ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਤਬਦੀਲੀ ਕੁਦਰਤ ਦਾ ਵਿਧਾਨ। ਵਕਤ ਨਾਲ ਹਰ ਵਸਤ ਬਦਲਦੀ। ਵਤੀਰਾ ਅਤੇ ਵਿਅਕਤੀ ਬਦਲਦਾ। ਮਾਨਸਿਕਤਾ ਅਤੇ ਵਿਵਹਾਰ ਬਦਲਦਾ। ਸਾਡੇ ਚੌਗਿਰਦੇ, ਬਨਸਪਤੀ ਅਤੇ ਕਾਇਨਾਤ ਵਿਚ ਬਦਲਾਅ। ਇਸ ਬਦਲਾਅ ਦੀ ਜ਼ੱਦ ਵਿਚ ਆ ਜਾਂਦਾ ਹਰੇਕ ਪਸ਼ੂ-ਪੰਛੀ ਅਤੇ ਵਿਅਕਤੀ।
ਵਕਤ ਨਾਲ ਬਦਲਣ ਵਾਲੇ ਲੋਕ ਆਪਣੇ ਰਾਹਾਂ ਨੂੰ ਮਨਮਰਜੀ ਦੀ ਸੇਧ ਦਿੰਦੇ ਜਦ ਕਿ ਨਿੱਜੀ ਮੁਫ਼ਾਦ ਲਈ ਬਦਲਣ ਵਾਲੇ ਸਿਰਫ਼ ਨਿੱਜ ਤੀਕ ਸੀਮਤ ਹੋ, ਸੌੜੇ ਦਾਇਰਿਆਂ ਦੀ ਘੁੰਮਣ-ਘੇਰੀ ਵਿਚ ਹੀ ਆਪਣਾ ਜੀਵਨ ਬਿਤਾਅ ਜਾਂਦੇ।
ਦਰਅਸਲ ਬਦਲਣਾ ਤਾਂ ਬਹੁਤ ਜ਼ਰੂਰੀ ਪਰ ਬੰਦੇ ਨੂੰ ਇਹ ਤਾਂ ਪਤਾ ਹੋਵੇ ਕਿ ਉਸਨੇ ਕਿਉਂ, ਕਿਸ ਮਕਸਦ ਲਈ ਅਤੇ ਕਿਵੇਂ ਬਦਲਣਾ ਹੈ? ਇਸ ਬਦਲਾਅ ਦੇ ਉਸਦੇ ਵਿਅਕਤਿਤੱਵ, ਵਰਤੋਂ-ਵਿਵਹਾਰ ਅਤੇ ਨਿੱਜੀ ਜ਼ਿੰਦਗੀ ‘ਤੇ ਕੀ ਅਸਰ ਹੋਵੇਗਾ? ਅਗਰ ਅਸੀਂ ਬਦਲਣ ਤੋਂ ਪਹਿਲਾਂ ਭਵਿੱਖ-ਮੁੱਖੀ ਸੋਚ ਨੂੰ ਮਨ-ਮਸਤਕ ਵਿਚ ਧਰ ਕੇ ਬਦਲਾਂਗੇ ਤਾਂ ਸਾਡਾ ਬਦਲਣਾ ਸਮੁੱਚੇ ਸਮਾਜ ਲਈ ਬਹੁਤ ਸਾਰਥਕ ਤੇ ਲਾਹੇਵੰਦ ਹੋਵੇਗਾ।
ਕੁਝ ਲੋਕ ਬਦਲਦੇ ਨੇ ਲਾਲਚ ਲਈ, ਈਰਖ਼ਾ ਖਾਤਰ, ਧੋਖਾ ਦੇਣ ਜਾਂ ਕਿਸੇ ਲਾਲਸਾ ਦੀ ਪੂਰਤੀ ਕਾਰਨ। ਅਜੇਹਾ ਬਦਲਣਾ ਬਹੁਤ ਖ਼ਤਰਨਾਕ ਕਿਉਂਕਿ ਅਜੇਹੇ ਬਦਲਾਅ ਕਾਰਨ ਰਾਹਾਂ ਵਿਚ ਉਗੀਆਂ ਖਾਈਆਂ ਵਿਚ ਬੰਦਾ ਅਜੇਹਾ ਡਿੱਗਦਾ ਕਿ ਉਸਦਾ ਮੁੜ ਉਭਰਨਾ ਨਾ-ਮੁਮਕਿਨ। ਆਪਣੇ ਹੱਥੀਂ ਪੈਦਾ ਕੀਤੀ ਗਈ ਗਰਕਣੀ ਵਿਚੋਂ ਨਿਕਲਣਾ ਆਸਾਨ ਨਹੀਂ ਹੁੰਦਾ।
ਮੌਸਮ ਬਦਲਦੇ, ਬਿਰਖ਼ਾਂ ਦੇ ਪਿੰਡੇ ‘ਤੇ ਪੱਤਝੜ ਤੋਂ ਬਾਅਦ ਬਹਾਰ ਆਉਂਦੀ। ਸਰਦੀਆਂ ਵਿਚ ਸਾਹ ਵਰੋਲਦੇ ਦਰਿਆ ਬਰਸਾਤਾਂ ਵਿਚ ਉਛਲਣ ਲੱਗਦੇ। ਸਰਦੀਆਂ ਵਿਚ ਨਿੱਘ ਭਾਲਦੇ ਠਰੂੰ-ਠਰੂੰ ਕਰਦੇ ਜਿਸਮ, ਜੇਠ-ਹਾੜ ਦੀਆਂ ਤਪਦੀਆਂ ਦੁਪਹਿਰਾਂ ਵਿਚ ਬਿਰਖਾਂ ਦੀ ਠੰਢੜੀ ਛਾਂ ਲੱਭਦੇ। ਰੁੱਤਾਂ ਦੀ ਤਾਸੀਰ ਵਾਂਗ ਜਦ ਕੁਝ ਲੋਕ ਬਦਲਣ ਲੱਗਦੇ ਤਾਂ ਉਨ੍ਹਾਂ ਦੇ ਬਦਲਾਅ ਕਾਰਨ ਬਿਰਖ਼ਾਂ ਨੂੰ ਵੀ ਨਮੋਸ਼ੀ ਹੁੰਦੀ ਕਿਉਂਕਿ ਬਿਰਖ ਤਾਂ ਹਰ ਰੰਗ ਵਿਚ ਖੁਸ Lਅਤੇ ਮਨੁੱਖ ਨੂੰ ਬਹੁਤ ਸਾਰੀਆਂ ਸੁਗਾਤਾਂ ਨਾਲ ਲਬਰੇਜ਼ ਕਰਦਾ, ਜਦ ਕਿ ਮਨੁੱਖ ਦਾ ਬਦਲਣਾ ਸਿਰਫ਼ ਉਸਦੇ ਨਿੱਜ ਤੱਕ ਸੀਮਤ। ਆਪਣੇ ਹਿੱਤ ਦੀ ਪੂਰਤੀ ਤੋਂ ਬਾਅਦ ਉਹ ਆਪਣੇ ਸੰਬੰਧਾਂ, ਰਿਸ਼ਤਿਆਂ ਜਾਂ ਸੱਜਣਾਂ-ਮਿੱਤਰਾਂ ਨੂੰ ਨੈਪਕਿਨ ਵਾਂਗ ਡੱਸਟਬਿਨ ਵਿਚ ਹੀ ਸੁੱਟਦਾ।
ਗਿਆਨ ਦੀ ਉਚ-ਪ੍ਰਾਪਤੀ ਲਈ ਬੰਦਾ ਸਕੂਲ ਤੋਂ ਕਾਲਜ ਅਤੇ ਫਿਰ ਯੂਨੀਵਰਸਟੀ ਦੇ ਆਭਾ ਮੰਡਲ ਵਿਚ ਵਿਚਰਦਿਆਂ, ਖੁਦ ਨੂੰ ਨਵੀਂਆਂ ਸਥਿੱਤੀਆਂ, ਸਰੋਕਾਰਾਂ, ਸੰਵੇਦਨਾਵਾਂ, ਸੋਚਾਂ ਅਤੇ ਸੁਪਨਸ਼ੀਲਤਾ ਦੇ ਮਾਰਗੀਂ ਤੋਰਦਾ। ਇਸ ਬਦਲਾਅ ਵਿਚ ਉਸਦੇ ਸੁਪਨੇ, ਸਾਧਨ, ਸਫ਼ਲਤਾਵਾਂ ਅਤੇ ਸਿਮਰਤੀਆਂ ਵਿਚ ਵੀ ਵਾਧਾ ਹੁੰਦਾ। ਅਜੇਹਾ ਸਾਰਥਿਕ ਬਲਦਾਅ ਮਾਨਸਿਕਤਾ ਨੂੰ ਮਾਨਵਵਾਦੀ, ਤਰਕਸੰਗਤ ਹੋ ਕੇ ਤੱਥਾਂ ਰਾਹੀਂ ਪ੍ਰਗਟਾਉਂਦਾ।
ਖੇਤਾਂ ਵਿਚ ਕੰਮ ਕਰਦਿਆਂ ਜਾਂ ਪਸ਼ੂ ਚਾਰਦਿਆਂ ਉਡਦੇ ਜਹਾਜ ਨੂੰ ਦੇਖ ਕੇ ਉਚਾ ਉਡਾਣ ਭਰਨ ਦੇ ਸੁਪਨੇ ਦੀ ਪੂਰਤੀ ਹੀ ਹੁੰਦੀ ਕਿ ਅਸੀਂ ਆਪਣੀ ਸੁਪਨ-ਪ੍ਰਵਾਜ਼ ਲਈ ਪਿੰਡ ਤੋਂ ਸ਼ਹਿਰ, ਮਹਾਂਨਗਰ ਅਤੇ ਫਿਰ ਵਿਦੇਸ਼ਾਂ ਨੂੰ ਪ੍ਰਵਾਸ ਕਰਦੇ। ਇਹ ਪ੍ਰਵਾਸ ਜਦ ਕਿਸੇ ਬਿਹਤਰੀ ਲਈ ਬਦਲਾਅ ਦਾ ਰਾਹ ਖੋਲਦਾ ਹੋਵੇ ਤਾਂ ਇਸ ਨੂੰ ਅਪਣਾਉਂਦਾ ਬੰਦਾ ਜਰਾ ਵੀ ਨਹੀਂ ਹਿਚਕਚਾਉਂਦਾ। ਪ੍ਰਵਾਸੀਆਂ ਵਲੋਂ ਵਿਦੇਸ਼ਾਂ ਵਿਚ ਮਾਰੀਆਂ ਮੱਲਾਂ ਹੀ ਇਸ ਬਦਲਾਅ ਦੀ ਖੂਬਸੂਰਤ ਉਦਾਹਰਣ। ਨਵੇਂ ਚੌਗਿਰਦੇ ਵਿਚ ਨਵੀਨਤਮ ਮਾਨਸਿਕ ਪ੍ਰਵਾਜ਼, ਧਾਰਨਾਵਾਂ ਅਤੇ ਵਿਲੱਖਣਤਾਵਾਂ ਨਾਲ ਭਰੇ ਕਿਸੇ ਹੋਰ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਚੰਗਿਆਈ ਨੂੰ ਬੰਦਾ ਅਪਣਾਉਂਦਾ ਤਾਂ ਉਸਦੇ ਮਨ ਵਿਚ ਕੀਤਾ ਹੋਇਆ ਬਦਲਾਅ, ਹੁਲਾਸ ਅਤੇ ਸਕੂਨ ਦਾ ਸਬੱਬ ਬਣਦਾ। ਅਕਸਰ ਹੀ ਲੋਕ ਅਜੇਹੇ ਬਦਲਾਅ ਵਿਚੋਂ ਜਦ ਉਹ ਆਪਣੇ ਮਾਪਿਆਂ ਦੇ ਅਧੂਰੇ ਸੁਪਨਿਆਂ ਅਤੇ ਅਪੂਰਨ ਰੀਝਾਂ ਦੀ ਭਰਪਾਈ ਕਰਦੇ ਤਾਂ ਇਕ ਸੁਖਨ ਸੋਚ-ਸਾਧਨਾ, ਸਿਰੜ ਤੇ ਸਮਰਪਿੱਤਾ ਦੇ ਨਾਮ ਹੋ ਜਾਂਦਾ।
ਸੁਪਨਿਆਂ ਦਾ ਸੱਚ ਸੁਖਾਲਾ ਨਹੀਂ। ਇਸਦੀ ਪ੍ਰਾਪਤੀ ਲਈ ਖੁਦ ਨੂੰ ਬਹੁਤ ਸਾਰੀਆਂ ਪਰਤਾਂ ਵਿਚ ਗੁਜਰਨ ਲਈ ਕਈ ਵਾਰ ਬਦਲਣਾ ਪੈਂਦਾ। ਇਹੀ ਬਦਲਣਾ ਕਿਸੇ ਬੰਦੇ ਲਈ ਪ੍ਰਾਪਤੀ ਵੀ ਹੋ ਸਕਦਾ ਅਤੇ ਉਸਦੇ ਸਰਬਨਾਸ਼ ਦਾ ਕਾਰਨ ਵੀ। ਬਦਲਣ ਲਈ ਤੁਹਾਡੀ ਸੋਚ ਦਾ ਮਿਆਰ ਕੀ ਏ? ਕਿਸਦੇ ਆਖੇ ਬਦਲਣਾ ਹੈ ਜਾਂ ਖੁਦ ਹੀ ਆਪਣੀ ਚੇਨਤਾ ਅਤੇ ਚਿੰਤਨ ਵਿਚੋਂ ਇਹ ਬਦਲਾਅ ਉਦੈ ਹੋਇਆ ਹੈ? ਇਸਨੇ ਹੀ ਨਿਰਧਾਰਤ ਕਰਨਾ ਹੁੰਦਾ ਕਿ ਕੌਣ, ਕਿਸ ਲਈ ਅਤੇ ਕਿਹੜੇ ਆਧਾਰ ਤੇ ਖੁਦ ਨੂੰ ਬਦਲ ਰਿਹਾ?
ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਪਾਣੀ ਨੂੰ ਪਾਣੀ ਉਤੇ ਤੈਰਨ ਲਈ ਖੁਦ ਵਿਚੋਂ ਆਪਣਾ ਸੇਕ ਮਨਫ਼ੀ ਕਰਕੇ ਆਪਣਾ ਰੂਪ ਬਦਲ ਕੇ ਬਰਫ਼ ਬਨਣਾ ਪੈਂਦਾ ਹੈ। ਪਰ ਬੜਾ ਔਖਾ ਹੁੰਦਾ ਹੈ ਆਪਣੇ ਅੰਦਰਲੇ ਨਿੱਘ ਨੂੰ ਆਪਣੇ ਵਿਚੋਂ ਜਲਾਵਤਨ ਕਰਨਾ।
ਪਿਆਸੇ ਤੇ ਸਿੱਕਰੀ ਜੰਮੇਂ ਹੋਠਾਂ ਜਾਂ ਰੱਕੜ ਦੀ ਪਿਆਸ ਬੁਝਾਉਣ ਵਾਲੀਆਂ ਬਾਰਸ਼-ਬੂੰਦਾਂ ਜੇਹੀ ਨਿਆਮਤ ਬਣਨ ਲਈ ਸੱਭ ਤੋਂ ਪਹਿਲਾਂ ਪਾਣੀ ਨੂੰ ਵਾਸ਼ਪ ਹੋਣਾ ਪੈਂਦਾ, ‘ਵਾਵਾਂ ਦੇ ਕੰਧਾੜੇ ਚੜ੍ਹ ਕੇ ਬੱਦਲਾਂ ਦਾਰ ਰੂਪ ਵਟਾਉਂਦੀਆਂ ਅਤੇ ਫਿਰ ਲੰਮੇਰੀ ਅੰਬਰੀਂ ਉਡਾਣ ਤੋਂ ਬਾਅਦ ਧਰਤ ਨੂੰ ਵੱਲ ਨੂੰ ਅਹੂਲਦੀਆਂ ਅਤੇ ਪਿਆਸਿਆਂ ਦੀ ਪਿਆਸ ਮਿਟਾ, ਸਵਾਂਤੀ ਬੂੰਦਾਂ ਦਾ ਰੁੱਤਬਾ ਪ੍ਰਾਪਤ ਕਰਦੀਆਂ।
ਯਾਦ ਰਹੇ ਕਿ ਖੜੇ ਪਾਣੀ ਕਦੇ ਦਰਿਆ ਨਹੀਂ ਹੁੰਦੇ। ਦਰਿਆ ਬਣਨ ਲਈ ਸੱਭ ਤੋਂ ਪਹਿਲਾਂ ਪਾਣੀ ਨੂੰ ਵਗਣਾ ਪੈਂਦਾ, ਉਬੜ-ਖੋਬੜ ਰਾਹੀਂ ਚੱਲਦਿਆਂ ਆਪਣੀ ਧਾਰਾ ਨੂੰ ਨਿਸਚਿੱਤ ਦਿਸ਼ਾ ਦੇਣੀ ਪੈਂਦੀ। ਵਗਦਾ ਪਾਣੀ ਪੱਥਰੀਲੇ ਰਾਹਾਂ ਦੀ ਠੇਡੇ ਖਾਂਦਾ ਆਖਰ ਨੂੰ ਨਦੀ ਜਾਂ ਦਰਿਆ ਦਾ ਰੂਪ ਧਾਰ, ਧਰਤੀ ਨੂੰ ਹਰੀ-ਭਰੀ ਕਰਨ ਦਾ ਸ਼ਰਫ਼ ਹਾਸਲ ਕਰਦਾ।
ਦਰਿਆ ਨੂੰ ਸਮੁੰਦਰ ਬਣਨ ਲਈ ਕਈ ਕੋਹਾਂ ਦਾ ਸਫ਼ਰ ਤਹਿ ਕਰਨਾ ਪੈਂਦਾ ਅਤੇ ਫਿਰ ਆਖ਼ਰ ਨੂੰ ਸਮੁੰਦਰ ਦੀ ਗਲਵਕੜੀ ਵਿਚ ਸਿਮਟ ਕੇ ਸਮੁੰਦਰ ਨਾਲ ਮਿਲ ਕੇ ਸਮੁੰਦਰ ਹੀ ਹੋ ਜਾਂਦਾ। ਕਈ ਦਰਿਆ ਨੂੰ ਤਾਂ ਬਿਖੜੇ ਪੈਂਡੇ ਹੀ ਖਾ ਜਾਂਦੇ। ਕਦੇ ਨਕਸ਼ਿਆਂ ਤੋਂ ਮਿੱਟ ਗਏ ਦਰਿਆਵਾਂ ਅਤੇ ਨਦੀਆਂ ਦੀ ਤਫ਼ਸੀਲ ਦੇਖਣਾ ਤਾਂ ਪਤਾ ਲੱਗੇਗਾ ਕਿ ਦਰਿਆ ਤੋਂ ਸਮੁੰਦਰ ਬਣਨ ਦੀ ਲੋਚਾ ਪਾਲਣ ਵਾਲੇ ਬਹੁਤ ਸਾਰੇ ਦਰਿਆ ਆਪਣੀ ਹੋਂਦ ਹੀ ਗਵਾ ਬੈਠੇ।
ਬਰਫ਼ ਨਾਲ ਲੱਦਿਆ ਅਤੇ ਸਰਦ-ਮੌਸਮਾਂ ਦੀ ਮਾਰ ਸਹਿੰਦਾ ਬਿਰਖ਼, ਬਹਾਰ ਦੀ ਆਸ ਵਿਚ ਆਪਣੇ ਅੰਦਰਲੀ ਅੱਗ ਦੇ ਸੇਕ ਵਿਚ ਖੁਦ ਨੂੰ ਬਚਾਈ ਰੱਖਦਾ ਅਤੇ ਫਿਰ ਇਹ ਉਸਦੀ ਅੰਦਰਲੀ ਤਪਸ਼ ਦਾ ਪ੍ਰਤਾਪ ਹੀ ਹੁੰਦਾ ਕਿ ਬਰਫ਼ਾਂ ਵਿਚ ਰੁੰਡ-ਮਰੁੰਡ ਹੋਇਆ ਬਿਰਫ਼ ਬਹਾਰ ਆਉਣ ‘ਤੇ ਹਰੇ ਕਚੂਰ ਪੱਤਿਆਂ ਦੇ ਬਸਤਰ ਪਹਿਨੀ, ਆਪਣੇ ਸੀਨੇ ਤੇ ਰੰਗ-ਬਰੰਗੇ ਫੁੱਲ ਸਜਾਉਂਦਾ। ਹਰ ਦਰਸਕL ਦੀ ਰੂਹ ਵਿਚ ਕੁਦਰਤ ਦਾ ਪਿਆਰ ਜਗਾਉਂਦਾ ਅਤੇ ਨਵੀਂ ਉਮੀਦ ਤੇ ਵਿਸ਼ਵਾਸ਼ ਦਾ ਪੈਗਾਮ ਮਨੁੱਖੀ ਸੋਝੀ ਦੇ ਨਾਮ ਲਾਉਂਦਾ। ਚੇਤੇ ਰੱਖਣਾ!
ਮੌਸਮ ਕਿੰਨਾ ਵੀ ਮਾਰੂ ਹੋਵੇ, ਆਪਣੇ ਅੰਦਰ ਨੂੰ ਜਿਊਂਦਾ ਤੇ ਜਾਗਦਾ ਰੱਖਣ ਵਾਲੇ ਭਵਿੱਖ ਦੇ ਭਿਆਨਕ ਦੌਰ ਤੋਂ ਬੇਖਬਰ ਵਕਤ ਦੀ ਫੁੱਲਕਾਰੀ ਨੂੰ ਆਪਣੀ ਰੂਹਦਾਰੀ ਵਿਚ ਰੰਗਣ ਅਤੇ ਇਸਦੀਆਂ ਤੰਦਾਂ ਨੂੰ ਪਕਿਆਈ ਬਖਸ਼ਣ ਲਈ ਕਦੇ ਵੀ ਹਾਰ ਨਹੀਂ ਮੰਨਦੇ।
ਬੰਗਾਲ ਦੀ ਖਾੜੀ ਵਿਚ ਆਪਣੀ ਬੇੜੀ ਡੁੱਬਣ ਕਾਰਨ ਇਕ ਮਛੇਰਾ ਪੰਜ ਦਿਨਾਂ ਤੱਕ ਸਮੁੰਦਰ ਨਾਲ ਯੁੱਧ ਕਰਦਾ ਰਿਹਾ। ਜਿਊਣ ਦੀ ਜਿੱਦ ਨਾਲ ਭੁੱਖ ਤੇ ਪਿਆਸ ਨੂੰ ਹਰਾਉਂਦਾ ਰਿਹਾ। ਉਸਦੇ ਹੱਠ ਸਾਹਵੇਂ ਮੌਤ ਵੀ ਹਾਰ ਗਈ ਅਤੇ ਫਿਰ ਆਖਰ ਨੂੰ ਇਕ ਦਿਨ ਉਹ ਸਮੁੰਦਰੀ ਜਹਾਜ ਦੇ ਕੈਪਟਨ ਦੀ ਨਜ਼ਰ ਪਿਆ ਅਤੇ ਉਸਨੂੰ ਬਚਾਅ ਲਿਆ ਗਿਆ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨੀਂਦ, ਭੁੱਖ, ਪਿਆਸ ਕੋਈ ਅਰਥ ਨਹੀਂ ਰੱਖਦੀ ਜਦ ਬੰਦੇ ਦਾ ਅੰਦਰਲਾ ਜੋਰਾਵਰ ਹੈ। ਉਹ ਮਾਨਸਿਕ ਤੌਰ ‘ਤੇ ਇੰਨਾ ਤਾਕਤਵਾਰ ਹੈ ਕਿ ਹਰ ਮੁਸ਼ਕਲ ਉਸਦੇ ਸਾਹਵੇਂ ਹੀਣੀ ਹੋ ਜਾਂਦੀ। ਇਹ ਬੰਦੇ ਦੇ ਅੰਦਰਲੇ ਬਦਲਾਅ ਦਾ ਸੱਚ ਜੋ ਉਸਨੂੰ ਔਖੇ ਹਾਲਤਾਂ ਵਿਚ ਵੀ ਆਪਣਾ ਰਾਹ ਲੱਭ ਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਦਾ ਵੱਲ ਸਿਖਾਉਂਦਾ।
ਮੌਕਾ ਮਿਲੇ ਤਾਂ ਭਾਰਤ ਦੇ ਮਿਜ਼ਾਇਲ ਮੈਨ ਡਾ. ਅਬਦੁਲ ਕਲਾਮ ਦੀ ਜੀਵਨੀ ਪੜ੍ਹਨਾ। ਪਤਾ ਲੱਗੇਗਾ ਕਿ ਉਹ ਕਿਹੜੀਆਂ ਹਲਾਤਾਂ ਵਿਚੋਂ ਨਿਕਲ ਕੇ ਰਾਸ਼ਟਰਪਤੀ ਭਵਨ ਤੱਕ ਪਹੁੰਚਿਆ, ਪਰ ਉਸਨੇ ਆਪਣੇ ਅੰਦਰਲੀ ਅਮੀਰੀ ਅਤੇ ਸਾਦਗੀ ਨਾਲ ਹੀ ਆਪਣੇ ਸੁਪਨਿਆਂ ਦੀ ਪੂਰਤੀ ਕੀਤੀ। ਆਪਣੇ ਆਖਰੀ ਸਾਹ ਤੀਕ ਉਹ ਨਵੀਂ ਪੀਹੜੀ ਨੂੰ ਸੁਪਨੇ ਹੀ ਵਣਜਦਾ ਰਿਹਾ ਕਿਉਂਕਿ ਉਸਦਾ ਮੰਨਣਾ ਸੀ ਕਿ ਬੱਚਿਆਂ ਨੂੰ ਸੁਪਨੇ ਦਿਓ। ਪੂਰੇ ਤਾਂ ਉਨ੍ਹਾਂ ਨੇ ਖੁਦ ਕਰ ਹੀ ਲੈਣੇ। ਦਰਅਸਲ ਜਦ ਕਿਸੇ ਬੱਚੇ ਨੂੰ ਸੁਪਨਾ ਦਿੰਦੇ ਤਾਂ ਉਸਦਾ ਮਨ ਬਦਲਦਾ, ਉਸਦੀਆਂ ਤਦਬੀਰਾਂ ਅਤੇ ਤਸ਼ਬੀਹਾਂ ਬਦਲਦੀਆਂ ਅਤੇ ਇਸ ਬਦਲਾਅ ਕਾਰਨ ਉਸਦੀ ਤਕਦੀਰ ਦਾ ਬਦਲਣਾ ਲਾਜ਼ਮੀ ਹੁੰਦਾ।
ਅੰਬ ਦੀ ਗੁਠਲੀ ਦਾ ਉਪਰਲਾ ਸਖਤ ਖੋਲ ਉਸਦੇ ਅੰਦਰ ਫੁੱਟ ਰਹੀ ਕੋਪਲੀ ਨੂੰ ਰਾਹ ਦੇਣ ਲਈ ਆਪਣੇ ਆਪ ਹੀ ਤਿੱੜਕ ਜਾਂਦਾ ਕਿਉਂਕਿ ਜਦ ਕਿਸੇ ਦੇ ਮਨ ਵਿਚ ਕੁਝ ਕਰ ਗੁਜਰਨ ਦੀ ਤਮੰਨਾ ਭਾਰੂ ਹੋ ਜਾਵੇ ਤਾਂ ਪਈਆਂ ਰੁਕਾਵਟਾਂ, ਬੰਦਸ਼ਾਂ ਜਾਂ ਉਸਰੀਆਂ ਦੀਵਾਰਾਂ ਖੁਦ ਹੀ ਢਹਿ-ਢੇਰੀ ਹੋ ਕੇ ਵੱਧਦੇ ਕਦਮਾਂ ਨੂੰ ਨੱਤਮਸਤਕ ਹੋਣ ਲੱਗਦੀਆਂ।
ਹੀਰੇ ਦੀ ਔਕਾਤ ਦਾ ਮੁੱਲ ਸਿਰਫ਼ ਉਸਦੇ ਤਰਾਸ਼ਣ ‘ਤੇ ਹੀ ਨਿਰਭਰ ਕਰਦਾ ਅਤੇ ਇਹੀ ਤਰਾਸ਼ਣ ਦੀ ਪੀੜ ਹੀ ਉਸਨੂੰ ਆਮ ਤੋਂ ਖਾਸ ਬਣਾਉਂਦੀ।
ਕੁਝ ਪਾਉਣ ਲਈ ਤਾਂ ਕੁਝ ਗਵਾਉਣਾ ਪੈਂਦਾ। ਆਪਣੀ ਐਸ਼ੋ-ਇਸ਼ਰਤ ਅਤੇ ਆਪਣੇ ਸੁੱਖਜ਼ਨੀ ਤੋਂ ਬਾਹਰ ਨਿਕਲ ਕੇ ਤੁਸੀਂ ਦੁਨੀਆਂ ਦੇ ਉਸ ਕਰੂਰ ਸੱਚ ਨੂੰ ਜਾਣ ਸਕਦੇ ਹੋ, ਜੋ ਸਾਡੇ ਨਾਲ ਵਾਰਪਦਿਆਂ ਵੀ ਸਾਨੂੰ ਨਜ਼ਰ ਨਹੀਂ ਆਉਂਦਾ। ਭੱਠੀ ਵਿਚ ਲਾਲ ਸੂਹਾ ਹੋ ਅਤੇ ਵਦਾਨ ਦੀਆਂ ਸੱਟਾਂ ਖਾ ਕੇ ਹੀ ਲੋਹੇ ਦਾ ਟੁੱਕੜਾ ਹੱਲ਼ ਦਾ ਚੌਅ ਬਣਦਾ, ਜੋ ਧਰਤੀ ਦੀ ਹਿੱਕ ਵਿਚ ਪਾੜ ਪਾਉਂਦਾ, ਇਸਦੀ ਜਰਖੇਜ਼ਤਾ ਨੂੰ ਭਾਗ ਲਾਉਂਦਾ।
ਕਮਰੇ ਵਿਚ ਬੈਠ ਕੇ ਅਸਮਾਨ ਵਿਚ ਉਡਣ ਦੇ ਸੁਪਨੇ ਤਾਂ ਲੈ ਸਕਦੇ ਹੋ ਪਰ ਅੰਬਰ ਵਿਚ ਪਰਵਾਜ ਭਰਨ ਲਈ ਤੁਹਾਨੂੰ ਖੁੱਲੇ ਅੰਬਰ ਦਾ ਆੜੀ ਬਣਨਾ ਪਵੇਗਾ, ਪਰਾਂ ਵਿਚ ਪਰਵਾਜ਼ ਭਰਨ ਲਈ ਦਮ ਹੋਣਾ ਚਾਹੀਦਾ ਅਤੇ ਫਿਰ ਮਨ ਵਿਚ ਉਚਾ ਉਠਣ ਦਾ ਹੀਆ ਅਤੇ ਅਸਮਾਨ ਨੂੰ ਹੱਥ ਲਾਉਣ ਦੀ ਤਾਂਘ ਹੁੰਦੀ ਤਾਂ ਬੰਦਾ ਮਨਚਾਹੀਆਂ ਪ੍ਰਾਪਤੀਆਂ ਦਾ ਸਿਰਲੇਖ ਬਣ ਜਾਂਦਾ।
ਮੱਸਿਆ ਨੂੰ ਪੁੰਨਿਆ ਵਿਚ ਬਦਲਣ ਲਈ ਚੰਨ ਨੂੰ ਧਰਤੀ ਦੇ ਵਿਹੜੇ ਆ ਕੇ ਆਪਣਾ ਮੁੱਖ ਦਿਖਾਲਣਾ ਪੈਂਦਾ ਅਤੇ ਚਾਨਣੀ ਧਰਤੀ ਨੂੰ ਕਲੀ ਕਰ ਦਿੰਦੀ।
ਸ਼ਾਮ ਨੂੰ ਸਰਘੀ ਵਿਚ ਬਦਲਣ ਲੱਗਿਆਂ ਧਰਤੀ ਨੂੰ ਸੂਰਜ ਦੁਆਲੇ ਘੁੰਮ ਕੇ ਸੂਰਜ ਦੇ ਮੱਥੇ ਨੂੰ ਚੁੰਮਣਾ ਪੈਂਦਾ। ਇਹੀ ਤਾਂ ਬਦਲਾਅ ਕਿ ਹਰ ਸ਼ਾਮ ਸਰਘੀ ਵਿਚ ਬਦਲਦੀ, ਹਰ ਰਾਤ ਦਿਨ ਵਿਚ ਢਲ ਜਾਂਦੀ, ਚੜਦਾ ਸੂਰਜ ਆਖਰ ਨੂੰ ਢਲਦੇ ਪ੍ਰਛਾਂਵਿਆਂ ਨੂੰ ਵੀ ਆਖਰੀ ਅਲਵਿਦਾ ਕਹਿਣ ਲਈ ਮਜ਼ਬੂਰ ਹੋ ਜਾਂਦਾ।
ਦਰਿਆ ਨੂੰ ਵੀ ਆਪਣੇ ਨਿਰੰਤਰ ਵਹਾਅ ਲਈ ਅੱਗੇ ਤੋਂ ਅੱਗੇ ਵੱਗਦਿਆਂ, ਘੜੀ-ਮੁੜੀ ਕੰਢਿਆਂ ਨੂੰ ਖੁਦਾ-ਹਾਫ਼ਿਜ਼ ਕਹਿਣਾ ਪੈਂਦਾ।
ਸੱਭ ਤੋਂ ਵੱਡਾ ਅਤੇ ਸਾਖਸ਼ਤ ਬਦਲਾਅ ਹੈ- ਬੰਦੇ ਦਾ ਬਚਪਨੇ ਤੋਂ ਬੁਢਾਪੇ ਵੰਨੀਂ ਜਾਂਦਿਆਂ, ਚੜ੍ਹਦੀ ਜਵਾਨੀ ਦੇ ਜਲਵੇ, ਢਹਿੰਦੀ ਉਮਰ ਦੀਆਂ ਬਾਤਾਂ ਅਤੇ ਆਖਰ ਨੂੰ ਆਪਣਿਆਂ ਹਥੋਂ ਹੀ ਆਖ਼ਰੀ ਅਲਵਿਦਾ ਕਹਿਣਾ ਹੁੰਦਾ।
ਮਾਂ ਬਣਨ ਲਈ ਔਰਤ ਨੂੰ ਨੌਂ ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿਚ ਪਾਲ, ਬੱਚੇ ਦੇ ਜਨਮ ਵੇਲੇ ਖੁਦ ਨੂੰ ਮਰ ਮਰ ਕੇ ਜਿਊਣਾ ਪੈਂਦਾ ਅਤੇ ਉਹ ਮਾਂ ਦਾ ਰੁੱਤਬਾ ਹਾਸਲ ਕਰਦੀ। ਇਹੀ ਬਦਲਾਅ ਮਨੁੱਖੀ ਹਾਸਲਤਾ ਦਾ ਸੱਭ ਤੋਂ ਅਹਿਮ ਅਤੇ ਪ੍ਰਮੁੱਖ ਵਰਤਾਰਾ।
ਬਦਲਾਅ ਤੋਂ ਬੇਮੁਖ ਲੋਕ ਪ੍ਰਕਿਰਤੀ ਦੀ ਉਲੰਘਣਾ। ਉਸਦੇ ਵਰਤਾਰਿਆਂ ਦੀ ਬੇਅਦਬੀ। ਆਪਣੇ ਸਾਹਾਂ ਨੂੰ ਸਰਾਪੇ ਜਾਣ ਦੀ ਇੰਤਹਾ। ਆਪਣੀਆਂ ਅੰਦਰੂਨੀ ਅਤੇ ਬਾਹਰੀ ਕੁਦਰਤੀ ਦਾਤਾਂ ਨੂੰ ਅਣਗ਼ੌਲਿਆਂ ਕਰਨਾ ਅਤੇ ਇਹੀ ਅਣਗੌਲਾਪਣ ਬੰਦੇ ਲਈ ਮਰਸੀਆ ਬਣ ਜਾਂਦਾ।
ਨਾ ਬਦਲਣ ਵਾਲੇ ਲੋਕ ਰੋਬੋਟ। ਉਨ੍ਹਾਂ ਦੇ ਮੁੱਖੜੇ ਤੇ ਹਾਵਭਾਵਾਂ ਦੀ ਅਣਹੌਂਦ। ਉਨ੍ਹਾਂ ਦਾ ਮਾਤਮੀ ਵਰਤਾਰਾ। ਕਿਸੇ ਦੇ ਹੰਝੂਆਂ ਵਿਚ ਖੁਸ਼ਕ ਅੱਖਾਂ ਵਾਲੇ ਇਹ ਲੋਕ ਨਿਰਮੋਹੇ ਅਤੇ ਨਿਰਜਿੰਦ। ਮਰੀਆਂ ਰੂਹਾਂ ਦਾ ਵਿਰਦ। ਸੜੀਆਂ ਕਦਰਾਂ ਕੀਮਤਾਂ ਦੀ ਗਲੀਜ਼ਤਾ। ਗਲੀਜ਼ ਬੋਲਾਂ ਦਾ ਗੁੰਗਾਪਣ। ਅਸਹਿਣਯੋਗ ਹਰਕਤਾਂ ਦੀ ਹਕੀਕਤ। ਇਹੀ ਲੋਕ ਸਮਾਜ ਦੀਆਂ ਜੜ੍ਹਾਂ ਵਿਚ ਬੈਠ, ਇਸਨੂੰ ਕਲੰਕਤ ਕਰਦੇ ਅਤੇ ਸਮਾਜ ਇਨ੍ਹਾਂ ‘ਤੋਂ ਨਿਜਾਤ ਪਾਉਣ ਲਈ ਕਾਹਲਾ।
ਯਾਦ ਰਹੇ ਕਿ ਹਰ ਮਨੁੱਖ ਲਈ ਅਣਛੋਹੀਆਂ ਮੰਜ਼ਲਾਂ ਦੀ ਪ੍ਰਾਪਤੀ ਨੈਣਾਂ ਵਿਚ ਲਟਕਦੇ ਸੁਪਨਿਆਂ ਦੀ ਹਾਸਲਤਾ ਹੁੰਦੀ। ਆਪਣੇ ਮਾਪਿਆਂ ਦੀਆਂ ਤਾਂਘਾਂ ਦੀ ਭਰਪਾਈ ਲਈ ਅਜੇਹਾ ਬਦਲਣਾ ਬਹੁਤ ਜ਼ਰੂਰੀ, ਜਿਸ ‘ਤੇ ਬੰਦੇ ਅਤੇ ਸਮਾਜਿਕ ਰਹਿਤਲ ਲਈ ਫਖ਼ਰ ਦਾ ਸ਼ਬਾਬ ਹੋਵੇ। ਨਾਜ਼ ਹੋਵੇ ਹਰੇਕ ਨੂੰ ਕਿ ਇਸ ਬਦਲਾਅ ਨੇ ਕਿਸੇ ਕੌਮ, ਸਮਾਜ ਜਾਂ ਖਿੱਤੇ ਦਾ ਮੁਹਾਂਦਰਾ ਰੁੱਸ਼ਨਾਇਆ। ਸਮੁੱਚੇ ਜੀਵਨ ਨੂੰ ਸਮਾਜੀ ਸਰੋਕਾਰਾਂ ਪ੍ਰਤੀ ਪ੍ਰਤਿਬੱਧਤਾ ਅਤੇ ਮਾਨਵੀ ਤਰਜ਼ੀਹਾਂ ਦੇ ਲੇਖੇ ਲਾਇਆ। ਉਸਨੇ ਅਜੇਹਾ ਰੁੱਤਬਾ ਪਾਇਆ ਕਿ ਉਸਦੇ ਜਾਣ ਤੇ ਹਰ ਅੱਖ ਨਮ ਹੋਈ। ਫ਼ਿਜ਼ਾ ਨੇ ਸੋਗ ਮਨਾਇਆ। ਉਸਦੀ ਪ੍ਰਾਪਤੀਆਂ ਕਾਰਨ ਉਸਦੇ ਹਮਸਾਇਆਂ ਆਪਣੀਆਂ ਯਾਦਾਂ ਵਿਚ ਸਦੀਵੀ ਵਸਾਇਆ।
ਬਦਲੋ ਜ਼ਰੂਰ, ਪਰ ਅਜੇਹਾ ਬਦਲੋ ਕਿ ਤੁਹਾਡਾ ਬਦਲਾਅ ਹਰੇਕ ਲਈ ਰਾਹ ਦਸੇਰਾ ਹੋਵੇ। ਇਕ ਰੋਲ ਮਾਡਲ। ਸਮਾਜਿਕ ਦਾਇਰਿਆਂ ਵਿਚ ਤੁਹਾਡੀ ਇਨਾਇਤ ਅਤੇ ਇਬਾਰਤ ਨੂੰ ਇਬਾਦਤ ਦਾ ਮਾਣ ਮਿਲੇ।
ਬਦਲਾਅ ਜੀਵਨ ਦਾ ਮੂਲ ਮੰਤਰ। ਮਹਾਨ ਪ੍ਰਾਪਤੀਆਂ ਦਾ ਅਧਾਰ। ਅੰਤਰੀਵੀ ਬਦਲਾਅ ਨਾਲ ਹੀ ਹਰ ਅਸੰਭਵ ਕਾਰਜ ਸੰਭਵ ਹੋ ਜਾਂਦਾ। ਖੁLਦ ਦੀ ਤਦਬੀਲੀ ਤੋਂ ਬਗੈਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ।
ਵਿਲੱਖਣ ਪਛਾਣ ਦੀ ਸਿਰਜਣਾ ਲਈ ਬਦਲਣਾ ਜ਼ਰੂਰੀ। ਤੁਸੀਂ ਸਿਆਣੇ ਬਣਦੇ, ਅਤੇ ਤੁਸੀਂ ਉਹ ਕੁਝ ਪ੍ਰਾਪਤ ਕਰਦੇ ਜਿਸ ਲਈ ਤੁਸੀਂ ਬਦਲੇ।
ਹਰ ਰਾਤ ਤੋਂ ਬਾਅਦ ਨਵਾਂ ਦਿਨ ਨਵੀਆਂ ਤਬਦੀਲੀਆਂ, ਵਿਭਿੰਨ ਸੰਭਾਵਨਾਵਾਂ ਅਤੇ ਨਵੀਨਤਮ ਸੁਪਨੇ ਪੈ ਕੇ ਤੁਹਾਨੂੰ ਜਗਾਉਂਦਾ। ਤੁਸੀਂ ਇਸਦਾ ਕਿਹੜੇ ਰੂਪ ਵਿਚ ਸਵਾਗਤ ਕਰਨਾ, ਇਹ ਤੁਹਾਡੀ ਸੋਚ, ਸਰੋਕਾਰ, ਸਮਝ, ਸਮਰਪਿੱਤਾ ਅਤੇ ਸੁਪਨਗਿਰੀ ਤੇ ਨਿਰਭਰ।
