ਭਗਵੰਤ ਰਸੂਲਪੁਰੀ
ਫੋਨ: 94170-64350
ਇਸ ਵਾਰ ਘਰ ਨਾਟ-ਮੰਚ ਬਣ ਗਿਆ ਸੀ|
ਭੈਣ ਬੇਅੰਤ ਮੇਰੇ ਅੱਗੇ ਬਰੈੱਡ-ਆਮਲੇਟ ਤੇ ਕੌਫ਼ੀ ਰੱਖਦੀ ਕਹਿ ਗਈ ਸੀ, ‘ਅੱਜ ਤਾਂ ਮੇਰੇ ਵੀਰ ਦੇ ਮੂੰਹ…ਸ਼ਗਨਾਂ ਦਾ ਲੱਡੂ ਲੱਗਣਾ!’
ਮੈਂ ਗਲ ਪਿਆ| ਬੂਹੇ ਵੱਲ ਵੇਖਿਆ ਤਾਂ ਭਾਪਾ ਕਾਰ ਨੂੰ ਕਾਹਲੀ-ਕਾਹਲੀ ਧੋ ਰਿਹਾ ਸੀ|
ਫਿਰ ਆਪਣੇ ਨੇੜਿਓਂ ਲੰਘਦੀ ਭੈਣ ਨੂੰ ਵੀ, ਭਾਪਾ ਕਹਿਣ ਲੱਗ ਪਿਆ ਸੀ, ‘ਕੁੜੇ ਬੇਅੰਤ! ਆਪਣੀ ਬੀਬੀ ਨੂੰ ਕਹਿ ਜਲਦੀ-ਜਲਦੀ ਤਿਆਰ ਹੋ ਜਾਵੇ|’
ਮੰਚ ’ਤੇ ਪੁੱਜਣ ਲਈ ਸਾਰੇ ਪਾਤਰ ਤਿਆਰ ਹੋਣ ਲੱਗ ਪਏ ਸਨ|
ਜਦੋਂ ਦਾ ਮੈਂ ਘਰ ਪੈਰ ਪਾਇਆ ਸੀ| ਬੀਬੀ-ਭਾਪੇ ਨੇ ਇਕੋ ਸੁਰ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ,‘ਕਾਕਾ ਸਹਿਜ! ਹੁਣ ਤੂੰ ਪੱਕਾ ਹੋ ਗਿਆ, ਬਸ ਚੂੜੇ ਵਾਲੀ ਘਰ ’ਚ ਲੈ ਆ!’ ਬੀਬੀ ਉੱਠਦੀ-ਬੈਠਦੀ ਇਹੋ ਅਲਾਪ ਕਰਦੀ ਰਹਿੰਦੀ| ਕਦੇ ਉਹਦੀ ਸੁਰ ਥੱਲੇ ਹੁੰਦੀ ਕਦੇ ਉਪਰ|
ਤੇ ਭਾਪਾ ਅਕਸਰ ਹੀ ਸ਼ਾਮ ਨੂੰ ਪੈੱਗ ਲਾ, ਮੁੱਛਾ ’ਤੇ ਹੱਥ ਫੇਰਦਾ ਕਹਿਣ ਲੱਗ ਪੈਂਦਾ ਸੀ, ‘ਵੇਖ ਸਹਿਜ ਪੁੱਤ! ਹੁਣ ਤੂੰ ਤੀਹਾਂ ਦੇ ਨੇੜੇ ਪੁੱਜ ਗਿਆਂ, ਪੜ੍ਹ ਵੀ ਗਿਆਂ ਤੇ ਸੈੱਟ ਵੀ ਹੋ ਗਿਆਂ, ਸਾਡੇ ਮਗਰ ਕੁੜੀਆਂ ਵਾਲੇ ਫਿਰਨ ਲੱਗ ਪਏ ਨੇ| ਸਵੇਰੇ ਈ ਚਾਹ ਪੀਣ ਦੇ ਟੈਮ ਫ਼ੋਨ ਵੱਜਣੇ ਸ਼ੁਰੂ ਹੋ ਜਾਂਦੇ ਨੇ…ਮੈਂ ਕਹਿ ਛੱਡਦਾਂ, ਬਈ ਮੁੰਡੇ ਨੇ ਆ ਜਾਣਾ, ਬੈਠ ਕੇ ਤਸੱਲੀ ਨਾਲ ਗੱਲ ਕਰਾਂਗੇ|’
ਤੇ ਆਖਰ ਭਾਪੇ ਨੇ ਮੇਰੇ ਘਰ ਪੁੱਜਣ ’ਤੇ ਮੈਨੂੰ ਰਿਸ਼ਤੇ ਦੇ ਜਾਲ਼ ’ਚ ਫਸਾਉਣਾ ਸ਼ੁਰੂ ਕਰ ਦਿੱਤਾ ਸੀ|
ਮੈਂ ਹਾਂ-ਹੂੰ ਕਰਦੇ ਨੇ ਵੀਹ-ਪੱਚੀ ਦਿਨ ਲੰਘਾ ਦਿੱਤੇ ਸਨ| ਮੰਚਕਾਰੀ ਤੋਂ ਵਿੱਥ ਬਣਾ ਕੇ ਘਰ ’ਚ ਵਿਚਰਨ ਲੱਗ ਪਿਆ ਸਾਂ| ਆਖਰ ਭਾਪਾ ਮੋਢੇ ’ਤੇ ਰਿਸ਼ਤੇ ਦਾ ਜਾਲ਼ ਸੁੱਟ ਕੇ ਮੇਰੇ ਮਗਰ-ਮਗਰ ਤੁਰ ਪਿਆ ਸੀ| ‘ਏਹ ਵੀ ਕਰ ਲਵੇ ਆਪਣਾ ਰਾਂਝਾ ਰਾਜ਼ੀ’ ਸੋਚ ਕੇ ਮੈਂ ਘਰ ’ਚ ਕੈਨੇਡਾ ਮੁੜਨ ਦੇ ਦਿਨ ਲੰਘਾਉਣ ਲੱਗ ਪਿਆ ਸਾਂ| ਫਿਰ ਜਾਣ ਤੋਂ ਇਕ ਦਿਨ ਪਹਿਲਾਂ ਹੀ ਮੌਕਾ ਤਾੜ ਕੇ ਭਾਪੇ ਨੇ ਮੇਰੇ ਉੱਤੇ ਜਾਲ਼ ਸੁੱਟ ਦਿੱਤਾ ਸੀ|
…ਉਹ ਦਿਨ ਆ ਹੀ ਗਿਆ ਸੀ| ਨਾਟ-ਨਿਰਦੇਸ਼ਕ ਵਿਚੋਲੇ ਨੇ ਸਾਰੇ ਪਾਤਰ ਤੇ ਦਰਸ਼ਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ|
ਉਦੋਂ ਮੈਂ ਘੁੱਟਿਆ-ਵੱਟਿਆ ਜਿਹਾ…ਵਾਲ਼ਾਂ ਨੂੰ ਪਿੱਛੇ ਕਰ, ਰਬੜ ਬੈਂਡ ਪਾ ਕੇ… ਸੂਤਰਧਾਰ ਭਾਪੇ ਦੇ ਬਰੋਬਰ ਕਾਰ ਵਿਚ ਬੈਠ ਗਿਆ ਸਾਂ| ਭਾਪਾ ਪੂਰੇ ਜਲੋ ’ਚ ਸੀ| ਵਾਰ-ਵਾਰ ਮੁੱਛਾਂ ’ਤੇ ਹੱਥ ਲੈ ਜਾਂਦਾ ਤੇ ਖੰਗੂਰਾ ਮਾਰ ਕੇ ਕਹਿੰਦਾ, ‘ਸਹਿਜ ਦੀ ਬੇਬੇ! ਛਾਬੜਾ ਸਵੀਟਸ ਤੋਂ ਪੰਜ ਕਿਲੋ ਮੋਤੀ ਚੂਰ ਦੇ ਲੱਡੂਆਂ ਦੇ ਡੱਬੇ ਚੁੱਕਣੇ ਐ… ਚੇਤਾ ਕਰਾ ਦਈਂ…ਸ਼ਗਨਾਂ ਦੇ ਕਾਰਜ ਵਿਚ ਲੱਡੂਆਂ ਦਾ ਹੋਣਾ ਜ਼ਰੂਰੀ ਹੁੰਦੈ|’
ਭੈਣ ਬੇਅੰਤ ਕੌਰ ਬੀਬੀ ਦੇ ਬਰਾਬਰ ਬੈਠੀ ਆਪਣੀ ਗੱਲ ਨੂੰ ਘਰੋੜ-ਘਰੋੜ ਕੇ ਕਹਿਣ ਲੱਗੀ ਹੋਈ ਸੀ, ‘ਭਾਪਾ ਜੀ ਪੰਜ ਕਿਓਂ…ਦਸ ਲੈ ਕੇ ਜਾਓ…ਸੁਖ ਨਾਲ ਸ਼ਗਨ ਦਾ ਕੰਮ ਐ|’
ਫੇਰ ਭਾਪਾ ਮੇਰੇ ਵੱਲ ਵੇਖਦਾ ਕਹਿਣ ਲੱਗ ਪਿਆ ਸੀ, ‘ਉਏ ਸਹਿਜ ਦੇ ਬੱਚਿਆ, ਇੰਡੀਆ ਆਉਣ ਤੋਂ ਪਹਿਲਾਂ ਦਾੜ੍ਹੀ-ਮੁੱਛ ਹੀ ਵਧਾ ਲੈਂਦਾ, ਥੋੜ੍ਹਾ ਰੋਹਬ ਪੈ ਜਾਂਦਾ…ਹੁਣ ਤਾਂ ਐਵੇਂ…ਪੁੱਤ ਤੂੰ ਆਪਣੇ ਭਾਪੇ ਦੀ ਮੁੱਛ ਈ ਦੇਖ ਲੈਂਦਾ…ਤੇਰਾ ਪਿਓ ਹਫ਼ਤੇ ਬਾਅਦ ਨਾਈ ਤੋਂ ਸ਼ੇਵ `ਤੇ ਮੁੱਛਾਂ ਦੀ ਸੈਟਿੰਗ ਕਰਾਉਣ ਜਾਂਦੈ|’ ਭਾਪਾ ਫਿਰ ਮੁੱਛਾਂ ’ਤੇ ਹੱਥ ਫੇਰਨ ਲੱਗ ਪਿਆ ਸੀ| ਜਦੋਂ ਕਿਤੇ ਜਾਣਾ ਹੁੰਦਾ ਭਾਪਾ ਖਿੱਚ ਕੇ ਸ਼ੇਵ ਕਰਦਾ, ਮੁੱਛਾਂ ’ਤੇ ਰੀਝ ਨਾਲ ਦੋ ਉਂਗਲਾਂ ਅਤੇ ਅੰਗੂਠਾ ਫੇਰਦਾ ਮਰੋੜੀ ਦਿੰਦਾ ਰਹਿੰਦਾ ਸੀ|
ਬੀਬੀ ਕਹਿਣ ਲੱਗ ਪਈ ਸੀ, ‘ਲੈ ਜਾਣ ਦੇ ਹੁਣ…ਬਸ ਵੀ ਕਰ…ਸ਼ਗਨਾਂ ਦੇ ਕੰਮ ਵਿਚ ਐਦਾਂ ਖਰੋੜ੍ਹ ਨ੍ਹੀਂ ਕਰੀਦੀ ਹੁੰਦੀ… ਅੱਛਾ!’ ਫਿਰ ਭੈਣ ਨੇ ਵਿਚ ਪੈ ਕੇ ਦੋਹਾਂ ਨੂੰ ਸ਼ਾਂਤ ਕੀਤਾ ਸੀ|
ਮੈਂ ਉਦੋਂ ਸਬਰ ਦਾ ਘੁੱਟ ਭਰ ਕੇ ਰਹਿ ਗਿਆ ਸਾਂ| ਜਦੋਂ ਮੈਂ ਆਪਣੀ ਪੀ.ਆਰ. ਦੀ ਖ਼ਬਰ ਭਾਪੇ ਨੂੰ ਦੱਸੀ ਤਾਂ ਭਾਪੇ ਹੁਰਾਂ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ| ਉਸੇ ਦਿਨ ਇਕ ਹੋਟਲ ਵਿਚ ਆਪਣੇ ਸਾਥੀ ਪ੍ਰਾਪਰਟੀ ਡੀਲਰ ਨਾਲ ਮਿਲ ਕੇ ਪਾਰਟੀ ਕੀਤੀ ਸੀ| ਉਥੇ ਹੀ ਮੈਨੂੰ ਵੀਡੀਓ ਕਾਲ ਕਰਨੀ ਸ਼ੁਰੂ ਕਰ ਦਿੱਤੀ ਸੀ| ਪਰ ਉਦੋਂ ਮੈਂ ਸੁਪਨਦੀਪ ਨਾਲ ਸਾਂ ਤੇ ਆਪਣੇ ਰੰਗਾਂ ਵਿਚ ਰੰਗਿਆ ਹੋਇਆ ਸਾਂ| ਫਿਰ ਭਾਪੇ ਹੁਰਾਂ ਮੈਨੂੰ ਪਾਰਟੀ ਦੀਆਂ ਫੋਟੋ ਭੇਜੀਆਂ ਸਨ| ਮੈਂ ਘਰ ਦਿਆਂ ਨਾਲ ਵੀਡੀਓ ਕਾਲ ਬਹੁਤ ਘੱਟ ਕਰਦਾ ਸਾਂ| ਕਦੇ ਕੰਮ ਦਾ ਬਹਾਨਾ ਲਾ ਦਿੰਦਾ ਕਦੇ ਕਾਲਜ ਦਾ| ਜਦੋਂ ਕਦੇ ਵੀਡੀਓ ਕਾਲ ’ਤੇ ਹੁੰਦਾ ਤਾਂ ਭਾਪਾ-ਬੀਬੀ ਮੇਰੇ ਹੁਲੀਏ ਨੂੰ ਵੇਖ ਕਈ ਸਵਾਲ ਕਰਦੇ ਰਹਿੰਦੇ, ‘ਉਏ ਤੂੰ ਵਾਲ਼ ਕਿਵੇਂ ਦੇ ਰੱਖੇ ਆ ਉਏ?… ਉਏ ਤੂੰ ਬਣਿਆ ਕੀ ਏਂ? ਮੈਂ ਅੱਗੋਂ ਕਹਿੰਦਾ ‘ਯਾਰ ਭਾਪੇ! ਏਹ ਕੈਨੇਡਾ ਐ…ਏਧਰ ਤਰ੍ਹਾਂ-ਤਰ੍ਹਾਂ ਦੇ ਫੈਸ਼ਨ ਐ…ਤੁਸੀਂ ਪਿੰਡ ’ਚੋਂ ਕਦੇ ਬਾਹਰ ਨੀਂ ਨਿਕਲੇ ਤੁਹਾਨੂੰ ਕੀ ਪਤੈ ਡੱਡਾਂ ਕਿਹੜੇ ਛੱਪੜ ’ਚੋਂ ਪਾਣੀ ਪੀਂਦੀਆਂ। ਅੱਗੋਂ ਭਾਪਾ ਬੋਲ ਪੈਂਦਾ…ਓਏ ਤੇਰਾ ਪਿਓ ਸੱਤ ਪੱਤਣਾਂ ਦਾ ਤਾਰੂ ਐ ਤੇ ਹੁਣ ਥੱਕ ਘਾਟ-ਘਾਟ ਦਾ ਪਾਣੀ ਪੀ ਚੁੱਕੈ…’ ਮੈਂ ਚੌੜਾ ਹੋ ਜਾਂਦਾ ਸਾਂ, ‘ਉਏ ਭਾਪੇ ਕਈ ਵਾਰ ਥੋਡੇ ਵਰਗੇ ਤਾਰੂ ਐਵੇਂ ਗੋਤਾ ਖਾ ਜਾਂਦੇ ਐ…|’ ਤੇ ਅਸੀਂ ਹੱਸ ਹੱਸ ਕੇ ਲੋਟ-ਪੋਟ ਹੋ ਜਾਂਦੇ ਸਾਂ|
ਸੱਤ ਸਾਲ ਹੋ ਗਏ ਸਨ ਮੈਨੂੰ ਕੈਨੇਡਾ ਦੇ ਸਰੀ ਸ਼ਹਿਰ ਆਇਆਂ| ਏਸ ਦੌਰਾਨ ਮੈਂ ਪੜ੍ਹਾਈ ਪੂਰੀ ਕੀਤੀ| ਕੰਮ ਕੀਤਾ ਤੇ ਤਿੰਨ ਸਾਲਾਂ ’ਚ ਪੱਕਾ ਹੋ ਗਿਆ| ਫਿਰ ਭਾਪਾ ਅਕਸਰ ਕਹਿਣ ਲੱਗ ਪੈਂਦਾ, ‘ਆ ਜਾ ਮੁੰਡਿਆ! ਏਸ ਵਾਰ ਤੇਰਾ ਘਰ ’ਚ ਪੈਰ ਢੋਲ ਦੇ ਡਗੇ ਨਾਲ ਪਵਾਉਣਾ…ਕਹੇਂ ਤਾਂ ਤੇਰੀ ਟਿਕਟ ਕਰਾ ਦਿਆਂ…|
ਫਿਰ ਭਾਪਾ-ਬੀਬੀ ਤੇ ਭੈਣ ਨੂੰ ਮਿਲਣ ਲਈ ਮੇਰਾ ਮਨ ਵੀ ਕਾਹਲਾ ਪੈਣ ਲੱਗ ਪਿਆ| ਥੋੜ੍ਹਾ ਸਹਿਜ ਹੋ ਕੇ ਆਪਣੇ ਬੀਬੀ-ਭਾਪੇ ਦਾ ਸਹਿਜ ਬਣ ਕੇ ਮੈਂ ਇੰਡੀਆ ਜਾਣ ਵਾਲੇ ਜਹਾਜ਼ੇ ਚੜ੍ਹ ਗਿਆ ਸਾਂ|
ਮੰਗਣੀ ਦੀ ਪਾਰਟੀ ਕੁੜੀ ਵਾਲਿਆਂ ਨੇ ਹੋਟਲ ’ਚ ਰੱਖੀ ਹੋਈ ਸੀ| ਸਟੇਜ ਸਜੀ ਹੋਈ ਸੀ| ਦਰਸ਼ਕ ਤੇ ਪਾਤਰ ਪੁੱਜ ਰਹੇ ਸਨ| ਕੁੜੀ ਵਾਲੇ ਦਸ-ਪੰਦਰਾਂ ਬੰਦੇ-ਔਰਤਾਂ ਸਨ| ਸਾਡੇ ਵੱਲੋਂ ਮਾਮੇ-ਮਾਮੀਆਂ ਤੇ ਮਾਸੀਆਂ ਸਨ|
ਭਾਪਾ-ਬੀਬੀ ਤੇ ਕੁੜੀ ਦੇ ਮਾਂ-ਪਿਓ ਹੱਸ-ਹੱਸ ਗੱਲਾਂ ਕਰ ਰਹੇ ਸਨ| ਵਿਚੋਲਾ ਭਾਪੇ ਦਾ ਕੋਈ ਪ੍ਰਾਪਰਟੀ ਡੀਲਰ ਦੋਸਤ ਸੀ| ਵਿਚੋਲਣ ਨੇ ਕੁੜੀ ਨੂੰ ਖਿਚ ਕੇ ਮੇਰੇ ਸਾਹਮਣੇ ਕਰ ਦਿੱਤਾ| ਉਸ ਨੇ ਹੱਥ ਜੋੜ ਕੇ ਮੈਨੂੰ ਬੁਲਾਇਆ| ਕੁੜੀ ਵਾਕਿਆ ਹੀ ਬਹੁਤ ਸੋਹਣੀ ਸੀ| ਜਿੰਨਾ ਝੂਠ ਬੋਲ ਲਓ, ਓਨੀ| ਮੇਰੀ ਨਜ਼ਰ ਉਸ ਦੀ ਹੀਲ ਵਾਲੀ ਸੁਨਹਿਰੀ ਜੁੱਤੀ ’ਤੇ ਗਈ| ਮੈਂ ਥੱਲਿਓਂ ਉਪਰ ਤੱਕ ਉਸ ਵੱਲ ਨੀਝ ਨਾਲ ਦੇਖਿਆ| ਕੱਦ ’ਚ ਉਹ ਮੇਰੇ ਬਰਾਬਰ ਆਉਣ ਦੀ ਕੋਸ਼ਿਸ਼ ’ਚ ਸੀ| ਫਿਰ ਮੇਰੀ ਨਜ਼ਰ ਉਸ ਦੇ ਹੱਥਾਂ ਵੱਲ ਗਈ, ਉਹਨੇ ਗੋਲਡਨ ਕਲਰ ਦੀ ਨੇਲ ਪਾਲਿਸ਼ ਲਗਾਈ ਹੋਈ ਸੀ| ਹਲਕੇ ਗੋਲਡਨ ਕਲਰ ਦੇ ਪਲਾਜ਼ੋ ਸੂਟ ’ਚ ਉਹ ਪਰੀ ਲੱਗ ਰਹੀ ਸੀ|
ਉਦੋਂ ਹੀ ਮੇਰੇ ਮਨ ਵਿਚ ਸਰੀ ਦੀ ਸਿੰਗਲ ਬੈੱਡਰੂਮ ਵਾਲੀ ਬੇਸਮੈਂਟ ’ਚ ਅਨੇਕਾਂ ਹੀਲ ਵਾਲੇ ਸੈਂਡਲ ਘੁੰਮਣ ਲੱਗ ਪਏ| ਡਰੈਸਿੰਗ ਟੇਬਲ ’ਤੇ ਪਏ ਵੱਖ-ਵੱਖ ਕਲਰ ਦੇ ਨੇਲ ਪਾਲਿਸ਼ ਤੇ ਮੇਕਅਪ ਦਾ ਸਾਮਾਨ ਘੁੰਮਣ ਲੱਗ ਪਿਆ ਸੀ| ਮੇਰੇ ਅੰਦਰ ਅਜੀਬ ਜਿਹੀ ਹਲਚਲ ਹੋਣ ਲੱਗ ਪਈ ਸੀ| ਮੈਂ ਬੜੀ ਮੁਸ਼ਕਲ ਨਾਲ ਸਹਿਜ ਹੋਣ ਦੀ ਕੋਸ਼ਿਸ਼ ਕਰਨ ਲੱਗਾ ਸਾਂ| ਉਦੋਂ ਕੁ ਹੀ ਮੈਨੂੰ ਭਾਪੇ ਦਾ ਖੰਗੂਰਾ ਸੁਣਾਈ ਦਿੱਤਾ…ਮੈਨੂੰ ਭਾਪੇ ਦੀ ਖਿੱਚ ਕੇ ਕੀਤੀ ਸ਼ੇਵ ਤੇ ਉੱਪਰ ਨੂੰ ਕੀਤੀ ਮੁੱਛ ਦਿਖਾਈ ਦੇਣ ਲੱਗ ਪਈ| ਮੇਰੇ ਮਨ ਵਿਚੋਂ ਕੈਨੇਡਾ ਦੇ ਦ੍ਰਿਸ਼ ਧੁੰਦਲੇ ਹੋ ਗਏ| ਮੈਂ ਆਪਣੇ ਆਪ ਨੂੰ ਵਰਤਮਾਨ ’ਚ ਲੈ ਆਇਆ ਸਾਂ|… ਮੈਨੂੰ ਮੰਗਣੀ ਵਾਲੀ ਥਾਂ ਮੰਚ ਲੱਗਣ ਲੱਗ ਪਿਆ| ਮੈਂ ਇਕ ਪਾਤਰ ਬਣ ਕੇ ਮੰਚ ਵਿਚ ਵਿਚਰਨ ਲੱਗ ਪਿਆ ਸਾਂ| ਬੀਬੀ-ਭਾਪਾ ਤੇ ਕੁੜੀ ਵਾਲੇ ਹੰਢੇ ਹੋਏ ਕਲਾਕਾਰਾਂ ਵਾਂਗ ਮੰਚਕਾਰੀ ਕਰਨ ਲੱਗੇ ਮਹਿਸੂਸ ਹੋਣ ਲੱਗ ਪਏ ਸਨ| ਮੈਨੂੰ ਲੱਗਾ ਭੈਣ, ਭਾਪੇ-ਬੀਬੀ ਨਾਲ ਰਲ਼ ਕੇ ਸਿਖੰਡਿਨ ਦਾ ਰੋਲ ਬਾ-ਖੂਬੀ ਨਿਭਾ ਰਹੀ ਸੀ| ਨਾਟਕ ਦਾ ਨਿਰਦੇਸ਼ਕ ਵਿਚੋਲਾ ਬੜੀ ਕੁਸ਼ਲਤਾ ਨਾਲ ਆਪਣੇ ਕਲਾਕਾਰਾਂ ਨੂੰ ਆਪਣਾ-ਆਪਣਾ ਰੋਲ ਸਮਝਾ ਰਿਹਾ ਸੀ| ਉਸ ਦੀ ਪਤਨੀ ਨਾਟਕ ਦੀ ਕੋ-ਨਿਰਦੇਸ਼ਕ ਬਣ ਕੇ ਉਹਦੀ ਹਾਂ ਵਿਚ ਹਾਂ ਮਿਲਾ ਰਹੀ ਸੀ| ਸ਼ਾਇਦ ਕੁੜੀ ਦੀ ਡਰੈਸ ਡਿਜ਼ਾਇਨਿੰਗ ’ਚ ਵੀ ਉਹਦੀ ਭੂਮਿਕਾ ਹੋਵੇ|
ਬੈਠਿਆਂ-ਬੈਠਿਆਂ ਹੀ ਮੈਂ ਨਾਟ ਨਿਰਦੇਸ਼ਕ ਦੀ ਆਵਾਜ਼ ਸੁਣੀ| ਉਸ ਨੇ ਮੈਨੂੰ ਵੀ ਨਾਟਕ ’ਚ ਅਦਾਕਾਰੀ ਕਰਨ ਲਈ ’ਵਾਜ਼ ਮਾਰ ਲਈ ਸੀ| ਨਿਰਦੇਸ਼ਕ ਨੇ ਮੰਚ ’ਤੇ ਦੋ ਕੁਰਸੀਆਂ ਰਖਵਾ ਦਿੱਤੀਆਂ ਸਨ ਤੇ ਮੈਨੂੰ ਇਸ਼ਾਰਾ ਕੀਤਾ ਸੀ,
‘ਸਹਿਜ ਬੇਟਾ! ਆ ਬਈ ਹੁਣ, ਸ਼ਗਨ ਦਾ ਵੇਲਾ ਹੋ ਗਿਆ|’
ਪਰ ਕੋ-ਨਿਰਦੇਸ਼ਕ ਵਿਚੋਲੇ ਦੀ ਪਤਨੀ ਨੇ ਨਾਟਕ ਨੂੰ ਇਕ ਹੋਰ ਮੋੜ ਦੇ ਦਿੱਤਾ ਸੀ| ਉਹ ਮੈਨੂੰ ਤੇ ਕੁੜੀ ਨੂੰ ਇਕ ਹੋਰ ਸਟੇਜ ’ਤੇ ਲੈ ਵੜੀ, ਇਹ ਕਹਿੰਦੀ ਹੋਈ, ‘ਰੁਕੋ-ਰੁਕੋ ਅਜੇ…ਮੁੰਡਾ-ਕੁੜੀ ਇਕ-ਦੂਜੇ ਨੂੰ ਕੋਈ ਗੱਲ ਪੁੱਛ-ਦੱਸ ਤਾਂ ਲੈਣ|’
ਕੁੜੀ ਮੇਰੇ ਸਾਹਮਣੇ ਆ ਬੈਠੀ ਸੀ| ਨਾਟਕ ਦਾ ਅਗਲਾ ਸੀਨ ਚਲ ਪਿਆ ਸੀ| ਮੈਂ ਬੈਠਦਿਆਂ ਸਾਰ ਹੀ ਬੋਲਿਆ, ‘ਮੈਨੂੰ ਤੁਹਾਡੀ ਹੀਲ ਵਾਲੀ ਜੁੱਤੀ ਪਸੰਦ ਏ…ਮੈਂ ਵੀ ਇਸੇ ਤਰ੍ਹਾਂ ਦੀ ਹੀਲ ਪਸੰਦ ਕਰਦਾਂ…ਨੁਕੀਲੀ ਤੇ ਤਿੱਖੀ! ਜੋ ਵੇਖਣ ਵਾਲੇ ਦੇ ਦਿਲ ’ਚ ਖੁੱਭ ਜਾਵੇ…|’
ਕੁੜੀ ਹੱਸ ਪਈ| ਬੋਲੀ ਕੁਝ ਨਹੀਂ ਸੀ| ਮੈਂ ਫਿਰ ਕਿਹਾ ਸੀ, ‘ਉਹ ਹਾਂ…ਨੇਲ ਪਾਲਿਸ਼ ਤੁਸੀਂ ਬੜੇ ਸਲੀਕੇ ਨਾਲ ਲਗਾਇਆ ਏ| ਏਸ ਤਰ੍ਹਾਂ ਦਾ ਨੇਲ ਪਾਲਿਸ਼ ਤਾਂ ਮੇਰਾ ਫੇਵਰਟ ਏ…ਤੇ ਮੇਕਅੱਪ ਵਾਹ…ਖੂLਬਸੂਰਤ ਹੋਣਾ ਤੇ ਖ਼ੂਬਸੂਰਤ ਬਣ ਕੇ ਦੂਜੇ ਦੇ ਸਾਹਮਣੇ ਆ ਉਹਨੂੰ ਆਪਣੀ ਮੁੱਠੀ ’ਚ ਕਰਨਾ ਕਿਸੇ-ਕਿਸੇ ਨੂੰ ਆਉਂਦਾ ਏ, ਪਲਾਜ਼ੋ ਸੂਟ ਦਾ ਕੰਟਰਾਸਟ ਵੀ ਕਮਾਲ ਦਾ ਏ…ਸਭ ਕੁਝ ਮੇਰੀ ਪਸੰਦ ਦਾ…ਕਦੇ ਕਦੇ ਤਾਂ ਕਮਾਲ ਹੋ ਜਾਂਦੀ ਐ|’
ਕੁੜੀ ਸ਼ਰਮਾ ਗਈ ਸੀ| ਏਸ ਤੋਂ ਅੱਗੇ ਮੈਂ ਹੋਰ ਗੱਲ ਕਰਦਾ, ਦਰਵਾਜ਼ੇ ’ਤੇ ਠੱਕ-ਠੱਕ ਹੋਈ| ਨਾਟ ਨਿਰਦੇਸ਼ਕ ਦੀ ਪਤਨੀ ਦਰਵਾਜ਼ੇ ’ਚ ਖੜ੍ਹੀ ਸੀ, ‘ਆ ਜਾਓ ਬਈ!…ਬਾਕੀ ਗੱਲਾਂ ਫੋਨਾਂ ਅਤੇ ਵੀਡੀਓ ਕਾਲ ’ਤੇ ਕਰੀ ਜਾਇਓ! ਹੁਣ ਤਾਂ ਬੜਾ ਕੁਝ ਆ ਗਿਆ…ਵੇਖਣ-ਪਰਖਣ ਨੂੰ…ਤੁਹਾਨੂੰ ਇਕ ਦੂਜੇ ਦਾ ਨੰਬਰ ਦੇ ਦਿਆਂਗੇ|’
ਅਸੀਂ ਉਠ ਪਏ ਸਾਂ|
ਸਟੇਜ ’ਤੇ ਰੱਖੀਆਂ ਕੁਰਸੀਆਂ ਉਤੇ ਮੈਂ ਤੇ ਉਹ ਬੈਠ ਗਏ ਸਾਂ| ਕੁੜੀ ਦੀ ਮਾਂ ਨੇ ਮੇਰੀ ਝੋਲੀ ਲੱਡੂਆਂ ਦਾ ਡੱਬਾ, ਸ਼ਗਨਾਂ ਦੇ ਪੈਸੇ ਰੱਖ ਕੇ ਮੇਰੇ ਮੂੰਹ ਨੂੰ ਮੋਤੀ ਚੂਰ ਦਾ ਲੱਡੂ ਲਗਾਇਆ| ਮੈਨੂੰ ਬੇਅੰਤ ਭੈਣ ਦੀ ਸ਼ਗਨਾਂ ਦੇ ਲੱਡੂ ਵਾਲੀ ਗੱਲ ਚੇਤੇ ਆ ਗਈ ਸੀ| ਫਿਰ ਬੀਬੀ ਨੇ ਕੁੜੀ ਦੀ ਝੋਲੀ ਸ਼ਗਨ ਪਾਇਆ| ਮੈਂ ਕੁੜੀ ਦੇ ਤੇ ਉਸ ਨੇ ਮੇਰੇ ਰਿੰਗ ਪਾਈ ਸੀ| ਹਾਲ ’ਚ ਆਏ ਰਿਸ਼ਤੇਦਾਰਾਂ ਨੇ ਦਰਸ਼ਕਾਂ ਵਾਲੀ ਅਦਾਕਾਰੀ ਸੋਹਣੀ ਕੀਤੀ| ਹਾਲ ਵਿਚ ਤਾੜੀਆਂ ਦੀ ਗੂੰਜ ਸੀ| ਭਾਪਾ, ਕੁੜੀ ਦਾ ਪਿਓ ਤੇ ਵਿਚੋਲਾ ਜੱਫ਼ੋ-ਜੱਫ਼ੀ ਹੋਈ ਜਾ ਰਹੇ ਸਨ|
ਸ਼ਗਨ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੇ ਚਾਹ-ਪਕੌੜਿਆਂ ਨਾਲ ਜਸ਼ਨ ਮਨਾਇਆ| ਭਾਪੇ ਹੁਰੀਂ ਇਕ ਨੁੱਕਰੇ ਪੈੱਗ ਲਗਾਉਣ ਬੈਠ ਗਏ|
ਉਸ ਦਿਨ ਭਾਪਾ-ਬੀਬੀ ਖੁਸ਼ ਸਨ| ਮੈਂ ਆਪਣੇ ਆਪ ਨੂੰ ਕਠਪੁਤਲੀ ਬਣ ਗਿਆ ਮਹਿਸੂਸ ਕਰਨ ਲੱਗ ਪਿਆ ਸਾਂ| ਭੈਣ ਚੁੱਪ ਕਰਕੇ ਬੈਠੀ ਹੋਈ ਸੀ| ਉਹ ਮੇਰੇ ਤੋਂ ਪੰਜ ਸਾਲ ਵੱਡੀ ਸੀ| ਪ੍ਰਾਇਮਰੀ ਸਕੂਲ ਵਿਚ ਪੱਕੀ ਨੌਕਰੀ ਕਰਦਿਆਂ, ਉਹਨੂੰ ਸੱਤ ਸਾਲ ਹੋ ਗਏ ਸਨ| ਭਾਪੇ ਹੁਰਾਂ ਉਸ ਲਈ ਕਈ ਸਾਲ ਪਹਿਲਾਂ ਤੋਂ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਸੀ|
ਮੁੰਡੇ ਵਾਲੇ ਬੇਅੰਤ ਨੂੰ ਵੇਖਦੇ| ਉਹਦੀ ਚਾਲ, ਗੱਲ-ਬਾਤ ਸੁਣਦੇ ਤੇ ‘ਸਲਾਹ ਕਰਕੇ ਦੱਸਾਂਗੇ’ ਕਹਿ ਕੇ ਤੁਰ ਜਾਂਦੇ| ਭਾਪਾ ਉਸ ਨੂੰ ਘਰੋਂ ਤੋਰਨਾ ਚਾਹੁੰਦਾ ਸੀ| ਪਰ ਕਿਤੇ ਢੋਅ-ਮੇਲ ਬਣ ਨਹੀਂ ਸੀ ਰਿਹਾ| ਨਾ ਕੋਈ ਗੱਲ ਕਿਸੇ ਤਣ-ਪੱਤਣ ਲੱਗਦੀ ਸੀ| ਉਦੋਂ ਮੈਂ ਕੈਨੇਡਾ ਪੜ੍ਹ ਰਿਹਾ ਸਾਂ| ਬੀਬੀ-ਭਾਪਾ ਤਾਂ ਬੇਅੰਤ ਦੇ ਰਿਸ਼ਤੇ ਦੀਆਂ ਮੇਰੇ ਨਾਲ ਗੱਲਾਂ ਕਰਦੇ ਨਹੀਂ ਸਨ ਥੱਕਦੇ ਪਰ ਮੈਂ ਥੱਕ ਜਾਂਦਾ ਸਾਂ, ਬੇਅੰਤ ਵੀ ਆਪਣੇ ਰਿਸ਼ਤੇ ਦੀਆਂ ਗੱਲਾਂ ਮੇਰੇ ਨਾਲ ਕਰ ਲੈਂਦੀ| ਇਕ ਦਿਨ ਮੈਂ ਪੁੱਛ ਬੈਠਾ, ‘ਭੈਣ! ਕੱਲ੍ਹ ਜੋ ਮੁੰਡੇ ਵਾਲੇ ਤੈਨੂੰ ਵੇਖਣ ਆਏ ਸੀ…ਕੀ ਕਹਿੰਦੇ ਫੇਰ?’
ਕਹਿਣ ਲੱਗੀ, ‘ਕੀ ਦੱਸਾਂ! ਮੁੰਡੇ ਦੀ ਮਾਂ ਕਹਿੰਦੀ, ਤੁਹਾਡੀ ਕੁੜੀ ’ਚ ਤਾਂ ਜਮਾਂ ਕਣ þਨੀ…ਸਿਰ ਤੋਂ ਪੈਰਾਂ ਤੱਕ ਸ਼ਤੀਰ ਜਿਹੀ ਲੱਗਦੀ ਐ| ਏਹਦੀ ਨੌਕਰੀ ਅਸੀਂ ਕੀ ਕਰਨੀ…ਕੁੜੀ ’ਚ ਭੋਰਾ ਕਣ ਤਾਂ ਹੋਵੇ|’
ਮੈਂ ਉਦੋਂ ਹੱਸ ਪਿਆ ਸਾਂ| ਮੈਨੂੰ ਪ੍ਰੀਤੂ ਚੌਂਕੀਦਾਰ ਦੀ ਗੱਲ ਚੇਤੇ ਆ ਗਈ| ਉਦੋਂ ਬੋਹੜ ਥੱਲੇ ਖੜ੍ਹ ਕੇ ਉਹ ਮੈਨੂੰ ਰੋਕ ਕੇ ਕਹਿਣ ਲੱਗਾ ਸੀ, ‘ਉਏ ਸਹਿਜ ਕੱਲ੍ਹ ਦੁਪਹਿਰੇ ਮੈਂ ਤੁਹਾਡੇ ਘਰ ਗਿਆ…ਹਾਕਾਂ ਮਾਰੀ ਜਾਵਾਂ…ਕੋਈ ਬੋਲੇ ਹੀ ਨਾ…ਹਾਕਾਂ ਮਾਰਦਾ ਵਿਹੜੇ ’ਚ ਚਲਾ ਗਿਆ, ਅੰਦਰੋਂ ’ਵਾਜ਼ ਆਈ, ‘ਅਖੇ ਚਾਚਾ ਅੰਦਰ ਲੰਘ ਆ’…ਜਮਾਂ ਮੁੰਡਿਆ ਤੇਰੇ ਵਰਗੀ ’ਵਾਜ਼…ਲੱਗਾ ਜਿਵੇਂ ਤੂੰ ਬੋਲ ਰਿਹਾ ਹੋਵੇਂ…ਅੰਦਰ ਗਿਆ ਤਾਂ ਆਪਣੀ ਬੇਅੰਤ ਕੌਰ ਬੈਠੀ ਆਲੂ ਛਿੱਲ ਰਹੀ ਸੀ| ਉਹਨੂੰ ਵੇਖ ਕੇ ਇਕ ਵਾਰ ਤਾਂ ਮੇਰਾ ਸਿਰ ਘੁੰਮਿਆ…ਅੱਖਾਂ ਹੋਰ ਉਘਾੜ ਕੇ ਬੋਲਿਆ, ‘ਕੁੜੇ ਅੰਦਰ ਕੌਣ ਬੋਲਿਆ?’… ਕਹਿਣ ਲੱਗੀ…‘ਚਾਚਾ ਮੈਂ ਬੋਲਦੀ ਪਈ ਐਂ!’… ਫੇਰ ਜਮਾਂ ਤੇਰੇ ਵਰਗੀ ’ਵਾਜ਼…ਮੈਂ ਕਿਹਾ ਕੁੜੇ ਤੇਰੀ ’ਵਾਜ਼ ਨੂੰ ਕੀ ਹੋ ਗਿਆ…ਕਿਤੇ ਦੋਵੇਂ ਭੈਣ-ਭਰਾ ਰਲ਼ ਕੇ ਚਾਚੇ ਨਾਲ ਭਕਾਈ ਤਾਂ ਨੀਂ ਮਾਰਦੇ?’
ਫਿਰ ਪ੍ਰੀਤੂ ਚੌਂਕੀਦਾਰ ਨੇ ਬੇਅੰਤ ਦੀਆਂ ਕਿੰਨੀਆਂ ਈ ਗੱਲਾਂ ਪਿੰਡ ’ਚ ਫੈਲਾ ਦਿੱਤੀਆਂ ਸਨ| ਗੱਲਾਂ ਨੂੰ ਖੰਭ ਲੱਗਦੇ ਤੇ ਉਹ ਪਿੰਡ ਵਿਚ ਉੱਡਣ ਲੱਗ ਪੈਂਦੀਆਂ| ਉੱਡਦੀਆਂ-ਉੱਡਦੀਆਂ ਭਾਪੇ ਦੇ ਕੰਨੀਂ ਵੀ ਪੈ ਜਾਂਦੀਆਂ| ਕਦੇ-ਕਦੇ ਭਾਪਾ ਪ੍ਰੀਤੂ ਚੌਂਕੀਦਾਰ ਨੂੰ ਘੇਰ ਕੇ ਖੜ ਜਾਂਦਾ, ‘ਓਏ ਲੰਗੜਿਆ! ਤੂੰ ਸਾਡੀ ਕੁੜੀ ਬਾਰੇ ਕੀ ਪੁੱਠਾ ਸਿੱਧਾ ਬੋਲਦਾ ਰਹਿੰਦਾ| ਕੰਜਰ ਦਿਆ ਦੂਜੀ ਲੱਤ ਵੀ ਤੋੜ ਦਊਂ|’
ਤੇ ਅੱਗੋਂ ਪ੍ਰੀਤੂ ਕੰਬਦਾ-ਕੰਬਦਾ ਭਾਪੇ ਦੇ ਪੈਰੀਂ ਹੱਥ ਲਾਉਣ ’ਤੇ ਆ ਜਾਂਦਾ| ਫੇਰ ਬੋਹੜ ਥੱਲੇ ਆ ਆਪੇ ਹਵਾ ਨਾਲ ਗੱਲਾਂ ਕਰਨ ਲੱਗ ਜਾਂਦਾ, ‘ਲੈ ਸੱਚ ਤਾਂ ਸੱਚ ਐ…ਭਾਵੇਂ ਤੁਸੀਂ ਸੁਣ ਲਓ…ਕੁਦਰਤ ਬੜੀ ਬੇ-ਅੰਤ ਐ ਭਾਈ…ਬੰਦਾ ਏਥੇ ਕੁਝ ਨੀਂ ਕਰ ਸਕਦਾ…ਉਹਦੀਆਂ ਖੇਡਾਂ ਉਹੀ ਜਾਣਦਾ ਐ…ਬੰਦਾ ਚਾਹੇ ਜਿੰਨੀ ਮਰਜ਼ੀ ਮੁੱਛ ਉੱਤੇ ਨੂੰ ਚੁੱਕੀ ਜਾਵੇ…ਕੁਦਰਤ ਝਟ-ਪਟ ਨੀਵੀਂ ਕਰ ਦਿੰਦੀ ਐ…ਅੱਛਾ ਦਾਤਿਆ ਭਲੀ ਕਰੀਂ…|’
ਇਨ੍ਹਾਂ ਗੱਲਾਂ ਕਰਕੇ ਭਾਪਾ-ਬੀਬੀ ਦੁਖੀ ਰਹਿਣ ਲੱਗ ਪਏ ਸਨ| ਫਿਰ ਉਹ ਸਮਾਂ ਵੀ ਆਇਆ ਕਿ ਬੇਅੰਤ ਨੂੰ ਰਿਸ਼ਤੇ ਆਉਣੋਂ ਹੀ ਹਟ ਗਏ| ਮਾੜੀ ਜਿਹੀ ਗੱਲ ਚੱਲਦੀ| ਮੁੰਡੇ ਵਾਲੇ ਪਿੰਡ ਵਿਚ ਪੁੱਛ-ਗਿੱਛ ਕਰਦੇ ਤੇ ਗੱਲ ਠੱਪ ਹੋ ਜਾਂਦੀ| ਜੇ ਕੋਈ ਮਾੜਾ-ਧੀੜਾ ਆ ਜਾਂਦਾ ਤਾਂ ਭੈਣ ਤੋੜ ਕੇ ਜਵਾਬ ਦੇ ਦਿੰਦੀ, ‘ਮੈਂ ਤਾਂ ਹੁਣ ਏਧਰ ਰਿਸ਼ਤਾ ਕਰਾਉਣਾ ਈ ਨਹੀਂ, ਮੈਂ ਤਾਂ ਸਹਿਜ ਕੋਲ ਕੈਨੇਡਾ ਵਗ ਜਾਣਾ|’
ਮੰਗਣੀ ਵਾਲੇ ਦਿਨ ਬੀਬੀ ਨੇ ਸਾਰੇ ਸ਼ਰੀਕੇ ’ਚ ਲੱਡੂ ਵੰਡੇ| ਮੈਂ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗ ਪਿਆ ਸਾਂ| ਸ਼ਾਮ ਹੋਈ ਤਾਂ ਭਾਪੇ ਦੀ ਗੱਡੀ ਚੁੱਕ ਕੇ ਸ਼ਹਿਰ ਕੁਝ ਸਾਮਾਨ ਲੈਣ ਤੁਰ ਪਿਆ| ਭਾਪੇ ਦੇ ਯਾਰ-ਬੇਲੀ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ| ਘਰੋਂ ਨਿਕਲਦਾ ਦੇਖ, ਭਾਪੇ ਨੇ ਕਿਹਾ ਵੀ ਸੀ, ‘ਸਹਿਜ ਪੁੱਤ! ਮੈਂ ਚੱਲਦਾਂ ਤੇਰੇ ਨਾਲ|’ ਪਰ ਮੈਂ ਤਾਂ ਇਕੱਲਾ ਹੀ ਜਾਣਾ ਚਾਹੁੰਦਾ ਸਾਂ|
ਉਸ ਦਿਨ ਬਾਜ਼ਾਰ ਜਾ ਕੇ ਮੈਂ ਹੀਲ ਵਾਲੀਆਂ ਜੁੱਤੀਆਂ ਦੇ ਚਾਰ ਜੋੜੇ ਲਏ, ਗੂੜ੍ਹੇ ਲਾਲ ਤੇ ਚਾਂਦੀ ਰੰਗੇ…ਇਕ ਗੋਲਡਨ| ਦੋ ਪਾਰਟੀ ’ਤੇ ਪਾਉਣ ਵਾਲੇ ਮਹਿੰਗੇ ਸੂਟ…ਜਦੋਂ ਦੁਕਾਨਦਾਰ ਨੇ ਸਾਈਜ਼ ਤੇ ਫਿਟਿੰਗ ਪੁੱਛੀ ਤਾਂ ਮੈਂ ਆਪਣੇ ਸਾਈਜ਼ ਦੇ ਦਿਖਾਉਣ ਨੂੰ ਕਹਿ ਦਿੱਤਾ| ਦੁਕਾਨਦਾਰ ਹੱਸਦਾ-ਹੱਸਦਾ ਕਹਿਣ ਲੱਗਾ, ‘ਲੱਗਦਾ ਤੁਸੀਂ ਬਾਹਰ ਲੈ ਕੇ ਜਾਣੇ ਨੇ|’… ‘ਜੀ-ਜੀ ਬਿਲਕੁਲ|’ ਕਹਿ ਕੇ ਮੈਂ ਦੋ ਸੂਟ ਪਸੰਦ ਕਰ ਲਏ ਸਨ|
ਫਿਰ ਦੂਜੀ ਦੁਕਾਨ ਉੱਤੇ ਜਾ ਕੇ ਮਹਿੰਗੇ ਬਰੈਂਡ ਵਾਲਾ ਮੇਕਅੱਪ ਦਾ ਸਾਮਾਨ ਕਾਲੇ ਪੋਲੀਥੀਨ ਵਿਚ ਪਵਾ ਕੇ ਸਾਂਭ ਲਿਆ ਸੀ| ਘਰ ਆ, ਆਪਣੇ ਕਮਰੇ ਦੀ ਕੁੰਡੀ ਲਗਾ ਕੇ ਸਾਰਾ ਖਰੀਦਿਆ ਸਾਮਾਨ ਅਟੈਚੀ ਵਿਚ ਪਾ, ਜਿੰਦੀ ਲਗਾ ਕੇ ਚਾਬੀ ਸਾਂਭ ਲਈ|
ਦੂਜੇ ਦਿਨ ਭਾਪੇ-ਬੀਬੀ ਨੇ ਮੈਨੂੰ ਦਿੱਲੀ ਏਅਰਪੋਰਟ ਛੱਡਣ ਜਾਣਾ ਸੀ| ਰਾਤ ਬਾਰਾਂ ਕੁ ਵਜੇ ਫਲਾਈਟ ਸੀ ਤੇ ਮੈਂ ਆਪਣੇ ‘ਸੁਪਨ ਸੰਸਾਰ’ ’ਚ ਪੁੱਜਣ ਲਈ ਜਹਾਜ਼ ’ਚ ਬੈਠਣਾ ਸੀ|
******
ਚਾਰ ਨੰਬਰ ਟਰਮੀਨਲ ’ਤੇ ਪੁੱਜ ਕੇ ਇਕ ਵਾਰ ਫਿਰ ਆਪਣਾ ਪਾਸਪੋਰਟ, ਜਹਾਜ਼ ਦੀ ਟਿਕਟ ਦਾ ਸਮਾਂ, ਪੀ.ਆਰ. ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਦਾ ਕਾਰਡ ਤੇ ਡਾਲਰ ਚੈਕ ਕੀਤੇ| ਟਰਾਲੀ ’ਤੇ ਬੈਗ ਲੱਦੀ ਮੈਂ ਲਾਈਨ ’ਚ ਲੱਗਣ ਦੀ ਤਿਆਰੀ ਕਰ ਹੀ ਰਿਹਾ ਸਾਂ ਕਿ ਮੇਰੀ ਨਜ਼ਰ ਭੈਣ ਬੇਅੰਤ ਵੱਲ ਚਲੇ ਗਈ| ਮੈਂ ਭਰਵੀਂ ਨਜ਼ਰ ਨਾਲ ਉਹਦੇ ਵੱਲ ਦੇਖਿਆ| ‘ਵਿਚਾਰੀ’ ਮੇਰੇ ਧੁਰ ਅੰਦਰੋਂ ਹੌਕਾ ਨਿਕਲਿਆ ਸੀ| ਪੈਂਤੀ ਸਾਲਾਂ ਤੱਕ ਪੁੱਜਦਿਆਂ ਹੀ ਉਹਦੇ ਦੁਆਲਿਓਂ ਕਿੰਨਾ ਕੁਝ ਝੜ ਗਿਆ ਸੀ| ਚਿਹਰੇ ਦੀਆਂ ਹੱਡੀਆਂ ਦਿਸਣ ਲੱਗ ਪਈਆਂ ਸਨ| ਅੱਖਾਂ ਵਿਚ ਵੜ ਗਈਆਂ ਸਨ| ਦੇਹ `ਤੇ ਭੋਰਾ ਰੋਹਬ ਨਹੀਂ ਰਿਹਾ ਸੀ| ਮੈਂ ਉਹਦੇ ਨੇੜੇ ਹੋਇਆ ਤਾਂ ਉਹ ਮੇਰੇ ਗਲ਼ ਲੱਗ ਕੇ ਸਿਸਕਣ ਲੱਗ ਪਈ| ਮੈਨੂੰ ਉਦੋਂ ਲੱਗਾ, ਜਿਵੇਂ ਮੈਂ ਹੱਡੀਆਂ ਦੀ ਮੁੱਠ ਨੂੰ ਕਲ਼ਾਵੇ ਵਿਚ ਲੈ ਲਿਆ ਹੋਵੇ| ਮੇਰੀਆਂ ਵੀ ਅੱਖਾਂ ਭਰ ਆਈਆਂ ਸਨ|
‘ਸਹਿਜ ਤੂੰ ਤਾਂ ਭਰਾਵਾ ਚੰਗੇ ਮੌਕੇ ਕੈਨੇਡਾ ਚਲੇ ਗਿਆ…ਬੀਬੀ-ਭਾਪੇ ਤੇ ਪਿੰਡ ਦੇ ਲੋਕਾਂ ਤੋਂ ਦੂਰ…ਆਜ਼ਾਦ ਹੋ ਕੇ ਮਨ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਓ ਰਿਹਾਂ…ਉਥੇ ਤੇਰੇ ਵੱਲ ਵੇਖਣ ਵਾਲਾ ਕੋਈ ਨੀਂ…ਤੈਨੂੰ ਟੋਕਣ ਵਾਲਾ ਕੋਈ ਨੀਂ…ਪਿੰਡ ਵਿਚ ਤਾਂ ਮੈਂ ਬੋਲ ਵੀ ਨਹੀਂ ਸਕਦੀ…ਨਿਗੂਣੀ ਜਿਹੀ ਕਮੀਜ਼ ਨੀਂ ਪਾ ਸਕਦੀ…ਨਿਆਣੇ ਹੱਸਣ ਲੱਗ ਪੈਂਦੇ ਨੇ…‘ਆ ਗਿਆ ਓਏ… ਆ ਗਿਆ ਓਏ’… ਕਹਿ ਨੱਠ ਜਾਂਦੇ ਨੇ| ਸਹਿਜ! ਮੈਨੂੰ ਵੀ ਕੈਨੇਡਾ ਲੈ ਜਾ…ਮੈਂ ਵੀ ਆਪਣੀ ਬਚਦੀ ਜ਼ਿੰਦਗੀ ‘ਸਹਿਜ’ ਹੋ ਕੇ ਜੀਅ ਲਵਾਂ…|’ ਬੇਅੰਤ ਮੈਨੂੰ ਕਹਿ ਰਹੀ ਸਿਸਕੀਆਂ ਭਰ ਰਹੀ ਸੀ|
ਸਾਡੇ ਤੋਂ ਕੁਝ ਫ਼ਾਸਲੇ `ਤੇ ਬੀਬੀ-ਭਾਪਾ ਖੜ੍ਹੇ ਸਨ| ਭਾਪੇ ਦਾ ਮੁੱਛ ਵੱਲ ਜਾਂਦਾ-ਜਾਂਦਾ ਹੱਥ ਰੁਕ ਗਿਆ ਸੀ| ਉਹਦੀਆਂ ਵੀ ਅੱਖਾਂ ਭਰ ਆਈਆਂ ਸਨ|
ਮੈਂ ਭੈਣ ਨੂੰ ਹੌਸਲਾ ਦਿੱਤਾ, ‘ਹੌਸਲਾ ਰੱਖ ਭੈਣੇ! ਨੀਲੀ ਛਤਰੀ ਆਲਾ ਜੋ ਕਰਦਾ ਸਹੀ ਕਰਦਾ, ਬੰਦੇ ਨੂੰ ਉਹਦੀ ਰਜ਼ਾ ’ਚ ਰਹਿਣਾ ਪੈਂਦਾ|’ ਤੇ ਮੈਂ ਭੈਣ ਨੂੰ ਛੱਡ ਬੀਬੀ ਭਾਪੇ ਦੇ ਪੈਰੀਂ ਹੱਥ ਲਾ ਕੇ ਏਅਰ ਪੋਰਟ ਅੰਦਰ ਜਾਣ ਵਾਲੀ ਕਤਾਰ ’ਚ ਜਾ ਖੜ੍ਹਾ ਸਾਂ| ਭੈਣ ਦੀਆਂ ਅੱਖਾਂ ਰੋ-ਰੋ ਲਾਲ ਹੋ ਗਈਆਂ ਸਨ| ਬੀਬੀ-ਭਾਪਾ ਹੌਸਲਾ ਦੇਣ ਲੱਗੇ ਹੋਏ ਸਨ|
****
ਜਹਾਜ਼ ਵਿਚ ਬੈਠ ਮੈਂ ਇਕ ਵਾਰ ਫਿਰ ਸੁਪਨਦੀਪ ਨਾਲ ਜੁੜ ਗਿਆ ਸਾਂ| ਰਿਸ਼ਤਾ ਮੈਂ ਭਾਪੇ-ਬੀਬੀ ਡਰੋਂ ਕਰਵਾ ਆਇਆ ਸਾਂ| ਸੋਚਿਆ ਸੀ ਇਹ ਕੇਵਲ ਮੰਗਣਾ ਹੀ ਏ| ਏਥੇ ਤਾਂ ਵਿਆਹ ਕਰਵਾ ਕੇ ਮੁੰਡਾ-ਕੁੜੀ ਦੂਜੇ ਦਿਨ ਵੱਖ ਹੋ ਜਾਂਦੇ ਨੇ| ਮਾਪਿਆਂ ਦੇ ਕਰੋੜਾਂ ਰੁਪਏ ਮਿੱਟੀ ਹੋ ਜਾਂਦੇ ਨੇ|
ਪਹਿਲਾਂ-ਪਹਿਲ ਜਦੋਂ ਮੈਂ ਸਰੀ ਦੇ ਕਾਲਜ ਪੜ੍ਹਨ ਜਾਣ ਲੱਗਾ ਸਾਂ ਤਾਂ ਕਲੀਨ ਸੇLਵ ਤਾਂ ਹੋ ਹੀ ਗਿਆ ਸਾਂ| ਕਦੇ ਕਦੇ ਵੀਕਐਂਡ ’ਤੇ ਨੇਲ ਪਾਲਿਸ਼ ਵੀ ਲਾਉਣ ਲੱਗ ਪਿਆ ਸਾਂ| ਬੱਸਾਂ ’ਚ ਏਧਰ-ਓਧਰ ਘੁੰਮਦਾ ਰਹਿੰਦਾ| ਮੈਂ ਆਪਣੀ ਬੇਸਮੈਂਟ ’ਚ ਮੇਕਅੱਪ ਦਾ ਸਾਮਾਨ ਵੀ ਲੈ ਆਇਆ ਸਾਂ| ਮੈਂ ਮੋਢਿਆਂ ਤੱਕ ਵਾਲ਼ ਵਧਾ ਲਏ ਸਨ| ਕਾਲਜ ਜਾਣ ਲੱਗਾ ਰਬੜ ਬੈਂਡ ਨਾਲ ਪਿੱਛੇ ਕਰਕੇ ਬੰਨ੍ਹ ਲੈਂਦਾ| ਜਦੋਂ ਮਨ ਕਰਦਾ ਖੋਲ੍ਹ ਲੈਂਦਾ| ਕੁਝ ਦੋਸਤ ਮੇਰੇ ਟੇਸਟ ਦੇ ਬਣ ਗਏ ਸਨ| ਉਨ੍ਹਾਂ ਵਿਚ ਇਕ ਗੋਰਾ, ਇਕ ਫਿਲਪੀਨਾ ਤੇ ਇਕ ਪੰਜਾਬੀ ਮੂਲ ਦਾ ਕੈਨੇਡਾ ਜੰਮਿਆ ਪiਲ਼ਆ ਸੁਪਨਦੀਪ ਵੀ ਸੀ| ਸਾਡਾ ਸੋਹਣਾ ਗਰੁੱਪ ਬਣ ਗਿਆ ਸੀ| ਵੀਕਐਂਡ ’ਤੇ ਅਸੀਂ ਦੂਰ ਬੀਚ ਜਾਂ ਜੰਗਲ ਵੱਲ ਨਿਕਲ ਜਾਂਦੇ ਜਾਂ ਸਮੁੰਦਰੀ ਜਹਾਜ਼ ’ਤੇ ਬੈਠ ਸਾਲਟ ਸਪ੍ਰਿੰਗ ਜਾਂ ਏਹੋ ਜਿਹੇ ਕਿਸੇ ਟਾਪੂ ’ਤੇ ਚਲੇ ਜਾਂਦੇ| ਇਕ ਵਾਰ ਤਾਂ ਜ਼ਿੰਦਗੀ ਜਿਊਣ ਦਾ ਮਜ਼ਾ ਆਉਣ ਲੱਗ ਪਿਆ ਸੀ| ਵੀਕਐਂਡ ’ਤੇ ਨਿਕਲਣ ਤੋਂ ਪਹਿਲਾਂ ਮੈਂ ਬੈਗ ਵਿਚ ਹੀਲ ਵਾਲੀ ਜੁੱਤੀ ਤੇ ਮੇਕਅੱਪ ਦਾ ਸਾਮਾਨ ਰੱਖ ਲੈਂਦਾ ਸਾਂ| ਉਸ ਦਿਨ ਗੂੜ੍ਹੇ ਲਾਲ ਰੰਗ ਦੀ ਨੇਲ ਪਾਲਿਸ਼ ਲਗਾਉਂਦਾ| ਮੇਕਅੱਪ ਕਰਕੇ ਕਾਲੇ ਰੰਗ ਦੀ ਫ਼ਰਾਕ ਪਾ ਕੇ ਆਪਣੇ ਦੋਸਤਾਂ ਵਿਚ ਰਚ-ਮਿਚ ਜਾਂਦਾ| ਸੁਪਨਦੀਪ ਵੀ ਸਾਡੇ ਗਰੁੱਪ ਵਿਚ ਹਰ ਵਾਰ ਹੁੰਦਾ ਸੀ| ਕੈਮ ਜੋ ਕਾਲਜ ਲੜਕੀ ਦੀ ਦਿੱਖ ’ਚ ਪੜ੍ਹਨ ਆਉਂਦੀ ਸੀ ਵੀਕਐਂਡ `ਤੇ ਮੁੰਡਿਆਂ ਵਾਲੇ ਕੱਪੜੇ ਪਾ ਕਾ ਸਾਡੇ ਵਿਚ ਰਲ਼ ਜਾਂਦੀ| ਅਸੀਂ ਦੋ-ਤਿੰਨ ਦਿਨ ਖੂਬ ਖ਼ਰਮਸਤੀਆਂ ਕਰਦੇ, ਖੇਡਦੇ-ਮੱਲਦੇ ਅਤੀਤ ਨੂੰ ਭੁੱਲ ਜਾਂਦੇ ਸਾਂ| ਕਾਲਜ ਆ ਕੇ ਜ਼ਿੰਦਗੀ ਦੀ ਸਟੇਜ ‘ਤੇ ਪਹਿਲਾਂ ਵਾਂਗ ਵਿਚਰਨ ਲੱਗ ਪੈਂਦੇ ਸਾਂ| ਅੰਦਰੋਂ ਅਸੀਂ ਇਕ ਦੂਜੇ ਨੂੰ ਉਸੇ ਤਰ੍ਹਾਂ ਮਿਲਦੇ ਜਿਵੇਂ ਵੀਕਐਂਡ `ਤੇ ਮਿਲਦੇ ਸਾਂ| ਕਾਲਜ ਵਿਚ, ਕੰਮ ਉੱਤੇ ਜਾਂ ਬੱਸ ਦਾ ਸਫ਼ਰ ਕਰਦਿਆਂ ਜਦੋਂ ਕੋਈ ਹਾਣ ਦਾ ਮੁੰਡਾ-ਕੁੜੀ ਮਿਲ ਪੈਂਦਾ, ਅਸੀਂ ਝਟ ਇਕ ਦੂਜੇ ਨੂੰ ਪਛਾਣ ਲੈਂਦੇ ਸਾਂ| ਗੱਲਾਂ ਕਰਨ ਲੱਗ ਪੈਂਦੇ…ਘਿਓ-ਖਿਚੜੀ ਹੋ ਜਾਂਦੇ ਤੇ ਇਕ ਦੂਜੇ ਦਾ ਮੋਬਾਈਲ ਨੰਬਰ ਸ਼ੇਅਰ ਕਰ…ਇਕ ਦੂਜੇ ਨੂੰ ਆਪਣੇ ਵ੍ਹੱਟਸ ਐਪ ਗਰੁੱਪ ’ਚ ਸ਼ਾਮਿਲ ਕਰ ਲੈਂਦੇ।
ਪੀ.ਆਰ. ਮਿਲਣ ਤੋਂ ਬਾਅਦ ਤਾਂ ਮੈਂ ਆਪਣੇ-ਆਪ ਨੂੰ ਹੋਰ ਵੀ ਆਜ਼ਾਦ ਸਮਝਣ ਲੱਗ ਪਿਆ| ਫਿਰ ਮੈਂ ਲੈਂਗਲੀ ਟਾਊਨਸ਼ਿਪ ਦੇ ਇਕ ਫਾਰਮ ਹਾਊਸ ਵਿਚ ਸਿੰਗਲ ਬੈੱਡਰੂਮ ਵਾਲਾ ਘਰ ਰੈਂਟ ’ਤੇ ਲੈ ਲਿਆ| ਇਸ ਇਲਾਕੇ ਵਿਚ ਵਧੇਰੇ ਕਰਕੇ ਫਾਰਮ ਹਾਊਸ ਸਨ| ਫਾਰਮ ਵਿਚ ਘਰ ਤੇ ਬੇਸਮੈਂਟਾਂ ਸਸਤੀਆਂ ਮਿਲ ਜਾਂਦੀਆਂ ਸਨ| ਆਉਣ-ਜਾਣ ਦੀ ਥੋੜ੍ਹੀ ਦਿੱਕਤ ਹੁੰਦੀ ਸੀ ਪਰ ਜਿਨ੍ਹਾਂ ਕੋਲ ਗੱਡੀਆਂ ਸਨ, ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਸੀ| ਫਾਰਮ ਵਿਚ ਮੇਰੇ ਘਰ ਦੇ ਪਿੱਛੇ ਮਾਲਕਾਂ ਦਾ ਇਕ ਸਟੋਰ ਸੀ| ਜਿੱਥੇ ਉਨ੍ਹਾਂ ਆਪਣਾ ਪੁਰਾਣਾ ਤੇ ਖੇਤੀਬਾੜੀ ਦਾ ਸਾਮਾਨ ਰੱਖਿਆ ਹੋਇਆ ਸੀ| ਮੇਰੇ ਵਾਲੇ ਘਰ ਦਾ ਇਕ ਦਰਵਾਜ਼ਾ ਸਟੋਰ ਵੱਲ ਵੀ ਖੁੱਲ੍ਹ ਜਾਂਦਾ ਸੀ| ਮੇਰੀਆਂ ਹੀਲ ਵਾਲੀਆਂ ਜੁੱਤੀਆਂ ਦੀ ਕੁਲੈਕਸ਼ਨ, ਹੋਰ ਸਪੋਰਟਸ ਸ਼ੂਅ, ਚੱਪਲਾਂ ਉਧਰ ਇਕ ਪਾਸੇ ਪਏ ਰਹਿੰਦੇ| ਕਦੇ-ਕਦੇ ਮੈਂ ਆਪਣੇ ਕੱਪੜੇ ਵੀ ਉਧਰ ਪਾ ਦਿੰਦਾ ਸਾਂ| ਇਕ ਦਿਨ ਮਕਾਨ ਮਾਲਕ ਸਟੋਰ ਵਿਚੋਂ ਕੋਈ ਸਾਮਾਨ ਲੱਭ ਰਿਹਾ ਸੀ| ਨਾਲ ਉਹਦੇ ਕੋਈ ਲਿਹਾਜ਼ੀ ਜਾਂ ਰਿਸ਼ਤੇਦਾਰ ਸੀ| ਉਹ ਬੰਦਾ ਮੇਰੀਆਂ ਹੀਲ ਵਾਲੀਆਂ ਜੁੱਤੀਆਂ ਵੇਖ ਕੇ ਕਹਿਣ ਲੱਗਾ, ‘ਯਾਰ ਆਹ ਕੇਹਦੀਆਂ ਨੇ…ਐਂ ਲੱਗਦਾ ਜਿਵੇਂ ਘਰ ’ਚ ਦੋ-ਤਿੰਨ ਕੁੜੀਆਂ ਰਹਿੰਦੀਆਂ ਹੋਣ…ਤੇ ਆਹ ਕੁੜੀਆਂ ਵਾਲੇ ਕੱਪੜੇ… ਤੂੰ ਤਾਂ ਕਹਿੰਦੈਂ ਏਥੇ ਇਕ ਮੁੰਡਾ ਰਹਿੰਦਾ…|’ ਉਸ ਬੰਦੇ ਦੀ ਗੱਲ ਮੈਨੂੰ ਸੁਣ ਗਈ ਸੀ| ਚੁੱਪ ਕਰ ਓਏ…ਹੌਲੀ ਬੋਲ… ਐਵੇਂ ਕਿਤੇ ਬੂਹਾ ਖੋਲ੍ਹ ਕੇ ਅੰਦਰ ਵੜ…ਝਾਤੀਆਂ ਨਾ ਮਾਰਨ ਲੱਗ ਪਈਂ…ਮੁੰਡਾ ਅੰਦਰ ਈ ਬੈਠਾ…ਹੁਣ ਇਹ ਪ੍ਰਾਪਰਟੀ ਉਹਦੀ ਐ…ਅਸੀਂ ਪੁੱਛ ਕੇ ਉਹਦੀ ਪਰਮੀਸ਼ਨ ਨਾਲ ਅੰਦਰ ਦਾਖਲ ਹੋ ਸਕਦੇ ਆਂ.. ਲਾਅ ਤਾਂ ਏਹੀ ਆ…ਪਰ ਜੇ ਤੂੰ ਅੰਦਰ ਵੜ ਵੀ ਜਾਵੇਂ ਤਾਂ ਉਹ ਕੁਝ ਨੀਂ ਕਹਿਣ ਲੱਗਾ…ਪਰ ਕਾਹਨੂੰ ਯਾਰ|’ ਫਾਰਮ ਮਾਲਕ ਕਹਿੰਦਾ ਹੋਇਆ ਉਹਨੂੰ ਬਾਹਰ ਲੈ ਗਿਆ ਸੀ| ਫਿਰ ਮੈਨੂੰ ਉੱਚੀ-ਉੱਚੀ ਹੱਸਣ ਦੀ ਆਵਾਜ਼ ਸੁਣੀ ਸੀ|
ਮੈਂ ਫਾਰਮ ਵਿਚ ਘੁੰਮਦਾ ਉਨ੍ਹਾਂ ਨੂੰ ਮਿਲ ਪੈਂਦਾ ਸਾਂ| ਫਾਰਮ ਦੇ ਮਾਲਕਾਂ ਦੇ ਘਰ ਵੀ ਚਲੇ ਜਾਂਦਾ ਸਾਂ| ਮਾਲਕ ਦੀ ਘਰਵਾਲੀ ਰੋਟੀ ਪਾਣੀ ਵੀ ਖਵਾ ਦਿੰਦੀ ਸੀ|
ਫਿਰ ਏਥੇ ਰਹਿੰਦਿਆਂ ਹੀ ਮੈਨੂੰ ਸੁਪਨਦੀਪ ਮਿਲ ਪਿਆ ਸੀ| ਉਨ੍ਹੀਂ ਦਿਨੀਂ ਉਹ ਆਪਣੀ ਕੁੰਜ ਲਾਹ ਕੇ ਅਸਲੀ ਜਾਮੇ ਵਿਚ ਆਉਣ ਲਈ ਹੱਥ-ਪੈਰ ਮਾਰ ਰਿਹਾ ਸੀ| ਉਦੋਂ ਘਰਦਿਆਂ ਦਾ ਪਰਛਾਵਾਂ ਉਹਦੇ ਉੱਤੇ ਛਾਇਆ ਰਹਿੰਦਾ ਸੀ| ਪੰਜਾਬੀ ਪਿਛੋਕੜ ਵਾਲੇ ਪਿਓ ਦਾ ਉਹ ਇਕੋ-ਇਕ ਪੁੱਤ ਸੀ ਜੋ ਸਿਟੀ ’ਚ ਟਰੱਕਾਂ ਦਾ ਕਾਰੋਬਾਰ ਕਰਦਾ ਸੀ| ਇਕ ਦਿਨ ਘਰਦਿਆਂ ਨਾਲ ਲੜ ਕੇ ਉਹਨੇ ਘਰ ਛੱਡ ਦਿੱਤਾ| ਉਹਦੀ ਆਵਾਜ਼ ਵਿਚ ਮੁੰਡਿਆਂ ਵਾਲਾ ਗੜਕਾ ਸੀ| ਉਹ ਅਕਸਰ ਗੱਲਾਂ ਕਰਦਿਆਂ ਮੁੰਡਿਆਂ ਵਾਂਗ ਹੱਥ `ਤੇ ਹੱਥ ਮਾਰ ਮੈਨੂੰ ਬਾਂਹਾਂ ਵਿਚ ਭਰ ਲੈਂਦਾ ਸੀ| ਜਦੋਂ ਉਹ ਮੇਰੇ ਕੋਲ ਠਹਿਰਦਾ ਤਾਂ ਮੈਂ ਬੜਾ ਸਹਿਜ ਹੋ ਜਾਂਦਾ ਸਾਂ| ਆਪਣੇ ਸ਼ੂਅ ਦੇ ਨਾਲ ਆਪਣੀ ਕੁੰਜ ਲਾਹ ਕੇ ਮੇਰੀ ਬੇਸਮੈਂਟ ਵਿਚ ਆ ਵੜਦਾ ਸੀ| ਮੈਂ ਵੀ ਆਪਣੇ ਅਸਲੀ ਰੂਪ ਵਿਚ ਆ ਜਾਂਦਾ ਸਾਂ| ਸਾਡੀ ਦੋਹਾਂ ਦੀ ਰਾਸ ਰਲ਼ ਗਈ ਸੀ| ਹੀਲ ਵਾਲੀਆਂ ਜੁੱਤੀਆਂ, ਮੇਕਅੱਪ ਦਾ ਸਾਮਾਨ ਤਾਂ ਬੇਸਮੈਂਟ ਵਿਚ ਪਹਿਲਾਂ ਹੀ ਸੀ ਹੁਣ ਮੁੰਡਿਆਂ ਵਾਲਾ ਸਾਮਾਨ ਵੀ ਆਉਣ ਲੱਗ ਪਿਆ ਸੀ| ਮੇਰੇ ਮੇਕਅੱਪ ਦੇ ਸਾਮਾਨ ਕੋਲ ਵਿਮੈਨ ਸੈਂਟ ਦੇ ਨਾਲ ਮੈਨ ਸੈਂਟ ਵੀ ਮਲਕ ਦੇਣੀ ਆ ਟਿਕਿਆ ਸੀ| ਜਦੋਂ ਅਸੀਂ ਵੀਕਐਂਡ `ਤੇ ਕਿਸੇ ਪਾਰਟੀ ਵਿਚ ਜਾਂਦੇ ਤਾਂ ਮੈਨੂੰ ਸੁਪਨਦੀਪ ਹੀਲ ਪਾਉਣ ਨੂੰ ਕਹਿੰਦਾ| ਉਦੋਂ ਮੈਂ ਲਾਲ ਰੰਗ ਦਾ ਨੇਲ ਪਾਲਿਸ਼ ਤੇ ਵਿਮੈਨ ਸੈਂਟ ਲਗਾ ਉਹਦੇ ਨਾਲ ਗੱਡੀ ’ਚ ਬਰਾਬਰ ਬੈਠਦਾ ਸਾਂ| ਉਹ ਗੱਡੀ ਨੂੰ ਚਲਾਉਂਦਾ ਵਾਰ-ਵਾਰ ਆਪਣੀ ਘੜੀ ਠੀਕ ਕਰਦਾ ਤੇ ਐਨਕ ਵਿਚੋਂ ਮੇਰੇ ਵੱਲ ਦੇਖਦਾ ਰਹਿੰਦਾ| ਉਦੋਂ ਮੈਨੂੰ ਬੜੀ ਤਕੜੀ ਫੀਲਿੰਗ ਆਉਂਦੀ ਸੀ|
ਦਿੱਲੀ ਏਅਰਪੋਰਟ `ਤੇ ਜਹਾਜ਼ੇ ਚੜ੍ਹਨ ਲੱਗਿਆਂ ਮੈਂ ਸੁਪਨਦੀਪ ਨੂੰ ਦੱਸ ਦਿੱਤਾ ਸੀ ਕਿ ਕਦੋਂ ਵੈਨਕੂਵਰ ਪੁੱਜਣਾ ਏ| ਜਹਾਜ਼ ਉਪਰ ਜਾ ਕੇ ਟਿਕ ਗਿਆ ਸੀ| ਏਅਰ ਹੋਸਟਸ ਕੁੜੀਆਂ ’ਚ ਹਲਚਲ ਹੋਣ ਲੱਗ ਪਈ ਸੀ| ਖਾਣੇ ਦੀਆਂ ਟਰਾਲੀਆਂ ਆ ਗਈਆਂ ਸਨ| ਮੈਂ ਵਿ੍ਹਸਕੀ ਦਾ ਪੈੱਗ ਪੀ, ਖਾਣਾ ਖਾ ਕੇ ਸੁਸਤਾਉਣ ਲਈ ਟੇਢਾ ਹੋ ਗਿਆ ਸਾਂ| ਮੇਰਾ ਖਿਆਲ ਬਹੁਤ ਪਿੱਛੇ ਚਲੇ ਗਿਆ ਸੀ|
…ਉਦੋਂ ਮੈਨੂੰ ਜਵਾਨੀ ਅਜੇ ਚੜ੍ਹਨ ਹੀ ਲੱਗੀ ਸੀ| ਮੈਂ ਬੀਬੀ ਦਾ ਨੇਲ ਪਾਲਿਸ਼ ਲਗਾ, ਉਹਦਾ ਸੂਟ ਪਾ ਕੇ ਸ਼ੀਸ਼ੇ ਮੋਹਰੇ ਖੜ੍ਹਾ ਹੋਇਆ ਹੀ ਸਾਂ ਕਿ ਬੀਬੀ ਬਾਂਸ ਵਾਲੀ ਪੌੜੀ ਰਾਹੀਂ ਕੋਠੇ ਤੋਂ ਥੱਲੇ ਉੱਤਰ ਆਈ ਸੀ| ਮੈਂ ਸਮਝੀ ਬੈਠਾ ਸਾਂ ਕਿ ਬੀਬੀ ਘਰੋਂ ਬਾਹਰ ਗਵਾਂਢ ’ਚ ਮਕਾਣੇ ਗਈ ਹੋਈ ਏ| ਮੇਰੇ ਸੂਟ ਪਾਇਆ ਵੇਖ ਕੇ ਬੀਬੀ ਮੈਨੂੰ ਥਾਪੜਨ ਲੱਗ ਪਈ, ‘ਵੇ ਨਾ ਹੁਣ ਆ ਤੂੰ ਕਿਹੜੇ ਸ਼ੌਂਕ ਪਾਲਣ ਲੱਗਾ ਹੋਇਆ? ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰੀਦੇ ਐ…ਲੈ ਵੇਖ ਕਿਵੇਂ ਨਹੁੰ ਪਾਲਿਸ਼ ਲਾਈ ਫਿਰਦਾ… ਸਾਰੀ ਸ਼ੀਸ਼ੀ ਮੁਕਾ ਛੱਡੀ ਐ…ਲੈ ਸੁਰਖ਼ੀ ਪਾਊਡਰ ਵੀ ਲਾਈ ਫਿਰਦਾ…ਥੇਹ ਪੈਣਾ!’ ਬੀਬੀ ਮੇਰੀ ਲਿਪਸਟਿਕ ਪੂੰਝਣ ਲੱਗ ਪਈ ਸੀ| ਕਦੇ-ਕਦੇ ਮੇਰਾ ਜੀਅ ਕਰਦਾ ਕਿ ਮੈਂ ਵਾਲ਼ ਵਧਾ ਕੇ ਗੁੱਤਾਂ ਕਰਾਂ ਤੇ ਅਦਾ ਨਾਲ ਗੱਲਾਂ ਕਰਾਂ…ਇਕ ਵਾਰ ਪੰਜਾਬੀ ਵਾਲੇ ਮਾਸਟਰ ਨੇ ਇਕ ਨਾਟਕ ਵਿਚ ਮੈਨੂੰ ਚੰਦੂ ਦੀ ਵਹੁਟੀ ਦਾ ਰੋਲ ਵੀ ਦਿੱਤਾ ਸੀ| ਉਸ ਦਿਨ ਤੋਂ ਬਾਅਦ ਸਾਰੇ ਸਕੂਲ ਦੇ ਮੈਨੂੰ ਚੰਦੂ ਦੀ ਵਹੁਟੀ ਕਹਿਣ ਲੱਗ ਪਏ ਸਨ| ਜਦੋਂ ਭਾਪੇ ਨੂੰ ਪਤਾ ਲੱਗਾ ਤਾਂ ਉਹ ਮਾਸਟਰ ਨਾਲ ਲੜਨ ਸਕੂਲ ਆ ਗਿਆ ਸੀ, ‘ਉਏ ਗੱਲ ਸੁਣ ਮਾਸਟਰਾ! ਤੇਰਾ ਕੀ ਕੰਮ ਆ…ਨਿਆਣੇ ਨੂੰ ਕਿਸੇ ਦੀ ਵਹੁਟੀ ਬਣਾਉਣ ਦਾ…ਯਾਰ ਹੱਦ ਹੋਗੀ…ਅਸੀਂ ਤੈਨੂੰ ਨਿਆਣੇ ਪੜ੍ਹਾਉਣ ਨੂੰ ਭੇਜਦੇ ਆਂ ਕਿ ਨਾਟਕਾਂ ਵਿਚ ਕੁੜੀਆਂ-ਬੁੜ੍ਹੀਆਂ-ਵਹੁਟੀਆਂ ਬਣਾਉਣ ਨੂੰ…ਜੇ ਨਾਟਕ ਕਰਨਾ ਐਂ ਤਾਂ ਕੋਈ ਬੰਦਿਆਂ ਆਲੇ ਕਰਵਾਓ…|’ ਅੱਗੋਂ ਮਾਸਟਰ ਭਾਪੇ ਅੱਗੇ ਲੇਲੜ੍ਹੀਆਂ ਕੱਢਣ ਲੱਗ ਪਿਆ ਸੀ, ‘ਵੇਖੋ ਨਾ ਭਾਜੀ! ਨਾਟਕ ਤਾਂ ਨਾਟਕ ਹੁੰਦਾ…ਕੋਈ ਸੱਚੀ ਥੋੜ੍ਹਾ ਕਿਸੇ ਦੀ ਵਹੁਟੀ ਬਣ ਜਾਂਦਾ| ਮੈਂ ਹੁਣੇ ਨਿਆਣਿਆਂ ਨੂੰ ਸੂਤ ਕਰਦਾਂ…|’ ਸਕੂਲ ਵਿਚ ਕਈ ਵਾਰ ਮੇਰੇ ਹਾਣੀ ਮੇਰੀਆਂ ਗੱਲ੍ਹਾਂ ਪੁੱਟ ਦਿੰਦੇ, ਚੂੰਢੀਆਂ ਵੱਢ ਦਿੰਦੇ ਸਨ| ਕੋਈ ਮੇਰੀ ਪੈਂਟ ਥੱਲੇ ਨੂੰ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਸੀ| ਮੈਂ ਰੋਂਦਾ-ਰੋਂਦਾ ਮਾਸਟਰ ਕੋਲ ਚਲੇ ਜਾਂਦਾ| ਅੱਗੋਂ ਮਾਸਟਰ ਮੇਰੇ ਵੱਲ ਵੇਖ ਕੇ ਹੱਸਣ ਲੱਗਦਾ|
ਜਦੋਂ ਕਦੇ ਪ੍ਰੀਤੂ ਚੌਂਕੀਦਾਰ ਮੈਨੂੰ ਪਿੰਡ ਵਿਚ ਟੱਕਰ ਜਾਂਦਾ ਤਾਂ ਮੂੰਹ ਜਿਹਾ ਬਣਾ ਕੇ ਮੈਨੂੰ ਕਹਿਣ ਲੱਗਦਾ, ‘ਉਏ ਸਹਿਜ ਦੇ ਬੱਚਿਆ, ਐਂ ਦੱਸ ਤੂੰ ਤੁਰਦਾ ਕਿਵੇਂ ਐਂ…ਲੈ ਦੱਸ ਕੰਜਰ ਦਿਆ ਮੁੰਡਿਆਂ ਵਾਂਗ ਤੁਰੀਦਾ ਹੁੰਦਾ…ਫੇਰ ਤੇਰਾ ਭਾਪਾ ਲੋਕਾਂ ਦੇ ਘਰਾਂ ’ਚ ਜਾ ਕੇ ਲੜਦਾ ਫਿਰਦਾ, ਅਖੇ ਮੇਰੇ ਮੁੰਡੇ ਨੂੰ ‘ਚੰਦੂ ਦੀ ਵਹੁਟੀ’ ਕਹਿ ਕੇ ਛੇੜਦੇ ਆ|’
ਮੈਂ ਉਹਦੇ ਵੱਲ ਗੁੱਸੇ ’ਚ ਵੇਖਦਾ ਅੱਗੇ ਲੰਘ ਜਾਂਦਾ| ਪਿੱਛੋਂ ਪ੍ਰੀਤੂ ਚੌਂਕੀਦਾਰ ਫਿਰ ਟਕੋਰ ਮਾਰਦਾ, ‘ਮਿੰਦਰ ਦੇ ਨਿਆਣੇ ਵੀ ਬਸ ਕੁਝ ਨੀਂ…ਮੁੰਡਾ ਜਮ੍ਹਾਂ ਈ ਫੋਸੜ…ਤੇ ਕੁੜੀ ਦਾ ਹਾਲ ਉਹਤੋਂ ਵੀ ਮਾੜਾ…ਉੱਤੋਂ ਮਿੰਦਰ ਆਪਣੀ ਮੁੱਛ ਥੱਲੇ ਨੀਂ ਹੋਣ ਦਿੰਦਾ…|’ ਉਦੋਂ ਮੇਰਾ ਜੀਅ ਕਰਦਾ ਉਹਦੀ ਢੂਹੀ ਦੰਦੀਆਂ ਵੱਢ-ਵੱਢ ਕੇ ਖਾ ਜਾਵਾਂ|
ਪਰ ਕੈਨੇਡਾ ਪੁੱਜ ਕੇ ਏਸ ਤਰ੍ਹਾਂ ਦੀ ਕੋਈ ਗੱਲ ਨਹੀਂ ਦਿਸੀ| ਬੰਦਾ ਚਾਹੇ ਜਿਹੋ ਜਿਹੇ ਮਰਜ਼ੀ ਕੱਪੜੇ ਪਾ ਲਵੇ…ਜਿਸ ਤਰ੍ਹਾਂ ਮਰਜ਼ੀ ਮੇਕਅੱਪ ਕਰ ਲਵੇ ਜਾਂ ਨਾ ਈ ਕਰੇ| ਇਕ ਵਾਰ ਰਾਤ ਨੂੰ ਕਾਲਜ ਕੋਈ ਪ੍ਰੋਗਰਾਮ ਸੀ ਮੈਂ ਟਾਪ ਜੀਨਜ਼, ਹੀਲ ਵਾਲੀ ਜੁੱਤੀ ਤੇ ਲਿਪਸਟਿਕ ਲਾ ਕੇ ਗਿਆ| ਮੇਰੇ ਨਾਲ ਪੜ੍ਹਦੀ ਕੈਮ ਮੁੰਡਾ ਬਣ ਕੇ ਆਈ ਸੀ| ਅਸੀਂ ਦੋਵੇਂ ਰੈਪ ਗੀਤਾਂ ’ਤੇ ਬਹੁਤ ਨੱਚੇ ਸਾਂ| ਕਿਸੇ ਨੇ ਵੀ ਸਾਡੇ ਵੱਲ ਬਹੁਤਾ ਧਿਆਨ ਨਾ ਦਿੱਤਾ| ਇਕ-ਦੋ ਦੋਸਤ ਮੈਨੂੰ ਗਲਵੱਕੜੀ ਪਾ ਕੇ ਵੀ ਮਿਲੇ| ਫਿਰ ਅਸੀਂ ਦੋਹਾਂ ਨੇ ਪੱਬ ’ਚ ਬੈਠ ਕੇ ਰੈੱਡ ਵਾਈਨ ਪੀਤੀ| ਉਸ ਰਾਤ ਕੈਮ ਮੇਰੀ ਬੇਸਮੈਂਟ ’ਚ ਸੁੱਤੀ ਸੀ|
ਕਦੇ ਕਦੇ ਬੇਅੰਤ ਭੈਣ ਵ੍ਹੱਟਸ ਐਪ ’ਤੇ ਗੱਲਾਂ ਕਰਦਿਆਂ ਮੇਰੇ ਨਾਲ ਮਨ ਦੀ ਭੜਾਸ ਕੱਢ ਲੈਂਦੀ, ‘ਭਰਾਵਾ ਮੇਰਾ ਵੀ ਕਦੇ-ਕਦੇ ਜੀਅ ਕਰਦਾ ਮੈਂ ਜੈਂਪਰ ਸਲਵਾਰ ਪਾੜ ਕੇ ਪਰ੍ਹੇ ਸੁੱਟ ਦਿਆਂ| ਹੁਣ ਜੇ ਮੇਰੀ ਆਵਾਜ਼ ਬਦਲ ਗਈ ਐ ਤਾਂ ਮੇਰਾ ਕੀ ਕਸੂਰ?… ਰੱਬ ਨੇ ਮੈਨੂੰ ਗੱਭੇ ਸੁੱਟ ਦਿੱਤਾ…ਨਾ ਮੈਂ ਆਰ ਜੋਗੀ ਨਾ ਪਾਰ ਜਾਣ ਜੋਗੀ…ਤ੍ਰਿਸ਼ੰਕੂ ਵਾਂਗ ਵਿਚੇ ਲਟਕੀ ਹੋਈ ਆਂ| ਸਕੂਲ ਚਲੇ ਜਾਂਦੀ ਆਂ ਤਾਂ ਦਿਨ ਲੰਘ ਜਾਂਦਾ| ਨਹੀਂ ਭਾਪਾ-ਬੀਬੀ ਤਾਂ ਮੈਨੂੰ ਟੁੱਟ-ਟੁੱਟ ਪੈਂਦੇ ਐ|’
ਮੈਂ ਦੱਸਦਾ ਸਾਂ ਕਿ ਏਥੇ ਕੋਈ ਰੋਕ-ਟੋਕ ਨਹੀਂ…ਮੈਂ ਉਸ ਨਾਲ ਆਪਣੇ ਦੋਸਤਾਂ ਤੇ ਵੀਕਐਂਡ `ਤੇ ਕੀਤੀ ਮਸਤੀ ਦੀਆਂ ਗੱਲਾਂ ਕਰ ਲੈਂਦਾ ਸਾਂ| ਕੈਮ ਅਤੇ ਸੁਪਨਦੀਪ ਦੀਆਂ ਗੱਲਾਂ ਅਕਸਰ ਦੱਸਦਾ ਰਹਿੰਦਾ| ਫਿਰ ਉਹਨੇ ਮੰਗ ਕੇ ਮੇਰੇ ਤੋਂ ਕੈਮ ਦਾ ਨੰਬਰ ਲਿਆ ਤੇ ਉਸ ਨਾਲ ਗੱਲਾਂ ਕਰਨ ਲੱਗ ਪਈ|
ਭੈਣ ਮੇਰੀਆਂ ਗੱਲਾਂ ਸੁਣਦੀ ਰਹਿੰਦੀ| ਮੈਨੂੰ ਲੱਗਦਾ ਜਿਵੇਂ ਮੇਰੀਆਂ ਗੱਲਾਂ ਸੁਣ ਕੇ ਉਹ ਹਟਕੋਰੇ ਭਰਦੀ ਹੋਵੇ| ਮੈਂ ਕਹਿੰਦਾ, ‘ਏਥੇ ਕੋਈ ਵੀ ਕਿਸੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਨਹੀਂ ਦੇਖਦਾ| ਹਰ ਬੰਦਾ-ਜਵਾਨ ਆਪਣੇ ਆਪ ਵਿਚ ਮਸਤ ਰਹਿੰਦਾ| ਭਾਵੇਂ ਕੋਈ ਗੋਰੀ ਬਿਕਨੀ ਪਾ ਕੇ ਲੰਘ ਜਾਵੇ ਕੋਈ ਨੀਂ ਵੇਖਦਾ| ਬੀਚਾਂ `ਤੇ ਸਭ ਇਕ ਹੋ ਜਾਂਦੇ ਤੇ ਪਾਣੀ ਨਾਲ ਖੇਡਦੇ|
ਫਿਰ ਬੀਬੀ-ਭਾਪੇ ਭੈਣ ਦੇ ਵਿਆਹ ਦਾ ਵਰਕਾ ਈ ਪਾੜ ਦਿੱਤਾ ਸੀ| ਉਹਨੂੰ ਕਹਿਣਾ ਬੰਦ ਕਰ ਦਿੱਤਾ ਤੇ ਭਾਣਾ ਮੰਨ ਲਿਆ ਸੀ| ਸਾਰਾ ਧਿਆਨ ਮੇਰੇ ਵੱਲ ਕਰ ਲਿਆ ਸੀ|
ਮੈਨੂੰ ਝਟਕਾ ਲੱਗਾ ਤੇ ਮੈਂ ਤ੍ਰਬਕ ਕੇ ਉੱਠ ਪਿਆ ਸਾਂ|
****
ਮੇਰੇ ਅੱਗੇ ਜਹਾਜ਼ ਦਾ ਮੈਪ ਚੱਲ ਰਿਹਾ ਏ| ਜਹਾਜ਼ ਤੇਜ਼ੀ ਨਾਲ ਵੈਨਕੂਵਰ ਵੱਲ ਵਧ ਰਿਹਾ ਏ| ਸੁਪਨਦੀਪ ਨੂੰ ਮਿਲਣ ਲਈ ਮਨ ਕਾਹਲਾ ਪੈ ਰਿਹਾ ਏ| ਸੋਚਾਂ ਸੋਚਦਾ ਮੈਂ ਵਾਸ਼ਰੂਮ ਵਿਚ ਜਾ ਕੇ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰ, ਮੁੜ ਆਪਣੀ ਸੀਟ ’ਤੇ ਬੈਠ ਗਿਆ ਸਾਂ|
ਏਅਰ ਹੋਸਟਸ ਸੀਟ ਬੈਲਟ ਲਗਾਉਣ ਨੂੰ ਕਹਿਣ ਲੱਗ ਪਈਆਂ ਸਨ|
****
ਵੈਨਕੂਵਰ ਦੀ ਧਰਤੀ ’ਤੇ ਪੈਰ ਰੱਖਦਿਆਂ ਹੀ ਮੇਰੇ ’ਚ ਨਵੀਂ ਊਰਜਾ ਭਰ ਜਾਂਦੀ ਏ|
ਇੰਮੀਗ੍ਰੇਸ਼ਨ ਦੀ ਲਾਈਨ ’ਚ ਲੱਗਿਆ ਮੈਂ ਸੁਪਨਦੀਪ ਨੂੰ ਕਾਲ ਕਰਦਾ ਹਾਂ| ਉਹ ਬਾਹਰ ਮੇਰੀ ਉਡੀਕ ਕਰ ਰਿਹਾ ਏ| ਇੰਮੀਗ੍ਰੇਸ਼ਨ ਕਰਵਾ ਆਪਣਾ ਅਟੈਚੀ ਚੁੱਕ, ਟਰਾਲੀ ’ਤੇ ਰੱਖ ਮੈਂ ਵਾਸ਼ਰੂਮ ’ਚ ਵੜ ਗਿਆ ਸਾਂ| ਹੈþਂਡਬੈਗ ’ਚੋਂ ਹੀਲ ਵਾਲੀ ਜੁੱਤੀ ਕੱਢ ਪਾ ਲੈਂਦਾ ਹਾਂ| ਗੂੜ੍ਹੀ ਲਿਪਸਟਿਕ ਤੇ ਨੇਲ ਪਾਲਿਸ਼ ਲਾ…ਰਬੜ ਬੈਂਡ ਨਾਲ ਬੰਨ੍ਹੇ ਹੋਏ ਵਾਲ਼ ਖੋਲ੍ਹ…ਕੰਘੀ ਕਰਦਾ ਹਾਂ…ਏਅਰ ਪੋਰਟ ਤੋਂ ਬਾਹਰ ਆ ਜਾਂਦਾ ਹਾਂ| ਸੁਪਨਦੀਪ ਮੈਨੂੰ ਦੂਰੋਂ ਵੇਖ ਮੇਰੇ ਵੱਲ ਨੱਠਾ ਆਉਂਦਾ ਏ| ਪੈਂਟ-ਸ਼ਰਟ ਪਾਈ ਉਹ ਸਮਾਰਟ ਬੁਆਏ ਦਾ ਭਰਮ ਸਿਰਜ ਰਿਹਾ ਏ| ਉਹ ਮੇਰੇ ਵੱਲ ਫੁੱਲਾਂ ਦਾ ਗੁਲਦਸਤਾ ਵਧਾਉਂਦਾ ਏ ਤਾਂ ਮੈਂ ਫੁੱਲ ਵਾਂਗ ਖਿੜ ਜਾਂਦਾ ਹਾਂ| ਅਸੀਂ ਪਲਾਂ ’ਚ ਇਕ-ਦੂਜੇ ਨੂੰ ਬਾਹਾਂ ’ਚ ਲੈ ਲੈਂਦੇ ਹਾਂ| ਮੈਨੂੰ ਉਹਦੇ ਕੱਪੜਿਆਂ ’ਚੋਂ ‘ਮੈਨ’ ਵਾਲੇ ਸੈਂਟ ਦੀ ਖੁਸ਼ਬੂ ਆ ਰਹੀ ਏ| ਮੈਂ ਮਦਹੋਸ਼ ਹੋ ਜਾਂਦਾ ਹਾਂ|
ਉਦੋਂ ਹੀ ਮੈਨੂੰ ਵ੍ਹਟਸ ਐਪ ’ਤੇ ਕਾਲ ਆ ਜਾਂਦੀ ਏ| ਮੈਂ ਆਈ ਫੋਨ ਆਨ ਕਰਦਾ ਹਾਂ ਤੇ ਅੱਗੋਂ ਮੈਨੂੰ ਇਕ ਕੁੜੀ ਦਾ ਚਿਹਰਾ ਦਿਖਾਈ ਦਿੰਦਾ ਏ| ਮੈਂ ਗਹੁ ਨਾਲ ਪਛਾਣਦਾ ਹਾਂ| ਇਹਦੇ ਨਾਲ ਹੀ ਤਾਂ ਮੇਰੀ ਦੋ ਦਿਨ ਪਹਿਲਾਂ ਮੰਗਣੀ ਹੋਈ ਸੀ|
ਇਕ ਪਾਸੇ ਹੋ ਮੈਂ ਉਹਦੇ ਨਾਲ ਗੱਲ ਕਰਦਾ ਹਾਂ, ‘þਹੈਲੋ ਡੀਅਰ…ਤੇਰਾ ਕੀ ਹਾਲ ਏ| ਮੈਂ ਆਪਣੇ ਸੁਪਨ ਦੇਸ਼ ਕੈਨੇਡਾ ਪੁੱਜ ਗਿਆ ਹਾਂ| ਤੈਨੂੰ ਕਿਹਾ ਸੀ ਨਾ ਮੈਨੂੰ ਹੀਲ ਵਾਲੀ ਜੁੱਤੀ ਬਹੁਤ ਪਸੰਦ ਏ…ਤੇ ਗੂੜ੍ਹੇ ਰੰਗ ਦੀ ਨੇਲ ਪਾਲਿਸ਼…ਤੇ ਨਾਲ ਰੈੱਡ ਕਲਰ ਦੀ ਮੈਟ ਵਾਲੀ ਲਿਪਸਟਿਕ ਵੀ|’ ਫਿਰ ਮੈਂ ਉਹਨੂੰ ਆਪਣੀ ਹੀਲ ਵਾਲੀ ਜੁੱਤੀ ਵਿਖਾਉਂਦਾ ਹਾਂ…ਬੁੱਲ੍ਹ ਮਰੋੜ ਕੇ ਲਿਪਸਟਿਕ…ਤੇ ਨੇਲ ਪਾਲਿਸ਼ ਵੀ| ਉਹ ਕਿੰਨਾ ਚਿਰ ਮੇਰੇ ਵੱਲ ਦੇਖਦੀ ਰਹਿੰਦੀ ਏ, ਜਿਵੇਂ ਪੱਥਰ ਹੋ ਗਈ ਹੋਵੇ| ਉਹਦੇ ਪਿੱਛੇ ਉਹਦੀ ਮਾਂ ਖੜ੍ਹੀ ਵੀ ਦਿਸਦੀ ਏ| ਇਸ ਦੌਰਾਨ ਕਾਲੇ ਰੰਗ ਦੀ ਗੱਡੀ ਕੋਲ ਜਾ ਕੇ, ਸੁਪਨਦੀਪ ਮੈਨੂੰ ਆਵਾਜ਼ ਮਾਰਦਾ ਏ| ਫਿਰ ਇਕਦਮ ਮੋਬਾਈਲ ਦੀ ਸਕਰੀਨ ਅੱਗੇ ਹਨੇਰਾ ਆ ਜਾਂਦਾ ਏ| ਲੱਗਦਾ ਏ ਜਿਵੇਂ ਮੇਰੀ ਮੰਗੇਤਰ ਦੇ ਹੱਥੋਂ ਮੋਬਾਈਲ ਡਿੱਗ ਗਿਆ ਹੋਵੇ, ਮੇਰੇ ਵੱਲ ਵੇਖ ਕੇ ਸ਼ਾਇਦ ਉਹ ਵੀ ਡਿੱਗ ਗਈ ਹੋਵੇ| ਮੈਂ ਸੁਪਨਦੀਪ ਵੱਲ ਵੇਖਦਾ ਹਾਂ| ਮੇਰੀਆਂ ਅੱਖਾਂ ਰੌਸ਼ਨੀ ਨਾਲ ਭਰ ਜਾਂਦੀਆਂ ਨੇ| ਅਸੀਂ ਇਕ ਸੈਲਫੀ ਕਲਿੱਕ ਕਰਦੇ ਹਾਂ| ਆਪਣੇ ਅੰਦਾਜ਼ ਵਿਚ ਨਾਟ-ਮੰਚ ਤੋਂ ਹਕੀਕਤ ਵੱਲ…ਤੁਰਦਾ ਹੋਇਆ…‘ਸੁਪਨਦੀਪ’ ਦੇ ਨਾਲ ਵਾਲੀ ਸੀਟ ਉੱਤੇ ‘ਸਹਿਜ’ ਹੋ ਕੇ ਬੈਠ ਜਾਂਦਾ ਹਾਂ|
ਕਅਹਅਨਦਿਹਅਰਅ.ਗਮਅਲਿ.ਚੋਮ)
