ਚੇਤਿਆਂ `ਚ ਵੱਸਿਆ ਹਰਭਜਨ ਸੋਹੀ ਅਤੇ ਇਨਕਲਾਬੀ ਨਕਸਲੀ ਲਹਿਰ ਦਾ ਰੋਮਾਂਸ-2

ਅਤਰਜੀਤ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਸ ਲੇਖ ਵਿਚ ਅਤਰਜੀਤ ਸਿੰਘ ਪੰਜਾਬ ਵਿਚ ਨਕਸਲੀ ਲਹਿਰ ਦੇ ਮੁੱਢਲੇ ਦਿਨਾਂ ਦੌਰਾਨ ਲਹਿਰ ਦੇ ਆਗੂਆਂ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਪੋ੍ਰ. ਹਰਭਜਨ ਸੋਹੀ ਅਤੇ ਕਾਮਰੇਡ ਹਾਕਮ ਸਿੰਘ ਸਮਾਉਂ ਅਤੇ ਉਨ੍ਹਾਂ ਦੇ ਨਾਲ ਹੀ ਬਾਬਾ ਬੂਝਾ ਸਿੰਘ ਇਸ ਲਹਿਰ ਦੇ ਮੁੱਢਲੇ ਆਗੂਆਂ ਵਿਚੋਂ ਸਨ ਤੇ ਇਹ ਲੋਕ ਰਵਾਇਤੀ ਕਮਿਊਨਿਸਟ ਧਿਰਾਂ, ਖਾਸ ਕਰਕੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਨਾਲ ਬੇਰੁਖ਼ ਕਿਉਂ ਹੋਏ ਅਤੇ ਇਹ ਕਿਹੜੇ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਨ,

ਇਸ ਦਾ ਵਿਸਥਾਰ ਸਹਿਤ ਵਰਣਨ ਇਸ ਲੇਖ ਵਿਚ ਕੀਤਾ ਗਿਆ ਹੈ। ਆਪਣੀਆਂ ਯਾਦਾਂ ਦੀ ਪਹਿਲੀ ਕਿਸ਼ਤ ਵਿਚ ਉਨ੍ਹਾਂ ਨੇ ਲਹਿਰ ਅੰਦਰ ਉਭਰਨ ਵਾਲੇ ਮਤਭੇਦਾਂ ਬਾਰੇ ਸੰਕੇਤ ਦਿੱਤੇ ਸਨ। ਇਸ ਕਿਸ਼ਤ ਵਿਚ ਉਨ੍ਹਾਂ ਵਲੋਂ ਇਹ ਲਹਿਰ ਅੱਗੇ ਕਿਵੇਂ ਵਧੀ ਅਤੇ ਇਸ ਦੇ ਰਾਹ ਵਿਚ ਆਈਆਂ ਮੁਸ਼ਕਿਲਾਂ ਦਾ ਵੇਰਵਾ ਦਿੱਤਾ ਜਾ ਰਿਹਾ ਹੈ। -ਸੰਪਾਦਕ
1962 ਤੋਂ ਪਹਿਲਾਂ ਤਾਂ ਇੱਕ ਹੀ ਕਮਿਊਨਿਸਟ ਪਾਰਟੀ ਸੀ, ਸੀ.ਪੀ.ਆਈ.| ‘62 ਵਿਚ ਚੀਨ ਨਾਲ ਝਗੜਾ ਹੋ ਗਿਆ| ਪਾਰਟੀ ਵਿਚ ਹਮਲਾਵਰ ਸ਼ਬਦ ਉੱਪਰ ਮੱਤ-ਭੇਦ ਆਰੰਭ ਹੋ ਗਏ| ਭਾਰਤ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸੰਸਾਰ ਵਿਚ ਆਪਣੇ ਆਪ ਨੂੰ ਮਾਰਕਸੀ ਸਥਾਪਤ ਕਰਨ ਦਾ ਟਿੱਲ ਲਗਾ ਰਿਹਾ ਸੀ| ਕਾ. ਲੈਨਿਨ ਅਤੇ ਕਾ. ਸਟਾਲਨ ਦੀ ਅਗਵਾਈ ਹੇਠ ਸੋਵੀਅਤ ਰੂਸ ਨੇ ਜਰਮਨ ਫੌਜਾਂ ਦੇ ਛੱਕੇ ਛੁਡਾਏ ਹੋਏ ਸਨ| ਫ਼ਾਸ਼ੀਵਾਦੀ ਹਿਟਲਰੀ ਧਾੜਵੀਆਂ ਨੂੰ ਅੰਤਰ-ਰਾਸ਼ਟਰੀ ਅਦਾਲਤਾਂ ਵਿਚ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਸਨ| ਭਾਰਤ ਨੂੰ ਟਾਟਿਆਂ ਬਿਰਲਿਆਂ ਦੀ ਪਾਰਟੀ ਦੇ ਹਵਾਲੇ ਕਰ ਕੇ ਅੰਗਰੇਜ਼ੀ ਸਾਮਰਾਜ ਆਪਣਾ ਬੋਰੀਆ ਬਿਸਤਰਾ ਲਪੇਟ ਚੁੱਕਾ ਸੀ| ਭਾਰਤ ਨੂੰ ਤਿੰਨ ਟੋਟਿਆਂ ਵਿਚ ਵੰਡ ਕੇ ਖੂਨ ਦੀਆਂ ਨਦੀਆਂ ਵਹਾਈਆਂ ਜਾ ਚੁੱਕੀਆਂ ਸਨ| ਹੁਣ ਪੰਡਤ ਜਵਾਹਰ ਲਾਲ ਨਹਿਰੂ ਸੋਵੀਅਤ ਰੂਸ ਨਾਲ ਮੇਲ-ਮਿਲਾਪ ਦੀ ਨੀਤੀ ’ਤੇ ਚੱਲ ਕੇ ਸਮਾਜਵਾਦ ਦੇ ਸਬਜ਼ਬਾਗ ਦਿਖਾਉਣ ਵਿਚ ਕਾਮਯਾਬ ਹੋ ਰਿਹਾ ਸੀ| ਕਾਂਮਰੇਡ ਮਾਉ ਦੀ ਅਗਵਾਈ ਵਿਚ ਚਿਆਂਗ ਕਾਈ ਸ਼ੈਕ ਅਤੇ ਜਪਾਨੀ ਸਾਮਰਾਜ ਨੂੰ ਭਾਂਜ ਦਿੱਤੀ ਜਾ ਚੁੱਕੀ ਸੀ| ਕਿਸਾਨੀ ਇਨਕਲਾਬ ਕਰਕੇ ਉੱਥੇ ਸਮਾਜਵਾਦੀ ਵਿਵਸਥਾ ਸਥਾਪਤ ਕੀਤੀ ਜਾ ਚੁੱਕੀ ਸੀ| ਚੀਨ ਦੇ ਪ੍ਰਧਾਨ ਮੰਤਰੀ ਚਾਉ ਐਨ ਲਾਈ ਅਤੇ ਪੰਡਤ ਜਵਾਹਰ ਵਿਚਕਾਰ ਹੋਈ ਸੰਧੀ ਵਿਚ ‘ਹਿੰਦੂ ਚੀਨੀ ਭਾਈ-ਭਾਈ’ ਦਾ ਨਾਹਰਾ ਬੁਲੰਦੀ ’ਤੇ ਸੀ| ਅਮਰੀਕਨ ਸਾਮਰਾਜ ਨੂੰ ਇਹ ਕਿਵੇਂ ਵੀ ਹਜ਼ਮ ਨਹੀਂ ਸੀ ਹੋ ਸਕਦਾ| ਜਿਵੇਂ ਕਿ ਆਮ ਕਿਹਾ ਜਾਂਦਾ ਸੀ ਕਿ ਕਾਮਰੇਡ ਮਾਰਕਸ ਦੀ ਪੂੰਜੀ ਪੰਡਤ ਜਵਾਹਰ ਲਾਲ ਨਹਿਰੂ ਦੇ ਸਿਰ੍ਹਾਣੇ ਹੀ ਰੱਖੀ ਹੁੰਦੀ ਸੀ| ਇਹ ਬੜਾ ਲੁਭਾਉਣਾ ਬਿਰਤਾਂਤ ਸੀ, ਜਿਸ ਨੂੰ ਸੀ.ਪੀ.ਆਈ. ਨੇ ਸ਼ੀਸ਼ੇ ਵਿਚ ਜੜਾ ਕੇ ਰੱਖਿਆ ਹੋਇਆ ਸੀ| ਅਮਰੀਕਨ ਸਾਮਰਾਜ ਇਹ ਬਰਦਾਸ਼ਤ ਨਹੀਂ ਸੀ ਕਰ ਰਿਹਾ ਕਿ ਭਾਰਤ ਸੋਵੀਅਤ ਰੂਸ ਖ਼ਾਸ ਕਰਕੇ ਚੀਨ ਨਾਲ ਨੇੜਤਾ ਬਣਾਵੇ| ਉਹ ਪਾਕਿਸਤਾਨ ਨੂੰ ਫੌਜੀ ਅੱਡੇ ਵਜੋਂ ਵਰਤ ਕੇ ਭਾਰਤ ਦੀ ਘੇਰਾਬੰਦੀ ਕਰਨੀ ਚਾਹੁੰਦਾ ਸੀ| ਉਸ ਦਾ ਅਗਲਾ ਨਿਸ਼ਾਨਾ ਚੀਨ ਦਾ ਅਕਸਾਈਚਿੰਨ੍ਹ ਵੱਲ ਦਾ ਇਲਾਕਾ ਸੀ, ਜਿਸ ਦੀ ਸਰਹੱਦ ਉੱਪਰ ਉਹ ਆਪਣੀਆਂ ਮਿਜ਼ਾਈਲਾਂ ਤਾਇਨਾਤ ਕਰ ਸਕਦਾ ਸੀ| ਪਾਕਿਸਤਾਨ ਨੂੰ ਉਹ ਮੁਹਰੇ ਵਜੋਂ ਵਰਤ ਰਿਹਾ ਸੀ|
ਲਾਮਿਆਂ ਵੱਲੋਂ ਆਮ ਲੋਕਾਈ ਉੱਪਰ ਬਹੁਤ ਅੱਤਿਆਚਾਰ ਕੀਤੇ ਜਾਂਦੇ ਸਨ| ਚੀਨ ਨੇ ਲਾਮਿਆਂ ਦੀ ਸਰਕਾਰ ਉਲਟਾ ਕੇ ਉੱਥੇ ਕਮਿਊਨਿਸਟ ਸਰਕਾਰ ਬਣਾ ਦਿੱਤੀ| ਦਲਾਈਲਾਮਾ ਭੱਜ ਕੇ ਭਾਰਤ ਆ ਵੜਿਆ, ਜਿਸ ਨੂੰ ਭਾਰਤ ਸਰਕਾਰ ਨੇ ਰਾਜਸੀ ਸ਼ਰਨ ਦੇ ਦਿੱਤੀ| ਇਸ ਨਾਲ ਵੀ ਭਾਰਤ ਚੀਨ ਸਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ|
ਫੇਰ ਵੀ ਦੋਹਾਂ ਮੁਲਕਾਂ ਵਿਚ ਗੱਲਬਾਤ ਦਾ ਦੌਰ ਸ਼ੁਰੂ ਹੋਇਆ| ਚੀਨ ਨੇ ਭਾਰਤ ਨੂੰ ਏਨੀ ਛੋਟ ਦੇ ਦਿੱਤੀ ਸੀ ਕਿ ਚੀਨ ਵਾਲੇ ਪਾਸੇ ਜੋ ਤਕਰੀਬਨ ਵੀਹ ਹਜ਼ਾਰ ਵਰਗ ਮੀਲ ਦਾ ਇਲਾਕਾ ਹੈ ਭਾਰਤ ਰੱਖ ਲਵੇ| ਚੀਨ ਸਿਰਫ਼ ਅਕਸਾਈਚਿੰਨ੍ਹ ਦਾ ਇਲਾਕਾ ਅਮਰੀਕੀ ਹਮਲੇ ਦਾ ਮੁਕਾਬਲਾ ਕਰਨ ਲਈ ਰੱਖੇਗਾ ਜੋ ਪਹਿਲਾਂ ਹੀ ਉਹਦੇ ਕਬਜ਼ੇ ਵਿਚ ਸੀ| ਨਹਿਰੂ ਇਹ ਇਲਾਕੇ ਦੇਣ ਲਈ ਸਹਿਮਤ ਸੀ। ਅਕਸਾਈਚਿੰਨ੍ਹ ਦਾ ਇਲਾਕਾ ਅਜਿਹਾ ਹੈ ਕਿ ਉੱਥੇ ਆਦਮੀ ਦੀ ਜਾਤ ਤਾਂ ਕੀ ਇਕ ਫੰਢਾ ਵੀ ਨਹੀਂ ਉਗਦਾ| ਚੀਨੀ ਲੀਡਰਸ਼ਿਪ ਨੇ ਇੱਥੋਂ ਤੱਕ ਪੇਸ਼ਕਸ਼ ਕਰ ਦਿੱਤੀ ਸੀ ਬਈ ਭਾਰਤ, ਅਕਸਾਈਚਿੰਨ੍ਹ ਦਾ ਮਾਨਸਰੋਵਰ ਵਾਲੇ ਪਾਸੇ ਅਤੇ ਆਲ਼ੇ-ਦੁਆਲ਼ੇ ਦਾ ਮਨਪਸੰਦ ਦਾ ਜਿੰਨਾ ਮਰਜ਼ੀ ਇਲਾਕਾ ਲੈ ਲਵੇ| ਉਸਨੂੰ ਸਿਰਫ਼ ਅਕਸਾਈਚਿੰਨ੍ਹ ਚਾਹੀਦਾ ਹੈ|’’
ਭਾਰਤੀ ਹੁਕਮਰਾਨਾਂ ਨੂੰ ਇਹ ਪਰਵਾਨ ਨਹੀਂ ਸੀ| ਫਿਰ ਕੀ ਹੋਇਆ? ਭਾਰਤ-ਚੀਨ ਜੰਗ ਸ਼ੁਰੂ ਹੋ ਗਈ| ਕੌਣ ਹਮਲਾਵਰ ਸੀ, ਇਸ ਮੁੱਦੇ ਉੱਪਰ ਕਮਿਊਨਿਸਟ ਪਾਰਟੀ ਵਿਚ ਫੁੱਟ ਪੈ ਗਈ| ਸੀ.ਪੀ.ਆਈ. ਆਖਦੀ ਸੀ ਚੀਨ ਨੇ ਹਮਲਾ ਕੀਤਾ ਹੈ| ਵਿਰੋਧੀ ਧਿਰ ਆਪਣਾ ਵਿਚਾਰ ਰੱਖ ਰਹੀ ਸੀ ਕਿ ਸਮਾਜਵਾਦੀ ਚੀਨ ਹਮਲਾਵਰ ਨਹੀਂ ਹੈ, ਕਿਉਂਕਿ ਉਸ ਦੀ ਪਸਾਰਵਾਦੀ ਨੀਤੀ ਨਹੀਂ ਹੈ| ਪਸਾਰਵਾਦੀ ਨੀਤੀ ਤਾਂ ਹਮੇਸ਼ਾ ਸਾਮਰਾਜ ਦੀ ਹੁੰਦੀ ਹੈ ਪਰ ਚੀਨ ਤਾਂ ਸਮਾਜਵਾਦੀ ਦੇਸ਼ ਹੈ| ਹਮਲਾਵਰ ਭਾਰਤ ਹੈ| ਇਸ ਦੀਆਂ ਫੌਜਾਂ ਚੀਨੀ ਇਲਾਕੇ ਵਿਚ ਘੁਸਪੈਠ ਕਰ ਚੁੱਕੀਆਂ ਸਨ| ਚੀਨੀ ਫੌਜਾਂ ਨੇ ਤਾਂ ਉਨ੍ਹਾਂ ਨੂੰ ਬਾਹਰ ਕੱਢਿਆ ਹੈ| ਘੈਂਸ ਘੈਂਸ ਹੁੰਦਿਆਂ 1964 ਵਿਚ ਪਾਰਟੀ ਦੋ ਧੜਿਆਂ ਵਿਚ ਵੰਡੀ ਗਈ| ਵੱਖ ਹੋਏ ਗਰੁੱਪ ਨੇ ਆਪਣੀ ਪਾਰਟੀ ਦੇ ਨਾਂ ਨਾਲ ਮਾਰਕਸੀ ਸ਼ਬਦ ਜੋੜ ਲਿਆ| ਨਹਿਰੂ ਸਰਕਾਰ ਨੇ ਲੀਡਰਸ਼ਿਪ ਦੇ ਵਰੰਟ ਕੱਢ ਦਿੱਤੇ| ਲੀਡਰਸ਼ਿਪ ਭੂਮੀਗਤ ਹੋ ਗਈ| ਬੰਗਾਲ ਅਤੇ ਕੇਰਲਾ ਵਿਚ ਮਾਰਕਸੀ ਪਾਰਟੀ ਦੀਆਂ ਹਕੂਮਤਾਂ ਹੋਂਦ ਵਿਚ ਆਈਆਂ ਤਾਂ ਪਾਰਟੀ ਨੇ ਹਥਿਆਰਬੰਦ ਇਨਕਲਾਬ ਦਾ ਪ੍ਰੋਗਰਾਮ ਤਜ ਕੇ ਪਾਰਲੀਮਾਨੀ ਰਾਹ ਨੂੰ ਪਹਿਲ ਦੇਣੀ ਆਰੰਭ ਕਰ ਦਿੱਤੀ| ਬੰਗਾਲ ਦੀ ਜਯੋਤੀ ਬਾਸੂ ਸਰਕਾਰ ਜੋ ਕਿਸਾਨਾਂ ਨੂੰ ਜਗੀਰਦਾਰਾਂ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਕਰਨ ਦਾ ਲਾਰਾ ਲਾਉਂਦੀ ਆ ਰਹੀ ਸੀ, ਪ੍ਰੋਗਰਾਮ ਛੱਡ ਗਈ ਤਾਂ ਨਕਸਲਬਾੜੀ ਦੀ ਕਿਸਾਨ ਬਗ਼ਾਵਤ ਦਾ ਮੁੱਢ ਬੱਝ ਗਿਆ|
ਸ਼ੁਰੂਆਤੀ ਦਿਨਾਂ ਵਿਚ ਹੀ ਕਾਮਰੇਡ ਵੇਦ ਪ੍ਰਕਾਸ਼ ਇਸ ਗਰੁੱਪ ਵਿਚ ਪ੍ਰਸਿੱਧੀ ਹਾਸਲ ਕਰ ਗਿਆ ਸੀ| ਉਸ ਨੂੰ ਹਥਿਆਰ ਬਣਾਉਣ ਅਤੇ ਵਰਤਣ ਦਾ ਖ਼ਾਸਾ ਅਭਿਆਸ ਸੀ| ਏਅਰ ਗੰਨਾਂ ਤੇ ਏਅਰ ਪਿਸਟਲ ਉਸ ਨੇ ਆਪਣੇ ਘਰ ਰੱਖੇ ਹੁੰਦੇ ਸਨ| ਮੈਂ ਵੀ ਅਭਿਆਸ ਕਰਨ ਲਈ ਉਸ ਦੇ ਅਫ਼ੀਮ ਵਾਲ਼ੀ ਗਲ਼ੀ ਦੇ ਘਰ ਵਿਚ ਜਾਂਦਾ ਰਿਹਾ ਸਾਂ| ਕਈ ਵਾਰ ਸਾਹਮਣੇ ਕੋਈ ਨਿਸ਼ਾਨ ਰੱਖ ਕੇ ਗੋਲ਼ੀ ਚਲਾਉਣ ਦਾ ਅਭਿਆਸ ਕਰਦੇ| ਇੱਕ ਵਾਰ ਤਾਂ ਅਧਿਆਪਕ ਆਗੂ ਯਸ਼ਪਾਲ ਦੇ ਭਰਾ ਮਰਹੂਮ ਮਨੋਹਰ ਨਾਲ ਜਾ ਕੇ ਅਸੀਂ ਕੋਠੇ ’ਤੇ ਏਅਰ ਗੰਨ ਨਾਲ ਅਭਿਆਸ ਕੀਤਾ| ਮਨੋਹਰ ਖੁੱਲ੍ਹ-ਦਿਲਾ, ਮਿਲਾਪੜਾ ਤੇ ਲਹਿਰ ਦਾ ਹਮਦਰਦ ਜ਼ਰੂਰ ਸੀ ਜੋ ਮੇਰਾ ਹਮ-ਜਮਾਤੀ ਵੀ ਸੀ ਪਰ ਉਸ ਨੇ ਲਹਿਰ ਵਿਚ ਕੋਈ ਸਰਗਰਮ ਭੂਮਿਕਾ ਅਦਾ ਨਹੀਂ ਸੀ ਕੀਤੀ| ਤਾਂ ਵੀ ਉਹ ਨਾਗੀ ਰੈਡੀ ਗਰੁੱਪ ਵਿਚ ਸਤਿਕਾਰਤ ਥਾਂ ਰੱਖਦਾ ਸੀ| ਗਰਮ ਦਲੀਆਂ ਦਾ ਤਾਂ ਫਾਰਮੂਲਾ ਹੀ ਇਹ ਸੀ ਕਿ ਜੋ ਹਥਿਆਰਬੰਦ ਅਮਲ ਦੀ ਵਕਾਲਤ ਨਹੀਂ ਕਰਦਾ, ਇਨਕਲਾਬ ਵਿਰੋਧੀ ਹੈ| ਕਾਮਰੇਡ ਟੀ. ਐਨ. ਨਾਗੀਰੈਡੀ ਲੋਕ ਸਭਾ ਮੈਂਬਰ ਵੀ ਸੀ ਤੇ ਆਪਣੇ ਹਜ਼ਾਰਾਂ ਹੀ ਸਮਰਥਕਾਂ ਨਾਲ ਅਸਤੀਫ਼ਾ ਦੇ ਕੇ ਮਾਰਕਸਵਾਦੀ ਪਾਰਟੀ ਦੀ ਨਿਰਧਾਰਤ ਲਾਈਨ ਨੂੰ ਲਾਗੂ ਕਰਨ ਲਈ ਪਾਰਟੀ ਤੋਂ ਵੱਖ ਹੋਇਆ ਸੀ| ਸੀ.ਪੀ.ਆਈ. ਤੋਂ ਵੱਖ ਹੋਈ ਮਾਰਕਸਵਾਦੀ ਪਾਰਟੀ ਦੇ ਏਜੰਡੇ ਉੱਪਰ ਜਨਤਕ ਲੀਹ ਦੇ ਨਾਲ ਹਥਿਆਰਬੰਦ ਇਨਕਲਾਬ ਵੀ ਸੀ, ਪਰ ਹੁਣ ਜਦੋਂ ਕਿਸਾਨੀ ਨੇ ਜਗੀਰਦਾਰੀ ਸਿਸਟਮ ਵਿਰੁੱਧ ਸੰਘਰਸ਼ ਆਰੰਭ ਕੀਤਾ ਤਾਂ ਪਾਰਟੀ ਪਿੱਛੇ ਹੀ ਨਹੀਂ ਸੀ ਹਟੀ, ਸਗੋਂ ਜਗੀਰਦਾਰਾਂ ਦੀ ਪਿੱਠ ’ਤੇ ਵੀ ਖੜ੍ਹ ਗਈ ਸੀ| ਸੋਹੀ ਨਾਲ ਖੜ੍ਹੇ ਤਕਰੀਬਨ ਸਾਰੇ ਜਣੇ ਕਾਲਜਾਂ-ਯੂਨੀਵਰਸਿਟੀਆਂ ਤੋਂ ਕਰੀਮ ਬਣ ਕੇ ਨਿਕਲ਼ੇ ਨੌਜੁਆਨ ਸਨ| ਨਿਰਾ ਜੋਸ਼ ਹੀ ਨਹੀਂ ਹੋਸ਼ ਤੋਂ ਵੀ ਕੰਮ ਲੈਣਾ ਆਉਂਦਾ ਸੀ| ਮਾਰਕਸੀ ਚਿੰਤਨ ਵਿਚ ਨਿਪੁੰਨ ਟੀਮ ਸੀ ਇਹ, ਜਿਨ੍ਹਾਂ ‘ਤੇ ਆਮ ਤੌਰ ’ਤੇ ਭੂਤ ਵਾੜੇ ਦੀ ਪੈਦਾਵਾਰ ਦਾ ਠੱਪਾ ਲਾ ਦਿੱਤਾ ਜਾਂਦਾ ਸੀ| ਭੂਤ ਵਾੜੇ ਵਿਚ ਇਕੱਤਰ ਹੋਣ ਵਾਲੇ ਮੁੰਡੇ-ਕੁੜੀਆਂ ਸੰਸਾਰ ਸਾਹਿਤ ਨੂੰ ‘ਭੂਤ’ ਬਣ ਕੇ ਚਿੰਬੜਦੇ ਸਨ ਤੇ ਫਿਰ ਪੜ੍ਹੀਆਂ ਕਿਤਾਬਾਂ ਉੱਪਰ ਭਖਵੀਂ ਚਰਚਾ ਕਰਦੇ ਸਨ| ਨਿਚੋੜ-ਨਿਚੋੜ ਕੇ ਅਰਕ ਕੱਢਦੇ ਸਨ|
ਜਦੋਂ ਇਸ ਗਰੁੱਪ ਦੀਆਂ ਸਰਗਰਮੀਆਂ ਆਰੰਭ ਹੋਈਆਂ ਤਾਂ ਸਭ ਤੋਂ ਪਹਿਲਾਂ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਵਧੇਰੇ ਪ੍ਰਭਾਵਤ ਹੋਏ| ਪੰਜਾਬੀ ਯੂਨੀਵਰਸਿਟੀ ਵਿਚ ਜੈਕ, ਬਿੱਟੂ ਆਦਿ ਵਿਦਿਆਰਥੀ ਜੋ ਆਪਣੀ ਕਾਬਲੀਅਤ ਦਾ ਸਿੱਕਾ ਜਮਾ ਚੁੱਕੇ ਸਨ, ਕੋਲ਼ ਮੈਂ ਅਕਸਰ ਜਾਂਦਾ ਸਾਂ| ਹੋਸਟਲ ਵਿਚ ਪਾਰਟੀ ਲਾਈਨ ਦੀਆਂ ਗੱਲਾਂ ਹੁੰਦੀਆਂ| ਯੂਨੀਵਰਸਿਟੀ ਕੈਂਪਸ ਵਿਚ ਇੱਕ ਸੁਰਜੀਤ ਨਾਂ ਦਾ ਵਿਅਕਤੀ ਆਮ ਮਿਲ਼ਦਾ ਸੀ| ਉਹਦੇ ਬਾਰੇ ਗੱਲਾਂ ਚੱਲਦੀਆਂ ਕਿ ਉਹ ਪਾਰਟੀ ਲਾਈਨ ਨਾਲ ਤਾਂ ਨਹੀਂ ਖੜ੍ਹਦਾ ਪਰ ਹਰਭਜਨ ਦਾ ਮਿੱਤਰ ਹੈ| ਮੈਂ ਜਦ ਵੀ ਸੁਰਜੀਤ ਨੂੰ ਮਿਲ਼ਦਾ, ਉਹ ਮੇਰੇ ਨਾਲ ਚਿਪਕ ਜਾਂਦਾ| ਮੈਨੂੰ ਕੋਫ਼ਤ ਜਿਹੀ ਵੀ ਹੋਣੀ ਕਿ ਇਹ ਬੰਦਾ ਜੀਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਇਹ ਕਰਨਾ ਕੀ ਚਾਹੁੰਦਾ ਹੈ| ਅਵਾਰਾ ਕਿਸਮ ਦਾ ਜਾਪਣਾ ਮੈਨੂੰ| ਜਿੰਨਾ ਚਿਰ ਮੈਂ ਯੂਨੀਵਰਸਿਟੀ ਵਿਚ ਰਹਿੰਦਾ, ਮੇਰੇ ਨਾਲ ਹੀ ਤੁਰਿਆ ਇੱਧਰ-ਉੱਧਰ ਦੀ ਛੱਡਦਾ ਜਾਪਦਾ| ਮੇਰੇ ਨਾਲ ਕਿਸੇ ਮਸਲੇ ’ਤੇ ਗੱਲ ਵੀ ਨਹੀਂ ਕਰਦਾ, ਤੇ ਜਿੰਨਾ ਚਿਰ ਮੈਂ ਪਟਿਆਲ਼ੇ ਰਹਾਂ, ਨਾਲ ਹੀ ਤੁਰਿਆ ਫਿਰਦਾ ਹੈ, ਜਿੱਧਰ ਵੀ ਜਾਵਾਂ ਨਾਲ ਤੁਰਿਆ ਜਾਂਦਾ ਹੈ| ਮੈਂ ਇੱਕ ਦਿਨ ਸੋਹੀ ਦੀ ਭੈਣ ਹਰਿੰਦਰ ਨੂੰ ਵੀ ਵੇਖਿਆ, ਜੋ ਆਪਣੇ ਹੋਸਟਲ ਦੀ ਮੈੱਸ ਵਿਚੋਂ ਕਾਗਜ਼ ਵਿਚ ਲਪੇਟੇ ਪਰੌਂਠੇ ਲੈ ਕੇ ਆਈ ਸੀ ਤੇ ਉਸ ਨੇ ਮੇਰੇ ਸਾਹਮਣੇ ਸੁਰਜੀਤ ਨੂੰ ਫੜਾ ਦਿੱਤੇ ਸਨ| ਮੈਨੂੰ ਇਹ ਵੀ ਅਜੀਬ ਵਰਤਾਰਾ ਲੱਗਿਆ ਸੀ| ਇੰਨੇ ਵੱਡੇ ਪਰਿਵਾਰਕ ਪਿਛੋਕੜ ਵਾਲ਼ੀ ਇਹ ਕੁੜੀ ਇੱਕ ਅਵਾਰਾ ਫਿਰਦੇ ਬੰਦੇ ਦਾ ਐਨਾ ਖ਼ਿਆਲ ਰੱਖਦੀ ਹੈ, ਜ਼ਰੂਰ ਕੋਈ ਗੱਲ ਤਾਂ ਹੈ| ਜਦ ਮੈਂ ਪਟਿਆਲ਼ੇ ਤੋਂ ਗੱਡੀ ਫੜਦਾ ਤਾਂ ਉਹ ਵੀ ਮੇਰੇ ਨਾਲ ਗੱਡੀ ਵਿਚ ਸਵਾਰ ਹੋ ਜਾਂਦਾ| ਹਰ ਵਾਰ ਉਹ ਨਾਭੇ ਉੱਤਰਦਾ ਤੇ ਸਟੇਸ਼ਨ ਆਉਣ ਸਾਰ ਮੈਨੂੰ ਉਸਦੇ ਉਹੀ ਬੋਲ ਸੁਣਾਈ ਦਿੰਦੇ-’ਪੰਜ ਕੁ ਰੁਪਈਏ ਦੇਓ’। ਮੈਨੂੰ ਖਿਝ ਵੀ ਚੜ੍ਹਦੀ ਪਰ ਮੈਂ ਹਰ ਵਾਰ ਉਸ ਦੀ ਹਥੇਲ਼ੀ ’ਤੇ ਪੰਜ ਰੁਪਈਏ ਰੱਖ ਦਿੰਦਾ| ਮੈਨੂੰ ਇਹ ਯਾਦ ਨਹੀਂ ਆ ਰਿਹਾ ਕਿ ਉਹ ਪਹਿਲੀ ਵਾਰ ਮੇਰਾ ਕਦ ਵਾਕਫ਼ ਬਣਿਆ| ਇਹ ਵਰਤਾਰਾ ਮੇਰੇ ਜੀਵਨ ਵਿਚ ਜੁੜ ਹੀ ਗਿਆ| ਇੱਕ ਦਿਨ ਮੈਂ ਆਪਣਾ ਸ਼ੱਕ ਦੂਰ ਕਰਨ ਲਈ ਸੋਹੀ ਨੂੰ ਪੁੱਛ ਹੀ ਲਿਆ-’ਸੁਰਜੀਤ ਨਾਂ ਦਾ ਇੱਕ ਵਿਅਕਤੀ ਯੂਨੀਵਰਸਿਟੀ ਵਿਚ ਇੱਧਰ-ਉੱਧਰ ਤੁਰਿਆ ਫਿਰਦਾ ਮਿਲ਼ਦੈ ਤਾਂ ਇਉਂ ਜਾਪਦੈ ਜਿਵੇਂ ਉਹ ਮੈਨੂੰ ਹੀ ਲੱਭ ਰਿਹਾ ਹੋਵੇ| ਜਦ ਮਿਲ਼ਦੈ ਤਾਂ ਉਹ ਮੇਰਾ ਖਹਿੜਾ ਹੀ ਨਹੀਂ ਛੱਡਦਾ|’
‘ਅਤਰਜੀਤ ਉਹ ਬਹੁਤ ਵੱਡਾ ਸਕਾਲਰ ਐ, ਉਸ ਨੇ ਕਿਸੇ ਦਿਨ ਬੜਾ ਨਾਮ ਕਮਾਉਣੈ| ਸਾਧਾਰਨ ਸ਼ਖ਼ਸੀਅਤ ਨਹੀਂ ਹੈ ਸੁਰਜੀਤ| ਆਰਥਕ ਤੰਗੀਆਂ ਦਾ ਸ਼ਿਕਾਰ ਹੈ| ਕਿਸੇ ਦਿਨ ਉਸ ਨੇ ਬਹੁਤ ਵੱਡਾ ਵਿਦਵਾਨ ਬਣਨੈਂ| ਉਹ ਜਮਹੂਰੀ ਕਦਰਾਂ-ਕੀਮਤਾਂ ਦਾ ਪਹਿਰੇਦਾਰ ਹੈ|’ ਇਹ ਸ਼ਬਦ ਬੇਸ਼ੱਕ ਸੋਹੀ ਦੇ ਇੰਨ-ਬਿੰਨ ਤਾਂ ਨਹੀਂ ਪਰ ਉਸ ਨੇ ਇਹੋ ਭਾਵ ਪ੍ਰਗਟਾਏ ਸਨ| ਉਸ ਤੋਂ ਬਾਅਦ ਉਸ ਪ੍ਰਤੀ ਮੇਰੇ ਰਵੱਈਏ ਵਿਚ ਵੀ ਅੰਤਰ ਆ ਗਿਆ| ਫਿਰ ਤਾਂ ਮੈਂ ਵੱਖ ਹੋਣ ਵੇਲ਼ੇ ਆਪ ਹੀ ਉਸ ਨੂੰ ਕੁੱਝ ਪੈਸੇ ਦੇਣ ਵਿਚ ਖੁਸ਼ੀ ਮਹਿਸੂਸ ਕਰਨ ਲੱਗ ਪਿਆ ਸਾਂ| ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਹਰਿੰਦਰ ਉਸ ਦਾ ਬਹੁਤ ਖ਼ਿਆਲ ਰੱਖਦੀ ਹੈ| ਥੋੜ੍ਹਾ ਅਜੀਬ ਵੀ ਲੱਗਦਾ ਪਰ ਮੈਂ ਸਮੇਂ ਨਾਲ ਉਨ੍ਹਾਂ ਪ੍ਰਤੀ ਸਹਿਜ ਅਤੇ ਸੁਹਿਰਦ ਵੀ ਹੁੰਦਾ ਗਿਆ| ਫਿਰ ਤਾਂ ਦੋਵੇਂ ਹੀ ਮੈਨੂੰ ਚੰਗੇ-ਚੰਗੇ ਲੱਗਣ ਲੱਗ ਪਏ ਸਨ| ਯੂਨੀਵਰਸਿਟੀ ਵਿਚ ਹਰਿੰਦਰ ਨਾਲ ਤਾਂ ਮੁਲਾਕਾਤ ਸ਼ਾਇਦ ਨਹੀਂ ਹੋਈ, ਪਰ ਸੁਰਜੀਤ ਹਰ ਫੇਰੇ ਮਿਲ਼ਦਾ ਰਹਿੰਦਾ ਸੀ| ਹਰਭਜਨ ਨਾਲ ਹੋਈ ਗੱਲ-ਕੱਥ ਤੋਂ ਬਾਅਦ ਮੈਂ ਸੋਚਾਂ ਵਿਚ ਜ਼ਰੂਰ ਪਿਆ ਰਿਹਾ ਕਿ ਹਰਿੰਦਰ ਉਸ ਦਾ ਏਨਾ ਖ਼ਿਆਲ ਕਿਉਂ ਰੱਖਦੀ ਹੈ| ਫਿਰ ਮੈਂ ਇਹ ਸੋਚ ਕੇ ਰਹਿ ਜਾਂਦਾ ਕਿ ਆਪਣੇ ਭਰਾ ਦੇ ਦੋਸਤ ਦੀ ਦੋਸਤੀ ਨੂੰ ਬੇਝਿਜਕ ਮਾਣਤਾ ਦਿੰਦੀ ਹੈ| ਕਦੇ ਮੈਂ ਹਰਿੰਦਰ ਦੇ ਕੁਦਰਤੀ ਜਾਂ ਬਣਾਏ ਅਜੀਬ ਜਿਹੇ ਵਾਲਾਂ ਵੱਲ ਦੇਖ ਕੇ ਉਸਦੇ ਸੁਹੱਪਣ ਤੋਂ ਵਾਰੇ ਜਾਂਦਾ ਤੇ ਕਲਪਨਾ ਕਰਦਾ ਕਿ ਸ਼ਾਇਦ ਉਨ੍ਹਾਂ ਦਾ ਆਪਸੀ ਮੋਹ ਵਾਲਾ ਰਿਸ਼ਤਾ ਹੋਵੇਗਾ|
ਮੈਂ ਉਨ੍ਹੀਂ ਦਿਨੀਂ ਸਰਕਾਰੀ ਮਿਡਲ ਸਕੂਲ ਜੋਧਪੁਰ ਪਾਖਰ ਪੜ੍ਹਾਉਂਦਾ ਸਾਂ| ਆਮ ਤੌਰ ’ਤੇ ਘਰ ਹੀ ਆ ਜਾਂਦਾ ਸਾਂ| ਸ਼ਾਇਦ ਇੱਕ ਪਾਸੜ ਅਠਾਈ ਰੁਪਏ ਦੇ ਕੇ ਪ੍ਰਾਈਵੇਟ ਬੱਸਾਂ ਵਾਲੇ ਪਾਸ ਜਾਰੀ ਕਰ ਦਿੰਦੇ ਸਨ| ਟੌਰੇ ਵਾਲ਼ੀ ਪੱਗ ਤੇ ਲਮਕਵਾਂ ਚਾਦਰਾ ਬੰਨ੍ਹੀਂ ਇੱਕ ਦਿਨ ਸੋਹੀ ਸਾਡੇ ਬਾਰ ਕੋਲ਼ ਆ ਕੇ ਸਾਈਕਲ ਤੋਂ ਉੱਤਰਿਆ| ਹਸੰਦੜੇ-ਖਿਲੰਦੜੇ ਜਿਹੇ ਚਿਹਰੇ ਵਿਚੋਂ ਝਾਕਦੇ ਉਸ ਦੇ ਦੰਦ ਵੇਖ ਕੇ ਮੈਨੂੰ ਚਾਅ ਚੜ੍ਹ ਗਿਆ| ਅੰਦਰ ਲਿਜਾ ਕੇ ਉਸ ਨੂੰ ਨਵੀਂ ਬਣਾਈ ਬੈਠਕ ਵਿਚ ਬਿਠਾ ਕੇ ਆਪਣੀ ਬੇਬੇ ਨੂੰ ਦੱਸਿਆ-’ਬੇਬੇ ਇਹ ਸੋਲ਼ਾਂ ਜਮਾਤਾਂ ਪੜ੍ਹਿਆ ਹੋਇਐ| ਐਵੇਂ ਜੱਟ-ਬੂਟ ਜਿਹਾ ਨਾ ਸਮਝ ਲੀਂ| ਵੱਡੇ ਘਰ ਦਾ ਮੁੰਡੈ, ਮੈਨੂੰ ਮਿਲ਼ਣ ਆਇਐ|’ ਸ਼ਾਇਦ ਇਹ ਸੀ ਵੀ ਪਹਿਲੀ ਵਾਰ ਕਿ ਕੋਈ ਇਸ ਤਰ੍ਹਾਂ ਦੀ ਸ਼ਖ਼ਸੀਅਤ ਸਾਡੇ ਘਰ ਆਈ ਸੀ| ਮੇਰੀ ਬੇਬੇ ਨੇ ਵੀ ਚਾਅ ਮਨਾਇਆ| ਉਸ ਦੇ ਸਿਰ ’ਤੇ ਪਿਆਰ ਦਿੱਤਾ| ਚਾਹ ਬਣਾਈ| ਮੈਂ ਪਿੱਤਲ਼ ਦੇ ਕਲੀ ਕੀਤੇ ਗਲਾਸ ਵਿੱਚ ਚਾਹ ਲੈ ਕੇ ਆਇਆ-’ਗੁੜ ਦੀ ਚਾਹ ਐ ਹਰਭਜਨ|’ ਉਸ ਦੇ ਸੂਹੇ ਜਿਹੇ ਬੁੱਲ੍ਹਾਂ ਵਿਚ ਮੋਤੀਆਂ ਵਰਗੇ ਦੰਦ ਲਿਸ਼ਕੇ-’ਵਾਹ ਫੇਰ ਤਾਂ ਹੋਰ ਵੀ ਕਮਾਲ ਹੈ|’ ਮੇਰੇ ਹੱਥੋਂ ਗਿਲਾਸ ਫੜਦਿਆਂ ਉਸ ਦਾ ਕਿਹਾ ਅੱਜ ਵੀ ਯਾਦ ਹੈ| ਫਿਰ ਤਾਂ ਗਾਹੇ-ਬਗਾਹੇ ਉਸਦਾ ਗੇੜਾ ਵਜਦਾ ਹੀ ਰਹਿੰਦਾ|
ਇਸੇ ਤਰ੍ਹਾਂ ਇੱਕ ਹੋਰ ਦਿਨ ਉਹ ਉਵੇਂ ਹੀ ਆਇਆ| ਉਹੀ ਟੌਰੇ ਵਾਲ਼ੀ ਪੱਗ ਤੇ ਲਮਕਵਾਂ ਚਾਦਰਾ ਬੰਨਿ੍ਹਆ ਹੋਇਆ| ਪੈਰਾਂ ਵਿਚ ਸਾਦੀ ਜੁੱਤੀ| ਸਾਈਕਲ ਤੋਂ ਉੱਤਰਦੇ ਸਮੇਂ ਜਿਵੇਂ ਉਸ ਨੇ ਇੱਕ ਹੱਥ ਨਾਲ ਚਾਦਰਾ ਠੀਕ ਕਰਕੇ ਲੱਤਾਂ ਦੁਆਲ਼ੇ ਕੀਤਾ ਸੀ, ਉਵੇਂ ਦੀ ਉਸ ਦੀ ਤਸਵੀਰ ਅੱਖਾਂ ਸਾਮ੍ਹਣੇ ਛਾਈ ਹੋਈ ਹੈ|
‘ਅਤਰਜੀਤ ਕਾਮਰੇਡ ਵੇਦ ਨੂੰ ਤੇਰੇ ਕੋਲ਼ ਛੱਡ ਕੇ ਜਾਣੈਂ| ਉਹ ਇਸ ਵੇਲ਼ੇ ਥੋੜ੍ਹਾ ਸੰਕਟ ਵਿਚ ਐ| ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ| ਕੁੱਝ ਦਿਨ ਤੂੰ ਏਥੇ ਰੱਖ|’ ਮੇਰੀ ਬੇਬੇ ਤਾਂ ਹਰਭਜਨ ਤੋਂ ਪ੍ਰਭਾਵਤ ਸੀ, ਜਿਸ ਕਰਕੇ ਉਸ ਨੂੰ ਇਸ ਵਿਚ ਕੋਈ ਚੰਗੀ ਗੱਲ ਹੀ ਜਾਪੀ| ਉਸ ਨੇ ਮੇਰੇ ਤਾਏ ਨਾਲ ਗੱਲ ਕੀਤੀ ਤਾਂ ਉਹ ਚੁੱਪ ਕਰ ਰਿਹਾ| ਅਕਾਲੀ ਸਿਆਸਤ ਵਿਚ ਜੇਲ੍ਹਾਂ ਕੱਟੀਆਂ ਹੋਣ ਕਰਕੇ ਉਸ ਤੋਂ ਇਹ ਗੱਲ ਭੁੱਲੀ ਹੋਈ ਨਹੀਂ ਸੀ| ਊਂ ਵੀ ਉਸ ਨੂੰ ਨਕਸਲਬਾੜੀ ਲਹਿਰ ਦੀ ਭਿਣਕ ਤਾਂ ਲੱਗ ਹੀ ਗਈ ਸੀ| ਮੈਨੂੰ ਨਹੀਂ ਪਤਾ ਕਿ ਮੇਰੇ ਤਾਏ ਨੇ ਮੇਰੀ ਬੇਬੇ ਨੂੰ ਕੀ ਜਵਾਬ ਦਿੱਤਾ ਪਰ ਉਹ ਖੁਸ਼ ਨਹੀਂ ਸੀ ਜਾਪਦਾ, ਮੇਰੀ ਅੰਬੋ ਵੀ ਚੁੱਪ ਕੀਤੀ ਹੋਈ ਸੀ| ਉਸ ਨੂੰ ਇਸ ਕਾਸੇ ਨਾਲ ਆਪਣਾ ਕੋਈ ਲਗਾਉ ਹੀ ਨਹੀਂ ਸੀ ਜਾਪਦਾ| ਕਾਮਰੇਡ ਵੇਦ ਲਈ ਸਾਡੇ ਘਰ ਠਹਿਰਨਾ ਓਪਰਾ ਨਹੀਂ ਸੀ ਲੱਗ ਰਿਹਾ ਜਾਂ ਮੈਨੂੰ ਘਰਦਾ ਕੋਈ ਮੈਂਬਰ ਇਨਕਾਰ ਨਹੀਂ ਸੀ ਕਰਨਾ ਚਾਹੁੰਦਾ| ਮੇਰੀ ਬੇਬੇ ਨੇ ਹਾਂ ਕਰ ਦਿੱਤੀ|
ਉਂਝ ਵੀ ਆਪਣੀ ਬਾਬੇ ਹੁਰਾਂ ਦੇ ਸਮੇਂ ਤੋਂ ਮੈਂ ਵੇਖਦਾ ਆਇਆ ਸਾਂ ਕਿ ਕੋਈ ਰਾਹੀ-ਪਾਂਧੀ ਵੀ ਰਾਤ ਕੱਟਣ ਲਈ ਠਹਿਰਨਾ ਚਾਹੁੰਦਾ ਤਾਂ ਬਾਬੇ ਨੇ ਮੇਰੀ ਅੰਬੋ ਨੂੰ ਕਿਹਾ ਹੁੰਦਾ ਸੀ, ਕਿ ਹਰੇਕ ਰਾਹੀ-ਪਾਂਧੀ ਨੂੰ ਮੰਜਾ-ਬਿਸਤਰਾ ਦੇਣਾ ਹੈ ਤੇ ਚੁੱਲ੍ਹੇ ਪੱਕਿਆ ਪ੍ਰਸ਼ਾਦਾ ਛਕਾਉਣਾ ਹੈ| ਸਿੱਧਾ ਸਾਦਾ ਯੁੱਗ ਸੀ, ਕੋਈ ਲੋੜਵੰਦ ਹੀ ਰਾਤ ਕੱਟਣ ਲਈ ਠਹਿਰਦਾ ਸੀ ਤੇ ਦਿਨ ਚੜ੍ਹੇ ਆਪਣੇ ਰਾਹੇ ਪੈ ਜਾਂਦਾ ਸੀ| ਸਾਡੇ ਹੀ ਭਾਈਚਾਰੇ ਦੇ ਕਿਸੇ ਰਾਹੀ-ਪਾਂਧੀ ਨੇ ਸੱਥ ਵਿਚ ਆ ਕੇ ਕਿਸੇ ਕੋਲ਼ ਰਾਤ ਕੱਟਣ ਦੀ ਗੱਲ ਕਰਨੀ ਤਾਂ ਉਸ ਨੇ ਸਾਡੇ ਘਰ ਭੇਜ ਦੇਣਾ| ਇਹ ਵਰਤਾਰਾ ਮੈਂ ਬਹੁਤ ਵਾਰ ਵੇਖ ਚੁੱਕਾ ਸਾਂ| ਕੱਚੇ ਰਾਹਾਂ ’ਤੇ ਲੋਕ ਪੈਦਲ ਹੀ ਲੰਮੇ ਸਫ਼ਰ ਲਈ ਨਿੱਕਲ਼ ਤੁਰਦੇ ਸਨ| ਸ਼ਾਮ ਤੱਕ ਹਰਭਜਨ ਕਾਮਰੇਡ ਵੇਦ ਪ੍ਰਕਾਸ਼ ਨੂੰ ਸਾਡੇ ਘਰ ਛੱਡ ਗਿਆ ਤੇ ਉਨ੍ਹੀਂ ਪੈਰੀਂ ਪਰਤ ਗਿਆ|
ਉਨ੍ਹੀਂ ਦਿਨੀਂ ਮੁਲਕ ਭਰ ਵਿਚ ‘ਸ਼ਤਰੰਜ’ ਫਿਲਮ ਲੱਗੀ ਹੋਈ ਸੀ, ਜੋ ਖ਼ਾਸ ਕਰਕੇ ਮਾਉ ਵਿਚਾਰਧਾਰਾ ਦਾ ਵਿਰੋਧ ਕਰਨ ਲਈ ਤਿਆਰ ਕੀਤੀ ਗਈ ਸੀ| ‘ਜੰਗਲ ਮੋਰ ਨਾਚਾ’ ਗੀਤ ਵੀ ਇਹੋ ਅਰਥ ਦਿੰਦਾ ਸੀ ਕਿ ਮੋਰ ਬਾਗ ਵਿਚ ਨਹੀਂ ਨੱਚਿਆ, ਜੰਗਲ ਵਿਚ ਨੱਚਿਆ ਹੈ| ਚੀਨ ਵਿਚ ਜੰਗਲ ਦਾ ਰਾਜ ਹੈ, ਜਿੱਥੇ ਮਾਉ ਨੂੰ ਹਜ਼ਾਰਾਂ ਹੀ ਲੋਕਾਂ ਦੀਆਂ ਕਤਾਰਾਂ ਉੱਪਰ ਜ਼ੁਲਮ ਕਰਦੇ ਦਿਖਾਇਆ ਗਿਆ ਸੀ| ਮਾਉਜ਼ੇ ਤੁੰਗ ਦੀ ਲਾਲ ਕਿਤਾਬ ਵਿਚੋਂ ਪੜ੍ਹੀਆਂ ਉਸ ਦੀਆਂ ਕੁਟੇਸ਼ਨਾਂ ਦਾ ਜਾਦੂਈ ਅਸਰ ਸੀ, ਜਿਨ੍ਹਾਂ ਵਿਚ ਬਰਾਬਰੀ ਦਾ ਸੰਦੇਸ਼ ਵੀ ਸੀ ਤੇ ਬਹੁਤ ਸਾਰੀਆਂ ਸਿਧਾਂਤਕ ਵਿਚਾਰਾਂ ਸੂਤਰਬੱਧ ਕੀਤੀਆਂ ਹੋਈਆਂ ਸਨ| ਨੌਜੁਆਨ ਤਬਕੇ ਅਤੇ ਖ਼ਾਸ ਕਰਕੇ ਵਿਦਿਆਰਥੀ ਵਰਗ ਵਿਚ ਬਹੁਤ ਉਤਸ਼ਾਹ ਸੀ| ਦੋ ਧਾਰਾਵਾਂ ਵਿਚ ਵੰਡੀ ਲਹਿਰ ਕਾਰਨ ਹਥਿਆਰਬੰਦ ਘੋਲ਼ ਦੇ ਸਮਰਥਕ ਸੋਹੀ ਵਾਲ਼ੀ ਜਾਂ ਕਹਿ ਲਓ ਨਾਗੀ ਰੈਡੀ ਵਾਲ਼ੀ ਲੀਹ ਨੂੰ ਚਿਮਟੇ ਨਾਲ ਵੀ ਨਹੀਂ ਸੀ ਛੋਹਣਾ ਚਾਹੁੰਦੇ ਤੇ ਉਨ੍ਹਾਂ ਨੂੰ ‘ਗੱਦਾਰ’ ਤੇ ‘ਬੇਦਾਵੀਏ’ ਦੇ ਵਿਸ਼ੇਸ਼ਣ ਲਗਾ ਕੇ ਬਦਨਾਮ ਕਰਨ ਦੀ ਵੀ ਕੋਈ ਕਸਰ ਨਹੀਂ ਸੀ ਛੱਡ ਰਹੇ| ਇਹੋ ਜਿਹੇ ਹਾਲਾਤ ਵਿਚ ਜਨਤਕ ਲੀਹ ਦੀ ਲਾਈਨ ਦੀ ਵਕਾਲਤ ਕਰਨ ਵਾਲ਼ੀ ਧਿਰ ਕੋਈ ਅਜਿਹਾ ਐਕਸ਼ਨ ਕਰਨਾ ਚਾਹੁੰਦੀ ਸੀ ਜੋ ਮੁਲਕ ਭਰ ਵਿਚ ਚਰਚਾ ਦਾ ਵਿਸ਼ਾ ਬਣੇ| ਅਜਿਹਾ ਐਕਸ਼ਨ ਉਲੀਕੇ ਜਾਣ ਦੀ ਲੋੜ ਸੀ ਜਿਸ ਨਾਲ ਕਾਮਰੇਡ ਮਾਉ ਦੀ ਛਬਿ ਨੂੰ ਵਿਗਾੜਨ ਵਾਲ਼ੀ ਕੋਝੀ ਹਰਕਤ ਦਾ ਜਵਾਬ ਦਿੱਤਾ ਜਾਵੇ| ਇਹ ਜਵਾਬ ਦੇਣ ਲਈ ਕਾਮਰੇਡ ਵੇਦ ਪ੍ਰਕਾਸ਼ ਨੇ ਸਕੀਮ ਲੜਾਈ ਸੀ| ਉਹ ਹਰਭਜਨ ਸੋਹੀ ਦੇ ਜੁੱਟ ਨੂੰ ਦੋਸਤੀ ਵਾਂਗ ਲੈਂਦਾ ਸੀ|
ਉਸ ਨੇ ਕਈ ਨਕਲੀ ਬੰਬ ਤਿਆਰ ਕੀਤੇ, ਜਿਨ੍ਹਾਂ ਨਾਲ ਇੱਕ ਤਾਰ ਜਿਹੀ ਦੀ ਹੁੱਕ ਬਣਾ ਕੇ ਲਗਾਈ ਗਈ ਸੀ| ਰਾਕੇਸ਼ ਟਾਕੀ ਵਿਚ ਜਦੋਂ ਫਿਲਮ ਸ਼ੁਰੂ ਹੋਣੀ ਸੀ ਤੇ ‘ਜੰਗਲ ਮੇਂ ਮੋਰ ਨਾਚਾ’ ਗੀਤ ਆਉਣਾ ਸੀ, ਤਾਂ ਇਨ੍ਹਾਂ ਪਟਾਕਾ ਬੰਬਾਂ ਦੇ ਪਲੀਤੇ ਨੂੰ ਅੱਗ ਲਗਾ ਕੇ ਪਰਦੇ ਉੱਪਰ ਸੁੱਟਣਾ ਸੀ| ਕੁੰਡੀ ਨੇ ਪਰਦੇ ਵਿਚ ਟੰਗੀ ਜਾਣਾ ਸੀ ਤੇ ਪਟਾਕੇ ਚੱਲਣ ਨਾਲ ਪਰਦੇ ਨੂੰ ਅੱਗ ਲੱਗ ਜਾਣੀ ਸੀ| ਉਨ੍ਹਾਂ ਇੱਕ ਮੁੰਡੇ ਨੂੰ ਲੜੀ ਵਾਲੇ ਪਟਾਕੇ ਦਿੱਤੇ ਹੋਏ ਸਨ| ਅੰਦਰ ਪਟਾਕਿਆਂ ਦੇ ਚੱਲਣ ਦੀ ਆਵਾਜ਼ ਨਾਲ ਬਾਹਰ ਖੜ੍ਹੇ ਮੁੰਡੇ ਨੇ ਪਟਾਕਿਆਂ ਦੇ ਪਲੀਤੇ ਨੂੰ ਅੱਗ ਲਾ ਦੇਣੀ ਸੀ| ਇਸ ਤਰ੍ਹਾਂ ਡਰ ਵਾਲਾ ਮਾਹੌਲ ਪੈਦਾ ਕਰ ਕੇ ਫਿਲਮ ਨੂੰ ਰੋਕਣ ਦੀ ਇਹ ਚਾਰਾਜੋਈ ਸੀ| ਕਾਮਰੇਡ ਵੇਦ ਪ੍ਰਕਾਸ਼ ਦੁਆਰਾ ਵਰਤੀ ਗਈ ਇਹ ਤਕਨੀਕ ਕਾਮਯਾਬ ਨਾ ਹੋਈ| ਕੋਈ ਪਟਾਕਾ ਪਰਦੇ ਵਿਚ ਨਾ ਟੰਗਿਆ ਗਿਆ ਤਾਂ ਵੀ ਇਸ ਨਾਲ ਟਾਕੀ ਵਿਚ ਭੈਅ ਦਾ ਮਾਹੌਲ ਬਣ ਗਿਆ ਤੇ ਦਰਸ਼ਕ ਟਾਕੀ ਵਿਚੋਂ ਬਾਹਰ ਨਿੱਕਲ਼ ਕੇ ਭੱਜ ਗਏ| ਬਾਹਰ ਪਟਾਕਿਆਂ ਦੇ ਸ਼ੋਰ ਨਾਲ ਹੋਰ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ|
ਭਗਦੜ ਦੇ ਉਸ ਮਾਹੌਲ ਵਿਚ ਟੀਮ ਦਾ ਇੱਕ ਨੌਜੁਆਨ ਘਬਰਾਹਟ ਵਿਚ ਕੁੜੀਆਂ ਵਾਲੇ ਸਕੂਲ ਦੀ ਕੰਧ ਟੱਪ ਕੇ ਉੱਥੇ ਹੀ ਲੁਕ ਗਿਆ ਪਰ ਫੜਿਆ ਗਿਆ| ਸਾਰਾ ਭੇਤ ਨੰਗਾ ਹੋ ਗਿਆ ਤੇ ਕਾਮਰੇਡ ਵੇਦ ਪ੍ਰਕਾਸ਼ ਦੀ ਪਤਨੀ ਗ੍ਰਿਫ਼ਤਾਰ ਕਰ ਲਈ ਗਈ ਤੇ ਪਤਾ ਲੱਗਿਆ ਕਿ ਪੁਲਿਸ ਵਾiਲ਼ਆਂ ਨੇ ਉਸ ਨੂੰ ਵਾਲਾਂ ਤੋਂ ਘਸੀਟ ਕੇ ਤਸ਼ੱਦਦ ਵੀ ਕੀਤਾ| ਸੋਹੀ ਗਰੁੱਪ ਕਾਮਰੇਡ ਵੇਦ ਨੂੰ ਤੱਤੇ-ਘਾਹ ਗ੍ਰਿਫ਼ਤਾਰ ਨਹੀਂ ਸੀ ਹੋਣ ਦੇਣਾ ਚਾਹੁੰਦਾ| ਮੇਰਾ ਘਰ ਕਿਉਂਕਿ ਅਜੇ ਜੱਗ ਜ਼ਾਹਰ ਨਹੀਂ ਸੀ ਹੋਇਆ, ਅਧਿਆਪਕ ਲੱਗਿਆ ਹੋਣ ਕਰਕੇ ਦੋਹਾਂ ਅਗਵਾੜਾਂ ਵਿਚ ਮੇਰੀ ਨੌਜੁਆਨ ਮੁੰਡਿਆਂ ਵਿਚ ਪੈਂਠ ਬਣੀ ਹੋਈ ਸੀ| ਬਹੁਤ ਸਾਰਿਆਂ ਨੂੰ ਮੈਂ ਰਾਮੂ ਕਿਆਂ ਦੀ ਧਰਮਸ਼ਾਲ਼ਾ ਵਜੋਂ ਜਾਣੀ ਜਾਂਦੀ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ਵਿਚ ਗੁਰਮੁਖੀ ਪੜ੍ਹਾਇਆ ਕਰਦਾ ਸਾਂ| ਬਹੁਤ ਮੁੰਡਿਆਂ ਨੂੰ ਮੈਂ ਕਿਤਾਬਾਂ ਪੜ੍ਹਨ ਜੋਗੇ ਕਰ ਦਿੱਤਾ ਸੀ| ਇਸ ਕਰਕੇ ਸੋਹੀ ਨੂੰ ਇਲਮ ਸੀ ਕਿ ਕਾਮਰੇਡ ਵੇਦ ਪ੍ਰਕਾਸ਼ ਨੂੰ ਸਲਾਮਤ ਮੇਰੇ ਘਰ ਵਿਚ ਹੀ ਰੱਖਿਆ ਜਾ ਸਕਦਾ ਹੈ| ਅੰਮ੍ਰਿਤਧਾਰੀ ਪਰਿਵਾਰ ਹੋਣ ਕਰਕੇ ਵੀ ਪਿੰਡ ਵਿਚ ਇੱਜ਼ਤ ਬਣੀ ਹੋਈ ਸੀ| ਸ਼ਾਮ ਤੱਕ ਹਰਭਜਨ ਸੋਹੀ ਉਸ ਨੂੰ ਮੇਰੇ ਕੋਲ਼ ਛੱਡ ਗਿਆ| ਮੈਂ ਉਸ ਨੂੰ ਆਪਣੀ ਬੈਠਕ ਵਿਚ ਠਿਕਾਣਾ ਦੇ ਦਿੱਤਾ|
ਤਿੰਨ-ਚਾਰ ਦਿਨਾਂ ਬਾਅਦ ਮੇਰਾ ਘਰਦਿਆਂ ਨਾਲ ਘਮਸਾਣ ਦਾ ਯੁੱਧ ਆਰੰਭ ਹੋ ਗਿਆ| ਮੇਰਾ ਤਾਇਆ ਮੈਨੂੰ ਲਾਹਣਤਾਂ ਪਾਉਂਦਾ ਵਾਰ-ਵਾਰ ਇੱਕੋ ਗੱਲ ਆਖੇ-’ਤੀਹੋ ਕਾਲ਼ ਇਹਨੂੰ ਹੁਣੇ ਘਰੋਂ ਲੈ ਕੇ ਜਾਹ|’ ਏਸੇ ਤਰ੍ਹਾਂ ਮੇਰੀ ਬੇਬੇ ਵੀ ਝਹੀ ਲੈ ਕੇ ਪਈ, ‘ਏਸੇ ਕਰਕੇ ਲਿਆ ਕੇ ਬਿਠਾਇਆ ਸੀ ਇਹ ਬਈ ਸਾਡਾ ਜਨਮ ਭ੍ਰਿਸ਼ਟ ਕਰੇ|’ ਇੱਕ ਬਣੀਆਂ ਜਾਤੀ ਦਾ ਬੰਦਾ, ਨੀਵੀਂ ਜਾਤੀ ਦੇ ਆਖੇ ਜਾਂਦੇ ਪਰਿਵਾਰ ਦਾ ਕਿਵੇਂ ਜਨਮ ਭ੍ਰਿਸ਼ਟ ਕਰ ਰਿਹਾ ਸੀ, ਮੈਨੂੰ ਸਮਝ ਨਾ ਲੱਗੀ| ਫਿਰ ਮੇਰੀ ਮਾਂ ਨਿਮਰਤਾ ਨਾਲ ਸਮਝਾਉਣ ਲੱਗੀ- ‘ਪੁੱਤ ਸਾਨੂੰ ਪਤਾ ਤਾਂ ਪਹਿਲੇ ਦਿਨ ਹੀ ਲੱਗ ਗਿਆ ਸੀ ਜਦੋਂ ਇਸ ਨੇ ਬੈਠਕ ਵਿਚ ਸਿਗਟ ਪੀਤੀ| ਅੱਜ ਤਾਂ ਹੱਦ ਈ ਕਰ ਦਿੱਤੀ, ਆਹ ਟਾਲ੍ਹੀ ਥੱਲੇ ਬੈਠਾ ਸਾਰੇ ਟੱਬਰ ਦੇ ਸਾਮ੍ਹਣੇ ਸਿਗਟਾਂ ਪੀਂਦਾ ਰਿਹਾ|’
ਮੈਂ ਸੁਣਦੇ ਸਾਰ ਸਾਈਕਲ ਚੁੱਕਿਆ ਤੇ ਰਾਮਪੁਰਾ ਫੂਲ ਤੋਂ ਬੱਸ ਫੜ ਕੇ ਬਠਿੰਡੇ ਪਹੁੰਚ ਗਿਆ| ਬੱਸ ਅੱਡੇ ਦੇ ਪਿੱਛੇ ਹੀ ਹਰਭਜਨ ਸੋਹੀ ਦਾ ਘਰ ਸੀ| ਉੱਤਰਿਆ ਚਿਹਰਾ ਵੇਖ ਕੇ ਮਨੋਵਿਗਿਆਨੀ ਵਾਂਗ ਹਰਭਜਨ ਜਿਵੇਂ ਸਾਰੀ ਗੱਲ ਸਮਝ ਗਿਆ| ਉਸ ਦੇ ਹਾਲ-ਚਾਲ ਪੁੱਛਣ ’ਤੇ ਜਦ ਮੈਂ ਸਾਰੀ ਹੋਈ-ਬੀਤੀ ਦੱਸੀ ਤਾਂ ਉਸ ਨੇ ਮੈਨੂੰ ਘਰ ਪਹੁੰਚਣ ਲਈ ਆਖਿਆ| ਮੇਰੇ ਘਰ ਪਹੁੰਚਦੇ ਤੱਕ ਹਰਭਜਨ ਵੀ ਰਾਮਪੁਰੇ ਤੋਂ ਸਾਈਕਲ ਲੈ ਕੇ ਪਹੁੰਚ ਗਿਆ| ਮੇਰੇ ਸਾਹਮਣੇ ਸੋਹੀ ਨੇ ਕਾਮਰੇਡ ਵੇਦ ਦੀ ਚੰਗੀ ਲਾਹ-ਪਾਹ ਕੀਤੀ| ਉਹ ਸਫ਼ਾਈ ਦਿੰਦਾ ਇੱਕੋ ਉੱਤਰ ਦੁਹਰਾਈ ਜਾਵੇ-’ਨਾਲੇ ਤੁਸੀਂ ਕਹਿੰਦੇ ਓ ਬੁਰਜੂਆ ਹੈੱਡ ਕੁਆਟਰ ਉਡਾ ਦਿਓ| ਮੈਨੂੰ ਇਹੋ ਜਿਹੇ ਪਿਛਾਂਹ-ਖਿੱਚੂ ਪਰਿਵਾਰ ਵਿਚ ਕਿਉਂ ਛੱਡਿਆ ਤੂੰ|’ ਹਰਭਜਨ ਗਿਲਾਨੀ ਜਿਹੀ ਨਾਲ ਉਸ ਦੀ ਇਸ ਗੱਲ ’ਤੇ ਮੁਸਕਰਾਇਆ| ਮੈਂ ਵੇਖ ਰਿਹਾ ਸਾਂ ਕਿ ਉਸ ਮੁਸਕਰਾਹਟ ਵਿਚ ਖੁਸ਼ੀ ਦਾ ਆਲਮ ਨਹੀਂ ਸੀ, ਸਗੋਂ ਅਫ਼ਸੋਸ ਪ੍ਰਗਟ ਹੋ ਰਿਹਾ ਸੀ, ਕਿ ਕਾਮਰੇਡ ਵੇਦ, ਇੱਥੇ ਵੀ ਮਾਰ ਖਾ ਗਿਆ ਸੀ, ‘ਪਿਛਾਂਹ-ਖਿੱਚੂ ਸੱਭਿਆਚਾਰ’ ਨੂੰ ਤੋੜਨ ਦੇ ਨਾਂ ’ਤੇ ਮਾਅਰਕੇਬਾਜ਼ੀ ਦਾ ਸ਼ਿਕਾਰ ਹੋ ਗਿਆ ਸੀ| ਅਫ਼ਸੋਸ ਜਿਹੇ ਦੀ ਇੱਕ ਪਰਤ ਚਿਹਰੇ ’ਤੇ ਚਿਪਕਾਈ ਉਹ ਕਾਮਰੇਡ ਨੂੰ ਸਾਈਕਲ ’ਤੇ ਬਿਠਾ ਕੇ ਸਾਡੇ ਘਰੋਂ ਲੈ ਗਿਆ| ਘਰਦਿਆਂ ਨੇ ਸੁਖ ਦਾ ਸਾਹ ਲਿਆ| (ਚੱਲਦਾ)