ਟਰੰਪ ਦੇ ਟੈਰਿਫ਼ ਨੂੰ ਬੇਅਸਰ ਕਰਨ ਲਈ ਭਾਰਤ ਚੁੱਕੇਗਾ ਸਖ਼ਤ ਕਦਮ

ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ 50 ਫ਼ੀਸਦੀ ਟੈਰਿਫ ਨੂੰ ਬੇਅਸਰ ਕਰਨ ਲਈ ਭਾਰਤ ਸਰਕਾਰ ਮਿਸ਼ਨ ਮੋਡ ‘ਚ ਆ ਚੁੱਕੀ ਹੈ। ਇਸ ਸਿਲਸਿਲੇ ‘ਚ ਆਉਣ ਵਾਲੇ ਦਿਨਾਂ ‘ਚ ਕੁਝ ਵੱਡੇ ਆਰਥਿਕ ਫ਼ੈਸਲੇ ਲਏ ਜਾਣਗੇ। ਜੀਐੱਸਟੀ ‘ਚ ਸੁਧਾਰ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਕਰ ਚੁੱਕੇ ਹਨ।

ਹੁਣ ਸਰਕਾਰ ਦੇ ਮੰਤਰਾਲਿਆਂ ਨੇ ਅਗਲੇ 100 ਦਿਨਾਂ ‘ਚ ਲਏ ਜਾਣ ਵਾਲੇ ਸੰਭਾਵਿਤ ਵੱਡੇ ਆਰਥਿਕ ਫ਼ੈਸਲਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ‘ਚ ਚੀਨ ਨਾਲ ਵਪਾਰਕ ਰਿਸ਼ਤਿਆਂ ਨੂੰ ਨਰਮ ਕਰਨਾ, ਈ-ਕਾਮਰਸ ਐਕਸਪੋਰਟ ਹੱਬ ਦੀ ਸ਼ੁਰੂਆਤ, ਚਮੜਾ ਇੰਡਸਟਰੀ ਲਈ ਵਾਤਾਵਰਣ ਨਿਯਮ ‘ਚ ਛੋਟ, ਸਟਾਰਟਅੱਪ ਨੂੰ ਟੈਸਸ ‘ਚ ਹੋਰ ਛੋਟ, ਤੰਬਾਕੂ ਤੇ ਫਾਰਮਾ ਵਪਾਰੀਆਂ ਦੀ ਰਜਿਸਟ੍ਰੇਸ਼ਨ ਨਵੀਨੀਕਰਨ ਦੀ ਮਿਆਦ ਵਧਾਉਣਾ ਤੇ ਇੰਡਸਟਰੀਅਲ ਮਨਜ਼ੂਰੀ ਦੇ ਪੋਰਟਲ ਨੂੰ ਹੋਰ ਅਪਡੇਟ ਕਰਨਾ ਸ਼ਾਮਲ ਹੈ। ਵਿੱਤ ਮੰਤਰਾਲੇ ਨੇ ਅਗਲੇ 100 ਦਿਨਾਂ ‘ਚ ਜੀ. ਐੱਸ.ਟੀ. ਦਾ ਨਵਾਂ ਵਰਜ਼ਨ ਲਾਗੂ ਕਰਨਾ ਹੈ, ਜਿਸ ‘ਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੀ ਇਸ ਦਿਸ਼ਾ ‘ਚ ਨੀਤੀ ਆਯੋਗ, ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਤੇ ਕੈਬਨਿਟ ਦੇ ਆਰਥਿਕ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕਰ ਰਿਹਾ ਹੈ।ਸੂਤਰਾਂ ਮੁਤਾਬਕ, ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਚੀਨ ਦੀ ਤਜਵੀਜ਼ ‘ਤੇ ਕੇਸ ਟੂ ਕੇਸ ਆਧਾਰ ‘ਤੇ ਵਿਚਾਰ ਕਰ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਚੀਨ ਦੇ ਨਿਵੇਸ਼ ਪ੍ਰਸਤਾਵ ਦੀ ਮਨਜ਼ੂਰੀ ਲਈ ਕਾਫ਼ੀ ਔਖੇ ਨਿਯਮ ਲਾਗੂ ਹਨ।
ਸੋਮਵਾਰ ਨੂੰ ਚੀਨ ਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਨਵੀਂ ਦਿੱਲੀ’ਚ ਮੁਲਾਕਾਤ ਹੋਰ ਹੀ ਹੈ। ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਵੀ ਛੇਤੀ ਹੀ ਚੀਨ ਦਾ ਦੌਰਾ ਕਰਨ ਵਾਲੇ ਹਨ। ਇਸ ਬਦਲਦੇ ਮਾਹੌਲ ‘ਚ ਚੀਨ ਦੇ ਨਾਲ ਭਾਰਤ ਦੀ ਵਪਾਰਕ ਭਾਈਵਾਲੀ ਵੱਧ ਸਕਦੀ ਹੈ। ਇਸ ਪੜਾਅ ‘ਚ ਹੀ ਖਪਤਕਾਰ ਵਸਤੂ, ਨਵੀਨੀਕਰਨੀ ਊਰਜਾ ਜਿਵੇਂ ਸਾਧਾਰਨ ਸੈਕਟਰ ‘ਚ ਚੀਨ ਦੀਆਂ ਕੰਪਨੀਆਂ ਦੇ ਨਿਵੇਸ਼ ਪ੍ਰਸਤਾਵ ‘ਤੇ ਸਰਕਾਰ ਵਿਚਾਰ ਕਰ ਸਕਦੀ ਹੈ। ਪਰ, ਰਣਨੀਤਕ ਸੈਕਟਰ ‘ਚ ਚੀਨ ਦੀਆਂ ਕੰਪਨੀਆਂ ਲਈ ਨਿਵੇਸ਼ ਦਾ ਦਰਵਾਜ਼ਾ ਨਹੀਂ ਖੁੱਲ੍ਹੇਗਾ। ਚੀਨ ਦੇ ਨਿਵੇਸ਼ ਪ੍ਰਸਤਾਵ ਨਾਲ ਜੁੜੇ ਨਿਯਮਾਂ ‘ਚ ਢਿੱਲ ਦੇ ਕੇ ਭਾਰਤ ਚੀਨ ਦੇ ਬਾਜ਼ਾਰ ‘ਚ ਭਾਰਤੀ ਵਸਤਾਂ ਦਾ ਦਾਖ਼ਲਾ ਵਧਾਉਣ ਦੀ ਗੱਲ ਕਰ ਸਕਦਾ ਹੈ।
ਵਣਜ ਤੇ ਇੰਡਸਟਰੀ ਮੰਤਰੀ ਪੀਯੂਸ਼ ਗੋਇਲ ਨੇ ਅਗਲੇ 100 ਦਿਨਾਂ ‘ਚ ਕੀਤੇ ਜਾਣ ਵਾਲੇ ਵੱਡੇ ਆਰਥਿਕ ਬਦਲਾਵਾਂ ਨੂੰ ਲੈ ਕੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੋਮਵਾਰ ਨੂੰ ਅਹਿਮ ਬੈਠਕ ਕੀਤੀ। ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਦੇਸ਼ ਦੇ ਆਰਥਿਕ ਵਾਧੇ ਨੂੰ ਹੋਰ ਤੇਜ਼ ਕਰਨ ਲਈ ਅਗਲੇ 100 ਦਿਨਾਂ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਸਰਕਾਰ ਈਜ਼ ਆਫ ਡੂਇੰਗ ਬਿਜ਼ਨਸ ਤੇ ਈਜ਼ ਆਫ ਲਿਵਿੰਗ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕ ਰਿਹਾ ਹੈ। ਅਸੀਂ ਸਮੂਹਿਕ ਰੂਪ ਨਾਲ ਸੰਕਲਪ ਲਿਆ ਹੈ ਕਿ ਅਗਲੇ 100 ਦਿਨਾਂ ‘ਚ ਅਸੀਂ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਤੇ ਗਏ ਸੱਦੇ ਦੀ ਪਾਲਣਾ ਕਰਾਂਗੇ, ਜਿਸਦਾ ਮਕਸਦ ਤੇਜ਼ ਆਰਥਿਕ ਵਿਕਾਸ ਤੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣਾ ਹੈ।ਸ
ਪ੍ਰਧਾਨ ਮੰਤਰੀ ਨੇ ਸੁਧਾਰਾਂ ਬਾਰੇ ਉੱਚ ਪੱਧਰੀ ਬੈਠਕ ਕੀਤੀ
ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ‘ਚ ਕੇਂਦਰੀ ਮੰਤਰੀ, ਸਕੱਤਰ ਤੇ ਅਰਥ ਸ਼ਾਸਤਰੀ ਸ਼ਾਮਲ ਹੋਏ। ਇਸ ਬੈਠਕ ‘ਚ ਅਗਲੀ ਪੀੜ੍ਹੀ ਦੇ ਸੁਧਾਰਾਂ ਦੇ ਰੋਡਮੈਪ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ‘ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਨ ਗਡਕਰੀ, ਨਿਰਮਲਾ ਸੀਤਾਰਮਨ, ਸ਼ਿਵਰਾਜ ਸਿੰਘ ਚੌਹਾਨ, ਪੀਯੂਸ਼ ਗੋਇਲ ਤੇ ਲੱਲਣ ਸਿੰਘ ਸ਼ਾਮਲ ਹੋਏ। ਮੋਦੀ ਨੇ ਐਕਸ ‘ਤੇ ਪੋਸਟ ਕੀਤਾ, ਅਗਲੀ ਪੀੜ੍ਹੀ ਦੇ ਸੁਧਾਰਾਂ ਦੇ ਰੋਡਮੈਪ ‘ਤੇ ਚਰਚਾ ਲਈ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਅਸੀਂ ਸਾਰੇ ਖੇਤਰਾਂ ‘ਚ ਤੇਜ਼ੀ ਨਾਲ ਸੁਧਾਰ ਲਈ ਪ੍ਰਤੀਬੱਧ ਹਾਂ, ਜਿਸ ਨਾਲ ਈਜ਼ ਆਫ ਲਿਵਿੰਗ ਤੇ ਈਜ਼ ਆਫ ਡੂਇੰਗ ਬਿਜ਼ਨੇਸ ਨੂੰ ਬੜ੍ਹਾਵਾ ਮਿਲੇਗਾ ਤੇ ਖ਼ੁਸ਼ਹਾਲੀ ਆਵੇਗੀ। ਪੀਐੱਮ ਮੋਦੀ ਦੇ ਆਜ਼ਾਦੀ ਦਿਹਾੜੇ ਦੇ ਸੰਬੋਧਨ ‘ਚ ਪ੍ਰਮੁੱਖ ਐਲਾਨਾਂ ‘ਚ ਅਗਲੀ ਪੀੜ੍ਹੀ ਦੇ ਸੁਧਾਰਾਂ ਦਾ ਮੁੱਦਾ ਵੀ ਸ਼ਾਮਿਲ ਸੀ। ਪੀਐੱਮ ਨੇ 103 ਮਿੰਟ ਦੇ ਸੰਬੋਧਨ ਦਾ ਇਕ ਵੱਡਾ ਹਿੱਸਾ ਸੈਮੀਕਡੰਕਟਰ ਤੋਂ ਲੈ ਕੇ ਖਾਦ ਤੱਕ ਕਈ ਖੇਤਰਾਂ ‘ਚ ਭਾਰਤ ਨੂੰ ਆਤਮ ਨਿਰਭਰ ਬਣਾਉਣ ‘ਤੇ ਕੇਂਦਰਤ ਸੀ।