ਮੁੱਦੇ ਹੋਣ ਦੇ ਬਾਵਜੂਦ ਅਕਾਲੀ ਭਾਰੂ ਪਏ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਪਸੀ ਪਾਟੋਧਾੜ ਅਤੇ ਤਾਲਮੇਲ ਦੀ ਘਾਟ ਕਾਰਨ ਇਸ ਵਾਰ ਵੀ ਪੰਜਾਬ ਕਾਂਗਰਸ ਮੁੱਦੇ ਹੋਣ ਦੇ ਬਾਵਜੂਦ ਅਕਾਲੀਆਂ ਨੂੰ ਵਿਧਾਨ ਸਭਾ ਵਿਚ ਘੇਰ ਨਹੀਂ ਸਕੀ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਵਿਚਾਲੇ ਕੋਈ ਠੋਸ ਤਾਲਮੇਲ ਦਿਖਾਈ ਨਾ ਦਿੱਤਾ ਜਿਸ ਕਰ ਕੇ ਅਕਾਲੀ ਵਿਧਾਇਕ ਉਨ੍ਹਾਂ ‘ਤੇ ਭਾਰੂ ਪੈ ਗਏ। ਇਜਲਾਸ ਵਿਚ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੀ ਉਭਰ ਕੇ ਸਾਹਮਣੇ ਆਈ ਜਿਸ ਦਾ ਸੱਤਾ ਧਿਰ ਨੇ ਰੱਜ ਕੇ ਲਾਹਾ ਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਾਂਗਰਸੀ ਆਪਣੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਲੱਗੇ ਸ਼ਾਮਲਾਟ ਜ਼ਮੀਨ ਦੱਬਣ ਦੇ ਦੋਸ਼ਾਂ ਤੋਂ ਅੰਦਰੋ-ਅੰਦਰੀ ਖੁਸ਼ ਹਨ। ਐਤਕੀਂ ਤਾਂ ਹਾਲਾਤ ਇਹ ਬਣ ਗਏ ਕਿ ਵਿਰੋਧੀ ਧਿਰ ਕਾਂਗਰਸ ਆਪਣੇ-ਆਪ ਦਾ ਬਚਾਅ ਕਰਦੀ ਨਜ਼ਰ ਆਈ। ਵਿਧਾਨ ਸਭਾ ਵਿਚ ਆਰਥਿਕ ਸੰਕਟ, ਝੋਨੇ ਦੇ ਮਾੜੇ ਖਰੀਦ ਪ੍ਰਬੰਧ, ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ, ਪ੍ਰਾਪਰਟੀ ਟੈਕਸ ਤੇ ਅਮਨ-ਕਾਨੂੰਨ ਦੀ ਮਾੜੀ ਹਾਲਤ ਦੇ ਮੁੱਦਿਆਂ ‘ਤੇ ਸੱਤਾ ਧਿਰ ਨੂੰ ਬੁਰੀ ਤਰ੍ਹਾਂ ਘੇਰਿਆ ਜਾ ਸਕਦਾ ਸੀ ਪਰ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਉਠਾ ਸਕੀ। ਮੀਡੀਆ ਵਿਚ ਇਸ ਗੱਲ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਵੀ ਹੋਈ ਹੈ।
ਦਿਲਚਸਪ ਗੱਲ ਇਹ ਰਹੀ ਕਿ ਵਿਧਾਨ ਸਭਾ ਵਿਚ ਸੱਤਾ ਧਿਰ ਦੇ ਆਗੂਆਂ ਨੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਉਤੇ ਜਦੋਂ ਦੋਸ਼ ਦੀ ਵਾਛੜ ਕਰ ਦਿੱਤੀ ਤਾਂ ਵਿਰੋਧੀ ਧਿਰ ਦੇ ਆਗੂ ਇਸ ‘ਤੇ ਪੂਰੀ ਤਰ੍ਹਾਂ ਖਾਮੋਸ਼ ਰਹੇ। ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ‘ਤੇ ਨਾਜਾਇਜ਼ ਢੰਗ ਨਾਲ ਸ਼ਾਮਲਾਟ ਜ਼ਮੀਨ ਖਰੀਦਣ ਦੇ ਦੋਸ਼ ਲਾਏ ਜਿਸ ਨਾਲ ਕਾਂਗਰਸੀ ਆਪਣੇ ਬਚਾਅ ਵਾਲੀ ਹਾਲਤ ਵਿਚ ਆ ਗਏ। ਇਨ੍ਹਾਂ ਦੋਸ਼ਾਂ ਵਿਚ ਘਿਰਨ ਮਗਰੋਂ ਕਾਂਗਰਸ ਸੱਤਾ ਧਿਰ ਨੂੰ ਘੇਰਨ ਦਾ ਹੌਸਲਾ ਨਾ ਵਿਖਾ ਸਕੀ। ਕਾਬਲੇਗ਼ੌਰ ਹੈ ਕਿ ਅਕਾਲੀ-ਭਾਜਪਾ ਸਰਕਾਰ ਲਈ ਵਿਧਾਨ ਸਭਾ ਵਿਚ ਆਰਥਿਕ ਸੰਕਟ, ਝੋਨੇ ਦੇ ਮਾੜੇ ਖਰੀਦ ਪ੍ਰਬੰਧ, ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ, ਪ੍ਰਾਪਰਟੀ ਟੈਕਸ ਤੇ ਅਮਨ-ਕਾਨੂੰਨ ਦੀ ਮਾੜੀ ਹਾਲਤ ਦੇ ਵੱਡੇ ਸਿਰਦਰਦੀ ਬਣੇ ਹੋਏ ਹਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕ ਧਰਨੇ-ਮੁਜ਼ਾਹਰੇ ਕਰ ਰਹੇ ਹਨ ਸਰਕਾਰੀ ਵਿਚ ਭਾਈਵਾਲ ਭਾਜਪਾ ਵੀ ਅੰਦਰੋ-ਅੰਦਰੀ ਵਿਰੋਧੀ ਸੁਰ ਅਲਾਪ ਰਹੀ ਹੈ। ਇਸ ਵਾਰ ਆਸ ਸੀ ਕਿ ਕਾਂਗਰਸ ਇਨ੍ਹਾਂ ਮੁੱਦਿਆਂ ‘ਤੇ ਸੱਤਾ ਧਿਰ ਨੂੰ ਚੰਗੇ ਰਗੜੇ ਲਾਏਗੀ ਪਰ ਅਜਿਹਾ ਕੁਝ ਨਹੀਂ ਵਾਪਰਿਆ।
ਵਿਧਾਨ ਸਭਾ ਦੇ ਇਜਲਾਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕਾਂਗਰਸ ਅੰਦਰ ਸੱਤਾਧਾਰੀ ਗਠਜੋੜ ਵਿਰੁੱਧ ਲੜਾਈ ਦੀ ਥਾਂ ਆਪਸੀ ਧੜੇਬੰਦੀ ਭਾਰੂ ਹੈ ਤੇ ਪਾਰਟੀ ਅੰਦਰ ਕਿਸੇ ਧੜੇ ਜਾਂ ਆਗੂ ਦੀ ਸਰਦਾਰੀ ਦਾ ਮਾਮਲਾ ਅਜੇ ਤਿੱਖੇ ਵਾਦ-ਵਿਵਾਦ ਦਾ ਮੁੱਦਾ ਹੈ। ਇਸ ਦੇ ਨਾਲ ਹੀ ਪਾਰਟੀ ਨੂੰ ਹੇਠਲੇ ਪੱਧਰ ਤੱਕ ਸਰਗਰਮ ਕਰਨ ਵਿਚ ਰੁੱਝੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਸੱਤਾਧਾਰੀ ਪਾਰਟੀ ਦੇ ਹਮਲਿਆਂ ਖਾਸ ਕਰ ਜ਼ਮੀਨੀ ਘੁਟਾਲੇ ਦੇ ਉਠਾਏ ਮੁੱਦਿਆਂ ਨੂੰ ਖੁਦ ਕਾਂਗਰਸੀ ਆਗੂਆਂ ਨੇ ਹੀ ਆਪਸੀ ਲੜਾਈ ਦਾ ਅਹਿਮ ਹਥਿਆਰ ਬਣਾਉਣ ਦਾ ਰੁਖ਼ ਅਪਨਾ ਲਿਆ ਹੈ। ਇਸ ਮਾਮਲੇ ਕਾਰਨ ਬਾਜਵਾ ਦੀ ਪਾਰਟੀ ਅੰਦਰ ਆਪਣੀ ਲੀਡਰਸ਼ਿਪ ਸਥਾਪਤ ਕਰਨ ਤੇ ਪਾਰਟੀ ਨੂੰ ਇਕਮੁੱਠ ਕਰਨ ਦੇ ਯਤਨਾਂ ਨੂੰ ਸਖ਼ਤ ਝਟਕਾ ਲੱਗਾ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ।
ਸ਼ ਬਾਜਵਾ ਵੱਲੋਂ ਪਿਛਲੇ 5-6 ਮਹੀਨਿਆਂ ਦੌਰਾਨ ਕੀਤੀ ਸਰਗਰਮੀ ਨਾਲ ਪਾਰਟੀ ਅੰਦਰ ਇਕ ਵਾਰ ਜੋ ਉਭਾਰ ਆਇਆ ਦਿਖਾਈ ਦੇਣ ਲੱਗਿਆ ਸੀ, ਪਿਛਲੇ ਹਫ਼ਤੇ ਦੀਆਂ ਘਟਨਾਵਾਂ ਨੇ ਉਸ ਉਪਰ ਇਕ ਵਾਰ ਤਾਂ ਪਾਣੀ ਹੀ ਫੇਰ ਦਿੱਤਾ ਹੈ। ਪਾਰਟੀ ਦਾ ਕੋਈ ਵੀ ਸਿਰਕੱਢ ਆਗੂ ਸ਼ ਬਾਜਵਾ ਦੀ ਹਮਾਇਤ ਵਿਚ ਅਜੇ ਤੱਕ ਨੰਗੇ ਧੜ ਕੁੱਦਣ ਲਈ ਤਿਆਰ ਨਹੀਂ। ਵੱਖ-ਵੱਖ ਧੜਿਆਂ ਦੇ ਆਗੂਆਂ ਨਾਲ ਹੋਈ ਗੱਲਬਾਤ ਵਿਚ ਇਸ ਗੱਲ ਉਪਰ ਸਾਰੇ ਹੀ ਸਹਿਮਤ ਹਨ ਕਿ ਕਾਂਗਰਸ ਇਕ ਵਾਰ ਫਿਰ ਖਿੰਡਾ ਤੇ ਆਪਸੀ ਪਾਟੋਧਾੜ ਵਾਲੀ ਹਾਲਤ ਵਿਚ ਜਾ ਫਸੀ ਹੈ। ਲੋਕ ਸਭਾ ਚੋਣਾਂ ਨੂੰ ਨੇੜੇ ਆਇਆ ਦੇਖ ਕੇ ਲੀਡਰਸ਼ਿਪ ਦੀ ਕਸ਼ਮਕਸ਼ ਵਧਣ ਦੇ ਆਸਾਰ ਤੋਂ ਆਪ ਕਾਂਗਰਸ ਆਗੂ ਤੇ ਵਰਕਰ ਹਤਾਸ਼ ਨਜ਼ਰ ਆ ਰਹੇ ਹਨ।
ਉਧਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ। ਪ੍ਰਦੇਸ਼ ਪ੍ਰਧਾਨ ਤੇ ਹੋਰ ਆਗੂ ਦੋ ਮਹੀਨੇ ਤੋਂ ਜਲਦੀ ਨਵੀਆਂ ਨਿਯੁਕਤੀਆਂ ਦੇ ਦਾਅਵੇ ਕਰਦੇ ਆ ਰਹੇ ਹਨ ਪਰ ਹੁਣ ਜਦ ਇਸ ਸੂਚੀ ਦੇ ਜਾਰੀ ਹੋਣ ਦੇ ਦਾਅਵੇ ਤੇਜ਼ ਹੋ ਰਹੇ ਸਨ ਤਾਂ ਤਾਜ਼ਾ ਵਿਵਾਦ ਕਾਰਨ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਮਾਮਲਾ ਹੋਰ ਲਟਕਣ ਦੇ ਆਸਾਰ ਬਣ ਗਏ ਹਨ।
ਸ਼ਾਮਲਾਟਾਂ ਦੱਬਣ ਦੇ ਦੋਸ਼ ਵੱਡੀ ਸਾਜ਼ਿਸ਼: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨਾਲ ਸਬੰਧਤ 23 ਵਿਧਾਇਕਾਂ ਨੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਦੋਸ਼ ਲਾਇਆ ਕਿ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਵਿਚ ਸਾਜ਼ਿਸ਼ ਤਹਿਤ ਕਾਂਗਰਸ ਪ੍ਰਧਾਨ ‘ਤੇ ਨਾਜਾਇਜ਼ ਢੰਗ ਨਾਲ ਸ਼ਾਮਲਾਟ ਜ਼ਮੀਨ ਖਰੀਦਣ ਦੇ ਦੋਸ਼ ਲਾਏ ਹਨ। ਸ਼ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਘਰ ਨਾਸ਼ਤੇ ‘ਤੇ ਸੱਦਿਆ ਸੀ। ਨਾਸ਼ਤੇ ‘ਤੇ ਤਾਂ ਕੁਝ ਹੀ ਵਿਧਾਇਕ ਗਏ ਪਰ ਬਾਅਦ ਵਿਚ ਪੱਤਰਕਾਰਾਂ ਦੇ ਰੂ-ਬ-ਰੂ ਹੋਣ ਸਮੇਂ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਸਮੇਤ 23 ਵਿਧਾਇਕ ਪੁੱਜੇ। ਦਰਅਸਲ ਵਿਧਾਨ ਸਭਾ ਵਿਚ ਜਦੋਂ ਸ਼ ਬਾਜਵਾ ਵਿਰੁਧ ਹੁਕਮਰਾਨ ਧਿਰ ਨੇ ਦੋਸ਼ ਲਾਏ ਸਨ ਤਾਂ ਅਜਿਹਾ ਪ੍ਰਭਾਵ ਗਿਆ ਸੀ ਕਿ ਬਹੁਤੇ ਕਾਂਗਰਸੀ ਵਿਧਾਇਕ ਮੂਕ ਦਰਸ਼ਕ ਬਣੇ ਰਹੇ ਸਨ।
Leave a Reply