ਚੇਤਿਆਂ ‘ਚ ਵੱਸਿਆ ਹਰਭਜਨ ਸੋਹੀ ਅਤੇ ਇਨਕਲਾਬੀ ਨਕਸਲੀ ਲਹਿਰ ਦਾ ਰੋਮਾਂਸ-3

ਅਤਰਜੀਤ
ਇਸ ਲੇਖ ਵਿਚ ਅਤਰਜੀਤ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਅੰਦਰ ਨਕਸਲੀ ਲਹਿਰ ਦੇ ਉਸ ਮੁਢਲੇ ਦੌਰ ਵਿਚ ਹੀ ਪਾਰਟੀ ਦਾ ਇਕ ਭਾਰੀ ਧਿਰ ਹਥਿਆਰਬੰਦ ਘੋਲ ਦੇ ਨਾਂ ‘ਤੇ ਕਾਮਰੇਡ ਚਾਰੂ ਮੌਜ਼ਮਦਾਰ ਦੀ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਲਾਈਨ ਅਪਣਾ ਕੇ ਕਿਸ ਤਰ੍ਹਾਂ ਸਵੈ-ਆਤਮਘਾਤੀ ਨੀਤੀ ਦਾ ਸ਼ਿਕਾਰ ਹੋਣ ਲਗ ਪਈ ਸੀ।

ਇਹ ਲਾਈਨ ਅਗੋਂ ਕਿਸ ਕਿਸਮ ਦੇ ਭੰਬਲਭੂਸ ਨੂੰ ਜਨਮ ਦੇ ਰਹੀ ਸੀ। ਪੋ੍ਰ. ਹਰਭਜਨ ਸੋਹੀ ਤੇ ਉਸਦੇ ਚੰਦ ਸਾਥੀ ਲਹਿਰ ਨੂੰ ਅਜਿਹੇ ਕੁਰਾਹੇ ਪੈਣ ਤੋਂ ਰੋਕਣ ਦੀ ਵਾਹ ਤਾਂ ਬਥੇਰੀ ਲਾ ਰਹੇ ਸੀ, ਪਰੰਤੂ ਉਨ੍ਹਾਂ ਦੀ ਉਨ੍ਹਾਂ ਤੱਤ-ਪੜੱਤੇ ਦਿਨਾਂ ਵਿਚ ਬਹੁਤੀ ਕੋਈ ਵਾਹ-ਪੇਸ਼ ਬਹੁਤੀ ਜਾ ਨਹੀਂ ਰਹੀ ਸੀ।

ਚਾਰੂ ਗਰੁੱਪ ਦੇ ਸਾਥੀ ਮੇਰੇ ਉੱਪਰ ਹਾਵੀ ਹੋ ਗਏ, ਕਿਉਂਕਿ ਰਾਜਨੀਤਕ ਸੂਝ ਤੋਂ ਤਾਂ ਮੈਂ ਕੋਰਾ ਹੀ ਸਾਂ, ਬੇਸ਼ੱਕ ਅੱਜ ਵੀ ਕੋਈ ਵੱਡਾ ਦਾਅਵਾ ਨਹੀਂ ਕਰਦਾ ਕਿ ਮੈਂ ਰਾਜਨੀਤਕ ਤੌਰ ’ਤੇ ਪਰਪੱਕ ਹੋ ਗਿਆ ਹਾਂ| ਇਸ ਰਾਜਨੀਤਕ ਗੁੱਟਬੰਦੀ ਦੌਰਾਨ ਹਾਕਮ ਸਮਾਉਂ ਦੁਆਰਾ ਤਿਆਰ ਕੀਤੇ ਗੁਰੀਲੇ, ਐਕਸ਼ਨ ਤੇ ਐਕਸ਼ਨ ਕਰ ਕੇ ਮਾਹੌਲ ਨੂੰ ਗਰਮਾ ਰਹੇ ਸਨ| ਇਸੇ ਸਮੇਂ ਦੌਰਾਨ ਚਾਰੂ ਮੌਜੂਮਦਾਰ ਨੇ ਸੀ.ਪੀ.ਆਈ.(ਐਮ.ਐਲ.) ਦੀ ਸਥਾਪਨਾ ਦਾ ਐਲਾਨ ਕਰ ਦਿੱਤਾ| ਆਂਧਰਾ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਕਾਮਰੇਡ ਨਾਗੀ ਰੈਡੀ ਨੇ ਇਸ ਕਾਰਵਾਈ ਨੂੰ ਕਾਹਲੀ ਵਿਚ ਚੁੱਕਿਆ ਕਦਮ ਕਿਹਾ ਤੇ ਤਾਲਮੇਲ ਕਮੇਟੀਆਂ ਬਣਾਉਣ ਨੂੰ ਤਰਜੀਹ ਦਿੱਤੀ| ਸਾਰੇ ਰਾਜਾਂ ਵਿਚ ਬਣੀਆਂ ਤਾਲਮੇਲ ਕਮੇਟੀਆਂ ਦੁਆਰਾ ਆਪਸੀ ਵਿਚਾਰ-ਵਟਾਂਦਰਾ ਕਰ ਕੇ ਪਾਰਟੀ ਦੀ ਸਥਾਪਨਾ ਦਾ ਰਾਹ ਖੋਲ੍ਹਣਾ ਸੀ| ਇਸ ਤੋਂ ਉਲਟ ਕਾਮਰੇਡ ਚਾਰੂ ਮੌਜੂਮਦਾਰ ਦਾ ਆਪਹੁਦਰੇ ਤਰੀਕੇ ਨਾਲ ਹੀ ਪਾਰਟੀ ਐਲਾਨ ਦਾ ਤੀਰ ਤਾਂ ਕਮਾਣ ਵਿਚੋਂ ਨਿੱਕਲ਼ ਚੁੱਕਾ ਸੀ, ਜਿਸ ਦੇ ਵਿਰੋਧ ਵਿਚ ਕਾ. ਹਰਭਜਨ ਸੋਹੀ ਗਰੁੱਪ ਨੇ ਕਾ. ਨਾਗੀ ਰੈਡੀ ਵਾਲ਼ੀ ਪੁਜ਼ੀਸ਼ਨ ਨੂੰ ਸਵੀਕਾਰ ਕਰ ਲਿਆ ਅਤੇ ਜਨਤਕ ਜੱਥੇਬੰਦੀਆਂ ਉਸਾਰ ਕੇ ਮਜ਼ਬੂਤ ਲਹਿਰ ਉਸਾਰਨ ਦੀ ਵਕਾਲਤ ਕੀਤੀ|
ਮੈਂ ਦੁਚਿੱਤੀ ਵਿਚ ਕਦੇ ਸੋਹੀ ਵੱਲ ਵੇਖਦਾ ਤੇ ਕਦੇ ਹਾਕਮ ਸਮਾਉਂ ਦੀ ਜੁਝਾਰ ਲਹਿਰ ਵੱਲ| ਏਸੇ ਦੁਚਿੱਤੀ ਵਿਚ ਹੀ ਮੈਨੂੰ ਜਗਦੇਵ ਪਿੰਡ ਮਹਿਮੂਆਣੇ ਕਾਮਰੇਡ ਅਜੀਤ ਸਿੰਘ ਦੇ ਘਰ ਲੈ ਗਿਆ| ਅਜੀਤ ਸਿੰਘ ਬਹੁਤ ਹੀ ਗਰੀਬ ਕਿਸਾਨ ਸੀ| ਉੱਥੇ ਮੈਨੂੰ ਧੱਕੇ ਨਾਲ ਹੀ ਬਠਿੰਡਾ ਜ਼ਿਲ੍ਹੇ ਦਾ ਸਕੱਤਰ ਥਾਪ ਦਿੱਤਾ, ਭਾਵੇਂ ਮੈਂ ਅੰਤ ਤੱਕ ਇਸ ਦਾ ਵਿਰੋਧ ਵੀ ਕਰਦਾ ਰਿਹਾ| ਮੈਂ ਕਿਸੇ ਐਕਸ਼ਨ ਵਿਚ ਪਾ ਕੇ ਭੂਮੀਗਤ ਗੁਰੀਲਿਆਂ ਨਾਲ ਰਲਾਉਣ ਦੀ ਵਿਉਂਤ ਬਣ ਰਹੀ ਸੀ| ਉੱਥੋਂ ਹੀ ਅਜੀਤ ਸਿੰਘ ਮਹਿਮੂਆਣੇ ਨੇ ਆਪਣਾ ਖ਼ਰਾਬ ਹੋਇਆ ਰਿਵਾਲਵਰ ਅਤੇ ਤਿੰਨ ਹੋਰ ਰਿਵਾਲਵਰ ਮੇਰੇ ਹਵਾਲੇ ਕਰ ਕੇ ਕਿਹਾ-ਏਸ ਨੂੰ ਕਿਸੇ ਮਿਸਤਰੀ ਕੋਲ਼ੋਂ ਠੀਕ ਕਰਵਾ ਲਈਂ| ਮੈਂ ਉਹ ਰਿਵਾਲਵਰ ਰਾਮਪੁਰਾ ਫੂਲ ਦੇ ਮਿਸਤਰੀ ਗੱਜਾ ਸਿੰਘ ਨੂੰ ਦਿਖਾਇਆ, ਜਿਸ ਨੇ ਦੱਸ ਦਿੱਤਾ ਸੀ ਕਿ ਇਹ ਠੀਕ ਨਹੀਂ ਹੋ ਸਕਦਾ|
ਚਾਰੂ ਦੀ ਲਾਈਨ ਮੁਤਾਬਿਕ ਮੈਂ ਕਾਮਰੇਡ ਭੋਲਾ ਗੁਰੂ ਸਰ ਤੇ ਸੱਤਪਾਲ ਭਾਰਤੀ ਨਾਲ ਕਲਿਆਣਾ ਦੇ ਇਲਾਕੇ ਵਿਚ ਲੋਕਾਂ ਦੀਆਂ ਮੀਟਿੰਗਾਂ ਕਰਵਾਉਂਦਾ ਰਿਹਾ| ਦਿਨ ਛਿਪਦੇ ਨਾਲ ਵਿੰਗੀ ਜਿਹੀ ਪੱਗ ਅਤੇ ਚਾਦਰੇ ਵਿਚ ਮੈਂ ਉਨ੍ਹਾਂ ਦੇ ਨਾਲ ਨਿੱਕਲ਼ ਤੁਰਦਾ| ਕਲਿਆਣ ਮੱਲ ਕੀ ਦੇ ਡੇਰੇ ਦੀ ਫ਼ਾਲਤੂ ਪਈ ਜ਼ਮੀਨ ਤੇ ਇੱਕ ਵੱਡੀ ਝਿੜੀ ਨੂੰ ਸਾਫ਼ ਕਰ ਕੇ ਕਬਜ਼ਾ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ| ਅੱਠ-ਦਸ ਪਿੰਡਾਂ ਵਿਚ ਬੇਜ਼ਮੀਨੇ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਸਨ| ਵਿਹੜਿਆਂ ਦੇ ਲੋਕ ਲੜਨ-ਮਰਨ ਨੂੰ ਤਿਆਰ ਜਾਪਦੇ ਸਨ|
ਪੂਰੀ ਤਿਆਰੀ ਹੋ ਚੁੱਕੀ ਸੀ| ਅਗਲੇ ਇੱਕ-ਦੋ ਦਿਨਾਂ ਵਿਚ ਹੀ ਢੋਲ ਦੇ ਡੱਗੇ ’ਤੇ ਬੇਜ਼ਮੀਨੇ ਕਿਸਾਨਾਂ ਨੇ ਝਿੜੀ ’ਤੇ ਕਬਜ਼ਾ ਕਰਨਾ ਸੀ ਕਿ ਹਰਭਜਨ ਸੋਹੀ ਤੇ ਮੇਘ ਰਾਜ ਕਲਿਆਣ ਸੁੱਖੇ ਮੇਰੇ ਕੋਲ਼ ਆਏ| ਚਾਹ-ਪਾਣੀ ਪੀ ਕੇ ਕਹਿਣ ਲੱਗੇ-‘ਕਰੀਂ ਜੋ ਮਰਜ਼ੀ ਪਰ ਪਾਰਟੀ ਲਾਈਨ ਵਿਚ ਬਹੁਤ ਵੱਡਾ ਘਚੋਲ਼ਾ ਪੈ ਗਿਆ ਹੈ| ਅਜੇ ਸਾਨੂੰ ਤਾਂ ਕੁੱਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ| ਇਹ ਜ਼ਮੀਨ ਉੱਪਰ ਕਬਜ਼ਾ ਕਰਨ ਦਾ ਐਕਸ਼ਨ ਕਰਵਾ ਕੇ ਤੈਨੂੰ ਅੰਡਰਗਰਾਊਂਡ ਕਰਨ ਦੀ ਵਿਉਂਤ ਹੈ| ਅੰਡਰਗਰਾਊਂਡ ਹੋ ਕੇ ਵੀ ਕੁੱਝ ਨਹੀਂ ਨਿੱਕਲ਼ਣਾ| ਨੌਕਰੀ ’ਤੇ ਬਣੇ ਰਹਿਣ ਵਿਚ ਹੀ ਭਲਾਈ ਹੈ’ ਮੈਂ ਸਹਿਮਤ ਹੋ ਕੇ ਅਗਲੇ ਦਿਨੀਂ ਇਕੱਲਾ ਹੀ ਸਾਰੇ ਪਿੰਡੀਂ ਸੁਨੇਹੇ ਲਾ ਦਿੱਤੇ ਕਿ ਜ਼ਮੀਨ ਉੱਪਰ ਕਬਜ਼ਾ ਕਰਨ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ|
ਕਿਉਂਕਿ ਮੈਂ ਸਾਥੀਆਂ ਵਿਚ ਵਿਸ਼ਵਾਸਪਾਤਰ ਸਾਂ, ਮੈਨੂੰ ਸੁਨੇਹਾ ਮਿiਲ਼ਆ ਕਿ ਪਿੱਥੋ ਕਾਮਰੇਡ ਨਾਥੀ ਜ਼ੈਲਦਾਰ ਦੇ ਖੇਤ ਪਾਰਟੀ ਦਾ ਇਜਲਾਸ ਕਰਵਾਇਆ ਜਾ ਰਿਹਾ ਹੈ| ਰਾਤ ਦਾ ਸਮਾਂ ਮਿੱਥਿਆ ਗਿਆ ਸੀ| ਮੈਂ ਦਿਨ ਛਿਪਦੇ ਨਾਲ ਉੱਥੇ ਪਹੁੰਚ ਗਿਆ| ਲੱਕੜ ਦੀਆਂ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਇਕੱਤਰਤਾ ਹੋਣੀ ਸੀ| ਛੇ-ਸੱਤ ਜਣੇ ਇੱਕ ਪਾਸੇ ਜਿਹੇ ਬੈਠੇ ਆਪਸ ਵਿਚ ਕੋਈ ਗੱਲ ਕਰ ਰਹੇ ਦੋ-ਤਿੰਨ ਜਣਿਆਂ ਨੂੰ ਮੈਂ ਪਛਾਣਦਾ ਸਾਂ-ਹਰਭਜਨ ਸੋਹੀ, ਮੇਰਾ ਦਸਵੀਂ ਦਾ ਹਮਜਮਾਤੀ ਉਜਾਗਰ, ਸੱਤਪਾਲ ਭਾਰਤੀ, ਬਲਵੰਤ ਕੋਟਕਪੂਰਾ ਅਤੇ ਦੂਜੇ ਪਾਸੇ ਵਾਲੇ ਭੋਲਾ, ਜਗਦੇਵ, ਅਜੀਤ ਸਿੰਘ ਮਹਿਮੂਆਣਾ ਆਦਿ| ਸਾਰੀ ਰਾਤ ਵਿਚਾਰ ਚਰਚਾ ਹੁੰਦੀ ਰਹੀ| ਮੈਨੂੰ ਨੀਂਦ ਨੇ ਘੇਰੀ ਰੱਖਿਆ ਤੇ ਮੈਂ ਵਿਚਾਰ-ਚਰਚਾ ਸੁਣੀ ਹੀ ਨਹੀਂ ਸੀ ਸਕਿਆ| ਜਦੋਂ ਖ਼ਾਸਾ ਰੌਲ਼ਾ ਪੈ ਗਿਆ ਤਾਂ ਮੈਨੂੰ ਜਾਗ ਆ ਗਈ| ਹਰਭਜਨ ਗਰੁੱਪ ਕਹਿ ਰਿਹਾ ਸੀ ਕਿ ਹਾਕਮ ਸਮਾਉਂ ਹਾਜ਼ਰ ਨਹੀਂ ਹੋਇਆ| ਸ਼ਾਇਦ ਭੋਲਾ ਬੋਲਿਆ ਸੀ, ਉਹ ਹਥਿਆਰਾਂ ਦਾ ਪ੍ਰਬੰਧ ਕਰਨ ਗਿਆ ਹੋਇਐ| ਸੋਹੀ ਹੁਰਾਂ ਨੇ ਇਜਲਾਸ ਵਿਚ ਪਾਰਟੀ ਗਠਨ ਕਰਨ ਦਾ ਵਿਰੋਧ ਕੀਤਾ ਤਾਂ ਰੌਲ਼ਾ ਪੈ ਗਿਆ ਸੀ| ਇਹ ਸੱਤ ਜਣਿਆਂ ਦਾ ਗਰੁੱਪ ਸੀ| ਜਿਨ੍ਹਾਂ ਦਾ ਮੈਨੂੰ ਬਾਅਦ ਵਿਚ ਪਤਾ ਲੱਗਿਆ, ਹਰਦੇਵ ਭਗਤੂਆਣਾ ਜਿਸ ਨੂੰ ਹਰ ਕਹਿ ਕੇ ਬੁਲਾਇਆ ਜਾਂਦਾ ਸੀ, ਬਲਵੰਤ, ਠਾਣਾ ਆਦਿ| ਇਨ੍ਹਾਂ ਸੱਤਾਂ ਨੂੰ ਹੁਕਮ ਹੋਇਆ ਕਿ ਬਾਹਰ ਚਲੇ ਜਾਣ| ਜਦ ਉਹ ਉੱਠ ਕੇ ਬਾਹਰ ਜਾਣ ਲੱਗੇ ਤਾਂ ਕੋਈ ਜਣਾ ਉਨ੍ਹਾਂ ਦੇ ਨਾਲ ਹੀ ਚੱਲ ਪਿਆ, ਜਿਸ ਨੇ ਉਨ੍ਹਾਂ ਨੂੰ ਹੇਠਾਂ ਪਹਿਰੇ ’ਤੇ ਖੜ੍ਹੇ ਗੁਰੀਲਿਆਂ ਦੇ ਹਵਾਲੇ ਕਰ ਕੇ ਹਦਾਇਤ ਕੀਤੀ ਕਿ ਜਦ ਤੱਕ ਇਜਲਾਸ ਚੱਲਣਾ ਹੈ, ਇਨ੍ਹਾਂ ਨੂੰ ਆਪਣੀ ਨਿਗਰਾਨੀ ਵਿਚ ਬਿਠਾ ਕੇ ਰੱਖਣਾ ਹੈ| ਉਵੇਂ ਹੀ ਹੋਇਆ ਜਦੋਂ ਅਸੀਂ ਚੁਬਾਰੇ ਵਿਚੋਂ ਉੱਤਰੇ, ਉਨ੍ਹਾਂ ਨੂੰ ਜਾਣ ਦਿੱਤਾ ਗਿਆ|
1972 ਨੂੰ ਸ਼ਾਇਦ ਅਕਤੂਬਰ ਦਾ ਮਹੀਨਾ ਸੀ, ਲਹਿਰਾਂ ਦੇ ਗੱਦਾਰ ਜਗਦੇਵ ਮੰਡੇਰਨੇ (ਬੁਢਲਾਡਾ ਦੇ ਨਜ਼ਦੀਕ) ਦੀ ਮੁਖ਼ਬਰੀ ਕਾਰਨ ਮੇਰੀ ਗ੍ਰਿਫ਼ਤਾਰੀ ਹੋ ਗਈ| ਮੈਂ ਜਿਵੇਂ ਪੁਲਸੀਆਂ ਦੇ ਸਾਮ੍ਹਣੇ ਆਪ ਨੂੰ ਸਿੰਘ ਸੂਰਮਾ ਬਿਆਨ ਕਰਦਾ ਗਿਆ, ਡੀ. ਐੱਸ. ਪੀ. ਗੁਰਦਿਆਲ ਸਿੰਘ ਦੀ ਇੱਕੋ ਘੁਰਕੀ ਨੇ ਬੌਂਦਲ਼ਾ ਦਿੱਤਾ ਸਾਂ, ਜਦੋਂ ਉਸ ਨੇ ਕਿਹਾ ਸੀ-‘ਉਹ ਰਿਵਾਲਵਰ ਲਿਆ, ਜਿਹੜਾ ਤੇਰੇ ਭਰਾ ਨੇ ਅਲਵਰ ਛਾਉਣੀ ਤੋਂ ਚੋਰੀ ਕਰ ਕੇ ਤੈਨੂੰ ਲਿਆ ਕੇ ਦਿੱਤਾ ਸੀ| ਨਾਲੇ ਅੰਦਰ ਜਾ ਕੇ ਆਪਣੇ ਰਿਸ਼ਤੇਦਾਰ ਨੂੰ ਮਿਲ਼ ਲੈ|’ ਸੁਣ ਕੇ ਮੈਨੂੰ ਕਾਂਬਾ ਹੀ ਤਾਂ ਛਿੜ ਗਿਾਆ ਸੀ|
ਅੱਠੱਤੀ ਬੋਰ ਦਾ ਬਹੁਤ ਹੀ ਵਧੀਆ ਕਿਸਮ ਦਾ ਅਮਰੀਕਨ ਰਿਵਾਲਵਰ ਮੇਰੇ ਭਰਾ ਬਲਵਿੰਦਰ ਨੇ ਅਸਲਾਖਾਨੇ ਦੀ ਸਫ਼ਾਈ ਕਰਦਿਆਂ ਚੁਰਾ ਕੇ ਪਹਾੜੀ ਵਿਚ ਛੁਪਾ ਦਿੱਤਾ ਸੀ ਤੇ ਮੈਨੂੰ ਉਸ ਦੀ ਚਿੱਠੀ ਆਈ ਕਿ ਕਬੂਤਰ ਮਾਰ ਲਿਆ ਹੈ| ਵੱਡੀ ਕੁਰਬਾਨੀ ਕੀਤੀ ਸੀ ਛੋਟੀ ਜਿਹੀ ਉਮਰ ਦੇ ਨੌਜੁਆਨ ਨੇ| ਜਗਦੇਵ ਉਸ ਰਿਵਾਲਵਰ ਉੱਪਰ ਅੱਖ ਰੱਖਣ ਲੱਗਿਆ ਸੀ| ਇੱਕ ਵਾਰ ਉਹ ਮੈਥੋਂ ਲੈ ਵੀ ਗਿਆ| ਜਦ ਮੈਂ ਮੁੜਵਾਉਣ ਗਿਆ ਤਾਂ ਉਹ ਕੁੱਝ ਔਖਾ-ਭਾਰਾ ਵੀ ਹੋਇਆ ਸੀ| ਫਿਰ ਵੀ ਉਸ ਨੂੰ ਚੈਨ ਨਹੀਂ ਸੀ ਆ ਰਹੀ| ਉਹ ਦੁਆਬੀਏ ਜਗਜੀਤ ਸੋਹਲ ਦੇ ਨਾਲ ਸਾਡੇ ਘਰ ਮੰਡੀ ਕਲਾਂ ਆ ਧਮਕਿਆ-‘ਪਾਰਟੀ ਨੂੰ ਤੇਰੇ ਰਿਵਾਲਵਰ ਦੀ ਜ਼ਰੂਰਤ ਹੈ, ਇਹ ਇਸ ਕਾਮਰੇਡ ਦੇ ਹਵਾਲੇ ਕਰ ਦੇ| ਮੇਰੀ ਚੁੱਪ ਨੂੰ ਵੇਖ ਕੇ ਜਗਦੇਵ ਨੇ ਇੱਕ ਹੋਰ ਬੰਬ ਮੇਰੇ ਵੱਲ ਸੁੱਟਿਆ ਸੀ-‘ਜੇ ਨਾ ਦਿੱਤਾ ਤਾਂ ਪਾਰਟੀ ਤੇਰੇ ਉੱਪਰ ਐਕਸ਼ਨ ਕਰਕੇ ਲੈ ਜਾਊਗੀ| ਸੱਚ-ਮੁੱਚ ਹੀ ਇਹ ਬੰਬ ਜਿਵੇਂ ਮੇਰੇ ਸਿਰ ’ਤੇ ਫਟ ਗਿਆ ਸੀ| ਮੈਂ ਅੰਦਰੋਂ ਕੱਢ ਕੇ ਰਿਵਾਲਵਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ| ਚੀਜ਼ ਹੱਥ ਆਉਂਦਿਆਂ ਉਹ ਬਾਹਰੋਂ ਹੀ ਮੁੜ ਗਏ|
ਡੀ. ਐੱਸ. ਪੀ. ਦਾ ਇਹ ਬੋਲਿਆ ਵੀ ਮੇਰੇ ਸਿਰ ਵਿਚ ਬੰਬ ਦੀ ਤਰ੍ਹਾਂ ਹੀ ਫਟਿਆ ਸੀ ਤੇ ਮੈਂ ਪਾਣੀ ਮੰਗਣ ਲੱਗ ਪਿਆ ਸਾਂ| ਸਾਡੇ ਪਿੰਡੋਂ ਬਹੁਤ ਸਾਰੇ ਲੋਕ ਮੇਰੇ ਮਗਰ ਆਏ ਸਨ, ਕਿਉਂਕਿ ਉਹ੍ਹੀਂਂ ਦਿਨੀਂ ਹਾਕਮ ਸਮਾਉਂ ਦੁਆਰਾ ਕੀਤੇ ਜਾ ਰਹੇ ਐਕਸ਼ਨਾਂ ਦੇ ਬਦਲੇ ਬਾਦਲ ਸਰਕਾਰ ਦੀ ਹੱਲਾਸ਼ੇਰੀ ’ਤੇ ਪੁਲਿਸ ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰੀ ਜਾ ਰਹੀ ਸੀ| ਮੇਰੀ ਹਾਲਤ ਵੇਖ ਕੇ ਪੰਚਾਇਤ ਨਾਲ ਆਏ ਸਾਡੇ ਪਿੰਡ ਦੇ ਹੀ ਸੁੱਚਾ ਸਿੰਘ ਦਾਨੂੰ ਨੇ ਕਹਿ ਦਿੱਤਾ- ਦੇ ਦੇ ਜੇ ਹੈਗਾ| ਕੇਸ ਤੇਰੇ ’ਤੇ ਹੀ ਪਊ ਤੇਰੇ ਭਰਾ ’ਤੇ ਨਹੀਂ ਪੈਂਦਾ| ਬਲਵਿੰਦਰ ਛੁੱਟੀ ਕੱਟਣ ਆਇਆ ਹੋਇਆ ਸੀ| ਜਦੋਂ ਉਸ ਦਾ ਨਾਂ ਹੀ ਆ ਗਿਆ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ| ਇਹ ਖ਼ਿਆਲ ਕਰਕੇ ਮੇਰੀ ਤਾਂ ਜ਼ੁਬਾਨ ਜਿਵੇਂ ਤਾਲ਼ੂਏ ਨਾਲ ਚਿਪਕਦੀ ਜਾ ਰਹੀ ਸੀ| ਮੈਂ ਆਪਣੇ ਤਾਏ ਬਖਤੌਰ ਸਿੰਘ ਨੂੰ ਇੱਕ ਪਾਸੇ ਲਿਜਾ ਕੇ ਕਿਹਾ-‘ਫਲਾਣੇ ਪਿੰਡ ਫਲਾਣੇ ਮੁੰਡਿਆਂ ਦੇ ਖੇਤ ਵਿਚ ਭੋਲੇ ਹੁਰਾਂ ਦਾ ਅਸਲਾ ਦੱਬਿਆ ਪਿਆ ਹੈ, ਉਸ ਵਿਚ ਇੱਕ ਰਿਵਾਲਵਰ ਖ਼ਰਾਬ ਹੈ, ਉਹ ਲਿਆ ਦੇ|’ ਮੇਰਾ ਤਾਇਆ ਅਗਲੇ ਦਿਨ ਡੋਲੂ ਵਿਚ ਪਾ ਕੇ ਜਿਵੇਂ ਕਿਸੇ ਗੁਰੂ ਘਰ ਦੁੱਧ ਦੇਣ ਚੱਲਿਆ ਹੋਵੇ, ਅਜੀਤ ਸਿੰਘ ਮਹਿਮੂਆਣੇ ਦਾ ਰਿਵਾਲਵਰ ਲੈ ਆਇਆ ਸੀ| ਵਾਰ-ਵਾਰ ਮੰਡੇਰਨਿਆਂ ਦੇ ਜਗਦੇਵ ਦਾ ਮਨਹੂਸ ਚਿਹਰਾ ਅੱਜ ਵੀ ਸਾਮ੍ਹਣੇ ਆ ਰਿਹਾ ਹੈ| ਉਸ ਨੂੰ ਵਾਰ ਵਾਰ ਸੀ.ਆਈ.ਏ. ਦੇ ਦਫ਼ਤਰ ਬੁਲਾਇਆ ਜਾਂਦਾ ਤੇ ਫਿਰ ਫੌਰੀ ਬਾਅਦ ਮੈਨੂੰ| ਜਦ ਜਗਦੇਵ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਉਸ ਨੇ ਪੁਲਸ ਕੋਲ਼ ਸਭ ਉਗਲ ਦਿੱਤਾ ਕਿ ਮੇਰੇ ਕੋਲ਼ ਇੱਕ ਅਠੱਤੀ ਬੋਰ ਦਾ ਅਮਰੀਕਨ ਰਿਵਾਲਵਰ ਹੈ, ਜਿਸ ਵਿਚ ਉਸ ਨੇ ਬਲਵਿੰਦਰ ਨੂੰ ਨਾਲ ਉਲਝਾ ਲਿਆ| ਨਾਲ ਆਏ ਬੰਦਿਆਂ ਨੂੰ ਤਾਂ ਮੈਂ ਇੱਕ ਦਮ ਬਲਵਿੰਦਰ ਨੂੰ ਛੁੱਟੀ ਰੱਦ ਕਰ ਕੇ ਛਾਉਣੀ ਹਾਜ਼ਰ ਹੋਣ ਬਾਰੇ ਤਾਂ ਕਹਿ ਦਿੱਤਾ, ਪਰ ਉਹ ਰਿਵਾਲਵਰ ਮੈਂ ਕਿਥੋਂ ਬਰਾਮਦ ਕਰਵਾਉਂਦਾ, ਜਦੋਂ ਕਿ ਮੈਂ ਤਾਂ ਹੱਥ ਹੀ ਵਢਾ ਬੈਠਾ ਸਾਂ| ਮੈਂ ਐਨਾ ਹੰਢਿਆ ਹੋਇਆ ਤਜਰਬੇਕਾਰ ਵੀ ਨਹੀਂ ਸਾਂ ਕਿ ਕੋਈ ਬਹਾਨਾ ਘੜ ਲੈਂਦਾ| ਮੈਨੂੰ ਤਾਂ ਕੰਬਣੀ ਛਿੜੀ ਹੋਈ ਸੀ| ਮੈਂ ਡਰਦੇ ਨੇ ਅਜੀਤ ਸਿੰਘ ਮਹਿਮੂਆਣੇ ਦਾ ਛੇ ਗੋਲ਼ੀ ਦਾ ਖ਼ਰਾਬ ਹੋਇਆ ਰਿਵਾਲਵਰ ਪੇਸ਼ ਕਰ ਦਿੱਤਾ| ਜਦੋਂ ਰਾਮ ਸਿੰਘ ਇਨਸਪੈਕਟਰ ਨੇ ਜਗਦੇਵ ਨੂੰ ਬੁਲਾ ਕੇ ਰਿਵਾਲਵਰ ਦਿਖਾਇਆ ਤਾਂ ਉਸ ਨੇ ਸਾਫ਼ ਦੱਸ ਦਿੱਤਾ ਕਿ ਇਹ ਤਾਂ ਅਜੀਤ ਸਿੰਘ ਮਹਿਮੂਆਣੇ ਦਾ ਹੈ, ਇਸ ਨੇ ਉਹ ਰਿਵਾਲਵਰ ਪੇਸ਼ ਨਹੀਂ ਕੀਤਾ ਜੋ ਇਸ ਦੇ ਭਰਾ ਨੇ ਫੌਜੀ ਛਾਉਣੀ ਵਿਚੋਂ ਚੋਰੀ ਕੀਤਾ ਸੀ| ਫਿਰ ਸੋਲ਼ਾਂ ਦਿਨ ਜਗਦੇਵ ਮੈਨੂੰ ਤਸ਼ੱਦਦ ਦਾ ਸ਼ਿਕਾਰ ਬਣਵਾਉਂਦਾ ਰਿਹਾ|

ਜਦੋਂ ਗੁਰਚਰਨ ਸੈਂਸੀ ਥਾਣੇਦਾਰ ਕੁਰਸੀ ’ਤੇ ਬੈਠ ਕੇ ਮੈਨੂੰ ਆਪਣੇ ਮੂਹਰੇ ਬਿਠਾ ਕੇ ਭੈੜੇ ਜਿਹੇ ਦੰਦ ਕਿਰਚਦਾ, ਮੇਰੇ ਵਾਲ਼ ਨੋਚਦਾ ਤੇ ਦੋ ਡਾਢੇ ਮੋਟੇ ਸਿਪਾਹਟੇ ਘੋਟਣਾ ਲਾਉਂਦੇ ਜਾਂ ਲੱਤਾਂ ਪਾੜਦੇ ਤਾਂ ਇਹ ਸਾਰੀਆਂ ਗੱਲਾਂ ਮੇਰੇ ਹਲ਼ਕ ਵਿਚ ਆ ਜਾਂਦੀਆਂ| ਇਨ੍ਹਾਂ ਗੱਲਾਂ ਤੋਂ ਇਲਾਵਾ, ਪੂਰਾ ਇੱਕ ਦਿਨ ਤਾਂ ਇਸ ਗੱਲ ਉੱਪਰ ਹੀ ਕੁਟਾਪਾ ਚੜ੍ਹਦਾ ਰਿਹਾ ਕਿ ਜਿਸ ਦਿਨ ਪਾਰਟੀ ਦਾ ਇਜਲਾਸ ਹੋਇਆ ਸੀ, ਉਹ ਕਿਹੜੀ ਥਾਂ ਸੀ? ਮੈਂ ਕਹਿੰਦਾ ਰਿਹਾ ਕਿ ਮੈਨੂੰ ਤਾਂ ਕੋਈ ਅੱਖਾਂ ਬੰਨ੍ਹ ਕੇ ਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ| ਮੈਨੂੰ ਨਹੀਂ ਪਤਾ ਉਹ ਕਿਹੜੀ ਥਾਂ ਸੀ| ਪਿੱਥੋ ਨਾਥੀ ਜ਼ੈਲਦਾਰ ਦੇ ਫਾਰਮ ਦੇ ਚੁਬਾਰੇ ਵਿਚ ਇਜਲਾਸ ਹੋਇਆ ਸੀ, ਜਿਸ ਵਿਚ ਜਨਤਕ ਲਾਈਨ ਦੀ ਪੁਜ਼ੀਸ਼ਨ ਲੈਣ ਕਰਕੇ ਸੋਹੀ ਗਰੁੱਪ ਅਲਹਿਦਾ ਹੋ ਗਿਆ ਸੀ| ਉਹ ਥਾਂ ਵੀ ਮੇਰੇ ਹਲ਼ਕ ਵਿਚ ਆ ਜਾਂਦੀ ਸੀ ਪਰ ਮੈਂ ਜਿਵੇਂ ਲਵ ਨਾਲ ਹੀ ਅੰਦਰ ਲੰਘਾ ਜਾਂਦਾ ਸਾਂ| ਗੁਰਚਰਨ ਸੈਂਸੀ ਬੜਾ ਕਸਾਈ ਥਾਣੇਦਾਰ ਸੀ| ਜਦੋਂ ਮੈਂ ਟੱਸ ਤੋਂ ਮੱਸ ਨਾ ਹੋਇਆ ਤਾਂ ਇੱਕ ਪੁਲਸੀਆ ਆਪ ਹੀ ਬੋਲ ਪਿਆ-‘ਉਇ ਮਾਸਟਰਾ ਕਹਿ ਦੇ ਬਈ ਪਿੱਥੋ ਨਾਥੀ ਜ਼ੈਲਦਾਰ ਦੇ ਖੇਤ ਦਾ ਚੁਬਾਰਾ ਸੀ| ਮੰਨ ਜਾਣ ਤੋਂ ਛੁੱਟ ਹੁਣ ਹੋਰ ਕੋਈ ਚਾਰਾ ਨਹੀਂ ਸੀ ਰਿਹਾ| ਮੈਂ ਹਾਂ ਕਹਿ ਦਿੱਤੀ ਤਾਂ ਅਗਲੇ ਹੀ ਦਿਨ ਨਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| ਉਸ ਦਾ ਬਾਅਦ ਵਿਚ ਕੀ ਬਣਿਆ, ਕਿਵੇਂ ਬਚਿਆ, ਮੈਂ ਸ਼ਰਮ ਦਾ ਮਾਰਾ ਉਸ ਨੂੰ ਬਾਅਦ ਵਿਚ ਵੀ ਨਾ ਮਿiਲ਼ਆ| ਮੈਂ ਇਹ ਗੱਲ ਵੀ ਛੁਪਾ ਗਿਆ ਸਾਂ ਕਿ ‘ਚਾਰੂ ਗਰੁੱਪ’ ਦੁਆਰਾ ‘ਲੋਕ ਯੁੱਧ’ ਤੇਜ਼ ਕਰੋ ਦਾ ਇਸ਼ਤਿਹਾਰ ਮੈਂ ਹੀ ਨਾਥੀ ਦੇ ਨਾਲ ਭਗਤੇ ਤੋਂ ਲੈ ਕੇ ਰਾਮਪੁਰਾ ਫੂਲ ਤੱਕ ਲਗਵਾਏ ਸਨ| ਮੈਂ ਹੀ ਆਟੇ ਦੀ ਲੇਵੀ ਬਣਾਈ ਸੀ ਤੇ ਨਾਥੀ ਨਾਲ ਤੁਰ ਪਿਆ ਸੀ| ਇਸ ਗੱਲ ਦਾ ਜਗਦੇਵ ਨੂੰ ਪਤਾ ਨਹੀਂ ਸੀ| ਜਗਦੇਵ ਦੇ ਬੀਜ਼ੇ ਕੰਡੇ ਇੱਕ ਇੱਕ ਕਰਕੇ ਮੈਨੂੰ ਅੱਖਾਂ ਨਾਲ ਚੁਗਣੇ ਪੈ ਰਹੇ ਸਨ| ਕੁੱਝ ਦਿਨਾਂ ਬਾਅਦ ਇੱਕ ਚੰਗੇ ਨੇਕ ਦਿਲ ਸਿਪਾਹੀ ਨੇ ਮੈਨੂੰ ਕਿਹਾ ਸੀ-‘ਉਹ ਕੰਜਰ ਤੈਨੂੰ ਕੁਟਵਾਈ ਜਾਂਦੈ ਪਰ ਮਾਸਟਰ ਤੂੰ ਆਪਣਾ ਬਚਾ ਆਪ ਕਰ| ਜਦੋਂ ਤੇਰੇ ਘੋਟਣਾ ਲੱਗਦੈ ਜਾਂ ਲੱਤਾਂ ਪਾੜੀਆਂ ਜਾਣ, ਤੂੰ ਛੇਤੀ ਚੀਕਾਂ ਛੱਡ ਦਿਆ ਕਰ| ਅਸੀਂ ਹੁਕਮ ਬੱਧੇ ਗੁਲਾਮ ਹਾਂ, ਕਸਾਈ ਨਹੀਂ| ਬਾਅਦ ਵਿਚ ਇਹ ਗੁਰ ਮੇਰੇ ਬਹੁਤ ਕੰਮ ਆਇਆ|
ਮੈਨੂੰ ਹਵਾਲਾਤ ਛੱਡਣ ਦਾ ਹੁਕਮ ਹੋਇਆ ਤਾਂ ਮੈਨੂੰ ਇੱਕ ਪੁਲਸੀਏ ਦੇ ਕਮਰੇ ਵਿਚ ਬੰਦ ਕਰਨ ਲਈ ਬਾਹਰ ਕੱਢਣ ਲੱਗੇ ਤਾਂ ਮੈਂ ਵੇਖਿਆ ਕਿ ਵਿਹੜੇ ਵਿਚ ਮੰਜਾ ਵਿਛਾ ਕੇ ਸੁਹਣਾ ਬਿਸਤਰਾ ਕੀਤਾ ਜਾ ਰਿਹਾ ਹੈ| ਇੱਕ ਬਹੁਤ ਹੀ ਸੁਣੱਖੇ ਨੌਜੁਆਨ ਨੂੰ ਦੋ ਪੁਲਸੀਏ ਫੜ ਕੇ ਮੰਜੇ ’ਤੇ ਬਿਠਾ ਰਹੇ ਹਨ| ਪਾਠਕ ਇਸ ਨੂੰ ਅਤਿਕਥਨੀ ਨਾ ਸਮਝਣ| ਉੱਚ ਵਿਦਿਆ ਪ੍ਰਾਪਤ ਵਿਅਕਤੀ ਨੂੰ ਕਾਨੂੰਨ ਅਨਸਾਰ ਕਲਾਸ ਵੰਨ ਮਿਲ਼ਦੀ ਹੈ| ਪਹਿਲੀ ਨਜ਼ਰੇ ਮੈਂ ਪਛਾਣ ਨਾ ਸਕਿਆ| ਸੁੱਕ ਕੇ ਪਿੰਜਰ ਬਣਿਆ ਉਹ ਗੋਰਾ-ਚਿੱਟਾ, ਸੁਹਣੇ ਮੁਖੜੇ ਵਾਲਾ ਪਿਚਕੀਆਂ ਗੱਲ੍ਹਾਂ ਤਸ਼ੱਦਦ ਦਾ ਭੰਨਿਆ ਜਦੋ ਮੇਰੇ ਵੱਲ ਵੇਖ ਕੇ ਮੁਸਕ੍ਰਾਇਆ ਤਾਂ ਮੈਨੂੰ ਉਸ ਦੀ ਪਛਾਣ ਹੋਈ| ਉਹ ਹਰਭਜਨ ਸੋਹੀ ਸੀ ਜੋ ਕਿਸੇ ਤਰ੍ਹਾਂ ਪੁਲਸ ਦੇ ਅੜਿੱਕੇ ਚੜ੍ਹ ਗਿਆ ਸੀ| ਸੋਨੇ ਤਬੀਤ ਵਰਗਾ ਗੱਭਰੂ, ਜਿਸ ਦੀ ਪੁਲਸੀ ਤਸ਼ੱਦਦ ਨੇ ਇਹ ਹਾਲਤ ਕੀਤੀ ਸੀ, ਨੂੰ ਮੈਂ ਸਿਰ ਝੁਕਾ ਕੇ ਲਾਲ ਸਲਾਮ ਆਖੀ| ਮੈਂ ਜਦੋਂ ਲੱਤਾਂ ਘੜੀਸਦਾ ਉਹਦੇ ਕੋਲ਼ੋਂ ਲੰਘਿਆ ਤਾਂ ਉਸ ਦੀਆਂ ਅੱਖਾਂ ਵਿਚ ਤੈਰਦੀ ਹਮਦਰਦੀ ਦੀ ਪਰਤ ਵੇਖ ਕੇ ਮੇਰੀਆਂ ਅੱਖਾਂ ਵਿਚ ਕੋਸੇ-ਕੋਸੇ ਹੰਝੂ ਟਪਕ ਪਏ ਸਨ| ਦੂਜੇ ਹੀ ਦਿਨ ਉਸ ਨੇ ਇੱਕ ਪੁਲਸੀਏ ਦੇ ਹੱਥ ਸੁਨੇਹਾਂ ਦੇ ਕੇ ਮੈਨੂੰ ਗੁਸਲਖਾਨਿਆਂ ਵੱਲ ਬੁਲਾਇਆ| ਜਦ ਮੈਂ ਉਹਦੇ ਕੋਲ਼ ਗਿਆ ਤਾਂ ਉਹ ਕੰਧ ਦਾ ਸਹਾਰਾ ਲੈ ਕੇ ਖੜ੍ਹਾ ਡਾਵਾਂਡੋਲ ਹੁੰਦਾ ਜਿਹਾ ਮਾਲੂਮ ਹੋਇਆ| ਹਾਂ ਉਸ ਕੋਲ਼ੋਂ ਕੰਧ ਦਾ ਸਹਾਰਾ ਲਏ ਬਗੈਰ ਖੜ੍ਹਾ ਵੀ ਨਹੀਂ ਸੀ ਜਾ ਰਿਹਾ|
ਕੁੱਟ ਮਾਰ ਕਰ ਕੇ ਮੈਨੂੰ ਜਿਸ ਬੈਰਕ ਵਿਚ ਬੰਦ ਕੀਤਾ ਗਿਆ, ਮੈਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ| ਬਹੁਤ ਥੋੜ੍ਹੇ ਸਮੇਂ ਵਿਚ ਹੀ ਬੈਰਕ ਦੇ ਆਂਙਣ ਵਿਚ ਮੰਜਾ-ਬਿਸਤਰਾ ਵਿਛ ਗਿਆ ਤੇ ਇੱਕ ਗੋਰਾ-ਚਿੱਟਾ ਨੌਜੁਆਨ, ਕੇਵਲ ਹੱਡੀਆਂ ਦੀ ਮੁੱਠ ਉਸ ਮੰਜੇ ਉੱਪਰ ਲਿਆ ਬਿਠਾਇਆ ਗਿਆ| ਜਦ ਉਹ ਮੁਸਕ੍ਰਾਇਆ ਤਾਂ ਉਸ ਦੇ ਗੁਲਾਬੀ ਭਾਹ ਮਾਰਦੇ ਬੁੱਲ੍ਹਾਂ ਵਿਚ ਲਿਸ਼ਕਦੇ ਦੰਦ ਦੇਖ ਕੇ ਮੈਂ ਪਛਾਣ ਸਕਿਆ ਕਿ ਉਹ ਸੋੋਹੀ ਸੀ| ਮੈਨੂੰ ਇੱਕ ਪੁਲਸੀਏ ਦੇ ਕਮਰੇ ਵਿਚ ਤਾੜ ਦਿੱਤਾ ਗਿਆ| ਡਿਉਟੀ ’ਤੇ ਖੜ੍ਹੇ ਸਿਪਾਹੀ ਨੇ ਮੈਨੂੰ ਸੁਨੇਹਾ ਦਿੱਤਾ-‘ਮਾਸਟਰ! ਪਿਸ਼ਾਬ ਘਰ ਵਿਚ ਹਰਭਜਨ ਸਿੰਘ ਮਿਲ਼ਣਾ ਚਾਹੁੰਦੈ| ਫੇਰ ਵੱਡੇ ਅਫ਼ਸਰਾਂ ਨੇ ਆ ਜਾਣੈ| ਹੁਣ ਮਿਲ਼ਣ ਦਾ ਮੌਕਾ ਚਲਾ ਜਾਹ|’ ਮੈਂ ਘੋਟਣਿਆਂ ਦੀਆਂ ਪਿੰਜੀਆਂ ਲੱਤਾਂ ਘੜੀਸਦਾ ਪਿਸ਼ਾਬ ਘਰ ਚਲਾ ਗਿਆ, ਜਿੱਥੇ ਹਰਭਜਨ ਕੰਧ ਦਾ ਸਹਾਰਾ ਲੈ ਕੇ ਖੜ੍ਹਾ ਸੀ| ਉਹ ਏਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸ ਤੋਂ ਬਗੈਰ ਸਹਾਰੇ ਦੇ ਖੜ੍ਹਾ ਹੀ ਨਹੀਂ ਜਾ ਰਿਹਾ|
‘ਕਿਵੇਂ ਐਂ?’ ਉਸ ਨੇ ਮੇਰਾ ਮੋਢਾ ਥਪ-ਥਪਾਇਆ|
‘ਠੀਕ ਨਹੀਂ ਹਾਂ| ਮੈਥੋਂ ਸਹੀ-ਸਹੀ ਨਿਭਿਆ ਨਹੀਂ ਗਿਆ| ਕਮਜ਼ੋਰੀ ਦਿਖਾਈ ਗਈ ਹੈ ਮੇਰੇ ਕੋਲ਼ੋਂ|’ ਮੈਂ ਸਾਫ਼ ਹੀ ਇਕਬਾਲ ਕਰ ਲਿਆ| ਇਸ ਇਕਬਾਲਨਾਮੇ ਨਾਲ ਸਗੋਂ ਮੈਂ ਹੌਲ਼ਾ-ਫੁੱਲ ਮਹਿਸੂਸ ਕਰ ਰਿਹਾ ਸਾਂ|
‘ਮੈਨੂੰ ਪਤੈ ਸਾਰੀ ਗੱਲ ਦਾ| ਪੁਲਸ ਵਾਲੇ ਨੇ ਸਾਰੀ ਗੱਲ ਦੱਸ ਦਿੱਤੀ ਹੈ ਕਿ ਤੂੰ ਆਪਣੇ ਕੋਲ਼ੋਂ ਤਾਂ ਕੁੱਝ ਵੀ ਨਹੀਂ ਦੱਸਿਆ| ਜਗਦੇਵ ਦੇ ਦੱਸੇ ਹੋਏ ਨੂੰ ਹੀ ਮੰਨਿਆ ਹੈ| ਤੇਰੀ ਵੱਡੀ ਗੱਲ ਰਹੀ ਕਿ ਤੂੰ ਕਾਡਰ ’ਚੋਂ ਕਿਸੇ ਦਾ ਨਾਂ ਤੱਕ ਨਹੀਂ ਲਿਆ| ਇਹ ਵੀ ਤੇਰੀ ਬਹਾਦਰੀ ਹੀ ਹੈ|’ ਸੁਣ-ਸੁਣ ਕੇ ਮੈਂ ਸਗੋਂ ਹੋਰ ਨਿੱਘਰਦਾ ਜਾ ਰਿਹਾ ਸਾਂ ਕਿ ਸੋਹੀ ਮੇਰੀ ਕਮਜ਼ੋਰੀ ਨੂੰ ਵੀ ਬਹਾਦਰੀ ਕਹਿ ਰਿਹਾ ਹੈ| ਹਾਂ ਮੇਰੇ ਕੋਲ਼ੋਂ ਮਾਸਟਰ ਯਸ਼ ਪਾਲ ਬਾਰੇ ਪੁੱਛਿਆ, ਜਿਸ ਦਾ ਮੈਂ ਜਵਾਬ ਦਿੱਤਾ ਸੀ ਕਿ ਗੌਰਮਿੰਟ ਟੀਚਰਜ਼ ਯੂਨੀਅਨ ਵਿਚ ਸਰਗਰਮ ਹੈ ਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ| ਉਸ ਦੇ ਛੋਟੇ ਭਰਾਵਾਂ-ਮਨੋਹਰ, ਬਲਜੀਤ ਬੱਲੀ ਅਤੇ ਤਿੰਦਰੀ, ਉਨ੍ਹਾਂ ਦੀ ਭੈਣ ਪੁਸ਼ਪਾ, ਬਾਰੇ ਪੁੱਛਿਆ ਗਿਆ ਤਾਂ ਮੈਂ ਸਾਫ਼ ਕਹਿ ਦਿੱਤਾ ਸੀ ਕਿ ਉਨ੍ਹਾਂ ਨਾਲ ਮੇਰੀ ਕੋਈ ਜਾਣ-ਪਛਾਣ ਨਹੀਂ| ਮੈਂ ਹੋਰ ਕੀਹਦੇ ਕੀਹਦੇ ਕੋਲ਼ ਰਾਤਾਂ ਰਿਹਾ? ਕਿਸੇ ਐਕਸ਼ਨ ਵਿਚ ਸ਼ਾਮਲ ਹੋਇਆ ਜਾਂ ਨਾ? ਹੁਣ ਤੱਕ ਕਿੰਨੇ ਰੌਂਦ ਚਲਾਏ ਹਨ| ਭਾਵੇਂ ਮੈਂ ਕਿਸੇ ਐਕਸ਼ਨ ਬਗੈਰਾ ਵਿਚ ਤਾਂ ਸ਼ਾਮਲ ਨਹੀਂ ਸੀ ਹੋਇਆ ਪਰ ਭੋਲੇ ਨਾਲ ਤਾਂ ਮੈਂ ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਦਰਜਨਾਂ ਹੀ ਪਰਿਵਾਰਾਂ ਵਿਚ ਰਾਤਾਂ ਕੱਟੀਆਂ ਸਨ| ਮੈਨੂੰ ਯਾਦ ਆਉਂਦਾ ਹੈ, ਇਕ ਘਰ ਵਿਚ ਤਾਂ ਸਾਡੀ ਏਨੀ ਸੇਵਾ ਕੀਤੀ ਗਈ ਕਿ ਉਹ ਯਾਦਾਂ ਵਿਚ ਰਹੀ ਹੈ| ਘਰ ਦਾ ਮੁਖੀ ਦੁਕਾਨ ਤੋ ਲਕਸ ਸਾਬਣ ਲੈ ਕੇ ਆਇਆ ਤੇ ਅੰਦਰੋਂ ਨਵਾਂ ਪਰਨਾ ਦੇ ਕੇ ਬੋਲਿਆ ਸੀ-‘ਕੀ ਪਤੈ ਇਹ ਕਿੰਨੇ ਕੁ ਦਿਨਾਂ ਦੇ ਮਹਿਮਾਨ ਨੇ|’ ‘ਏਸ ਸਿਪਾਹੀ ਨੇ ਜੀਹਨੇ ਤੈਨੂੰ ਇੱਥੇ ਭੇਜਿਐ, ਸਾਰੀ ਗੱਲ ਦੱਸ ਦਿੱਤੀ ਹੈ| ਸਿਪਾਹੀ ਬਹੁਤ ਨੇਕ ਦਿਲ ਹੈ| ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ| ਮੈਂ ਬੁਲਾਉਨਾ ਜਗਦੇਵ ਨੂੰ| ਉਸ ਦੀ ਖਿਚਾਈ ਕਰਦਾ ਹਾਂ ਕਿ ਕਿਉਂ ਵਾਰ-ਵਾਰ ਰਿਮਾਂਡ ਦਿਵਾ ਕੇ ਤੇਰੀ ਇਹ ਹਾਲਤ ਕਰੀ ਜਾਂਦੈ?’ ਮੇਰੇ ਦੁਆਲ਼ੇ ਬਾਂਹ ਵਲ਼ ਕੇ ਉਸ ਨੇ ਮੈਨੂੰ ਵਾਪਸ ਭੇਜ ਦਿੱਤਾ| ਫਿਰ ਮੇਰੇ ਸਾਮ੍ਹਣੇ ਹੀ ਪੁਲਸ ਵਾਲੇ ਨੇ ਜਗਦੇਵ ਨੂੰ ਭੇਜ ਦਿੱਤਾ| ਜਗਦੇਵ ਨਾਲ ਸੋਹੀ ਨੇ ਕੀ ਗੱਲਾਂ ਕੀਤੀਆਂ, ਮੈਂ ਕਹਿ ਨਹੀਂ ਸਕਦਾ| ਪਰ ਇਹ ਪੱਕ ਸੀ ਕਿ ਉਸ ਨੂੰ ਬੁਰੀ ਤਰ੍ਹਾਂ ਲਾਹਣਤ ਪਾਈ ਗਈ ਸੀ| ਅਗਲੇ ਦਿਨ ਹੀ ਸਾਡੀ ਅਦਾਲਤ ਵਿਚ ਪੇਸ਼ੀ ਸੀ| ਉਸ ਪੇਸ਼ੀ ਮੌਕੇ ਸਾਨੂੰ ਜੁਡੀਸ਼ਲ ਰਿਮਾਂਡ ’ਤੇ ਭੇਜ ਕੇ ਸੈਂਟਰਲ ਜੇਲ੍ਹ ਦੀਆਂ ਫਾਂਸੀ ਚੱਕੀਆਂ ਵਿਚ ਬੰਦ ਕਰ ਦਿੱਤਾ ਗਿਆ ਸੀ, ਖੂੰਖਾਂਰ ਅਪਰਾਧੀਆਂ ਨੂੰ| ਚੱਕੀ ਬੰਦ ਹੁੰਦੇ ਸਾਰ ‘ਕਾਮਰੇਡ ਜਗਦੇਵ ਮੰਡੇਰਨੇ’ ਨੇ ਨਾਅਰਾ ਲਾਇਆ-‘ਕਾਮਰੇਡ ਚੇਅਰਮੈਨ ਮਾਉ ਸਾਡਾ ਚੇਅਰਮੈਨ|’!!!!!
ਮੈਂ ਚੁੱਪ ਰਿਹਾ ਸਾਂ| ਹਰਭਜਨ ਸੋਹੀ ਨਾਲ ਬਾਅਦ ਵਿਚ ਕੀ ਬਣਿਆ? ਮੈਂ ਨਹੀਂ ਜਾਣ ਸਕਿਆ| ਚਿਰ ਬਾਅਦ ਪਤਾ ਲੱਗਿਆ ਸੀ ਕਿ ਉਸ ਦੀ ਜਮਾਨਤ ਬੜੀ ਮੁਸ਼ਕਲ ਹੋਈ ਸੀ| ਜਮਾਨਤ ਹੁੰਦੇ ਸਾਰ ਉਸ ਨੇ ਫਿਰ ਆਪਣੀਆਂ ਗਤੀਵਿਧੀਆਂ ਆਰੰਭ ਦਿੱਤੀਆਂ ਸਨ|
ਸੋਹੀ ਨੇ ਸਾਰੀ ਗੱਲ ਆਪਣੇ ਕਿਸੇ ਸਰੋਤ ਰਾਹੀਂ ਬਾਹਰ ਭੇਜ ਦਿੱਤੀ ਸੀ ਤੇ ਮੇਰੇ ਨਾਲ ਤਾਲਮੇਲ ਕਰਨ ਲਈ ਇੱਕ ਪ੍ਰਕਾਰ ਦੀ ਹਦਾਇਤ ਕਰ ਦਿੱਤੀ ਜਾਪਦੀ ਸੀ| ਜਦੋਂ ਹੀ ਸਾਡੀਆਂ ਜ਼ਮਾਨਤਾਂ ਹੋਈਆਂ ਤੇ ਅਸੀਂ ਬਾਹਰ ਆਏ ਤਾਂ ਯੂਅਰਜ਼ ਅਕੈਡਮੀ ਚਲਾ ਰਹੇ ਮੇਰੇ ਹਮ-ਜਮਾਤੀ ਅਤੇ ਮਾਸਟਰ ਯਸ਼ਪਾਲ ਦੇ ਵੱਡੇ ਭਰਾ ਮਨੋਹਰ ਨੇ ਮੈਨੂੰ ਸੁਨੇਹਾਂ ਲਾ ਕੇ ਅਕੈਡਮੀ ਵਿਚ ਬੁਲਾਇਆ| ਉਸ ਨੇ ਮੈਨੂੰ ਬੜੇ ਆਦਰ ਨਾਲ ਬਿਠਾਇਆ| ਚਾਹ ਮੰਗਵਾਈ ਤੇ ਗੱਲਾਂ-ਗੱਲਾਂ ਵਿਚ ਹਾਲ-ਹਵਾਲ ਪੁੱਛਦਿਆਂ ਕਹਿਣ ਲੱਗਿਆ-‘ਸਾਰੀ ਗੱਲ ਸਾਡੇ ਕੋਲ਼ ਅੱਪੜ ਗਈ ਹੈ, ਦੁਹਰਾਉਣ ਦੀ ਜ਼ਰੂਰਤ ਨਹੀਂ| ਮੇਰੀ ਪਾਰਟੀ ਨੇ ਡਿਊਟੀ ਲਗਾਈ ਹੈ ਕਿ ਮੈਂ ਤੈਨੂੰ ਪੁੱਛਾਂ ਕਿ ਅੱਗੋਂ ਲਈ ਤੂੰ ਕਿਵੇਂ ਸੋਚਦੈਂ?’ ਸੁਣ ਕੇ ਮੇਰੀ ਨੀਵੀਂ ਪੈ ਗਈ| ਮੈਂ ਬੇਬਾਕੀ ਨਾਲ ਉੱਤਰ ਦਿੱਤਾ-‘ਮਨੋਹਰ ਗ੍ਰਿਫ਼ਤਾਰੀ ਸਮੇਂ ਜਿਵੇਂ ਮੈਂ ਪੁਲਸ ਵਾiਲ਼ਆਂ ਕੋਲ਼ ਵੱਡੀਆਂ ਫੜ੍ਹਾਂ ਮਾਰਦਾ ਸਾਂ, ਮੈਂ ਪੂਰਾ ਨਹੀਂ ਉੱਤਰ ਸਕਿਆ|’ ਮੈਂ ਅਜੇ ਪੂਰੀ ਗੱਲ ਆਖੀ ਵੀ ਨਹੀਂ ਸੀ ਕਿ ਉਹ ਵਿਚਕਾਰੋਂ ਟੋਕ ਕੇ ਬੋਲਿਆ ਸੀ-‘ਸਾਰੀ ਗੱਲ ਦਾ ਸਾਨੂੰ ਪਤੈ| ਮੈਨੂੰ ਇਹ ਕਿਹਾ ਗਿਆ ਹੈ ਕਿ ਮੈਂ ਤੈਨੂੰ ਇਹ ਪੁੱਛਾਂ ਬਈ ਹੁਣ ਤੂੰ ਕਿਵੇਂ ਸੋਚਦੈਂ?’ ਉਹ ਮੇਰੇ ਕੋਲ਼ੋਂ ਕੀ ਕੁਰੇਦਣਾ ਚਾਹੁੰਦਾ ਸੀ?-ਮੇਰਾ ਦਿਮਾਗ਼ ਸੁੰਨ ਜਿਹਾ ਹੋਇਆ ਪਿਆ ਸੀ|
‘ਮੈਂ ਕੀ ਸੋਚਣਾ ਸੀ?-ਸਾਰੇ ਪਾਸੀਂ ਮੇਰੀ ਕਮਜ਼ੋਰੀ ਦੇ ਢੋਲ ਕੁੱਟੇ ਜਾ ਰਹੇ ਨੇ| ਗੱਦਾਰੀ ਭਗੌੜਾ ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਜਾ ਰਿਹਾ ਹੈ| ਮੈਂ ਕਿਤੇ ਖੜ੍ਹਨ ਬੈਠਣ ਜੋਗਾ ਵੀ ਨਹੀਂ ਰਿਹਾ|’
‘ਅਤਰਜੀਤ ਤੈਂ ਕੋਈ ਗੱਦਾਰੀ ਨਹੀਂ ਕੀਤੀ| ਪਾਰਟੀ ਤੇਰੇ ਕੋਲ਼ੋਂ ਉਮੀਦ ਰੱਖਦੀ ਹੈ ਕਿ ਤੂੰ ਆਪਣੇ ਬਾਰੇ ਫਿਰ ਤੋਂ ਵਿਚਾਰ ਕਰੇਂ| ਸੋਹੀ ਨੇ ਖ਼ਾਸ ਕਰਕੇ ਤੇਰੇ ਬਾਰੇ ਚੰਗੀ ਰਿਪੋਰਟ ਭੇਜੀ ਹੈ, ਬਾਹਰ|’ ਕੁਮਲ਼ਾਉਂਦੇ ਜਾ ਰਹੇ ਚਿਹਰੇ ਨੂੰ ਥੋੜ੍ਹੀ ਢਾਰਸ ਮਿਲ਼ੀ| ਇਹਦਾ ਮਤਲਬ ਪਾਰਟੀ ਇਸ ਵਰਤਾਰੇ ਨੂੰ ਸਾਧਾਰਨ ਰੂਪ ਵਿਚ ਲੈ ਰਹੀ ਸੀ| ਮੈਂ ਤਾਜ਼ਾ-ਤਾਜ਼ਾ ਭਾਂਜ ਨਾਵਲ ਪੜ੍ਹਿਆ ਸੀ| ਰੂਸੀ ਫੌਜਾਂ ਨੂੰ ਹਾਰ ਦਾ ਸਾਮ੍ਹਣਾ ਕਰਨਾ ਪਿਆ ਤਾਂ ਭੱਜੀਆਂ ਜਾਂਦੀਆਂ ਫੌਜਾਂ, ਜੋ ਚੀਜ਼ ਵੀ ਹੱਥ ਲੱਗਦੀ ਸੰਭਾਲ਼ਦੀਆਂ ਜਾਂਦੀਆਂ ਹਨ, ਗੋਲ਼ੀ-ਸਿੱਕਾ, ਅਨਾਜ ਆਦਿ ਸਭ ਕੁੱਝ| ਇਸ ਲਈ ਕਿ ਇਹ ਚੀਜ਼ਾਂ ਦੁਸ਼ਮਣ ਦੇ ਹੱਥ ਨਾ ਆ ਜਾਣ| ਮੁੜ ਤਾਕਤ ਇਕੱਤਰ ਕਰਕੇ ਦੁਸ਼ਮਣ ਉੱਪਰ ਹਮਲਾ ਕਰਦੀਆਂ ਹਨ, ਤੇ ਦੁਸ਼ਮਣ ਦੇ ਪੈਰ ਉਖੇੜ ਦਿੰਦੀਆਂ ਹਨ| ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ| ਇੱਕ ਜੁਆਨ ਜੋ ਲੜਾਈ ਦੇ ਮੈਦਾਨ ਵਿਚ ਕਮਜ਼ੋਰੀ ਦਿਖਾ ਗਿਆ ਸੀ, ਨਿੰਮੋਝੂਣਾ ਹੋਇਆ, ਨਮੋਸ਼ੀ ਵਿਚ ਨੀਵੀਂ ਪਾਈ ਬੈਠਾ ਹੈ| ਆਪਣੇ ਆਪ ਦੇ ਅੱਗੇ ਹੀ ਸ਼ਰਮਸ਼ਾਰ| ਕਮਾਂਡਰ ਸਟੇਜ਼ ਤੋਂ ਉਸ ਦਾ ਨਾਂ ਲੈ ਕੇ ਬੁਲਾਉਂਦਾ ਹੈ ਤੇ ਸਟੇਜ਼ ’ਤੇ ਆ ਕੇ ਪੁਰਸਕਾਰ ਪ੍ਰਾਪਤ ਕਰਨ ਦਾ ਸੱਦਾ ਦਿੰਦਾ ਹੈ| ਜੁਆਨ ਪੁਰਸਕਾਰ ਲੈਣ ਦੀ ਦੁਚਿੱਤੀ ਵਿਚ ਹੈ-ਕਾਹਦਾ ਪੁਰਸਕਾਰ| ਉਸ ਨੇ ਕੀ ਕੀਤਾ ਹੈ, ਜਿਸ ਲਈ ਉਸ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ? ਸਟੇਜ਼ ’ਤੇ ਆਉਣ ਲਈ ਉਸ ’ਤੇ ਦਬਾਅ ਪਾਇਆ ਜਾਂਦਾ ਹੈ| ਉਸ ਨੂੰ ਜ਼ਬਰਦਸਤੀ ਸਟੇਜ਼ ’ਤੇ ਲਿਆ ਕੇ ਸਨਮਾਨਤ ਕੀਤਾ ਜਾਂਦਾ ਹੈ| ਜੰਗ ਤਾਂ ਅਜੇ ਜਾਰੀ ਹੈ, ਦੁਸ਼ਮਣ ਤਾਂ ਅਜੇ ਵੀ ਮੁਲਕ ਦੇ ਬਹੁਤੇ ਹਿੱਸੇ ਵਿਚ ਖੂਨ ਦੀ ਖੇਡ ਰਿਹਾ ਹੈ|
ਉਹ ਜੁਆਨ ਦੁਬਾਰਾ ਮੋਰਚੇ ’ਤੇ ਜਾਂਦਾ ਹੈ| ਪਿੱਛਲੇ ਸਾਰੇ ਧੋਣੇ ਧੋਣ ਲਈ ਦੁਸ਼ਮਣ ਨਾਲ ਟੱਕਰ ਲੈਂਦਾ ਆਖ਼ਰ ਰਣ ਤੱਤੇ ਵਿਚ ਜੂਝਦਾ ਦਿਖਾਇਆ ਗਿਆ| ਜੇਕਰ ਉਸ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਹੀਣਤਾ ਵਾਲੇ ਸੰਤਾਪ ਵਿਚੋਂ ਬਾਹਰ ਕੱਢਿਆ ਨਾ ਦਿਖਾਇਆ ਜਾਂਦਾ ਤਾਂ ਅਜਿਹੀਆਂ ਹਾਲਤਾਂ ਵਿਚ ਆਤਮਘਾਤ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੁੰਦਾ| ਇਹ ਹੈ ਕਮਿਊਨਿਸਟ ਵਿਚਾਰਧਾਰਾ ਦੀ ਵਿਗਿਆਨਕਤਾ| ਬੀਮਾਰ ਨੂੰ ਮਾਰਨਾ ਨਹੀਂ, ਜਿਵੇਂ ਚਾਰੂ ਗਰੁੱਪ ਦੇ ਸਾਥੀ ਕਰ ਰਹੇ ਸਨ। ਮਰੀਜ਼ ਦਾ ਇਲਾਜ਼ ਹੀ ਅਸਲ ਵਿਗਿਆਨਕ ਦ੍ਰਿਸ਼ਟੀਕੋਣ ਹੈ, ਜੋ ਨਾਗੀ ਰੈਡੀਏ ਅਪਣਾ ਰਹੇ ਸਨ| ਇਹ ਸੋਹੀ ਗਰੁੱਪ ਦੀ ਦਰਿਆ ਦਿਲੀ ਦਾ ਸਬੂਤ ਸੀ, ਜੋ ਉਨ੍ਹਾਂ ਨੇ ਮੇਰੇ ਸਬੰਧ ਵਿਚ ਦਿਖਾਇਆ| ਸੋਹੀ ਦੀ ਲਾਈਨ ਮੁਤਾਬਿਕ ਮੈਨੂੰ ਪੈਰਾਂ-ਭਾਰ ਖੜ੍ਹਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਸੀ| ਮੇਰੇ ਅੰਦਰ ਜਿੰਨਾ ਕੁ ਅਤਰਜੀਤ ਬਚ ਸਕਿਆ ਸੀ, ਉਸ ਨੂੰ ਬਚਾਉਣ ਦੀ ਨੀਤੀ ਅਪਣਾਈ ਜਾ ਰਹੀ, ਨਾ ਕਿ ਬਾਕੀ ਬਚੇ ਨੂੰ ਰੌਂਦ ਕੇ ਛਾਤੀ ’ਤੇ ਪੈਰ ਰੱਖ ਕੇ ਲੰਘ ਜਾਇਆ ਜਾਵੇ, ਜਿਵੇਂ ਚਾਰੂ ਗਰੁੱਪ ਵਾਲੇ ਖੋਖਰ ਵਾਲੇ ਬੋਘੜ ਤੇ ਲਹਿਰੇ ਮੁਹੱਬਤ ਵਾਲੇ ਪਾਲੇ ਨੂੰ ਮੂਹਰੇ ਲਾ ਕੇ ਮਾਰਨ ਦੀਆਂ ਚਾਲਾਂ ਚੱਲ ਰਹੇ ਸਨ| ਮੇਰੇ ਵੱਲੋਂ ਦਿਖਾਈ ਕਮਜ਼ੋਰੀ ਦੀ ਕਵੀਸ਼ਰੀ ਜੋੜ ਕੇ ਥਾਂ ਥਾਂ ਦੁਹਰਾਈ ਜਾ ਰਹੀ ਸੀ|(ਚਲਦਾ)