ਸ਼ਿਕਾਗੋ (ਬਿਊਰੋ): ਐਫ ਬੀ ਆਈ ਨੇ ਦਸ ਮਿਲੀਅਨ ਡਾਲਰ ਦੀ ਇਕ ਕਥਿਤ ਬੈਂਕ ਫਰਾਡ ਸਕੀਮ ਵਿਚ ਚਾਰ ਵਿਅਕਤੀਆਂ ਵਿਰੁਧ ਦੋਸ਼ ਲਾਏ ਹਨ। ਇਨ੍ਹਾਂ ਵਿਚ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ਰ ਸਿੰਘ ਘੁਮਾਣ ਦਾ ਬੇਟਾ ਚਰਨਪਾਲ ਘੁਮਾਣ ਸ਼ਾਮਲ ਹੈ ਜੋ ਇਕ ਹੋਰ ਸਾਬਕਾ ਪ੍ਰਧਾਨ ਬੀਬੀ ਸੁਖਦੇਵ ਕੌਰ ਘੁਮਾਣ ਦਾ ਵੀ ਨਜ਼ਦੀਕੀ ਰਿਸ਼ਤੇਦਾਰ ਹੈ।
ਯੂ ਐਸ ਅਟਾਰਨੀ ਆਫਿਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਚਾਰ ਕਥਿਤ ਦੋਸ਼ੀਆਂ ਉਪਰ ਇਲੀਨਾਏ, ਆਇਓਆ, ਨੈਬਰਾਸਕਾ ਅਤੇ ਵਿਸਕਾਨਸਿਨ ਵਿਚ 26 ਗੈਸ ਸਟੇਸ਼ਨਾਂ ਦੀ ਵਿਕਰੀ ਲਈ ਖਰੀਦਦਾਰਾਂ ਨੂੰ ਇਥੋਂ ਦੀ ਇਕ ਸਬਰਬ ਬਫਲੋ ਗਰੂਵ ਦੇ ਇਕ ਬੈਂਕ ਪਾਸੋਂ 10 ਮਿਲੀਅਨ ਡਾਲਰ ਤੋਂ ਵੱਧ ਰਕਮ ਦੇ ਲੋਨ ਗਲਤ ਤਰੀਕੇ ਨਾਲ ਦਿਵਾਉਣ ਵਿਚ ਨਿਭਾਏ ਰੋਲ ਕਰਕੇ ਫੈਡਰਲ ਦੋਸ਼ ਲਾਏ ਗਏ ਹਨ। ਕੇਸ ਅਨੁਸਾਰ ਦੋ ਮੁਲਜ਼ਿਮਾਂ ਚਰਨਪਾਲ ਘੁਮਾਣ ਅਤੇ ਆਗਾ ਖਾਨ ਗੈਸ ਸਟੇਸ਼ਨਾਂ ਦੇ ਭਾਈਵਾਲ ਮਾਲਕ ਸਨ ਅਤੇ ਉਨ੍ਹਾਂ ਨੇ ਬੈਂਕ ਤੋਂ ਸਮਾਲ ਬਿਜਨਸ ਐਡਮਨਿਸਟਰੇਸ਼ਨ (ਐਸ ਬੀ ਏ) ਦੀ ਅੰਸ਼ਿਕ ਗਾਰੰਟੀ ਤਹਿਤ ਲਏ ਗਏ ਕਰਜਿਆਂ ਰਾਹੀਂ ਖਰੀਦਦਾਰਾਂ ਨੂੰ ਇਹ ਗੈਸ ਸਟੇਸ਼ਨ ਵੇਚੇ। ਉਨ੍ਹਾਂ ਨੇ ਕਥਿਤ ਤੌਰ ‘ਤੇ ਇਹ ਕਰਜੇ ਬੈਂਕ ਦੇ ਇਕ ਲੋਨ ਅਫਸਰ ਆਕਾਸ਼ ਬ੍ਰਹਮਭੱਟ ਰਾਹੀਂ ਜਾਅਲੀ ਵਿਤੀ ਅੰਕੜੇ ਪੇਸ਼ ਕਰਕੇ ਦਿਵਾਏ। ਇਨ੍ਹਾਂ ਜਾਅਲੀ ਅੰਕੜਿਆਂ ਅਤੇ ਦਸਤਾਵੇਜ਼ਾਂ ਵਿਚ ਇਕ ਅਕਾਊਂਟੈਂਟ ਸ਼ੀਤਲ ਮਹਿਤਾ ਵਲੋਂ ਤਿਆਰ ਕੀਤੀਆਂ ਗਈਆਂ ਝੂਠੀਆਂ ਟੈਕਸ ਰਿਟਰਨਾਂ ਵੀ ਸ਼ਾਮਲ ਹਨ।
ਇਕ ਹੋਰ ਮੁਲਜ਼ਿਮ ਆਗਾ ਖਾਨ ਦਾ ਭਰਾ ਸ਼ਬੀਰ ਖਾਨ ਹੈ ਜਿਸ ਉਪਰ ਬੈਂਕ ਫਰਾਡ ਜਾਂਚ ਦੌਰਾਨ ਸਾਹਮਣੇ ਆਏ ਟੈਕਸ ਚੋਰੀ ਦੇ ਦੋਸ਼ ਵੱਖਰੇ ਤੌਰ ‘ਤੇ ਆਇਦ ਕੀਤੇ ਗਏ ਹਨ।
ਇਕ ਫੈਡਰਲ ਗਰੈਂਡ ਜਿਊਰੀ ਵਲੋਂ ਨਿਸ਼ਚਿਤ ਕੀਤੇ ਗਏ 23 ਦੋਸ਼ਾਂ ਦੀ ਫਹਿਰਿਸਤ ਲੰਘੀ 30 ਅਕਤੂਬਰ ਨੂੰ ਨਾਰਥ ਬੈਰਿੰਗਟਨ ਵਿਚ ਰਹਿੰਦੇ 34 ਸਾਲਾ ਚਰਨਪਾਲ ਘੁਮਾਣ ਦੀ ਗ੍ਰਿਫਤਾਰੀ ਤੋਂ ਬਾਅਦ ਖੋਲ੍ਹੀ ਗਈ। ਚਰਨਪਾਲ ਉਪਰ ਬੈਂਕ ਫਰਾਡ ਦੇ 19 ਦੋਸ਼, ਬੈਂਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਤਿੰਨ ਦੋਸ਼ ਅਤੇ ਗਲਤ ਫੈਡਰਲ ਇਨਕਮ ਟੈਕਸ ਭਰਨ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ ਜਦੋਂਕਿ ਉਸ ਦੇ ਸਾਥੀ ਸ਼ਾਮਬਰਗ ਰਹਿੰਦੇ 33 ਸਾਲਾ ਆਗਾ ਖਾਨ ਵਿਰੁਧ ਬੈਂਕ ਫਰਾਡ ਦੇ ਚਾਰ ਦੋਸ਼ ਲਾਏ ਗਏ ਹਨ। ਦੋਹਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਸਮੇਂ ਫੈਡਰਲ ਹਿਰਾਸਤ ਵਿਚ ਹਨ।
ਫੈਡਰਲ ਕੇਸ ਵਿਚ ਚਰਨਪਾਲ ਘੁਮਾਣ ਅਤੇ ਆਗਾ ਖਾਨ ਦੀ ਕਰੀਬ 10 ਮਿਲੀਅਨ ਡਾਲਰ ਦੀ ਜਾਇਦਾਦ ਜਬਤ ਕਰਨ ਤੋਂ ਇਲਾਵਾ ਚਰਨਪਾਲ ਦੀ 2005 ਮਾਡਲ ਦੀ ਪੋਰਸ਼ ਕਰੇਰਾ ਜੀ ਟੀ ਕੂਪ ਕਾਰ ਵੇਚ ਕੇ 198,180 ਡਾਲਰ ਉਗਰਾਹੁਣ ਦੀ ਮੰਗ ਕੀਤੀ ਗਈ ਹੈ। ਦੋਸ਼ ਹੈ ਕਿ ਇਹ ਕਾਰ ਕਥਿਤ ਤੌਰ ‘ਤੇ ਫਰਾਡ ਰਾਹੀਂ ਕਮਾਈ ਗਈ ਰਕਮ ਨਾਲ ਖਰੀਦੀ ਗਈ ਹੈ।
ਪਹਿਲਾਂ ਨੇਪਰਵਿਲ ਅਤੇ ਹੁਣ ਟੈਕਸਸ ਰਹਿੰਦੇ 39 ਸਾਲਾ ਬ੍ਰਹਮਭੱਟ ਅਤੇ ਐਲਕ ਗਰੂਵ ਰਹਿੰਦੇ 47 ਸਾਲਾ ਸ਼ੀਤਲ ਮਹਿਤਾ ਉਪਰ ਬੈਂਕ ਫਰਾਡ ਦਾ ਇਕ ਇਕ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਪੇਸ਼ੀ ਯੂ ਐਸ ਡਿਸਟ੍ਰਿਕਟ ਕੋਰਟ ਵਲੋਂ ਮਿਥੀ ਗਈ ਤਾਰੀਖ ਨੂੰ ਹੋਵੇਗੀ।
ਲਾਏ ਗਏ ਦੋਸ਼ਾਂ ਮੁਤਾਬਕ ਬਫਲੋ ਗਰੂਵ ਦੇ ਅਮੈਰਿਕਨ ਐਂਟਰਪ੍ਰਾਈਜ਼ ਬੈਂਕ ਨੂੰ ਐਸ ਬੀ ਏ ਲੋਨ ਆਪਣੇ ਤੌਰ ‘ਤੇ ਪਾਸ ਕਰਨ ਦਾ ਅਖਤਿਆਰ ਹਾਸਲ ਸੀ, ਬਸ਼ਰਤੇ ਕਿ ਲੋਨ ਐਸ ਬੀ ਏ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੋਵੇ। ਇਨ੍ਹਾਂ ਵਿਚ ਇਹ ਸ਼ਰਤ ਵੀ ਸ਼ਾਮਲ ਸੀ ਕਿ ਲਿਆ ਗਿਆ ਲੋਨ ਕਿਸੇ ਕਾਰੋਬਾਰ ਦੇ ਕੁਲ ਨਿਵੇਸ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਸਾਲ 2006 ਅਤੇ 2009 ਦਰਮਿਆਨ ਦੋਸ਼ੀਆਂ ਨੇ ਕਥਿਤ ਤੌਰ ‘ਤੇ ਇਕ ਅਜਿਹੀ ਫਰਾਡ ਸਕੀਮ ਬਣਾਈ ਜਿਸ ਤਹਿਤ 26 ਗੈਸ ਸਟੇਸ਼ਨ ਵੇਚੇ ਗਏ ਜਿਨ੍ਹਾਂ ਵਿਚੋਂ ਕੁਝ ਇਲੀਨਾਏ ਦੇ ਸ਼ਹਿਰਾਂ ਮੈਕੋਂਬ, ਮੈਨਡੋਟਾ, ਨਿਊ ਬੋਸਟਨ, ਰੌਕ ਆਈਲੈਂਡ ਅਤੇ ਸਿਲਵਿਸ ਵਿਚ ਸਨ ਜਦੋਂਕਿ ਬਾਕੀ ਤਿੰਨ ਹੋਰ ਸਟੇਟਾਂ ਵਿਚ।
ਇਸ ਕਥਿਤ ਫਰਾਡ ਸਕੀਮ ਤਹਿਤ ਘੁਮਾਣ ਅਤੇ ਖਾਨ ਨੇ ਅਜਿਹੇ ਖਰੀਦਦਾਰਾਂ ਨੂੰ ਗੈਸ ਸਟੇਸ਼ਨ ਵੇਚੇ ਜੋ ਐਸ ਬੀ ਏ ਲੋਨ ਲੈਣ ਲਈ ਲੋੜੀਂਦੀਆਂ ਸ਼ਰਤਾਂ ਨਹੀਂ ਸਨ ਪੂਰੀਆਂ ਕਰਦੇ ਅਤੇ ਲੋਨ ਖਰੀਦਦਾਰ ਦੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਦਿਵਾਏ ਗਏ ਜਿਨ੍ਹਾਂ ਦਾ ਕਰੈਡਿਟ ਸਹੀ ਸੀ, ਹਾਲਾਂਕਿ ਘੁਮਾਣ, ਖਾਨ ਅਤੇ ਬ੍ਰਹਮਭੱਟ ਨੂੰ ਪਤਾ ਸੀ ਕਿ ਇਸ ਬੇਨਾਮੀ ਖਰੀਦਦਾਰ ਦਾ ਗੈਸ ਸਟੇਸ਼ਨ ਵਿਚ ਜਾਂ ਕਰਜੇ ਦੀ ਵਾਪਸੀ ਵਿਚ ਕੋਈ ਰੋਲ ਨਹੀਂ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਮੁਲਜ਼ਿਮਾਂ ਨੇ ਬੈਂਕ ਨੂੰ ਦੇਣ ਲਈ ਜਾਅਲੀ ਜਾਣਕਾਰੀ ਅਤੇ ਕਾਗਜ਼ਾਤ ਦਿਤੇ ਜਿਨ੍ਹਾਂ ਵਿਚ ਰੁਜ਼ਗਾਰ, ਆਮਦਨ, ਅਸਾਸਿਆਂ ਅਤੇ ਦੇਣਦਾਰੀਆਂ, ਕਥਿਤ ਤੌਰ ‘ਤੇ ਸ਼ੀਤਲ ਮਹਿਤਾ ਦੀਆਂ ਤਿਆਰ ਕੀਤੀਆਂ ਟੈਕਸ ਰਿਟਰਨਾਂ ਅਤੇ ਖਰੀਦਦਾਰਾਂ ਵਲੋਂ ਮੂਲ ਪੂੰਜੀ ਵਿਚ ਪਾਏ ਜਾਣ ਵਾਲੇ ਹਿੱਸੇ ਬਾਰੇ ਗਲਤ ਜਾਣਕਾਰੀ ਸ਼ਾਮਲ ਹੈ। ਇਹ ਵੀ ਦੋਸ਼ ਹੈ ਕਿ ਘੁਮਾਣ ਤੇ ਖਾਨ ਨੇ ਇਹ ਫਰਾਡ ਲੋਨ ਲੈਣ ਲਈ ਮਦਦ ਬਦਲੇ ਬ੍ਰਹਮਭੱਟ ਨੂੰ ਕਾਰਾਂ ਸਮੇਤ ਕੀਮਤੀ ਤੋਹਫੇ ਦਿੱਤੇ। ਲਏ ਗਏ ਕਰਜੇ ਘੁਮਾਣ ਅਤੇ ਖਾਨ ਨੂੰ ਗੈਸ ਸਟੇਸ਼ਨਾਂ ਦੀ ਅਦਾਇਗੀ ਵਜੋਂ ਉਨ੍ਹਾਂ ਦੀ ਮਾਲਕੀ ਵਾਲੀਆਂ ਕਈ ਬਿਜਨਸ ਫਰਮਾਂ ਦੇ ਜ਼ਰੀਏ ਦਿੱਤੇ ਗਏ।
ਘੁਮਾਣ ਇਕੱਲੇ ਉਪਰ ਸਾਲ 2006 ਲਈ ਗਲਤ ਫੈਡਰਲ ਇਨਕਮ ਟੈਕਸ ਰਿਟਰਨ ਭਰਨ ਦਾ ਦੋਸ਼ ਹੈ ਜਿਸ ਵਿਚ ਉਸ ਨੇ ਕੁਲ ਆਮਦਨੀ 203,583 ਡਾਲਰ ਅਤੇ ਟੈਕਸ ਦੀ ਅਦਾਇਗੀ 37,260 ਡਾਲਰ ਦਿਖਾਈ। ਜਦੋਂਕਿ ਕਥਿਤ ਤੌਰ ‘ਤੇ ਉਸ ਨੂੰ ਪਤਾ ਸੀ ਕਿ ਅਸਲ ਰਕਮਾਂ ਇਨ੍ਹਾਂ ਅੰਕੜਿਆਂ ਤੋਂ ਕਿਤੇ ਵੱਧ ਹਨ। ਸ਼ਬੀਰ ਖਾਨ ਉਪਰ ਸਾਲ 2008 ਅਤੇ 2009 ਲਈ ਫੈਡਰਲ ਇਨਕਮ ਟੈਕਸ ਰਿਟਰਨਾਂ ਨਾ ਭਰਨ ਦੇ ਦੋ ਮਿਸਡਿਮੀਨਰ ਦੋਸ਼ ਲਾਏ ਗਏ ਹਨ। ਸਾਲ 2008 ਦੌਰਾਨ ਕਥਿਤ ਤੌਰ ‘ਤੇ ਉਸ ਦੀ ਆਮਦਨ 55,000 ਡਾਲਰ ਤੋਂ ਵੱਧ ਸੀ। ਇਸ ਵਿਚ ਇਕ ਸੈਲ ਫੋਨ ਸਟੋਰ ਦੀ ਨੌਕਰੀ ਅਤੇ ਅਮੈਰਿਕਨ ਐਂਟਰਪ੍ਰਾਈਜ਼ ਬੈਂਕ ਵਲੋਂ ਕਰਜ਼ਿਆਂ ਲਈ ਦਿੱਤੇ ਗਏ ਕਮਿਸ਼ਨ ਤੋਂ ਹੋਈ ਆਮਦਨ ਸ਼ਾਮਲ ਹੈ। ਸਾਲ 2009 ਵਿਚ ਸੈਲ ਫੋਨ ਸਟੋਰ ਦੀ ਨੌਕਰੀ ਤੋਂ ਉਸ ਨੂੰ 30,000 ਡਾਲਰ ਤੋਂ ਵੱਧ ਆਮਦਨ ਹੋਈ।
ਬੈਂਕ ਫਰਾਡ ਅਤੇ ਬੈਂਕ ਰਿਸ਼ਵਤ ਦੇ ਹਰ ਮਾਮਲੇ ਵਿਚ ਦੋਸ਼ ਸਾਬਤ ਹੋਣ ‘ਤੇ ਵੱਧ ਤੋਂ ਵੱਧ 30 ਸਾਲ ਦੀ ਕੈਦ ਅਤੇ ਇਕ ਮਿਲੀਅਨ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਚਰਨਪਾਲ ਘੁਮਾਣ ਨੂੰ ਦੋਸ਼ ਸਾਬਤ ਹੋਣ ‘ਤੇ ਇਕੱਲੇ ਟੈਕਸ ਚੋਰੀ ਖਾਤੇ ਵੱਧ ਤੋਂ ਵੱਧ 3 ਸਾਲ ਦੀ ਕੈਦ ਅਤੇ ਢਾਈ ਲੱਖ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਸ਼ਬੀਰ ਖਾਨ ਨੂੰ ਦੋਸ਼ ਸਾਬਤ ਹੋਣ ‘ਤੇ ਵੱਧ ਤੋਂ ਵੱਧ ਇਕ ਸਾਲ ਦੀ ਕੈਦ ਅਤੇ ਇਕ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
Leave a Reply