ਜਸਵਿੰਦਰ ਭੱਲਾ ਨਹੀਂ ਕਿਸੇ ਨੇ ਬਣ ਜਾਣਾ….

ਡਾ. ਨਿਰਮਲ ਜੌੜਾ
ਜਸਵਿੰਦਰ ਭੱਲਾ ਦੇ ਤੁਰ ਜਾਣ ਦੀ ਖ਼ਬਰ ਨੇ ਪੰਜਾਬੀ ਜਗਤ ਨੂੰ ਹੈਰਾਨੀ ਭਰਿਆ ਸਦਮਾ ਦਿੱਤਾ ਹੈ ।ਬਾਈ ਅਗਸਤ ਦੇ ਸੂਰਜ ਚੜਨ ਤੋਂ ਪਹਿਲਾਂ ਉਹਨਾਂ ਦੇ ਵਿਛੋੜੇ ਦੀ ਪਾਟੀ ਚਿੱਠੀ ਪੰਜਾਬੀਆਂ ਤੱਕ ਪਹੁੰਚੀ ਤਾਂ ਉਹਨਾਂ ਨੂੰ ਚਾਹੁਣ ਵਾਲਿਆਂ ਦੀਆਂ ਚੀਸਾਂ ਸੁਨਣ ਲੱਗੀਆਂ। ਦੁਨੀਆਂ ਦੇ ਹਰ ਕੋਨੇ ਚੋਂ , ਜਿਥੇ ਵੀ ਪੰਜਾਬੀ ਵਸਦੇ ਹਨ ਉਥੋਂ ਦਰਦ ਭਰੇ ਸੁਨੇਹੇ ਆਉਣ ਲੱਗੇ।

ਪਿਆਰ ਕਰਨ ਵਾਲੇ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਦੇ ਵਿਛੋੜੇ ‘ਤੇ ਦਿਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨਾਲ ਖਿਚਵਾਈਆਂ ਤਸਵੀਰਾਂ ਦੀਆਂ ਪੋਸਟਾਂ ਪੈਣ ਲੱਗੀਆਂ। ਸਾਹਿਤਕ, ਸਮਾਜਕ, ਸਭਿਆਚਾਰਕ, ਰਾਜਨੀਤਕ ਖੇਤਰ ਦੀਆਂ ਸਖਸ਼ੀਅਤਾਂ ਸਮੇਤ ਜਨ ਸਧਾਰਨ ਨੇ ਜਸਵਿੰਦਰ ਭੱਲਾ ਦੇ ਤੁਰ ਜਾਣ ਦਾ ਦੁੱਖ ਮਨਾਇਆ ਉਹਨਾਂ ਬਾਰੇ ਆਪਣੇ ਹਾਵਭਾਵ ਪਰਗਟ ਕੀਤੇ। ਲੋਕਾਈ ਦੀਆਂ ਭਾਵਨਾਵਾਂ ਵਿਚੋਂ ਕੀਰਨਿਆਂ ਦੀ ਝਲਕ ਪੈਣ ਲੱਗੀ। ਇਹੀ ਕਲਾਕਾਰ ਦੀ ਕਮਾਈ ਹੁੰਦੀ ਹੈ, ਸਨਮਾਨ ਹੁੰਦਾ ਹੈ, ਜੋ ਜਸਵਿੰਦਰ ਭੱਲਾ ਦੇ ਲੇਖੇ ਆਇਆ। ਖਬਰ ਸੁਣਦਿਆਂ ਮੇਰੇ ਸਾਹਮਣੇ ਜਸਵਿੰਦਰ ਭੱਲਾ ਦਾ ਹਸਦਾ ਚਿਹਰਾ ਘੁੰਮਣ ਲੱਗਿਆ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਜਦੋਂ ਮੈਂ ਐੱਮ.ਐੱਸ.ਸੀ. ਵਿੱਚ ਦਾਖ਼ਲਾ ਲਿਆ ਤਾਂ ਪਹਿਲੇ ਸਮਿਸਟਰ ਸਾਨੂੰ ਡਾ. ਜਸਵਿੰਦਰ ਭੱਲਾ ਨੇ ਇੱਕ ਕੋਰਸ ਪੜ੍ਹਾਇਆ। ਓਦੋਂ ਉਹ ਟੈਲੀਵੀਜ਼ਨ ਪ੍ਰੋਗਰਾਮ ਕਰਦੇ ਹੁੰਦੇ ਸੀ, ‘ ਜੱਟਾ ਜਾਗ ਬਈ ਹੁਣ ਜਾਗੋ ਆਈ ਆ’ ਉਹਨਾਂ ਦੀ ਮਕਬੂਲ ਆਈਟਮ ਸੀ ਜਿਹੜੀ ਪਿੰਡਾਂ ਦੇ ਲੋਕਾਂ ਤੇ ਮੂੰਹ ਤੇ ਚੜ੍ਹੀ ਹੋਈ ਸੀ।ਸਾਨੂੰ ਚਾਅ ਸੀ ਅਸੀਂ ਇੱਕ ਕਲਾਕਾਰ ਕੋਲੋਂ ਪੜ੍ਹ ਰਹੇ ਆਂ। ਬਾਕੀ ਵਿਦਿਆਰਥੀਆਂ ਨਾਲੋਂ ਮੈਂ ਵਧੇਰੇ ਖੁਸ਼ ਸੀ ਕਿਉਂਕਿ ਮੈਂ ਖ਼ੁਦ ਸਟੇਜ ਨਾਲ ਜੁੜਿਆ ਹੋਇਆ ਸੀ। ਪਸਾਰ ਸਿੱਖਿਆ ਦਾ ਜਿਹੜਾ ਕੋਰਸ ਉਹ ਸਾਨੂੰ ਪੜ੍ਹਾਉਂਦੇ ਸਨ ਉਹ ਪੰਜਾਬ ਦੇ ਪੇਂਡੂ ਵਿਕਾਸ ਬਾਰੇ ਸੀ। ਪਹਿਲਾਂ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਰਹੇ ਹੋਣ ਕਰ ਕੇ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਬਾਰੇ ਉਹ ਜਾਣਦੇ ਸਨ ਜਿਸ ਕਰ ਕੇ ਉਹ ਕੋਰਸ ਕੰਨਟੈਂਟ ਨੂੰ ਹੋਰ ਅਸਰਦਾਰ ਬਣਾ ਕੇ ਸਮਝਾਉਣ ਦੇ ਸਮਰੱਥ ਸਨ। ਇਕ ਅਧਿਆਪਕ ਕੋਲ ਆਪਣੇ ਵਿਸ਼ੇ ਦੀ ਮੁਹਾਰਤ, ਸਵੈ ਵਿਸ਼ਵਾਸ ਅਤੇ ਸੰਚਾਰ ਸਮਰੱਥਾ ਹੋਣੀ ਚਾਹੀਦੀ ਹੈ, ਜੋ ਉਹਨਾਂ ਕੋਲ ਸੀ। ਇਸ ਕੋਰਸ ਦੇ ਪ੍ਰੈਕਟੀਕਲ ਕਰਨ ਲਈ ਅਸੀਂ ਉਹਨਾਂ ਨਾਲ ਪਿੰਡਾਂ ਵਿੱਚ ਜਾਂਦੇ। ਅਕਸਰ ਲੋਕ ਉਹਨਾਂ ਨੂੰ ਸਿਆਣ ਲੈਂਦੇ ਸੀ ਪਰ ਉਹ ਹੱਸਦੇ ਹਸਾਉਂਦੇ ਵੀ ਆਪਣੇ ਅਧਿਆਪਕੀ ਕਿਰਦਾਰ ਨੂੰ ਡੋਲਣ ਨਾ ਦਿੰਦੇ। ਲੋਕਾਂ ਵਿੱਚ ਕਿਵੇਂ ਜਾਣਾ, ਕੀ ਤੇ ਕਿਵੇਂ ਗੱਲਬਾਤ ਕਰਨੀ ਆ, ਕਿਵੇਂ ਵਿਚਰਨਾ ਇਹ ਗੱਲਾਂ ਉਹ ਸਾਨੂੰ ਯੂਨੀਵਰਸਿਟੀ ਤੋਂ ਸਮਝਾ ਕੇ ਹੀ ਤੁਰਦੇ ਤਾਂ ਕਿ ਪਿੰਡ ਵਿੱਚ ਜਾ ਕੇ ਕੋਈ ਸ਼ਬਦ ਜਾਂ ਨੁਕਤਾ ਅਜਿਹਾ ਨਾ ਕਿਹਾ ਜਾਵੇ ਜਿਹੜਾ ਕਿਸੇ ਦੀ ਸ਼ਾਨ ਨੂੰ ਠੇਸ ਪਹੁੰਚਾਵੇ। ਕਿਸੇ ਧਰਮ, ਜਾਤ, ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਦੇ ਖਿਲਾਫ਼ ਨਾ ਹੋਵੇ, ਕਿਸੇ ਦੇ ਦੁੱਖ ਨੂੰ ਹੋਰ ਉਜਾਗਰ ਨਾ ਕਰਦਾ ਹੋਵੇ।
ਮੈਨੂੰ ਯਾਦ ਆ ਸ਼ੁਕਰਵਾਰ ਨੂੰ ਪ੍ਰੈਕਟੀਕਲ ਦੀ ਸਾਡੀ ਪਹਿਲੀ ਕਲਾਸ ਸੀ। ਉਹਨਾਂ ਵੀਰਵਾਰ ਨੂੰ ਸਾਨੂੰ ਕਿਹਾ, ‘ਲਓ ਬਈ, ਕੱਲ੍ਹ ਨੂੰ ਪ੍ਰੈਕਟੀਕਲ ਲਈ ਆਪਾਂ ਸਿੱਧਵਾਂ, ਮਢਿਆਣੀ, ਭਰੋਵਾਲ ਤੇ ਵਿਰਕੀਂ ਜਾਵਾਂਗੇ। ਸਧਾਰਨ ਕੱਪੜੇ ਪਾ ਕੇ ਆਇਓ, ਜੇ ਟੌਰ ਜੀ ਕੱਢ ਕੇ ਆਗੇ ਪਿੰਡਾਂ ਵਾਲਿਆਂ ਨੇ ਗੱਲ ਨੀ ਕਰਨੀ, ਉੱਤੇ ਟਿੱਚਰਾਂ ਕਰਨਗੇ। ਪ੍ਰੈਕਟੀਕਲ ਲਈ ਤੁਰਨ ਲੱਗਿਆਂ ਆਖਣ ਲੱਗੇ, ‘ਲੋਕਾਂ ਸਾਹਮਣੇ ਆਪਸ ਵਿੱਚ ਆਪਸੀ ਘੁਸਰ ਮੁਸਰ ਨੀ ਕਰਨੀ, ਬੇਜਤੀ ਸਮਝਦੇ ਆ ਲੋਕ ਇਸ ਗੱਲ ਨੂੰ। ਗੱਲ ਠੇਠ ਪੰਜਾਬੀ ‘ਚ ਕਰਿਓ। ਜਿੰਨੀ ਕੁ ਅੰਗਰੇਜ਼ੀ ਆਉਂਦੀ ਆਵਦੇ ਕੋਲ ਸੰਭਾਲ ਲਿਓ ਪੇਪਰਾਂ ‘ਚ ਕੰਮ ਆਜੂਗੀ। ਪਿੰਡ ਜਾ ਕੇ ਬੱਸ ‘ਚੋਂ ਉਤਰਨ ਤੋਂ ਪਹਿਲਾਂ ਸਾਨੂੰ ਸਮਝਾਉਣ ਲੱਗੇ. ‘ਲਓ ਬਈ ਫੇਰ ਸੁਣਲੋ, ਲੋਕਾਂ ਨੂੰ ਇਹ ਲੱਗੇ ਕਿ ਇਹ ਸਾਡੇ ਈ ਜੁਆਕ ਆ, ਕੋਈ ਚੱਕਵੀਂ ਗੱਲ ਨਾ ਕਰਿਓ, ਜੇ ਕਿਸੇ ਘਰ ਵਿੱਚ ਜਾਣਾ ਪਿਆ ਤਾਂ ਅੱਖ ਦੀ ਸ਼ਰਮ ਵਾਲੀ ਗੱਲ ਮਨ ‘ਚ ਵਸਾ ਕੇ ਵਿਚਰਿਓ’। ਫੇਰ ਉਹਨਾਂ ਹੱਸਦੇ-ਹੱਸਦੇ ਮਿੱਠਾ ਜਿਹਾ ਡਰਾਵਾ ਵੀ ਦਿੱਤਾ, ‘ਪਿੰਡਾਂ ਆਲੇ ਸੇਵਾ ਵੀ ਅਪਣੱਤ ਨਾਲ ਕਰਦੇ ਆ, ਪਰ ਜੇ ਪੁੱਠੀ ਸਿੱਧੀ ਚੱਕਵੀਂ ਗੱਲ ਕਰ ਬੈਠੇ, ਤਾਂ ਵੱਖੀਆਂ ਵੀ ‘ਦੇੜ ਦਿੰਦੇ ਆ। ਹੋਰ ਨਾ ਹੋਵੇ ਪਿੰਡ ‘ਚੋਂ ਵੀ ਛਿੱਤਰ ਖਾਲੋਂ ਤੇ ਮੈਥੋਂ ਵੀ ਐਫ਼ ਗਰੇਡ ਲੈਲੋਂ।’
ਅਸੀਂ ਪਿੰਡ ਵਿੱਚ ਪਹੁੰਚੇ ਤਾਂ ਮੋਹਤਵਰ ਬੰਦਿਆਂ ਨੂੰ ਮਿਲਾਉਣ ਲੱਗਿਆਂ ਉਹਨਾਂ ਕਿਹਾ, ‘ਇਹ ਪੂਰੇ ਸਾਊ ਮੁੰਡੇ-ਕੁੜੀਆਂ ਆ ਜੀ ਯੂਨੀਵਰਸਿਟੀ ਦੇ, ਇਹ ਵੀ ਥੋਡੇ ਵਰਗੇ ਘਰਾਂ ‘ਚੋਂ ਹੀ ਪੜ੍ਹਨ ਆਏ ਆ।’ ਮੇਰੇ ਵੱਲ ਹੱਥ ਕਰ ਕੇ ਆਖਣ ਲੱਗੇ, ‘ਇਹ ਬਿਲਾਸਪੁਰੋਂ ਆਂ।’ ਮੇਰੇ ਨਾਲ ਖੜ੍ਹੇ ਰਣਜੀਤ ਦੇ ਮੋਢੇ ਤਾ ਹੱਥ ਧਰ ਕੇ ਕਹਿੰਦੇ, ‘ਆ ਤਾਂ ਥੋਡਾ ਗੁਆਂਢੀ ਆ ਭਨੋਹੜਾਂ ਤੋਂ“। ਜਸਵਿੰਦਰ ਭੱਲਾ ਨੇ ਇਕੱਤੀ ਸਾਲ ਯੂਨੀਵਰਸਿਟੀ ਵਿੱਚ ਪੜਾਇਆ। ਪਸਾਰ ਸਿਖਿਆ ਵਿਭਾਗ ਦੇ ਮੁੱਖੀ ਰਹੇ , ਸਭਿਆਚਾਰਕ ਸਰਗਰਮੀਆਂ ਦੇ ਇੰਚਾਰਜ਼ ਰਹੇ। ਸੇਵਾ ਮੁਕਤੀ ਉਪਰੰਤ ਵੀ ਉਹ ਯੂਨੀਵਰਸਿਟੀ ਦੇ ਬਰਾਂਡ ਅਬੈਸਡਰ ਬਣੇ ਰਹੇ ਕਿਉਂਕਿ ਪਸਾਰ ਮਾਹਰ ਹੋਣ ਕਰਕੇ ਲੋਕਾਂ ਨਾਲ ਉਹਨਾਂ ਦਾ ਬਹੁਤ ਹੀ ਸੁਖਾਵਾਂ ਅਤੇ ਵਿਸ਼ਵਾਸ ਵਾਲਾ ਰਿਸ਼ਤਾ ਬਣ ਚੁਕਿੱਆ ਸੀ। ਕਿਸਾਨ ਭਾਈਚਾਰੇ ਨਾਲ ਰਾਬਤਾ ਮਜ਼ਬੂਤ ਸੀ। ਉਹਨਾਂ ਦਾ ਜਨਮ ਦੋਰਾਹੇ ਨੇੜਲੇ ਪਿੰਡ ਕੱਦੋਂ ਵਿੱਚ 4 ਮਈ 1960 ਨੂੰ ਮਾਸਟਰ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ।ਸਕੂਲੀ ਪੜਾਈ ਤੋਂ ਬਾਅਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਬੀ ਐਸ ਸੀ ਖੇਤੀਬਾੜੀ ਕਰਨ ਲੱਗੇ ਜਿਥੇ ਡਾਕਟਰ ਕੈਸ਼ੋ ਰਾਮ ਸ਼ਰਮਾ ਨੇ ਯੂਨੀਵਰਸਿਟੀ ਦੇ ਸਭਿਆਚਾਰਕ ਪ੍ਰੋਗਰਾਮ ਲਈ ਜਸਵਿੰਦਰ ਭੱਲਾ ਦੀ ਚੋਣ ਇੱਕ ਗਾਇਕ ਵਿਦਿਆਰਥੀ ਵਜੋਂ ਕੀਤੀ ਇਸੇ ਪ੍ਰੋਗਰਾਮ ਦੌਰਾਨ ਭੱਲਾ ਸਾਹਿਬ ਦੀ ਮੁਲਾਕਾਤ ਬਾਲ ਮੁਕੰਦ ਸ਼ਰਮਾ ਨਾਲ ਹੋਈ ਫਿਰ ਦੋਵਾਂ ਨੇ ਰਲਕੇ ਕਮੇਡੀ ਖਬਰਾਂ ਪੜ੍ਹੀਆਂ ਤਾਂ ਬਹਿਜਾ ਬਹਿਜਾ ਹੋ ਗਈ ।ਇਸ ਪ੍ਰੋਗਰਾਮ ਦਾ ਨਾਮ ਸੀ ਛਣਕਾਟਾ। ਫਿਰ ਇਸ ਜੋੜੀ ਨੇ ਐਸੀ ਧਮਾਲ ਪਈ ਕਿ ਇਹ ਛਣਕਾਟੇ ਵਾਲੀ ਜੋੜੀ ਬਣ ਗਈ। ਵਿਦਿਆਰਥੀ ਜੀਵਨ ਤੋਂ ਬਾਅਦ ਵੀ ਇਸ ਜੋੜੀ ਦੀ ਚੜਤ ਕਾਇਮ ਰਹੀ । ਜਗਦੇਵ ਸਿੰਘ ਜੱਸੋਵਾਲ ਅਤੇ ਗੁਰਭਜਨ ਗਿੱਲ ਦੀ ਅਗਵਾਈ ਵਿੱਚ ਇਹਨਾਂ ਨੇ ਪਹਿਲੀ ਕਮਰਸ਼ੀਅਲ ਕੈਸਟ 1988 ਵਿੱਚ ‘ਛਣਕਾਟਾ’ ਰੀਲੀਜ਼ ਕੀਤੀ ਤਾਂ ਹੱਥੋ ਹੱਥੀ ਚੱਕੀ ਗਈ।i ਫਰ ਇਹ ਛਣਕਾਟਾ ਲਗਾਤਾਰ 2009 ਤੱਕ ਪੈਂਦਾ ਰਿਹਾ ਕਈ ਬਾਰ ਤਾਂ ਛੇ ਮਹੀਨਿਆਂ ਬਾਅਦ ਹੀ ਪੈ ਜਾਂਦਾ।
ਪੰਜਾਬੀ ਫਿਲਮਾਂ ਵਿੱਚ ਜਸਵਿੰਦਰ ਭੱਲਾ ਨੇ ਲੰਮੀ ਪਾਰੀ ਖੇਡੀ ਆ। ਦੁੱਲਾ ਭੱਟੀ, ਮਹੌਲ ਖਰਾਬ ਹੈ ਤੋਂ ਲੈਕੇ ਕੈਰੀ ਆਨ ਜੱਟੀ ਤੱਕ ਪੈਂਹਟ ਫਿਲਮਾਂ ਵਿੱਚ ਉਹਨਾਂ ਧਮਾਕੇਦਾਰ ਅਦਾਕਾਰੀ ਕੀਤੀ ਹੈ, ਸਧਾਰਨ ਅਦਾਕਾਰੀ ਨਹੀਂ ਬਲਕਿ ਲੋਕ ਮਨਾਂ ‘ਤੇ ਸ਼ਾਪ ਛੱਡਣ ਵਾਲੀ ਅਦਾਕਾਰੀ । ਘਰੋੜਵੀਂ ਭਾਸ਼ਾ, ਸਪੱਸ਼ਟਤਾ ਅਤੇ ਸਵੈਵਿਸ਼ਵਾਸ ਐਸਾ ਸੀ ਕਿ ਉਹਨਾਂ ਦੇ ਬੋਲੇ ਸੰਵਾਦ ਅਖਾਣਾਂ ਵਾਂਗ ਲੋਕਾਂ ਦੀ ਜ਼ੁਬਾਨੀ ਯਾਦ ਹੋਏ ਜਿਵੇਂ, ਜੜ’ਤੇ ਕੋਕੇ, ਗੰਦੀ ਔਲਾਦ-ਨਾ ਮਜ਼ਾ ਨਾ ਸੁਆਦ, ਹਵੇਲੀ ਤੇ ਸਹੇਲੀ ਛੇਤੀ ਨੀ ਬਣਦੀ, ਜੇ ਚੰਡੀਗੜ ਢਹਿਜੂ-ਪਿੰਡ ਜਿੱਡਾ ਤਾਂ ਰਹਿਜੂ ਪਰ ਜੇ ਪਿੰਡ ਢਹਿਜੂ ਪਿਛੇ ਕੀ ਰਹਿਜੂ, ਜਵਾਈ ਨੰਗ ਤੇ ਜੁੱਤੀ ਤੰਗ-ਸਾਰੀ ਉਮਰ ਤੰਗ ਕਰਦੇ ਆ , ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨੀ ਵਧਣ ਦਿੰਦੀ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ, ਜ਼ਮੀਨ ਬੰਜ਼ਰ ਤੇ ਔਲਾਦ ਕੰਜ਼ਰ ਰੱਬ ਕਿਸੇ ਨੂੰ ਨਾ ਦੇਵੇ । ਅਸਲ ਵਿੱਚ ਸਧਾਰਨ ਗੱਲਾਂ ਨੂੰ ਕਹਿਣ ਦਾ ਅੰਦਾਜ਼ ਜਸਵਿੰਦਰ ਭੱਲਾ ਕੋਲ ਕਮਾਲ ਦਾ ਸੀ। ਇੱਕ ਹਾਸ ਰਸ ਕਲਾਕਾਰ ਦੇ ਤੌਰ ਤੇ ਜਸਵਿੰਦਰ ਭੱਲਾ ਦੀ ਮਕਬੂਲੀਅਤ ਉਹਨਾਂ ਸਮਿਆਂ ਵਿੱਚ ਬਣੀ ਜਦੋਂ ਸੋਸ਼ਲ ਮੀਡੀਏ ਦਾ ਬੋਲਬਾਲਾ ਵੀ ਨਹੀਂ ਸੀ ਸਿਰਫ ਦੂਰਦਰਸ਼ਨ, ਰੇਡੀਓ ਹੀ ਮਾਧਿਅਮ ਹੁੰਦੇ ਸ । 31 ਮਈ 2020 ਨੂੰ ਜਦੋਂ ਉਹ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਤਾਂ ਲੌਕਡਾਊਨ ਕਰਕੇ ਆਨਲਾਈਨ ਸਾਮਾਗਮ ਹੋਇਆ। ਇਹ ਡਾ ਭੱਲਾ ਦਾ ਸੁਨੇਹ ਅਤੇ ਹਰਮਨ ਪਿਆਰਤਾ ਸੀ ਕਿ ਆਨਲਾਈਨ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਜੁੜੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਅੰਦਾਜ਼ੇ ਤੋਂ ਵੱਧ ਸੀ।
ਜ਼ਿੰਦਗੀ ਦੇ ਸ਼ਾਹ ਅਸਵਾਰ ਜਸਵਿੰਦਰ ਭੱਲਾ ਦੀ ਭੱਲ ਦੇ ਕੀ ਕਹਿਣੇ…. ਬਹੁਤ ਵਸੀਹ ਦਾਇਰਾ ਸੀ ਉਸਦਾ।ਸਰਦਾਰ ਬਹਾਦਰ ਸਿੰਘ ਅਤੇ ਸਰਦਾਰਨੀ ਸਤਵੰਤ ਕੌਰ ਲਈ ਲਾਡਲਾ ਪੁੱਤਰ ਸੀ, ਸਰਦਾਰਨੀ ਪਰਮਦੀਪ ਕੌਰ ਲਈ ਦੁਖਾਂ ਸੁੱਖਾਂ ਦਾ ਜੀਵਨ ਸਾਥੀ ਸੀ, ਪੁਖਰਾਜ ਅਤੇ ਅਰਸ਼ਪ੍ਰੀਤ ਲਈ ਸੁਹਿਰਦ ਬਾਪ ਸੀ , ਅੰਤਰਰਾਸ਼ਟਰੀ ਨਕਸ਼ੇ ਤੇ ਉਹ ਵੱਡਾ ਫਨਕਾਰ ਸੀ, ਕਲਾਕਾਰ ਸਾਥੀਆਂ ਲਈ ਚੰਗਾ ਸਹਿਯੋਗੀ ਸੀ, ਯੂਨੀਵਰਸਿਟੀ ਲਈ ਉਹ ਪ੍ਰਸਿੱਧ ਸਿਖਿਆ ਸਾਸ਼ਤਰੀ ਸੀ,ਆਮ ਲੋਕਾਂ ਲਈ ਹਰਮਨ ਪਿਆਰਾ ਕਲਾਕਾਰ ਸੀ,ਫਿਲਮੀ ਦੁਨੀਆਂ ਵਿੱਚ ਉਹ ਸਫਲ ਅਦਾਕਾਰ ਸੀ , ਕਿਸੇ ਲਈ ਚੰਗਾ ਭਰਾ, ਕਈਆਂ ਲਈ ਚੰਗਾ ਦੋਸਤ, ਵਿਦਿਆਰਥੀਆਂ ਲਈ ਚੰਗਾ ਅਧਿਆਪਕ ਸੀ । ਜਸਵਿੰਦਰ ਭੱਲਾ ਦੀ ਭੱਲ ਪੰਜਾਬੀ ਸੰਸਾਰ ਵਿੱਚ ਬਣੀ ਰਹੇਗੀ। ਨੇੜ ਭਵਿੱਖ ਵਿੱਚ ਉਸ ਵਰਗਾ ਕਲਾਕਾਰ ਪੈਦਾ ਹੋਣਾ ਬਹੁਤ ਮੁਸ਼ਕਿਲ ਹੈ।