ਹੱਕਾਂ ਦੀ ਬਰਾਬਰੀ ਲਈ ਅੱਜ ਵੀ ਸੰਘਰਸ਼ਸ਼ੀਲ ਹਨ ਮਹਿਲਾਵਾਂ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008
ਇਹ ਇਕ ਕੌੜਾ ਸੱਚ ਹੈ ਕਿ ਇਹ ਸੰਸਾਰ ਉੱਪਰੋਂ-ਉੱਪਰੋਂ ਤਾਂ ਇਹ ਢਕਵੰਜ ਰਚੀ ਬੈਠਾ ਹੈ ਕਿ ਅਜੋਕੀ ਦੁਨੀਆਂ ਵਿਚ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਹਾਸਿਲ ਹਨ ਪਰ ਹਕੀਕਤ ਸਭ ਨੂੰ ਪਤਾ ਹੈ ਕਿ ਹੱਕਾਂ ਦੀ ਬਰਾਬਰੀ ਹਿਤ ਮਹਿਲਾਵਾਂ ਸੰਸਾਰ ਪੱਧਰ `ਤੇ ਅੱਜ ਵੀ ਸੰਘਰਸ਼ਸ਼ੀਲ ਹਨ।

ਜੇਕਰ ਵੇਖਿਆ ਜਾਵੇ ਤਾਂ ਏਸ਼ਿਆਈ ਅਤੇ ਅਰਬ ਦੇਸ਼ਾਂ ਸਮੇਤ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਮਹਿਲਾਵਾਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਅੱਜ ਬੇਸ਼ੱਕ ਇਕ ਪਾਸੇ ਦੁਨੀਆਂ ਭਰ ਵਿਚ ‘ਕੌਮਾਂਤਰੀ ਮਹਿਲਾ ਬਰਾਬਰੀ ਦਿਵਸ’ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿਚ ਅੱਜ ਪ੍ਰਤੀ ਮਿੰਟ ਕੋਈ ਮਹਿਲਾ ਬੇਪਤੀ ਸਹਿ ਰਹੀ ਹੈ ਜਾਂ ਫਿਰ ਕਿਸੇ ਜ਼ਾਲਮ ਹੱਥੋਂ ਸ਼ੋਸ਼ਣ ਜਾਂ ਕਤਲ ਦੀ ਸ਼ਿਕਾਰ ਬਣ ਰਹੀ ਹੈ। ਔਰਤਾਂ ਬੇਸ਼ੱਕ ਹਰੇਕ ਕਾਰਜ ਖੇਤਰ ਵਿਚ ਮਰਦਾਂ ਦੇ ਬਰਾਬਰ ਤੇ ਕਈ ਖੇਤਰਾਂ ਵਿਚ ਮਰਦਾਂ ਤੋਂ ਵੀ ਅੱਗੇ ਵਧ ਕੇ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਇਸ ਬੇਬਾਕ ਸੱਚ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਉਨ੍ਹਾਂ ਨਾਲ ਨਿੱਤ ਦਿਨ ਵਾਪਰਦੀਆਂ ਸ਼ਰਮਨਾਕ ਅਤੇ ਹੌਲਨਾਕ ਘਟਨਾਵਾਂ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ।
ਦਰਅਸਲ ਸੰਨ 1853 ਵਿਚ ਅਮਰੀਕਾ ਵਿਖੇ ਮਹਿਲਾਵਾਂ ਲਈ ਬਰਾਬਰੀ ਦਾ ਹੱਕ ਮੰਗਣ ਦੀ ਗੱਲ ੳੁੱਠੀ ਸੀ। ਲਗਪਗ 50 ਸਾਲ ਤੱਕ ਸੰਘਰਸ਼ ਕਰਦੀਆਂ ਰਹੀਆਂ ਮਹਿਲਾਵਾਂ ਦੀ ਮਿਹਨਤ ਉਸ ਵੇਲੇ ਰੰਗ ਲਿਆਈ ਜਦੋਂ ਸੰਨ 1920 ਵਿਚ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਮਿਲਣ ਦੀ ਸ਼ੁਰੂਆਤ ਹੋ ਗਈ। 26 ਅਗਸਤ, 1920 ਨੂੰ ਅਮਰੀਕਾ ਵਿਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਹੱਕ ਪ੍ਰਦਾਨ ਕੀਤਾ ਗਿਆ ਸੀ। ਇਸੇ ਇਤਿਹਾਸਕ ਸ਼ੁਰੂਆਤ ਨੂੰ ਸਦੀਵੀ ਤੌਰ `ਤੇ ਯਾਦਗਾਰੀ ਬਣਾਉਣ ਲਈ ਪਹਿਲਾਂ ਅਮਰੀਕਾ ਅਤੇ ਫਿਰ ਦੁਨੀਆਂ ਭਰ ਵਿਚ 26 ਅਗਸਤ ਦਾ ਦਿਨ ‘ਕੌਮਾਂਤਰੀ ਮਹਿਲਾ ਬਰਾਬਰੀ ਦਿਵਸ’ ਵਜੋਂ ਮਨਾਉਣ ਦੀ ਅਰੰਭਤਾ ਹੋਈ ਸੀ। ਸਾਲ 2025 ਵਿਚ ਦੁਨੀਆਂ ਭਰ `ਚ ਮਨਾਏ ਜਾ ਰਹੇ ਇਸ ਦਿਵਸ ਦਾ ਥੀਮ ਹੈ ‘ਸਮਾਨਤਾ ਨੂੰ ਅਪਣਾਓ’। ਇਹ ਥੀਮ ਦੱਸਦਾ ਹੈ ਕਿ ਅੱਜ ਕੇਵਲ ਲਿੰਗਕ ਪੱਖੋਂ ਹੀ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਦੀ ਗੱਲ ਨਹੀਂ ਹੈ ਸਗੋਂ ਕਿਸੇ ਵੀ ਮੁਲਕ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਵਿਕਾਸ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣਾ ਜ਼ਰੂਰੀ ਹੋ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਜ਼ਿਆਦਾਤਰ ਲੋਕਾਂ ਅਤੇ ਕੁਝ ਇਕ ਇਤਿਹਾਸਕਾਰਾਂ ਵੱਲੋਂ ਬਹੁਤ ਹੀ ‘ਜ਼ਾਲਮ’ ਆਖੇ ਜਾਂਦੇ ਬਰਤਾਨਵੀ ਅੰਗਰੇਜ਼ਾਂ ਨੇ ਆਪਣੇ ਸ਼ਾਸ਼ਨ ਕਾਲ ਵਿਚ ਹੀ ਭਾਰਤੀ ਮਹਿਲਾਵਾਂ ਨੂੰ ਵੋਟ ਪਾਉਣ ਦਾ ਜਾਂ ਆਪਣੀ ਰਾਇ ਰੱਖਣ ਦਾ ਅਧਿਕਾਰ ਦੇ ਦਿੱਤਾ ਸੀ।
ਜੇਕਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਮੁਲਕਾਂ ਵਿਚ ਮਹਿਲਾਵਾਂ ਦੀ ਹਾਲਤ ਬਹੁਤ ਬਦਤਰ ਹੈ। ਉਨ੍ਹਾਂ ਨੂੰ ਤਾਂ ਜੀਵਨ ਜਿਊਣ ਦਾ ਮੂਲ ਅਧਿਕਾਰ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਮੁਲਕਾਂ ਵਿਚ ਮਹਿਲਾਵਾਂ ਦੀ ਸਿੱਖਿਆ ਅਤੇ ਨੌਕਰੀਪੇਸ਼ਾ ਹੋਣ ਦੇ ਵਿਸ਼ਿਆਂ `ਤੇ ਕਈ ਪਾਬੰਦੀਆਂ ਹਨ ਅਤੇ ਉਨ੍ਹਾਂ ਨੂੰ ਉਪਭੋਗ ਦੀ ਵਸਤੂ ਜਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਵਜੋਂ ਹੀ ਲਿਆ ਜਾਂਦਾ ਹੈ। ਭਾਰਤ ਵਿਚ ਸਥਿਤੀ ਬਿਲਕੁਲ ਵਚਿੱਤਰ ਹੈ। ਇਥੇ ਸੰਵਿਧਾਨਕ ਤੌਰ `ਤੇ ਔਰਤਾਂ ਨੂੰ ਤਕਰੀਬਨ ਸਾਰੇ ਅਧਿਕਾਰ ਪੁਰਸ਼ਾਂ ਦੇ ਬਰਾਬਰ ਹਾਸਿਲ ਹਨ ਪਰ ਫਿਰ ਵੀ ਕਦਮ-ਕਦਮ `ਤੇ ਉਨ੍ਹਾਂ ਨਾਲ ਵਿਤਕਰਾ, ਅੱਤਿਆਚਾਰ ਅਤੇ ਵਿਭਚਾਰ ਕੀਤਾ ਜਾਂਦਾ ਹੈ। ਕੁਝ ਇਕ ਰਾਜਾਂ ਨੂੰ ਤਾਂ ਹੁਣ ‘ਮਹਿਲਾਵਾਂ ਨਾਲ ਬਲਾਤਕਾਰ ਦੀ ਰਾਜਧਾਨੀ’ ਤੱਕ ਦਾ ਦਰਜਾ ਦੇ ਦਿੱਤਾ ਗਿਆ ਹੈ। ਸਿਆਸੀ ਪਾਰਟੀਆਂ ਅਤੇ ਮੀਡੀਆ ਪਲੇਟਫਾਰਮ ਹੁਣ ਪੱਖਪਾਤੀ ਹੋ ਗਏ ਹਨ। ਉਹ ਬਲਾਤਕਾਰ ਦੀ ਕਿਸੇ ਖ਼ਾਸ ਘਟਨਾ ਜਾਂ ਕਿਸੇ ਖ਼ਾਸ ਸਿਆਸੀ ਦਲ ਨਾਲ ਸਬੰਧਿਤ ਸਰਕਾਰ ਵਾਲੇ ਸੂਬੇ ਅੰਦਰ ਵਾਪਰੀ ਬਲਾਤਕਾਰ ਜਾਂ ਦੁਸ਼ਕਰਮ ਦੀ ਘਟਨਾ ਨੂੰ ਚੀਕ-ਚੀਕ ਕੇ ਪੇਸ਼ ਕਰਨ ਅਤੇ ਕਿਸੇ ਦੂਜੇ ਦਲ ਦੀ ਸੱਤਾ ਵਾਲੇ ਰਾਜ ਦੀ ਘਟਨਾ ਬਾਰੇ ਇਕ ਲਫ਼ਜ਼ ਵੀ ਨਾ ਬੋਲਣ ਦਾ ਵਲ ਸਿੱਖ ਗਏ ਹਨ। ਅੱਜ ਸਾਡੀ ਨੈਤਿਕਤਾ ਦਾ ਪੱਧਰ ਇਸ ਕਦਰ ਡਿੱਗ ਪਿਆ ਹੈ ਕਿ ਬਲਾਤਕਾਰਾਂ `ਤੇ ਵੀ ਸਿਆਸਤ ਹੋ ਰਹੀ ਹੈ ਜਦੋਂ ਕਿ ਮਹਿਲਾਵਾਂ ਨਾਲ ਹੋਣ ਵਾਲੇ ਦੁਸ਼ਕਰਮਾਂ ਦੀ ਇਕਜੁੱਟ ਹੋ ਕੇ ਨਿੰਦਾ ਅਤੇ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ‘ਕੁਲਦੀਪ ਸਿੰਘ ਸੇਂਗਰ’,‘ਬ੍ਰਿਜ ਭੂਸ਼ਨ ਸ਼ਰਨ ਸਿੰਘ’ ਜਾਂ ‘ਡੇਰਾ ਮੁਖੀ ਰਾਮ ਰਹੀਮ’ ਸਮੇਤ ਅਜਿਹੇ ਹੋਰ ਵਿਅਕਤੀ ਜੋ ਮਹਿਲਾਵਾਂ ਨਾਲ ਬੁਰਾ ਸਲੂਕ ਜਾਂ ਬਲਾਤਕਾਰ ਕੀਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਪ੍ਰਤੀ ਸਿਆਸੀ ਦਲਾਂ ਵੱਲੋਂ ਨਰਮ ਰਵੱਈਆ ਵਿਖਾਇਆ ਜਾਣਾ ਇਹ ਸਾਬਿਤ ਕਰਦਾ ਹੈ ਕਿ ਮਹਿਲਾਵਾਂ ਦੀ ਬੇਪਤੀ ਲਈ ਸਿਆਸੀ ਆਗੂਆਂ ਵੱਲੋਂ ਵਹਾਏ ਜਾਂਦੇ ਹੰਝੂ ਮਗਰਮੱਛ ਦੇ ਹੰਝੂਆਂ ਤੋਂ ਵਧ ਕੇ ਨਹੀਂ ਹਨ। ਮਣੀਪੁਰ ਵਿਚ ਮਹਿਲਾਵਾਂ ਸਬੰਧੀ ਵਾਪਰੀ ਵਹਿਸ਼ੀਆਨਾ ਘਟਨਾ ਪ੍ਰਤੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਖ਼ਾਮੋਸ਼ੀ ਅਤੇ ਸੁਪਰੀਮ ਕੋਰਟ ਦੇ ਦਖ਼ਲ ਤੋਂ ਪਹਿਲਾਂ ਦੋਸ਼ੀਆਂ ਖ਼ਿਲਾਫ਼ ਕੋਈ ਵੀ ਕਦਮ ਨਾ ਚੁੱਕਿਆ ਜਾਣਾ ਇਹ ਪ੍ਰਮਾਣਿਤ ਕਰਦਾ ਹੈ ਕਿ ਸਾਡੇ ਮੁਲਕ ਦੇ ਸਿਆਸਤਦਾਨ ਇਸ ਗੰਭੀਰ ਮੁੱਦੇ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹਨ।
ਭਾਰਤ ਵਿਚ ਔਰਤਾਂ ਨੂੰ ਦਿੱਤੇ ਗਏ ਬਰਾਬਰੀ ਦੇ ਹੱਕਾਂ ਦੇ ਘਾਣ ਦੀ ਜੇ ਗੱਲ ਕੀਤੀ ਜਾਵੇ ਤਾਂ ਕਈ ਦੁੱਖਦਾਇਕ ਅਤੇ ਸੰਵੇਦਨਸ਼ੀਲ ਪਰ ਬਿਲਕੁਲ ਸੱਚੇ ਤੱਥ ਸਾਹਮਣੇ ਆਉਂਦੇ ਹਨ। ਅੱਜ ਵੀ ਵੱਖ-ਵੱਖ ਧਰਮਾਂ ਨਾਲ ਸਬੰਧਿਤ ਧਰਮ ਮੰਦਰਾਂ ਵਿਚ ਮਹਿਲਾਵਾਂ ਨੂੰ ਪ੍ਰਵੇਸ਼ ਕਰਨ ਜਾਂ ਕੀਰਤਨ ਤੇ ਪੂਜਾ ਆਦਿ ਕਰਨ ਦਾ ਹੱਕ ਨਹੀਂ ਹੈ। ਅੱਜ ਵੀ ਮਹਿਲਾ ਸਰਪੰਚ ਦਾ ਪਤੀ ਜਾਂ ਬੇਟਾ ਹੀ ਪੰਚਾਇਤ ਦੇ ਕੰਮਕਾਜ ਵੇਖ਼ਦਾ ਹੈ। ਕੋਈ ਵੀ ਪੰਚਾਇਤੀ, ਵਿਧਾਨ ਸਭਾ ਜਾਂ ਲੋਕ ਸਭਾ ਸੀਟ ਮਹਿਲਾਵਾਂ ਲਈ ਰਾਖਵੀਂ ਐਲਾਨੇ ਜਾਣ `ਤੇ ਮੌਜੂਦਾ ਸਰਪੰਚ, ਵਿਧਾਇਕ ਜਾਂ ਸੰਸਦ ਮੈਂਬਰ ਦੇ ਪਰਿਵਾਰ ਦੀ ਮਹਿਲਾ ਹੀ ਉਸ ਸੀਟ ਲਈ ਉਮੀਦਵਾਰ ਐਲਾਨ ਦਿੱਤੀ ਜਾਂਦੀ ਹੈ। ਅੱਜ ਵੀ ਵੱਖ-ਵੱਖ ਥਾਣਿਆਂ ਵਿਚ ਮੌਜੂਦ ‘ਵਿਮੈੱਨ ਸੈੱਲਾਂ’ ਵਿਚ ਹਰ ਰੋਜ਼ ਵਿਆਹੁਤਾ ਕੁੜੀਆਂ ਨਾਲ ਦਾਜ ਜਾਂ ਹੋਰ ਕਾਰਨਾਂ ਕਰਕੇ ਮਾਰਕੁੱਟ ਕਰਨ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਸੈਂਕੜੇ ਮਾਮਲੇ ਆਉਂਦੇ ਹਨ। ਅੱਜ ਸਰੇਬਾਜ਼ਾਰ ਮਹਿਲਾਵਾਂ ਦੇ ਪਰਸ, ਚੈਨੀਆਂ ਜਾਂ ਵਾਹਨ ਖੋਹ ਲਏ ਜਾਂਦੇ ਹਨ ਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਅੱਜ ਵੀ ਅਪਰਾਧੀਆਂ ਲਈ ‘ਈਜ਼ੀ ਟਾਰਗੈੱਟ’ ਭਾਵ ‘ਆਸਾਨ ਸ਼ਿਕਾਰ’ ਹਨ। ਪੁਲਿਸ ਅਤੇ ਕਾਨੂੰਨ ਦਾ ਖ਼ੌਫ਼ ਹੁਣ ਅਪਰਾਧੀਆਂ ਦੇ ਮਨਾਂ ਜਾਂ ਚਿਹਰਿਆਂ ‘ਤੇ ਨਜ਼ਰ ਨਹੀਂ ਆਉਂਦਾ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਵੱਖ-ਵੱਖ ਰਾਜਾਂ ਅਤੇ ਕੇਂਦਰ ਦੀ ਸੱਤਾ `ਤੇ ਕਾਬਜ਼ ਵੱਖ-ਵੱਖ ਸਿਆਸੀ ਦਲਾਂ ਵਿਚ ਜੇਤੂ ਮਹਿਲਾ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਸਹੀ ਅਨੁਪਾਤ ਵਿਚ ਮਹਿਲਾਵਾਂ ਮੰਤਰੀ ਨਹੀਂ ਬਣਾਈਆਂ ਜਾਂਦੀਆਂ।
ਜੇਕਰ ਮਹਿਲਾਵਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹਕੀਕਤ ਜਾਣ ਕੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਜਾਂਦੀ ਹੈ ਤੇ ਕੰਜਕਾਂ ਅਤੇ ਦੇਵੀ ਮਾਤਾ ਦੀ ਪੂਜਾ ਕਰਨ ਵਾਲੇ ਇਸ ਮੁਲਕ ਵਿਚ ਮਹਿਲਾਵਾਂ ਨਾਲ ਵਾਪਰਦੀਆਂ ਅਣਹੋਣੀਆਂ ਘਟਨਾਵਾਂ ਦੀ ਤਫ਼ਸੀਲ ਜਾਣ ਕੇ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਭਾਰਤ ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੰਨ 2011 ਵਿਚ ਭਾਰਤ ਅੰਦਰ ਮਹਿਲਾਵਾਂ ਖ਼ਿਲਾæਫ ਅਪਰਾਧਾਂ ਦੀਆਂ 2,28,650 ਘਟਨਾਵਾਂ ਵਾਪਰੀਆਂ ਸਨ ਜਦੋਂ ਕਿ ਸੰਨ 2021 ਵਿਚ ਇਹ ਅੰਕੜਾ 4,28,278 ਘਟਨਾਵਾਂ ਨੂੰ ਪਾਰ ਕਰ ਗਿਆ ਸੀ ਤੇ ਸੰਨ 2022 ਵਿਚ ਸੰਖਿਆ 4 ਲੱਖ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਇਥੇ ਯਾਦ ਰੱਖਣਯੋਗ ਤੱਥ ਹੈ ਕਿ ਇਹ ਅੰਕੜਾ ਪੁਲਿਸ ਕੋਲ ਸੂਚਿਤ ਕੀਤੀਆਂ ਗਈਆਂ ਘਟਨਾਵਾਂ ਦਾ ਹੈ ਜਦੋਂ ਕਿ ਸਮਾਜਿਕ ਸ਼ਰਮ ਅਤੇ ਹੋਰ ਕਾਰਨਾਂ ਕਰਕੇ ਲੜਕੀਆਂ ਅਤੇ ਮਹਿਲਾਵਾਂ ਨਾਲ ਸਬੰਧਿਤ ਜ਼ਿਆਦਾਤਰ ਅਪਰਾਧ ਸਾਹਮਣੇ ਹੀ ਨਹੀਂ ਲਿਆਂਦੇ ਜਾਂਦੇ ਹਨ ਤੇ ਹਕੀਕਤਨ ਦਬਾਅ ਜਾਂ ਲੁਕਾਅ ਦਿੱਤੇ ਜਾਂਦੇ ਹਨ। ਬੇਹੱਦ ਸ਼ਰਮ ਦੀ ਗੱਲ ਹੈ ਕਿ ਮਹਿਲਾਵਾਂ ਖ਼ਿਲਾਫ਼ ਦੁਨੀਆਂ ਭਰ ਅੰਦਰ ਹੋਣ ਵਾਲੇ ਸਭ ਤੋਂ ਵੱਧ ਅਣਮਨੁੱਖੀ ਅਪਰਾਧਾਂ ਵਿਚੋਂ ਸਭ ਤੋਂ ਸ਼ਰਮਨਾਕ ‘ਨਿਰਭਇਆ’ ਜਾਂ ‘ਮਣੀਪੁਰ’ ਜਿਹੇ ਕਾਂਡ ਸਾਡੇ ਮੁਲਕ ਵਿਚ ਵਾਪਰੇ ਹਨ ਜਿੱਥੇ ਨਾਰੀ ਦੇ ‘ਸਸ਼ਕਤੀਕਰਨ’ ਦੀਆਂ ਡੀਂਗਾਂ ਸਿਆਸਤਦਾਨਾਂ ਵੱਲੋ ਦਿਨ ਰਾਤ ਮਾਰੀਆਂ ਜਾਂਦੀਆਂ ਹਨ। ਇਹ ਤਾਂ ਹੋਰ ਵੀ ਸ਼ਰਮ ਦੀ ਗੱਲ ਹੈ ਕਿ ਕਿਸੇ ਕੌਮਾਂਤਰੀ ਪੱਧਰ ਦੀ ਸੰਸਥਾ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ‘ਭਾਰਤ ਮਹਿਲਾਵਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਹੈ’।
ਸੋ ‘ਕੌਮਾਂਤਰੀ ਮਹਿਲਾ ਬਰਾਬਰੀ ਦਿਵਸ’ ਮੌਕੇ ਸਮੂਹ ਸਿਆਸਤਦਾਨਾਂ, ਧਾਰਮਿਕ, ਸਮਾਜਿਕ ਅਤੇ ਵਾਪਰਕ ਸੰਸਥਾਵਾਂ ਦੇ ਮੁਖੀਆਂ ਅਤੇ ਆਮ ਲੋਕਾਂ ਨੂੰ ਵੀ ਅਹਿਦ ਲੈਣਾ ਚਾਹੀਦਾ ਹੈ ਕਿ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ, ਸੁਰੱਖਿਆ ਅਤੇ ਹੱਕ ਹਰ ਹਾਲਤ ਵਿਚ ਤੇ ਹਰ ਕੀਮਤ `ਤੇ ਮਿਲਣੇ ਚਾਹੀਦੇ ਹਨ ਨਹੀਂ ਤਾਂ ਅਜਿਹੇ ਦਿਨ ਮਨਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਮਹਿਲਾ ਸੰਗਠਨਾਂ ਨੂੰ ਵੀ ਤਕੜੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਤੇ ਜਿਸ ਪ੍ਰਕਾਰ ਸਾਡੇ ਦੇਸ਼ ਲਈ ਸੋਨ ਤਗ਼ਮੇ ਜਿੱਤਣ ਵਾਲੀਆਂ ਖਿਡਾਰਨਾਂ ਨਾਲ ਦਿਨ ਦਿਹਾੜੇ ਵਿਤਕਰਾ ਅਤੇ ਬਦਸਲੂਕੀ ਹੁੰਦੀ ਰਹੀ ਤੇ ਮਹਿਲਾ ਸੰਗਠਨ, ਮਹਿਲਾ ਸਿਆਸਤਦਾਨ ਅਤੇ ਮਹਿਲਾ ਪੱਤਰਕਾਰ ਖ਼ਾਮੋਸ਼ ਰਹੇ, ਅਜਿਹਾ ਦੁਬਾਰਾ ਨਹੀਂ ਵਾਪਰਨਾ ਚਾਹੀਦਾ। ਔਰਤਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਔਰਤਾਂ ਅਤੇ ਪੁਰਸ਼ਾਂ ਦੋਵਾਂ ਨੂੰ ਹੀ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ।