‘ਹੱਕ-ਸੱਚ ਦਾ ਸੰਗਰਾਮ’-ਬੰਦੇ ਦੇ ਹੋਣ-ਥੀਣ ਦਾ ਬਿਰਤਾਂਤ

ਵਰਿਆਮ ਸਿੰਘ ਸੰਧੂ
ਫੋਨ: 647-535-1539
‘ਹੱਕ-ਸੱਚ ਦਾ ਸੰਗਰਾਮ’ ਲਾਲ ਸਿੰਘ ਢਿਲੋਂ ਦੀ ਆਪਣੀ ਉਮਰ ਦੇ ਦਸਵੇਂ ਦਹਾਕੇ ਵਿਚ ਲਿਖੀ ਸਵੈ-ਜੀਵਨੀ ਹੈ। ਇਹ ਜੀਵਨੀ ਵੀ ਸ਼ਾਇਦ ਉਹ ਕਦੀ ਨਾ ਲਿਖਦਾ, ਜੇ ਸੌਦਾਗਰ ਸਿੰਘ ਬਰਾੜ ਤੇ ਉਹਦੇ ਵਰਗੇ ਹੋਰ ਵੀ ਕਈ ਮਿੱਤਰ ਪਿਆਰੇ ਉਹਨੂੰ ਇਹ ਸਵੈ-ਜੀਵਨੀ ਲਿਖਣ ਲਈ ਲਗਾਤਾਰ ਟੁੰਬਦੇ ਤੇ ਪ੍ਰੇਰਦੇ ਨਾ ਰਹਿੰਦੇ।

ਉਨ੍ਹਾਂ ਨੂੰ ਲੱਗਦਾ ਸੀ ਕਿ ਲਾਲ ਸਿੰਘ ਢਿਲੋਂ ਦਾ ਜੀਵਨ ਕੇਵਲ ਉਹਦੇ ਨਿੱਜੀ ਜੀਵਨ ਦੀ ਦਾਸਤਾਨ ਹੀ ਨਹੀਂ, ਸਗੋਂ ਉਹਦੇ ਜੀਵਨ-ਕਾਲ ਵਿਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਤੇ ਮਹੱਤਵਪੂਰਨ ਬੰਦਿਆਂ ਦੀ ਦਾਸਤਾਨ ਵੀ ਹੈ। ਉਸ ਦੌਰ ਵਿਚ ਬਹੁਤ ਕੁਝ ਅਜਿਹਾ ਵਾਪਰਿਆ, ਜਿਸਦਾ ਢਿਲੋਂ ਚਸ਼ਮਦੀਦ ਗਵਾਹ ਹੈ। ਇਸ ਲਈ ਇਹ ਸਵੈ-ਜੀਵਨੀ ਲਾਲ ਸਿੰਘ ਢਿਲੋਂ ਦੇ ਹਵਾਲੇ ਨਾਲ ਉਸ ਦੌਰ ਦੀ ਕਹਾਣੀ ਵੀ ਹੋ ਸਕਦੀ ਹੈ। ਇਸਦੇ ਬਾਵਜੂਦ ਲਾਲ ਸਿੰਘ ਨੇ ਸਵੈ-ਜੀਵਨੀ ਨਾ ਲਿਖ ਸਕਣ ਲਈ ਕਈ ਬਹਾਨੇ ਵੀ ਲਾਏ ਪਰ ਉਹਦੇ ਦੋਸਤਾਂ ਨੇ ਇਨ੍ਹਾਂ ਬਹਾਨਿਆਂ ਦਾ ਤੋੜ ਵੀ ਲੱਭ ਲਿਆ। ਉਹਦੀ ਧੀ ਡਾ. ਕੰਵਲਜੀਤ ਕੌਰ ਢਿੱਲੋਂ, (ਜੋ ਆਪ ਵੀ ਵੱਡੀ ਚਿੰਤਕ ਅਤੇ ਔਰਤ-ਹੱਕਾਂ ਦੀ ਰਖ਼ਵਾਲੀ ਜੁਝਾਰੂ ਆਗੂ ਹੈ) ਦਾ ਵੀ ਆਪਣੇ ਬਾਪ ਨੂੰ ਇਹ ਲਿਖਤ ਲਿਖਣ ਵਿਚ ਪ੍ਰੇਰਕ ਵਜੋਂ ਕਾਰਜਸ਼ੀਲ ਹੋਣਾ ਇੱਕ ਵੱਡਾ ਕਾਰਨ ਹੈ।
ਸਵੈ-ਜੀਵਨੀ ਕੇਵਲ ਆਤਮ ਅਨੁਭਵ ਦਾ ਅੰਤਰ-ਮੁਖਾ ਪ੍ਰਗਟਾਅ ਨਹੀਂ ਹੁੰਦੀ, ਸਗੋਂ ਲੇਖਕ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਇਸ ਰਾਹੀਂ ਆਪਣੇ ਪਰਿਵੇਸ਼, ਇਤਿਹਾਸਕ ਹਾਲਾਤ ਅਤੇ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਆਪਣੀ ਅੰਤਰ-ਕ੍ਰਿਆ ਨੂੰ ਵਸਤੂ ਮੁਖ ਦ੍ਰਿਸ਼ਟੀ ਤੋਂ ਇੰਝ ਪੇਸ਼ ਕਰੇ, ਜਿਸ ਤੋਂ ਪਾਠਕ ਨੂੰ ਗਿਆਨ ਹੋ ਸਕੇ ਕਿ ਕਿਵੇਂ ਇਕ ਸਧਾਰਨ ਬੰਦਾ ਹਾਲਾਤ ਨੂੰ ਆਪਣੇ ਅਨੁਕੂਲ ਢਾਲਣ ਲਈ ਜੀਵਨ ਭਰ ਸੰਘਰਸ਼ ਕਰਦਾ ਹੈ ਤੇ ਆਪਣੀ ਵਿਸ਼ੇਸ਼ਤਾ ਸਥਾਪਤ ਕਰ ਲੈਂਦਾ ਹੈ। ਇੰਝ ਇਤਿਹਾਸ ਦੇ ਵਿਸ਼ੇਸ਼ ਕਾਲਖੰਡ ਵਿਚ ਵਿਚਰਦਾ ਸੑਵੈ-ਜੀਵਨੀ ਲੇਖਕ ਆਪਣੇ ਨਿੱਜ ਸਮੇਤ ਆਪਣੇ ਦੌਰ ਦੇ ਸਾਹਿਤਕ, ਸਭਿਆਚਾਰਕ, ਸਮਾਜੀ ਤੇ ਸਿਆਸੀ ਜੀਵਨ ਨੂੰ ਪ੍ਰਤੀਬਿੰਬਤ ਕਰਦਾ ਹੈ।
ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਪਰੰਪਰਾਗਤ ਧਾਰਮਿਕ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਲੇਖਕ ਮੱਧਕਾਲੀ ਦੌਰ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਹੀ ਆਦਰਸ਼ ਵਜੋਂ ਸਿਰਜਦੇ ਸਨ। ‘ਆਪੇ ਦੇ ਗੌਰਵ’ ਦੀ ਚੇਤਨਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਅੰਗ ਨਹੀਂ ਸੀ ਬਣੀ ਤੇ ਉਨ੍ਹਾਂ ਵਿਚ ਆਪਣੇ-ਆਪ ਨੂੰ ਇਕ ਆਦਰਸ਼ ਵਿਅਕਤੀ ਵਜੋਂ ਚਿਤਵਣ ਤੇ ਚਿਤਰਣ ਦੀ ਸਹਿਵਨ ਝਿਜਕ ਸੀ। ਇਸੇ ਲਈ ਪੰਜਾਬੀ ਵਿਚ ਸਵੈ-ਜੀਵਨੀ ਲਿਖੇ ਜਾਣ ਦਾ ਕਾਰਜ ਰਤਾ ਕੁ ਪਛੜ ਕੇ ਸ਼ੁਰੂ ਹੋਇਆ। ਮੌਲਿਕ ਸਵੈ-ਜੀਵਨੀ ਲਿਖੇ ਜਾਣ ਤੋਂ ਪਹਿਲਾਂ ਹੋਰਨਾਂ ਬੋਲੀਆਂ ਵਿਚ ਲਿਖੀਆਂ ਸਵੈ-ਜੀਵਨੀਆਂ ਦੇ ਅਨੁਵਾਦ ਵੀ ਇਸ ਵਿਧਾ ਦੇ ਪ੍ਰੇਰਨਾ ਸ੍ਰੋਤ ਬਣੇ। ਬਦਲਦੇ ਇਤਿਹਾਸਕ ਹਾਲਾਤ ਨੇ ਸਾਧਾਰਨ ਮਨੁੱਖ ਨੂੰ ਉਸਦੀ ਸ਼ਕਤੀ ਅਤੇ ਸਮਰਥਾ ਦਾ ਅਹਿਸਾਸ ਕਰਵਾਇਆ ਤੇ ਉਹਨੂੰ ਆਪਣਾ ਜੀਵਨ ਵੀ ਜ਼ਿਕਰਯੋਗ ਲੱਗਾ ਪਰ ਇਸਦੇ ਬਾਵਜੂਦ ਸੑਵੈ-ਜੀਵਨੀ ਲੇਖਕਾਂ ਵਿਚ ਇਕ ਝਿਜਕ ਦਾ ਅਹਿਸਾਸ ਜ਼ਰੂਰ ਰਿਹਾ। ਪੰਜਾਬੀ ਦੀ ਪਹਿਲੀ ਮੌਲਿਕ ਸੑਵੈ-ਜੀਵਨੀ ‘ਆਰਸੀ’ (1958) ਦੇ ਕਰਤਾ ਪ੍ਰਿੰ. ਤੇਜਾ ਸਿੰਘ ਦੇ ਬੋਲਾਂ ਵਿਚੋਂ ਇਹ ਝਿਜਕ ਬੋਲਦੀ ਸੁਣਾਈ ਦਿੰਦੀ ਹੈ।
‘ਮੇਰੇ ਰੱਬ ਜੀ! ਮੈਥੋਂ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ ਸਗੋਂ ਬਹੁਤ ਕੁਝ ਉਨ੍ਹਾਂ ਘਟਨਾਵਾਂ ਤੇ ਵਿਅਕਤੀਆਂ ਬਾਰੇ ਲਿਖਵਾਉਣਾ ਜਿਨ੍ਹਾਂ ਤੋਂ ਮੈਂ ਪ੍ਰਭਾਵਤ ਹੋਇਆ ਹਾਂ।’
ਗੁਰਬਖਸ਼ ਸਿੰਘ ਵੀ ਆਪਣੀ ਸਵੈ-ਜੀਵਨੀ ਲਿਖਣ ਦਾ ਕੁਝ ਅਜਿਹਾ ਕਾਰਨ ਹੀ ਦੱਸਦਾ ਹੈ, ‘ਆਪਣੀ ਜੀਵਨ ਕਹਾਣੀ ਲਿਖਣ ਦੀ ਗੁਸਤਾਖ਼ੀ ਮੈਂ ਕਦੇ ਨਾ ਕਰਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ।’
ਹੋਰ ਤਾਂ ਹੋਰ ਆਜ਼ਾਦੀ ਸੰਗਰਾਮ ਦਾ ਨਾਇਕ ਬਾਬਾ ਸੋਹਣ ਸਿੰਘ ਭਕਨਾ ਵੀ ਆਪਣੀ ਸੑਵੈ-ਜੀਵਨੀ ‘ਜੀਵਨ-ਸੰਗਰਾਮ’ ਦੀ ਭੂਮਿਕਾ ਵਿਚ ਆਪਣੇ ਆਪ ਨੂੰ ‘ਗੁੰਮਨਾਮ ਆਦਮੀ’ ਕਹਿੰਦਿਆਂ ਆਖਦਾ ਹੈ ਕਿ ਉਸਨੂੰ ‘ਆਪਣਾ ਜੀਵਨ ਲਿਖਣਾ ਕਿਵੇਂ ਵੀ ਸੋਭਾ ਨਹੀਂ ਦਿੰਦਾ।’
ਅਜਿਹੇ ਸੰਕੋਚ ਦਾ ਕਾਰਨ ਇਹ ਵੀ ਹੈ ਕਿ ਸੑਵੈ-ਜੀਵਨੀ ਲਿਖਣਾ ‘ਤਾਰ ਉੱਤੇ ਤੁਰਨ ਵਾਂਗ’ ਹੈ। ਬੰਦਾ ਆਪਣੀ ਬੁਰਾਈ ਜਾਂ ਨਿੰਦਿਆ ਕਰਨੀ ਨਹੀਂ ਚਾਹੁੰਦਾ ਤੇ ਤਾਰੀਫ਼ ਪਾਠਕਾਂ ਨੂੰ ਪਸੰਦ ਨਹੀਂ ਆਉਂਦੀ। ਸ਼ਾਇਦ ਇਹੋ ਝਿਜਕ ਹੀ ਸੀ ਕਿ ਲਾਲ ਸਿੰਘ ਢਿਲੋਂ ਸਵੈ-ਜੀਵਨੀ ਲਿਖਣ ਤੋਂ ਸਦਾ ਝਿਜਕਦਾ ਰਿਹਾ।
ਇੱਹ ਵੀ ਸੱਚ ਹੈ ਕਿ ਸਾਧਾਰਨ ਬੰਦਿਆਂ ਦੀ ਆਪਣੀ ਸੀਮਾ ਹੁੰਦੀ ਹੈ। ਆਪਣੇ ਕੁ ਜੇਡੀ ਸਮਰੱਥਾ। ਉੱਡਣ ਲਈ ਵੀ ਉਨ੍ਹਾਂ ਕੋਲ ਆਪਣੇ ਵਰਗੇ ਨਿੱਕੇ ਨਿੱਕੇ ਖੰਭ ਤੇ ਆਪਣੇ ਕੁ ਜੇਡਾ ਅਸਮਾਨ ਹੀ ਹੁੰਦਾ ਹੈ। ਸਾਧਾਰਨ ਜਿਹੀ ਸਮਰੱਥਾ ਵਾਲੇ ਉਹ ਲੋਕ ਉੱਚੀਆਂ-ਲੰਮੀਆਂ ਉਡਾਰੀਆਂ ਨਹੀਂ ਭਰ ਸਕਦੇ। ਪਰ ਉਹ ਦਲਦਲੀ-ਜ਼ਮੀਨ ਵਿਚ ਧਸਣ ਤੋਂ ਵੀ ਇਨਕਾਰੀ ਹੁੰਦੇ ਹਨ। ਆਪਣੇ ਵਰਗੇ ਹੋਰਨਾਂ ਨੂੰ ਪਰ ਤੋਲਦੇ ਵੇਖ ਕੇ ਉਹ ਵੀ ਹਿੰਮਤ ਧਾਰ ਲੈਂਦੇ ਨੇ। ਆਪਣੇ ਪੈਰਾਂ ਨੂੰ ਆਪਣੇ ਖੰਭਾਂ ਦੇ ਆਸਰੇ ਜ਼ਮੀਨ ਤੋਂ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ। ਭਾਵੇਂ ਕੁਝ ਕੁ ਗ਼ਜ਼ ਹੀ ਉੱਡਦੇ ਹੋਣ ਪਰ ਆਪਣੇ ਅੰਦਰ ਖੌਲਦੀ ਫੜ- ਫੜਾਹਟ ਨੂੰ ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਠੰਢਾ ਨਹੀਂ ਹੋਣ ਦੇਣਾ ਚਾਹੁੰਦੇ। ਹਾਲਾਤ ਦੀ ਮਾਰ ਦੇ ਝੰਬੇ ਉਹ ਨਾ ਵੀ ਉੱਡ ਸਕਦੇ ਹੋਣ ਤਦ ਵੀ ਉਹ ਆਪਣੇ ਅੰਦਰੋਂ ਉੱਡਣ ਦੀ ਲੋਚਾ ਮਰਨ ਨਹੀਂ ਦਿੰਦੇ।
ਲਾਲ ਸਿੰਘ ਢਿਲੋਂ ਦੀ ਵਿਸ਼ੇਸ਼ਤਾ ਹੈ ਕਿ ਉਸ ਨੇ ਦਲਦਲੀ ਜ਼ਮੀਨ ਵਿਚ ਧਸਣੋਂ ਇਨਕਾਰ ਕੀਤਾ। ਆਪਣੀ ਸਮਰੱਥਾ ਨਾਲ ਜਿੰਨਾਂ ਵੀ ਹੋ ਸਕਿਆ, ਧਰਤੀ ਤੋਂ ਉੱਚਾ ਉੱਠ ਕੇ ਉੱਡਣ ਦੀ ਕੋਸ਼ਿਸ਼ ਕੀਤੀ। ਸਾਰੀ ਉਮਰ ਆਪਣੇ ਖੰਭਾਂ ਅੰਦਰ ਖੌਲਦੀ ਫੜਫੜਾਹਟ ਨੂੰ ਮਰਨ ਨਹੀਂ ਦਿੱਤਾ। ਜਿਊਣਾ ਦਿਨਾਂ ਜਾਂ ਸਾਲਾਂ ਵਿਚ ਨਹੀਂ ਹੁੰਦਾ ਸਗੋਂ ਦਿਨਾਂ ਜਾਂ ਸਾਲਾਂ ਨੂੰ ਸੁਕਾਰਥੇ ਲਾਉਣਾ ਹੁੰਦਾ ਹੈ। ਬੰਦੇ ਦਾ ਜੀਣਾ ਕਾਫ਼ੀ ਨਹੀਂ ਹੁੰਦਾ, ‘ਥੀਣਾ’ ਜ਼ਰੂਰੀ ਹੁੰਦਾ ਹੈ। ਲਾਲ ਸਿੰਘ ਦੀ ਜੀਵਨ ਕਹਾਣੀ ਉਹਦੇ ਜੀਣ ਦੀ ਨਹੀਂ, ਥੀਣ ਦੀ ਕਹਾਣੀ ਹੈ, ਕਿਉਂਕਿ ਉਹਨੇ ਸਦਾ ਮਾਨਵ-ਵਿਰੋਧੀ ਹਾਲਾਤ ਨਾਲ ਲੜਨ ਦਾ ਅਜ਼ਮ ਲਿਆ ਤੇ ਇਸ ਨੂੰ ਤੋੜ ਨਿਭਾਇਆ। ਸਦਾ ਮਾਣ ਨਾਲ ਆਪਣਾ ਸਿਰ ਉੱਚਾ ਚੁੱਕੀ ਰੱਖਿਆ। ਉਹਦਾ ਜੀਵਨ ਬਿਰਤਾਂਤ ਸ਼ਾਨ ਨਾਲ ਜੀਵੇ ਜੀਵਨ ਦੀ ਕਹਾਣੀ ਹੈ। ਉਹਦਾ ਜੀਵਨ ਸੰਘਰਸ਼ ਦੀ ਮਿਸਾਲ ਹੈ। ਉਹਦਾ ਹਰ ਸਾਹ ਲੋਕ ਸਵਾ ਨੂੰ ਸਮਰਪਤਿ ਰਿਹਾ।
ਲਾਲ ਸਿੰਘ ਢਿਲੋਂ ਕੋਲ ਨਾ ਅਧਿਆਪਕ ਯੂਨੀਅਨ ਤੇ ਨਾ ਹੀ ਪਾਰਟੀ ਵਿਚ ਕੋਈ ਵੱਡਾ ਅਹੁਦਾ ਸੀ ਕਿ ਉਹ ਯੁੱਧ ਦੀ ਕੋਈ ਰੂਪ ਰੇਖ਼ਾ ਜਾਂ ਯੋਜਨਾ ਬਣਾਉਣ ਵਿਚ ਕੋਈ ਫ਼ੈਸਲਾਕੁਨ ਰੋਲ ਅਦਾ ਕਰ ਸਕਦਾ। ਉਹ ਬਹੁਤ ਕਰ ਕੇ ਸਥਾਨਕ ਪੱਧਰ ’ਤੇ ਲੜਨ ਵਾਲਾ ਸਿਪਾਹੀ ਸੀ। ਉਹਦਾ ਪਿੰਡ ਹੀ ਉਹਦਾ ਕਰਮ-ਖੇਤਰ ਰਿਹਾ ਹੈ। ਕਮਿਊਨਿਸਟ ਪਾਰਟੀ ਤੇ ਅਧਿਆਪਕ ਯੂਨੀਅਨ ਵਿਚ ਸੇਵਾਵਾਂ ਨਿਭਾਉਣ ਤੋਂ ਇਲਾਵਾ ਪਿੰਡ ਦੀ ਪੰਚਾਇਤ, ਪਿੰਡ ਦਾ ਸਕੂਲ, ਪਿੰਡ ਦੀ ਸਹਿਕਾਰੀ ਸੋਸਾਇਟੀ ਤੇ ਪਿੰਡ ਨਾਲ ਜੁੜੇ ਹੋਰ ਪ੍ਰਸੰਗ ਹੀ ਉਹਦੇ ਸਰੋਕਾਰ ਰਹੇ ਹਨ; ਪਰ ਉਸ ਕੋਲ ਜਿਗਰਾ ਵੱਡਾ ਸੀ, ਪ੍ਰਤੀਬੱਧਤਾ ਵੱਡੀ ਸੀ। ਆਪਣੇ ਹਿੱਸੇ ਦਾ ਯੁੱਧ ਲੜਨ ਲਈ ਕਿਸੇ ਵੱਡੇ ਕੁਰੂਖ਼ਸ਼ੇਤਰ ਦੀ ਲੋੜ ਨਹੀਂ ਹੁੰਦੀ। ਜਾਗਦੀ ਜ਼ਮੀਰ ਵਾਲਾ ਜਿਸ ਵੀ ਥਾਂ ’ਤੇ ਹੋਵੇ, ਉਸ ਲਈ ਉਹੋ ਯੁਧ ਦਾ ਮੈਦਾਨ ਬਣ ਜਾਂਦਾ ਹੈ। ਲਾਲ ਸਿੰਘ ਨੇ ਪ੍ਰਾਪਤ ਮੈਦਾਨ ਨੂੰ ਹੀ ਕੁਰੂਖ਼ਸ਼ੇਤਰ ਦਾ ਮੈਦਾਨ ਸਮਝਿਆ ਤੇ ਲੜਨਾ ਜਾਰੀ ਰੱਖਿਆ।
ਸ਼ਾਇਦ ਸਵੈ-ਜੀਵਨੀ ਲਿਖਣ ਵਿਚ ਉਹ ਇਸ ਕਰ ਕੇ ਵੀ ਦੁਚਿੱਤੀ ਵਿਚ ਰਿਹਾ ਹੋਵੇ ਕਿ ਉਹਨੇ ਕਿਹੜਾ ਬਹੁਤੀਆਂ ਵੱਡੀਆਂ ਮੱਲਾਂ ਮਾਰੀਆਂ ਹਨ! ਪਰ ਜਦੋਂ ਉਹਦੇ ਸਾਥੀਆਂ ਤੇ ਉਹਦੀ ਧੀ ਕੰਵਲਜੀਤ ਨੇ ਹੁਲਾਰਾ ਦਿੱਤਾ ਕਿ ਉਹ ਜਿੰਨਾਂ ਵੀ ਲੜਿਆ ਤੇ ਜਿੱਥੇ ਵੀ ਲੜਿਆ ਹੈ, ਉਹ ਵੀ ਯਾਦਗਾਰੀ ਤੇ ਮਿਸਾਲੀ ਹੈ। ਉਹ ਵੀ ਸਾਂਝਾ ਕਰਨ ਵਾਲਾ ਹੈ। ਵੱਡੇ ਬੰਦਿਆਂ ਦੀ ਜੀਵਨੀ ਪੜ੍ਹ ਕੇ ਤਾਂ ਕਈ ਵਾਰ ਸਾਧਾਰਨ ਬੰਦਾ ਸੋਚਣ ਲੱਗਦਾ ਹੈ ਕਿ ਉਹ ਤਾਂ ਅਪਹੁੰਚ ਹਸਤੀ ਸਨ। ਆਮ ਬੰਦਾ ਉਨ੍ਹਾਂ ਵਰਗਾ ਕਿੱਥੇ ਬਣ ਸਕਦਾ ਹੈ! ਪਰ ਲਾਲ ਸਿੰਘ ਦੀ ਜੀਵਨੀ ਪੜ੍ਹ ਕੇ ਸਾਧਾਰਨ ਬੰਦਾ ਵੀ ਸੋਚਣ ਲੱਗਦਾ ਹੈ, ‘ਇਹ ਤਾਂ ਸਾਡਾ ਵਰਗਾ ਹੀ ਹੈ। ਸਹਿਜ ਤੇ ਸਾਧਾਰਨ ਬੰਦਾ। ਜੇ ਇਹ ਹਾਲਾਤ ਨਾਲ ਲੜ ਕੇ ਅੱਗੇ ਵਧ ਸਕਦਾ ਹੈ, ਜਿੱਤ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ!’
ਇਹ ਸਵੈ-ਜੀਵਨੀ ਲਾਲ ਸਿੰਘ ਢਿਲੋਂ ਦੇ ਉਹਦੇ ਆਪਣੇ ਵਰਗੇ ਲੋਕਾਂ ਲਈ ਹੈ, ਉਨ੍ਹਾਂ ਲਈ ਪ੍ਰੇਰਨਾ ਦਾ ਸੋਮਾ ਹੈ। ਵਧੇਰੇ ਪ੍ਰੈਕਟੀਕਲ ਹੈ।
ਲਾਲ ਸਿੰਘ ਢਿਲੋਂ ਦੀ ਜੀਵਨ-ਕਹਾਣੀ ਵੀ ਪ੍ਰਿੰਸੀਪਲ ਤੇਜਾ ਸਿੰਘ ਵਾਂਗ ਨਿਰੋਲ ਨਿੱਜ ਦਾ ਆਤਮਮੁਖ ਪ੍ਰਗਟਾਵਾ ਨਹੀਂ ਸਗੋਂ ਉਹਨੇ ਤੇਜਾ ਸਿੰਘ ਵਾਂਗ ਆਪਣੇ ਬਾਰੇ ਬਹੁਤੀ ਗੱਲ ਕਰਨ ਨਾਲੋਂ ਉਨ੍ਹਾਂ ਵਿਅਕਤੀਆਂ ਤੇ ਘਟਨਾਵਾਂ ਨੂੰ ਵੀ ਬਿਆਨਿਆ ਹੈ, ਜਿਨ੍ਹਾਂ ਨੇ ਉਹਦੀ ਸ਼ਖ਼ਸੀਅਤ ਨੂੰ ਟੋਟਾ-ਟੋਟਾ ਕਰ ਕੇ ਜੋੜਿਆ ਤੇ ਉਸਾਰਿਆ। ਇਹ ਗ਼ਦਰੀ ਬਾਬਾ ਰੂੜ ਸਿੰਘ ਚੂਹੜ ਚੱਕ, ਕਾਮਰੇਡ ਤੇਜਾ ਸਿੰਘ ਸੁਤੰਤਰ, ਮਾਸਟਰ ਹਰੀ ਸਿੰਘ ਧੂਤ, ਪਿਤਾ ਮੋਦਨ ਸਿੰਘ, ਚੰਨਣ ਸਿੰਘ ਤਖਾਣਵੱਧ, ਕਮਿਊਨਿਸਟ ਆਗੂਆਂ ਤੇ ਪਿੰਡ ਅਤੇ ਇਲਾਕੇ ਦੇ ਜੁਝਾਰੂ ਲੋਕਾਂ ਦੀ ਜੀਵਨ ਕਹਾਣੀ ਵੀ ਹੈ। ਆਪਣੇ ਦੌਰ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਿਵਰਣ ਵੀ ਹੈ। ਕਿਰਤੀ ਪਾਰਟੀ ਤੇ ਕਮਿਊਨਿਸਟ ਪਾਰਟੀ ਦੇ ਸੰਬੰਧ, ਦੇਸ਼ ਵੰਡ ਦੀ ਭਿਆਨਕ ਤਰਾਸਦੀ, ਕਤਲੋ-ਗਾਰਤ। ਗ਼ਦਰੀ ਆਗੂਆਂ ਦੀ ਕੁਰਬਾਨੀ, ਕਾਮਾਗਾਟਾ ਮਾਰੂ ਜਹਾਜ਼ ਕਾਂਡ ਨਾਲ ਪਿੰਡ ਦੇ ਲੋਕਾਂ ਦਾ ਰਿਸ਼ਤਾ, ਗੁਰਦੁਆਰਿਆਂ ਦੀ ਆਜ਼ਾਦੀ ਦੀ ਲੜਾਈ ਤੇ ਜੈਤੋ ਦੇ ਮੋਰਚੇ ਵਿਚ ਤਖ਼ਾਣਵੱਧ ਪਿੰਡ ਦਾ ਯੋਗਦਾਨ, ਖੋਖਲੀ ਆਜ਼ਾਦੀ ਦੀ ਕਹਾਣੀ, ਕੈਰੋਂ ਸ਼ਾਹੀ ਦਾ ਧੱਕਾ, ਮੁਰੱਬੇਬੰਦੀ ਦਾ ਵੇਰਵਾ, ਕਾਰਜਸ਼ੀਲ ਅਧਿਆਪਕ ਅਤੇ ਪੈਨਸ਼ਨਰ ਯੂਨੀਅਨਾਂ ਤੇ ਅਧਿਆਪਕ ਆਗੂਆਂ ਦੀ ਕਾਰਜਸ਼ੈਲੀ ਤੇ ਆਪਣੇ ਹੱਕਾਂ ਲਈ ਜੱਦੋ-ਜਹਿਦ ਅਤੇ ਹੋਰ ਕਿੰਨਾਂ ਕੁਝ ਅਜਿਹਾ ਹੈ, ਜੋ ਇਤਿਹਾਸ ਦਾ ਜ਼ਿਕਰਯੋਗ ਹਿੱਸਾ ਹੈ। ਲਾਲ ਸਿੰਘ ਢਿਲੋਂ ਇਨ੍ਹਾਂ ਇਤਿਹਾਸਕ ਘਟਨਾਵਾਂ, ਵੇਰਵਿਆਂ , ਵਰਤਾਰਿਆਂ ਤੇ ਵਿਅਕਤੀਆਂ ਨਾਲ ਖਹਿ ਕੇ ਲੰਘਿਆ ਹੈ। ਇਸ ‘ਖਹਿ’ ਵਿਚੋਂ ਲਾਲ ਸਿੰਘ ਢਿਲੋਂ ਦੀ ਸ਼ਖ਼ਸੀਅਤ ਦੀ ਉਸਾਰੀ ਹੋਈ ਹੈ। ਅਜਿਹੀ ਸ਼ਖ਼ਸੀਅਤ ਜੋ ਵਿਰੋਧੀ ਹਾਲਾਤ ਦੇ ਖ਼ਿਲਾਫ਼ ਡਟ ਕੇ ਜੂਝਦੀ ਰਹੀ। ਉਹਨੇ ਝੁਕਣਾ ਤੇ ਹਾਰਨਾ ਪ੍ਰਵਾਨ ਨਾ ਕੀਤਾ। ਇੰਝ ਇਹ ਜੀਵਨ ਕਹਾਣੀ ਲਾਲ ਸਿੰਘ ਢਿਲੋਂ ਦੇ ਵੇਲੇ ਤੇ ਉਹਦੇ ਚੌਗਿਰਦੇ ਦਾ ਇਤਿਹਾਸ ਵੀ ਹੈ। ਉਹਦਾ ਆਪਣਾ ਜੀਵਨ ਇਤਿਹਾਸ ਵੀ ਹੈ। ਇਸ ਇਤਿਹਾਸ ਵਚ ਪੜ੍ਹਨ ਵਾਲੇ ਬੰਦੇ ਲਈ ਪ੍ਰੇਰਨਾ ਹੈ, ਰੌਸ਼ਨੀ ਹੈ, ਦ੍ਰਿੜ੍ਹਤਾ ਦਾ ਕਮਾਲ ਤੇ ਜਿੱਤ ਦਾ ਹੁਲਾਰਾ ਹੈ। ਇਹ ਪੜ੍ਹਨ ਵਾਲੇ ਨੂੰ ਕੁਝ ਕਰਨ ਲਈ ਹੱਲਾਸ਼ੇਰੀ ਦਿੰਦੀ ਹੈ। ਤੁਰਨ ਦਾ ਹੌਸਲਾ ਦਿੰਦੀ ਹੈ।
‘ਹੱਕ-ਸੱਚ ਦਾ ਸੰਗਰਾਮ’ ਸਾਧਾਰਨ ਬੰਦੇ ਅੰਦਰ ਲੁਕੀ ਅਸਧਾਰਨ ਹਿੰਮਤ ਤੇ ਨਿਰੰਤਰ ਸੰਘਰਸ਼ ਦਾ ਜੀਵਨ ਬਿਰਤਾਂਤ ਹੈ। ਪਿਛਲੇ ਸਾਲ ਤੱਕ ਉਹ ਪਿੰਡ ਜਾ ਕੇ ਨਹਿਰੀ ਪਾਣੀ ਨੂੰ ਜ਼ਮੀਨ-ਦੋਜ਼ ਪਾਈਪਾਂ ਰਾਹੀਂ ਖੇਤਾਂ ਵਿਚ ਪਹੁੰਚਾਉਣ ਦਾ ਕਾਰਜ ਕਰਵਾਉਣ ਲਈ ਜੁੱਟਿਆ ਰਿਹਾ। ਇਸ ਸਰਕਾਰੀ ਸਕੀਮ ਨੂੰ ਮਨਜ਼ੂਰ ਕਰਵਾਇਆ ਤੇ ਪਿੰਡ ਲਈ ਭਲੇ ਦਾ ਕੰਮ ਕਰਾਉਣ ਵਿਚ ਸਫ਼ਲ ਹੋਇਆ। ਉਹਦਾ ਵੱਡੇ ਹੋਣ ਤੇ ਵੱਡੀਆਂ ਮੱਲਾਂ ਮਾਰਨ ਦਾ ਕੋਈ ਦਾਅਵਾ ਨਹੀਂ। ਨਾ ਹੀ ਆਤਮ-ਮੁੱਖ ਹੋ ਕੇ ਆਪਣੀ ਵਡਿਆਈ ਕਰਨ ਦਾ ਕੋਈ ਯਤਨ ਹੈ। ਉਹਨੇ ਬਹੁਤਾ ਕੰਮ ਆਪਣੇ ਪਿੰਡ, ਇਲਾਕੇ ਅਤੇ ਆਪਣੇ ਭਾਈਚਾਰੇ ਲਈ ਕੀਤਾ। ਪਿੰਡ ਨੂੰ ਇਫ਼ਕੋ ਪਿੰਡ ਬਣਵਾਇਆ ਜਿੱਥੋਂ ਅੱਜ ਤੱਕ ਕਿਸਾਨਾਂ ਨੂੰ ਸਸਤੀ ਖ਼ਾਦ ਮਿਲਦੀ ਹੈ। ਸਹਿਕਾਰੀ ਕਮੇਟੀ ਨੂੰ ਚਲਾਇਆ ਤੇ ਕਈ ਸਾਲ ਇਹਦਾ ਪ੍ਰਧਾਨ/ਸਕੱਤਰ ਰਿਹਾ। ਲਾਲ ਸਿੰਘ ਨੇ ਪਿੰਡ ਬੱਝਣ ਤੋਂ ਲੈ ਕੇ ਪਿੰਡ ਵਿਚ ਸਕੂਲ ਬਨਾਉਣ ਦੇ ਯਤਨਾਂ ਸਮੇਤ ਮੁਰੱਬੇਬੰਦੀ ਕੀ ਸੀ ਤੇ ਕਿਵੇਂ ਹੋਈ, ਦਾ ਬਿਰਤਾਂਤ ਵੀ ਦਰਜ ਕੀਤਾ।
ਉਹਦੇ ਮਨ ਵਿਚ ਲਲਕ ਹੈ ਕਿ ਨਵੀਂ ਪੀੜ੍ਹੀ ਚੰਗੀ ਵਿਦਿਆ ਪ੍ਰਾਪਤ ਕਰੇ। ਜਾਣਕਾਰ ਇੱਕ ਜਰਮਨ ਅਧਿਆਪਕ ਬੀਬੀ ਕੋਲੋਂ ਵਿਦਿਆਰਥੀਆਂ ਲਈ ਵਜ਼ੀਫ਼ੇ ਲਵਾਏ ਅਤੇ ਉਸਤੋਂ ਸਕੂਲ ਦਾ ਇੱਕ ਕਮਰਾ ਵੀ ਬਣਵਾਇਆ। ਉਹ ਆਪ ਵੀ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੰਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦਾ ਪ੍ਰਬੰਧ ਕਰ ਕੇ ਹੁਣ ਤੱਕ ਉਨ੍ਹਾਂ ਦੇ ਅੱਗੇ ਪੜ੍ਹਨ ਵਿਚ ਸਹਾਇਤਾ ਕਰ ਰਿਹਾ ਹੈ। ਵਿਦਿਆ ਚਾਨਣ ਫੈਲਾਉਣਾ ਉਹਦਾ ਵੱਡਾ ਸਰੋਕਾਰ ਹੈ।
ਬੰਦਾ ਆਪਣੇ ਚੌਗਿਰਦੇ, ਇਤਿਹਾਸ ਤੇ ਹਾਲਾਤ ਦਾ ਬਣਾਇਆ ਬਣਦਾ ਹੈ। ਉਹਦਾ ਪਿਤਾ ਮੋਦਨ ਸਿੰਘ ਅਕਾਲੀ ਵੀ ਰਿਹਾ ਹੈ, ਉਹਦਾ ਗ਼ਦਰੀ ਬਾਬਿਆਂ, ਕਿਰਤੀ ਪਾਰਟੀ, ਲਾਲ ਪਾਰਟੀ ਤੇ ਕਮਿਊਨਿਸਟ ਪਾਰਟੀ ਨਾਲ ਸੰਬੰਧ ਰਿਹਾ ਹੈ। ਲਾਲ ਸਿੰਘ ਦੇ ਘਰ ਵਿਚ ਹੀ ਅਗਾਂਹਵਧੂ ਵਿਚਾਰਾਂ ਦੀ ਧਾਰਾ ਨਹੀਂ ਸੀ ਵਹਿੰਦੀ, ਸਗੋਂ ਉਹਦਾ ਆਲਾ ਦੁਆਲਾ ਵੀ ਇਸੇ ਰੰਗ ਵਿਚ ਰੰਗਿਆ ਹੋਇਆ ਸੀ। ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਨਾਲ ਮੋਦਨ ਸਿੰਘ ਦਾ ਜੁੜਾਉ ਸੀ। ਇੰਝ ਬਚਪਨ ਤੋਂ ਹੀ ਲਾਲ ਸਿੰਘ ਨੂੰ ਬਾਬਾ ਜੀ ਨੂੰ ਨੇੜਿਉਂ ਮਿਲਣ/ਜਾਨਣ ਦਾ ਮੌਕਾ ਮਿਲਿਆ। ਬਾਬਾ ਜੀ ਨੇ ਆਪਣੀ ਰੂਪੋਸ਼ੀ ਦੇ ਕੁਝ ਦਿਨ ਮੋਦਨ ਸਿੰਘ ਦੇ ਘਰ ਵੀ ਗੁਜ਼ਾਰੇ। ਇੰਝ ਇਨਕਲਾਬੀ ਜਜ਼ਬੇ ਦੀ ਪਾਣ ਸਹਿਵਨ ਹੀ ਲਾਲ ਸਿੰਘ ਦੀ ਸੋਚ ’ਤੇ ਚੜ੍ਹਦੀ ਰਹੀ। ਇੱਕ ਦਿਨ ਬਾਬਾ ਜੀ ਨੇ ਸੇਵਾ-ਪਾਣੀ ਕਰ ਰਹੇ ਨੌਜਵਾਨ ਲਾਲ ਸਿੰਘ ਨੂੰ ਪੁੱਛਿਆ ਕਿ ਉਹਦਾ ਜੀਵਨ ਦਾ ਨਿਸ਼ਾਨਾ ਕੀ ਹੈ ਤਾਂ ਲਾਲ ਸਿੰਘ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕਿਆ। ਬਾਬਾ ਜੀ ਨੇ ਮੋਦਨ ਸਿੰਘ ਨੂੰ ਕਿਹਾ ਕਿ ਬਾਹਰਲੇ ਮੁਲਕਾਂ ਵਿਚ ਤਾਂ ਬਚਪਨ ਵਿਚ ਬੱਚੇ ਫ਼ੈਸਲਾ ਕਰ ਲੈਂਦੇ ਨੇ ਕਿ ਉਨ੍ਹਾਂ ਨੇ ਵੱਡੇ ਹੋ ਕੇ ਕੀ ਬਣਨਾ ਹੈ। ਪਰ ਬਾਬਾ ਜੀ ਨੂੰ ਖ਼ਿਆਲ ਨਹੀਂ ਸੀ ਕਿ ਜਦੋਂ ਉਹ ਪੁੱਛ ਰਹੇ ਸਨ ਕਿ ਢਿਲੋਂ ਨੇ ਕੀ ਬਣਨਾ ਹੈ ਤਾਂ ਉਨ੍ਹਾਂ ਨੂੰ ਪਤਾ ਨਹੀਂ ਹੋਣਾ ਕਿ ਉਹ ਸਹਿਵਨ ਹੀ ਆਪਣੇ ਸ਼ਖ਼ਸੀ ਪ੍ਰਭਾਵ ਰਾਹੀਂ ਲਾਲ ਸਿੰਘ ਦੇ ਜੀਵਨ ਦਾ ਨਿਸ਼ਾਨਾ ਵੀ ਮਿਥ ਰਹੇ ਸਨ। ਇਹ ਨਿਸ਼ਾਨਾ ਸੀ ਕਿ ਜਿਵੇਂ ਬਾਬਾ ਜੀ ਆਪ ਸਾਰੀ ਉਮਰ ਲੋਕ-ਸੇਵਾ ਤੇ ਲੋਕ-ਇਨਕਲਾਬ ਲਈ ਸੰਘਰਸ਼ਸ਼ੀਲ ਰਹੇ, ਲਾਲ ਸਿੰਘ ਵੀ ਉਸੇ ਰਾਹ ਤੁਰਨ ਦਾ ਇਰਾਦਾ ਬਣਾਈ ਬੈਠਾ ਹੈ। ਬਾਬਾ ਜੀ ਦੇ ਪ੍ਰਭਾਵ ਤੋਂ ਇਲਾਵਾ ਲਾਲ ਸਿੰਘ ਨੂੰ ਅਧਿਆਪਕ ਗੁਰਚਰਨ ਸਿੰਘ ਮਾਨ ਤੋਂ ਮਾਰਕਸਵਾਦ ਦੀ ਗੁੜ੍ਹਤੀ ਮਿਲੀ। ਪਿਤਾ ਦੇ ਜੀਵਨ-ਵਿਹਾਰ ਨੇ ਪਹਿਲਾਂ ਹੀ ਉਹਦੇ ਮਨ ਦੀ ਜ਼ਮੀਨ ਜ਼ਰਖ਼ੇਜ਼ ਕੀਤੀ ਹੋਈ ਸੀ। ਇਸ ਲਈ ਵੱਤਰ ਜ਼ਮੀਨ ਵਿਚ ਬੀਜ ਛੇਤੀ ਹੀ ਉੱਗ ਵੀ ਪਿਆ ਤੇ ਬੂਟਾ ਬਣ ਕੇ ਛੇਤੀ ਵਧਣ-ਫੁੱਲਣ ਵੀ ਲੱਗਾ। ਵਿਚਾਰਾਂ ਨੂੰ ਖ਼ੁਰਾਕ ਵੀ ਮਿਲਦੀ ਗਈ। ਡੀ. ਐਮ. ਕਾਲਜ ਮੋਗਾ ਵਿਚ ਵੀ ਕਾਮਰੇਡਾਂ ਨਾਲ ਮਿਲਾਪ ਹੋ ਗਿਆ। ਜੋਤ ਜਗਦੀ ਗਈ। ਕਾਲਜ ਦੇ ਯੂਨਿਟ ਦਾ ਸਕੱਤਰ ਬਣ ਗਿਆ। ਸਟੂਡੈਂਟਸ ਫ਼ੈਡਰੇਸ਼ਨ ਦੀ ਮੋਗਾ ਕਾਨਫ਼ਰੰਸ ਤੋਂ ਬਾਅਦ ਸਹਾਇਕ ਸਕੱਤਰ ਬਣਿਆ। ਕਾਮਰੇਡ ਗੁਰਬਖ਼ਸ਼ ਤੇ ਲਖਬੰਸ ਦੀ ਸਿਫ਼ਾਰਿਸ਼ ’ਤੇ 1950 ਵਿਚ ਕਮਿਊਨਿਸਟ ਪਾਰਟੀ ਦੀ ਮੈਂਬਰ-ਸ਼ਿੱਪ ਲਈ। ਫ਼ੈਡਰੇਸ਼ਨ ਵਿਚ 1952 ਤੱਕ ਕਾਲਜ ਸਮੇਂ ਦੌਰਾਨ ਕੰਮ ਕੀਤਾ। ਕਾਲਜ ਛੱਡਣ ਬਾਅਦ ਨੌਜਵਾਨ ਸਭਾ ਵਿਚ ਕਾਰਜਸ਼ੀਲ ਹੋ ਗਿਆ।
ਜੀਵਨ ਨਿਰਬਾਹ ਲਈ ਜੇ ਬੀ ਟੀ ਵਿਚ ਦਾਖ਼ਲਾ ਲਿਆ। ਜਦੋਂ ਪੱਕੀ ਨਿਯੁਕਤੀ ਦਾ ਵੇਲਾ ਆਇਆ ਤਾਂ ਮੈਡੀਕਲ ਸਰਟੀਫ਼ਿਕੇਟ ਲੈਣ ਵਿਚ ਅੜਿੱਕਾ ਪੈਣ ’ਤੇ ਸੰਘਰਸ਼ ਕੀਤਾ। ਉਹਦੇ ਸਮੇਤ ਤਿੰਨ ਬੰਦੇ ਅਧਿਕਾਰੀਆਂ ਤੇ ਆਗੂਆਂ ਨੂੰ ਮਿਲਣ ਤੇ ਮਨਾਉਣ ਲਈ ਚੰਡੀਗੜ੍ਹ ਗਏ। ਉਹਦੇ ਯਤਨਾਂ ਨਾਲ ਮੈਡੀਕਲ ਸਰਟੀਫ਼ਿਕੇਟ ਦੇਣ ਲਈ ਸਾਲ ਦੀ ਛੋਟ ਹੋ ਗਈ। ਬਾਅਦ ਵਿਚ ਨੱਬੇ ਦਿਨ ਦਾ ਕਾਨੂੰਨ ਬਣਾ ਦਿੱਤਾ ਗਿਆ। ਜੇ.ਬੀ.ਟੀ. ਕਰਦਿਆਂ ਹੀ ਪੈਪਸੂ ਤੇ ਪੰਜਾਬ ਦੇ ਵਿਦਿਆਰਥੀਆਂ ਦੇ ਇਮਤਿਹਾਨ ਦਾ ਸਮਾਂ ਇਕਸਾਰ ਕਰਾਉਣ ਲਈ ਸੰਘਰਸ਼ ਦੀ ਅਗਵਾਈ ਕੀਤੀ ਤੇ ਜਿੱਤ ਪ੍ਰਾਪਤ ਕੀਤੀ। ਵੇਖਣ ਵਾਲੀ ਗੱਲ ਹੈ ਕਿ ਉਹਨੇ ਆਪ ਵੀ ਇਮਤਿਹਾਨ ਦੇਣਾ ਹੈ। ਆਪਣਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਪਰ ਬੇਇਨਸਾਫ਼ੀ ਦੇ ਖ਼ਿਲਾਫ਼ ਲੜਨਾ ਤੇ ਜਿੱਤਣਾ ਵੀ ਹੈ। ਉਨ੍ਹੀਂ ਦਿਨੀਂ ਜਦੋਂ ਸੰਪਰਕ ਕਰਨ ਦੀ ਅੱਜ ਵਰਗੀ ਸਹੂਲਤ ਵੀ ਨਹੀਂ ਸੀ, ਵੱਖ ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਨਾ ਤੇ ਆਖ਼ਰਕਾਰ ਜਿੱਤ ਪ੍ਰਾਪਤ ਕਰਨਾ ਉਹਦਾ ਵੱਡਾ ਮਾਅਰਕਾ ਸੀ। ਮਹਿਣਾ ਸਕੂਲ ਵਿਚ ਛੁੱਟੀਆਂ ਤੋਂ ਪਹਿਲਾਂ ਆਰਜ਼ੀ ਅਧਿਆਪਕਾਂ ਨੂੰ ਹਟਾਉਣ ਕਾਰਨ ਸੰਘਰਸ਼ ਕੀਤਾ। ਇਹ ਪਹਿਲੀ ਹੜਤਾਲ ਸੀ ਜਿਸ ਦੀ ਅਗਵਾਈ ਕੀਤੀ।
ਪੱਕਾ ਅਧਿਆਪਕ ਲੱਗਾ ਤਾਂ ਕੁਝ ਚਿਰ ਪਿੱਛੋਂ ਹੀ ਜਦੋਂ ਪੱਕੇ ਅਧਿਆਪਕ ਹਟਾ ਕੇ ਉਨ੍ਹਾਂ ਦੀ ਥਾਂ ਪਹਿਲਾਂ ਨੌਕਰੀ ਕਰ ਰਹੇ ਆਰਜ਼ੀ ਅਧਿਆਪਕ ਨਿਯੁਕਤ ਕਰ ਦਿੱਤੇ ਗਏ ਤਾਂ ਵੀ ਉਹਨੇ ਹੀ ਸੰਘਰਸ਼ ਦੀ ਅਗਵਾਈ ਕੀਤੀ। ਸੰਬੰਧਿਤ ਅਧਿਕਾਰੀਆਂ ਕੋਲੋਂ ਇਨਸਾਫ਼ ਲੈਣ ਲਈ ਸ਼ਿਮਲੇ ਤੱਕ ਗਿਆ ਤੇ ਉਧਰੋਂ ‘ਨਾਂਹ’ ਹੋਣ ’ਤੇ ਕੋਰਟ ਵਿਚ ਜਾ ਕੇ ਕੇਸ ਲੜਿਆ ਤੇ ਇਨਸਾਫ਼ ਹਾਸਿਲ ਕੀਤਾ।
ਜਦੋਂ ਵੀ ਲੋਕ-ਸੰਘਰਸ਼ ਰਾਹੀਂ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤਾਂ ਵਿਚ ਜਾਂਦਾ ਰਿਹਾ। ਰਿਟਾਇਰ ਹੋਣ ਬਾਅਦ ਉਹਦਾ ਪੈਨਸ਼ਨ ਦਾ ਕੇਸ ਵੀ 19 ਮਹੀਨੇ ਬਾਅਦ ਪਾਸ ਹੋਇਆ। ਨਿਆਂ ਲੈਣ ਲਈ ਉਹਨੂੰ ਹਰ ਵਾਰ ਅਦਾਲਤ ਵਿਚ ਜਾਣਾ ਪਿਆ। ਪਰ ਇਹ ਕੰਮ ਬਹੁਤ ਖ਼ਰਚੀਲਾ ਤੇ ਥਕਾ ਦੇਣ ਵਾਲਾ ਹੈ। ਦੁੱਖ ਦੀ ਗੱਲ ਹੈ ਕਿ ‘ਆਪਣੀਆਂ’ ਸਰਕਾਰਾਂ ਹੀ (ਜੋ ਬਣਦੀਆਂ ਹੀ ਲੋਕਾਂ ਦੇ ਭਲੇ ਕਰਨ ਦੇ ਵਾਅਦੇ ਨਾਲ ਹਨ) ਆਪਣੇ ਹੀ ਨਾਗਰਿਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਥਾਂ ਮੁਲਾਜ਼ਮਾਂ ਦੇ ਖ਼ਿਲਾਫ਼ ਅਦਾਲਤਾਂ ਵਿਚ ਧਿਰ ਬਣ ਕੇ ਖਲੋ ਜਾਂਦੀਆਂ ਹਨ।
ਲਾਲ ਸੀੰਘ ਢਿਲੋਂ ਉਹ ਸਾਰੀ ਉਮਰ ਹੱਕ-ਸੱਚ ਤੇ ਨਿਆਂ ਲਈ ਲੜਦਾ ਰਿਹਾ। ਆਪਣੇ ਵਿਚਾਰਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ। ਫ਼ਲਸਰੂਪ ਵੱਡੇ ਨੁਕਸਾਨ ਵੀ ਉਠਾਉਣੇ ਪਏ। ਸਿਆਸੀ ਬਿਨਾਅ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੂਰ ਦੁਰਾਡੇ ਪਿੰਡ ਬਦਲੀ ਦਾ ਸੰਤਾਪ ਝੱਲਿਆ। ਸਿਆਸੀ ਵਿਚਾਰਧਾਰਕ ਪ੍ਰਤੀਬੱਧਤਾ ਕਰ ਕੇ ਹੀ ਕੈਰੋਂ ਸਰਕਾਰ ਵੇਲੇ ਚੌਦਾਂ ਸਾਲ ਸਰਕਾਰੀ ਨੌਕਰੀ ਤੋਂ ਬਰਤਰਫ਼ ਰਿਹਾ। ਇਸ ਅਰਸੇ ਦੌਰਾਨ ਖੇਤੀ ਕੀਤੀ, ਪੋਲਟਰੀ ਫ਼ਾਰਮ ਖੋਲਿ੍ਹਆ। ਭਾਰੇ ਆਰਥਿਕ ਵਿਗੋਚੇ ਦੇ ਬਾਵਜੂਦ ਹਾਰ ਨਹੀਂ ਮੰਨੀ। ਸਿਰ ਨਹੀਂ ਝੁਕਾਇਆ। ਖ਼ੁਦਦਾਰੀ ਨਹੀਂ ਤਿਆਗੀ। ਆਪਣੇ ਅੰਦਰ ਅੱਗ ਨੂੰ ਮਘਦੀ ਰੱਖਿਆ। ਹਾਲਾਤ ਦੀ ਮਾਰ ਦਾ ਬੋਝ ਝੱਲਿਆ ਪਰ ਅਸਮਾਨ ਵੱਲ ਸਿਰ ਉੱਚਾ ਕੀਤੀ ਰੱਖਿਆ।
ਯੇਹ ਜਿਸਮ ਬੋਝ ਸੇ ਝੁਕ ਕਰ ਦੁਹਰਾ ਹੂਆ ਹੋਗਾ,
ਮੈਂ ਸਜਦੇ ਮੈਂ ਨਹੀਂ ਤਾਂ ਆਪ ਕੋ ਧੋਖਾਂ ਹੂਆ ਹੋਗਾ। (ਦੁਸ਼ਿਅੰਤ ਕੁਮਾਰ)
ਉਸਨੇ ਆਪਣੀ ਬਰਤਰਫ਼ੀ ਦੇ ਖ਼ਿਲਾਫ਼ ਲੰਮਾਂ ਅਦਾਲਤੀ ਘੋਲ ਕੀਤਾ। ਹਾਈ ਕੋਰਟ ਤੱਕ ਕੇਸ ਲੜਿਆ ਤੇ ਇਹ ਫ਼ੈਸਲਾ ਕਰਾਉਣ ਵਿਚ ਕਾਮਯਾਬ ਹੋਇਆ ਕਿ ‘ਸਿਆਸੀ ਬਿਨਾ ਪਰ ਕਿਸੀ ਕੋ ਸਰਕਾਰੀ ਨੌਕਰੀ ਸੇ ਬਰਤਰਫ਼ ਨਹੀਂ ਕੀਆ ਜਾ ਸਕਤਾ।’ ਓ ਚਨਾਪਾ ਰੈਡੀ (6 ਮਈ 1977)
ਇਹ ਜੀਵਨੀ ਲਾਲ ਸਿੰਘ ਦੇ ਕਿਰਦਾਰ ਬਾਰੇ ਵੀ ਕਈ ਪੱਖਾਂ ਤੋਂ ਰੌਸ਼ਨੀ ਪਾਉਂਦੀ ਹੈ। ਇਨਸਾਨੀ ਬਰਾਬਰੀ ਦੀ ਭਾਵਨਾ ਨੇ ਉਹਨੂੰ ਜਾਤ-ਧਰਮ ਤੋਂ ਉੱਪਰ ਉੱਠ ਕੇ ਸ਼ੁੱਧ ਇਨਸਾਨ ਬਣਨ ਵਿਚ ਮਦਦ ਕੀਤੀ। ਉਹ ਛੂਆ-ਛਾਤ ਨੂੰ ਧੁਰ ਅੰਦਰੋਂ ਪ੍ਰਵਾਨ ਨਹੀਂ ਸੀ ਕਰਦਾ। ਛੂਆ-ਛਾਤ ਜੜ੍ਹ ਸੰਸਕਾਰ ਵਜੋਂ ਸਾਡੀ ਚੇਤਨਾ ਦਾ ਹਿੱਸਾ ਬਣ ਚੁੱਕੀ ਹੈ। ਇਸ ਜੜ੍ਹ ਸੰਸਕਾਰ ਨੂੰ ਜੜ੍ਹੋਂ ਪੁੱਟਣ ਲਈ ਬੰਦੇ ਨੂੰ ਸੁਚੇਤ ਯਤਨ ਕਰਨੇ ਪੈਂਦੇ ਹਨ। ਕਮਿਊਨਿਸਟ ਏਸੇ ਨੂੰ ਡੀ-ਕਲਾਸੀਫ਼ਿਕੇਸ਼ਨ ਆਖਦੇ ਹਨ। ਉੱਚੀ ਜਾਤ ਵਾਲਿਆਂ ਨੂੰ ਜਾਤੀ ਹਉਮੈਂ ਦੇ ‘ਸਿੰਘਾਸਣ’ ਤੋਂ ਹੇਠਾਂ ਉੱਤਰਨਾ ਪੈਂਦਾ ਹੈ ਤੇ ਜਾਤੀ ਹੀਣਤਾ ਦੇ ਸ਼ਿਕਾਰ ਬੰਦਿਆਂ ਨੂੰ ਸਵੈਮਾਣ ਨਾਲ ਉੱਚਾ ਉੱਠਣਾ ਪੈਂਦਾ ਹੈ। ਲਾਲ ਸਿੰਘ ਨੇ ਸੁਚੇਤ ਯਤਨ ਕਰ ਕੇ ਛੂਆ-ਛਾਤ ਦੇ ਜੜ੍ਹ ਸੰਸਕਾਰ ਤੋਂ ਕਿਵੇਂ ਮੁਕਤੀ ਪਾਈ, ਇਸਦੇ ਦੋ ਬਿਰਤਾਂਤ ਪੁਸਤਕ ਵਿਚ ਦਰਜ ਹਨ। ਇੱਕ ਬਿਰਤਾਂਤ ਵਿਚ ਉਹ ਜਾਣ-ਬੁੱਝ ਕੇ ਜੁੱਤੀਆਂ ਬਨਾਉਣ ਵਾਲੇ ਕਾਮੇ ਦੇ ਘਰੋਂ ਪਾਣੀ ਪੀਂਦਾ ਹੈ ਜਦ ਕਿ ਜੁੱਤੀਆਂ ਬਣਾਉਣ ਵਾਲਾ ਪਾਣੀ ਪਿਆਉਣ ਤੋਂ ਝਿਜਕ ਮਹਿਸੂਸ ਕਰਦਾ ਹੈ। ਇੰਝ ਹੀ ਰਾਤ ਨੂੰ ਪਾਣੀ ਲਾਉਣ ਵੇਲੇ ਲਾਲ ਸਿੰਘ ਆਪਣੇ ਸੀਰੀ ਨੂੰ ਚਾਹ ਬਨਾਉਣ ਲਈ ਕਹਿੰਦਾ ਹੈ, ਪਰ ਜਾਤੀ ਹੀਣਤਾ ਕਾਰਨ ਸੀਰੀ ਚਾਹ ਬਨਾਉਣ ਤੋਂ ਇਨਕਾਰ ਕਰਦਾ ਹੈ। ਪਰ ਲਾਲ ਸਿੰਘ ਦੀ ਜ਼ਿਦ ਅੱਗੇ ਸੀਰੀ ਨੂੰ ਝੁਕਣਾ ਪੈਂਦਾ ਹੈ ਤੇ ਚਾਹ ਬਣਾਉਂਦਾ ਹੈ। ਦੋਵੇਂ ਆਪਣੀ ਜਾਤ ਦੇ ਬਣ-ਬਣਾਏ ਚੌਖ਼ਟੇ ਵਿਚੋਂ ਮੁਕਤ ਹੋਣ ਦਾ ਚਾਰਾ ਕਰਦੇ ਹਨ।
ਅੰਬਰਸਰ ਵਿਦਿਆਰਥੀ ਫ਼ੈਡਰੇਸ਼ਨ ਦੀ ਪੰਜਾਬ ਕਾਨਫ਼ਰੰਸ ਵਿਚ 1950 ਵਿਚ ਡੈਲੀਗੇਟ ਬਣ ਕੇ ਪ੍ਰਤੀਨਿਧਤਾ ਕੀਤੀ ਅਤੇ ਉਸ ਸਮੇਂ ਦੇ ਇਤਿਹਾਸਕ ਦ੍ਰਿਸ਼ ਨੂੰ ਅੱਖਾਂ ਅੱਗੇ ਸਾਕਾਰ ਕਰ ਦਿੱਤਾ। ਨੌਜਵਾਨਾਂ ਦੇ ਉਤਸ਼ਾਹ ਦਾ ਵਰਨਣ ਕੀਤਾ। ਪਰ ਉਹਦੀ ਆਲੋਚਨਾਤਮਕ ਨਜ਼ਰ ਦੱਸਦੀ ਹੈ ਕਿ ਨੌਜਵਾਨਾਂ ਨੇ ਪੁਲਿਸ ਨਾਲ ਪੰਗਾ ਜਾਣ ਬੁੱਝ ਕੇ ਲਿਆ। ਪਹਿਲਾਂ ਮਿਥੀ ਗਈ ਯੋਜਨਾ ਮੁਤਾਬਕ ਪੁਲਿਸ ਨਾਲ ਉਲਝਣਾ ਲੀਡਰਾਂ ਦਾ ਘੋਲ ਨੂੰ ਤੇਜ਼ ਕਰਨ ਦੀ ਨੀਤੀ ਦਾ ਹਿੱਸਾ ਸੀ। ਇਹ ਵੀ ਸੱਚ ਹੈ ਕਿ ਕਈ ਵਾਰ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਜਾਣ-ਬੁੱਝ ਕੇ ਪੁਲਿਸ ਨਾਲ ਪੰਗਾ ਲੈਂਦੀਆਂ ਨੇ ਤਾਕਿ ਲਾਠੀਚਾਰਜ ਹੋਵੇ ਤੇ ਉਨ੍ਹਾਂ ਦੇ ਸੰਘਰਸ਼ ਨੂੰ ਹਵਾ ਮਿਲੇ। ਸਦਾ ਪੁਲਿਸ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਸਵੈ-ਜੀਵਨੀ ਵਿਚ ਕੁਝ ਮਹੱਤਵਪੂਰਨ ਬਿਰਤਾਂਤ ਹਨ ਜਿਨ੍ਹਾਂ ਤੋਂ ਪਾਰਟੀ ਆਗੂਆਂ ਦੇ ਕਿਰਦਾਰ ਦੀ ਨਿਸ਼ਨਦੇਹੀ ਹੁੰਦੀ ਹੈ। ਮਾਸਟਰ ਹਰੀ ਸਿੰਘ ਧੂਤ ਨੂੰ ਜਦੋਂ ਮੋਗਾ ਹਲਕੇ ਦੀ ਜ਼ਿਮਨੀ ਚੋਣ ਵਿਚ ਇੰਚਾਰਜ ਬਣਾਇਆ ਤਾਂ ਆਈ ਐੱਨ ਏ ਦਾ ਜਨਰਲ ਮੋਹਨ ਸਿੰਘ ਭਰਾਤਰੀ ਜਥੇਬੰਦੀ ਵਜੋਂ ਹਲਕੇ ਵਿਚ ਪਰਚਾਰ ਕਰਨ ਆਇਆ। ਆਪਣੀ ਫੇਰੀ ਤੋਂ ਬਾਅਦ ਉਹਦੇ ਸਹਾਇਕ ਨੇ ਚੋਣ-ਫੇਰੀ ’ਤੇ ਹੋਏ ਖ਼ਰਚੇ ਦਾ ਬਿੱਲ ਪਾਰਟੀ ਦਫ਼ਤਰ ਵਿਚ ਜਮ੍ਹਾ ਕਰਵਾਇਆ। ਉਸ ਵਿਚ ਦੋ ਤਿੰਨ ਗੁਰਦੁਆਰਿਆਂ ਵਿਚ ਮੱਥਾ ਟੇਕਣ ਦੇ ਪੈਸੇ ਵੀ ਸ਼ਾਮਲ ਕੀਤੇ ਹੋਏ ਸਨ। ਬਾਬਾ ਜੀ ਨੇ ਬਿੱਲ ਮਨਜ਼ੂਰ ਤਾਂ ਕਰ ਦਿੱਤਾ ਪਰ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। ਉਹ ਸਮਝਦੇ ਸਨ ਕਿ ਗੁਰਦੁਆਰਿਆਂ ਵਿਚ ਮੱਥਾ ਟੇਕਣਾ ਤਾਂ ਨਿੱਜੀ ਸ਼ਰਧਾ ਨਾਲ ਸੰਬੰਧ ਰੱਖਦਾ ਹੈ, ਇਸਨੂੰ ਚੋਣ ਖ਼ਰਚਿਆਂ ਵਿਚ ਸ਼ਾਮਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਇਹ ਗੱਲ ਉਨ੍ਹਾਂ ਨੇ ਦੋ ਤਿੰਨ ਵਾਰ ਲਾਲ ਸਿੰਘ ਨਾਲ ਵੀ ਸਾਂਝੀ ਕੀਤੀ। ਬਾਬਾ ਜੀ ਦੀ ਇਸ ਸਾਦਗੀ ਤੇ ਸੁੱਚਤਾ ਨੇ ਲਾਲ ਸਿੰਘ ਨੂੰ ਬਹੁਤ ਮੁਤਾਸਰ ਕੀਤਾ। ਇਹ ਘਟਨਾ ਦੱਸਦੀ ਹੈ ਕਿ ਲੋਕਾਂ ਦੀ ਮਾਇਆ ਨੂੰ ਕਿੰਨੀ ਜਿੰਮੇਦਾਰੀ ਤੇ ਈਮਾਨਦਾਰੀ ਨਾਲ ਖ਼ਰਚਣਾ ਚਾਹੀਦਾ ਹੈ!
ਕਿਰਦਾਰ-ਨਿਗਾਰੀ ਦੇ ਪੱਖੋਂ ਲਾਲ ਸਿੰਘ ਢਿਲੋਂ ਕਿਸੇ ਨਾਲ ਰਿਆਇਤ ਨਹੀਂ ਕਰਦਾ। ਪਾਰਟੀ ਦਾ ਵਫ਼ਾਦਾਰ ਸਿਪਾਹੀ ਤਾਂ ਹੈ ਪਰ ਜੇ ਪਾਰਟੀ ਆਗੂਆਂ ਦੇ ਕਿਰਦਾਰ ਵਿਚ ਕਾਣ ਵੇਖਦਾ ਹੈ ਤਾਂ ਉਸਨੂੰ ਉਜਾਗਰ ਕਰਨੋਂ ਵੀ ਨਹੀਂ ਝਿਜਕਦਾ। ਰਣਬੀਰ ਢਿਲੋਂ ਸੀ ਪੀ ਆਈ ਦਾ ਪ੍ਰਮੁੱਖ ਟਰੇਡ ਯੂਨੀਅਨ ਆਗੂ ਰਿਹਾ ਹੈ। ਜਦੋਂ ਸਰਕਾਰ ਨੇ ਸਿਆਸੀ ਬਿਨਾਅ ’ਤੇ ਨੌਕਰੀ ਤੋਂ ਬਰਖ਼ਾਸਤ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਤਾਂ ਰਣਬੀਰ ਢਿਲੋਂ ਨੇ ਜਾਣ-ਬੁੱਝ ਕੇ ਲਾਲ ਸਿੰਘ ਢਿਲੋਂ ਦਾ ਨਾਂ ਬਹਾਲ ਹੋਣ ਵਾਲੇ ਮੁਲਾਜ਼ਮਾਂ ਦੀ ਸੂਚੀ ਵਿਚ ਸ਼ਾਮਲ ਨਾ ਕੀਤਾ। ਲਾਲ ਸਿੰਘ ਰਣਬੀਰ ਢਿਲੋਂ ਦੀ ਵਧੀਕੀ ਤਾਂ ਬਿਆਨ ਕਰਦਾ ਹੈ ਪਰ ਉਹ ਇਸਦੇ ਕਾਰਨ ਦੀ ਹਕੀਕਤ ਨਸ਼ਰ ਨਹੀਂ ਕਰਦਾ ਕਿ ਰਣਬੀਰ ਢਿਲੋਂ ਨੇ ਉਸ ਨਾਲ ਅਜਿਹਾ ਵਿਵਹਾਰ ਜਾਣ-ਬੁੱਝ ਕੇ ਕਿਉਂ ਕੀਤਾ। ਰਣਬੀਰ ਢਿਲੋਂ ਦੀ ‘ਮਿਹਰਬਾਨੀ’ ਨਾਲ ਉਹਦੀ ਬਹਾਲੀ ਨਾ ਹੋਈ। ਆਖ਼ਰ 14 ਸਾਲ 10 ਮਹੀਨੇ ਕਚਿਹਰੀਆਂ ਦੀ ਖੱਜਲ-ਖੁਆਰੀ ਤੇ ਭਾਰੀ ਖ਼ਰਚਿਆਂ ਤੋਂ ਬਾਅਦ ਉਹ ਬਹਾਲ ਹੋ ਸਕਿਆ। ਇੰਝ ਹੀ ਕਿਸੇ ਜ਼ਰੂਰੀ ਮੀਟਿੰਗ ਵਿਚ ਰਣਧੀਰ ਗਿੱਲ ਦਾ ਮੀਟਿੰਗ ਵਿਚ ਨਾ ਪਹੁੰਚਣਾ ਵੀ ਉਹ ਲੁਕਾਉਂਦਾ ਨਹੀਂ।
ਪਿਤਾ ਮੋਦਨ ਸਿੰਘ ਅਕਾਲੀ, ਅਕਾਲੀ ਵੀ ਹੈ, ਲਾਲ-ਪਾਰਟੀ ਨਾਲ ਵੀ ਹੈ ਤੇ ਕਮਿਊਨਸਿਟਾਂ ਨਾਲ ਵੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਨਾਮ-ਧਰੀਕ ‘ਸਿੱਖਾਂ’ ਵੱਲੋਂ ਬਣਾਈਆਂ ਬੇਨਾਮੀ ਪਛਾਣਾ ਤੋਂ ਜਿਵੇਂ ਕਾਮਰੇਡਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਇਹ ਮੰਦਭਾਗੀ ਗੱਲ ਤਾਂ ਹੈ ਹੀ ਪਰ ਮੋਦਨ ਸਿੰਘ ਅਕਾਲੀ ਦਾ ਬਿਰਤਾਂਤ ਕਾਮਰੇਡ ਤੇ ਸਿੱਖਾਂ ਦੇ ਦਵੰਦ ਦੇ ਅਜਿਹੇ ਵਿਰੋਧੀ ਬਿਰਤਾਂਤ ਦੇ ਝੂਠ ਦਾ ਚੋਲਾ ਪਾੜਦਾ ਹੈ। ਸਿੱਖੀ ਤੇ ਕਾਮਰੇਡੀ ਦੇ ਪ੍ਰੇਰਨਾ ਦੇ ਸੋਮੇ ਵੱਖ ਹੋ ਸਕਦੇ ਨੇ ਪਰ ਮੰਜ਼ਿਲ ਇੱਕੋ ਹੈ। ਲੋਕਾਈ ਦਾ ਭਲਾ। ਸਰਬ-ਸਾਂਝੀਬਵਾਲਤਾ ਦਾ ਸਿਧਾਂਤ। ਮੋਦਨ ਸਿੰਘ ਲੋਕ ਸੇਵਕ ਵੀ ਹੈ ਸੰਘਰਸ਼ੀ ਯੋਧਾ ਵੀ ਹੈ। ਜੈਤੋ ਦੇ ਮੋਰਚੇ ਲਈ ਜਾਂਦੇ ਜਥੇ ਦੀ ਜਲ-ਪਾਣੀ ਨਾਲ ਸੇਵਾ ਕਰਨ ਲਈ ਤਤਪਰ ਹੈ। ਗ਼ਦਰੀ ਬਾਬੇ ਵਿਸਾਖਾ ਸਿੰਘ ਦਦੇਹਰ ਸਾਰੀ ਉਮਰ ਸਿੱਖੀ ਸਿਧਾਂਤ ਨਾਲ ਜੁੜੇ ਰਹੇ ਤੇ ਉਹ ਪ੍ਰਮਾਣਿਕ ਸਿੱਖ ਦੀ ਪਛਾਣ ਸਨ। ਦੂਜੇ ਪਾਸੇ ਉਨ੍ਹਾਂ ਦੇ ਸੰਗੀ-ਸਾਥੀ ਬਾਬਾ ਸੋਹਨ ਸਿੰਘ ਭਕਨਾ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ। ਪਰ ਦੋਵਾਂ ਵਿਚ ਭਰਾਵਾਂ ਵਰਗਾ ਪੀਚਵਾਂ ਰਿਸ਼ਤਾ ਰਿਹਾ। ਲਾਲ ਸਿੰਘ ਢਿਲੋਂ ਜ਼ਿਕਰ ਕਰਦਾ ਹੈ ਕਿ ਬਾਬਾ ਸੋਹਨ ਸਿੰਘ ਭਕਨਾ ਬਾਬਾ ਰੂੜ ਸਿੰਘ ਚੂਹੜ ਚੱਕ ਨੂੰ ਸਦਾ ‘ਭਾਈ ਜੀ’ ਆਖ ਕੇ ਸੰਬੋਧਨ ਕਰਦੇ। ਇੰਝ ਹੀ ਬਾਬਾ ਵਿਸਾਖਾ ਸਿੰਘ ਤੇ ਬਾਬਾ ਸੋਹਨ ਸਿੰਘ ਭਕਨਾ ‘ਸਿੱਖ’ ਅਤੇ ‘ਕਮਿਊਨਿਸਟ’ ਹੋ ਕੇ ਵੀ ‘ਭਾਈ’ ਸਨ। ਕੀ ਕਦੀ ਬਾਬਾ ਵਿਸਾਖਾ ਸਿੰਘ ਤੇ ਉਹਦੇ ਗੁਰਸਿੱਖ ਸਾਥੀਆਂ ਨੇ ਬਾਬਾ ਭਕਨਾ ਜਾਂ ਉਹਦੇ ਕਮਿਊਨਿਸਟ ਸਾਥੀਆਂ ਨੂੰ ਅੱਜ ਕੱਲ੍ਹ ਦੇ ਤਥਾ-ਕਥਿਤ ਸਿੱਖ ਸੋਸ਼ਲ ਮੀਡੀਆ ਕਰਮੀਆਂ ਵਾਂਗ ਗਾਲ੍ਹ ਮੰਦਾ ਕੀਤਾ ਸੀ?
ਜਦੋਂ 1969 ਵਿਚ ਬੇਦੀ ਫਾਰਮ ਦੇ ਮੋਰਚੇ ਵੇਲੇ ਉਹਨੂੰ ਪੁਲਿਸ ਗ੍ਰਿਫ਼ਤਾਰ ਕਰਨ ਆਉਂਦੀ ਹੈ ਤਾਂ ਥਾਣੇਦਾਰ ਨੇ ਉਹਦੀ ਨੀਲੀ ਪੱਗ ਵੱਲ ਵੇਖ ਕੇ ਟਕੋਰ ਕੀਤੀ, ‘ਬਾਬਾ! ਨੀਲੀ ਪੱਗ ਨਵੀਂ ਨਵੀਂ ਬੱਨ੍ਹੀ ਲੱਗਦੀ ਹੈ?’ ਤਾਂ ਮੋਦਨ ਸਿੰਘ ਨੇ ਜਵਾਬ ਦਿੱਤਾ, ‘ਇਹ ਪੱਗ ਤਾਂ ਜੈਤੋ ਦੇ ਮੋਰਚੇ ਵੇਲੇ ਦੀ ਬੰਨ੍ਹੀ ਹੋਈ ਹੈ।’
ਮੋਦਨ ਸਿੰਘ ਨੂੰ ਸੰਘਰਸ਼ਸ਼ੀਲ ਅਕਾਲੀ ਹੋਣ ’ਤੇ ਵੀ ਮਾਣ ਹੈ ਤੇ ਕਮਿਊਨਿਸਟ ਹੋਣ ’ਤੇ ਵੀ। ਉਹ ਦੋ ਵੇਲੇ ਪਾਠ ਕਰਦਾ ਸੀ। ਜਪੁਜੀ ਸਾਹਿਬ ਤੇ ਆਸਾ ਦੀ ਵਾਰ ਦਾ। ਵੱਜਦ ਵਿਚ ਗਾ ਕੇ। ਪਾਠ ਕਰਨ ਨੇ ਉਹਦੇ ਕਮਿਊਨਿਸਟ ਹੋਣ ਵਿਚ ਭੰਗਣਾ ਨਹੀਂ ਸੀ ਪਾਈ। ਉਹ ਗ਼ਦਰੀ ਬਾਬਿਆਂ ਦੀ ਸਿੱਖੀ ਤੇ ਕਮਿਊਨਿਸਟ ਹੋਣ ਦੀ ਕਰੀਬੀ ਸਾਂਝ ਦਾ ਪੈਰੋਕਾਰ ਹੈ। ਅੱਜ ਜਦੋਂ ਇਹ ਦੁਫੇੜ ਗਾਲ੍ਹੀ ਗਲੋਚ ’ਤੇ ਉੱਤਰ ਆਇਆ ਹੈ ਤਾਂ ਲਾਲ ਸਿੰਘ ਢਿਲੋਂ ਦਾ ਪਿਤਾ ਮੋਦਨ ਸਿੰਘ ਕਹਿੰਦਾ ਲੱਗਦਾ ਹੈ, ‘ਉਏ ਅਕਲ ਕਰੋ। ਵੱਡਿਆਂ ਦੀ ਸਰਬਸਾਂਝੀਵਾਲਤਾ ਦੀ ਰੂਹ ਨੂੰ ਜ਼ਖ਼ਮੀ ਨਾ ਕਰੋ।’
ਮੋਦਨ ਸਿੰਘ ਤੇ ਉਹਦੇ ਹਰਨਾਮ ਸਿੰਘ ਜਿਹੇ ਸਾਥੀਆਂ ਨੇ ਜਥੇ ਦੀ ਸੇਵਾ ਲਈ ਇਕੱਠੀ ਕੀਤੀ ਉਗਰਾਹੀ ਵਿਚੋਂ ਬਚ ਗਈ ਮਾਇਆ ਨਾਲ ਸਕੂਲ ਖੋਲ੍ਹਣ ਦੀ ਤਜਵੀਜ਼ ਦਿੱਤੀ, ਜੋ ਪ੍ਰਵਾਨ ਹੋ ਗਈ। ਜਿਨ੍ਹਾਂ ਲੋਕਾਂ ਨੇ ਸਕੂਲ ਖੋਲ੍ਹਣ ਲਈ ਜ਼ਮੀਨ ਦਿੱਤੀ, ਮਾਇਆ ਦਿੱਤੀ, ਮਾਇਆ ਇਕੱਠੀ ਕੀਤੀ, ਲਾਲ ਸਿੰਘ ਉਨ੍ਹਾਂ ਦਾ ਵੇਰਵਾ ਦੇ ਕੇ ਪਿੰਡ ਦੀਆਂ ਆਉਣ ਵਾਲੀਆਂ ਨਸਲਾਂ ਲਈ ਪੁਰਖ਼ਿਆਂ ਦਾ ਇਤਿਹਾਸ ਸਾਂਭ ਲਿਆ। ਨਹੀਂ ਤਾਂ ਉਨ੍ਹਾਂ ਨੂੰ ਕੀਹਨੇ ਯਾਦ ਕਰਨਾ ਸੀ! ਹੋਰ ਤਾਂ ਹੋਰ ਆਪਣੇ ਜਮਾਤੀਆਂ ਦੇ ਨਾਂ ਲਿਖ ਕੇ ਉਨ੍ਹਾਂ ਨੂੰ ਵੀ ਜਿਊਂਦਿਆਂ ਵਿਚ ਕਰ ਦਿੱਤਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੋਕ-ਸੇਵਾ ਦੀ ਭਾਵਨਾ ਦਾ ਸੰਚਾਰ ਲਾਲ ਸਿੰਘ ਢਿਲੋਂ ਅੰਦਰ ਪੁਰਖਿਆਂ ਦੀ ਵਹਿੰਦੀ ਜੀਵਨ ਧਾਰਾ ਵਿਚੋਂ ਹੀ ਹੁੰਦਾ ਹੈ।
ਉਹ ਅਧਿਆਪਕਾਂ ਵਿਚ ਆ ਗਈ ਪ੍ਰਤੀਬੱਧਤਾ ਦੀ ਕਮੀ ਤੋਂ ਵੀ ਉਦਾਸ ਹੈ। ਉਨ੍ਹਾਂ ਦਿਨਾਂ ਨੂੰ ਚੇਤੇ ਕਰਦਾ ਹੈ ਜਦੋਂ ਅਧਿਆਪਕ ਸਮਰਪਣ ਭਾਵਨਾ ਨਾਲ ਕੰਮ ਕਰਦੇ ਸਨ। ਉਹ ਆਪਣੇ ਅਧਿਆਪਕਾਂ ਦੀ ਸਾਧਨਾ ਨੂੰ ਨਮਸਕਾਰ ਕਰਦਾ ਹੈ। ਛੁੱਟੀ ਤੋਂ ਬਾਅਦ ਵੀ ਪੜ੍ਹਾਉਂਦੇ। ਗਰਮੀ ਦੇ ਦਿਨਾਂ ਵਿਚ ਦੁਪਹਿਰੇ ਅਧਿਆਪਕ ਤੇ ਵਿਦਿਆਰਥੀ ਸਕੂਲ ਵਿਚ ਹੀ ਸੌਂ ਜਾਂਦੇ। ਬਾਅਦ ਵਿਚ ਉੱਠ ਕੇ ਪੜ੍ਹਾਉਣ ਲੱਗਦੇ। ਪਿੰਡੋਂ ਅਧਿਆਪਕ ਦਾ ਖਾਣਾ ਆਉਂਦਾ। ਅਧਿਆਪਕ ਤੇ ਮਾਪਿਆਂ ਦੀ ਰਿਸ਼ਤਗੀ ਤੇ ਆਦਰ ਸਨਮਾਨ ਕਮਾਲ ਦਾ ਸੀ ਜੋ ਅੱਜ ਕੱਲ੍ਹ ਮਸ਼ੀਨੀ ਤੇ ਵਪਾਰਕ ਰਿਸ਼ਤੇ ਵਿਚ ਬਦਲ ਗਿਆ। ਨਾ ਉਹ ਅਧਿਆਪਕ ਰਹੇ, ਨਾ ਮਾਪੇ ਤੇ ਨਾ ਹੀ ਵਿਦਿਆਰਥੀ।
ਦੇਸ਼ ਵੰਡ ਵੇਲੇ ਦੀ ਭਿਆਨਕ ਤਰਾਸਦੀ ਤੇ ਕਤਲੋ-ਗਾਰਤ ਨੂੰ ਬਿਆਨ ਕਰਦਾ ਪ੍ਰਸੰਗ ਉਸ ਦੌਰ ਦੇ ਦੁਖਾਂਤ ਦੀ ਕਹਾਣੀ ਦ੍ਰਿਸ਼ਟੀਗੋਚਰ ਕਰ ਜਾਂਦਾ ਹੈ। ਮੁਸਲਮਾਨਾਂ ਦਾ ਕਤਲ ਕੀਤਾ ਜਾਂਦਾ ਹੈ। ਮਿਲਟਰੀ ਆਉਣ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਲਾਸ਼ਾਂ ਦਾ ਖੁਰਾ-ਖੋਜ ਮਿਟਾਉਣ ਲਈ ਟੋਏ ਪੁੱਟ ਕੇ ਕਾਹਲੀ ਨਾਲ ਲਾਸ਼ਾਂ ਨੂੰ ਦੱਬਣ ਲੱਗਦੀ ਹੈ। ਕਾਜ਼ੀ ਦੇ ਭਤੀਜੇ ਨੂੰ, ਜੋ ਜ਼ਖ਼ਮੀ ਤਾਂ ਹੈ ਪਰ ਅਜੇ ਜਿਊਂਦਾ ਹੈ, ਮਰਿਆ ਸਮਝ ਕੇ ਉਹਨੂੰ ਦੱਬਣ ਲਈ ਟੋਏ ਵਿਚ ਸੁੱਟਣ ਲੱਗਦੇ ਹਨ ਤਾਂ ਉਹ ਕਹਿੰਦਾ ਹੈ, ‘ਪਹਿਲਾਂ ਮੈਨੂੰ ਚੰਗੀ ਤਰ੍ਹਾਂ ਮਾਰ ਤਾਂ ਲਉ। ਮੇਰੀ ਜਾਨ ਨਿਕਲਣ ਲੈਣ ਦੇ ਫਿਰ ਮੈਨੂੰ ਟੋਏ ਵਿਚ ਦੱਬੀ।’
ਲੇਖਕ ਦੱਸਦਾ ਹੈ ਲਾਸ਼ਾਂ ਟੋਏ ਵਿਚ ਸੁੱਟਣ ਵਾਲਿਆਂ ਨੂੰ ਟੋਏ ਪੁੱਟ ਕੇ ਦੱਬੇ ਉਹ ਮਰੇ ਬੰਦੇ ਸੁਪਨੇ ਵਿਚ ਆ ਕੇ ਤੰਗ ਕਰਦੇ ਸਨ, ਪਰ ਇਹ ਸੁਪਨਾ ਤਾਂ ਅੱਜ ਵੀ ਆਉਣੋ ਨਹੀਂ ਹਟਿਆ। ਇਹ ਸੁਪਨਾ ਪੂਰੀ ਪੰਜਾਬੀ ਕੌਮ ਦੀ ਆਤਮਾ ਦਾ ਨਾਸੂਰ ਬਣ ਕੇ ਸਦਾ ਰਿਸਦਾ ਰਹਿਣਾ ਹੈ।
ਹਰ ਘਟਨਾ ਤੇ ਵਰਤਾਰੇ ਨੂੰ ਬੇਬਾਕੀ ਨਾਲ ਬਿਆਨ ਕਰਨ ਵਾਲਾ ਲਾਲ ਸਿੰਘ ਕੁਝ ਥਾਵਾਂ ’ਤੇ ਪਤਲੀ ਗਲੀ ਵਿਚੋਂ ਅਛੋਪਲੇ ਜਿਹੇ ਲੰਘਦਾ ਵੀ ਨਜ਼ਰ ਆਉਂਦਾ ਹੈ। ਲਾਲ ਸਿੰਘ ਦੀ ਐਮਰਜੈਂਸੀ ਦੇ ਦਿਨਾਂ ਬਾਰੇ ਖ਼ਾਮੋਸ਼ੀ ਹੈਰਾਨ ਕਰਨ ਵਾਲੀ ਹੈ। ਇੱਕ ਸਿਆਸੀ ਕਾਰਕੁਨ ਹੋਣ ਦੇ ਨਾਤੇ ਦੇਸ਼ ਵਿਚ ਵਾਪਰੀ ਇਸ ਇਤਿਹਾਸਕ ਰਾਜਨੀਤਕ ਘਟਨਾ ਬਾਰੇ ਲਾਲ ਸਿੰਘ ਦਾ ਹੁਣਵਾਂ ਨਜ਼ਰੀਆ ਪਰਗਟ ਹੋਣਾ ਲਾਜ਼ਮੀ ਸੀ। ਭਾਰਤੀ ਕਮਿਊਨਿਸਟ ਪਾਰਟੀ ਨੇ ਐਮਰਜੈਂਸੀ ਦੀ ਹਮਾਇਤ ਕੀਤੀ ਸੀ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਲਾਲ ਸਿੰਘ ਨੇ ਬੇਸ਼ੱਕ ਉਦੋਂ ਪਾਰਟੀ ਆਦੇਸ਼ ਦੀ ਪਾਲਣਾ ਹੀ ਕੀਤੀ ਹੋਵੇਗੀ, ਪਰ ਸਮੇਂ ਦੇ ਬੀਤਣ ਨਾਲ ਉਹਦੇ ਉਸ ਦੌਰ ਬਾਰੇ ਕੀ ਵਿਚਾਰ ਹਨ, ਇਹ ਪਾਠਕ ਵਜੋਂ ਜਾਨਣਾ ਸਾਡਾ ਹੱਕ ਹੈ। ਪਰ ਲਾਲ ਸਿੰਘ ਨੇ ਏਥੇ ਸਾਡੀ ਹੱਕ-ਰਸੀ ਨਹੀਂ ਕੀਤੀ।
ਇਸ ਸਵੈਜੀਵਨੀ ਦੇ ਇੱਕ ਹੋਰ ਪਹਿਲੂ ਬਾਰੇ ਗੱਲ ਕਰਨ ਲੱਗਿਆਂ ਮੈਂ ਫ਼ੈਜ਼ ਅਹਿਮਦ ਫ਼ੈਜ਼ ਦੇ ਇਕ ਸ਼ਿਅਰ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ:-
ਵੋ ਬਾਤ ਸਾਰੇ ਫ਼ਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ,
ਵੋ ਬਾਤ ਉਨ ਕੋ ਬਹੁਤ ਨਾ-ਗਵਾਰ ਗੁਜ਼ਰੀ ਹੈ।
ਇੱਕ ਬਾਤ ਮੈਨੂੰ ਵੀ ਬਹੁਤ ਨਾ-ਗਵਾਰ ਗੁਜ਼ਰੀ ਹੈ। ਉਹਦੀ ਪਤਨੀ ਨਸੀਬ ਕੌਰ, ਜੋ ਲਾਲ ਸਿੰਘ ਨੂੰ ਸਿਰ ਉੱਚਾ ਚੁੱਕ ਕੇ ਜੀਣ ਵਿਚ ਉਹਦੀ ਧਿਰ ਤੇ ਧਰਵਾਸਾ ਬਣੀ, ਉਹਦੀ ਦੇਣ ਬਾਰੇ ਲਾਲ ਸਿੰਘ ਨੇ ਮਸਾਂ ਇੱਕ ਅੱਧੀ ਸਤਰ ਹੀ ਲਿਖੀ ਹੈ। (ਉਹਦੇ ਨਾਲ ਰਿਸ਼ਤਾ ਸਿਰੇ ਚੜ੍ਹਣ ਤੇ ਉਹਦੇ ਨੌਕਰੀ ਦਾ ਜ਼ਿਕਰ ਤਾਂ ਲਾਲ ਸਿੰਘ ਨੇ ਕੀਤਾ ਹੈ, ਪਰ ਅਤਿ ਦੇ ਸੰਕਟਕਾਲੀਨ ਸਮਿਆਂ ਵਿਚ ਨਸੀਬ ਕੌਰ ਕਿਵੇਂ ਉਹਦਾ ਨਸੀਬ ਬਣ ਕੇ ਬਹੁੜੀ, ਇਸਦਾ ਜ਼ਿਕਰ ਐਵੇਂ ਨਾ-ਮਾਤਰ ਹੀ ਹੈ। ਨਸੀਬ ਕੌਰ ਦੀ ਲਾਲ ਸਿੰਘ ਤੇ ਪਰਿਵਾਰ ਦੇ ਜੀਵਨ ਵਿਚ ਵੱਡੀ ਦੇਣ ਬਾਰੇ ਪੁਸਤਕ ਦੀ ਸੰਪਾਦਕ ਤੇ ਲਾਲ ਸਿੰਘ ਦੀ ਧੀ ਕੰਵਲਜੀਤ ਢਿਲੋਂ ਨੂੰ ਵੀ ਇਹ ਕਮੀ ਬਹੁਤ ਨਾ-ਗਵਾਰ ਗੁਜ਼ਰੀ ਲੱਗਦੀ ਹੈ। ਉਹ ਸਿੱਧੇ ਤੌਰ ’ਤੇ ਨਹੀਂ ਕਹਿੰਦੀ ਪਰ ਅਸਿੱਧੇ ਤੌਰ ’ਤੇ ਉਹਦੇ ਇਹ ਸ਼ਬਦ ਆਪਣੇ ਪਿਤਾ ਨੂੰ ਉਲ੍ਹਾਮਾਂ ਵੀ ਲੱਗਦੇ ਹਨ। ਉਹ ਲਿਖਦੀ ਹੈ:
‘ਹੱਕ ਸੱਚ ਦੇ ਸੰਘਰਸ਼’ ਨੂੰ ਪੁਸਤਕ ਰੂਪ ਦੇਣ ਦੇ ਪ੍ਰਵਾਹ ਵਿਚੋਂ ਗੁਜ਼ਰਦਿਆਂ ਮੇਰੀ ਮਾਂ ਦਿਲੋ-ਦਿਮਾਗ ਉੱਤੇ ਛਾਈ ਰਹੀ। ਸੋਚਦੀ ਹਾਂ ਕਿ ਕਿਵੇਂ ਉਹ ਜੀਵਨ ਦੀਆਂ ਕਠਿਨ ਚੁਣੌਤੀਆਂ ਸੰਗ ਜੂਝੀ ਹੋਵੇਗੀ। ਸਕੂਲ ਦੀ ਨੌਕਰੀ, ਤਿੰਨਾਂ ਧੀਆਂ ਦੀ ਪਰਵਰਿਸ਼, ਘਰ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲਈ ਖੇਤੀਬਾੜੀ ਵਿਚ ਸਹਿਯੋਗ, ਪੋਲਟਰੀ ਫਾਰਮ ਦੀ ਦੇਖ-ਭਾਲ, ਘਰ ਵਿਚ ਦੁੱਧ ਲਈ ਰੱਖੇ ਪਸ਼ੂ ਡੰਗਰ ਆਦਿ ਦੀ ਜ਼ਿੰਮੇਵਾਰੀ ਆਦਿ ਆਦਿ। ਮੇਰੀ ਮਾਂ ਨੇ ਖਿੜੇ ਮੱਥੇ ਉਨ੍ਹਾਂ ਸਭ ਕਰੂਰ ਤਲਖ਼ੀਆਂ ਨੂੰ ਬਰਾਬਰ ਦੀ ਹਿੱਸਦਾਰ ਹੋ ਕੇ ਜਰਿਆ ਜੋ ਮੇਰੇ ਪਿਤਾ ਦੇ ਆਦਰਸ਼ ਕਰ ਕੇ ਉਸ ਦੇ ਹਿੱਸੇ ਆਈਆਂ। ਉਹਨੇ ਉਨ੍ਹਾਂ ਤਲਖ਼ ਹਕੀਕਤਾ ਦਾ ਜ਼ਿਕਰ ਸਾਡੇ ਨਾਲ ਕਦੇ ਨਾ ਕੀਤਾ ਜੋ ਉਸ ਨੇ ਆਪਣੇ ਮਨ ਉੱਤੇ ਝੱਲੀਆਂ। ਉਹ ਦ੍ਰਿੜ੍ਹਤਾ ਨਾਲ ਮੇਰੇ ਪਿਤਾ ਦੀ ਚੁਣੌਤੀ ਪੂਰਨ ਜ਼ਿੰਦਗੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ। ਉਹਦਾ ਚੰਗੇਰਾ ਭਵਿੱਖ ਸਿਰਜਣ ਵਿਚ ਦ੍ਰਿੜ੍ਹ ਨਿਸਚਾ ਉਹਦੀ ਜ਼ਿੰਦਗੀ ਦੇ ਸਹਿਜ ਵਰਤਾਰੇ ਦਾ ਹਿੱਸਾ ਸੀ। ਉਸ ਦੀ ਮਾਸੂਮ ਮੁਸਕਾਣ ਉਸ ਦੇ ਅੰਤਿਮ ਸਮੇਂ ਵੀ ਉਹਦੇ ਚਿਹਰੇ ਉੱਤੇ ਸੀ। ਮੈਂ ਹੱਕ-ਸੱਚ ਦੇ ਸੰਘਰਸ਼ ਵਿਚ ਆਪਣੀ ਮਾਂ ਨੂੰ ਬਰਾਬਰ ਦਾ ਹਿੱਸੇਦਾਰ ਤਸੱਵਰ ਕਰਦੀ ਹਾਂ।”
ਜਿਨ੍ਹਾਂ ਤਲਖ਼ ਹਕੀਕਤਾਂ ਦਾ ਜ਼ਿਕਰ ਨਸੀਬ ਕੌਰ ਨੇ ਕਦੀ ਨਾ ਕੀਤਾ ਤੇ ਨਾ ਹੀ ਲਾਲ ਸਿੰਘ ਨੇ ਕੀਤਾ, ਉਨ੍ਹਾਂ ਹਕੀਕਤਾਂ ਨੂੰ ਲਿਖਣ ਦੀ ਵਾਰੀ ਹੁਣ ਕੰਵਲਜੀਤ ਢਿਲੋਂ ਦੀ ਹੈ।
‘ਹੱਕ-ਸੱਚ ਦਾ ਸੰਘਰਸ਼’ ਸਵੈ-ਜੀਵਨੀ ਦੇ ਨਾਇਕ ਦੀ ਕੁਝ ਜ਼ਿਆਦਾ ਸੋਭਾ ਹੋਣ ਕਾਰਨ ਨਾਇਕ ਨੂੰ ਕਿਤੇ ‘ਨਜ਼ਰ ਨਾ ਲੱਗ ਜਾਵੇ’ ਇਸ ਲਈ ਇਹ ਉਪ੍ਰੋਕਤ ਦੇ ਘਟਨਾਵਾਂ ਦਾ ਵੇਰਵਾ ‘ਨਜ਼ਰਵੱਟੂ’ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਸਵੈਜੀਵਨੀ ਵਿਚ ਮਹੱਤਵਪੂਰਨ ਤੇ ਪ੍ਰੇਰਨਾ ਦੇਣ ਵਾਲਾ ਹੋਰ ਵੀ ਬਹੁਤ ਕੁਝ ਅਜਿਹਾ ਹੈ, ਜਿਹੜਾ ਦੱਸਣੋਂ ਰਹਿ ਗਿਆ ਹੈ। ਉਸਨੂੰ ਪੜ੍ਹੇ ਬਿਨਾਂ ਨਹੀਂ ਜਾਣਿਆ ਜਾ ਸਕਦਾ।
ਏਸੇ ਕਰ ਕੇ ਮੈਂ ਇਸ ਕਿਤਾਬ ਨੂੰ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹੈ।