‘ਇਤਿਹਾਸ’ ਬਦਲਦੀ ਭਾਜਪਾ ਕਿਧਰੇ ਆਪਣਾ ‘ਵਰਤਮਾਨ’ ਤੇ ‘ਭਵਿੱਖ’ ਤਾਂ ਬਰਬਾਦ ਨਹੀਂ ਕਰ ਰਹੀ?

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008
ਇਸ ਸੰਸਾਰ ਵਿਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ| ਪਹਿਲੇ ਉਹ ਜੋ ਆਪਣੇ ਨੇਕ ਤੇ ਉਸਾਰੂ ਕੰਮਾਂ ਨਾਲ ਇਤਿਹਾਸ ਰਚਦੇ ਹਨ ਤੇ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਯਾਦ ਰਖਦਾ ਹੈ| ਦੂਜੇ ਉਹ ਜੋ ਇਤਿਹਾਸ ਨੂੰ ਪੜ੍ਹਦੇ ਹਨ ਤੇ ਉਸ ਵਿਚਲੀਆਂ ਪ੍ਰਾਪਤੀਆਂ ਅਤੇ ਗ਼ਲਤੀਆਂ ਤੋਂ ਸੇਧ ਲੈ ਕੇ ਆਪਣਾ ਵਰਤਮਾਨ ਅਤੇ ਭਵਿੱਖ ਸੁਆਰ ਲੈਂਦੇ ਹਨ|

ਤੀਜੀ ਕਿਸਮ ਦੇ ਲੋਕ ਉਹ ਹੁੰਦੇ ਹਨ ਜੋ ਲਿਖੇ ਹੋਏ ਅਤੇ ਪ੍ਰਮਾਣਿਕ ਅਤੇ ਪ੍ਰਮਾਣਿਤ ਇਤਿਹਾਸ ਨੂੰ ਆਪਣੇ ਸੁਆਰਥ ਲਈ ਬਦਲ ਜਾਂ ਤੋੜ-ਮਰੋੜ ਕੇ ‘ਨਵਾਂ ਇਤਿਹਾਸ’ ਰਚਣ ਦੀ ਕੋਸ਼ਿਸ਼ ਕਰਦੇ ਹਨ| ਭਾਰਤੀ ਜਨਤਾ ਪਾਰਟੀ ਬੀਤੇ ਗਿਆਰਾਂ ਵਰਿ੍ਹਆਂ ਤੋਂ ਇਹ ਤੀਜੀ ਕਿਸਮ ਦਾ ਕਾਰਜ ਕਰਨ ਅਤੇ ਸੰਬੰਧਿਤ ਬਿਰਤਾਂਤ ਸਿਰਜਣ ਦਾ ਕੰਮ ਬੜੇ ਸ਼ਾਤਰਾਨਾ ਅਤੇ ਯੋਜਨਾਬੱਧ ਢੰਗ ਨਾਲ ਕਰ ਰਹੀ ਹੈ|
ਬੀਤੇ ਦਿਨੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਨਾਲ ਜੁੜੀ ਉੱਘੀ ਸੰਸਥਾ ਭਾਵ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਭਾਰਤੀ ਇਤਿਹਾਸ ਸੰਬੰਧੀ ਪੁਸਤਕਾਂ ਵਿਚ ਦਰਜ ਜਾਣਕਾਰੀ ਅੰਦਰ ਪਰਿਵਰਤਨ ਕਰਦਿਆਂ ਹੋਇਆਂ ਇਹ ਵਿਚਾਰਧਾਰਾ ਸ਼ਾਮਿਲ ਕਰ ਦਿੱਤੀ ਗਈ ਹੈ ਜੋ ਇਹ ਦਰਸਾਉਂਦੀ ਹੈ ਕਿ ਸੰਨ 1947 ਵਿਚ ਦੇਸ਼ ਦੀ ਦੋ ਹਿੱਸਿਆਂ ਵਿਚ ਹੋਈ ਵੰਡ ਲਈ ਸਮੁੱਚੇ ਰੂਪ ਵਿਚ ਕਾਂਗਰਸ ਪਾਰਟੀ, ਮੁਹੰਮਦ ਅਲੀ ਜਿਨਾਹ ਅਤੇ ਅੰਗਰੇਜ਼ ਸਰਕਾਰ ਆਦਿ ਧਿਰਾਂ ਜ਼ਿੰਮੇਵਾਰ ਸਨ| ‘ਵੰਡ ਦੀ ਦਹਿਸ਼ਤ ਦਾ ਯਾਦਗਾਰ ਦਿਵਸ’ ਸਿਰਲੇਖ ਹੇਠ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਨਵੇਂ ਮਾਡਿਊਲ ਪਾਠਕ੍ਰਮ ਵਿਚ ਸ਼ਾਮਿਲ ਕੀਤੇ ਗਏ ਹਨ| ਇਹ ਦੋਵੇਂ ਮਾਡਿਊਲ ਨਰਿੰਦਰ ਮੋਦੀ ਵੱਲੋਂ ਸੰਨ 2012 ਵਿਚ ਦਿੱਤੇ ਗਏ ਉਸ ਸੁਨੇਹੇ ਨਾਲ ਸ਼ੁਰੂ ਹੁੰਦੇ ਹਨ, ਜਿਸ ਵਿਚ ਉਨ੍ਹਾਂ ਨੇ ‘ਵੰਡ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ’ ਮਨਾਉਣ ਦਾ ਐਲਾਨ ਕੀਤਾ ਸੀ| ਇਸ ਨਵੇਂ ਮਾਡਿਊਲ ਵਿਚ ‘ਵੰਡ ਦੇ ਦੋਸ਼ੀ’ ਸਿਰਲੇਖ ਹੇਠ ਦਰਜ ਭਾਗ ਵਿਚ ਕਿਹਾ ਗਿਆ ਹੈ, ‘ਅੰਤ ਵਿਚ 15 ਅਗਸਤ, 1947 ਨੂੰ ਭਾਰਤ ਵੰਡਿਆ ਗਿਆ ਪਰ ਇਹ ਸਿਰਫ਼ ਇਕ ਵਿਅਕਤੀ ਦਾ ਕੰਮ ਨਹੀਂ ਸੀ| ਭਾਰਤ ਦੀ ਵੰਡ ਲਈ ਤਿੰਨ ਤੱਤ ਜ਼ਿੰਮੇਵਾਰ ਸਨ| ਜਿਨਾਹ, ਜਿਸਨੇ ਇਸਦੀ ਮੰਗ ਕੀਤੀ| ਦੂਜਾ ਕਾਂਗਰਸ ਜਿਸਨੇ ਇਸ ਨੂੰ ਸਵੀਕਾਰ ਕੀਤਾ ਤੇ ਤੀਜਾ ਮਾਊਂਟਬੈਟਨ ਜਿਸਨੇ ਇਸਨੂੰ ਲਾਗੂ ਕੀਤਾ|’
ਇਥੇ ਹੀ ਬਸ ਨਹੀਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2025 ਦੇ ‘ਆਜ਼ਾਦੀ ਦਿਵਸ’ ਮੌਕੇ ਲਾਲ ਕਿਲ੍ਹੇ ਤੋਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਇਤਿਹਾਸਕ ਤੱਥਾਂ ਦੇ ਬਿਲਕੁਲ ਉਲਟ ਜਾ ਕੇ ਆਰ.ਐਸ.ਐਸ. ਨੂੰ ਇਕ ‘ਐਨ.ਜੀ.ਓ.’ ਐਲਾਨ ਦਿੱਤਾ ਅਤੇ ਦੇਸ਼ ਦੀ ਆਜ਼ਾਦੀ ਲਈ ਇਸ ਸੰਗਠਨ ਵੱਲੋਂ ਪਾਏ ਗਏ ਯੋਗਦਾਨ ਦੇ ਭਰਪੂਰ ਸੋਹਿਲੇ ਗਾਏ| ਇਸ ਤੋਂ ਪਹਿਲਾਂ ਵੀ ਭਾਜਪਾ ਵੱਲੋਂ ਵੱਖ-ਵੱਖ ਸ਼ਹਿਰਾਂ ਅਤੇ ਸੜਕਾਂ ਦੇ ਨਾਂ ਤਬਦੀਲ ਕਰਨ ਅਤੇ ਮਸਜਿਦਾਂ ਦੇ ਵਿਹੜਿਆਂ ਦੀ ਖੁਦਾਈ ਕਰਕੇ ਉਥੇ ਕਿਸੇ ਸਮੇਂ ਮੰਦਿਰ ਬਣੇ ਹੋਣ ਸਬੰਧੀ ਦਾਅਵੇ ਕਰਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ| ਕੁਝ ਮਹੀਨੇ ਪਹਿਲਾਂ ਭਾਜਪਾ ਨੇ ‘ਗੋਦੀ ਮੀਡੀਆ’ ਅਤੇ ਸੋਸ਼ਲ ਮੀਡੀਆ ਰਾਹੀਂ ਬੜੇ ਜ਼ੋਰ-ਸ਼ੋਰ ਨਾਲ ਇਹ ਮੁੱਦਾ ਵੀ ਉਛਾਲਿਆ ਸੀ ਕਿ ਬਾਦਸ਼ਾਹ ਅਕਬਰ ਬਹੁਤ ਜ਼ਾਲਿਮ ਰਾਜਾ ਸੀ ਤੇ ਉਸਨੇ 40 ਹਜ਼ਾਰ ਹਿੰਦੂਆਂ ਦੇ ਕਤਲ ਕਰਵਾਏ ਸਨ, ਪਰ ਜਦੋਂ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੇ ਅਕਬਰ ਦੇ ਦਰਬਾਰ ਨਾਲ ਸਬੰਧਿਤ ਹਿੰਦੂ ਰਾਜਿਆਂ ਰਾਜਾ ਮਾਨ ਸਿੰਘ, ਬੀਰਬਲ ਅਤੇ ਹੋਰਨਾਂ ਦੁਆਰਾ ਅਕਬਰ ਦਾ ਸਮਰਥਨ ਕੀਤੇ ਜਾਣ ਦਾ ਮੁੱਦਾ ਉਠਾਇਆ ਤਾਂ ਬੈਕਫੁੱਟ ’ਤੇ ਆਈ ਭਾਜਪਾ ਨੇ ਫ਼ਟਾਫ਼ਟ ਇਹ ਮੁੱਦਾ ਹੀ ਦਬਾਅ ਦਿੱਤਾ| ਇਸ ਤਰ੍ਹਾਂ ਆਏ ਦਿਨ ਭਾਜਪਾ ਆਗੂ ਅਤੇ ਭਾਜਪਾ ਦਾ ਪ੍ਰਭਾਵਸ਼ਾਲੀ ‘ਮੀਡੀਆ ਸੈੱਲ’ ਦੇਸ਼ ਵਿਚ ਕਈ ਦਹਾਕਿਆਂ ਤੋਂ ਨਹੀਂ ਸਗੋਂ ਸਦੀਆਂ ਤੋਂ ਪੜ੍ਹਾਏ ਜਾ ਰਹੇ ਇਤਿਹਾਸ ਦੇ ਬਿਲਕੁਲ ਉਲਟ ‘ਨਵਾਂ ਇਤਿਹਾਸ’ ਲਿਆਉਣ ਅਤੇ ਪੜ੍ਹਾਉਣ ਦਾ ਯਤਨ ਕਰਦੀ ਆ ਰਹੀ ਹੈ ਤੇ ਹੁਣ ਪਹਿਲੀ ਵਾਰ ਸਿੱਧਾ ਸਕੂਲੀ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਉਂਦਿਆਂ ‘ਅਸਲ ਇਤਿਹਾਸ’ ਦੀ ਥਾਂ ’ਤੇ ‘ਆਰ.ਐਸ.ਐਸ. ਅਤੇ ਭਾਜਪਾ ਦੇ ਚਸ਼ਮੇ’ ਰਾਹੀਂ ਵਿਖਾਈ ਦੇਣ ਵਾਲਾ ‘ਆਪਣੀ ਮਰਜ਼ੀ’ ਦਾ ਇਤਿਹਾਸ ਪੜ੍ਹਾਏ ਜਾਣ ਸਬੰਧੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਗਈ ਹੈ| ਆਓ ਜਾਣਨ ਦੀ ਕੋਸ਼ਿਸ਼ ਕਰੀਏ ਕਿ ਆਖ਼ਿਰ ਇਸ ਸਾਰੇ ਪ੍ਰਪੰਚ ਨੂੰ ਰਚਣ ਪਿੱਛੇ ਭਾਜਪਾ ਦਾ ਅਸਲ ਉਦੇਸ਼ ਕੀ ਹੈ?
ਦਰਅਸਲ ਇਤਿਹਾਸ ਦੇ ਪੰਨਿਆਂ ’ਤੇ ਇਹ ਸਾਫ਼ ਦਰਜ ਹੈ ਕਿ ਆਜ਼ਾਦੀ ਤੋਂ ਪਹਿਲਾਂ ‘ਹਿੰਦੂ ਮਹਾਂ ਸਭਾ’ ਅਤੇ ‘ਮੁਸਲਿਮ ਲੀਗ’ ਨਾਮਕ ਸੰਗਠਨਾਂ ਨੇ ‘ਟੂ ਨੇਸ਼ਨ ਥਿਊਰੀ’ ਭਾਵ ‘ਦੋ ਰਾਸ਼ਟਰ ਦੇ ਸਿਧਾਂਤ’ ਦਾ ਸਮਰਥਨ ਕੀਤਾ ਸੀ ਜੋ ਕਿ ਹਿੰਦੂਆਂ ਲਈ ਵੱਖ ਤੇ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਗੱਲ ਕਰਦਾ ਸੀ| ਇਸ ਮੰਗ ਦੇ ਇਨ੍ਹਾਂ ਦੋਵਾਂ ਭਾਈਵਾਲਾਂ ਨੇ ਗੱਠਜੋੜ ਕਰਕੇ ਪੱਛਮੀ ਬੰਗਾਲ ਅਤੇ ਕਸ਼ਮੀਰ ਵਿਚ ਸਰਕਾਰਾਂ ਵੀ ਬਣਾਈਆਂ ਸਨ| ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰ ਕਾਂਗਰਸੀ ਆਗੂ ਇਸ ਥਿਊਰੀ ਦੇ ਵਿਰੋਧ ਵਿਚ ਸਨ| ਇਨ੍ਹਾਂ ਦੋਵਾਂ ਆਗੂਆਂ ਅਤੇ ਹੋਰ ਅਸੰਖਾਂ ਕਾਂਗਰਸੀ ਆਗੂਆਂ, ਕਾਰਜਕਰਤਾਵਾਂ ਤੇ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ ਲਾਠੀਆਂ ਖਾਧੀਆਂ ਸਨ ਤੇ ਜੇਲ੍ਹਾਂ ਕੱਟੀਆਂ ਸਨ ਪਰ ਆਰ.ਐਸ.ਐਸ. ਤੇ ਭਾਜਪਾ ਨੂੰ ਜਨਮ ਦੇਣ ਵਾਲੇ ਉਸ ਵੇਲੇ ਦੇ ‘ਜਨ ਸੰਘ’ ਨਾਮਕ ਸੰਗਠਨ ਦੇ ਆਗੂਆਂ ਦੀ ਵਿਚਾਰਧਾਰਾ ਅਤੇ ਕਾਰਜ ਸ਼ੈਲੀ ਬਿਲਕੁਲ ਵੱਖਰੀ ਸੀ| ਜਨਸੰਘੀ ਆਗੂ ਵੀਰ ਸਾਵਰਕਰ ਬਾਰੇ ਇਤਿਹਾਸ ਦੀਆਂ ਪੁਸਤਕਾਂ ਵਿਚ ਦਰਜ ਹੈ ਕਿ ‘ਕਾਲੇ ਪਾਣੀ’ ਦੀ ਸਜ਼ਾ ਮਿਲਣ ’ਤੇ ਸਾਵਰਕਰ ਨੇ ਅੰਗਰੇਜ਼ ਸਰਕਾਰ ਕੋਲੋਂ ਲਿਖ਼ਤੀ ਰੂਪ ਵਿਚ ਮੁਆਫ਼ੀ ਮੰਗੀ ਸੀ ਤੇ ਨਾਲ ਹੀ ਅੰਗਰੇਜ਼ੀ ਫ਼ੌਜ ਵਿਚ ਭਾਰਤੀ ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਵੀ ਭਰੋਸਾ ਦੁਆਇਆ ਸੀ| ਇਤਿਹਾਸ ਇਹ ਵੀ ਦੱਸਦਾ ਹੈ ਕਿ ਅੰਗਰੇਜ਼ਾਂ ਨੇ ਨਾ ਕੇਵਲ ਸਾਵਰਕਰ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ ਸਗੋਂ ਉਨ੍ਹਾਂ ਸਮਿਆਂ ਮੁਤਾਬਿਕ ‘ਚੰਗੀ ਰਾਸ਼ੀ’ ਵਾਲੀ ਮਹੀਨਾਵਾਰ ਪੈਨਸ਼ਨ ਵੀ ਲਗਾ ਦਿੱਤੀ ਸੀ| ਇਹ ਵੀ ‘ਇਤਿਹਾਸਕ ਕੌੜਾ ਸੱਚ’ ਹੈ ਕਿ ਆਰ.ਐਸ.ਐਸ. ਨੇ ਡਾ.ਬੀ.ਆਰ. ਅੰਬੇਦਕਰ ਵੱਲੋਂ ਤਿਆਰ ਕੀਤੇ ਭਾਰਤੀ ਸੰਵਿਧਾਨ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤੇ ਸਨ ਤੇ ਸੰਵਿਧਾਨ ਦੀਆਂ ਕਾਪੀਆਂ ਵੀ ਸਾੜੀਆਂ ਸਨ| ਦੇਸ਼ ਨੂੰ ਆਜ਼ਾਦੀ ਮਿਲਣ ਦੇ 53 ਸਾਲ ਬਾਅਦ ਵੀ ਆਰ.ਐਸ.ਐਸ. ਦੇ ਹੈੱਡਕੁਆਰਟਰ ’ਤੇ ਤਿਰੰਗਾ ਨਹੀਂ ਲਹਿਰਾਇਆ ਗਿਆ ਸੀ| ਇਹ ਵੀ ਲੋਕ ਪ੍ਰਵਾਨਿਤ ਇਤਿਹਾਸਕ ਤੱਥ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂ ਰਾਮ ਗੌਡਸੇ ਆਰ.ਐਸ.ਐਸ. ਵਿਚਾਰਧਾਰਾ ਪੱਖੀ ਹੀ ਸੀ ਤੇ ਅੱਜ ਵੀ ਕੋਈ ਭਾਜਪਾ ਆਗੂ ਜਾਂ ਆਰ.ਐਸ.ਐਸ. ਦਾ ਅਹੁਦੇਦਾਰ ਨੱਥੂ ਰਾਮ ਗੌਡਸੇ ਨੂੰ ‘ਕਾਤਿਲ’ ਜਾਂ ‘ਅਤਿਵਾਦੀ’ ਆਖ਼ ਕੇ ਨਹੀਂ ਪੁਕਾਰਦਾ ਹੈ|
ਅਜੋਕੇ ਸਮੇਂ ਦਾ ਕੌੜਾ ਸੱਚ ਇਹ ਹੈ ਕਿ ਉਕਤ ਸਾਰੇ ਇਤਿਹਾਸਕ ਤੱਥਾਂ ਦੀ ਪਰਦਾਪੋਸ਼ੀ ਕਰਕੇ ਸਮੁੱਚੀ ਭਾਜਪਾ ਲੀਡਰਸ਼ਿਪ ਆਰ.ਐਸ.ਐਸ. ਨੂੰ ‘ਮਹਾਨ’, ‘ਦੇਸ਼ ਭਗਤੀ ਵਾਲਾ’ ਅਤੇ ‘ਦੇਸ਼ ਨੂੰ ਸਮਰਪਿਤ’ ਸੰਗਠਨ ਤੇ ਸਾਵਰਕਰ ਜਿਹੇ ਵਿਅਕਤੀਆਂ ਨੂੂੰ ‘ਵੱਡੇ ਦੇਸ਼ ਭਗਤ’ ਦਰਸਾਉਣ ਦੀ ਕੋਸ਼ਿਸ਼ ਵਿਚ ਹੈ ਤੇ ਦੇਸ਼ ਦੇ ਮੀਡੀਆ ਜਗਤ ਦਾ ਇਕ ਵੱਡਾ ਵਰਗ ਭਾਜਪਾ ਦੇ ਇਸ ‘ਮਿਸ਼ਨ’ ਵਿਚ ਉਸਦੀ ਭਰਪੂਰ ਮਦਦ ਕਰ ਰਿਹਾ ਹੈ| ਹੁਣ ਤਾਂ ਭਾਜਪਾ ਨੇ ਵੱਡੇ ਲੋਕ ਸਮੂਹਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਹਿਤ ਭਾਰਤੀ ਸਿਨੇਮਾ ਦੀ ਵਰਤੋਂ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਮਿਸਾਲ ਬੀਤੇ ਦਸ ਕੁ ਵਰਿ੍ਹਆਂ ਵਿਚ ਬਣੀਆਂ ਕਈ ਸਾਰੀਆਂ ਹਿੰਦੀ ਫ਼ਿਲਮਾਂ ਹਨ ਜਿਨ੍ਹਾਂ ਵਿਚ ਤਾਜ਼ਾ ਰਿਲੀਜ਼ ਫ਼ਿਲਮ ‘ਦਿੱਲੀ ਫ਼ਾਈਲਜ਼’ ਜਾਂ ‘ਦਿ ਬੰਗਾਲ ਫ਼ਾਈਲਜ਼’ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ| ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ਦੀ ਹਸਤੀ ਵੱਲੋਂ ਇਸ ਸਮੁੱਚੀ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨਾ ਇਹ ਅੰਦੇਸ਼ੇ ਪੈਦਾ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਨਹਿਰੂ ਅਤੇ ਗਾਂਧੀ ਦੇ ਕੱਦ ਨੂੰ ਘਟਾਉਣ ਅਤੇ ਆਰ.ਐਸ.ਐਸ. ਜਿਹੇ ਕੱਟੜ ਸੰਗਠਨ ਦਾ ਕੱਦ ੳੁੱਚਾ ਕਰਨ ਦੀ ਕਵਾਇਦ ਦੇਸ਼ ਭਰ ਵਿਚ ਚੱਲ ਰਹੀ ਹੈ, ਉਸ ਨਾਲ ਇਹ ਪੂਰੀ ਸੰਭਾਵਨਾ ਹੈ ਕਿ ਛੇਤੀ ਹੀ ਸਾਵਰਕਰ ਜਿਹੇ ਵਿਅਕਤੀਆਂ ਨੂੰ ਵੱਡੇ ਅਤੇ ਮਹਾਨ ‘ਦੇਸ਼ ਭਗਤ’ ਐਲਾਨਿਆ ਜਾ ਸਕਦਾ ਹੈ ਤੇ ਨਰਿੰਦਰ ਮੋਦੀ ਨੇ ਆਰ.ਐਸ.ਐਸ.ਨੂੰ ‘ਐਨ.ਜੀ.ਓ.’ ਭਾਵ ‘ਸਮਾਜ ਸੇਵੀ ਸੰਗਠਨ’ ਆਖ ਕੇ ਉਕਤ ਅੰਦੇਸ਼ਿਆਂ ਦੇ ਸੱਚ ਹੋਣ ਦਾ ਮੁੱਢ ਬੰਨ੍ਹ ਦਿੱਤਾ ਹੈ|
ਸਮੁੱਚੀ ਭਾਜਪਾ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਤਿਹਾਸ ਬਦਲਣ ਦੀ ਉਹ ਜਦੋਂ ਜਦੋਂ ਵੀ ਕੋਸ਼ਿਸ਼ ਕਰੇਗੀ, ਵਿਰੋਧੀ ਧਿਰਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਸੋਸ਼ਲ ਮੀਡੀਆ ਚੈਨਲ, ਤਸਵੀਰ ਦਾ ਦੂਜਾ ਪਾਸਾ ਲੋਕਾਂ ਨੂੰ ਵਿਖਾ ਦੇਣਗੇ| ਇਸ ਸਾਰੀ ਕਵਾਇਦ ਵਿਚ ਆਪਣਾ ਤੇ ਆਪਣੇ ਪਿਤਰੀ ਸੰਗਠਨ ਆਰ.ਐਸ.ਐਸ. ਦਾ ‘ਇਤਿਹਾਸ’ ਸੁਧਾਰਨ ਦੀ ਕੋਸ਼ਿਸ਼ ਕਰਦੀ ਭਾਜਪਾ ਕਿਧਰੇ ਆਪਣਾ ਵਰਤਮਾਨ ਅਤੇ ਭਵਿੱਖ ਹੀ ਖ਼ਰਾਬ ਨਾ ਕਰ ਲਏ ਕਿਉਂਕਿ ਹੁਣ ਆਮ ਜਨਤਾ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਬੀਤੇ 11 ਵਰਿ੍ਹਆਂ ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਅਜਿਹੀਆਂ ਕੋਈ ਵੱਡੀਆਂ ਪ੍ਰਾਪਤੀਆਂ ਨਹੀਂ ਕੀਤੀਆਂ ਹਨ ਜੋ ਲੋਕਾਂ ਨੂੰ ਗਿਣਾਈਆਂ ਜਾ ਸਕਣ, ਇਸ ਲਈ ਭਾਜਪਾ ਹਰ ਵਾਰ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਵਰਤਮਾਨ ਅਤੇ ਭਵਿੱਖ ਨਾਲ ਸਬੰਧਿਤ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਇਤਿਹਾਸ ਵੱਲ ਨੂੰ ਦੌੜਦੀ ਹੈ ਤੇ ਕੁਝ ਨਾ ਕੁਝ ਸੰਵੇਦਨਸ਼ੀਲ ਮੁੱਦਾ ਲੱਭਣ ਅਤੇ ਬਣਾਉਣ ਦੀ ਕੋਸ਼ਿਸ਼ ਕਰਦੀ ਹੈ| ਭਾਜਪਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ‘ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ’ ਤੇ ਜਨਤਾ ਮੂਰਖ ਨਹੀਂ ਹੈ| ‘ਇਹ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ’|