ਗੁਲਜ਼ਾਰ ਸਿੰਘ ਸੰਧੂ
ਪੀ.ਏ.ਯੂ. (ਪੰਜਾਬੀ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ) ਦੀਆਂ ਪ੍ਰਾਪਤੀਆਂ ਦੀ ਗੱਲ ਹੋ ਰਹੀ ਸੀ ਤਾਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੀ ਜ਼ਿਕਰ ਵਿਚ ਆ ਗਿਆ| ਮਹਿੰਦਰ ਦੁਸਾਂਝ, ਜਗਜੀਤ ਹਰਾ ਤੇ ਮਹਿੰਦਰ ਸਿੰਘ ਗਰੇਵਾਲ ਦੀਆਂ ਕਿਸਾਨੀ ਵਿਚ ਵਿਅਕਤੀਗਤ ਮੱਲਾਂ ਦੀ ਗੱਲ ਛਿੜੀ ਤਾਂ ਦੁਬਈ ਬੈਠੇ ਐਸ.ਪੀ.ਐਸ. ਓਬਰਾਏ ਦੀਆਂ ਸਮਾਜ ਸੇਵੀ ਪ੍ਰਾਪਤੀਆਂ ਦਾ ਜ਼ਿਕਰ ਹੋਣਾ ਵੀ ਕੁਦਰਤੀ ਸੀ| ਉਹ ਉਮਰ ਵਿਚ ਛੋਟਾ ਹੈ ਤੇ ਪ੍ਰਾਪਤੀਆਂ ਵਿਚ ਵੱਡਾ|
ਉਸ ਨੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਥਾਪਨਾ ਹੀ ਨਹੀਂ ਕੀਤੀ ਹਰ ਸਾਲ ਨਵਾਂ ਕੰਮ ਵਿੱਢ ਕੇ ਸਾਥੀਆਂ ਨੂੰ ਮਾਤ ਵੀ ਪਾ ਰਿਹਾ ਹੈ| ਪਹਿਲਾਂ ਸਰਬਤ ਭਲਾਈ ਟਰਸਟ ਦੀ ਹੀ ਗੱਲ ਕਰਦੇ ਹਾਂ|
ਓਬਰਾਏ ਦੁਆਰਾ ਸਥਾਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਉਨ੍ਹਾਂ ਕੌਮਾਂ ਅਤੇ ਵਿਅਕਤੀਆਂ ਦੀ ਸਹਾਇਤਾ ਕਰ ਰਿਹਾ ਹੈ ਜੋ ਦੂਰ ਦੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਹਨ, ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ, ਵਿਸ਼ੇਸ਼ ਕਰ ਸੰਬੰਧਤ ਖੇਤਰ ਵਿਚ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਸਦਾ ਮੰਤਵ ਤੇ ਮਨੋਰਥ ਹੈ| ਭਾਰਤ ਦੇ ਪੇਂਡੂ ਅਤੇ ਪੱਛੜੇ ਖੇਤਰਾਂ ਦੇ ਸਮਾਜਿਕ ਆਰਥਿਕ ਰੂਪਾਂਤਰਣ ਲਈ ਅਜਿਹਾ ਧਰਾਤਲ ਸਿਰਜਿਆ ਜਿਸ ਰਾਹੀਂ ਪੇਂਡੂ ਲੋਕ ਸਿਹਤ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪੱਖੋਂ ਵਿਕਸਿਤ ਹੋ ਸਕਣ| ਅਜਿਹੇ ਸਮੂਹਾਂ ਅਤੇ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਜੋ ਅਜਿਹੀਆਂ ਗਤੀਵਿਧੀਆਂ ਵਿਚ ਪਹਿਲਾਂ ਤੋਂ ਹੀ ਸਰਗਰਮ ਹਨ, ਪ੍ਰਮੁੱਖ ਹੈ|
ਇੱਕ ਤਰ੍ਹਾਂ ਨਾਲ ਪੂਰੇ ਵਿਸ਼ਵ ਵਿਚ ਪੱਛੜੇ ਖੇਤਰਾਂ ਦੀ ਸਾਰ ਲੈਣਾ ਅਤੇ ਵਿਅਕਤੀਆਂ ਅਤੇ ਕੌਮਾਂ ਨੂੰ ਸਸ਼ਕਤ ਕਰਨਾ ਵੀ ਸ਼ਾਮਲ ਹੈ ਤਾਂ ਕਿ ਉਹ ਅਣਗਹਿਲੀ ਭਰੇ ਜੀਵਨ ਤੋਂ ਉੱਚੇ ਉੱਠ ਕੇ ਚੰਗੀ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਹਾਸਲ ਕਰ ਸਕਣ| ਟਰੱਸਟ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਦੱਸਦੀਆਂ ਹਨ ਕਿ ਇਹ ਪੂਰੇ ਭਾਰਤ ਵਿਚ ਤੇਜ਼ ਗਤੀ ਨਾਲ ਹੋ ਰਹੀ ਪ੍ਰਗਤੀ ਦੇ ਉੱਦਮਾਂ ਨੂੰ ਸਾਰਥਕ ਕਰਨ ਲਈ ਯਤਨਸ਼ੀਲ ਹੈ, ਵਿਸ਼ੇਸ਼ ਤੌਰ `ਤੇ ਸਮਾਜ ਤੋਂ ਹਾਸ਼ੀਏ `ਤੇ ਰਹਿ ਗਏ ਕਮਜ਼ੋਰ ਵਰਗਾਂ ਨਾਲ ਸੰਬੰਧਤ ਵਿਅਕਤੀਆਂ ਅਤੇ ਪੱਛੜੀਆਂ ਕੌਮਾਂ ਦੇ ਸਸ਼ਕਤੀਕਰਣ ਲਈ ਖਾਸ ਕਰ ਮਾਨਸਿਕ ਰੋਗ ਨਾਲ ਪੀੜਤ ਬੱਚਿਆਂ, ਅਨਾਥਾਂ, ਗੂੰਗੇ, ਬੋਲਿਆਂ, ਨੇਤਰਹੀਣਾਂ, ਵਿਧਵਾ ਔਰਤਾਂ ਅਤੇ ਬੇਹਸਾਰਿਆਂ ਵਾਸਤੇ|
ਅਜੋਕੇ ਸਮਾਜ ਵਿਚ ਲੱਖਾਂ ਵਿਚੋਂ ਇੱਕ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਐਸ.ਪੀ. ਸਿੰਘ ਲੋਕ ਭਲਾਈ ਦੇ ਖੇਤਰ ਵਿਚ ਅੰਤਰਰਾਸ਼ਟਰੀ ਸਿਤਾਰੇ ਵਜੋਂ ਉਭਰਿਆ ਹੈ ਤੇ ਸੇਵੀਅਰ ਸਿੰਘ ਵਜੋਂ ਜਾਣਿਆ ਜਾਂਦਾ ਹੈ|
ਏਥੇ ਹੀ ਬਸ ਨਹੀਂ ਓਬਰਾਏ ਦੀ ਸਰਪ੍ਰਸਤੀ ਅਧੀਨ ਸਥਾਪਿਤ ਅਪੈਕਸ ਸਮੂਹ ਆਪਣੀ ਭਰੋਸੇਯੋਗਤਾ ਅਤੇ ਸ਼ਕਤੀਸ਼ਾਲੀ ਹਿੱਸੇਦਾਰੀ ਲਈ ਜਾਣਿਆ ਜਾਂਦਾ ਹੈ| ਅਪੈਕਸ ਸਮੂਹ ਦਾ ਮਿਸ਼ਨ ਸਕਾਰਾਤਮਕ ਅਤੇ ਗਤੀਸ਼ੀਲ ਯੋਗਦਾਨ ਰਾਹੀਂ ਆਪਣੇ ਮੌਜੂਦਾ ਅਤੇ ਨਵੇਂ ਉਪਭੋਗਤਾਵਾਂ ਲਈ ਵਧੀਆ ਪਹੁੰਚ ਵਾਲੀ ਸੇਵਾ ਪ੍ਰਦਾਨ ਕਰਨਾ ਹੈ| ਉਸਨੇ ਇਸ ਸਮੂਹ ਕਲਾ ਸਮੱਗਰੀ, ਮਸ਼ੀਨਾਂ ਅਤੇ ਨਵੀਨ ਤਕਨਾਲੌਜੀ ਦਾ ਯੋਗ ਪ੍ਰਬੰਧ ਵੀ ਖੁLਦ ਹੀ ਕੀਤਾ ਹੈ|
ਗਲੋਬਲ ਖਿੱਤੇ ਵਿਚ ਇਹ ਪ੍ਰਾਪਤੀ ਅਚੰਭਿਤ ਕਰਨ ਵਾਲੀ ਤੇ ਆਪਣੇ ਆਪ ਵਿਚ ਵਿਲੱਖਣ ਤੇ ਬੇਮਿਸਾਲ ਮੰਨੀ ਜਾ ਰਹੀ ਹੈ| ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਓਬਰਾਏ ਮਾਨਵਤਾ ਦੀ ਸੇਵਾ ਨੂੰ ਸਾਰਥਕ ਕਰਨ ਲਈ ਵਚਨਬੱਧ ਹੈ|
ਐਸ.ਪੀ. ਸਿੰਘ ਦੇ ਸਥਾਪਤ ਕੀਤੇ ਟਰੱਸਟ ਨੇ ਭਾਰਤ ਦੀਆਂ ਕਿੰਨੀਆਂ ਜਿਹਲਾਂ ਵਿਚ ਪੌਣ-ਪਾਣੀ ਦਾ ਪ੍ਰਬੰਧ ਕੀਤਾ ਹੈ ਤੇ ਕਿੰਨੇ ਹਸਪਤਾਲਾਂ ਨੂੰ ਐਂਬੂਲੈਂਸ ਵੈਨਾਂ ਦਾਨ ਕੀਤੀਆਂ ਹਨ, ਗਿਣਤੀ ਤੋਂ ਬਾਹਰ ਹਨ| ਏਨਾ ਦੱਸ ਦੇਣਾ ਕਾਫੀ ਹੋਵੇਗਾ ਕਿ ਇਹ ਚੈਰੀਟੇਬਲ ਟਰੱਸਟ ਹੁਣ ਤੱਕ 142 ਵਿਅਕਤੀਆਂ ਦੀ ਫਾਂਸੀ ਮੁਆਫ ਕਰਵਾ ਚੁੱਕਿਆ ਹੈ| ਹਰ ਇੱਕ ਮੁਆਫੀ ਲਈ ਉਸਨੂੰ ਪੰਜਾਹ ਲੱਖ ਰੁਪਏ ਬਲੱਡ ਮਨੀ (ਦਾਈ) ਵਜੋਂ ਦੇਣੇ ਪਏ ਹਨ| ਇਨ੍ਹਾਂ ਵਿਚੋਂ 17 ਮੁਆਫੀਆਂ ਟਰੱਸਟ ਦੀ ਸਥਾਪਤੀ ਤੋਂ ਦੋ ਸਾਲ ਪਹਿਲਾਂ ਦੀਆਂ ਹਨ|
ਮੇਰੇ ਨਾਲ ਐਸ.ਪੀ. ਦੀ ਏਨੀ ਸਾਂਝ ਪੈ ਚੁੱਕੀ ਹੈ ਕਿ ਮੈਨੂੰ ਇਸ ਗੱਲ ਦਾ ਵੀ ਪੂਰਾ ਇਲਮ ਹੈ ਕਿ ਉਸਨੂੰ ਵਿਦੇਸ਼ਾਂ ਤੋਂ ਮਿਲਣ ਵਾਲੇ ਮਾਣ ਸਨਮਾਨ ਭਾਰਤ ਨਾਲੋਂ ਵੱਧ ਹਨ ਤੇ ਇਨ੍ਹਾਂ ਦੀ ਪ੍ਰਾਪਤੀ ਵਿਚ ਉਸਦੀ ਜੀਵਨ ਸਾਥਣ ਮਨਿੰਦਰ ਕੌਰ ਦਾ ਬੜਾ ਸਹਿਯੋਗ ਹੈ|
