ਧੜੇਬੰਦੀ ਰੋਕਣ ਲਈ ਕਾਂਗਰਸ ਹਾਈਕਮਾਨ ਹੋਈ ਸਖ਼ਤ

ਚੰਡੀਗੜ੍ਹ:ਕਾਂਗਰਸ ਹਾਈਕਮਾਨ ਵਲੋਂ ਪੰਜਾਬ ਤੋਂ ਦਿੱਲੀ ਸੱਦੇ ਗਏ ਕੋਈ ਦੋ ਦਰਜਨ ਕਾਂਗਰਸੀ ਆਗੂਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਗਿਆ ਕਿ ਹਾਈਕਮਾਨ ਸੂਬਾ ਯੂਨਿਟ ਵਿਚ ਅਨੁਸ਼ਾਸਨਹੀਣਤਾ ਦੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕਰੇਗੀ

ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਅਜਿਹੀ ਕਿਸੇ ਵੀ ਕਾਰਵਾਈ ਸੰਬੰਧੀ ਪਾਰਟੀ ਸਖ਼ਤੀ ਨਾਲ ਪੇਸ਼ ਆਵੇਗੀ। ਪਾਰਟੀ ਦੇ ਕੌਮੀ ਸਕੱਤਰ ਜਨਰਲ ਵੇਣੂ ਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸੀ ਆਗੂਆਂ ਨੂੰ ਭਵਿੱਖ ‘ਚ ਇਕਜੁੱਟ ਹੋ ਕੇ ਚੱਲਣ ਲਈ ਸਹੁੰ ਚੁੱਕਣ ਲਈ ਵੀ ਕਿਹਾ। ਦੁਆਬੇ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਯੂਰਪ ਵਿਚ ਹੋਣ ਕਾਰਨ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ, ਜਦੋਂਕਿ ਬੀਤੇ ਦਿਨੀਂ ਲੁਧਿਆਣਾ ਪੱਛਮੀ ਤੋਂ ਚੋਣ ਹਾਰਨ ਵਾਲੇ ਸੀਨੀਅਰ ਆਗੂ ਭਾਰਤ ਭੂਸ਼ਨ ਆਸ਼ੂ ਨੂੰ ਸ਼ਾਇਦ ਇਸ ਮੀਟਿੰਗ ਲਈ ਸੱਦਿਆ ਨਹੀਂ ਗਿਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕੁਝ ਆਗੂਆਂ ਵਲੋਂ ਅਜਿਹੇ ਇਤਰਾਜ਼ ਉਠਾਏ ਗਏ ਕਿ ਕਈ ਵਾਰ ਪਾਰਟੀ ਦੇ ਪ੍ਰੋਗਰਾਮਾਂ ਸੰਬੰਧੀ ਉਨ੍ਹਾਂ ਨੂੰ ਸੂਚਿਤ ਹੀ ਨਹੀਂ ਕੀਤਾ ਜਾਂਦਾ। ਜਿਸ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਵਲੋਂ ਸਭ ਨੂੰ ਸੱਦੇ ਭੇਜੇ ਜਾਂਦੇ ਹਨ ਪਰ ਉਹ ਭਵਿੱਖ ਵਿਚ ਯਕੀਨੀ ਬਣਾਉਣਗੇ ਕਿ ਹਰ ਆਗੂ ਨੂੰ ਪ੍ਰੋਗਰਾਮਾਂ ਦੀ ਸੂਚਨਾ ਮਿਲੇ । ਸੀਨੀਅਰ ਆਗੂਆਂ ਬੀਬੀ ਰਜਿੰਦਰ ਕੌਰ ਭੱਠਲ, ਸੁਖਪਾਲ ਸਿੰਘ ਖਹਿਰਾ ਤੇ ਪਰਗਟ ਸਿੰਘ ਨੇ ਵੀ ਪਾਰਟੀ ਪ੍ਰੋਗਰਾਮਾਂ ਸੰਬੰਧੀ ਸੀਨੀਅਰ ਆਗੂਆਂ ਨੂੰ ਸੂਚਿਤ ਨਾ ਕਰਨ ਦਾ ਮਾਮਲਾ ਉਠਾਇਆ। ਪਰ ਪਾਰਟੀ ਦੇ ਸਾਰੇ ਆਗੂਆਂ ਨੇ ਕਿਹਾ ਕਿ ਰਾਜ ਵਿਚ ਮੌਜੂਦਾ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਰਾਜ ਦੇ ਲੋਕ ਹੁਣ ਕਾਂਗਰਸ ਵੱਲ ਵੇਖ ਰਹੇ ਹਨ। ਜ਼ਰੂਰਤ ਇਹ ਹੈ ਕਿ ਪਾਰਟੀ ਧੜੇਬੰਦੀਆਂ ਤੋਂ ਉਪਰ ਉੱਠ ਕੇ ਅਤੇ ਇਕਜੁੱਟ ਹੋ ਕੇ ਪਾਰਟੀ ਦੀ ਜਿੱਤ ਲਈ ਕੰਮ ਕਰੇ। ਹਰਿਆਣਾ ਵਿਚ ਮਗਰਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕਈਆਂ ਨੇ ਕਿਹਾ ਕਿ ਪਾਰਟੀ ਇਹ ਜਿੱਤੀ ਹੋਈ ਚੋਣ ਧੜੇਬੰਦੀ ਕਾਰਨ ਹਾਰ ਗਈ। ਸੂਚਨਾ ਅਨੁਸਾਰ ਲੁਧਿਆਣਾ ਪੱਛਮੀ ਚੋਣ ਦੌਰਾਨ ਸੂਬਾ ਕਾਂਗਰਸ ਵਿਚ ਜੋ ਧੜੇਬੰਦੀ ਸਾਹਮਣੇ ਆਈ ਉਸ ਦਾ ਵੀ ਕਈ ਮੈਂਬਰਾਂ ਨੇ ਹਵਾਲਾ ਦਿੱਤਾ ਤੇ ਕਿਹਾ ਕਿ ਉਕਤ ਧੜੇਬੰਦੀ ਅਤੇ ਜ਼ਿਮਨੀ ਚੋਣ ਵਿਚ ਹਾਰ ਦਾ ਪਾਰਟੀ ਦੇ ਅਕਸ ‘ਤੇ ਅਸਰ ਪਿਆ ਅਤੇ ਕਾਡਰ ਮਾਯੂਸ ਹੋਇਆ। ਪਰ ਰਾਹੁਲ ਗਾਂਧੀ ਦੇ ਨੁਮਾਇੰਦੇ ਵਜੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੇਣੂ ਗੋਪਾਲ ਦਾ ਰੁਖ ਸਖ਼ਤ ਨਜ਼ਰ ਆਇਆ।
ਉਨ੍ਹਾਂ ਕਿਹਾ ਕਿ ਹੁਣ ਅਨੁਸ਼ਾਸਨਹੀਣਤਾ ਵਿਰੁੱਧ ਕਾਰਵਾਈ ਹੋਵੇਗੀ। ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣ। ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਸੇ ਦਾ ਨਾਂਅ ਨਹੀਂ ਲਿਆ। ਮੀਟਿੰਗ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਵੀਟ ਕਰਕੇ ਦੱਸਿਆ ਗਿਆ ਕਿ ਮੀਟਿੰਗ ਵਿਚ ਮਿਸ਼ਨ 2027 ਦੀ ਰਣਨੀਤੀ ‘ਤੇ ਵਿਚਾਰ ਕੀਤਾ ਗਿਆ। ਇਹ ਮੀਟਿੰਗ ਕੋਈ ਢਾਈ ਘੰਟੇ ਚੱਲੀ।