ਜਲੰਧਰ:ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਪਿਛਲੇ ਦਿਨੀਂ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਹਾਈਵੇ ‘ਤੇ ਗ਼ਲਤ ਯੂ-ਟਰਨ ਲੈਣ ਕਾਰਨ ਵਾਪਰੇ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਸੜਕਾਂ ‘ਤੇ ਰਾਤ-ਦਿਨ ਟਰੱਕ ਚਲਾਉਣ ਵਾਲੇ ਲਗਪਗ 1.50 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਗਈ ਹੈ।
ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਰਕਰ ਵੀਜ਼ੇ ‘ਤੇ ਤੁਰੰਤ ਪ੍ਰਭਾਵ ਨਾਲ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਲਗਾਤਾਰ ਵਧਦੀ ਗਿਣਤੀ ਨੇ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ। ਵਰਕ ਵੀਜ਼ਾ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ‘ਤੇ ਰੋਕ ਨਾਲ ਪੰਜਾਬੀ ਡਰਾਈਵਰਾਂ ‘ਤੇ ਇਸ ਦਾ ਅਸਰ ਪੈਣਾ ਤੈਅ ਹੈ। ਅਮਰੀਕਾ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ ‘ਤੇ ਰੋਕ ਲਗਾਉਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਹਲਚਲ ਸ਼ੁਰੂ ਹੋ ਗਈ ਹੈ।
ਪੰਜਾਬ ‘ਚ ਭਾਰੀ ਵਾਹਨਾਂ ਦੀ ਡਰਾਈਵਿੰਗ ਸਿੱਖ ਰਹੇ ਪੰਜਾਬੀਆਂ ਦੀ ਪਹਿਲੀ ਪਸੰਦ ਅਮਰੀਕਾ ਬਣਿਆ ਹੋਇਆ ਹੈ। ਅਮਰੀਕਾ ‘ਚ ਟਰੱਕ ਡਰਾਈਵਰਾਂ ਨੂੰ ਤਨਖ਼ਾਹ ਉਨ੍ਹਾਂ ਦੇ ਤਜਰਬੇ, ਕੰਮ ਦੇ ਘੰਟਿਆਂ ਤੇ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਦੇ ਆਧਾਰ ‘ਤੇ ਮਿਲਦੀ ਹੈ। ਇਕ ਡਰਾਈਵਰ ਜਿਹੜਾ ਰੋਜ਼ਾਨਾ 500 ਤੋਂ 600 ਮੀਲ ਟਰੱਕ ਚਲਾ ਸਕਦਾ ਹੈ, ਉਹ ਹਰ ਮਹੀਨੇ ਪੰਜ ਤੋਂ ਛੇ ਲੱਖ ਰੁਪਏ (ਸੱਤ ਹਜ਼ਾਰ ਤੋਂ ਅੱਠ ਹਜ਼ਾਰ ਡਾਲਰ) ਕਮਾ ਸਕਦਾ ਹੈ। ਕੁਝ ਟਰੱਕ ਡਰਾਈਵਰਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਮਿਲਦਾ ਹੈ ਜਿਹੜਾ ਔਸਤਨ 1680 ਤੋਂ 2520 ਰੁਪਏ ਹੁੰਦਾ ਹੈ।
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੇ ਕੈਨੇਡਾ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਅਮਰੀਕਾ ਦੀ ਰੋਕ ‘ਤੇ ਕੈਨੇਡਾ ਨੇ ਧਿਆਨ ਨਹੀਂ ਦਿੱਤਾ ਤਾਂ ਅਜਿਹੀਆਂ ਪਾਬੰਦੀਆਂ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਵੀ ਭੁਗਤਣੀਆਂ ਪੈ ਸਕਦੀਆਂ ਹਨ, ਇਸ ਲਈ ਕੈਨੇਡਾ ਵਿਚ ਪਰਵਾਸੀ ਡਰਾਈਵਰਾਂ ਨਾਲ ਜੁੜੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇੱਧਰ, ਪੰਜਾਬ ਦੀ ਸਿਆਸਤ ‘ਚ ਪਰਵਾਸੀ ਭਾਰਤੀਆਂ ਦਾ ਹਮੇਸ਼ਾ ਤੋਂ ਹੀ ਦਬਾਅ ਰਿਹਾ ਹੈ ਜਿਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ, ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਗੇ ਸਾਰੇ ਵਿਦੇਸ਼ੀ ਟਰੈਂਕ ਡਰਾਈਵਰਾਂ ਦੇ ਵਰਕ ਵੀਜ਼ੇ ਫ੍ਰੀਜ਼ ਕਰਨ ਦਾ ਮੁੱਦਾ ਅਮਰੀਕਾ ਸਾਹਮਣੇ ਚੁੱਕਣ ਲਈ ਕਿਹਾ ਹੈ। ਪੰਜਾਬ ਦੇ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਅਮਰੀਕੀ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਦਾ ਪੰਜਾਬੀਆਂ ‘ਤੇ ਬਹੁਤ ਮਾੜਾ ਅਸਰ ਪਵੇਗਾ।
ਜਲੰਧਰ ਦੇ ਨੈਸ਼ਨਲ ਇੰਜੀਨੀਅਰਿੰਗ ਕਾਲਜ ਦੇ ਮੋਟਰ ਟ੍ਰੇਨਿੰਗ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਹਰ ਮਹੀਨੇ 100 ਤੋਂ 125 ਨੌਜਵਾਨ ਭਾਰੀ ਵਾਹਨ ਚਲਾਉਣ ਦੀ ਸਿਖਲਾਈ ਲੈਂਦੇ ਹਨ।
