ਬਿਹਾਰ `ਚ ਵੋਟ ਚੋਰੀ ਦੀ ਸਾਜ਼ਿਸ਼ ਨੂੰ ਨਹੀਂ ਹੋਣ ਦਿਆਂਗੇ ਸਫ਼ਲ: ਰਾਹੁਲ ਗਾਂਧੀ

ਸਾਸਾਰਾਮ (ਬਿਹਾਰ):ਬਿਹਾਰ ਵਿਧਾਨ ਸਭਾ ਚੋਣਾਂ ‘ਚ ਸਿਰਫ਼ ਤਿੰਨ ਮਹੀਨੇ ਰਹਿਣ ਦੇ ਮੱਦੇਨਜ਼ਰ ਤੇ ਵਿਰੋਧੀ ਧਿਰਾਂ ਵਲੋਂ ਚੋਣ ਕਮਿਸ਼ਨ ਤੇ ਭਾਜਪਾ ‘ਤੇ ਚੋਣਾਂ ‘ਚੋਰੀ’ ਦੇ ਲਾਏ ਦੋਸ਼ਾਂ ਦਰਮਿਆਨ ‘ਇੰਡੀਆ’ ਗੱਠਜੋੜ ਵਲੋਂ ਵੋਟਰਾਂ ਦੇ ਅਧਿਕਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ‘ਵੋਟਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ।

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਗਰਸੀ ਆਗੂ ਰਾਹੁਲ ਗਾਂਧੀ ਨੇ ਆਰ. ਜੇ. ਡੀ.ਦੇ ਤੇਜਸਵੀ ਯਾਦਵ ਅਤੇ ਹੋਰ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਦੇ ਨਾਲ ਸਾਸਾਰਾਮ ਦੀ ਬਿਆਡਾ ਗਰਾਊਂਡ ਤੋਂ 1300 ਕਿਲੋਮੀਟਰ ਲੰਬੀ ਯਾਤਰਾ ਸ਼ੁਰੂ ਕੀਤੀ, ਜੋ 16 ਦਿਨਾਂ ਬਾਅਦ 1 ਸਤੰਬਰ ਨੂੰ ਪਟਨਾ ‘ਚ ਇਕ ਰੈਲੀ ਨਾਲ ਸਮਾਪਤ ਹੋਵੇਗੀ।
‘ਐਕਸ’ ‘ਤੇ ਪੋਸਟ ‘ਚ ਰਾਹੁਲ ਗਾਂਧੀ ਨੇ ਕਿਹਾ ਕਿ 16 ਦਿਨ, 20 ਤੋਂ ਜ਼ਿਆਦਾ ਜ਼ਿਲ੍ਹੇ, 1300 ਕਿਲੋਮੀਟਰ ਲੰਬੀ “ਵੋਟਰ ਅਧਿਕਾਰ ਯਾਤਰਾ“ ਨਾਲ ਅਸੀਂ ਲੋਕਾਂ ‘ਚ ਆ ਰਹੇ ਹਾਂ। ਇਹ ਸਭ ਤੋਂ ਬੁਨਿਆਦੀ ਲੋਕਤੰਤਰੀ ਅਧਿਕਾਰ ‘ਇਕ ਵਿਅਕਤੀ, ਇਕ ਵੋਟ’ ਦੀ ਰੱਖਿਆ ਲਈ ਲੜਾਈ ਹੈ। ਸ਼ੁਰੂਆਤੀ ਸਮਾਗਮ ‘ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਹੁਣ ਜਾਣਦਾ ਹੈ ਕਿ ਚੋਣ ਕਮਿਸ਼ਨ ਭਾਜਪਾ ਨਾਲ ਮਿਲੀਭੁਗਤ ਕਰਕੇ ਚੋਣਾਂ ‘ਚੋਰੀ’ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਇੰਡੀਆ’ ਗੱਠਜੋੜ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਤੀਬਰ ਸੋਧ’ (ਐਸ.ਆਈ.ਆਰ.) ਰਾਹੀਂ ਵੋਟਰ ਜੋੜ ਕੇ ਅਤੇ ਹਟਾ ਕੇ ਬਿਹਾਰ ਵਿਧਾਨ ਸਭਾ ਚੋਣਾਂ ‘ਚੋਰੀ’ ਕਰਨ ਦੀ ‘ਸਾਜਿਸ਼’ ਨੂੰ ਸਫਲ ਨਹੀਂ ਹੋਣ ਦੇਵੇਗਾ। ਰਾਹੁਲ ਨੇ ਕਿਹਾ ਕਿ ‘ਵੋਟ ਚੋਰੀ’ ਦਾ ਪਰਦਾਫਾਸ਼ ਕਰਨ ਵਾਲੀ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਹਲਫ਼ਨਾਮਾ ਦੇਣ ਲਈ ਕਿਹਾ ਗਿਆ ਸੀ ਪਰ ਪ੍ਰੈਸ ਕਾਨਫਰੰਸ ‘ਚ ਦਾਅਵਾ ਕਰਨ ਵਾਲੇ ਭਾਜਪਾ ਨੇਤਾਵਾਂ ਵਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ। ਉਨ੍ਹਾਂ ਦੋਸ਼’ ਲਗਾਇਆ ਕਿ ਪੂਰੇ ਦੇਸ਼ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਚੋਰੀ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ (ਭਾਜਪਾ) ਦੀ ਆਖਰੀ ਸਾਜਿਸ਼ ਬਿਹਾਰ ‘ਚ ਚੋਣਾਂ ਚੋਰੀ ਕਰਨ ਲਈ ਐਸ.ਆਈ.ਆਰ. ਰਾਹੀਂ ਵੋਟਰਾਂ ਦੇ ਨਾਂਅ ਹਟਾਉਣ ਅਤੇ ਜੋੜਨ ਦੀ ਹੈ।
ਰਾਹੁਲ ਨੇ ਕਿਹਾ ਕਿ ਬਿਹਾਰ ਦੇ ਲੋਕ ਉਨ੍ਹਾਂ ਨੂੰ ਚੋਣਾਂ ਚੋਰੀ ਨਹੀਂ ਕਰਨ ਦੇਣਗੇ। ਗਰੀਬਾਂ ਕੋਲ ਸਿਰਫ ਵੋਟ ਦੀ ਤਾਕਤ ਹੈ ਅਤੇ ਉਹ ਉਨ੍ਹਾਂ ਨੂੰ ਚੋਣਾਂ ਚੋਰੀ ਨਹੀਂ ਕਰਨ ਦੇਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਸਮਾਗਮ ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ, ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਭੇਜਸਵੀ ਯਾਦਵ ਆਦਿ ਨੇ ਸ਼ਿਰਕਤ ਕੀਤੀ।