ਕੌਮੀ ਪੱਧਰ ‘ਤੇ 17 ਪਾਰਟੀਆਂ ਦੀ ਲਾਮਬੰਦੀ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਕਾਂਗਰਸ ਅਤੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜਾਂ ਦੇ ਟਾਕਰੇ ਲਈ 17 ਪਾਰਟੀਆਂ ਇਕ ਮੰਚ ‘ਤੇ ਇਕੱਠੀਆਂ ਹੋਣ ਲੱਗੀਆਂ ਹਨ। ਖੱਬੇਪੱਖੀਆਂ ਦੀ ਅਗਵਾਈ ਹੇਠ ਇਨ੍ਹਾਂ ਸਿਆਸੀ ਦਲਾਂ ਨੇ ਭਾਵੇਂ ਰਸਮੀ ਤੌਰ ‘ਤੇ ਤੀਜੇ ਫਰੰਟ ਦੀ ਐਲਾਨ ਨਹੀਂ ਕੀਤਾ ਪਰ ਇਨ੍ਹਾਂ ਵੱਲੋਂ ਇਕ ਮੰਚ ਤੋਂ ਕਾਂਗਰਸ ਅਤੇ ਭਾਜਪਾ ਖ਼ਿਲਾਫ਼ ਡਟਣ ਦੇ ਦਿੱਤੇ ਹੋਕੇ ਨੇ ਦੇਸ਼ ਵਾਸੀਆਂ ਦਾ ਧਿਆਨ ਜ਼ਰੂਰ ਖਿੱਚਿਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਇਹ 17 ਪਾਰਟੀਆਂ ਇਕਜੁੱਟ ਹੋ ਕੇ ਦੇਸ਼ ਦੇ ਸਿਆਸੀ ਸਮੀਕਰਨ ਬਦਲ ਸਕਦੀਆਂ ਹਨ।
ਕਾਬਲੇਗ਼ੌਰ ਹੈ ਕਿ ਦੇਸ਼ ਦੀ ਕੌਮੀ ਸਿਆਸਤ ਵਿਚ ਤੀਜੇ ਫਰੰਟ ਦੇ ਹੋਂਦ ਵਿਚ ਆਉਣ ਬਾਰੇ ਕਾਫੀ ਸਮੇਂ ਤੋਂ ਵਿਚਾਰ-ਚਰਚਾ ਚੱਲ ਰਹੀ ਹੈ ਪਰ ਕੁਝ ਸਿਆਸੀ ਪਾਰਟੀਆਂ ਦੇ ਖੇਤਰੀ ਹਿੱਤਾਂ ਕਾਰਨ ਇਹ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗ ਰਹੀ। ਲੋਕ ਸਭਾ ਚੋਣਾਂ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਤੀਜਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਸਿਆਸੀ ਅਖਾੜੇ ਵਿਚ ਨਵਾਂ ਰੰਗ ਵਿਖਾ ਸਕਦੀਆਂ ਹਨ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਤੀਜਾ ਫਰੰਟ ਕਾਂਗਰਸ ਨਾਲੋਂ ਭਾਜਪਾ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਫਿਰਕਾਪ੍ਰਸਤੀ ਖ਼ਿਲਾਫ਼ ਸਾਂਝੀ ਸੁਰ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰæਐਸ਼ਐਸ਼) ‘ਤੇ ਫਿਰਕਾਪ੍ਰਸਤੀ ਤੇ ਮੂਲਵਾਦ ਨੂੰ ਫੈਲਾਉਣ ਦਾ ਦੋਸ਼ ਲਾਉਂਦਿਆਂ ਲੰਘੇ ਦਿਨੀਂ ਦਿੱਲੀ ਵਿਚ ਇਕੱਤਰ ਹੋਈਆਂ 17 ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੀਆਂ ਤਾਕਤਾਂ ਨੂੰ ਸੱਤਾ ਵਿਚ ਹਰਗਿਜ਼ ਨਾ ਆਉਣ ਦੇਣ। ਖੱਬੇ ਪੱਖੀਆਂ ਦੀ ਅਗਵਾਈ ਹੇਠ ਬਣੇ ਮੰਚ ਵਿਚ ਸਮਾਜਵਾਦੀ ਪਾਰਟੀ, ਏæਆਈæ ਏæਐਮæਡੀæਕੇæ, ਜਨਤਾ ਦਲ (ਯੂ), ਜਨਤਾ ਦਲ (ਐਸ਼), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨæਸੀæਪੀæ), ਸੀæਪੀæਆਈæ (ਐਮæ), ਸੀæਪੀæਆਈæ, ਬੀæਜੇæਡੀæ, ਅਸਾਮ ਗਣ ਪ੍ਰੀਸ਼ਦ, ਆਰæਐਸ਼ਪੀæ, ਝਾਰਖੰਡ ਵਿਕਾਸ ਮੋਰਚਾ, ਪੀæਪੀæਪੀæ ਅਤੇ ਫਾਰਵਰਡ ਬਲਾਕ ਸ਼ਾਮਲ ਹਨ।
ਖੱਬੇ ਪੱਖੀ ਦਲਾਂ ਵੱਲੋਂ ਦਿੱਲੀ ਵਿਚ ਕਰਵਾਈ ‘ਕਨਵੈਨਸ਼ਨ ਫਾਰ ਪੀਪਲਜ਼ ਯੂਨਿਟੀ ਅਗੇਂਸਟ ਕਮਿਊਨਿਲਿਜ਼ਮ’ ਵਿਚ ਸ਼ਾਮਲ ਹੋਏ 17 ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਕਜੁੱਟਤਾ ਨਾਲ ਵੰਡ-ਪਾਊ ਤਾਕਤਾਂ ਖਿਲਾਫ਼ ਲੜਨ ਦਾ ਪ੍ਰਣ ਕੀਤਾ। ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਜਾਣੇ-ਪਛਾਣੇ ਇਤਿਹਾਸਕਾਰ ਇਰਫ਼ਾਨ ਹਬੀਬ ਨੇ ਕਿਹਾ ਕਿ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਕੁਝ ਤੱਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ ਪਰ ਲੋਕਾਂ ਨੇ ਇਸ ਸੋਚ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਮੁੜ ਭਾਰਤੀ ਸੱਭਿਆਚਾਰ ਨੂੰ ਤਬਾਹ ਕਰਨ ਲਈ ਸਰਗਰਮ ਹੋਈਆਂ ਪਈਆਂ ਹਨ ਜਿਨ੍ਹਾਂ ਨੂੰ ਤੁਰੰਤ ਰੋਕਣ ਦੀ ਲੋੜ ਹੈ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਭਾਰਤ ਵਿਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਆਪੋ-ਆਪਣਾ ਸੱਭਿਆਚਾਰ, ਬੋਲੀ ਹੈ ਪਰ ਸਾਰੇ ਲੋਕ ਆਪਸੀ ਏਕਤਾ ਦੇ ਬਲਬੂਤੇ ਭਾਰਤ ਵਿਚ ਵਸਦੇ ਹਨ ਪਰ ਇਸ ਏਕਤਾ ਨੂੰ ਫਿਰਕੂ ਤਾਕਤਾਂ ਤੋਂ ਖ਼ਤਰਾ ਹੈ ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈ।
ਮਤੇ ਅਨੁਸਾਰ ਦੇਸ਼ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਿਰਕੂ ਤਾਕਤਾਂ ਮੁੜ ਆਪਣੀਆਂ ਚਾਲਾਂ ਚੱਲ ਰਹੀਆਂ ਹਨ ਤੇ ਮੁਜ਼ੱਫਰਨਗਰ ਵਿਚ ਹੋਏ ਦੰਗੇ ਇਸ ਦੀ ਤਾਜ਼ਾ ਮਿਸਾਲ ਹਨ। ਕਨਵੈਨਸ਼ਨ ਵਿਚ ਧਰਮ-ਨਿਰਪੱਖ ਤੇ ਲੋਕਤੰਤਰ-ਪੱਖੀ ਤਾਕਤਾਂ ਨੂੰ ਮਿਲ ਕੇ ਫਿਰਕੂ ਤਾਕਤਾਂ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਗਿਆ। ਕਨਵੈਨਸ਼ਨ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲ ਇਸ਼ਾਰਾ ਕਰਦਿਆਂ ਸ੍ਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਕੁਝ ਸੰਗਠਨ ਅਜਿਹੇ ਮੌਕੇ ਦਾ ਫਾਇਦਾ ਉਠਾ ਕੇ ਕੁਝ ਫਿਰਕਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ, ਇਨ੍ਹਾਂ ਗੱਲਾਂ ਨੂੰ ਰੋਕਣ ਦੀ ਲੋੜ ਹੈ। ਇਸ ਮੌਕੇ ਮੁਲਾਇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 1980 ਤੋਂ ਫਿਰਕੂ ਤਾਕਤਾਂ ਖਿਲਾਫ਼ ਲੜ ਰਹੀ ਹੈ।
Leave a Reply