ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 98885-10185
ਡਾ. ਜਗਤਾਰ ਨਾਲ ਮੇਰੀ ਸਾਂਝ ਲੰਮੀ ਵੀ ਹੈ ਤੇ ਗਹਿਰੀ ਵੀ! ਨੌਕਰੀ ਦੌਰਾਨ ਤੇ ਫਿਰ ਉਸਤੋਂ ਬਾਅਦ ਵੀ ਉਸ ਨਾਲ ਮੇਰੀ ਨੇੜਤਾ ਬਣੀ ਰਹੀ। ਪੁਸਤਕਾਂ ਜਾਂ ਵਿਭਿੰਨ ਵਿਸ਼ਿਆਂ ਉਪਰ ਪੇਪਰ ਲਿਖਣ ਤੇ ਸੈਮੀਨਾਰਾਂ ਵਿਚ ਪੜ੍ਹਨ ਵਾਸਤੇ ਡਾ. ਜਗਤਾਰ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਸੀ। 23 ਮਾਰਚ 2009 ਨੂੰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ ਤਾਂ ਉਹ ਬਹੁਤ ਖੁਸ਼ ਹੋਏ।
ਬਿਮਾਰੀ ਨਾਲ ਲੜਦਿਆਂ ਕਮਜ਼ੋਰ ਹੋ ਜਾਣ ਦਾ ਸੰਸਾ ਜਗਤਾਰ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। ‘ਆ, ਪ੍ਰਿਤਪਾਲ, ਅੱਜ ਮੈਂ ਸਵੇਰ ਤੋਂ ਹੀ ਉਦਾਸ ਬੈਠਾ ਸੋਚ ਰਿਹਾ ਸਾਂ, ਕੋਈ ਆਪਣਾ ਆਏ ਤਾਂ ਮਨ ਫਰੋਲਾਂ। ਚੰਗਾ ਕੀਤਾ ਤੂੰ ਆ ਗਿਆ…। ਸਵੇਰ ਤੋਂ ਮੈਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਿਹਾ ਹਾਂ…ਪਾਸ਼ ਵੀ ਅੱਜ ਦੇ ਦਿਨ ਬਹੁਤ ਯਾਦ ਆਉਂਦਾ…ਅੱਜ ਮੇਰਾ ਜਨਮ ਦਿਨ ਆ…’ ਡਾ. ਜਗਤਾਰ ਨੇ ਕੁਝ ਚਿਰ ਪਹਿਲਾਂ ਕੀਤੀ ਆਪਣੀ ਵਿਦੇਸ਼ ਯਾਤਰਾ ਦੇ ਕੁਝ ਵਿਖਿਆਨ ਸੁਣਾਏ। ਗੱਲਾਂ ਕਰਦਿਆਂ ਉਹ ਹੱਸਦਾ ਵੀ ਰਿਹਾ, ਉਦਾਸ ਵੀ ਹੋ ਜਾਂਦਾ। ਉਸ ਨੇ ਦੱਸਿਆ ਕਿ ਵਾਪਸੀ ਦੇ ਲੰਮੇ ਸਫ਼ਰ ਦੌਰਾਨ ਇੱਕ ਹਵਾਈ ਅੱਡੇ `ਤੇ ਉਸਦੀ ਤਬੀਅਤ ਖਰਾਬ ਹੋ ਗਈ। ਉਸਨੂੰ ਹਸਪਤਾਲ ਪਹੁੰਚਾਏ ਜਾਣ ਅਤੇ ਚੰਗੀ ਦੇਖਭਾਲ ਕਰਨ ਵਾਲੇ ਅਜਨਬੀ ਲੋਕਾਂ ਅਤੇ ਡਾਕਟਰਾਂ ਦੀਆਂ ਗੱਲਾਂ ਸੁਣਾਉਂਦਿਆਂ ਭਾਵੁਕ ਹੋ ਜਾਂਦਾ। ‘ਪ੍ਰਿਤਪਾਲ, ਮੈਂ ਸੋਚਦਾ ਉਸ ਕੁੜੀ ਨਾਲ ਮੇਰਾ ਕੀ ਰਿਸ਼ਤਾ ਸੀ, ਜਿਸਨੇ ਬੇਗਾਨੇ ਮੁਲਕ ਦੇ ਹਸਪਤਾਲ ਵਿਚ ਮੇਰੀ ਜਾਨ ਬਚਾਈ ਸੀ…। ਉਸ ਕੁੜੀ ਨਾਲ ਮੇਰਾ ਕੀ ਰਿਸ਼ਤਾ ਸੀ, ਜਿਸਨੇ ਮੇਰੀ ਤਬੀਅਤ ਖਰਾਬ ਹੋ ਜਾਣ ਦੌਰਾਨ ਮੇਰੀ ਜੇਬ੍ਹ ਵਿਚੋਂ ਡਿੱਗ ਗਏ ਮੇਰੇ ਪਰਸ ਨੂੰ ਸਾਂਭ ਕੇ ਰੱਖ ਲਿਆ ਤੇ ਵਾਪਸੀ `ਤੇ ਮੈਨੂੰ ਸੌਂਪ ਦਿੱਤਾ ਸੀ…।’ ਜਗਤਾਰ ਦੀਆਂ ਗੱਲਾਂ ਦੀ ਦਾਸਤਾਨ ਦੀ ਲੜੀ ਲੰਮੀ ਹੁੰਦੀ ਗਈ। ਗੱਲਾਂ ਕਰਦਿਆਂ ਰੁਕ ਕੇ, ਕਮੀਜ਼ ਮੋਢੇ ਤੋਂ ਹੇਠਾਂ ਕਰਦਿਆਂ ਡਾ. ਜਗਤਾਰ ਨੇ ਪੇਸ ਮੇਕਰ ਲੱਗੇ ਹੋਣ ਵਾਲੀ ਥਾਂ ਮੈਨੂੰ ਵਿਖਾਈ। ਉਸਦੀਆਂ ਅੱਖਾਂ ਨਮ ਹੋ ਜਾਂਦੀਆਂ। ਅਸੀਂ ਘੰਟਿਆਂਬੱਧੀ ਗੱਲਾਂ ਕਰਦੇ ਰਹੇ। ਮੈਂ ਆਪਣੀਆਂ ਪੁਸਤਕਾਂ ਡਾ. ਜਗਤਾਰ ਨੂੰ ਭੇਟ ਕੀਤੀਆਂ ਤਾਂ ਉਸਨੇ ਮੈਨੂੰ ਗਲੇ ਲਗਾ ਲਿਆ। ਡਾਢ੍ਹੇ ਆਪਣੇਪਨ ਦੇ ਲਹਿਜ਼ੇ ਵਿਚ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
ਮਨੁੱਖ ਦੀਆਂ ਅਮੁੱਕ ਖੁਸ਼ੀਆਂ, ਗ਼ਮੀਆਂ, ਅਨੁਭਵਾਂ, ਸਿੱਕਾਂ, ਉਦਗਾਰਾਂ ਆਦਿ ਨੂੰ ਡਾ. ਜਗਤਾਰ ਨੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੱਕ ਕਵਿਤਾ ਵਿਚ ਢਾਲਿਆ ਹੈ। ਖੋਜ ਕਾਰਜਾਂ ਨਾਲ ਬੜੀ ਸ਼ਿੱਦਤ ਨਾਲ ਜੁੜੇ ਰਹਿਣਾ, ਅਨੁਵਾਦ ਤੇ ਸੰਪਾਦਨ ਕਾਰਜ ਕਰਨਾ, ਚਿੰਤਨ ਤੇ ਚੇਤਨਾ ਦੀ ਜੋਤ ਜਗਾਈ ਰੱਖਣਾ ਡਾ. ਜਗਤਾਰ ਦੇ ਹਿੱਸੇ ਹੀ ਆਇਆ ਹੈ। ਦੁੱਧ ਪੱਥਰੀ, ਰੁੱਤਾਂ ਰਾਂਗਲੀਆਂ, ਤਲਖ਼ੀਆਂ ਰੰਗੀਨੀਆਂ, ਅਧੂਰਾ ਆਦਮੀ, ਲਹੂ ਦੇ ਨਕਸ਼, ਛਾਂਗਿਆ ਰੁੱਖ, ਸ਼ੀਸ਼ੇ ਦਾ ਜੰਗਲ, ਜਜ਼ੀਰਿਆਂ ਵਿਚ ਘਿਰਿਆ ਸਮੁੰਦਰ, ਚਨੁਕਰੀ ਸ਼ਾਮ, ਜੁਗਨੂੰ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਮੇਰੇ ਅੰਦਰ ਇੱਕ ਸਮੁੰਦਰ, ਹਰ ਮੋੜ ਤੇ ਸਲੀਬਾਂ, ਪ੍ਰਵੇਸ਼ ਦੁਆਰ, ਮੋਮ ਦੇ ਲੋਕ ਆਦਿ ਉਸਦੇ ਪ੍ਰਮੁੱਖ ਕਾਵਿ ਸੰਗ੍ਰਹਿ ਹਨ। ਰੋਮਾਂਟਿਕ ਕਵਿਤਾ ਦੀ ਸਿਰਜਣਾ ਤੋਂ ਆਪਣਾ ਕਾਵਿ ਸਫ਼ਰ ਪ੍ਰਾਰੰਭ ਕਰ ਕੇ ਜਗਤਾਰ ਦੀ ਕਵਿਤਾ ਸਮਾਜਿਕ, ਆਰਥਿਕ, ਰਾਜਨੀਤਕ, ਇਤਿਹਾਸਕ, ਸੱਭਿਆਚਾਰਕ ਆਦਿ ਸਰੋਕਾਰਾਂ ਨਾਲ ਜਾ ਜੁੜਦੀ ਹੈ। ਜ਼ਿੰਦਗੀ ਦੇ ਕਠੋਰ ਯਥਾਰਥ ਵਿਚੋਂ ਉਪਜਦੀ ਉਸਦੀ ਕਵਿਤਾ ਜਦੋਂ ਲੋਕ ਮਨ ਦੀ ਤਰਜਮਾਨੀ ਕਰਨ ਲੱਗਦੀ ਹੈ ਤਾਂ ਉਹ ਹਨੇਰਿਆਂ ਖ਼ਿਲਾਫ਼ ਲੜਨ ਦਾ ਸੰਕਲਪ ਲੈ ਕੇ ਉਸਰਦੀ ਹੈ। ਉਤਪਾਦਨ ਦੇ ਸਾਧਨਾਂ ਉੱਤੇ ਪੂੰਜੀਪਤੀ ਜਮਾਤ ਦੇ ਕਬਜ਼ੇ, ਨਿਮਨ ਵਰਗ ਦੀ ਤਰਸੇਵੇਂ ਵਾਲੀ ਦਸ਼ਾ, ਮਨੁੱਖ ਵੱਲੋਂ ਮਨੁੱਖ ਉਪਰ ਕੀਤੇ ਜਾਂਦੇ ਜ਼ੁਲਮ ਨੂੰ ਬਿਆਨਣ ਅਤੇ ਹਾਲਾਤ ਦਾ ਸ਼ਿਕਾਰ ਹੋਣ ਵਾਲੀ ਜਮਾਤ ਨੂੰ ਸੰਗਰਾਮ ਰਚਾਉਣ ਤੇ ਸੰਘਰਸ਼ ਵਿਚ ਕੁੱਦਣ ਦਾ ਸੱਦਾ ਦੇਣ ਵਾਲੀ ਜਗਤਾਰ ਦੀ ਕਵਿਤਾ ਮਨੁੱਖ ਨੂੰ ਹਲੂਣਦੀ ਹੈ। ਉਸਦੀ ਕਵਿਤਾ ਸਮਾਜਿਕ, ਆਰਥਿਕ, ਰਾਜਸੀ ਕ੍ਰਾਂਤੀ ਲਿਆਉਣ ਲਈ ਚੇਤਨਾ ਪੈਦਾ ਕਰਨ ਦਾ ਉਪਰਾਲਾ ਕਰਦੀ ਹੈ। ਸਲੀਮ ਖਾਂ ਜਿੰਮੀ ਅਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲਾਂ ਕ੍ਰਮਵਾਰ ‘ਸਾਂਝ’ ਅਤੇ ‘ਦੁਆਬਾ’, ਇਸਹਾਕ ਮੁਹੰਮਦ ਦੇ ਡਰਾਮੇ ‘ਕੁਕਨੂਸ’ ਅਤੇ ਮਜ਼ਹੁਰ-ਉਲ-ਇਸਲਾਮ ਦੇ ਕਹਾਣੀ ਸੰਗ੍ਰਹਿ ‘ਹਰਾ ਸਮੁੰਦਰ’ ਦਾ ਲਿਪੀਆਂਤਰ ਵੀ ਉਸਨੇ ਕੀਤਾ ਹੈ। ਫੈਜ਼ ਅਹਿਮਦ ਫੈਜ਼ ਦੀ ਚੋਣਵੀਂ ਕਵਿਤਾ ‘ਰਾਤ ਦੀ ਰਾਤ’ ਅਤੇ ਅਬਦੁੱਲਾ ਹੁਸੈਨ ਦੇ ਨਾਵਲ ‘ਰਾਤ’ ਦਾ ਅਨੁਵਾਦ ਕਰਨ ਤੋਂ ਇਲਾਵਾ ‘ਦੁੱਖ ਦਰਿਆਉਂ ਪਾਰ ਦੇ’,‘ਆਖਿਆ ਫਰੀਦ ਨੇ’,‘ਸੂਫੀ ਕਾਵਿ ਤੇ ਉਸਦਾ ਪਿਛੋਕੜ’,‘ਹੀਰ ਦਮੋਦਰ’ ਆਦਿ ਦਾ ਸੰਪਾਦਨ ਵੀ ਡਾ. ਜਗਤਾਰ ਨੇ ਕੀਤਾ। ‘ਕਲਾ ਸਿਰਜਕ’ ਤ੍ਰੈ-ਮਾਸਿਕ ਸਾਹਿਤਕ ਪਰਚੇ ਦੇ ਮੁੱਖ ਸੰਪਾਦਕ ਦੀ ਜ਼ਿੰਮੇਵਾਰੀ ਵੀ ਉਹ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ। ਪੁਸਤਕ ‘ਅਣਮੁੱਕ ਸਫ਼ਰ’ ਵਿਚ ਡਾ. ਜਗਤਾਰ ਨੇ ਆਪਣੀ ਕਾਵਿ ਰਚਨਾ ਦੇ ਬਹੁਤੇ ਭਾਗ ਨੂੰ ਸਾਂਭਿਆ ਹੈ। ‘ਬਰਫ਼ ਹੇਠ ਦੱਬੇ ਹਰਫ਼’ ਗ਼ਜ਼ਲ ਸੰਗ੍ਰਹਿ ਦਾ ਸੰਪਾਦਨ, ‘ਹਮ ਸਫ਼ਰ’ ਪੁਸਤਕ ਵਿਚ ਮੁਲਾਕਾਤਾਂ ਦਾ ਸੰਪਾਦਨ, ’ਪੱਥਰਾਂ ‘ਤੇ ਤੁਰਦੇ ਲੋਕ’ (ਮੱਖਣ ਮਾਨ ਦੇ ਨਾਲ) ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦੇ ਸੰਪਾਦਨ ਤੋਂ ਇਲਾਵਾ ਡਾ. ਜਗਤਾਰ ਨੇ ਹੋਰ ਵੀ ਬਹੁਤ ਕੰਮ ਕੀਤਾ। ਜਗਤਾਰ ਦੀ ਕਵਿਤਾ ਉੱਪਰ ਕਈ ਖੋਜ ਵਿਦਿਆਰਥੀਆਂ ਨੇ ਐਮ.ਫਿਲ. ਅਤੇ ਪੀ.ਐੱਚਡੀ. ਦਾ ਖੋਜ ਕਾਰਜ ਵੀ ਕੀਤਾ ਹੈ। 1996 ਵਿਚ ਉਸਦੀ ਪੁਸਤਕ ‘ਜੁਗਨੂੰ ਦੀਵਾ ਤੇ ਦਰਿਆ’ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ। ਜ਼ਿੰਦਗੀ ਦੀਆਂ ਅਨੇਕ ਤਲਖ਼ੀਆਂ ਰੰਗੀਨੀਆਂ ਦਾ ਕਾਵਿ ਚਿਤਰਨ ਕਰਨ ਵਾਲਾ ਡਾ. ਜਗਤਾਰ 30 ਮਾਰਚ 2010 ਨੂੰ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। ਉਸਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਛਾ ਗਈ ਉਦਾਸੀ ਭੁੱਲ ਜਾਣ ਵਾਲੀ ਘਟਨਾ ਨਹੀਂ।
ਸਰਲ ਤੋਂ ਜਟਿਲ ਹੋ ਗਈ ਮਨੁੱਖੀ ਜ਼ਿੰਦਗੀ ਨੂੰ ਡਾ. ਜਗਤਾਰ ਨੇ ਬੜੀ ਬਰੀਕੀ ਨਾਲ ਚਿਤਰਿਆ ਹੈ। ਹਰੇਕ ਸਮੇਂ ਦੇ ਹਾਕਮਾਂ ਦੇ ਬਦਲਦੇ ਕਿਰਦਾਰ ਨੂੰ, ਹੱਕ, ਸੱਚ, ਨਿਆਂ ਆਦਿ ਨੂੰ ਲੱਗਣ ਵਾਲੇ ਖੋਰੇ, ਝੂਠ, ਛਲ, ਕਪਟ, ਵਿਭਚਾਰ ਦੇ ਬੋਲ-ਬਾਲੇ ਨੂੰ, ਰਿਸ਼ਤਿਆਂ ਵਿਚੋਂ ਮੁੱਕ ਰਹੀ ਅਪਣੱਤ ਨੂੰ, ਪਾਰੇ ਵਾਂਗ ਡੋਲਦੇ ਮਨੁੱਖੀ ਸੁਭਾਅ ਨੂੰ, ਅੰਦਰੋਂ ਬਾਹਰੋਂ ਟੁੱਟਦੇ ਜਾ ਰਹੇ ਮਨੁੱਖ ਦੇ ਅਸਲੇ ਨੂੰ, ਵਿਗੋਚਿਆਂ-ਨਿਹੋਰਿਆਂ ਮਾਰੀ ਜ਼ਿੰਦਗੀ ਨੂੰ ਡਾ. ਜਗਤਾਰ ਅਰਥ ਯੁਕਤ ਕਾਵਿ ਬਿੰਬਾਂ ਰਾਹੀਂ ਪ੍ਰਸਤੁਤ ਕਰਦਾ ਹੈ। ਜ਼ਿੰਦਗੀ ਦੀ ਵੀਰਾਨੀ, ਇਕੱਲਤਾ, ਅਜਨਬੀਅਤ, ਬੇਗਾਨਗੀ ਆਦਿ ਉਸ ਨੂੰ ਸਤਾਉਂਦੀ ਹੈ। ਜਗਤਾਰ ਮਨੁੱਖ ਨੂੰ ਮਨੁੱਖਤਾ ਵਿਚ ਵਿਸ਼ਵਾਸ ਬਣਾਈ ਰੱਖਣ ਲਈ ਕਹਿੰਦਾ ਹੈ। ‘ਹਰ ਮੋੜ `ਤੇ ਸਲੀਬਾਂ’ ਨੂੰ ਉਲੰਘ ਕੇ ਉਨ੍ਹਾਂ ਤੋਂ ਪਾਰ ਜਾਣ ਲਈ ਕਹਿੰਦਾ ਹੈ। ਧਰਤੀ, ਪਾਣੀ, ਪ੍ਰਕਿਰਤੀ ਆਦਿ ਦੀ ਖੂLਬਸੂਰਤੀ ਬਣਾਈ ਰੱਖਣ ਦਾ ਸੱਦਾ ਵੀ ਦਿੰਦਾ ਹੈ। ਮਨੁੱਖ ਦੇ ਦੋਗਲੇ ਕਿਰਦਾਰ ਤੋਂ ਸਾਵਧਾਨ ਰਹਿਣ ਲਈ ਕਹਿੰਦਾ ਹੈ:
ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ
ਹਾਵ ਭਾਵਾਂ ‘ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ ਨਾਲ
ਮਨੁੱਖੀ ਜ਼ਿੰਦਗੀ ਦੀ ਜਿੱਤ-ਹਾਰ, ਤੰਗੀਆਂ-ਦੁਸ਼ਵਾਰੀਆਂ ਹਿੰਸਾ-ਅਹਿੰਸਾ, ਸ਼ਾਂਤੀ-ਅਸ਼ਾਂਤੀ, ਚਾਨਣ-ਹਨੇਰ, ਉਜਾੜੇ-ਵਸੇਬੇ ਆਦਿ ਬਾਰੇ ਚੇਤਨਾ ਦੀ ਉਜਵਲ ਜੋਤ ਜਗਾਉਣ ਵਾਲੀਆਂ ਤੇ ਦਾਰਸ਼ਨਿਕ ਸਰੋਕਾਰਾਂ ਨੂੰ ਪ੍ਰਸਤੁਤ ਕਰਨ ਵਾਲੀਆਂ ਅਮਰ ਰਚਨਾਵਾਂ ਡਾ. ਜਗਤਾਰ ਦੇ ਕਾਵਿ ਜਗਤ ਦੇ ਸਾਹਿਤਕ ਮਹੱਤਵ ਵਿਚ ਵਾਧਾ ਕਰਦੀਆਂ ਹਨ।
ਡੁਬੋ ਸਕਿਆ ਨਾ ਥਲ ਦਾ, ਨਾ ਸਮੁੰਦਰ ਦਾ ਸਫ਼ਰ ਮੈਨੂੰ
ਹੈ ਲੈ ਡੁੱਬਾ ਮਗਰ ਆਪਣੇ ਹੀ ਅੰਦਰ ਦਾ ਸਫ਼ਰ ਮੈਨੂੰ।
(ਜੁਗਨੂੰ ਦੀਵਾ ਤੇ ਦਰਿਆ, ਪੰਨਾ 79)
ਮੈਂ ਸਮੁੰਦਰ ਦਾ ਕਿਵੇਂ ਸੰਗੀਤ ਮਾਣਾਂ ਦੋਸਤੋ
ਜ਼ਿਹਨ ਵਿਚ ਜਦ ਗੂੰਜਦੀ ਮੋਈ ਨਦੀ ਦੀ ਚੀਕ ਹੈ।
(ਅੱਖਾਂ ਵਾਲੀਆਂ ਪੈੜਾਂ, ਪੰਨਾ 63)
ਡਾ. ਜਗਤਾਰ ਸੱਚੀਆਂ, ਸੁੱਚੀਆਂ ਤੇ ਸੁਹਿਰਦ ਮਨੁੱਖੀ ਭਾਵਨਾਵਾਂ ਦਾ ਕਦਰਦਾਨ ਹੈ। ਉਹ ਲਿਖਦਾ ਹੈ:
ਮਿਰੀ ਦੀਵਾਨਗੀ ਦੀ ਦਾਦ ਕੋਈ ਦੇਵੇ ਜਾਂ ਨਾ ਦੇਵੇ
ਜਗਾ ਕੇ ਤੀਲੀਆਂ ਹਨੇਰੇ ‘ਚੋਂ ਸੂਰਜ ਭਾਲਦਾ ਰਹਿਨਾਂ
ਮਿਲੀ ਹੈ ਜ਼ਿੰਦਗੀ ਕਿਸ਼ਤਾਂ ਚ ਉਹ ਵੀ ਹੈ ਖ਼ਿਜ਼ਾਂ ਵਰਗੀ
ਮੈਂ ਇਸ ਦੇ ਨਕਸ਼ ਰੰਗਾਂ ਵਿਚ ਫਿਰ ਵੀ ਢਾਲਦਾ ਰਹਿਨਾਂ
(ਅੱਖਾਂ ਵਾਲੀਆਂ ਪੈੜਾਂ, ਪੰਨਾ 78)
ਡਾ. ਜਗਤਾਰ ਮਨੁੱਖ ਨੂੰ ਭਾਂਜਵਾਦ ਤੋਂ ਬਚਣ ਲਈ ਕਹਿੰਦਾ ਹੈ। ਉਹ ਪਿਆਸੀ ਧਰਤੀ ਲਈ ਰਹਿਮਤਾਂ ਦੇ ਮੀਂਹ ਦੀ ਮੰਗ ਕਰਦਾ ਹੈ। ਜੀਵਨ ਨੂੰ ਰੰਗੀਨ ਬਣਾਉਣ ਲਈ ਜਿਗਰੇ, ਉਤਸ਼ਾਹ ਤੇ ਪਰਸਪਰ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਕਹਿੰਦਾ ਹੈ। ਉਹ ਮੁਹੱਬਤ ਦਾ ਉਪਾਸ਼ਕ ਹੈ। ਦਰਵੇਸ਼ਾਂ ਵਾਂਗ ਸਭ ਦੀ ਖੈਰ-ਸੁੱਖ ਮੰਗਦਾ ਹੈ। ਡਾ. ਜਗਤਾਰ ਦੀਆਂ ਗ਼ਜ਼ਲਾਂ ਕਲਾ, ਵਿਸ਼ਵ ਚੇਤਨਾ, ਬ੍ਰਹਿਮੰਡੀ ਪਸਾਰੇ, ਕਾਇਨਾਤ ਦੇ ਰਹੱਸਾਂ ਬਾਰੇ, ਧਰਤੀ ਦੀ ਉਥਲ-ਪੁਥਲ, ਮਨੁੱਖ ਦੀ ਖੁਰਦੀ ਜਾ ਰਹੀ ਹੋਂਦ, ਉਸ ਦੀ ਜਗਿਆਸਾ ਬਾਰੇ, ਉਸ ਦੇ ਸਵੈ ਆਦਿ ਬਾਰੇ ਬਹੁਤ ਕੁਝ ਪੁੱਛਦੀਆਂ-ਦੱਸਦੀਆਂ ਹਨ। ਉਸ ਦੀਆਂ ਗ਼ਜ਼ਲਾਂ ਜ਼ਿੰਦਗੀ ਦੀ ਅਣਲਿਖੀ ਇਬਾਰਤ ਨੂੰ ਪੜ੍ਹਨ/ਸਮਝਣ ਅਤੇ ਇਸ ਦੇ ਅਰਥਾਂ ਦੀ ਤਲਾਸ਼ ਕਰਨ ਦੀ ਦਿਸ਼ਾ ਵੱਲ ਸੇਧਤ ਹੁੰਦੀਆਂ ਹਨ। ਡਾ. ਜਗਤਾਰ ਇਨਸਾਨੀਅਤ ਦੀ ਮੌਤ ਹੋ ਜਾਣ, ਸੰਸਾਰ ਦੇ ਨਿੱਘਰਦੇ ਜਾਣ, ਪ੍ਰਕਿਰਤੀ ਦੇ ਵਿਨਾਸ਼ ਵੱਲ ਵਧਣ ਉਪਰ ਚਿੰਤਾ ਪ੍ਰਗਟ ਕਰਦਾ ਹੈ। ਇਥੋਂ ਤੱਕ ਕਿ ਉਸ ਨੇ ਪਰਿੰਦਿਆਂ ਦੀ ਮੌਤ ‘ਤੇ ਵੀ ਮਰਸੀਏ ਲਿਖੇ ਹਨ। ‘ਚਨੁਕਰੀ ਸ਼ਾਮ’ ਪੁਸਤਕ ਵਿਚ ‘ਪਰਿੰਦਿਆਂ ਦਾ ਮਰਸੀਆ’ ਦੇ ਹੇਠ ਲਿਖੇ ਕਾਵਿ ਅੰਸ਼ ਵੇਖਣ ਯੋਗ ਹਨ:
ਪਰਿੰਦੇ ਜਾਣ ਹੁਣ ਕਿੱਥੇ?
ਤੁਸੀਂ ਤਾਂ ਆਲ੍ਹਣੇ ਸਭ ਸਾੜ ਨੇ ਦਿੱਤੇ
ਪਰਿੰਦੇ ਜਾਣ ਹੁਣ ਕਿੱਥੇ?
ਜਿਗਰ ਪਾਟਾ, ਕਿਸੇ ਦੀ ਅੱਖ ਗਵਾਚੀ
ਕਿਸੇ ਦੇ ਘਰ, ਕਿਸੇ ਦੇ ਪਰ ਸੜੇ ਨੇ
ਤੁਹਾਨੂੰ ਕੀ ਪਤਾ ਦਿਲ ਹੀਣਿਆਂ ਨੂੰ
ਕਿ ਇਕ ਇਕ ਘਰ ‘ਚ ਕਿੰਨੇ ਘਰ ਸੜੇ ਨੇ
ਛੁਪੀ ਹੋਈ ਅਗਨ ਰੋਹ ਦੀ
ਧੁਆਂਖੇ ਚਿਹਰਿਆਂ ਪਿੱਛੇ
ਪਰਿੰਦੇ ਜਾਣ ਹੁਣ ਕਿੱਥੇ ?
(ਚਨੁਕਰੀ ਸ਼ਾਮ, ਪੰਨਾ 26 )
ਡਾ. ਜਗਤਾਰ ਨੇ ਜ਼ਿੰਦਗੀ ਵਿਚ ਅਨੇਕ ਸਦਮੇ ਸਹਾਰੇ, ਸਮੇਂ ਦੇ ਸੇਕ ਸਹੇ, ਹਨੇਰਿਆਂ ਦੇ ਰੂਬਰੂ ਹੋਇਆ ਹੈ, ਫਿਰ ਵੀ ਉਹ ਹਨੇਰਿਆਂ ਨੂੰ ਚੀਰਦਾ ਆਇਆ ਹੈ। ਰੌਸ਼ਨੀ ਦੀ ਤਲਾਸ਼ ਵਿਚ ਰਹਿੰਦਾ ਹੈ। ਠੰਢਕ ਵਰਤਾਉਂਦਾ ਆਇਆ ਹੈ। ਸਮੇਂ ਨੂੰ ਉਹ ਹਮੇਸ਼ਾ ਵੰਗਾਰਦਾ ਆਇਆ ਹੈ।
ਹੁਸ਼ਿਆਰਪੁਰ ਦੇ ਰੇਲਵੇ ਮੰਡੀ ਮੁਹੱਲੇ ਵਿਚ ਡਾ. ਜਗਤਾਰ ਕਈ ਸਾਲ ਰਹਿੰਦੇ ਰਹੇ। ਇੱਕ ਵਾਰ ਉਸ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋ ਗਈ। ਮਿਜਾਜ਼ ਪੁਰਸ਼ੀ ਲਈ ਮੈਂ ਕਈ ਦਿਨ ਉਨ੍ਹਾਂ ਦੇ ਘਰ ਜਾਂਦਾ ਰਿਹਾ। ਇੱਕ ਸ਼ਾਮ ਤਬੀਅਤ ਕੁਝ ਜ਼ਿਆਦਾ ਵਿਗੜ ਜਾਣ ‘ਤੇ ਮੈਂ ਸ਼ਹਿਰ ਦੇ ਇੱਕ ਨਾਮਵਰ ਡਾਕਟਰ ਕੋਲ ਗਿਆ। ਸੁਣਿਆ ਸੀ ਕਿ ਉਹ ਡਾਕਟਰ ਮਰੀਜ਼ ਨੂੰ ਵੇਖਣ ਵਾਸਤੇ ਮਰੀਜ਼ ਦੇ ਘਰ ਨਹੀਂ ਸਨ ਜਾਂਦੇ। ਮੈਂ ਡਾ.ਤਨੇਜਾ ਨੂੰ ਬੇਨਤੀ ਕਰਦਿਆਂ ਡਾ. ਜਗਤਾਰ ਦੀ ਤਬੀਅਤ ਵਿਗੜ ਜਾਣ ਬਾਰੇ ਦੱਸਿਆ। ਉਹ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਏ। ਮੈਂ ਸਕੂਟਰ ਦੇ ਬਿਠਾ ਕੇ ਘਰ ਲੈ ਆਇਆ। ਜਗਤਾਰ ਨੇ ਡਾਕਟਰ ਨੂੰ ਆਪਣੀ ਹਾਲਤ ਦੱਸੀ। ਪਾਕਿਸਤਾਨ ਤੋਂ ਲਿਆਂਦੀ ਇੱਕ ਦਵਾਈ ਜੋ ਉਹ ਪਹਿਲਾਂ ਤੋਂ ਲੈ ਰਹੇ ਸਨ, ਬਾਰੇ ਵੀ ਦੱਸਿਆ। ਡਾਕਟਰ ਨੇ ਦਵਾਈਆਂ ਲਿਖ ਦਿੱਤੀਆਂ। ਹੌਲੀ ਹੌਲੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਸ ਮਰੀਜ਼ ਨੂੰ ਉਹ ਵੇਖਣ ਆਇਆ ਹੈ, ਉਹ ਕੋਈ ਸਾਧਾਰਨ ਨਹੀਂ, ਬਲਕਿ ਇਕ ਵੱਡਾ ਲੇਖਕ ਹੈ। ਮੈਂ ਡਾਕਟਰ ਨੂੰ ਵਾਪਸ ਛੱਡ ਆਇਆ। ਇਹ ਡਾ. ਤਨੇਜਾ ਉੱਪਰ ਡਾ. ਜਗਤਾਰ ਦੀ ਸ਼ਖ਼ਸੀਅਤ ਦਾ ਪ੍ਰਭਾਵ ਸੀ ਕਿ ਉਹ ਕਈ ਦਿਨ ਦਵਾ-ਦਾਰੂ ਦੱਸਣ ਲਈ ਉਨ੍ਹਾਂ ਦੇ ਘਰ ਖੁਦ ਜਾਂਦੇ ਰਹੇ। ਕੁਝ ਦਿਨਾਂ ਪਿੱਛੋਂ ਡਾ. ਜਗਤਾਰ ਆਮ ਵਾਂਗ ਕਾਲਜ ਆਉਣ ਲੱਗ ਪਏ।
ਡਾ. ਜਗਤਾਰ ਦਬੰਗ ਤੇ ਖ਼ੁੱਦਾਰ ਸ਼ਖ਼ਸੀਅਤ ਦਾ ਮਾਲਕ ਸੀ। ਉਨ੍ਹਾਂ ਦੇ ਸਮਕਾਲੀ ਕਵੀਆਂ ਵਿਚੋਂ ਡਾ. ਵਿਸ਼ਵਾ ਨਾਥ ਤਿਵਾੜੀ, ਜਸਬੀਰ ਸਿੰਘ ਆਹਲੂਵਾਲੀਆ, ਅਮਰੀਕ ਸਿੰਘ ਪੂਨੀ, ਸਤਿੰਦਰ ਸਿੰਘ ਨੂਰ ਆਦਿ ਵੱਡੇ ਅਹੁਦਿਆਂ ਉੱਪਰ ਸਨ। ਜਦ ਕਦੇ ਇਸ ਤਰ੍ਹਾਂ ਦਾ ਮੌਕਾ ਬਣਦਾ ਕਿ ਵੱਡੇ ਅਫਸਰ ਕਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕਰਨੀ ਹੁੰਦੀ ਜਾਂ ਕਾਵਿ ਮਹਿਫਲ ਦੇ ਮੁੱਖ ਮਹਿਮਾਨ ਹੋਣਾ ਹੁੰਦਾ ਤਾਂ ਡਾ. ਜਗਤਾਰ ਇਹ ਕਹਿ ਕੇ ਕਵਿਤਾ ਪੜ੍ਹਨ ਤੋਂ ਇਨਕਾਰ ਕਰ ਦਿੰਦਾ ਕਿ ਮੁੱਖ ਮਹਿਮਾਨ ਵੱਡਾ ਅਫਸਰ ਤਾਂ ਬੇਸ਼ਕ ਹੈ ਪਰ ਮੇਰੇ ਨਾਲੋਂ ਵੱਡਾ ਕਵੀ ਨਹੀਂ। ਅਜਿਹੀਆਂ ਗੱਲਾਂ ਡਾ. ਜਗਤਾਰ ਆਪਣੇ ਮਿੱਤਰਾਂ ਦੀ ਮਹਿਫਿਲ ਵਿਚ ਅਕਸਰ ਸੁਣਾਉਂਦਾ ਰਹਿੰਦਾ। ਕਈ ਸਾਲ ਪਹਿਲਾਂ ਹੁਸ਼ਿਆਰਪੁਰ ਇੱਕ ਸੰਸਥਾ ਵੱਲੋਂ ਵੱਡੇ ਪੱਧਰ ‘ਤੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਬੰਧਕਾਂ ਵਿਚ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਸਨ। ਹੋਰਨਾਂ ਨਾਮਵਰ ਲੇਖਕਾਂ ਵੱਲੋਂ ਸ਼ਿਰਕਤ ਕੀਤੇ ਜਾਣ ਵਾਲੇ ਉਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਭਜੋਤ ਕੌਰ ਤੇ ਨਰਿੰਦਰ ਪਾਲ ਸਿੰਘ ਸਨ। ਹੁਸ਼ਿਆਰਪੁਰ ਦੇ ਤਤਕਾਲੀ ਐਸ.ਡੀ.ਐਮ. ਸੁਰਿੰਦਰਜੀਤ ਸਿੰਘ ਸੰਧੂ ਮੇਰੇ ਬੀ.ਏ. ਤੱਕ ਦੇ ਜਮਾਤੀ ਤੇ ਮੇਰੇ ਚੰਗੇ ਦੋਸਤ ਸਨ। ਉਨ੍ਹਾਂ ਮੈਨੂੰ ਸਵਾਗਤੀ ਕਮੇਟੀ ਵਿਚ ਸ਼ਾਮਿਲ ਕਰ ਲਿਆ। ਪ੍ਰਭਜੋਤ ਕੌਰ ਤੇ ਨਰਿੰਦਰਪਾਲ ਸਿੰਘ ਦਾ ਅਸੀਂ ਗੁਲਦਸਤਿਆਂ ਨਾਲ ਆਦਰ-ਮਾਣ ਕਰਕੇ, ਉਨ੍ਹਾਂ ਦੇ ਸਥਾਨ ਤੱਕ ਛੱਡਣ ਲਈ ਉਨ੍ਹਾਂ ਦੀ ਅਗਵਾਨੀ ਵੀ ਕੀਤੀ। ਪ੍ਰਬੰਧਕਾਂ ਦੀ ਇੱਛਾ ਸੀ ਕਿ ਡਾ. ਜਗਤਾਰ ਸਮਾਗਮ ਦੌਰਾਨ ਪ੍ਰਬੰਧਕਾਂ ਵਿਚ ਵਿਚਰਨ ਪਰ ਜਗਤਾਰ ਨੇ ਸਵਾਗਤੀ ਕਮੇਟੀ ਜਾਂ ਕਿਸੇ ਹੋਰ ਕਮੇਟੀ ਵਿਚ ਸ਼ਾਮਿਲ ਹੋਣ ਜਾਂ ਪ੍ਰਮੁੱਖ ਕਵੀ ਵਜੋਂ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ।
ਡਾ. ਜਗਤਾਰ ਸਮੇਂ ਸਮੇਂ ਡਾ. ਵੀ.ਐਨ. ਤਿਵਾੜੀ, ਡਾ. ਦੀਵਾਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਸਵਰਨ ਚੰਦਨ, ਸੰਤੋਖ ਸਿੰਘ ਸੰਤੋਖ, ਗੁਰਦਿਆਲ ਸਿੰਘ ਫੁੱਲ, ਮੁਸ਼ਤਾਕ ਸਿੰਘ, ਤਰਸੇਮ ਨੀਲਗਿਰੀ, ਕਰਨੈਲ ਸਿੰਘ ਨਿੱਜਰ, ਡਾ. ਊਧਮ ਸਿੰਘ ਸ਼ਾਹੀ, ਗੁਰਬਖਸ਼ ਬਾਹਲਵੀ, ਕਹਾਣੀਕਾਰ ਲਾਲ ਸਿੰਘ ਆਦਿ ਲੇਖਕਾਂ ਨੂੰ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦੇ ਰਹੇ। ਉਹ ਅਨੁਭਵ ਅਜੇ ਤੱਕ ਵੀ ਤਤਕਾਲੀ ਵਿਦਿਆਰਥੀਆਂ ਦੇ ਚੇਤਿਆਂ ਵਿਚ ਤਾਜ਼ਾ ਹਨ।
ਪ੍ਰੀਤਮ ਸਿੰਘ ਪੀ.ਸੀ.ਐਸ. ਡਾ. ਜਗਤਾਰ ਦੇ ਬਹੁਤ ਨੇੜੇ ਰਹੇ ਹਨ। ਇੱਕ ਵਾਰ ਅਸੀਂ ਕੁਝ ਦਿਨਾਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਠਹਿਰੇ ਸਾਂ। ਡਾ. ਜਗਤਾਰ ਦਾ ਪ੍ਰੀਤਮ ਸਿੰਘ ਨੂੰ ਮਿਲਣ ਲਈ ਮਨ ਕਰ ਆਇਆ। ਉਨ੍ਹਾਂ ਦੇ ਦਫਤਰ ਜਾਣ ਲਈ ਮੈਨੂੰ ਨਾਲ ਚੱਲਣ ਲਈ ਕਿਹਾ। ਵਰਾਂਡੇ ਵਿਚੋਂ ਹੀ- ‘ਓ ਪ੍ਰੀਤਮ ਸਿਹਾਂ, ਦੀ ਸੰਬੋਧਨੀ ਸੁਰ ਵਿਚ ਡਾ. ਜਗਤਾਰ ਨੇ ਉੱਚੀ ਸਾਰੀ ਆਵਾਜ਼ ਮਾਰੀ। ਵੱਡੇ ਅਫਸਰ ਦੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਹ ਬੜੇ ਅਚੰਭੇ ਭਰਪੂਰ ਬੋਲ ਸਨ ਕਿ ਇੰਨੇ ਵੱਡੇ ਅਫਸਰ ਨੂੰ ਏਨੀ ਉੱਚੀ ਆਵਾਜ਼ ਵਿਚ ਉਸ ਦਾ ਨਾਂ ਲੈ ਕੇ ਪੁਕਾਰਨ ਵਾਲਾ ਇਹ ਵਿਅਕਤੀ ਕੌਣ ਹੋ ਸਕਦਾ ਹੈ। ਸਭ ਹੈਰਾਨ ਸਨ। ਜਗਤਾਰ ਬਗੈਰ ਕੁਝ ਦੱਸਣ ਪੁੱਛਣ ਤੋਂ ਪ੍ਰੀਤਮ ਸਿੰਘ ਦੇ ਦਫਤਰ ਜਾ ਵੜਿਆ। ਜਿਗਰੀ ਦੋਸਤਾਂ ਪ੍ਰਤੀ ਅਜਿਹੀ ਅਪਣੱਤ ਰੱਖਦਾ ਸੀ ਡਾ. ਜਗਤਾਰ!
ਜਗਤਾਰ ਦੇ ਜ਼ਿਹਨ ਵਿਚ ਕੋਈ ਨਾ ਕੋਈ ਨਜ਼ਮ, ਕੋਈ ਸ਼ਿਅਰ ਅਕਸਰ ਅਭਿਆਸ ਕਰ ਰਹੇ ਹੁੰਦੇ। ਇੱਕ ਵਾਰ ਸਕੂਟਰ ਚਲਾਉਂਦਿਆਂ ਸਕੂਟਰ ਸਲਿਪ ਹੋ ਜਾਣ ਕਰਕੇ ਬਾਂਹ ‘ਤੇ ਸੱਟ ਲਗਵਾ ਬੈਠਾ। ਹਾਲ-ਚਾਲ ਪੁੱਛਣ ਵਾਲਿਆਂ ਨੂੰ ਹੱਸ ਕੇ ਕਹਿੰਦਾ- ‘ਸਕੂਟਰ ਚਲਾਉਂਦਿਆਂ ਮੈਨੂੰ ਇਹ ਖਿਆਲ ਹੀ ਭੁੱਲ ਗਿਆ ਕਿ ਹੁਣ ਗੇਅਰ ਲਗਾਉਣਾ ਹੈ ਜਾਂ ਸ਼ਿਅਰ ਬਣਾਉਣਾ ਹੈ…ਤੇ ਸਕੂਟਰ ਉਲਟ ਗਿਆ…।’ ਉਸ ਪਿੱਛੋਂ ਜਗਤਾਰ ਨੇ ਸਕੂਟਰ ਨਹੀਂ ਚਲਾਇਆ। ਸਕੂਟਰ ਕਈ ਸਾਲ ਉਸਦੇ ਘਰ ਹੀ ਖੜਾ ਰਿਹਾ।
ਬਣ-ਠਣ ਕੇ ਰਹਿਣਾ ਡਾ. ਜਗਤਾਰ ਦੀ ਸ਼ਖ਼ਸੀਅਤ ਦਾ ਖੂਬਸੂਰਤ ਪਹਿਲੂ ਸੀ। ਕਈ ਸਾਲ ਉਹ ਆਪਣੇ ਕੋਲ ਰਿਵਾਲਵਰ ਰੱਖਦਾ ਰਿਹਾ। ਉਸਦੇ ਦੇ ਕਈ ਦੋਸਤ ਉਸਨੂੰ ਅਰਧ ਜਗੀਰੂ ਸ਼ੌਕ ਪਾਲਣ ਵਾਲਾ ਕਹਿੰਦੇ ਸਨ। ਮਹਿੰਗੇ ਕੱਪੜੇ, ਮਹਿੰਗੇ ਕੈਮਰੇ, ਲੰਮੇ ਲੰਮੇ ਬੇਹੱਦ ਖਰਚੀਲੇ ਟੂਰ ਲਗਾਉਣ ਦਾ ਉਹ ਬਹੁਤ ਸ਼ੁਕੀਨ ਸੀ। ਘੰਟਿਆਂ ਬੱਧੀ ਚੰਡੀਗੜ੍ਹ ਦੇ ਕਈ ਸੈਕਟਰਾਂ ਵਿਚ ਉਹ ਵਿੰਡੋ ਸ਼ਾਪਿੰਗ ਵੀ ਕਰਦਾ ਰਹਿੰਦਾ। ਫੋਟੋਗ੍ਰਾਫੀ ਕਰਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਹੁਸ਼ਿਆਰਪੁਰ ਤੇ ਆਸ-ਪਾਸ ਦੇ ਕਈ ਇਲਾਕਿਆਂ ਦੀ ਫੋਟੋਗ੍ਰਾਫੀ ਕਰਨ ਲਈ ਮੈਨੂੰ ਵੀ ਕਈ ਵਾਰ ਉਨ੍ਹਾਂ ਨਾਲ ਜਾਣ ਦਾ ਮੌਕਾ ਮਿਲਦਾ ਰਿਹਾ। ਪ੍ਰੋ. ਪਰਬਿੰਦਰ ਸਿੰਘ ਤੇ ਪ੍ਰੋ. ਭਾਰਤ ਭੂਸ਼ਣ ਭਾਰਤੀ ਵੀ ਬਹੁਤੀ ਵਾਰ ਨਾਲ ਹੁੰਦੇ।
ਡਾ.ਜਗਤਾਰ ਨੂੰ ਦੂਰ-ਨੇੜੇ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀ। ਛੁੱਟੀਆਂ ਵਿਚ ਉਹ ਅਕਸਰ ਦੋਸਤਾਂ ਨਾਲ ਲੰਮੇ ਟੂਰ ‘ਤੇ ਨਿਕਲ ਜਾਂਦੇ ਸਨ। ਦਸੰਬਰ ਮਹੀਨੇ ਦੀਆਂ ਛੁੱਟੀਆਂ ਉਹ ਰਾਜਸਥਾਨ ਦੇ ਦੂਰ-ਦੁਰੇਡੇ ਦੇ ਇਲਾਕੇ ਗਾਹ ਆਉਂਦੇ ਸਨ। ਨਵੇਂ ਵਰ੍ਹੇ ਦਾ ਗਰੀਟਿੰਗ ਕਾਰਡ ਮੈਨੂੰ ਰਾਜਸਥਾਨ ਦੇ ਕਿਸੇ ਸ਼ਹਿਰ ਤੋਂ ਹੀ ਪੋਸਟ ਕੀਤਾ ਹੁੰਦਾ। ਡਾ. ਜਗਤਾਰ ਨੇ ਅਕਸਰ ਕਹਿਣਾ-’ਮੈਨੂੰ ਰਾਜਸਥਾਨ ਵਿਚ ਘੁੰਮਣਾ ਬਹੁਤ ਚੰਗਾ ਲੱਗਦਾ ਹੈ। ਮੈਂ ਉਥੋਂ ਦੇ ਰਾਜਿਆਂ-ਰਾਣੀਆਂ, ਸ਼ਾਹੀ ਮਹੱਲਾਂ, ਕਿਲਿ੍ਹਆਂ, ਇਤਿਹਾਸਿਕ ਇਮਾਰਤਾਂ, ਮਾਰੂਥਲਾਂ, ਪੁਰਾਤਨ ਯਾਦਗਾਰਾਂ ਆਦਿ ਦਾ ਅਧਿਐਨ ਕਰਦਾ ਰਹਿੰਦਾ ਹਾਂ…।’ ਉਹ ਰਾਣੀ ਪਦਮਨੀ ਉੱਪਰ ਮਹਾਂ ਕਾਵਿ ਲਿਖਣਾ ਚਾਹੁੰਦਾ ਸੀ। ਕਿਲਿ੍ਹਆਂ ਉੱਪਰ, ਸਿੱਕਿਆਂ ਉੱਪਰ,ਇਤਿਹਾਸਕ ਇਮਾਰਤਾਂ ਉਪਰ, ਕੰਧ ਚਿੱਤਰਾਂ ਉੱਪਰ, ਦਰਵਾਜ਼ਿਆਂ ਉੱਪਰ ਤੇ ਇਤਿਹਾਸ ਦੀ ਰਹਿੰਦ-ਖੂੰਹਦ ਉੱਪਰ ਉਹ ਖੋਜ ਭਰਪੂਰ ਪੁਸਤਕਾਂ ਦੀ ਰਚਨਾ ਕਰਨ ਦਾ ਇਰਾਦਾ ਰੱਖਣ ਵਾਲਾ ਵਿਦਵਾਨ ਸੀ। ਕਈ ਸਾਲ ਪਹਿਲਾਂ ਭਰਾ ਅਵਤਾਰ ਸਿੰਘ ਦਾ ਕਤਲ ਹੋ ਗਿਆ। ਉਸ ਦੀਆਂ ਗੱਲਾਂ ਕਰਕੇ ਡਾ. ਜਗਤਾਰ ਬਹੁਤ ਭਾਵਕ ਹੋ ਜਾਂਦਾ ਹੁੰਦਾ। ਗੱਲਾਂ ਕਰਦਿਆਂ ਅਕਸਰ ਕਹਿੰਦਾ-‘ਅਜੇ ਮੈਂ ਆਪਣੇ ਭਰਾ ਦੀ ਯਾਦ ਵਿਚ ਇੱਕ ਮਹਾਂ ਕਾਵਿ ਲਿਖਣਾ ਹੈ, ਜਿਸ ਵਿਚ ਅਵਤਾਰ ਨੂੰ ਜ਼ਿੰਦਗੀ ਦੇ ਨਾਇਕ ਵਜੋਂ ਪੇਸ਼ ਕਰਾਂਗਾ। ਉਸ ਮਹਾਂ ਕਾਵਿ ਦਾ ਨਾਮ ਮੈਂ ‘ਡੁੱਬਦੇ ਜਹਾਜ਼ ਦਾ ਮਰਸੀਆ’ ਰੱਖਾਂਗਾ…। ਗੱਲ ਕਰਦਿਆਂ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦਾ। ਜਗਤਾਰ ਨੇ ਅਦੁੱਤੀ ਖੋਜ ਕਾਰਜ ਵੀ ਕੀਤਾ ਹੈ। ਮਿਆਰੀ ਤੇ ਲਾਜਵਾਬ ਕਵਿਤਾ ਦੀ ਰਚਨਾ ਕੀਤੀ ਹੈ। ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਵਜੋਂ ਉਸਨੇ ਬੁਲੰਦੀਆਂ ਛੋਹੀਆਂ ਹਨ। ਫਿਰ ਵੀ ਉਸਦੇ ਅਨੇਕ ਕੰਮ ਵਿਉਂਤੇ ਹੀ ਰਹਿ ਗਏ। ਭਰਾ ਅਵਤਾਰ ਉੱਪਰ ਮਹਾਂ ਕਾਵਿ ਦੀ ਰਚਨਾ ਵੀ ਅਮਲ ਵਿਚ ਨਾ ਆ ਸਕੀ। ਮੈਂ ਸੋਚਦਾ ਹਾਂ ਬਹੁਤ ਵੱਡਾ ਟਾਈਟੈਨਿਕ ਜਹਾਜ਼ ਖੁਦ ਤਾਂ ਡੁੱਬ ਗਿਆ। ਡੁੱਬਦੇ ਜਹਾਜ਼ ਦਾ ਮਰਸੀਆ ਅਣਲਿਖਿਆ ਹੀ ਰਹਿ ਗਿਆ। ਹੁਣ ਕੌਣ ਲਿਖੇਗਾ ਅਵਤਾਰ ਦਾ ਮਰਸੀਆ? ਡਾ. ਜਗਤਾਰ ਦੀਆਂ ਗੱਲਾਂ ਕਰਕੇ ਮੇਰੀਆਂ ਅੱਖਾਂ ਸੁਭਾਵਕ ਹੀ ਨਮ ਹੋ ਜਾਂਦੀਆਂ ਹਨ। ਜਗਤਾਰ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਉਸਨੂੰ ਯਾਦ ਕਰਨਾ ਵੀ ਚੰਗਾ ਲੱਗਦਾ ਹੈ।
