ਦੀ ਫਸੀਲ ਉੱਤੇ ਨੀਲਾ ਝੰਡਾ ਝੁਲਾਉਣ ਦੀਆਂ ਗੱਲਾਂ ਕਰਦੇ ਸਾਂ। ਉਦੋਂ ਇਹ ਨ੍ਹੀਂ ਸੀ ਸੋਚਦੇ ਕਿ ਪਾਰਲੀਮੈਂਟ ਵਿਚ ਹਾਥੀ ਨ੍ਹੀਂ ਸੰਸਦ ਮੈਂਬਰ ਜਾਂਦੇ ਹਨ ਅਤੇ ਰਾਜ ਕਿਸੇ ਪਾਰਟੀ ਦਾ ਹੋਵੇ, ਲਾਲ ਕਿਲ੍ਹੇ ‘ਤੇ ਕਿਸੇ ਪਾਰਟੀ ਦਾ ਨ੍ਹੀਂ ਦੇਸ਼ ਦਾ ਕੌਮੀ ਝੰਡਾ ਤਿਰੰਗਾ ਹੀ ਲਹਿਰਾਇਆ ਜਾਂਦਾ ਹੈ। ਫੇਰ ਵੀ ਸਾਡੇ ਵਰਗਿਆਂ ਦੀ ਦਿਨ-ਰਾਤਾਂ ਦੀ ਮੇਹਨਤ ਰੰਗ ਲਿਆ ਵੀ ਰਹੀ ਸੀ। ਦਿਨੋਂ-ਦਿਨ ਮਾਹੌਲ ਬਦਲ ਰਿਹਾ ਸੀ। ਪੰਜਾਬ ਦੀ ਦਲਿਤ ਵੋਟ ਰਿਵਾਇਤੀ ਪਾਰਟੀਆਂ ਤੋਂ ਟੁੱਟ ਕੇ ਤੇਜ਼ੀ ਨਾਲ ਨੀਲੇ ਝੰਡੇ ਥੱਲੇ ਇਕੱਤਰ ਹੋ ਰਹੀ ਸੀ। ਇਹੀ ਕਾਰਨ ਸੀ ਕਿ ਪਿੰਡ ਵਾਲੇ ਵਿਧਾਇਕ ਪਾਤਸ਼ਾਹ ਨੂੰ ਵੀ ਆਪਣਾ ਸਿੰਘਾਸਣ ਡੋਲਦਾ ਨਜ਼ਰ ਆਇਆ ਸੀ। ਉਹ ਕਿਸੇ ਨਾ ਕਿਸੇ ਬਹਾਨੇ ਸਾਡੇ ਘਰਦਿਆਂ ਨਾਲ ਤਾਂ ਪਹਿਲਾਂ ਹੀ ਲੜਦਾ ਹੁੰਦਾ ਸੀ, ਹੁਣ ਤਾਂ ਜਿਵੇਂ ਅਸੀਂ ਉਸਦੀਆਂ ਅੱਖਾਂ ਵਿਚ ਮਿਰਚਾਂ ਬਣ ਕੇ ਲੜਨ ਲੱਗੇ ਸਾਂ।
ਪੰਜਾਬ ਵਿਚ ਹਕੂਮਤੀ ਅਤੇ ਗ਼ੈਰ-ਹਕੂਮਤੀ ਦਹਿਸ਼ਤਗਰਦੀ ਸਿਖਰਾਂ ਉੱਤੇ ਸੀ। ਪੰਜਾਬ ਵਿਚ ਦਿਨੇ ਪੁਲਿਸ ਅਤੇ ਰਾਤ ਨੂੰ ਦੂਜੀ ਧਿਰ ਦਾ ਰਾਜ ਹੁੰਦਾ ਸੀ। ਉਨ੍ਹੀਂ ਦਿਨੀਂ ਮੈਂ ਰੋਡੇ ਪਿੰਡ ਦੇ ਕਾਲਜ ਵਿਚ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕਰਦਾ ਸਾਂ। ਇਹ ਪਿੰਡ ਅਤੇ ਇਲਾਕਾ ਉਦੋਂ ਅਤਿ ਸੰਵੇਦਨਸ਼ੀਲ ਸੀ। ਉੱਤੋਂ ਕਾਲਜ ਦਾ ਨਾਂ ਵੈਸੇ ਹੀ ਸੁਰਖੀਆਂ ਵਿਚ ਰਹਿੰਦਾ ਸੀ। 1961 ਵਿਚ ਪ੍ਰਤਾਪ ਸਿੰਘ ਕੈਰੋਂ, ਮੁੱਖ ਮੰਤਰੀ, ਪੰਜਾਬ ਵੱਲੋਂ ਸਥਾਪਿਤ ਕੀਤਾ ਇਹ ਕਾਲਜ ਨਕਸਲਬਾੜੀ ਲਹਿਰ ਵੇਲੇ ਤੋਂ ਹੀ ਤੱਤੀ ਸੁਰ ਵਾਲਿਆਂ ਦੀ ਪਨਾਹਗਾਹ ਬਣਿਆ ਰਿਹਾ ਹੈ। ਅੱਜ ਦਾ ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਜਮਹੂਰੀ ਅਧਿਕਾਰਾਂ ਲਈ ਲਗਾਤਾਰ ਲੜਨ ਵਾਲਾ ਸੁਖਦਰਸ਼ਨ ਨੱਤ ਵੀ ਕਿਸੇ ਵਕਤ ਇਸੇ ਕਾਲਜ ਦੇ ਵਿਦਿਆਰਥੀ ਰਹੇ ਸਨ।
ਸਾਡੇ ਵੇਲੇ ਵੀ ਇਸ ਕਾਲਜ ਵਿਚ ਵਿਦਿਆਰਥੀਆਂ ਦੀਆਂ ਦੋ ਵੱਡੀਆਂ ਧਿਰਾਂ ਹੁੰਦੀਆਂ ਸਨ। ਏ.ਕੇ. ਸੰਤਾਲੀ ਵਾਲਿਆਂ ਦੀ ਥਾਵੇਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਹਮਦਰਦ ਸਾਂ। ਅਸੀਂ ਤਾਂ ਸੰਤ ਰਾਮ ਉਦਾਸੀ ਦੇ ਗੀਤ ਸੁਣਨ ਵਾਲਿਆਂ ‘ਚੋਂ ਸਾਂ। ਦੂਜੀ ਧਿਰ ਵਾਲਿਆਂ ਨਾਲ ਤਾਂ ਦੂਰ ਦਾ ਵੀ ਵਾਸਤਾ ਨ੍ਹੀਂ ਸੀ। ਉਨ੍ਹਾਂ ਨਾਲ ਤਾਂ ਸਾਡੀ ਸੁਰ ਹੀ ਨ੍ਹੀਂ ਸੀ ਮਿਲਦੀ। ਉਦੋਂ ਮੈਂ ਕਵਿਤਾਵਾਂ ਅਤੇ ਕਹਾਣੀਆਂ ਵੀ ਲਿਖਣ ਲੱਗ ਪਿਆ ਸਾਂ ਜੋ ਕਿਧਰੇ ਨਾ ਕਿਧਰੇ ਕਿਸੇ ਅਖ਼ਬਾਰ ਜਾਂ ਮੈਗਜ਼ੀਨ ਵਿਚ ਛਪ ਵੀ ਜਾਂਦੀਆਂ ਸਨ। ਪੰਜਾਬ ਵਿਚ ਪੈਰ ਪਸਾਰ ਰਹੀ ਦਲਿਤ ਰਾਜਨੀਤੀ ਤਾਂ ਮੈਨੂੰ ਖਿੱਚ ਰਹੀ ਸੀ ਪਰ ਮੇਰਾ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਦਾ ਪੰਜਾਬ ‘ਚ ਉਨ੍ਹੀਂ ਦਿਨੀਂ ਚੱਲ ਰਹੀ ਲਹਿਰ ਨਾਲ ਕੋਈ ਰਿਸ਼ਤਾ ਨ੍ਹੀਂ ਸੀ। ਦੂਜੇ ਪਾਸੇ ਪਿੰਡ ਆਲੀ ਵਿਰੋਧੀ ਰਾਜਸੀ ਧਿਰ ਸਾਨੂੰ ਖਾੜਕੂਆਂ ਦਾ ਵੱਡਾ ਸਮਰਥਕ ਸਿੱਧ ਕਰਨ ‘ਤੇ ਲੱਗੀ ਹੋਈ ਸੀ।
ਵਾਰ-ਵਾਰ ਦਰਵਾਜ਼ਾ ਖੋਲ੍ਹਣ ਦੀਆਂ ਚਿਤਾਵਨੀਆਂ ਤੋਂ ਬਾਅਦ ਬਾਪੂ ਨੇ ਦਰਵਾਜ਼ਾ ਖੋਲ੍ਹ ਧਿੱਤਾ। ਫੌਜ ‘ਚੋਂ ਛੁੱਟੀ ਆਇਆ ਵੱਡਾ ਭਰਾ, ਜਿਸਦੇ ਵਿਆਹ ਨੂੰ ਅਜੇ ਮਸੀਂ ਦੋ ਹੀ ਦਿਨ ਹੋਏ ਸਨ ਅਤੇ ਮੇਰੇ ਤੋਂ ਛੋਟਾ ਕੁਲਦੀਪ ਬਾਹਰ ਨਿਕਲ ਆਏ ਸਨ। ਪੁਲਿਸ ਵਾਲੇ ਉਨ੍ਹਾਂ ਵੱਲ ਹੋ ਤੁਰੇ। ਹੌਲੀ ਜਿਹੇ ਅੱਖ ਬਚਾ ਕੇ ਮੈਂ ਅਤੇ ਸਾਡੇ ਸਾਰਿਆਂ ਤੋਂ ਛੋਟਾ, ਕੰਧ ਟੱਪ ਕੇ ਹਰਨ ਹੋ ਗਏ। ਜਦੋਂ ਤਕ ਫੜੋ-ਫੜੋ ਦਾ ਰੌਲਾ ਪੈਂਦਾ ਅਸੀਂ ਅੱਖਾਂ ਤੋਂ ਓਝਲ ਹੋ ਗਏ ਸਾਂ। ਪੁਲਿਸ ਨੇ ਵੀ ਸਾਡਾ ਪਿੱਛਾ ਨ੍ਹੀਂ ਸੀ ਕੀਤਾ। ਅਸੀਂ ਕਿਸੇ ਜਾਣੂ ਪੁਲਿਸ ਵਾਲੇ ਦੇ ਘਰ ਸੁਰੱਖਿਅਤ ਜਾ ਛੁਪੇ ਸਾਂ ਜਿੱਥੇ ਫੜੇ ਜਾਣ ਦਾ ਕੋਈ ਡਰ ਨ੍ਹੀਂ ਸੀ। ਪੁਲਿਸ ਪਿੰਡ ‘ਚੋਂ ਸਾਡੇ ਪੱਖੀ ਇੱਕ ਦੋ ਹੋਰ ਮੁੰਡਿਆਂ ਨੂੰ ਵੀ ਫੜ ਕੇ ਲੈ ਗਈ ਸੀ। ਇਨ੍ਹਾਂ ‘ਚ ਲਾਭ ਸਿੰਘ ਨਾਂ ਦਾ ਮੁੰਡਾ ਵੀ ਸੀ, ਜਿਸਨੂੰ ਅਸੀਂ ਇਕ ਮਸ਼ਹੂਰ ਖਾੜਕੂ ਦੇ ਹਮਨਾਮ ਹੋਣ ਕਰਕੇ ‘ਜਨਰਲ ਲਾਭ ਸਿੰਘ’ ਕਿਹਾ ਕਰਦੇ ਸਾਂ।
ਅਗਲੇ ਦਿਨ ਵਿਧਾਇਕ ਪਾਤਸ਼ਾਹ ਥਾਣੇ ਵਿਚ ਆਪ ਮੌਜੂਦ ਰਿਹਾ। ਉਹ ਆਪਣੀਆਂ ਅੱਖਾਂ ਸਾਹਮਣੇ ਫੜੇ ਗਏ ਮੁੰਡਿਆਂ ਨੂੰ ਟਾਰਚਰ ਕਰਾਉਣ ਲਈ ਜ਼ੋਰ ਪਾਉਂਦਾ ਰਿਹਾ।
‘ਇਹ ਮੈਨੂੰ ਮਰਵਾਉਣਾ ਚਾਹੁੰਦੇ। ਇਨ੍ਹਾਂ ਕੋਲ ਖ਼ਤਰਨਾਕ ਅਤਿਵਾਦੀ ਆਉਂਦੇ ਆ। ਇਨ੍ਹਾਂ ਨੂੰ ਇੰਟੈਰੋਗੇਟ ਕਰੋ ਮੇਰੇ ਸਾਹਮਣੇ, ਸਾਰਾ ਕੁਝ ਮੰਨ ਜਾਣਗੇ ਇਹ।’ ਵਿਧਾਇਕ ਦੰਦ ਕਰੀਚਦਾ ਪੁਲੀਸ ਦੇ ਇੰਸਪੈਕਟਰ ਨੂੰ ਆਖ ਰਿਹਾ ਸੀ।
‘ਪੁਆੜੇ ਦੀ ਅਸਲ ਜੜ੍ਹ ਤਾਂ ਭੱਜ ਗਿਆ, ਉਹਨੂੰ ਕਾਬੂ ਕਰੋ। ਇਨ੍ਹਾਂ ਨੂੰ ਸਾਰਾ ਪਤਾ ਕਿੱਥੇ ਆ ਉਹ।’
‘ਐੱਮ.ਐੱਲ.ਏ. ਸਾਹਿਬ ! ਤੁਹਾਡੇ ਫ਼ੋਨ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰ ਕੇ ਮੁੰਡੇ ਚੁੱਕ ਲਿਆਂਦੇ ਆ। ਅੱਗੇ ਕੀ ਕਰਨਾ, ਸਾਨੂੰ ਸਭ ਪਤਾ। ਪਲੀਜ਼ ਤੁਸੀਂ ਪਰੈਸ਼ਰ ਨਾ ਪਾਓ ਸਾਡੇ ‘ਤੇ। ਅਸੀਂ ਸੱਚ ਝੂਠ ਸਭ ਨਿਤਾਰ ਲਵਾਂਗੇ।’ ਪੁਲਿਸ ਇੰਸਪੈਕਟਰ ਵੱਲੋਂ ਸਖ਼ਤੀ ਅਤੇ ਬੇਰੁਖ਼ੀ ਜਿਹੀ ਨਾਲ ਆਖੇ ਸ਼ਬਦਾਂ ਨਾਲ ਵਿਧਾਇਕ ਢਿੱਲਾ ਜਿਹਾ ਪੈ ਗਿਆ। ਉਸਨੂੰ ਇੰਸਪੈਕਟਰ ਪਾਸੋਂ ਅਜਿਹੇ ਜਵਾਬ ਦੀ ਆਸ ਨ੍ਹੀਂ ਸੀ।
‘ਵਿਧਾਇਕ ਸਾਹਬ ਮਾਮਲਾ ਸਿਆਸੀ ਬਣਦਾ ਜਾ ਰਿਹਾ। ਰਾਤ ਦੇ ਈ ਮੈਨੂੰ ਇਧਰੋਂ-ਉਧਰੋਂ ਫ਼ੋਨ ਆਈ ਜਾਂਦੇ। ਪੁਲਿਸ ਕੋਈ ਪੁੱਠਾ-ਸਿੱਧਾ ਕੰਮ ਕਰ ਬੈਠੀ ਤਾਂ ਸਿਆਸੀ ਪਾਰਟੀਆਂ ਨੇ ਥਾਣਾ ਘੇਰ ਬਹਿਣਾ। ਐਵੇਂ ਖਾਹ-ਮਖਾਹ ਦਾ ਸਿਆਪਾ ਗੱਲ ਪੈਜੂ। ਸਾਨੂੰ ਤਾਂ ਅੱਗੇ ਸੌਣਾ ਨ੍ਹੀਂ ਮਿਲਦਾ। ਦਿਨ-ਰਾਤ ਚਰੀਆਂ-ਕਮਾਦਾਂ ਦੇ ਖੇਤ ਗਾਹੁੰਦੇ ਫਿਰਦੇ ਆਂ।’ ਇੰਸਪੈਕਟਰ ਨੇ ਮੌਕਾ ਵੇਖ ਤੇਵਰ ਥੋੜ੍ਹੇ ਹੋਰ ਸਖ਼ਤ ਕੀਤੇ ਸਨ।
‘ਜਿਹੜਾ ਭਗੌੜਾ ਹੋ ਗਿਆ…ਉਹਨੂੰ ਤਾਂ ਫੜੋ। ਉਹੀ ਤਾਂ ਮਾਹੌਲ ਖ਼ਰਾਬ ਕਰ ਰਿਹਾ ਪਿੰਡ ਅਤੇ ਸਾਰੇ ਇਲਾਕੇ ਦਾ।’ ਵਿਧਾਇਕ ਮੇਰੇ ਬਾਰੇ ਆਖਦਿਆਂ ਉਠ ਖੜ੍ਹਾ ਹੋਇਆ ਸੀ।
‘ਉਹਦੇ ਲਿੰਕਸ ਆ ਕਮਾਂਡੋ ਫੋਰਸ ਆਲਿਆਂ ਨਾਲ। ਮੈਨੂੰ ਸ਼ਰੇਆਮ ਧਮਕੀਆਂ ਆਉਂਦੀਆਂ।’
‘ਤੁਸੀਂ ਫ਼ਿਕਰ ਨਾ ਕਰੋ…ਸਾਰੀ ਅਸਲੀਅਤ ਤੁਹਾਡੇ ਸਾਹਮਣੇ ਰੱਖ ਦਿਆਂਗੇ ਇੱਕ ਦੋ ਦਿਨਾਂ ‘ਚ। ਐਂ ਪੁਲਿਸ ਤੋਂ ਕੋਈ ਕਿੱਥੇ ਭੱਜ’ਲੂ। ਪਤਾਲ ‘ਚ ਜਾ ਵੜੂ ਕਿ ਚੰਦ ‘ਤੇ ਚੜ੍ਹ’ਜੂ? ਪੰਜਾਬ ਪੁਲਿਸ ਆਪਣੀ ਆਈ ‘ਤੇ ਆਜੇ ਤਾਂ ਧਰਮਰਾਜ ਕੋਲੋਂ ਵੀ ਧੂਹ ਲਿਆਵੇ ਬੰਦਾ।’ ਇੰਸਪੈਕਟਰ ਨੇ ਐਮ.ਐਲ. ਏ. ਨਾਲ ਹੱਥ ਮਿਲਾਉਂਦਿਆਂ ਉਸਨੂੰ ਤੋਰ ਦੇਣਾ ਬੇਹਤਰ ਸਮਝਿਆ ਸੀ।
ਤੀਜੇ ਦਿਨ ਮੈਨੂੰ ਏਟਕ ਨਾਲ ਸਬੰਧਿਤ ਪੰਜਾਬ ਰੋਡਵੇਜ਼ ਦੀ ਮੁਲਾਜ਼ਮ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਚਾਹਲ ਨੇ ਪੁਲਿਸ ਦੇ ਪੇਸ਼ ਕਰਾ ਧਿੱਤਾ ਸੀ। ਨਵਾਂ ਜ਼ਮਾਨਾ ਵਿਚ ਛਪਦੇ ਰਹਿਣ ਕਾਰਨ ਬਲਵੀਰ ਸਿੰਘ ਚਾਹਲ ਮੇਰੀ ਚੰਗੀ ਦੀਦ ਕਰਦਾ ਸੀ। ਉਂਜ ਵੀ ਉਨ੍ਹਾਂ ਦਿਨਾਂ ਵਿਚ ਹੋਰ ਕਾਮਰੇਡਾਂ ਵਾਂਗ ਉਸਦੀ ਵੀ ਥਾਣੇ-ਦਰਬਾਰੇ ਚੰਗੀ ਸੁਣਵਾਈ ਹੁੰਦੀ ਸੀ। ਖਾੜਕੂਆਂ ਵਿਰੁੱਧ ਲਗਾਤਾਰ ਬੋਲਦੇ ਰਹਿਣ ਕਰਕੇ ਲਗਭਗ ਸਾਰੇ ਤਰ੍ਹਾਂ ਦੇ ਕਾਮਰੇਡ ਉਦੋਂ ਖਾੜਕੂਆਂ ਦੀ ਹਿੱਟ ਲਿਸਟ ‘ਤੇ ਹੀ ਸਨ।
ਸਾਰਾ ਦਿਨ ਸਾਨੂੰ ਕਿਸੇ ਨੇ ਨ੍ਹੀਂ ਸੀ ਬੁਲਾਇਆ। ਕੁਝ ਜਾਣਕਾਰ ਤੇ ਘਰ ਵਾਲੇ ਰੋਟੀ ਚਾਹ ਹਵਾਲਾਤ ਵਿਚ ਈ ਫੜਾ ਗਏ ਸਨ। ਪੁਲਿਸ ਦੀ ਕੁੱਟ ਨਾਲ ਭੰਨੇ ਅਤੇ ਚੀਰ-ਫਾੜ ਕੀਤੇ ਬੰਦਿਆਂ ਦੀ ਮਰਨਾਊ ਹਾਲਤ ਵੇਖਦਿਆਂ ਤਾਂ ਸਾਡੇ ਬੁਰਕੀ ਵੀ ਅੰਦਰ ਨ੍ਹੀਂ ਸੀ ਲੰਘਦੀ। ਸਾਨੂੰ ਵੀ ਅਜਿਹੀ ਹੋਣੀ ਹੋ ਜਾਣ ਦਾ ਸੁਪਨਾ ਵਾਰ-ਵਾਰ ਆਉਂਦਾ ਰਹਿੰਦਾ। ਮੈਨੂੰ ਲੱਗਦਾ ਜਿਵੇਂ ਸਾਨੂੰ ਪੁੱਠਾ ਲਟਕਾ ਕੇ ਕਰੰਟ ਲਾਇਆ ਜਾ ਰਿਹਾ ਹੋਵੇ। ਸਾਡੀਆਂ ਚੀਕਾਂ ਥਾਣੇ ਦੀਆਂ ਕੰਧਾਂ ਨਾਲ ਟਕਰਾ ਕੇ ਦਮ ਤੋੜ ਗਈਆਂ ਹੋਣ। ਇੱਕ ਦਿਨ ‘ਚ ਹੀ ਸਾਡੇ ਚਿਹਰੇ ਪੀਲੇ ਭੂਕ ਹੋ ਗਏ ਸਨ। ਰਾਤ ਪੈਂਦਿਆਂ ਈ ਸਾਡੇ ਨਾਲ ਹਵਾਲਾਤ ਵਿਚ ਬੰਦ ਮੁੰਡਿਆਂ ਨੂੰ ਕੱਢ ਕੇ ਥਾਣੇ ਦੇ ਪਿਛਵਾੜੇ ਬਣੇ ਇੰਟੈਰੋਗੇਸ਼ਨ ਰੂਮ ਵਿਚ ਲੈ ਗਏ। ਥੋੜ੍ਹੀ ਦੇਰ ਬਾਅਦ ਹੀ ਭਿਆਨਕ ਚੀਕਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇੰਜ ਜਾਪਦਾ ਸੀ ਕਿ ਕੋਈ ਕਸਾਈ ਬੱਕਰੇ ਨੂੰ ਬੁਰੀ ਤਰ੍ਹਾਂ ਕੋਹ ਰਿਹਾ ਹੋਵੇ। ਸਾਡੀਆਂ ਧੜਕਨਾਂ ਤੇਜ਼ ਹੋਈਆਂ ਪਈਆਂ ਸਨ। ਸਾਰੀ ਰਾਤ ਅਸੀਂ ਜਾਗਦਿਆਂ ਹੀ ਕੱਟੀ ਸੀ।
ਅਗਲੇ ਦਿਨ ਇੰਸਪੈਕਟਰ ਨਛੱਤਰ ਸਿੰਘ ਨੇ ਆਪਣੀ ਕੁਰਸੀ ਥਾਣੇ ਦੇ ਵਿਹੜੇ ਦੇ ਐਨ ਵਿਚਕਾਰ ਡਹਾ ਲਈ ਸੀ। ਸਾਨੂੰ ਪੰਜਾਂ ਨੂੰ ਹਵਾਲਾਤ ਵਿਚੋਂ ਕੱਢ ਕੇ ਆਪਣੇ ਕੋਲ ਬੁਲਾ ਲਿਆ। ਅਸੀਂ ਉਸਦੇ ਸਾਹਮਣੇ ਭੁੰਜੇ ਈ ਫਰਸ਼ ‘ਤੇ ਬੈਠ ਗਏ ਸਾਂ। ਫਿਰ ਪਤਾ ਨ੍ਹੀਂ ਉਸਦੇ ਮਨ ਵਿਚ ਕੀ ਆਈ, ਉਸਨੇ ਹੋਮਗਾਰਡੀਏ ਨੂੰ ਇਸ਼ਾਰਾ ਕਰ ਕੇ ਲੰਮਾ ਬੈਂਚ ਮੰਗਾ ਕੇ ਸਾਨੂੰ ਉਸ ਉੱਪਰ ਬੈਠ ਜਾਣ ਦਾ ਆਦੇਸ਼ ਧਿੱਤਾ ਸੀ। ਅਸੀਂ ਝਕਦਿਆਂ-ਝਕਦਿਆਂ ਬੈਂਚ ‘ਤੇ ਬੈਠ ਗਏ ਸਾਂ।
‘ਕਾਕਾ! ਥੋਨੂੰ ਮੇਰੇ ਬਾਰੇ ਸ਼ਾਇਦ ਪਤਾ ਈ ਹੋਊ। ਮੈਂ ਛੇਤੀ ਕਿਸੇ ਨਾਲ ਨਾਜਾਇਜ਼ ਨ੍ਹੀਂ ਕਰਦਾ। ਊਂ ਥੋਨੂੰ ਪਤਾ ਐ ਨਾ ਮੇਰੇ ਬਾਰੇ?’ ਇੰਸਪੈਕਟਰ ਨੇ ਮੁੱਛਾਂ ਨੂੰ ਵੱਟ ਚਾੜ੍ਹਦਿਆਂ ਆਪਣੀਆਂ ਬਾਜ ਵਰਗੀਆਂ ਤੇਜ਼ ਤੇ ਚਮਕਦੀਆਂ ਅੱਖਾਂ ਸਾਡੇ ਚਿਹਰਿਆਂ ‘ਤੇ ਗੱਡ ਧਿੱਤੀਆਂ ਸਨ।
‘ਜੀਅ…ਅ!’ ਸਾਥੋਂ ਮਸਾਂ ਹੀ ਬੋਲ ਹੋਇਆ ਸੀ। ਸੱਚ-ਮੁੱਚ ਇੰਸਪੈਕਟਰ ਨਛੱਤਰ ਸਿੰਘ ਦੇ ਅੱਗ ਵਾਂਗ ਦਗਦੇ ਚਿਹਰੇ ਦਾ ਸਾਹਮਣਾ ਕਰਨ ਦੀ ਹਿੰਮਤ ਕਿਸੇ ਵੀ ਅਪਰਾਧੀ ਵਿਚ ਨ੍ਹੀਂ ਸੀ ਹੁੰਦੀ। ਛੇ ਫੁੱਟ ਲੰਮਾ ਕੱਦ। ਭਰਿਆ ਹੋਇਆ ਸਰੀਰ। ਮੁੱਛਾਂ ਕੁੰਢੀਆਂ ਤੇ ਫੱਬਵੀਂ ਭਰਵੀਂ ਦਾਹੜੀ। ਮਸ਼ਾਲ ਵਾਂਗ ਬਲਦੀਆਂ ਅੱਖਾਂ। ਆਵਾਜ਼ ਅਮਰੀਸ਼ ਪੁਰੀ ਵਰਗੀ ਦਮਦਾਰ। ਬੜਾ ਸਖ਼ਤ ਜਾਨ ਤੇ ਦਲੇਰ ਪੁਲਿਸ ਅਫ਼ਸਰ ਸੀ। ਉਦੋਂ ਇਲਾਕੇ ਵਿਚ ਦਿਨੇ ਇੰਸਪੈਕਟਰ ਨਛੱਤਰ ਸਿੰਘ ਦਾ ਅਤੇ ਰਾਤੀਂ ਖਾੜਕੂਆਂ ਦਾ ਰਾਜ ਹੁੰਦਾ ਸੀ। ਨਛੱਤਰ ਸਿੰਘ ਥਾਣੇਦਾਰ ਦੀ ਦਲੇਰੀ ਦੀ ਚਰਚਾ ਲੋਕਾਂ ਵਿਚ ਅਕਸਰ ਹੁੰਦੀ ਰਹਿੰਦੀ। ਲੋਕ ਕਹਿੰਦੇ ਸਨ ਕਿ ਨਛੱਤਰ ਸਿੰਘ ਤੋਂ ਡਰਦਿਆਂ ਕਈ ਕਹਿੰਦੀਆਂ-ਕਹਾਉਂਦੀਆਂ ਫੋਰਸਾਂ ਦੇ ਆਪੂੰ ਬਣੇ ਜਾਂ ਬਣਾਏ ਮੁਖੀ ਇਲਾਕਾ ਛੱਡ ਕੇ ਹੋਰ ਇਲਾਕੇ ਵਿਚ ਜਾ ਕੇ ਵਾਰਦਾਤਾਂ ਕਰਨ ਲੱਗ ਪਏ ਸਨ। ਸ਼ਹਿਰੀ ਵਰਗ ਨਛੱਤਰ ਸਿੰਘ ਦੀ ਫੋਰਸ ਦੇ ਹੁੰਦਿਆਂ ਰਾਤ ਨੂੰ ਆਰਾਮ ਨਾਲ ਸੌਂ ਸਕਦਾ ਸੀ।
‘ਪਤਾ ਐ ਨਾ?’ ਉਸਨੇ ਜ਼ੋਰ ਦੇ ਕੇ ਆਖਿਆ।
‘ਹਾਂ ਜੀ ਪਤਾ ਐ।’ ਅਸੀਂ ਸਾਰੇ ਹੀ ਇਕੱਠੇ ਬੋਲ ਪਏ ਸਾਂ।
‘ਜੇ ਨ੍ਹੀਂਂ ਵੀ ਪਤਾ ਤਾਂ ਫੇਰ ਸੁਣ’ਲੋ। ਮੈਨੂੰ ਝੂਠ ਨਾਲ ਬੜੀ ਨਫ਼ਰਤ ਐ। ਝੂਠ ਨ੍ਹੀਂ ਮੈਂ ਬਰਦਾਸ਼ਤ ਕਰਦਾ ਉੱਕਾ ਈ। ਹਾਂ! ਬੰਦਾ ਸੱਚਾ ਹੋਵੇ ਸਹੀ, ਉਹਦਾ ਮੈਂ ਵਾਲ ਨ੍ਹੀਂ ਵਿੰਗਾ ਹੋਣ ਦਿੰਦਾ। ਹੁਣ ਥੋਡੀ ਮਰਜ਼ੀ ਐ ਵੀ ਸੱਚ ਬੋਲਣਾ ਜਾਂ ਝੂਠ। ਊਂ ਇੱਕ ਗੱਲ ਥੋਨੂੰ ਹੋਰ ਧੱਸ ਦਿਆਂ, ਸੱਚੋ-ਸੱਚ ਦਿਉਂਗੇ ਚੰਗੇ ਰਹੋਂਗੇ ਨਈਂ ਥੋਨੂੰ ਪਤਾ ਈ ਐ ਕਿ ਪੰਜਾਬ ਆਲੀ ਪੰਜਾਬ ਪੁਲਿਸ ਸੱਚ ਬੁਲਾਉਣਾ ਵੀ ਜਾਣਦੀ ਐ। ਇਹਦੇ ਅੱਗੇ ਤਾਂ ਕੰਧਾਂ ਵੀ ਬੋਲ ਪੈਂਦੀਆਂ ਭੁੱਟ-ਭੁੱਟ ਕਰਕੇ।’ ਇੰਸਪੈਕਟਰ ਸਾਨੂੰ ਜੋਹ ਰਿਹਾ ਸੀ।
‘ਜਨਾਬ ਅਸੀਂ ਝੂਠ ਕਿਉਂ ਬੋਲਾਂਗੇ। ਜੇ ਸਾਡੇ ‘ਚ ਕੋਈ ਖੁਨਾਮੀ ਹੋਊ ਤਾਂ ਈ ਲਕੋਵਾਂਗੇ।’ ਵੱਡੇ ਫੌਜੀ ਨੇ ਹੌਂਸਲਾ ਕਰਕੇ ਕਿਹਾ ਸੀ। ਸ਼ਾਇਦ ਫ਼ੌਜੀ ਹੋਣ ਕਰਕੇ ਉਸ ਵਿਚ ਆਤਮ-ਵਿਸ਼ਵਾਸ ਸੀ।
‘ਚੱਲੋ ਫੇਰ ਸੱਚ-ਸੱਚ ਧੱਸੋ…ਤੁਹਾਡੇ ਕੋਲ ਸ਼ੱਕੀ ਮੁੰਡੇ-ਖੁੰਡੇ ਆਉਂਦੇ ਆ। ਕਿਹੜੇ-ਕਿਹੜੇ ਆਉਂਦੇ?’
‘ਸਰ ਯਕੀਨ ਮੰਨਿਓ ਸਾਡੇ ਕੋਲ ਕੋਈ ਨ੍ਹੀਂਂ ਆਉਂਦਾ ਨਾ ਹੀ ਅਸੀਂ ਕਿਸੇ ਨੂੰ ਜਾਣਦੇ ਹਾਂ। ਪਰ…?’
‘ਪਰ, ਕੀ?’
‘ਪਰ, ਸਰ ਆਉਣ ਭਾਵੇਂ ਲੱਗ ਜਾਣ?’
‘ਕੀ ਮਤਲਬ ਕਰੜੇ ਹੱਥ ਤੇਜ਼ੀ ਨਾਲ ਮੁੱਛਾਂ ਮਰੋੜਨ ਲੱਗੇ।’
‘ਸਰ, ਐਮ.ਐਲ.ਏ. ਸਾਹਿਬ ਤੀਜੇ ਕੁ ਦਿਨ ਸਾਡੇ ਘਰ ਮੂਹਰੇ ਆ ਕੇ ਖਰੂਦ ਪਾਉਂਦੇ ਆ। ਸ਼ਰੇਆਮ ਗਾਹਲਾਂ-ਦੁੱਪੜ ਕੱਢਦੇ ਨੇ। ਸਾਨੂੰ ਮਾਰਨ-ਮਰਾਉਣ ਦੀਆਂ ਧਮਕੀਆਂ ਦਿੰਦਾ। ਸਾਡਾ ਤਾਂ ਜੀ ਜਿਉਣਾ ਦੁਰਭਰ ਕੀਤਾ ਹੋਇਆ। ਹੁਣ ਸਰ ਪੁਲਿਸ ਤੋਂ ਤਸ਼ੱਦਦ ਕਰਾਉਣ ਨੂੰ ਫਿਰਦਾ…ਤੁਸੀਂ ਆਪ ਈ ਧੱਸੋ ਸਰ ਇਹਦਾ ਅੰਤ ਕੀ ਹੋਊ?’ ਮੈਂ ਦਲੇਰੀ ਕਰਕੇ ਆਖਿਆ ਸੀ। ਉਹ ਬੜੀ ਧਹੱਮਲ ਨਾਲ ਸੁਣਦਾ ਰਿਹਾ ਸੀ।
‘ਤੂੰ ਦੀਪੇ ਨੂੰ ਨ੍ਹੀਂਂ ਜਾਣਦਾ?’ ਉਹ ਅਸਲ ਮੁੱਦੇ ‘ਤੇ ਆ ਗਿਆ ਸੀ।
‘ਸਰ ਦੀਪਾ ਮੇਰੇ ਨਾਲ ਦਸਵੀਂ ਤਕ ਪੜ੍ਹਦਾ ਰਿਹਾ ਪਰ ਇਹਦੇ ‘ਚ ਮੇਰਾ ਕੀ ਕਸੂਰ? ਨਾਲ ਤਾਂ ਕਿੰਨੇ ਹੀ ਮੁੰਡੇ ਪੜ੍ਹਦੇ ਸੀ, ਕਿਸੇ ਦਾ ਕੀ ਪਤਾ ਕਿਸੇ ਨੇ ਕੀ ਬਣ ਜਾਣਾ? ਆਏਂ ਤਾਂ ਸਰ ਸਾਡੇ ਨਾਲਦੇ ਕਈ ਪੁਲਿਸ ਵਿਚ ਵੀ ਭਰਤੀ ਹੋਏ ਆ…।’ ਮੈਂ ਹੌਂਸਲਾ ਫੜ ਗਿਆ ਸਾਂ।
‘ਤੈਨੂੰ ਪਤਾ ਜਿੱਥੇ ਤੂੰ ਪੜ੍ਹਦਾਂ ਕਿੰਨਾ ਸੈਂਸਟਿਵ ਇੰਸਟੀਚਿਊਟ ਐ…?’
‘ਸਰ ਜਿੱਥੇ ਮਾਂ-ਪਿਓ ਨੇ ਪੜ੍ਹਨ ਲਾ ਦਿੱਤਾ ਨਾਲੇ ਸਰ ਨੇੜੇ-ਤੇੜੇ ਹੋਰ ਕੋਈ ਪਾਲੀਟੈਕਨਿਕ ਕਾਲਜ ਹੈ ਈ ਨ੍ਹੀਂ। ਸਰ ਮੇਰੇ ਕੀ ਵੱਸ…?’ ਥਾਣੇਦਾਰ ਨੇ ਇੱਕ ਵਾਰ ਫੇਰ ਮੇਰੀਆਂ ਅੱਖਾਂ ਵਿਚ ਗਹੁ ਨਾਲ ਵੇਖਿਆ। ਸਾਡੀ ਬੇਗੁਨਾਹੀ ਉੱਥੇ ਤੈਰਦੀ ਫਿਰਦੀ ਸੀ।
‘ਥੋਨੂੰ ਐਮ.ਐਲ.ਏ. ਦੀ ਤਾਕਤ ਦਾ ਪਤੈ?’ ਉਸਨੇ ਸੁਆਲ ਕੀਤਾ ਸੀ।
‘ਜੀਅ… ਅ!’
‘ਐਮ.ਐਲ.ਏ. ਸਾਹਿਬ ਦੀ ਧਿੱਲੀ ਤਕ ਪਹੁੰਚ ਐ। ਥੋਨੂੰ ਪਤਾ ਪੰਜਾਬ ਵਿਚ ਐਸ ਵੇਲੇ ਪੁਲਿਸ ਦਾ ਰਾਜ ਐ ਤੇ ਆਪਣੇ ਐਮ.ਐਲ.ਏ ਸਾਹਿਬ ਸੈਂਟਰ ਤੋਂ ਦਬਾਅ ਪੁਆ ਕੇ ਪੁਲਿਸ ਤੋਂ ਕੁਝ ਵੀ ਕਰਾ ਸਕਦੇ?’
‘ਹਾਂ ਜੀ..!.‘ ਅਸੀਂ ਹਾਂ ਵਿਚ ਸਿਰ ਹਿਲਾਇਆ ਸੀ।
‘ਮੈਨੂੰ ਪਤਾ ਤੁਸੀਂ ਬੇਗੁਨਾਹ ਓ ਥੋਨੂੰ ਮੈਂ ਪਹਿਲਾਂ ਈ ਧੱਸਿਆ ਇੰਸਪੈਕਟਰ ਨਛੱਤਰ ਸਿੰਘ ਸੰਧੂ ਕਿਸੇ ਨਾਲ ਨਾਜਾਇਜ਼ ਨੀ ਕਰਦਾ।’ ਉਹ ਕੁਝ ਚਿਰ ਅਟਕਿਆ ਰਿਹਾ।
‘ਥੋਨੂੰ ਪਤਾ ਮੈਂ ਤੁਹਾਨੂੰ ਪਰਸੋਂ ਰਾਤ ਨੂੰ ਈ ਕਿਉਂ ਲਿਆਂਦਾ ਸੀ?
‘…?’ ਸਾਡੀਆਂ ਅੱਖਾਂ ਸੁਆਲ ਬਣ ਕੇ ਫੈਲ ਗਈਆਂ ਸਨ।
‘ਜੇ ਮੈਂ ਉਸ ਦਿਨ ਤੁਹਾਨੂੰ ਚੱਕ ਕੇ ਨਾ ਲਿਆਉਂਦਾ ਤਾਂ ਨੇਤਾ ਜੀ ਨੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਤੋਂ ਥੋਨੂੰ ਚੁਕਵਾ ਦੇਣਾ ਸੀ ਤੇ…ਹੁਣ ਨੂੰ ਕਿਸੇ ਡਰੇਨ ਦੇ ਪੁਲ ‘ਤੇ ਲੱਦੇ ਪਏ ਹੁੰਦੇ। ਖ਼ਬਰ ਬਣ ਜਾਣਾ ਸੀ ਅਖ਼ਬਾਰ ਦੀ। ਨਾਲੇ ਕਾਕਾ ਇਹ ਨਾ ਸਮਝੀ ਤੂੰ ਉਦਣ ਬਚ ਕੇ ਨਿਕਲ ਗਿਆ ਸੀ। ਗੋਲੀ ਨੇ ਤਾਂ ਦਸ ਕਦਮ ਨ੍ਹੀਂ ਸੀ ਜਾਣ ਦੇਣਾ।’
ਸੁਣ ਕੇ ਮੇਰਾ ਤਰਾਹ ਨਿਕਲ ਗਿਆ। ਠੰਡੀ ਸ਼ੀਤ ਲਹਿਰ ਮੇਰੀਆਂ ਨਾੜਾਂ ਵਿਚ ਫਿਰ ਗਈ।
‘ਥੋਡਾ ਕਸੂਰ ਤਾਂ ਕੋਈ ਨ੍ਹੀਂ…ਪਰ ਥੋਨੂੰ ਅੱਜ ਦੀ ਰਾਤ ਥਾਣੇ ਰੱਖਣਾ। ਥੋਡੇ ਈ ਭਲੇ ਵਾਸਤੇ… ਕੋਈ ਇਤਰਾਜ਼?’
ਸਰ… ਭਾਵੇਂ ਹਫ਼ਤਾ ਰੱਖ’ਲੋ ਜੀ…ਅਸੀਂ ਘਰ ਜਾ ਕੇ ਕੀ ਕਰਨੈ? ਜਾਨ ਬਚਦੀ ਐ…ਹੋਰ ਕੀ ਚਾਹੀਦਾ?’ ਹੁਣ ਅਸੀਂ ਹੌਂਸਲਾ ਫੜ ਕੇ ਬੋਲਣ ਲੱਗੇ ਸਾਂ।
‘ਇਹ ਨੇਤਾ ਲੋਕ ਵੀ ਨਾ…ਅਸਲ ‘ਚ ਸਾਰਾ ਗੰਦ ਈ ਇਨ੍ਹਾਂ ਲੋਕਾਂ ਦਾ ਪਾਇਆ।’ ਆਖਦਿਆਂ ਇੰਸਪੈਕਟਰ ਨਛੱਤਰ ਸਿੰਘ ਕਵਾਟਰਾਂ ਵੱਲ ਤੁਰ ਗਿਆ ਸੀ।
ਅਸੀਂ ਹੁਣ ਹਵਾਲਾਤ ਵਿਚ ਬੈਠੇ ਸੋਚ ਰਹੇ ਸਾਂ, ਜੇ ਭਲਾ ਨਛੱਤਰ ਸਿੰਘ ਦੀ ਥਾਵੇਂ ਕੋਈ ਹੋਰ ਥਾਣੇਦਾਰ ਹੁੰਦਾ, ਕੀ ਬਣਦਾ ਸਾਡਾ?
