ਇਜ਼ਰਾਈਲ ਸਰਕਾਰ ਦੀ ‘ਗਾਜ਼ਾ ਸਿਟੀ ਯੋਜਨਾ’

ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਦਿਨੀਂ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਵੱਲੋਂ ‘ਗਾਜ਼ਾ ਸਿਟੀ ਯੋਜਨਾ’ ਨੂੰ ਮਨਜ਼ੂਰੀ ਦਿੱਤੇ ਜਾਣ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਹ ਯੋਜਨਾ ਕੀ ਹੈ, ਅਤੇ ਇਸ ਨੂੰ ਦੁਨੀਆ ਦੇ ਫ਼ੈਸਲਾਕੁਨ ਸਟੇਟ, ਮਨੁੱਖੀ ਅਧਿਕਾਰ ਸਮੂਹ ਅਤੇ ਹੋਰ ਤਾਕਤਾਂ ਕਿਵੇਂ ਦੇਖ ਰਹੀਆਂ ਹਨ, ਇਨ੍ਹਾਂ ਸਵਾਲਾਂ ਦੀ ਚਰਚਾ ਸਾਡੇ ਕਾਲਮ-ਨਵੀਸ ਵੱਲੋਂ ਇਸ ਲੇਖ ਵਿਚ ਕੀਤੀ ਗਈ ਹੈ।-ਸੰਪਾਦਕ॥

ਕੀ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਵੱਲੋਂ 8 ਅਗਸਤ ਨੂੰ ਮਨਜ਼ੂਰ ਕੀਤੀ ‘ਗਾਜ਼ਾ ਸਿਟੀ ਯੋਜਨਾ’ ਦਾ ਸੰਬੰਧ ਸੁਰੱਖਿਆ ਨਾਲ ਹੈ, ਜਿਵੇਂ ਇਜ਼ਰਾਈਲੀ ਹਕੂਮਤ ਦਾਅਵਾ ਕਰ ਰਹੀ ਹੈ, ਜਾਂ ਇਹ ਅਮਰੀਕੀ-ਇਜ਼ਰਾਈਲੀ ਧਾੜਵੀ ਮਨਸ਼ਿਆਂ ਦੀ ਇੰਤਹਾ ਹੈ? ਯੋਜਨਾ ਇਹ ਹੈ ਕਿ ਫ਼ਲਸਤੀਨੀ ਖੇਤਰ ਦੇ ਸੰਘਣੀ ਆਬਾਦੀ ਵਾਲੇ ਕੇਂਦਰ ਗਾਜ਼ਾ ਸ਼ਹਿਰ, ਜੋ ਕਿ ਪ੍ਰਸ਼ਾਸਨਿਕ ਧੁਰਾ ਵੀ ਹੈ, ਦੇ ਦਸ ਲੱਖ ਦੇ ਕਰੀਬ ਲੋਕਾਂ ਨੂੰ ਫ਼ੌਜੀ ਤਾਕਤ ਦੇ ਜ਼ੋਰ ਉਜਾੜ ਕੇ ਦੱਖਣ ਵੱਲ ਧੱਕ ਦਿੱਤਾ ਜਾਵੇਗਾ, ਫਿਰ ਫ਼ਲਸਤੀਨੀਆਂ ਦੇ ਘਰ-ਬਾਰ ਢਾਹ ਦਿੱਤੇ ਜਾਣਗੇ ਤੇ ਹਮਾਸ ਦੇ ਕਥਿਤ ਗੜ੍ਹ ਨੂੰ ਪੂਰੀ ਤਰ੍ਹਾਂ ਇਜ਼ਰਾਈਲੀ ਕਬਜ਼ੇ ਹੇਠ ਲੈ ਲਿਆ ਜਾਵੇਗਾ। ਸਤੰਬਰ ਦੇ ਸ਼ੁਰੂ ’ਚ 60000 ਰਿਜ਼ਰਵ ਫ਼ੌਜ ਨੂੰ ਇਸ ਧਾਵੇ ਲਈ ਸੱਦਿਆ ਜਾਣਾ ਹੈ। ਨੇਤਨਯਾਹੂ ਵੱਲੋਂ ਅੰਤਮ ਮਨਜ਼ੂਰੀ ਦਿੱਤੇ ਜਾਣ ਨਾਲ ਵਿਆਪਕ ਵਿਨਾਸ਼ਕਾਰੀ ਕਾਰਵਾਈ ਦਾ ਰਾਹ ਪੱਧਰਾ ਹੋ ਜਾਵੇਗਾ।
ਇਸ ਸਮੇਂ ਜੋ ਇਜ਼ਰਾਈਲੀ ਫ਼ੌਜ ਉੱਥੇ ਤਾਇਨਾਤ ਹੈ ਉਸਨੇ ਯੋਜਨਾ ਦੇ ਮੁੱਢਲੇ ਪੜਾਅ ਵਜੋਂ ਹਮਲੇ ਪਹਿਲਾਂ ਹੀ ਤੇਜ਼ ਕਰ ਦਿੱਤੇ ਹਨ। ਇਜ਼ਰਾਈਲੀ ਟੈਂਕ ਗਾਜ਼ਾ ਸ਼ਹਿਰ ਦੇ ਹੋਰ ਨੇੜੇ ਪਹੁੰਚ ਗਏ ਹਨ, ਫ਼ੌਜ ਨੇ ਅੰਦਰ ਤੱਕ ਘੁਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਹਜ਼ਾਰਾਂ ਫ਼ਲਸਤੀਨੀ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ ਹਨ। ਸਥਾਨਕ ਸੂਤਰਾਂ ਅਨੁਸਾਰ ਇਹ ਐਲਾਨ ਹੁੰਦੇ ਹੀ ਸਾਰੀ ਰਾਤ ਅਲ-ਜ਼ੈਤੂਨ, ਸਾਬਰਾ, ਜਬਾਲੀਆ ਅਤੇ ਜਬਾਲੀਆ ਅਲ-ਨਾਜ਼ਲਾ ਇਲਾਕਿਆਂ ਉੱਪਰ ਸਾਰੀ ਰਾਤ ਕੁਆਡਕਾਪਟਰਾਂ, ਟੈਂਕਾਂ, ਅਪਾਚੇ ਹੈਲੀਕਾਪਟਰਾਂ ਨਾਲ ਲਗਾਤਾਰ ਗੋਲਾਬਾਰੀ ਹੁੰਦੀ ਰਹੀ ਅਤੇ ਰੋਬੋਟਾਂ ਨਾਲ ਬੂਬੀ-ਟਰੈਪ ਧਮਾਕੇ ਹੁੰਦੇ ਰਹੇ। ਪਹਿਲਾਂ ਹੀ ਤਾਬੜ-ਤੋੜ ਇਜ਼ਰਾਈਲੀ ਹਮਲਿਆਂ ਅਤੇ ਅਕਾਲ ਦੀ ਭਿਆਨਕ ਹਾਲਤ ਦਾ ਸਾਹਮਣਾ ਕਰ ਰਹੇ ਗਾਜ਼ਾ ਦੇ ਲੋਕ ਇਸ ਵਿਰਾਟ ਫ਼ੌਜੀ ਧਾਵੇ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਨ੍ਹਾਂ ’ਚੋਂ ਬਹੁਤ ਸਾਰੇ ਭੁੱਖਮਰੀ ਕਾਰਨ ਐਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ’ਚ ਇਕ ਥਾਂ ਤੋਂ ਉੱਠ ਕੇ ਦੂਜੀ ਥਾਂ ਚਲੇ ਜਾਣ ਦੀ ਤਾਕਤ ਨਹੀਂ ਬਚੀ ਹੈ।
ਘੋਰ ਸੱਜੇਪੱਖੀ ਵਿੱਤ ਮੰਤਰੀ ਨੇ ਫ਼ੌਜ ਦੇ ਮੁਖੀ ਨੂੰ ਗਾਜ਼ਾ ਸ਼ਹਿਰ ਨੂੰ ਘੇਰਾ ਪਾ ਲੈਣ ਦਾ ਆਦੇਸ਼ ਦਿੰਦੇ ਹੋਏ ਸਾਫ਼ ਕਿਹਾ ਹੈ ਕਿ ਉਨ੍ਹਾਂ ਨੂੰ ਘੇਰਾ ਪਾ ਲਓ, ਜੋ ਨਹੀਂ ਨਿਕਲਣਾ ਚਾਹੁੰਦੇ ਉਨ੍ਹਾਂ ਨੂੰ ਨਿਕਲਣ ਨਾ ਦਿਓ; ਉਹ ਜਾਂ ਤਾਂ ਆਤਮ-ਸਮਰਪਣ ਕਰ ਦੇਣ ਜਾਂ ਫਿਰ ਬਿਨਾਂ ਪਾਣੀ, ਬਿਨਾਂ ਬਿਜਲੀ ਭੁੱਖ ਨਾਲ ਮਰਨ ਲਈ ਤਿਆਰ ਰਹਿਣ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਇਜ਼ਰਾਈਲ ਕੈਟਜ਼ ਵੀ ਕਹਿ ਚੁੱਕਾ ਹੈ ਕਿ ਜੇਕਰ ਹਮਾਸ ਇਜ਼ਰਾਈਲ ਦੀਆਂ ਸ਼ਰਤਾਂ ਮੰਨ ਕੇ ਸਾਰੇ ਬੰਧਕਾਂ ਨੂੰ ਰਿਹਾ ਨਹੀਂ ਕਰਦਾ ਅਤੇ ਹਥਿਆਰ ਨਹੀਂ ਸੁੱਟਦਾ ਤਾਂ ‘ਛੇਤੀ ਹੀ ਨਰਕ ਦੇ ਦਰਵਾਜ਼ੇ ਖੁੱਲ੍ਹਣਗੇ’ ਅਤੇ ‘ਹਮਾਸ ਦੀ ਰਾਜਧਾਨੀ ਗਾਜ਼ਾ ਸ਼ਹਿਰ ਨੂੰ ਵੀ ਰਫ਼ਾ ਅਤੇ ਬੇਤ ਹਨੂਨ ਬਣਾ ਦਿੱਤਾ ਜਾਵੇਗਾ।’
ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 63000 ਗਾਜ਼ਾ ਵਾਸੀ ਇਜ਼ਰਾਈਲੀ ਫ਼ੌਜਾਂ ਦੇ ਹਮਲਿਆਂ ਵਿਚ ਮਾਰੇ ਗਏ ਹਨ ਜਦਕਿ ਬੇਸ਼ੁਮਾਰ ਲੋਕ ਮਲ਼ਬੇ ਹੇਠ ਦੱਬੇ ਪਏ ਹਨ। ‘ਦ ਗਾਰਡੀਅਨ’ ਅਨੁਸਾਰ ਇਜ਼ਰਾਈਲੀ ਫ਼ੌਜੀ ਖ਼ੁਫ਼ੀਆ ਵਿਭਾਗ ਦੇ ਡੇਟਾਬੇਸ ਤੋਂ ਪਤਾ ਲੱਗਦਾ ਹੈ ਕਿ ਗਾਜ਼ਾ ਵਿਚ ਇਜ਼ਰਾਈਲੀ ਫੋਰਸਾਂ ਵੱਲੋਂ ਮਾਰੇ ਗਏ ਛੇ ਫ਼ਲਸਤੀਨੀਆਂ ਪਿੱਛੇ ਪੰਜ ਆਮ ਨਾਗਰਿਕ ਹਨ। ਫ਼ਲਸਤੀਨੀਆਂ ਵਾਸਤੇ ਸੰਯੁਕਤ ਰਾਸ਼ਟਰ ਏਜੰਸੀ (ਯੂਐੱਨਆਰਡਬਲਯੂਏ) ਦਾ ਅੰਦਾਜ਼ਾ ਹੈ ਕਿ ਗਾਜ਼ਾ ਦੀ 90% ਆਬਾਦੀ ਪਹਿਲਾਂ ਹੀ ਉਜਾੜੀ ਜਾ ਚੁੱਕੀ ਹੈ। ਸ਼ਰਣਾਰਥੀ ਕੈਂਪਾਂ ਦੀ ਹਾਲਤ ਪਹਿਲਾਂ ਹੀ ਰਹਿਣ ਦੇ ਯੋਗ ਨਹੀਂ ਹੈ ਅਤੇ ਹੋਰ ਉਜਾੜੇ ਨਾਲ ਪਰਲੋ ਵਰਗੀ ਹਾਲਤ ਬਣ ਜਾਵੇਗੀ। ਗਾਜ਼ਾ ਪੱਟੀ ਦੇ ਜ਼ਿਆਦਾਤਰ ਹਿੱਸੇ ਪਹਿਲਾਂ ਹੀ ਖੰਡਰ ਬਣ ਚੁੱਕੇ ਹਨ ਅਤੇ ਹੁਣ ਇਜ਼ਰਾਈਲੀ ਹਕੂਮਤ ਬਾਕੀ ਬਚਦੀ ਵਸੋਂ ਨੂੰ ਉਜਾੜ ਕੇ ਗਾਜ਼ਾ ਦੀ ਪੁਰਾਤਨ ਮਨੁੱਖੀ ਤਹਿਜ਼ੀਬ ਦਾ ਪੂਰੀ ਤਰ੍ਹਾਂ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦੀ ਹੈ।
ਇਹ ਗ਼ੌਰਤਲਬ ਹੈ ਕਿ ਸਾਰੇ ਇਜ਼ਰਾਈਲੀ ਲੋਕ ਨੇਤਨਯਾਹੂ ਗੈਂਗ ਵੱਲੋਂ ਗਾਜ਼ਾ ਉੱਪਰ ਥੋਪੀ ਨਸਲਕੁਸ਼ੀ ਦੀ ਹਮਾਇਤ ਨਹੀਂ ਕਰ ਰਹੇ। ਜਿਹੜੇ ਇਜ਼ਰਾਈਲੀ ਪਹਿਲਾਂ ਜ਼ਿਓਨਵਾਦੀ ਨਸਲਵਾਦ ਦੇ ਜ਼ਹਿਰੀਲੇ ਪ੍ਰਭਾਵ ਹੇਠ ਨੇਤਨਯਾਹੂ ਸਰਕਾਰ ਦੀ ਹਮਾਇਤ ਕਰ ਰਹੇ ਸਨ ਉਨ੍ਹਾਂ ਨੇ ਵੀ ਜੰਗ ਦੇ ਭਿਆਨਕ ਸਿੱਟਿਆਂ ਨੂੰ ਦੇਖਦਿਆਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਗਾਜ਼ਾ ਸਿਟੀ ਯੋਜਨਾ’ ਬਹੁਤ ਸਾਰੇ ਇਜ਼ਰਾਈਲੀਆਂ ਦੇ ਹਲਕ ’ਚੋਂ ਨਹੀਂ ਲੰਘ ਰਹੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸਦਾ ਨਤੀਜਾ ਉਨ੍ਹਾਂ 20 ਬੰਧਕਾਂ ਦੀ ਮੌਤ ਦੇ ਰੂਪ ’ਚ ਨਿੱਕਲੇਗਾ ਜੋ ਅਜੇ ਹਮਾਸ ਦੇ ਕਬਜ਼ੇ ’ਚ ਜ਼ਿੰਦਾ ਹਨ। ਇਕ ਵੱਡਾ ਕਾਰਨ ਇਹ ਵੀ ਹੈ ਕਿ ਨੇਤਨਯਾਹੂ ਵੱਲੋਂ ਗਾਜ਼ਾ ਜੰਗ ਵਿੱਢ ਕੇ ਇਜ਼ਰਾਈਲੀ ਲੋਕਾਂ ਨੂੰ ਦਿਖਾਏ ‘ਮੁਕੰਮਲ ਜਿੱਤ’ ਦੇ ਸੁਪਨਿਆਂ ਨੂੰ ਬੂਰ ਨਹੀਂ ਪਿਆ। ਜ਼ਿਆਦਾਤਰ ਲੋਕ ਜੰਗ ਤੋਂ ਅੱਕ ਚੁੱਕੇ ਹਨ। ਇੱਥੋਂ ਤੱਕ ਕਿ ਫ਼ੌਜੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਵੀ ਹਨ। ਇਨ੍ਹਾਂ 22 ਮਹੀਨਿਆਂ ’ਚ ਗਾਜ਼ਾ ਵਿਰੁੱਧ ਜੰਗ ਨੇ ਇਜ਼ਰਾਈਲ ਦੀ ਆਰਥਿਕਤਾ ਨਿਚੋੜ ਦਿੱਤੀ ਹੈ। 2024 ਦੇ ਅੰਤ ਤੱਕ ਜੰਗ ਉੱਪਰ 6757 ਕਰੋੜ ਡਾਲਰ ਖ਼ਰਚੇ ਜਾ ਚੁੱਕੇ ਸਨ। ਇਜ਼ਰਾਈਲੀ ਲੋਕ ਇਹ ਵੀ ਦੇਖ ਰਹੇ ਹਨ ਕਿ ਜਿਸ ਯੁੱਧਬੰਦੀ ਸਮਝੌਤੇ ਉੱਪਰ ਹਮਾਸ ਨੇ ਸਹਿਮਤੀ ਪ੍ਰਗਟਾਈ ਹੈ, ਉਹ ਮੂਲ ਰੂਪ ’ਚ ਉਹੀ ਹੈ ਜਿਸ ਉੱਪਰ ਥੋੜ੍ਹੇ ਹਫ਼ਤੇ ਪਹਿਲਾਂ ਹੀ ਨੇਤਨਯਾਹੂ ਸਰਕਾਰ ਨੇ ਸਹਿਮਤੀ ਦਾ ਸੰਕੇਤ ਦਿੱਤਾ ਸੀ। ਯੁੱਧਬੰਦੀ ਸਮਝੌਤੇ ਦੀ ਇਸ ਸੰਭਾਵਨਾ ਨੂੰ ਹਕੀਕਤ ’ਚ ਬਦਲਣ ਵੱਲ ਤੁਰਨ ਦੀ ਬਜਾਏ ਨੇਤਨਯਾਹੂ ਸਰਕਾਰ ਤਾਂ ਸਗੋਂ ਮੁਕੰਮਲ ਕਬਜ਼ਾ ਕਰਨ ਲਈ ਰਿਜ਼ਰਵ ਫ਼ੌਜ ਨੂੰ ਵੀ ਜੰਗ ਵਿਚ ਝੋਕਣ ਦੇ ਰਾਹ ਪੈ ਤੁਰੀ ਹੈ। ਪਿਛਲੇ ਦਿਨੀਂ ਇਜ਼ਰਾਈਲ ਦੇ 600 ਰਿਟਾਇਰਡ ਸੁਰੱਖਿਆ ਅਧਿਕਾਰੀਆਂ ਨੇ ਟਰੰਪ ਨੂੰ ਚਿੱਠੀ ਲਿਖੀ ਹੈ ਕਿ ਹਮਾਸ ‘ਹੁਣ ਇਜ਼ਰਾਈਲ ਲਈ ਕੋਈ ਸੁਰੱਖਿਆ ਖ਼ਤਰਾ ਨਹੀਂ ਹੈ।’ ਹੁਣ ਅਮਰੀਕਾ ਅਤੇ ਪੱਛਮੀ ਸਾਮਰਾਜੀ ਹਕੂਮਤਾਂ ਦੱਸਣ ਕਿ ਖੇਤਰ ਦੀ ਪੂਰੀ ਦੀ ਪੂਰੀ ਵਸੋਂ ਨੂੰ ਉਜਾੜ ਕੇ ਅਤੇ ਉਨ੍ਹਾਂ ਦੇ ਘਰ ਢਾਹ ਕੇ ਉੱਥੇ ਕਬਜ਼ਾ ਕਰਨਾ ਇਜ਼ਰਾਈਲ ਦੀ ‘ਸਵੈ-ਰੱਖਿਆ ਦੀ ਜੰਗ’ ਕਿਸ ਤਰ੍ਹਾਂ ਹੈ।
ਪਿਛਲੇ ਸਮੇਂ ਤੋਂ ਕੁਝ ਖਾੜੀ ਮੁਲਕਾਂ ਦੇ ਹਾਕਮ ਯੁੱਧਬੰਦੀ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਿਛਲੇ ਹਫ਼ਤੇ ਹਮਾਸ ਨੇ ਯੁੱਧਬੰਦੀ ਲਈ ਵਿਚੋਲਗਿਰੀ ਕਰ ਰਹੇ ਕਤਰ ਅਤੇ ਮਿਸਰ ਦੇ ਹਾਕਮਾਂ ਵੱਲੋਂ ਪੇਸ਼ ਕੀਤੀ ਦੋ ਮਹੀਨੇ ਦੀ ਯੁੱਧਬੰਦੀ ਦੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾ ਦਿੱਤੀ ਸੀ। ਜਿਸ ਦੇ ਤਹਿਤ ਗਾਜ਼ਾ ਵਿਚ ਬਚੇ ਬੰਧਕਾਂ ਵਿਚੋਂ ਅੱਧਿਆਂ ਨੂੰ ਰਿਹਾ ਕੀਤਾ ਜਾਣਾ ਸੀ। ਪਰ ਨੇਤਨਯਾਹੂ ਨੇ ਪੇਸ਼ਕਸ਼ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਗੱਲਬਾਤ ਸਿਰਫ਼ ਸਾਰੇ ਬੰਧਕਾਂ ਦੀ ਰਿਹਾਈ ਹੋਣ ’ਤੇ ਹੀ ਸ਼ੁਰੂ ਹੋਵੇਗੀ ਅਤੇ ਜੰਗ ਸਿਰਫ਼ ‘ਇਜ਼ਰਾਈਲ ਨੂੰ ਮਨਜ਼ੂਰ’ ਸ਼ਰਤਾਂ ਮੰਨ ਕੇ ਹੀ ਖ਼ਤਮ ਹੋਵੇਗੀ। ਜਿਵੇਂ ਅਮਰੀਕਾ ਅਤੇ ਹੋਰ ਪੱਛਮੀ ਸਾਮਰਾਜੀ ਤਾਕਤਾਂ ਦੀ ਮਦਦ ਨਾਲ ਇਜ਼ਰਾਈਲ ਯੁੱਧਬੰਦੀ ਦੀ ਹਰ ਤਜਵੀਜ਼ ਨੂੰ ਠੁਕਰਾ ਕੇ ਗਾਜ਼ਾ ਨੂੰ ਵੱਧ ਤੋਂ ਵੱਧ ਤਬਾਹ ਕਰ ਰਿਹਾ ਹੈ, ਇਹ ਇਜ਼ਰਾਈਲੀ ਪਸਾਰਵਾਦੀ ਪ੍ਰੋਜੈਕਟ ਦਾ ਮੂੰਹ ਬੋਲਦਾ ਸਬੂਤ ਹੈ। ਸੁਰੱਖਿਆ ਕੈਬਨਿਟ ਵੱਲੋਂ ਪਾਸ ਕੀਤੀ ‘ਗਾਜ਼ਾ ਸਿਟੀ ਯੋਜਨਾ’ ਉਸੇ ਪ੍ਰੋਜੈਕਟ ਦਾ ਵਧੇਰੇ ਕਰੂਰ ਚਿਹਰਾ ਹੈ। ਫ਼ੌਜ ਨਾਲ ਗੱਲਬਾਤ ਕਰਦੇ ਹੋਏ ਨੇਤਨਯਾਹੂ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਗੱਲਬਾਤ ਚਲਦੀ ਰਹਿਣ ਦੇ ਬਾਵਜੂਦ ਉਹ ਗਾਜ਼ਾ ਸ਼ਹਿਰ ਉੱਪਰ ਕਬਜ਼ੇ ਨੂੰ ਅੰਤਮ ਮਨਜ਼ੂਰੀ ਦੇਵੇਗਾ।
ਨੇਤਨਯਾਹੂ ਸਰਕਾਰ ਦੇ ਜਾਬਰ ਕਾਰਿਆਂ ਦਾ ਅੰਤਰਰਾਸ਼ਟਰੀ ਵਿਰੋਧ ਤਿੱਖਾ ਹੋ ਰਿਹਾ ਹੈ ਅਤੇ ਹਮਾਇਤ ਘਟ ਰਹੀ ਹੈ। ਪਿਊ ਰਿਸਰਚ ਸੈਂਟਰ ਦੇ ਤਾਜ਼ਾ ਸਰਵੇਖਣ ’ਚ ਸਾਹਮਣੇ ਆਇਆ ਕਿ ਅਮਰੀਕਾ, ਯੂਰਪ ਜਾਂ ਏਸ਼ੀਆ ਦੇ ਕਿਸੇ ਵੀ ਮੁਲਕ ’ਚ ਇਜ਼ਰਾਈਲ ਪ੍ਰਤੀ ਬਹੁਮੱਤ ਦੀ ਰਾਇ ਹਾਂ-ਪੱਖੀ ਨਹੀਂ ਹੈ। ਸਰਵੇਖਣ ਨੇ ਖ਼ੁਲਾਸਾ ਕੀਤਾ ਹੈ ਕਿ 53% ਬਾਲਗ ਅਮਰੀਕੀ ਇਜ਼ਰਾਈਲ ਦੇ ਖ਼ਿਲਾਫ਼ ਰਾਇ ਰੱਖਦੇ ਹਨ। ਇੱਥੋਂ ਤੱਕ ਕਿ 50% ਰਿਪਬਲਿਕਨਾਂ ਦੀ ਰਾਇ ਵੀ ਇਜ਼ਰਾਈਲ ਦੇ ਖ਼ਿਲਾਫ਼ ਹੈ। 2022 ਤੋਂ ਲੈ ਕੇ ਇਹ ਵਾਧਾ 15% ਹੈ। ਇਕ ਹੋਰ ਪੋਲ ਸਰਵੇਖਣ ਅਨੁਸਾਰ 63% ਡੈਮੋਕਰੇਟਾਂ ਦੀ ਰਾਇ ਇਹ ਹੈ ਕਿ ਅਮਰੀਕਾ ਵੱਲੋਂ ਇਜ਼ਰਾਈਲ ਦੀ ਹੱਦੋਂ ਵੱਧ ਮਦਦ ਕੀਤੀ ਜਾ ਰਹੀ ਹੈ। ਕਾਰਨ ਚਾਹੇ ਕੋਈ ਵੀ ਹੋਣ, ਪੱਛਮੀ ਸਾਮਰਾਜੀ ਹਮਾਇਤੀ ਰਾਜਾਂ ਦੇ ਅੰਦਰੋਂ ਬੁੜ-ਬੁੜ ਸ਼ੁਰੂ ਹੋਣ ਦੇ ਸਪਸ਼ਟ ਸੰਕੇਤ ਹਨ। ਅਗਲੇ ਮਹੀਨੇ ਇਹ ਵੀ ਸਾਹਮਣੇ ਆ ਜਾਵੇਗਾ ਕਿ ਯੂ.ਕੇ., ਫਰਾਂਸ, ਕੈਨੇਡਾ, ਪੁਰਤਗਾਲ ਅਤੇ ਆਸਟ੍ਰੇਲੀਆ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਸਵਾਲ ਉੱਪਰ ਕੀ ਸਟੈਂਡ ਲੈਂਦੇ ਹਨ। ਜਰਮਨੀ ਦੀ ਸਰਕਾਰ ਨੇ, ਜੋ ਕਿ ਇਜ਼ਰਾਈਲੀ ਹਕੂਮਤ ਦੀ ਪੱਕੀ ਹਮਾਇਤੀ ਹੈ, ‘ਗਾਜ਼ਾ ਸਿਟੀ ਯੋਜਨਾ’ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੂੰ ਹਥਿਆਰਾਂ ਦਾ ਨਿਰਯਾਤ ਰੋਕਣ ਦਾ ਐਲਾਨ ਕੀਤਾ ਹੈ। ਕੁਝ ਹੋਰ ਪੱਛਮੀ ਸਰਕਾਰਾਂ ਨੇ ਵੀ ਇਜ਼ਰਾਈਲੀ ਯੋਜਨਾ ਦੀ ਨਿਖੇਧੀ ਕੀਤੀ ਹੈ। ਪਰ ਉਨ੍ਹਾਂ ਦੀ ਸਾਮਰਾਜੀ ਖ਼ਸਲਤ ਇਜ਼ਰਾਈਲ ਵੱਲੋਂ ਥੋਪੀ ਖ਼ੂਨੀ ਜੰਗ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਦੀ ਇਜਾਜ਼ਤ ਨਹੀਂ ਦਿੰਦੀ। ਭਾਰਤ ਅੰਦਰ ਹਿੰਦੂਤਵ ਦੀ ਚੜ੍ਹਤ ਅਤੇ ਹਕੂਮਤੀ ਜਬਰ ਕਾਰਨ ਇਜ਼ਰਾਈਲ ਵਿਰੁੱਧ ਲੋਕ-ਰਾਇ ਸਪਸ਼ਟ ਨਹੀਂ ਉੱਭਰ ਨਹੀਂ ਰਹੀ।
ਸੰਯੁਕਤ ਰਾਸ਼ਟਰ ਦੀ ਮਦਦ ਨਾਲ ਕੰਮ ਕਰਨ ਵਾਲੀ ਸੰਸਥਾ ਆਈਪੀਸੀ (ਇੰਟਿਗਰੇਟਿਡ ਫੂਡ ਫੇਜ਼ ਕਲਾਸੀਫਿਕੇਸ਼ਨ) ਅਕਾਲ ਰੀਵਿਊ ਕਮੇਟੀ ਵੱਲੋਂ ਪਹਿਲੀ ਵਾਰ ਗਾਜ਼ਾ ਵਿਚ ਅਕਾਲ ਪੈਣ ਵਰਗੀ ਹਾਲਤ ਬਣਨ ਦੀ ਚੇਤਾਵਨੀ ਦਿੱਤੇ ਜਾਣ ਨੇ ਇਸ ਹਕੀਕਤ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਭੁੱਖਮਰੀ ਨੂੰ ਜੰਗ ਦਾ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ। ਪੰਜ ਲੱਖ ਚੌਦਾਂ ਹਜ਼ਾਰ ਗਾਜ਼ਾ ਵਾਸੀ, ਭਾਵ ਗਾਜ਼ਾ ਦੀ ਵਸੋਂ ਦਾ ਚੌਥਾ ਹਿੱਸਾ, ਵਿਨਾਸ਼ਕਾਰੀ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਗਿਣਤੀ ਛੇਤੀ ਸਾਢੇ ਛੇ ਲੱਖ ਤੱਕ ਪਹੁੰਚ ਜਾਣ ਦਾ ਡਰ ਹੈ। ਸੰਸਥਾ ਦੇ ਪੈਮਾਨੇ ਅਨੁਸਾਰ ਇਹ ਪੰਜਵਾਂ ਪੜਾਅ ਭੋਜਨ ਦੀ ਅਤਿਅੰਤ ਅਸੁਰੱਖਿਆ ਦਾ ਉੱਚਤਮ ਪੜਾਅ ਹੁੰਦਾ ਹੈ ਜਦੋਂ ਵਸੋਂ ਦਾ ਘੱਟੋ-ਘੱਟ 20% ਪਰਿਵਾਰ ਭੋਜਨ ਦੀ ਅਤਿਅੰਤ ਘਾਟ ਦਾ ਸਾਹਮਣਾ ਕਰ ਰਹੇ ਹੁੰਦੇ ਹਨ; ਜਦੋਂ ਘੱਟੋ-ਘੱਟ 30% ਬੱਚੇ ਤੀਬਰ ਕੁਪੋਸ਼ਣ ਤੋਂ ਪੀੜਤ ਹੁੰਦੇ ਹਨ; ਅਤੇ ਹਰ 10000 ਪਿੱਛੇ ਦੋ ਲੋਕ ਪੂਰੀ ਤਰ੍ਹਾਂ ਭੁੱਖਮਰੀ ਜਾਂ ਕੁਪੋਸ਼ਣ ਅਤੇ ਬੀਮਾਰੀਆਂ ਦੇ ਆਦਾਨ-ਪ੍ਰਦਾਨ ਨਾਲ ਮਰ ਰਹੇ ਹੁੰਦੇ ਹਨ। ਗਾਜ਼ਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਬੱਚੇ ਭੁੱਖ ਨਾਲ ਤੜਫ-ਤੜਫ ਕੇ ਮਰ ਰਹੇ ਹਨ, ਜਦੋਂ ਕਿ ਖਾਣ-ਪੀਣ ਦਾ ਸਮਾਨ ਮੁਹੱਈਆ ਕਰਨ ਵਾਲੀ ਟਰਾਂਸਪੋਰਟ ਦੇ ਕਾਫ਼ਲੇ ਇਜ਼ਰਾਇਲੀ ਫ਼ੌਜ ਵੱਲੋਂ ਕੁਝ ਹੀ ਮੀਲ ਦੂਰ ਸਰਹੱਦਾਂ ’ਤੇ ਰੋਕੇ ਹੋਏ ਹਨ। ਗਾਜ਼ਾ ਵਿਚ ਅਕਾਲ ਦੇ ਹਾਲਾਤ ਇਜ਼ਰਾਈਲੀ ਸਰਕਾਰ ਦੀਆਂ ਕਾਰਵਾਈਆਂ ਦਾ ਸਿੱਧਾ ਨਤੀਜਾ ਹੈ। ਇਹ ਹਾਲਾਤ ਇਜ਼ਰਾਈਲ ਵੱਲੋਂ ਜਾਣ-ਬੁੱਝ ਕੇ ਬਣਾਏ ਗਏ ਹਨ ਅਤੇ ਇਹ ਮਾਨਵਤਾ ਵਿਰੁੱਧ ਜੁਰਮ ਹਨ। ਐਮਨੈਸਟੀ ਇੰਟਰਨੈਸ਼ਨਲ, ਰੈੱਡ ਕ੍ਰਾਸ ਅਤੇ ਆਕਸਫਾਮ ਤੋਂ ਇਲਾਵਾ ਬਹੁਤ ਸਾਰੇ ਕੌਮਾਂਤਰੀ ਸਮੂਹ ਇਹ ਰਾਇ ਰੱਖਦੇ ਹਨ ਕਿ ਇਹ ਮਨੁੱਖਤਾ ਦੀ ਨਾਕਾਮੀ ਨਹੀਂ ਹੈ; ਇਹ ਜੰਗੀ ਜੁਰਮ ਹੈ।
ਫ਼ਲਸਤੀਨੀ ਪ੍ਰਸ਼ਾਸਨ ਅਤੇ ਲੋਕ ਬਹੁਤ ਸਮਾਂ ਪਹਿਲਾਂ ਤੋਂ ਇਹ ਕਹਿ ਰਹੇ ਸਨ ਕਿ ਇਜ਼ਰਾਈਲ ਯੋਜਨਾਬੱਧ ਤਰੀਕੇ ਨਾਲ ਖਾਣ-ਪੀਣ, ਬਾਲਣ ਅਤੇ ਦਵਾਈਆਂ ਦੀ ਸਪਲਾਈ ਰੋਕ ਰਿਹਾ ਹੈ। ਹੁਣ ਤਾਂ ਇਸਦੇ ਸਬੂਤ ਬਹੁਤ ਹੀ ਸਪਸ਼ਟ ਹਨ। ਸੰਯੁਕਤ ਰਾਸ਼ਟਰ ਦੇ ਗੋਦਾਮ ਭਰੇ ਪਏ ਹਨ, ਟਰੱਕ ਸਰਹੱਦ ’ਤੇ ਖੜ੍ਹੇ ਹਨ, ਪਰ ਇਜ਼ਰਾਇਲੀ ਫ਼ੌਜ ਨੇ ਨਾਕੇ ਲਾ ਕੇ ਗਾਜ਼ਾ ਦੇ ਸਾਰੇ ਐਂਟਰੀ ਪੁਆਇੰਟ ਸਖ਼ਤ ਨਾਕਾਬੰਦੀ ਕਰਕੇ ਰੋਕੇ ਹੋਏ ਹਨ ਅਤੇ ਕੋਈ ਵੀ ਮਦਦ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਰਾਹਤ ਸੇਵਾਵਾਂ ਨੂੰ ਰੋਕ ਕੇ ਸਗੋਂ ਗਾਜ਼ਾ ਉੱਪਰ ਜ਼ਮੀਨੀ ਤੇ ਹਵਾਈ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰੇ ਤੱਥਾਂ ਦੇ ਮੱਦੇਨਜ਼ਰ, ਹੁਣ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਇਜ਼ਰਾਈਲ ਭੁੱਖਮਰੀ ਨੂੰ ਜੰਗ ਦਾ ਹਥਿਆਰ ਬਣਾ ਕੇ ਵਰਤ ਰਿਹਾ ਹੈ ਤਾਂ ਜੋ ਫ਼ਲਸਤੀਨੀ ਲੋਕਾਂ ਨੂੰ ਜਿਸਮਾਨੀ ਤੌਰ ’ਤੇ ਨਿਤਾਣੇ ਬਣਾ ਕੇ ਉਨ੍ਹਾਂ ਦਾ ਮਨੋਬਲ ਤੋੜਿਆ ਜਾ ਸਕੇ ਅਤੇ ਬੱਚਿਆਂ ਨੂੰ ਭੁੱਖ ਤੇ ਕੁਪੋਸ਼ਣ ਨਾਲ ਮਾਰ ਕੇ ਅਗਲੀ ਪੀੜ੍ਹੀ ਨੂੰ ਖ਼ਤਮ ਕੀਤਾ ਜਾ ਸਕੇ।
ਹਰ ਮੁਲਕ ਦੇ ਇਨਸਾਫ਼ਪਸੰਦ ਲੋਕਾਂ ਨੂੰ ਆਪਣੀਆਂ ਸਰਕਾਰਾਂ ਉੱਪਰ ਗਾਜ਼ਾ ਦੀ ਨਸਲਕੁਸ਼ੀ ਵਿਰੁੱਧ ਸਟੈਂਡ ਲੈਣ ਲਈ ਦਬਾਅ ਵਧਾਉਣਾ ਚਾਹੀਦਾ ਹੈ। ਇਕ ਪੂਰੇ ਸਮਾਜ ਦੀ ਹੋਂਦ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਿਟਦੇ ਵੇਖਦੇ ਰਹਿਣ ਨੂੰ ਇਤਿਹਾਸ ਮਾਫ਼ ਨਹੀਂ ਕਰੇਗਾ।