‘ਵੋਟ ਚੋਰੀ’ ਵਰਗੇ ਸ਼ਬਦਾਂ ਦੀ ਵਰਤੋਂ ਸੰਵਿਧਾਨ ਦਾ ਅਪਮਾਨ: ਚੋਣ ਕਮਿਸ਼ਨ
ਨਵੀਂ ਦਿੱਲੀ:“ਵੋਟ ਚੋਰੀ” ਜਿਹੇ ਗ਼ਲਤ ਸ਼ਬਦਾਂ ਦੀ ਵਰਤੋਂ ਸੰਵਿਧਾਨ ਦਾ ਅਪਮਾਨ ਹੈ। ਚੋਣ ਕਮਿਸ਼ਨ ਲਈ ਸਾਰੀਆਂ ਸਿਆਸੀ ਪਾਰਟੀਆਂ ਇਕ ਬਰਾਬਰ ਹਨ, ਉਸ ਲਈ ਕੋਈ ਵੀ ਸੱਤਾ ਜਾਂ ਵਿਰੋਧੀ ਧਿਰ ਨਹੀਂ ਹੈ।

ਚੋਣ ਕਮਿਸ਼ਨ ਨੇ ਐਤਵਾਰ ਨੂੰ ਦਿੱਲੀ ਵਿਖੇ ਇਕ ਤਫਸੀਲੀ ਪ੍ਰੈੱਸ ਕਾਨਫ਼ਰੰਸ ਕਰ ਕੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਲਗਾਏ ਦੋਸ਼ਾਂ ਨੂੰ ਨਾ ਸਿਰਫ਼ ਸਿਰੇ ਤੋਂ ਖਾਰਜ ਕੀਤਾ, ਸਗੋਂ ਮੁੜ ਦੁਹਰਾਉਂਦਿਆਂ ਬਿਨਾਂ ਰਾਹੁਲ ਗਾਂਧੀ ਦਾ ਨਾਂਅ ਲਏ ਇਹ ਵੀ ਕਿਹਾ ਕਿ ਜਾਂ ਤਾਂ ਹਲਫ਼ਨਾਮਾ ਦੇਣਾ ਹੋਏਗਾ ਜਾਂ ਦੇਸ਼ ਤੋਂ ਮੁਆਫ਼ੀ ਮੰਗਣੀ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰਾਂ, ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਕੁਮਾਰ ਨਾਲ ਕੀਤੀ ਤਕਰੀਬਨ 1 ਘੰਟੇ 40 ਮਿੰਟ ਦੀ ਪ੍ਰੈੱਸ ਕਾਨਫ਼ਰੰਸ ‘ਚ ਅਸਿੱਧੇ ਢੰਗ ਨਾਲ ਰਾਹੁਲ ਗਾਂਧੀ ਵਲੋਂ ‘ਵੋਟ ਚੋਰੀ’ ਦੇ ਦਾਅਵੇ ਵਾਲੀ ਕਾਨਫਰੰਸ ‘ਚ ਦਿਖਾਏ ਅੰਕੜੇ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਪ੍ਰੈਜ਼ੈਂਟੇਸ਼ਨ’ ‘ਚ ਦਿਖਾਇਆ ਗਿਆ ਡੇਟਾ ਸਾਡਾ (ਕਮਿਸ਼ਨ ਦਾ) ਨਹੀਂ ਹੈ। ‘ਵੋਟ ਚੋਰੀ’ ਦੇ ਦੋਸ਼ਾਂ ‘ਤੇ ਹਲਫ਼ਨਾਮਾ ਦੇਣ ਜਾਂ ਦੇਸ਼ ਤੋਂ ਮੁਆਫ਼ੀ ਮੰਗਣ।
ਮੁੱਖ ਚੋਣ ਕਮਿਸ਼ਨਰ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਸੱਤ ਦਿਨਾਂ ‘ਚ ਹਲਫ਼ਨਾਮਾ ਨਹੀਂ ਮਿਲਿਆ ਤਾਂ ਦੋਸ਼ਾਂ ਨੂੰ ਬੇਬੁਨਿਆਦ ਸਮਝਿਆ ਜਾਏਗਾ। ਰਾਹੁਲ ਗਾਂਧੀ ਵਲੋਂ 7 ਅਗਸਤ ਨੂੰ ਕੀਤੀ ਉਸ ਪ੍ਰੈੱਸ ਕਾਨਫ਼ਰੰਸ, ਜਿਸ ‘ਚ ਕਰਨਾਟਕ ਦੇ 8 ਮਹਾਦੇਵਪੁਰਾ ਵਿਧਾਨ ਸਭਾ ਹਲਕੇ ‘ਚੋਂ ਇਕ ਲੱਖ ਤੋਂ ਵੱਧ ਫਰਜ਼ੀ ਵੋਟ ਹੋਣ ਦਾ ਦਾਅਵਾ ਕੀਤਾ ਸੀ, ਤੋਂ ਬਾਅਦ ਇਹ ਚੋਣ ਕਮਿਸ਼ਨ ਵਲੋਂ ਕੀਤੀ ਪਹਿਲੀ ਪ੍ਰੈੱਸ ਕਾਨਫਰੰਸ ਹੈ, ਜਿਸ ‘ਚ ਕਮਿਸ਼ਨ ਨੇ ਪਹਿਲੇ ਅੱਧੇ ਘੰਟੇ ‘ਚ ਆਪਣੀ ਗੱਲ ਰੱਖੀ ਅਤੇ ਉਸ ਤੋਂ ਬਾਅਦ 1 ਘੰਟਾ 10 ਮਿੰਟ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਦਿਲਚਸਪ ਗੱਲ ਇਹ ਵੀ ਹੈ ਕਿ ਕਮਿਸ਼ਨ ਵਲੋਂ ਇਹ ਪ੍ਰੈੱਸ ਕਾਨਫਰੰਸ ਉਸ ਦਿਨ ਕੀਤੀ ਗਈ, ਜਿਸ ਦਿਨ ਰਾਹੁਲ ਗਾਂਧੀ ਨੇ ਬਿਹਾਰ ‘ਚ ਵਿਸ਼ੇਸ਼ ਰੈਲੀ ਕੀਤੀ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਾਨਫਰੰਸ ਦੀ ਸ਼ੁਰੂਆਤ ਵੋਟਰਾਂ ਦੇ ਨਾਂਅ ਦਿੱਤੇ ਇਕ ਸੰਦੇਸ਼ ਰਾਹੀਂ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਿਕ ਭਾਰਤ ਦੇ ਹਰ (18 ਸਾਲ ਤੋਂ ਵੱਧ ਉਮਰ ਦੇ) ਨਾਗਰਿਕ ਨੂੰ ਵੋਟਰ ਬਣਨਾ ਚਾਹੀਦਾ ਹੈ ਅਤੇ ਵੋਟ ਵੀ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਮਿਸ਼ਨ ਦੇ ਸਾਰੀਆਂ ਪਾਰਟੀਆਂ ਪ੍ਰਤੀ ਇਕੋ ਜਿਹੇ ਭਾਵ ਰੱਖਣ ਦਾ ਦਾਅਵਾ ਕਰਦਿਆਂ ‘ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ’ ਜਨਮ ਚੋਣ ਕਮਿਸ਼ਨ ‘ਚ ਰਜਿਸਟ੍ਰੇਸ਼ਨ ਦੇ ਨਾਲ ਹੀ ਹੁੰਦਾ ਹੈ। ਅਜਿਹੇ ‘ਚ ਚੋਣ ਕਮਿਸ਼ਨ ਕਿਸੇ ਪਾਰਟੀ ਪ੍ਰਤੀ ਗਲਤ ਭਾਵਨਾ ਕਿਵੇਂ ਰੱਖ ਸਕਦਾ ਹੈ। ਕਮਿਸ਼ਨ ਦਾ ਇਹ ਬਿਆਨ ਰਾਹੁਲ ਗਾਂਧੀ ਵਲੋਂ ਲਗਾਏ ਉਨ੍ਹਾਂ ਦੋਸ਼ਾਂ ਦੇ ਜਵਾਬ ‘ਚ ਸੀ, ਜਿਸ ‘ਚ ਉਨ੍ਹਾਂ ਨੇ ਕਮਿਸ਼ਨ ਨੂੰ ਭਾਜਪਾ ਦੇ ਪੱਖ ‘ਚ ਕੰਮ ਕਰਨ ਨੂੰ ਕਿਹਾ ਸੀ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਕਿਹੜੀ ਸਿਆਸੀ ਪਾਰਟੀ ਨਾਲ ਤਾਅਲੁੱਕ ਰੱਖਦਾ ਹੈ। ਚੋਣ ਕਮਿਸ਼ਨ ਅੱਗੇ ਸੱਤਾ ਅਤੇ ਵਿਰੋਧੀ ਧਿਰ ਇਕ ਬਰਾਬਰ ਹੈ।
ਉਨ੍ਹਾਂ ਅੱਗੇ ਸਖ਼ਤ ਲਹਿਜ਼ੇ ‘ਚ ਇਹ ਵੀ ਕਿਹਾ ਦੋਹਰੀ ਵੋਟਿੰਗ ਅਤੇ ‘ਵੋਟ ਚੋਰੀ’ ਦੇ ਬੇਬੁਨਿਆਦ ਦੋਸ਼ਾਂ ਨਾਲ ਨਾ ਤਾਂ ਚੋਣ ਕਮਿਸ਼ਨ ਅਤੇ ਨਾ ਹੀ ਵੋਟਰਾਂ ਨੂੰ ਕੋਈ ਡਰ ਹੈ। ਨਾਲ ਹੀ ਸਵਾਲੀਆ ਅੰਦਾਜ਼ ‘ਚ ਕਿਹਾ ਕਿ ਚੋਣ ਅਮਲ ‘ਚ ਇਕ ਕਰੋੜ ਤੋਂ ਵੱਧ ਮੁਲਾਜ਼ਮ ਲੱਗੇ ਹਨ, ਕੀ ਇੰਨੇ ਪਾਰਦਰਸ਼ੀ ਅਮਲ ‘ਚ ‘ਵੋਟ ਚੋਰੀ’ ਹੋ ਸਕਦੀ ਹੈ?