ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਜੀਵਨ ਇਕ ਯਾਤਰਾ। ਵੱਖ ਵੱਖ ਪੜਾਅ। ਹਰੇਕ ਪੜਾਅ ਦੀ ਆਪਣੀ ਕਹਾਣੀ, ਆਪਣੀ ਰਵਾਨੀ ਅਤੇ ਆਪਣੀ ਤਰਜਮਾਨੀ। ਹਰ ਪੜਾਅ ਦੇ ਵੱਖ-ਵੱਖ ਰੰਗ-ਢੰਗ ਤੇ ਤਰੰਗ। ਪੜਾਵਾਂ ਵਿਚੋਂ ਗੁਜਰਦਿਆਂ ਹੀ ਬੰਦਾ ਜ਼ਿੰਦਗੀ ਦੀਆਂ ਉਨ੍ਹਾਂ ਪਰਤਾਂ ਥੀਂ ਗੁਜਰਦਾ ਜਿਨ੍ਹਾਂ ਦਾ ਕਦੇ ਚਿੱਤ-ਚੇਤਾ ਵੀ ਨਹੀਂ ਹੁੰਦਾ।
ਜੀਵਨ ਦੇ ਪੜਾਂਵਾਂ ਦੀਆਂ ਭਾਵਨਾਵਾਂ, ਤਮੰਨਾਵਾਂ ਅਤੇ ਤਰਜ਼ੀਹਾਂ ਵੀ ਵਿਭਿੰਨ। ਇਨ੍ਹਾਂ ਦੇ ਸੁਪਨੇ, ਸੰਵੇਦਨਾ, ਸੁਚੇਨਤਾ ਅਤੇ ਸੰਜ਼ੀਦਗੀ ਵੀ ਵੱਖਰੀ। ਇਨ੍ਹਾਂ ਵਿਚੋਂ ਹੀ ਬੰਦੇ ਦੀ ਮਾਨਸਿਕਤਾ ਨੂੰ ਪੜ੍ਹਦਿਆਂ, ਉਸਦੇ ਵਿਅਕਤੀਤੱਵ ਵਿਕਾਸ ਨੂੰ ਚਿੱਤਵਦੇ। ਇਹ ਵਿਕਾਸ ਉਤਪਤੀ ਵੱਲ ਨੂੰ ਜਾਂਦਾ ਜਾਂ ਵਿਨਾਸ਼ ਵੱਲ ਨੂੰ ਤਿਲਕਦਾ, ਇਹ ਬੰਦੇ ਦੀ ਚੇਤਨਾ ਅਤੇ ਚਿੰਤਾ ਵਿਚੋਂ ਜੱਗ-ਜਾਹਰ।
ਕਿਸੇ ਵਿਅਕਤੀ ਦੇ ਆਰ-ਪਾਰ ਦੇਖਣ ਲਈ ਉਸਦੀ ਮਾਨਸਿਕਤਾ ਨੂੰ ਪੜ੍ਹਨਾ ਪੈਂਦਾ। ਉਸਦੀ ਬੋਲ-ਬਾਣੀ, ਪੈੜ-ਚਾਲ, ਵਰਤਾਰਾ ਅਤੇ ਉਸਦੀ ਹਰ ਕਿਰਿਆ ਵਿਚਲੀ ਤਰਕੀਬ ਤੇ ਤਹਿਜੀਬ, ਉਸਦੀ ਤਕਦੀਰ ਦੀ ਨਿਸ਼ਾਨਦੇਹੀ ਕਰਦੀ।
ਜੀਵਨ ਯਾਤਰਾ ਦੇ ਵੱਖ ਵੱਖ ਪੜਾਵਾਂ ਦੌਰਾਨ ਕਿਸੇ ਦਾ ਰਹਿਣ-ਸਹਿਣ, ਵਰਤੋਂ-ਵਿਹਾਰ ਅਤੇ ਸਰੋਕਾਰਾਂ ਵਿਚਲਾ ਸੰਤੁਲਨ ਹੀ ਮਨੁੱਖੀ ਬਿਰਤੀਆਂ ਦਾ ਲੇਖਾ-ਜੋਖਾ ਕਰਦਾ। ਅਕਸਰ ਹੀ ਅਸੀਂ ਬੰਦੇ ਨੂੰ ਉਸਦੀਆਂ ਆਰਥਿਕ ਕਾਮਯਾਬੀਆਂ ਵਿਚੋਂ ਹੀ ਦੇਖਦੇ। ਪਰ ਇਹ ਕਾਮਯਾਬੀ ਕਿਵੇਂ ਮਿਲੀ, ਕਿੰਨਾ ਕਪਟ-ਫਰੇਬ ਕੀਤਾ, ਕਿੰਨਿਆਂ ਦੇ ਹੱਕਾਂ ‘ਤੇ ਡਾਕਾ ਮਾਰਿਆ, ਕਿੰਨਿਆਂ ਦੇ ਸੁਪਨਿਆਂ ਦਾ ਸਿਵਾ ਸੇਕਿਆ, ਕਿੰਨਿਆਂ ਦੀਆ ਆਸਾਂ ਤੇ ਪਾਣੀ ਫੇਰਿਆ, ਕਿੰਨਿਆਂ ਮਾਪਿਆਂ ਦੇ ਨੈਣਾਂ ਵਿਚ ਅੱਥਰੂਆਂ ਦੇ ਸੈਲਾਬ ਉਗਾਏ, ਕਿੰਨੀਆਂ ਰੂਹਾਂ ਨੂੰ ਤੜਫਾਇਆ, ਕਿੰਨਿਆਂ ਦੇ ਰਾਹਾਂ ਵਿਚ ਕੰਢੇ ਉਗਾਏ ਜਾਂ ਕਿੰਨੀਆਂ ਦੀ ਪੱਤ ਚੌਰਾਹੇ ਵਿਚ ਰੋਲੀ? ਜਾਂ ਇਸ ਕਾਮਯਾਬੀ ਲਈ ਕਿੰਨੇ ਸਾਲ ਤਪੱਸਿਆ ਕੀਤੀ, ਕਿੰਨੀ ਘਾਲਣਾ ਅਤੇ ਸਿਰੜ ਸਾਧਨਾ ਛੁਪੀ ਹੋਈ ਹੈ। ਕਿੰਨੀਆਂ ਰਾਤਾਂ ਹੰਘਾਲੀਆਂ, ਪਸੀਨਾ ਵਹਾਇਆ, ਕਿੰਨੇ ਜ਼ਫ਼ਰ ਜਾਲੇ ਅਤੇ ਕਿੰਂਨੀਆਂ ਅਸਫ਼ਲਤਾਵਾਂ ਦੀ ਦਲਦਲ ਵਿਚੋਂ ਲੰਘ ਕੇ ਸਫ਼ਲਤਾ ਦਾ ਸਿਰਨਾਵਾਂ ਬਣੇ?
ਦਰਅਸਲ ਕਾਮਯਾਬੀ ਨੂੰ ਇਕਹਿਰੀ ਅੱਖ ਨਾਲ ਦੇਖਣਾ ਬਹੁਤ ਵੱਡਾ ਫਰੇਬ। ਮਨ ਦਾ ਫਰੇਮ ਅਜੇਹਾ ਹੋਣਾ ਚਾਹੀਦੈ ਕਿ ਅਸੀਂ ਇਸ ਵਤੀਰੇ ਵਿਚ ਅਣਦੱਸੇ, ਅਣਦੇਖੇ ਤੇ ਅਣਐਲਾਨੇ ਭੇਤਾਂ ਦੀ ਜਾਣਕਾਰੀ ਹਾਸਲ ਕਰਕੇ, ਇਸ ਕਾਮਯਾਬੀ ਦਾ ਸਹੀ ਮੁਲਾਂਕਣ ਕਰ ਸਕੀਏ।
ਇਹ ੜੀ ਯਾਦ ਰੱਖਣਾ ਚਾਹੀਦਾ ਕਿ ਜੀਵਨ ਵਿਚਲੀ ਕਾਮਯਾਬੀ ਇਹ ਨਹੀਂ ਕਿ ਅਸੀਂ ਕਿੰਨੀਆਂ ਮਿਲਖਾਂ ਅਤੇ ਜਗੀਰਾਂ ਦੇ ਮਾਲਕ ਬਣੇ। ਮਹਾਂ ਧਨ-ਕੁਬੇਰਾਂ ਵਿਚ ਖੁਦ ਨੂੰ ਸ਼ਾਮਲ ਕੀਤਾ। ਸਾਡੇ ਸ਼ਹੀ ਫੁਰਮਾਨਾਂ ਦੀ ਕਦੇ ਅਵੱਗਿਆ ਨਹੀਂ ਹੋਈ ਅਤੇ ਅਸੀਂ ਨਾਦਰਸ਼ਾਹੀ ਹੁਕਮਾਂ ਨਾਲ ਹਰ ਮਨੁੱਖ ਨੂੰ ਰੋਲਿਆ ਅਤੇ ਉਨ੍ਹਾਂ ਦੀਆਂ ਤਾਜੀਆਂ ਕਬਰਾਂ ਤੇ ਆਪਣੀਆਂ ਕਾਮਯਾਬੀ ਦਾ ਝੰਡਾ ਗੱਡਿਆ।
ਕਾਮਯਾਬੀ ਤਾਂ ਇਹ ਹੁੰਦੀ ਕਿ ਤੁਸੀਂ ਸਮਾਜ ਵਿਚ ਵਿਚਰਦਿਆਂ ਕਿੰਨਾ ਕੁ ਮਨੁੱਖ ਸੀ? ਤੁਹਾਡੀ ਦਰਿਆ-ਦਿਲੀ ਦੀਆਂ ਕਿਹੜੀਆਂ ਕਥਾਵਾਂ ਲੋਕ-ਚੇਤਿਆਂ ਵਿਚ ਵੱਸੀਆਂ ਨੇ? ਤੁਹਾਡੀ ਰਹਿਮਦਿਲੀ ਅਤੇ ਫ਼ਰਾਖਦਿਲੀ ਦੇ ਕਿੰਨੇ ਚਰਚੇ ਨੇ? ਤੁਸੀਂ ਕਦੇ ਲੋੜਵੰਦ ਦੀ ਮਦਦ ਕਰਦਿਆਂ ਕਦੇ ਵਿਤਕਰਾ ਨਹੀਂ ਕੀਤਾ? ਤੁਹਾਡੀ ਮਦਦ ਦਾ ਆਲਮ ਅਜੇਹਾ ਕਿ ਸੱਜੇ ਹੱਥ ਨਾਲ ਕੀਤੇ ਦਾਨ ਦਾ ਖੱਬੇ ਹੱਥ ਨੂੰ ਪਤਾ ਨਹੀਂ ਹੁੰਦਾ।
ਜੀਵਨੀ ਸਫ਼ਰ ਦੇ ਹਰ ਪੜਾਅ ਨੂੰ ਜ਼ਿਕਰਯੋਗ ਤੇ ਯਾਦਗਾਰੀ ਬਣਾਉਣ ਲਈ ਖੁਦ ਨੂੰ ਪਤਾ ਹੋਵੇ ਕਿ ਸਾਧਨਾ ਨਾਲ ਤਰਜ਼ੀਹਾਂ ਅਤੇ ਤਸ਼ਬੀਹਾਂ ਨੂੰ ਕਿਸ ਰੰਗ ਅਤੇ ਰੂਪ ਵਿਚ ਪ੍ਰਗਟ ਕਰਨਾ। ਦਰਅਸਲ ਕਈ ਵਾਰ ਅਸੀਂ ਉਹ ਹੁੰਦੇ ਨਹੀਂ ਜੋ ਸਮਾਜ ਨੂੰ ਨਜ਼ਰ ਆਉਂਦੇ ਹਾਂ ਅਤੇ ਜੋ ਕੁਝ ਅਸਲ ਵਿਚ ਹੁੰਦੇ, ਉਹ ਸਮਾਜ ਨੂੰ ਨਜ਼ਰ ਹੀ ਨਹੀਂ ਆਉਂਦਾ। ਅਸੀਂ ਬਹੁ-ਰੂਪਾਂ ਵਿਚ ਜਿਊਣ ਦੇ ਆਦੀ ਅਤੇ ਮੋਢੇ ਤੇ ਲਟਕਦੇ ਝੋਲੇ ਵਿਚ ਪਏ ਮਖੌਟਿਆਂ ਨੂੰ ਮੌਕਿਆਂ ਮੁਤਾਬਕ ਵਰਤ ਲੈਂਦੇ।
ਜੀਵਨ ਇਕ ਸਾਧਨਾ। ਖ਼ੁਦ ਨੂੰ ਖ਼ੁਦ ਦੇ ਰੂਬਰੂ ਕਰਨਾ। ਖੁLਦ ਵਿਚੋਂ ਖ਼ੁਦਦਾਰੀ ਨੂੰ ਦੂਰ ਕਰਕੇ ਖ਼ੁਦਾਈ ਨੂੰ ਆਪਣਾ ਹਮਸਫ਼ਰ ਬਣਾਉਣਾ ਅਤੇ ਆਪਣੇ ਆਪੇ ਤੇ ਫ਼ਕੀਰਾਨਾ ਰੂਪ ਚੜਾਉਣਾ।
ਜੀਵਨ ਦੇ ਖੂਬਸੂਰਤ ਰਾਹਾਂ ‘ਤੇ ਚੱਲਦਿਆਂ ਕਦੇ ਵੀ ਮੰਜ਼ਲ ਦਾ ਸਿਰਨਾਵਾਂ ਨਹੀਂ ਪੁੱਛੀਦਾ। ਖੂਬਸੂਰਤ ਰਾਹਾਂ ਹੀ ਹੁਸੀਨ ਪੈੜਾਂ ਸਿਰਜਦਿਆਂ ਜਿਹੜੀਆਂ ਜੀਵਨ ਨੂੰ ਯਾਦਗਾਰੀ ਪਲਾਂ ਨਾਲ ਨਿਵਾਜਦੀਆਂ।
ਜੀਵਨ-ਰਾ੍ਹਹਾਂ ਤੇ ਕਦੇ ਖੱਡੇ ਤੇ ਖਾਈਆਂ, ਕਦੇ ਘੱਟਾ-ਮਿੱਟੀ, ਕਦੇ ਚਿੱਕੜ, ਪਰ ਕਦੇ ਕਦੇ ਤੁਹਾਡੇ ਰਾਹਾਂ ਵਿਚ ਫੁੱਲ ਪੱਤੀਆਂ ਵੀ ਵਿੱਛਦੀਆਂ। ਤੁਸੀਂ ਸਭ ਕੁਝ ਭੁਲਾ ਕੇ ਸਿਰਫ਼ ਫੁੱਲ-ਪੱਤੀਆਂ ‘ਤੇ ਪੋਲੇ ਪੱਬੀਂ ਕੀਤਾ ਸ਼ਫਰ ਹੀ ਯਾਦ ਰੱਖਦੇ।
ਬਾਹਾਂ ‘ਚ ਬਾਹਾਂ ਪਾ, ਕਦਮ ਮਿਲਾ, ਪਿਆਰੇ ਦੇ ਨਾਲ-ਨਾਲ ਤੁੱਰਦਿਆਂ ਜੀਵਨ-ਰਾਹਾਂ ਦਾ ਸਫ਼ਰ ਸੱਭ ਤੋਂ ਸੁਹਾਵਣਾ ਅਤੇ ਯਾਦਗਾਰੀ। ਕਦੇ ਇਸ ਸਫ਼ਰ ‘ਤੇ ਜ਼ਰੂਰ ਤੁੱਰਨਾ। ਇਹੀ ਤੁਹਾਡੀ ਜੀਵਨ-ਪੂੰਜੀ ਬਣ ਜਾਵੇਗਾ।
ਜੀਵਨ-ਰਾਹਾਂ ਨੂੰ ਆਪਣੇ ਦਿਮਾਗ ਨਾਲ ਨਾ ਮਿੱਥੋ ਸਗੋਂ ਦਿਲ ਨਾਲ ਮਿੱਥਣਾ। ਦੇਖਣਾ! ਰੂਹਦਾਰ ਨਾਲ ਰੂਹਦਾਰੀ ਵਾਲਾ ਸਫ਼ਰ ਹੁਸੀਨ ਅਤੇ ਰੰਗੀਨ ਸਫ਼ਰ ਦਾ ਸਿੱਖਰ ਹੁੰਦਾ।
ਜੀਵਨ ਨੂੰ ਸੁੰਦਰ, ਸੰਤੁਲਤ, ਸਮਰਪਿੱਤ ਅਤੇ ਸੁਚਾਰੂ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਮਨ ਵਿਚ ਕੁਝ ਚੰਗੇਰਾ, ਵਡੇਰਾ ਅਤੇ ਸੁਚਿਆਰਾ ਕਰਨ ਦਾ ਵਿਚਾਰ ਪੈਦਾ ਹੋਵੇ। ਇਸ ਵਿਚੋਂ ਕੁਝ ਅਜੇਹੀਆਂ ਧਾਰਨਾਵਾਂ ਨੂੰ ਆਪਣੀ ਸੋਚ-ਸਾਧਨਾ ਵਿਚ ਪ੍ਰਗਟ ਕਰ ਸਕੀਏ ਕਿ ਉਹ ਸਾਡੀ ਜੀਵਨ-ਸ਼ੈਲੀ ਦਾ ਅਧਾਰ ਬਣ ਜਾਣ।
ਜਿਊਣ ਲਈ ਸਿਰਫ਼ ਸਾਹ ਲੈਣਾ ਅਤੇ ਭੁੱਖ ਦੀ ਤ੍ਰਿਪਤੀ ਹੀ ਅਹਿਮ ਨਹੀਂ। ਮਹੱਤਵਪੂਰਨ ਹੁੰਦਾ ਹੈ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰਨਾ, ਜੀਵਨ ਦੇ ਸੁੱਚਮ ਦੀ ਬਰਕਰਾਰੀ ਅਤੇ ਇਸਦੀਆਂ ਨਿਆਮਤਾਂ ਦੀ ਸ਼ੁਕਰਗੁਜਾਰੀ ਵਿਚੋਂ ਆਪਣੀਆਂ ਪਹਿਲਾਂ ਨੂੰ ਨਿਰਧਾਰਤ ਕਰਨਾ।
ਦਰਅਸਲ ਜੀਵਨ ਯਾਤਰਾ ਨੂੰ ਮਨੁੱਖ ਦੋ ਪ੍ਰਮੁੱਖ ਤਰੀਕਿਆਂ ਰਾਹੀਂ ਪੂਰਾ ਕਰ, ਨਵੀਆਂ ਪ੍ਰਾਪਤੀਆਂ ਦਾ ਸਿਰਲੇਖ ਬਣ, ਨਿੱਜੀ ਛਾਪ ਵਾਲੀ ਜੀਵਨ-ਜਾਚ ਦਾ ਕਰਮਦਾਤਾ ਬਣ ਸਕਦਾ ਹੈ। ਪਰ ਇਸ ਦਿਸ਼ਾ ਵੱਲ ਪਹਿਲ ਤਾਂ ਮਨ ਵਿਚ ਪੈਦਾ ਹੋਈ ਚਾਹਨਾ ਹੁੰਦੀ।
ਬੰਦਾ ਜੀਵਨ-ਯਾਤਰਾ ਦੌਰਾਨ ਵੱਖ-ਵੱਖ ਪਾਤਰਾਂ ਦਾ ਰੋਲ ਨਿਭਾਊਂਦਾ, ਖੁਦ ਨੂੰ ਸਰਬ ਕਲਾ ਸਮਰੱਥ ਬਣਨ ਦਾ ਭਰਮ ਪੈਦਾ ਕਰਦਾ। ਤਾਂ ਹੀ ਕਲਮ ਨੂੰ ਕਹਿਣਾ ਪਿਆ;
ਐ ਬੰਦੇ! ਤੂੰ………
ਕਦੇ ਧੁੱਪ ਬਣ ਜਾਵੇਂ, ਕਦੇ ਛਾਂ ਹੁੰਦਾ।
ਕਦੇ ਬਾਪ ਬਣ ਜਾਵੇਂ, ਕਦੇ ਮਾਂ ਹੁੰਦਾ।
ਕਦੇ ਪੂਰਬ ਤੋਂ ਝਰਦਾ ਸਵੇਰਾ ਹੁੰਦਾ।
ਕਦੇ ਚਾਨਣ ‘ਚ ਭਿਜਿਆ ਬਨੇਰਾ ਹੁੰਦਾ।
ਕਦੇ ਫ਼ਿਜ਼ਾ ‘ਚ ਮਹਿਕ ਦਾ ਅੰਦਾਜ਼ ਹੁੰਦਾ।
ਕਦੇ ਪੌਣਾਂ ਵਿਚ ਪੱਤਿਆਂ ਦਾ ਸਾਜ਼ ਹੁੰਦਾ।
ਕਦੇ ਰੂਹ ‘ਚੋਂ ਕਸ਼ੀਦ ਕੀਤੀ ਲੋਅ ਹੁੰਦਾ।
ਕਦੇ ਦਿਲ ਵਿਚ ਪੈਂਦੀ ਹੋਈ ਖੋਹ ਹੁੰਦਾ।
ਕਦੇ ਤਾਰਿਆਂ ਦੀ ਮਹਿਫ਼ਲ ਦਾ ਅੰਗ ਹੁੰਦਾ।
ਕਦੇ ਮੁੱਖ ਉਤੇ ਛਾਈ ਹੋਈ ਸੰਗ ਹੁੰਦਾ।
ਕਦੇ ਚੰਨ ਨਾਲ ਮਾਣੇ ਹੋਏ ਪਲ੍ਹ ਹੁੰਦਾ।
ਕਦੇ ਸਰੋਵਰ ਦਾ ਠਹਿਰਿਆ ਜਲ ਹੁੰਦਾ।
ਕਦੇ ਕਦਮਾਂ ‘ਚ ਸਫ਼ਰ-ਆਗਾਜ਼ ਹੁੰਦਾ।
ਕਦੇ ਬਾਜ਼ ਦੀ ਭਰੀ ਪਰਵਾਜ਼ ਹੁੰਦਾ।
ਕਦੇ ਨੈਣਾਂ ‘ਚ ਮਿਲਣੇ ਦਾ ਸੱਚ ਹੁੰਦਾ।
ਕਦੇ ਹੇਰਵੇ ‘ਚ ਭਰਿਆ ਗੱਚ ਹੁੰਦਾ।
ਕਦੇ ਸੰਦਲੀ ਸੁਪਨੇ ਦੀ ਅੱਖ ਹੁੰਦਾ।
ਕਦੇ ਅੱਖ ਵਿਚ ਪਿਆ ਕੱਖ ਹੁੰਦਾ।
ਕਦੇ ਹੋਠਾਂ ‘ਤੇ ਜੰਮੀ ਚੀਸ ਹੁੰਦਾ।
ਕਦੇ ਬੋਲਾਂ ‘ਚ ਸਹਿਮੀ ਟੀਸ ਹੁੰਦਾ।
ਕਦੇ ਚੁੱਪ ‘ਚ ਡਰੀ ਹੋਈ ਵਾਜ਼ ਹੁੰਦਾ।
ਕਦੇ ਖ਼ੁਦ ਤੋਂ ਛੁਪਾਉਂਦਾ ਰਾਜ਼ ਹੁੰਦਾ।
ਕਦੇ ਛੰਨਾਂ ਤੇ ਕੁਲੀਆਂ ਦੀ ਸ਼ਾਨ ਹੁੰਦਾ।
ਕਦੇ ਆਪੇ ਹੱਥੋਂ ਹੋਇਆ ਅਪਮਾਨ ਹੁੰਦਾ।
ਕਦੇ ਪੱਤੀਆਂ ਦੇ ਸੂਹੇ ਸੂਹੇ ਰੰਗ ਹੁੰਦਾ।
ਕਦੇ ਫੱਕਰ ਫ਼ਕੀਰ ਤੇ ਮਲੰਗ ਹੁੰਦਾ।
ਕਦੇ ਆਪੇ ‘ਤੋਂ ਹੋਇਆ ਦਿਲਗੀਰ ਹੁੰਦਾ।
ਕਦੇ ਹੰਝੂਆਂ ਬੰਨਾਈ ਹੋਈ ਧੀਰ ਹੁੰਦਾ।
ਕਦੇ ਅੱਖਰਾਂ ‘ਚੋਂ ਪੈਦਾ ਹੋਈ ਲੋਅ ਹੁੰਦਾ।
ਕਦੇ ਸਫ਼ਿਆਂ ‘ਤੇ ਅਰਥਾਂ ਦੀ ਸੋਅ ਹੁੰਦਾ।
ਕਦੇ ਦੂਰ-ਦੂਰ ਜਾਂਦਾ ਪਰਛਾਂਵਾਂ ਹੁੰਦਾ।
ਕਦੇ ਚੇਤਿਆਂ ‘ਚ ਤਾਜਾ ਸਿਰਨਾਵਾਂ ਹੁੰਦਾ।
ਕਦੇ ਕੋਚਰੀ ਦੀ ਡੂੰਘੀ ਰਾਤੇ ਹੂਕ ਹੁੰਦਾ।
ਕਦੇ ਅੰਬ ‘ਤੇ ਬੈਠੀ ਕੋਇਲੀ ਕੂਕ ਹੁੰਦਾ।
ਕਦੇ ਸਫ਼ਰਾਂ ‘ਤੇ ਜਾਂਦਾ ਪੁੱਤ ਹੁੰਦਾ।
ਕਦੇ ਦਰਾਂ ‘ਤੇ ਉਡੀਕਦਾ ਬੁੱਤ ਹੁੰਦਾ।
ਕਦੇ ਮਾਂ ਦੀਆਂ ਦਿੱਤੀਆਂ ਦੁਆਵਾਂ ਹੁੰਦਾ।
ਕਦੇ ਅੱਧੀਆਂ ਅਧੂਰੀਆਂ ਇਛਾਵਾਂ ਹੁੰਦਾ।
ਕਦੇ ਬਾਪ ਦੇ ਪਰਨੇ ਦੀ ਛਾਂ ਹੁੰਦਾ।
ਕਦੇ ਗੋਦ ‘ਚ ਖਿੰਡਾਉਂਦਾ ਗਰਾਂ ਹੁੰਦਾ।
ਕਦੇ ਦਰਦਾਂ ਦੀ ਉਲਝੀ ਤਾਣੀ ਹੁੰਦਾ।
ਕਦੇ ਫ਼ਿਜ਼ਾਂ ਵਿਚ ਘੁੱਲੀ ਬਾਣੀ ਹੁੰਦਾ।
ਕਦੇ ਪਿੰਡ ਅਤੇ ਕਦੇ ਸ਼ਹਿਰ ਹੁੰਦਾ।
ਕਦੇ ਖੜਾ ਪਾਣੀ, ਕਦੇ ਲਹਿਰ ਹੁੰਦਾ।
ਕਦੇ ਬਾਪ ਦੀਆਂ ਸੱਧਰਾਂ ਦਾ ਰਾਗ ਹੁੰਦਾ
ਕਦੇ ਮਾਂ ਦੀਆਂ ਆਸਾਂ ਦਾ ਚਿਰਾਗ ਹੁੰਦਾ
ਕਦੇ ਧਰਤੀ ਦੀ ਜ਼ਰਖ਼ੇਜ਼ ਹਿੱਕ ਹੁੰਦਾ।
ਕਦੇ ਬੀਜ ‘ਚ ਪੁੰਗਰਨ ਦੀ ਸਿੱਕ ਹੁੰਦਾ।
ਕਦੇ ਪਾਣੀਆਂ ‘ਚ ਘੁਲੀ ਪਿਆਸ ਹੁੰਦਾ।
ਕਦੇ ਬੋਲਾਂ ਨਾਲ ਲਿਪਟੀ ਮਿਠਾਂਸ ਹੁੰਦਾ।
ਕਦੇ ਤੱਕਣੀ ‘ਚ ਨੈਣਾਂ ਦਾ ਸਰੂਰ ਹੁੰਦਾ।
ਕਦੇ ਦਿੱਖ ਵਿਚ ਖੁLਦ ਦਾ ਗਰੂਰ ਹੁੰਦਾ।
ਕਦੇ ਹੰਭਿਆਂ ਨੂੰ ਦਿੱਤੀ ਦਿਲਜੋਈ ਹੁੰਦਾ।
ਕਦੇ ਵਕਤਾਂ ਨੂੰ ਵੰਡੀ ਖੁਸ਼ਬੋਈ ਹੁੰਦਾ।
ਕਦੇ ਹਾਰ ਕੇ ਜਿੱਤ ਦਾ ਨਿਸ਼ਾਨ ਹੁੰਦਾ।
ਕਦੇ ਜਿੱਤ ਕੇ ਵੀ ਹੋਇਆ ਅਪਮਾਨ ਹੁੰਦਾ।
ਕਦੇ ਵੇਦਨਾ ਨੂੰ ਮਿਲੀ ਹੋਈ ਢੋਈ ਹੁੰਦਾ।
ਕਦੇ ਪਿੰਡੇ ਉਤੇ ਫ਼ਿਕਰਾਂ ਦੀ ਲੋਈ ਹੁੰਦਾ।
ਕਦੇ ਸਰਘੀ ਦੀ ਧੁੱਪ-ਬਰਸਾਤ ਹੁੰਦਾ।
ਕਦੇ ਤਾਰਿਆਂ ਨਾਲ ਸਜੀ ਰਾਤ ਹੁੰਦਾ।
ਕਦੇ ਫ਼ਕਰਾਂ ਦੀ ਗਲੀ ਵਿਚ ਹੇਕ ਹੁੰਦਾ।
ਕਦੇ ਚਾਅ ਪਿਘਲਾਉਂਦਾ ਸੇਕ ਹੁੰਦਾ।
ਕਦੇ ਕਮਰੇ ‘ਚ ਪਸਰੀ ਉਦਾਸੀ ਹੁੰਦਾ।
ਕਦੇ ਵਿਹੜੇ ਵਿਚ ਖਿੜੀ ਹਾਸੀ ਹੁੰਦਾ।
ਕਦੇ ਘਰ ਵਿਚ ਘਰ ਦਾ ਨਸੀਬ ਹੁੰਦਾ।
ਕਦੇ ਘਰ ਦਾ ਹੀ ਬਣਿਆ ਰਕੀਬ ਹੁੰਦਾ।
ਕਦੇ ਦਰਾਂ ਵਿਚ ਸਿੰਮ ਆਇਆ ਰੋਣ ਹੁੰਦਾ।
ਕਦੇ ਆਪਣੇ ਹੀ ਘਰ ਵਿਚ ‘ਕੌਣ’ ਹੁੰਦਾ।
ਕਦੇ ਕੰਧਾਂ ‘ਤੇ ਬਨੇਰਿਆਂ `ਚ ਖੋੜ੍ਹ ਹੁੰਦਾ।
ਕਦੇ ਘਰ ਨੂੰ ਹੀ ਘਰਦਿਆਂ ਦੀ ਥੋੜ੍ਹ ਹੁੰਦਾ।
ਕਦੇ ਖੇਤੀਂ ਉਗੀ ਕਬਰ ਦਾ ਨਾਮ ਹੁੰਦਾ।
ਕਦੇ ਆੜ ਵੱਗੇ ਜਿਊਣ ਦਾ ਪੈਗਾਮ ਹੁੰਦਾ।
ਕਦੇ ਮਨ ਦੀਆਂ ਮੰਨਤਾਂ ਦੀ ਲੋਰ ਹੁੰਦਾ।
ਕਦੇ ਅੰਦਰ ‘ਚ ਬੈਠਾ ਹੋਇਆ ਸ਼ੋਰ ਹੁੰਦਾ।
ਕਦੇ ਉਜੜਿਆ ਹੋਇਆਂ ਵੀ ਅਬਾਦ ਹੁੰਦਾ।
ਕਦੇ ਚਿੱਤ ਨੂੰ ਲੁਭਾਉਣਾ ਸੂਹੀ ਰਾਗ ਹੁੰਦਾ।
ਕਦੇ ਪੈਰਾਂ ਵਿਚ ਅਟਕੀ ਖੜੌਤ ਹੁੰਦਾ।
ਕਦੇ ਹੰਝੂਆਂ ਦਾ ਵਗਦਾ ਸਰੋਤ ਹੁੰਦਾ।
ਕਦੇ ਭਾਵਾਂ ‘ਚ ਪੈਦਾ ਹੋਇਆ ਰੋਹ ਹੁੰਦਾ।
ਕਦੇ ਗੈਰਾਂ ਲਈ ਮਨ ਵਿਚ ਮੋਹ ਹੁੰਦਾ।
ਕਦੇ ਖੁਦ ਨੂੰ ਹੀ ਮਿਲਣ ਦਾ ਚਾਅ ਹੁੰਦਾ।
ਕਦੇ ਆਪਣੇ ਲਈ ਖ਼ੁਦ ਲੱਭੀ ਰਾਹ ਹੁੰਦਾ।
ਪਰ ਬਹੁਤ ਅਹਿਮ ਹੁੰਦਾ ਏ ਇਹ ਸਾਰੇ ਰੂਪ ਹੰਢਾਉਂਦਿਆਂ, ਜੀਵਨ ਦੇ ਦੋ ਪੈਂਡਿਆਂ ਨੂੰ ਬਾਖੂਬੀ ਪੂਰਾ ਕਰ, ਸਾਹਾਂ ਨੂੰ ਸਕਾਰਥ ਕਰਨਾ।
ਸੱਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਵਿਅਕਤੀ ਆਪਣੀ ਅੰਦਰਲੀ ਯਾਤਰਾ ਤੇ ਤੁੱਰਨ ਦਾ ਆਹਰ ਕਰੇ। ਉਸਦੇ ਮਨ ਵਿਚ ਤੀਬਰਤਾ ਹੋਵੇ ਕਿ ਉਸਨੇ ਆਪਣੇ ਆਪੇ ਦੀ ਪਛਾਣ ਕਰਨੀ। ਆਪਣੀ ਕਮੀਆਂ, ਕਮੀਨਗੀਆਂ ਤੇ ਕੁਤਾਹੀਆਂ ਨੂੰ ਚਿਤਾਰਨਾ। ਆਪਣੇ ਕੋਹਜਾਂ, ਕਪਟਾਂ ਤੇ ਕਰਤੂਤਾਂ ‘ਤੇ ਉਂਗਲ ਧਰਨੀ। ਅੰਤਰੀਵ ਵਿਚ ਪਨਪੇ ਝੂਠ, ਫਰੇਬ, ਠੱਗੀ, ਈਰਖਾ, ਘ੍ਰਿਣਾ ਅਤੇ ਨਫ਼ਰਤ ਦਾ ਪਤਾ ਲਗਾਉਣਾ। ਇਹ ਵੀ ਅਹਿਸਾਸ ਕਰਨਾ ਕਿ ਕਾਲਖੀ ਪਰਤਾਂ ਵਿਚ ਜਿਉਂਦਿਆਂ, ਉਸਦਾ ਅੰਦਰਲਾ ਮਨੁੱਖ ਚਾਨਣ ਨੂੰ ਤਰਸਦਾ। ਤਾਂ ਹੀ ਰੌਸ਼ਨੀ ਦੀ ਕਾਤਰ ਭਾਲਣ ਦੇ ਮਾਰਗ ‘ਤੇ ਤੁਰਨ ਦੀ ਚਾਹਨਾ ਉਸਦੇ ਮਨ ਵਿਚ ਪੈਦਾ ਹੋਵੇਗੀ। ਜਦ ਕੋਈ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਤਰੀਵ ਨੂੰ ਪੂਰਨ ਰੂਪ ਵਿਚ ਪਛਾਣ ਲੈਂਦਾ, ਹਨੇਰੇ ਖੂੰਝਿਆਂ ਦੀ ਨਿਸ਼ਾਨਦੇਹੀ ਕਰ ਲੈਂਦਾ ਤਾਂ ਇਹ ਮਨੁੱਖ ਦੀ ਬਾਹਰ ਤੋਂ ਅੰਦਰ ਨੂੰ ਕੀਤੀ ਯਾਤਰਾ ਦਾ ਸੱਭ ਤੋਂ ਸਫ਼ਲ ਸਫ਼ਰ ਹੁੰਦਾ। ਬਹੁਤ ਘੱਟ ਲੋਕ ਇਸ ਯਾਤਰਾ ਤੇ ਤੁੱਰਨ ਦਾ ਹੌਂਸਲਾ ਕਰਦੇ ਕਿਉਂਕਿ ਬੰਦੇ ਦੀ ਫਿਤਰਤ ਹੈ ਕਿ ਉਹ ਪਰਦਾਦਾਰੀ ਕਰਕੇ ਆਪਣਾ ਉਹ ਰੂਪ ਨਹੀਂ ਦਿਖਾਉਣਾ ਚਾਹੁੰਦਾ ਜਿਹੜਾ ਉਸਦਾ ਸੱਚ ਹੁੰਦਾ।
ਜਦ ਬੰਦੇ ਨੂੰ ਖੁਦ ਦਾ ਗਿਆਨ ਹੋ ਜਾਵੇ। ਉਹ ਆਪਣੇ ਆਪ ਦੇ ਰੂਬਰੂ ਹੋ, ਖੁLਦ ਸ਼ਰਮਿੰਦਾ ਨਾ ਹੋਵੇ ਤਾਂ ਉਸਦੀ ਰੂਹ ਪਾਕੀਜ਼ ਹੋ ਜਾਂਦੀ, ਚਾਨਣ ‘ਚ ਦੁੱਧ ਚਿੱਟੀ ਹੋ ਜਾਂਦੀ। ਇਹੀ ਚਾਨਣ ਫਿਰ ਅੰਦਰ ਤੋਂ ਬਾਹਰ ਦੇ ਸਫ਼ਰ ‘ਤੇ ਨਿਕਲਦਾ ਤਾਂ ਚਾਨਣ ਨਾਲ ਧੋਤੀਆਂ ਜਾਂਦੀਆਂ ਰਾਹਾਂ, ਫ਼ਿਜਾਵਾਂ ਅਤੇ ਥਾਵਾਂ। ਚਾਨਣ ਦਾ ਵਣਜਾਰਾ ਚਾਨਣ ਵੰਡਦਾ, ਹਰ ਗਲੀ ਨੁੱਕਰ ਜਾਂ ਵਿਹੜੇ ਵਿਚ ਧੁੱਪਾਂ ਦਾਨ ਦਿੰਦਾ। ਹਰੇਕ ਦੀਆਂ ਰਾਹਾਂ ਰੁੱਸ਼ਨਾਉਂਦਾ ਤਾਂ ਕਿ ਹਰ ਕੋਈ ਨਵੀਆਂ ਅਤੇ ਨਿਵੇਕਲੀਆਂ ਪੈੜਾਂ ਵਾਲਾ ਰਾਹਗੀਰ ਬਣ ਜਾਵੇ।
ਚਾਨਣ ‘ਚ ਰੱਤੇ ਫਕੀਰ ਦਾ ਇਹੀ ਕਰਮ ਹੁੰਦਾ ਕਿ ਉਹ ਬਹਿਰੇ ਕੰਨਾਂ, ਗੁੰਗੇ ਬੋਲਾਂ ਅਤੇ ਅੱਖਾਂ ਹੁੰਦਿਆਂ ਨੇਤਰਹੀਣ ਬਣਿਆਂ ਦੀਆਂ ਝੋਲੀਆਂ ਨੂੰ ਆਪਣੀਆਂ ਨਿਆਮਤਾਂ ਨਾਲ ਨਿਵਾਜਦਾ, ਜੀਵਨ ਨੂੰ ਜਿਊਣ-ਜੋਗਾ ਕਰ ਜਾਂਦਾ।
ਜੋ ਵੀ ਸਖਸ਼ ਜ਼ਿੰਦਗੀ ਦੀਆਂ ਇਨ੍ਹਾਂ ਦੋਵੇਂ ਰਾਹਾਂ ਦਾ ਰਾਹੀ ਬਣ ਕੇ ਇਨ੍ਹਾਂ ਨੂੰ ਆਪਣੀਆਂ ਸੁਖਨਵਰ ਪੈੜਾਂ ਨਾਲ ਨਿਵਾਜਦਾ ਅਤੇ ਆਪਣੇ ਨਕਸ਼ ਉਕਰਦਾ, ਉਹ ਰੌਸ਼ਨ ਚਿਰਾਗ ਬਣ ਕੇ ਸਮਾਜ, ਪਰਿਵਾਰ ਅਤੇ ਕੁਦਰਤ ਦਾ ਸੱਭ ਤੋਂ ਲਾਡਲਾ ਅਤੇ ਅਣਮੋਲ ਪੁੱਤ ਬਣਦਾ। ਸਭ ਦੀ ਖਿਦਮਤ ਨਾਲ ਸਰਬੱਤ ਦੇ ਭਲੇ ਦਾ ਗੁਣਗਾਣ ਆਪਣੇ ਹੋਠਾਂ ਦੇ ਨਾਮ ਲਾਉਂਦਾ ਅਤੇ ਜੀਵਨ ਯਾਤਰਾ ਨੂੰ ਸਫ਼ਲਾ ਬਣਾਉਂਦਾ।
ਕਦੇ ਖੁਦ ਦੀ ਤਲਾਸ ਵਿਚ ਨਿਕਲਿਆ ਕਰ, ਮਨਾਂ ਐਂਵੇਂ ਕਾਹਤੋਂ ਉਦਾਸ ਏਂ।
ਤੂੰ ‘ਕੇਰਾਂ ਚੱਲ ਤਾਂ ਸਹੀ ਵਕਤ ਨੂੰ ਵੀ ਤੇਰੇ ਵਰਗਿਆ ਤੋਂ ਹੀ ਕੁਝ ਆਸ ਏ।
