ਬੂਟਾ ਸਿੰਘ ਮਹਿਮੂਦਪੁਰ
ਗ਼ਾਜ਼ਾ ਵਿਚ ਫ਼ਲਸਤੀਨੀ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਕਰੂਰ ਤੋਂ ਕਰੂਰ ਨਸਲਕੁਸ਼ੀ ਅੱਜ ਦੁਨੀਆ ਦਾ ਸਭ ਤੋਂ ਵੱਧ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਹੈ, ਜਿਸਨੂੰ ਇਜ਼ਰਾਇਲੀ ਸਟੇਟ ਵੱਲੋਂ ਵਿਆਪਕ ਪੈਮਾਨੇ ’ਤੇ ਕਤਲੇਆਮ, ਤਬਾਹੀ ਅਤੇ ਭੁੱਖਮਰੀ ਨੂੰ ਹਥਿਆਰ ਬਣਾ ਕੇ ਅੰਜਾਮ ਦਿੱਤਾ ਜਾ ਰਿਹਾ ਹੈ।
ਪੱਤਰਕਾਰਾਂ ਦੇ ਗਿਣ-ਮਿੱਥ ਕੇ ਕਤਲ ਇਸੇ ਸਿਲਸਿਲੇਵਾਰ ਨਸਲਕੁਸ਼ੀ ਦਾ ਹਿੱਸਾ ਹਨ। ਪਿਛਲੇ ਦਿਨੀਂ ਜਦੋਂ ਅਲ-ਜਜ਼ੀਰਾ ਦੇ ਪੱਤਰਕਾਰ ਅਨਸ ਅਲ-ਸ਼ਰੀਫ਼ ਅਤੇ ਉਨ੍ਹਾਂ ਦੇ ਨਾਲ ਚਾਰ ਹੋਰ ਪੱਤਰਕਾਰ ਅਲ-ਸ਼ਿਫ਼ਾ ਹਸਪਤਾਲ ਦੇ ਨੇੜੇ ਮੀਡੀਆ ਟੈਂਟ ਵਿਚ ਬੈਠੇ ਹੋਏ ਸਨ ਤਾਂ ਆਈ.ਡੀ.ਐੱਫ. (ਇਜ਼ਰਾਇਲੀ ਡਿਫੈਂਸ ਫੋਰਸਿਜ਼) ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਬੇਕਿਰਕੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕੌਮਾਂਤਰੀ ਜੁਰਮ ਨੂੰ ਜਾਇਜ਼ ਠਹਿਰਾਉਣ ਲਈ ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਪੱਤਰਕਾਰ ਅਲ ਸ਼ਰੀਫ਼ ‘ਹਮਾਸ ਦੇ ਦਹਿਸ਼ਤਗਰਦ ਸੈੱਲ ਦਾ ਮੁਖੀ ਸੀ ਅਤੇ ਇਜ਼ਰਾਇਲੀ ਨਾਗਰਿਕਾਂ ਤੇ ਆਈ.ਡੀ.ਐੱਫ. ਤਾਕਤਾਂ ਵਿਰੁੱਧ ਰਾਕਟ ਹਮਲਿਆਂ ਲਈ ਜ਼ਿੰਮੇਵਾਰ ਸੀ।’
ਇਜ਼ਰਾਈਲ ਦਾ ਕੂੜ-ਪ੍ਰਚਾਰ ਨਵੀਂ ਗੱਲ ਨਹੀਂ ਹੈ। ਪਿਛਲੇ ਮਹੀਨੇ ਇਜ਼ਰਾਇਲੀ ਫ਼ੌਜ ਦੇ ਬੁਲਾਰੇ ਨੇ ਪਲੈਟਫਾਰਮ ਐਕਸ (ਟਵਿੱਟਰ) ਉੱਪਰ ਅਨਾਸ ਦੀ ਵੀਡੀਓ ਸ਼ੇਅਰ ਕਰਕੇ ਉਸ ਉੱਪਰ ਹਮਾਸ ਦੇ ਫ਼ੌਜੀ ਵਿੰਗ ਦਾ ਮੈਂਬਰ ਹੋਣ ਦਾ ਦੋਸ਼ ਲਾਇਆ ਸੀ। ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਅਧਿਕਾਰੀ ਇਰੀਨੇ ਖ਼ਾਨ ਨੇ ਉਦੋਂ ਹੀ ਇਸ ਨੂੰ ‘ਅਪੁਸ਼ਟ ਦਾਅਵਾ’ ਕਰਾਰ ਦੇ ਕੇ ਰੱਦ ਕੀਤਾ ਸੀ ਅਤੇ ਇਸ ਦੋਸ਼ ਨੂੰ ‘ਪੱਤਰਕਾਰਾਂ ਉੱਪਰ ਸ਼ਰ੍ਹੇਆਮ ਹਮਲਾ’ ਕਿਹਾ ਸੀ। ਹੁਣ ਵੀ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਸਮੂਹਾਂ ਨੇ ਇਜ਼ਰਾਈਲ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਅਨਾਸ ਨੂੰ ਇਸ ਕਰਕੇ ਮਾਰਿਆ ਗਿਆ, ਕਿਉਂਕਿ ਉਹ ਨਿਧੜਕ ਹੋ ਕੇ ਗਾਜ਼ਾ ਬਾਰੇ ਰਿਪੋਰਟਿੰਗ ਕਰ ਰਿਹਾ ਸੀ। ਅਲ-ਜਜ਼ੀਰਾ ਨੇ ਕਿਹਾ ਕਿ ਉਹ ‘ਗਾਜ਼ਾ ਦੇ ਸਭ ਤੋਂ ਦਲੇਰ ਪੱਤਰਕਾਰਾਂ ਵਿੱਚੋਂ ਸੀ’ ਅਤੇ ਪੱਤਰਕਾਰਾਂ ਉੱਪਰ ਹਮਲਾ ਇਜ਼ਰਾਇਲੀ ਫ਼ੌਜ ਦੀ ‘ਗਾਜ਼ਾ ਉੱਪਰ ਕਬਜ਼ੇ ਤੋਂ ਪਹਿਲਾਂ ਆਵਾਜ਼ਾਂ ਨੂੰ ਖ਼ਾਮੋਸ਼ ਕਰਨ ਦੀ ਬੇਤਹਾਸ਼ਾ ਕੋਸ਼ਿਸ਼’ ਹੈ।
ਗਾਜ਼ਾ ਵਿਰੁੱਧ ਇਹ ਜੰਗ ਪੱਤਰਕਾਰਾਂ ਅਤੇ ਮੀਡੀਆ ਕਾਮਿਆਂ ਲਈ ਤਾਂ ਹੋਰ ਵੀ ਜ਼ਿਆਦਾ ਘਾਤਕ ਬਣ ਚੁੱਕੀ ਹੈ, ਕਿਉਂਕਿ ਇਜ਼ਰਾਇਲੀ ਹਕੂਮਤ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਦੁਨੀਆ ਨੂੰ ਦੱਸਣ ਵਾਲਾ ਕੋਈ ਗਵਾਹ ਨਾ ਰਹੇ ਕਿ ਉੱਥੇ ਨਸਲਕੁਸ਼ੀ ਨੂੰ ਅੰਜਾਮ ਦੇਣ ਲਈ ਕੀ-ਕੀ ਕੀਤਾ ਜਾ ਰਿਹਾ ਹੈ। ਕੌਮਾਂਤਰੀ ਮੀਡੀਆ ਨੂੰ ਗਾਜ਼ਾ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਿਰਫ਼ ਕੁਝ ਕੁ ਪੱਤਰਕਾਰਾਂ ਨੂੰ ਅਤਿਅੰਤ ਬੰਦਸ਼ਾਂ ਵਾਲੀ ਇਜਾਜ਼ਤ ਦੇ ਕੇ ਚੁਣਵੇਂ ਲੋਕਾਂ ਨੂੰ ਮਿਲਾ ਦਿੱਤਾ ਜਾਂਦਾ ਹੈ। ਸਥਾਨਕ ਪੱਤਰਕਾਰਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ। ਇਸੇ ਕਰਕੇ 2024 ਵਿਚ ਸਭ ਤੋਂ ਵੱਧ ਪੱਤਰਕਾਰ ਮਾਰੇ ਗਏ। ਗਾਜ਼ਾ ਦੀ ਰਿਪੋਰਟਿੰਗ ਕਾਰਨ ਅਲ-ਜਜ਼ੀਰਾ ਲਈ ਕੰਮ ਕਰ ਰਹੇ ਪੱਤਰਕਾਰ ਇਜ਼ਰਾਇਲੀ ਫ਼ੌਜ ਦੇ ਖ਼ਾਸ ਨਿਸ਼ਾਨੇ ’ਤੇ ਹਨ।
ਗਾਜ਼ਾ ਸਰਕਾਰ ਦੇ ਮੀਡੀਆ ਆਫ਼ਿਸ ਅਨੁਸਾਰ 7 ਅਕਤੂਬਰ 2023 ਤੋਂ ਲੈ ਕੇ ਇਜ਼ਰਾਈਲ ਵੱਲੋਂ 237 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਹੈ। ਸੀ.ਪੀ.ਜੇ. (ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ) ਨੇ ਵੀ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਸੰਘਰਸ਼ ਵਿਚ ਘੱਟੋ-ਘੱਟ 186 ਪੱਤਰਕਾਰ ਮਾਰੇ ਗਏ ਹਨ। ਇਜ਼ਰਾਈਲ ਆਪਣੀ ਖ਼ਸਲਤ ਅਨੁਸਾਰ ਪੱਤਰਕਾਰਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣ ਤੋਂ ਮੁੱਕਰ ਰਿਹਾ ਹੈ। ਜਦਕਿ ਇਹ ਸਪਸ਼ਟ ਹੈ ਕਿ ਅਲ-ਜਜ਼ੀਰਾ ਦੇ ਕਈ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਲਈ ਮਾਰਿਆ ਗਿਆ ਤਾਂ ਜੋ ਬਾਕੀ ਪੱਤਰਕਾਰ ਦਹਿਸ਼ਤਜ਼ਦਾ ਹੋ ਕੇ ਰਿਪੋਰਟਿੰਗ ਕਰਨੀ ਬੰਦ ਕਰ ਦੇਣ। ਸੀ.ਪੀ.ਜੇ. ਦੀ ਖੇਤਰੀ ਨਿਰਦੇਸ਼ਕ ਸਾਰਾ ਕੁਦਾਹ ਨੇ ਕਿਹਾ, ‘ਇਜ਼ਰਾਈਲ ਦਾ ਪੱਤਰਕਾਰਾਂ ਨੂੰ ਭਰੋਸੇਯੋਗ ਸਬੂਤ ਪੇਸ਼ ਕੀਤੇ ਬਿਨਾਂ ‘ਖਾੜਕੂ’ ਕਰਾਰ ਦੇਣ ਦਾ ਪੈਟਰਨ ਪ੍ਰੈੱਸ ਦੀ ਆਜ਼ਾਦੀ ਦੇ ਸਨਮਾਨ ਅਤੇ ਉਸਦੇ ਇਰਾਦਿਆਂ ਉੱਪਰ ਗੰਭੀਰ ਸਵਾਲ ਖੜ੍ਹੇ ਕਰਦਾ ਹੈ।’ ਪੱਤਰਕਾਰਾਂ ਦੇ ਪਹਿਲੇ ਕਤਲ ਵੀ ਇਸ ਦੀ ਪੁਸ਼ਟੀ ਕਰਦੇ ਹਨ। ਜਿਵੇਂ ਅਕਤੂਬਰ 2023 ’ਚ ਅਲ-ਜਜ਼ੀਰਾ ਦੇ ਪੱਤਰਕਾਰ ਵਾਇਲ ਅਲ ਦਾਹਦੋਹ ਦੀ ਪਤਨੀ, ਪੁੱਤਰ, ਧੀ ਅਤੇ ਪੋਤਰੇ ਦੀ ਹੱਤਿਆ। ਕੁਝ ਹਫ਼ਤੇ ਬਾਅਦ ਦੁਬਾਰਾ ਹਮਲੇ ’ਚ ਉਹ ਆਪ ਜ਼ਖ਼ਮੀ ਹੋ ਗਿਆ ਅਤੇ ਕੈਮਰਾਮੈਨ ਮਾਰਿਆ ਗਿਆ।
ਅਲ ਸ਼ਾਰਿਫ਼ ਨੂੰ ਪਤਾ ਸੀ ਕਿ ਪੱਤਰਕਾਰੀ ਦਾ ਫ਼ਰਜ਼ ਨਿਭਾਉਣ ਕਾਰਨ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਸਕਦੀ ਹੈ। ਜੁਲਾਈ ’ਚ ਉਸਨੇ ਸੀ.ਪੀ.ਜੇ. ਨੂੰ ਦੱਸਿਆ ਸੀ ਕਿ ਉਹ ‘ਇਸ ਡਰ ਨਾਲ ਜੀ ਰਿਹਾ ਹੈ ਕਿ ਕਿਸੇ ਵੀ ਪਲ ਬੰਬਾਰੀ ’ਚ ਮੇਰੀ ਸ਼ਹਾਦਤ ਹੋ ਸਕਦੀ ਹੈ।’ ਪਰ ਉਸਨੇ ਰਿਪੋਰਟਿੰਗ ਕਰਨੀ ਬੰਦ ਨਹੀਂ ਕੀਤੀ, ਸਗੋਂ ਹੋਰ ਵੀ ਵਧੇਰੇ ਸੰਜੀਦਗੀ ਨਾਲ ਰਿਪੋਰਟਿੰਗ ਕਰਦਾ ਰਿਹਾ।
ਗਾਜ਼ਾ ਵਿਚ ਕਤਲੇਆਮ ਨੂੰ ਦੇਖ ਕੇ ਦੁਨੀਆ ਦੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਹਾਲਾਤ ਇਸ ਤੋਂ ਭਿਆਨਕ ਅਤੇ ਮਾੜੇ ਨਹੀਂ ਹੋ ਸਕਦੇ, ਪਰ ਬੈਂਜਾਮਿਨ ਨੇਤਨਯਾਹੂ ਦੇ ਦਹਿਸ਼ਤਗਰਦ ਫ਼ੌਜੀ ਗਰੋਹਾਂ ਨੇ ਇੱਕੋ ਹਮਲੇ ’ਚ ਪੰਜ ਪੱਤਰਕਾਰਾਂ ਨੂੰ ਮਾਰ ਕੇ ਇਹ ਦੱਸ ਦਿੱਤਾ ਕਿ ਇਹ ਇਜ਼ਰਾਇਲੀ ਦੀ ਕਰੂਰਤਾ ਦੀ ਇੰਤਹਾ ਨਹੀਂ ਹੈ। ਉਹ ਤਾਂ ਕਰੂਰਤਾ ਨੂੰ ਅਜਿਹਾ ਰੂਪ ਦੇਣ ਦੇ ਸਮਰੱਥ ਹਨ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗ਼ਾਜ਼ਾ ਉੱਪਰ ਮੁਕੰਮਲ ਕਬਜ਼ੇ ਨੂੰ ਅੰਜਾਮ ਦੇਣ ਲਈ ਇਜ਼ਰਾਈਲੀ ਜੰਗੀ ਮਸ਼ੀਨ ਨੂੰ ਜੰਗ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਕੇ ਪੱਤਰਕਾਰਾਂ ਨੂੰ ਗਿਣ-ਮਿੱਥ ਕੇ ਕਤਲ ਕਰਨ ’ਚ ਵੀ ਕੋਈ ਹਿਚਕ ਨਹੀਂ ਹੈ। ਗਾਜ਼ਾ ’ਚ ਪੱਤਰਕਾਰ ਹੁਣ ਸਿਰਫ਼ ਨਾਗਰਿਕਾਂ ਦੇ ਕਤਲੇਆਮ ਦੀ ਰਿਪੋਰਟ ਨਹੀਂ ਕਰ ਰਹੇ, ਸਗੋਂ ਖ਼ੁਦ ਵੀ ਸਿੱਧੇ ਰੂਪ ’ਚ ਕਤਲੇਆਮ ਦਾ ਸਾਹਮਣਾ ਕਰ ਰਹੇ ਹਨ। ਉੱਥੇ ਕੀਤੇ ਜਾ ਰਹੇ ਜੁਰਮਾਂ ਨੂੰ ਰਿਕਾਰਡ ’ਤੇ ਲਿਆਉਣ ਕਾਰਨ ਮਾਈਕ੍ਰੋਫ਼ੋਨ ਅਤੇ ਕੈਮਰੇ ਚੁੱਕੀ ਫਿਰਦੇ ਪੱਤਰਕਾਰ ਇਜ਼ਰਾਈਲੀ ਹਾਕਮਾਂ ਦੀਆਂ ਨਜ਼ਰਾਂ ’ਚ ਹਥਿਆਰਬੰਦ ਲੜਾਕਿਆਂ ਤੋਂ ਵੀ ਵਧੇਰੇ ਖ਼ਤਰਨਾਕ ਹਨ।
ਇਜ਼ਰਾਈਲੀ-ਫ਼ਲਸਤੀਨੀ ਰਸਾਲੇ +972 ਮੈਗਜ਼ੀਨ ਅਤੇ ਹਿਬਰਿਊ ਭਾæਸਾ ਦੇ ਲੋਕਲ ਕਾਲ ਨੇ ਤਿੰਨ ਖ਼ੁਫੀਆ ਸਰੋਤਾਂ ਦੇ ਹਵਾਲੇ ਨਾਲ ਖ਼ੁਲਾਸਾ ਕੀਤਾ ਹੈ ਕਿ 7 ਅਕਤੂਬਰ 2023 ਦੀ ਘਟਨਾ ਤੋਂ ਬਾਅਦ ਇਜ਼ਰਾਈਲ ਦੀ ਫ਼ੌਜ ਵਿਚ ਖ਼ਾਸ ਯੂਨਿਟ ‘ਵਾਜਬ ਠਹਿਰਾਉਣ ਵਾਲਾ ਸੈੱਲ’ ਬਣਾਇਆ ਗਿਆ ਸੀ, ਜਿਸਦਾ ਕੰਮ ਅਜਿਹੀ ਸੂਚਨਾ ਜੁਟਾਉਣਾ ਸੀ, ਜਿਸ ਨਾਲ ਇਜ਼ਰਾਈਲ ਦਾ ਅਕਸ ਮਜ਼ਬੂਤ ਬਣੇ ਅਤੇ ਜੋ ਪ੍ਰਮੁੱਖ ਸੰਗੀਆਂ ਤੋਂ ਕੂਟਨੀਤਕ ਤੇ ਫ਼ੌਜੀ ਮੱਦਦ ਹਾਸਲ ਕਰਨ ’ਚ ਮੱਦਦ ਕਰੇ। ਪੱਤਰਕਾਰਾਂ ਉੱਪਰ ਝੂਠੇ ਦੋਸ਼ ਲਾਉਣਾ ਇਸ ਪ੍ਰੋਜੈਕਟ ਦਾ ਹਿੱਸਾ ਹੈ, ਤਾਂ ਜੋ ਦੁਨੀਆ ਉਨ੍ਹਾਂ ਦੀ ਰਿਪੋਰਟਿੰਗ ਉੱਪਰ ਯਕੀਨ ਨਾ ਕਰੇ। ਰਿਪੋਰਟ ਨੇ ਇਕ ਪੱਤਰਕਾਰ ਦੀ ਮਿਸਾਲ ਦਿੱਤੀ ਜਿਸ ਨੂੰ ਦਹਿਸ਼ਤਗਰਦ ਬਣਾ ਕੇ ਪੇਸ਼ ਕੀਤਾ ਗਿਆ, ਅਤੇ ਮਕਸਦ ਪੂਰਾ ਹੋਣ ਤੋਂ ਬਾਅਦ ਦੋਸ਼ ਵਾਪਸ ਲੈ ਲਿਆ ਗਿਆ। ਗਾਜ਼ਾ ਵਿਚ ਅਜਿਹਾ ਠੱਪਾ ਲਗਾਏ ਜਾਣ ਦਾ ਅਰਥ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਂਗ ਹੈ।
ਇਜ਼ਰਾਈਲੀ ਹਕੂਮਤ ਦੇ ਨਾਲ-ਨਾਲ ਅਮਰੀਕੀ ਸਾਮਰਾਜੀਆਂ ਨੇ ਵੀ ਇਜ਼ਰਾਈਲੀ ਵੱਲੋਂ ਥੋਪੀ ਇਸ ਕਰੂਰ ਜੰਗ ਨੂੰ ਵਾਜਬ ਠਹਿਰਾਉਣ ਲਈ ਆਪਣੀ ਪੂਰੀ ਪ੍ਰਚਾਰ ਮਸ਼ੀਨਰੀ ਝੋਕੀ ਹੋਈ ਹੈ। ਅਮਰੀਕਾ ਦੀ ਫ਼ੌਜੀ ਤੇ ਵਿਤੀ ਮੱਦਦ ਅਤੇ ਹੋਰ ਪੱਛਮੀ ਸਾਮਰਾਜੀ ਰਾਜਾਂ ਦਾ ਚੁੱਪ ਰਹਿ ਕੇ ਸਹਿਯੋਗ ਹੀ ਇਸ ਧਾੜਵੀ ਜੰਗ ਨੂੰ ਸੰਭਵ ਬਣਾ ਰਹੇ ਹਨ। ਮੋਦੀ ਹਕੂਮਤ ਵਰਗੀਆਂ ਅਮਰੀਕਾ ਦੀਆਂ ਪਿਛਲੱਗ ਸਰਕਾਰਾਂ ਦੀ ਮਿਲੀਭੁਗਤ ਤੇ ਮੱਦਦ ਵੀ ਜੱਗ ਜ਼ਾਹਰ ਹੈ।
ਪੱਤਰਕਾਰਾਂ ਦਾ ਗਿਣ-ਮਿੱਥ ਕੇ ਸਫ਼ਾਇਆ ਕਰਨਾ ਮਹਿਜ਼ ਸਥਾਨਕ ਜਾਂ ਖੇਤਰੀ ਤ੍ਰਾਸਦੀ ਨਹੀਂ ਹੈ, ਸਗੋਂ ਇਹ ਲੜਾਈ ਦੇ ਖੇਤਰਾਂ ਵਿਚ ਪੱਤਰਕਾਰਾਂ ਦੀ ਸੁਰੱਖਿਆ ਸੰਬੰਧੀ ਅੰਤਰਰਾਸ਼ਟਰੀ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਹੈ। ਜੋ ਇਸ ਦਾ ਸੰਕੇਤ ਵੀ ਹੈ ਕਿ ਯੁੱਧ ਦੀ ਰਿਪੋਰਟਿੰਗ ਕਰਕੇ ਸੱਚਾਈ ਨੂੰ ਸਾਹਮਣੇ ਲਿਆਉਣ ਵਾਲਿਆਂ ਦੀ ਰਾਖੀ ਕਰਨ ਦੀ ਆਲਮੀ ਨੈਤਿਕ ਜ਼ਿੰਮੇਵਾਰੀ ਦੀ ਹਕੀਕਤ ਕੀ ਹੈ ਅਤੇ ਆਪਣੇ ਆਪ ਨੂੰ ਲੋਕਤੰਤਰ ਦੇ ਚੈਂਪੀਅਨ ਕਹਾਉਣ ਵਾਲੇ ਪੱਛਮੀ ਰਾਜ ਕਿਵੇਂ ਆਪਣੇ ਲੋਕਤੰਤਰੀ ਮਖੌਟੇ ਲਾਹ ਕੇ ਪੱਤਰਕਾਰਾਂ ਨੂੰ ਖ਼ਾਮੋਸ਼ ਕਰਨ ’ਚ ਇਜ਼ਰਾਈਲੀ ਦਹਿਸ਼ਤਵਾਦ ਦਾ ਹੱਥ ਵਟਾ ਰਹੇ ਹਨ। ਉਨ੍ਹਾਂ ਦੀ ਪ੍ਰੈੱਸ ਦੀ ਆਜ਼ਾਦੀ ਦੀ ਚਿੰਤਾ ਝੂਠੀ ਹੈ।
ਪੱਤਰਕਾਰਾਂ ਅਤੇ ਮੀਡੀਆ ਕਾਮੇ ਸਿਰਫ਼ ਗਾਜ਼ਾ ਵਿਚ ਹੀ ਅਸੁਰੱਖਿਅਤ ਨਹੀਂ ਹਨ। ਦੁਨੀਆ ਭਰ ਵਿਚ ਪੱਤਰਕਾਰਾਂ ਨੂੰ ਦਹਿਸ਼ਤ, ਧਮਕੀਆਂ ਅਤੇ ਕਤਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਕੀ ਦੁਨੀਆ ਦੇ ਮੁਕਾਬਲੇ ਇਜ਼ਰਾਈਲੀ ਸਟੇਟ ਨੇ ਗਾਜ਼ਾ ਦੀ ਸਚਾਈ ਨੂੰ ਲੁਕਾਉਣ ਲਈ ਮਨੁੱਖਤਾ ਵਿਰੁੱਧ ਇਨ੍ਹਾਂ ਜੰਗੀ ਜੁਰਮਾਂ ਨੂੰ ਪੂਰੀ ਤਰ੍ਹਾਂ ਸਜ਼ਾ-ਮੁਕਤ ਬਣਾ ਦਿੱਤਾ ਹੈ। ਜਿਵੇਂ ‘ਸੁਤੰਤਰ ਦੁਨੀਆ’ ਕਹਾਉਣ ਵਾਲੇ ਮੁਲਕ ਦੇ ਰਾਜ-ਨੇਤਾ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਕੇ ਇਸ ਕਰੂਰਤਾ ਨੂੰ ਦੇਖ ਕੇ ਅਣਡਿੱਠ ਕਰ ਰਹੇ ਹਨ, ਜਿਵੇਂ ਕੁਝ ਮੀਡੀਆ ਸਮੂਹ ਹਕੀਕਤ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰਕੇ ਆਜ਼ਾਦਾਨਾ ਪੁਸ਼ਟੀ ਕੀਤੇ ਬਿਨਾਂ ਹੀ ਇਜ਼ਰਾਈਲੀ ਕੂੜ-ਪ੍ਰਚਾਰ ਨੂੰ ਪਵਿੱਤਰ ਸ਼ਲੋਕ ਵਾਂਗ ਰਟ ਕੇ ਮਾਰੇ ਗਏ ਪੱਤਰਕਾਰਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ, ਇਨ੍ਹਾਂ ਖ਼ਾਸੀਅਤਾਂ ਕਾਰਨ ਗਾਜ਼ਾ ਦਾ ਕੇਸ ਬਾਕੀਆਂ ਨਾਲੋਂ ਵੱਖਰਾ ਹੈ।
ਵੇਖਿਆ ਜਾਵੇ ਤਾਂ ਇਹ ਹਾਲੀਆ ਇਤਿਹਾਸ ਵਿਚ ਪੱਤਰਕਾਰੀ ਲਈ ਸਭ ਤੋਂ ਖ਼ਤਰਨਾਕ ਸਮਾਂ ਹੈ। ਪੱਤਰਕਾਰਾਂ ਨੂੰ ਸਿਰਫ਼ ਆਪਣੀ ਜਨਤਕ ਜ਼ਿੰਮੇਵਾਰੀ ਨਿਭਾਉਣ—ਵਾਪਰ ਰਹੇ ਦੇ ਗਵਾਹ ਬਣਨ ਅਤੇ ਸੱਚਾਈ ਦੀ ਰਿਪੋਰਟ ਕਰਨ ਲਈ—ਧਮਕਾਇਆ, ਸਤਾਇਆ ਅਤੇ ਮਾਰਿਆ ਜਾ ਰਿਹਾ ਹੈ। ਸੰਸਾਰ ਭਰ ਵਿਚ ਲੜਾਈ ਦੇ ਖੇਤਰਾਂ ਵਿਚ ਕੰਮ ਕਰ ਰਹੇ ਪੱਤਰਕਾਰਾਂ ਲਈ ਖ਼ਤਰੇ ਤੇਜ਼ੀ ਨਾਲ ਵਧੇ ਹਨ। 2023 ਵਿਚ ਔਸਤਨ ਹਰ ਚਾਰ ਦਿਨਾਂ ਵਿਚ ਇਕ ਪੱਤਰਕਾਰ ਜਾਂ ਮੀਡੀਆ ਕਾਮੇ ਦੀ ਹੱਤਿਆ ਕੀਤੀ ਗਈ। 2024 ਵਿਚ ਇਹ ਅੰਕੜਾ ਹੋਰ ਵੀ ਭਿਆਨਕ ਬਣ ਗਿਆ—ਹਰ ਤਿੰਨ ਦਿਨ ਵਿਚ ਇਕ ਪੱਤਰਕਾਰ ਦੀ ਹੱਤਿਆ ਹੋਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲੀ ਫ਼ੌਜਾਂ ਵੱਲੋਂ ਮਾਰੇ ਗਏ। ਗ਼ਾਜ਼ਾ ਦੇ ਪੱਤਰਕਾਰ ਕੋਈ ਬਾਹਰੋਂ ਆਏ ‘ਅੰਤਰਰਾਸ਼ਟਰੀ ਪੈਰਾਸ਼ੂਟ ਪੱਤਰਕਾਰ’ ਨਹੀਂ ਹਨ, ਉਹ ਸਥਾਨਕ ਪੱਤਰਕਾਰ ਹਨ—ਜੋ ਇਸ ਧਰਤੀ, ਇਸਦੇ ਲੋਕਾਂ ਅਤੇ ਕਹਾਣੀਆਂ ਨੂੰ ਬਹੁਤ ਨੇੜਿਓਂ ਜਾਣਦੇ ਹਨ। ਉਹ ਗ਼ਾਜ਼ਾ ਦੀ ਤ੍ਰਾਸਦੀ ਨੂੰ ਸਿਰਫ਼ ਰਿਪੋਰਟ ਨਹੀਂ ਕਰ ਰਹੇ, ਸਗੋਂ ਉਸ ਨੂੰ ਖ਼ੁਦ ਜੀ ਰਹੇ ਹਨ। ਕਤਲਾਂ ਤੋਂ ਇਲਾਵਾ, ਇਜ਼ਰਾਈਲ ਭੁੱਖ ਨੂੰ ਵੀ ਜੰਗੀ ਹਥਿਆਰ ਵਜੋਂ ਵਰਤ ਰਿਹਾ ਹੈ। ਗਾਜ਼ਾ ਦੇ ਲੋਕਾਂ ਵਾਂਗ ਪੱਤਰਕਾਰ ਵੀ ਭੁੱਖ ਨਾਲ ਹਾਲੋ-ਬੇਹਾਲ ਹੋ ਕੇ ਡਿੱਗ ਰਹੇ ਹਨ ਤੇ ਉਸੇ ਹਾਲਤ ਵਿਚ ਰਿਪੋਰਟਿੰਗ ਕਰਦਿਆਂ ਪੂਰੀ ਵਚਨਬੱਧਤਾ ਨਾਲ ਆਪਣਾ ਪੇਸ਼ੇਵਰ ਫਰਜ਼ ਨਿਭਾ ਰਹੇ ਹਨ।
ਇਹ ਹਿੰਸਾ ਨਾ ਤਾਂ ਅਚਾਨਕ ਹੈ ਅਤੇ ਨਾ ਹੀ ਕੋਈ ਇਕੱਲੀਆਂ ਘਟਨਾਵਾਂ। ਇਹ ਪੂਰੀ ਵਿਉਂਤਬੰਦੀ ਨਾਲ ਮੀਡੀਆ ਨੂੰ ਖ਼ਾਮੋਸ਼ ਕਰਨ ਦੇ ਧੜਵੈਲ ਅਤੇ ਚਿੰਤਾਜਨਕ ਰੁਝਾਨ ਦਾ ਹਿੱਸਾ ਹੈ, ਜਿਸਨੂੰ ਨਸਲਵਾਦੀ ਇਜ਼ਰਾਈਲੀ ਰਾਜ ਆਪਣੇ ਮਨੁੱਖਤਾ ਵਿਰੁੱਧ ਜੁਰਮਾਂ ਉੱਪਰ ਪੜਦਾ ਪਾਉਣ ਲਈ ਅੰਜਾਮ ਦੇ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਭਿਆਨਕ ਚੀਜ਼ ਹੋਣੀ ਚਾਹੀਦੀ ਹੈ। ਇਹ ਸਿਰਫ਼ ਵਿਅਕਤੀਗਤ ਪੱਤਰਕਾਰਾਂ ’ਤੇ ਹਮਲਾ ਨਹੀਂ ਹੈ, ਇਹ ਤਾਂ ਦਰਅਸਲ ਕੁਲ ਦੁਨੀਆ ਦੇ ਲੋਕਾਂ ਦੇ ‘ਸੱਚ ਜਾਣਨ ਦੇ ਅਧਿਕਾਰ’ ਉੱਪਰ ਹਮਲਾ ਹੈ—ਮਨੁੱਖੀ ਪੀੜਾ ਦੀ ਗਹਿਰਾਈ ਸਮਝਣ ਅਤੇ ਹਾਕਮਾਂ ਨੂੰ ਜਵਾਬਦੇਹ ਬਣਾਉਣ ਦੇ ਅਧਿਕਾਰ ਉੱਪਰ ਹਮਲਾ।
ਇਨ੍ਹਾਂ ਹਾਲਾਤ ਵਿਚ ਪੂਰੀ ਦੁਨੀਆ ਦੇ ਲੋਕਾਂ ਸਿਰ ਵੱਡੀ ਜ਼ਿੰਮੇਵਾਰੀ ਆ ਪਈ ਹੈ। ਉਨ੍ਹਾਂ ਨੂੰ ਫ਼ਲਸਤੀਨੀਆਂ ਦੀ ਨਸਲਕੁਸ਼ੀ ਵਿਰੁੱਧ ਆਵਾਜ਼ ਉਠਾਉਂਦੇ ਸਮੇਂ ਮੀਡੀਆ ਦੀ ਆਜ਼ਾਦੀ ਉੱਪਰ ਇਜ਼ਰਾਈਲੀ ਹਮਲੇ ਨੂੰ ਤਾਂ ਹੋਰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਸਿਰਾਂ ’ਤੇ ਕੱਫਣ ਬੰਨ੍ਹ ਕੇ ਗਾਜ਼ਾ ਵਿਚ ਕੰਮ ਕਰ ਰਹੇ ਮੀਡੀਆ ਕਾਮੇ ਸਿਰਫ਼ ਘਟਨਾਵਾਂ ਨੂੰ ਰਿਕਾਰਡ ਨਹੀਂ ਕਰ ਰਹੇ। ਉਹ ਦਰਅਸਲ, ਅੱਜ ਦੇ ਇਤਿਹਾਸ ਦਾ ਮੁੱਢਲਾ ਰੂਪ ਸਿਰਜ ਰਹੇ ਹਨ, ਜਿਸ ਦੇ ਆਧਾਰ ’ਤੇ ਭਵਿੱਖ ਦੇ ਇਤਿਹਾਸਕਾਰ ਉਸ ਕਤਲੇਆਮ ਦਾ ਅਧਿਐਨ ਕਰਨਗੇ, ਜੋ 21ਵੀਂ ਸਦੀ ਦਾ ‘ਟੀਵੀ ’ਤੇ ਸਭ ਤੋਂ ਵੱਧ ਦਿਖਾਇਆ ਗਿਆ ਕਤਲੇਆਮ’ ਹੈ। ਯੁੱਧਾਂ ਅਤੇ ਸੰਘਰਸ਼ਾਂ ਬਾਰੇ ਪੁਖ਼ਤਾ ਜਾਣਕਾਰੀ ਦਾ ਹੋਣਾ ਸਹੂਲਤ ਦਾ ਸਵਾਲ ਨਹੀਂ ਹੈ, ਸਮੁੱਚੀ ਮਾਨਵਤਾ ਦੀ ਬਿਹਤਰੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਜੰਗੀ ਜੁਰਮਾਂ ਦੇ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਦੇ ਨਜ਼ਰੀਏ ਤੋਂ ਇਸ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ। ਜਦੋਂ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰ ਦਿੱਤੀ ਜਾਂਦੀ ਹੈ, ਤਾਂ ਸਾਰੇ ਲੋਕ ਝੂਠੀ ਜਾਣਕਾਰੀ, ਕੂੜ-ਪ੍ਰਚਾਰ ਅਤੇ ਸੱਤਾ ਦੀ ਬੇਲਗਾਮ ਦੁਰਵਰਤੋਂ ਦੇ ਹੋਰ ਵੀ ਸੌਖੇ ਸ਼ਿਕਾਰ ਬਣਨ ਦੀ ਹਾਲਤ ’ਚ ਸੁੱਟ ਦਿੱਤੇ ਜਾਂਦੇ ਹਨ। ਇਸ ਨੂੰ ਅਸੀਂ ਭਾਰਤ ਵਿਚ ਭਗਵਾ ਹਕੂਮਤ ਵੱਲੋਂ ਬਣਾਏ ਫਾਸ਼ੀਵਾਦੀ ਹਾਲਾਤ, ਖ਼ਾਸ ਕਰਕੇ ਕਸ਼ਮੀਰ ਅਤੇ ਬਸਤਰ ਦੇ ਹਵਾਲੇ ਨਾਲ ਸੌਖਿਆਂ ਹੀ ਸਮਝ ਸਕਦੇ ਹਾਂ ਜਿੱਥੇ ਸਿਲਸਿਲੇਵਾਰ ਤਰੀਕੇ ਨਾਲ ਪੱਤਰਕਾਰੀ ਨੂੰ ਆਪਣੇ ਉੱਪਰ ਸਵੈ-ਸੈਂਸਰਸ਼ਿੱਪ ਲਾਗੂ ਕਰ ਲੈਣ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਗਾਜ਼ਾ ਵਿਚ ਲਗਾਤਾਰ ਬੰਬਾਰੀ, ਅਤੇ ਸਖ਼ਤ ਨਾਕਾਬੰਦੀ ਦੁਆਰਾ ਸਿਲਸਿਲੇਵਾਰ ਨਸਲਕੁਸ਼ੀ ਹੁਣ ਕਿਸੇ ਸਬੂਤ ਦੀ ਮੁਥਾਜ ਨਹੀਂ ਹੈ। ਜਿਨ੍ਹਾਂ ਲੋਕਾਂ ਦੀ ਜ਼ਮੀਰ ਅਜੇ ਵੀ ਝੰਜੋੜੀ ਨਹੀਂ ਜਾ ਰਹੀ, ਅਤੇ ਉਨ੍ਹਾਂ ਨੂੰ ਫਿਰ ਵੀ ਲੱਗਦਾ ਹੈ ਕਿ ਉਹ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਚੇਤਨਾ ਬਾਰੇ ਜਾਗਰੂਕ ਹਨ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ। ਇਸ ਨਸਲਕੁਸ਼ੀ ਨੂੰ ਬਰਦਾਸ਼ਤ ਕਰਦੇ ਰਹਿਣ ਅਤੇ ਇਸ ਵਿਰੁੱਧ ਨਾ ਬੋਲਣ ਦਾ ਭਾਵ ਹੈ ਨਾ ਸਿਰਫ਼ ਪੱਤਰਕਾਰੀ, ਸਗੋਂ ਜਵਾਬਦੇਹੀ, ਲੋਕਤੰਤਰੀ ਮੁੱਲਾਂ ਅਤੇ ਨਿਆਂਪਸੰਦ ਭਵਿੱਖ ਦੀ ਸੰਭਾਵਨਾ ਨੂੰ ਨਸ਼ਟ ਕਰਨ ’ਚ ਭਾਗੀਦਾਰ ਬਣਨਾ। ਗ਼ਾਜ਼ਾ ਵਿਚ ਨਸਲਕੁਸ਼ੀ ਅਤੇ ਭਿਆਨਕ ਤਬਾਹੀ ਦੀ ਸੱਚਾਈ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸਭ ਕੁਝ ਦਾਅ ’ਤੇ ਲਾ ਕੇ ਕੰਮ ਕਰ ਰਹੇ ਪੱਤਰਕਾਰਾਂ ਦੀ ਰਾਖੀ ਲਈ ਡੱਟਣਾ ਸਮੁੱਚੀ ਮਨੁੱਖਤਾ ਦਾ ਫ਼ਰਜ਼ ਹੈ। ਪੱਤਰਕਾਰਾਂ ਨੂੰ ਹਿੰਸਾ ਦੇ ਡਰ ਤੋਂ ਮੁਕਤ ਹੋ ਕੇ ਆਪਣਾ ਫ਼ਰਜ਼ ਨਿਭਾਉਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਇਸ ਤੋਂ ਘੱਟ ਕੁਝ ਵੀ ਪ੍ਰਗਟਾਵੇ ਦੀ ਆਜ਼ਾਦੀ ਦੇ ਸਭ ਤੋਂ ਬੁਨਿਆਦੀ ਸਿਧਾਂਤਾਂ ਨਾਲ ਧੋਖਾ ਹੋਵੇਗਾ।
ਗ਼ਾਜ਼ਾ ਦੇ ਪੱਤਰਕਾਰਾਂ ਦੀ ਦਲੇਰੀ, ਵਚਨਬੱਧਤਾ ਅਤੇ ਕੁਰਬਾਨੀ ਸਾਡੇ ਤੋਂ ਮੁਕੰਮਲ ਹਮਾਇਤ ਅਤੇ ਲਗਾਤਾਰ ਵਕਾਲਤ ਦੀ ਮੰਗ ਕਰਦੀ ਹੈ। ਸਾਡੀ ਖ਼ਾਮੋਸ਼ੀ ਅਤੇ ਬੇਹਰਕਤੀ ਇਤਿਹਾਸ ਵਿਚ ਉਨ੍ਹਾਂ ਦੀ ਰਾਖੀ ਕਰਨ ਵਿਚ ਸਾਡੀ ਵੱਡੀ ਨਾਕਾਮੀ ਵਜੋਂ ਦਰਜ ਹੋਵੇਗੀ, ਜੋ ਅੱਜ ਸੱਚ ਨੂੰ ਸਾਹਮਣੇ ਲਿਆਉਣ ਲਈ ਹਵਾਈ ਹਮਲਿਆਂ ਅੱਗੇ ਹਿੱਕ ਡਾਹ ਕੇ ਲੜ ਰਹੇ ਹਨ।
ਜੰਗ ਵਿਚ ਪੱਤਰਕਾਰਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਨਿਯਮਾਂ ਨੂੰ ਮਜ਼ਬੂਤ ਬਣਾਉਣ ਤੇ ਲਾਗੂ ਕਰਨ ਅਤੇ ਸਰਕਾਰਾਂ ਨੂੰ ਉਲੰਘਣਾਵਾਂ ਲਈ ਜਵਾਬਦੇਹ ਬਣਾਉਣ ’ਤੇ ਜ਼ੋਰ ਦੇਣਾ ਅੱਜ ਸਮੇਂ ਦੀ ਵੱਡੀ ਮੰਗ ਹੈ। ਇਜ਼ਰਾਈਲ ਦੇ ਖ਼ੂਨੀ ਹੱਥ ਰੋਕਣ ਲਈ ਇਹ ਜ਼ੋਰਦਾਰ ਮੰਗ ਕਰਨੀ ਹੋਵੇਗੀ ਕਿ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ ਅਤੇ ਗ਼ਾਜ਼ਾ ਪੱਟੀ ਵਿਚ ਅੰਤਰਰਾਸ਼ਟਰੀ ਮੀਡੀਆ ਦੀ ਪਹੁੰਚ ਅਤੇ ਕੰਮ ਕਰਨ ਦੀ ਆਜ਼ਾਦੀ ਯਕੀਨੀ ਬਣਾਈ ਜਾਵੇ।
ਬਾਕਸ:
ਭੁੱਖਮਰੀ ਅਤੇ ਮੌਤਾਂ ਨਾਲ ਜੂਝ ਰਿਹਾ ਗਾਜ਼ਾ
ਬਾਲ ਰੋਗ ਵਿਸ਼ੇਸ਼ਗ ਅਤੇ ਡਾਕਟਰਜ਼ ਵਿਦਾਉਟ ਬਾਰਡਰਜ਼ ਯੂਐਸਏ ਦੀ ਬੋਰਡ ਮੈਂਬਰ ਡਾ. ਅਕਸਾ ਦੁਰਾਨੀ ਦਾ ਅਨੁਭਵ॥
ਜਦੋਂ ਮੈਂ ਗਾਜ਼ਾ ਵਿਚ ਦਾਖ਼ਲ ਹੋਈ ਤਾਂ ਇਜ਼ਰਾਈਲੀ ਫ਼ੌਜ ਦਾ ਨਿਯਮ ਸੀ: ਮੈਂ ਸਿਰਫ਼ ਸੱਤ ਪੌਂਡ ਖਾਣਾ ਲੈ ਜਾ ਸਕਦੀ ਹਾਂ। ਜਦੋਂ ਮੈਂ ਪ੍ਰੋਟੀਨ ਬਾਰ ਤੋਲ ਰਹੀ ਸੀ, ਤਾਂ ਜੋ ਸੀਮਾ ਤੋਂ ਘੱਟ ਹੋਵੇ, ਮੈਂ ਆਪਣੇ ਪਤੀ ਨੂੰ ਕਿਹਾ: ‘ਇਹ ਕਿੰਨਾ ਭਿਆਨਕ ਹੈ?’ ਮੈਂ ਇਕ ਮਾਨਵੀ ਸਹਾਇਤਾ ਕਾਰਕੁਨ ਹਾਂ। ਖਾਣਾ ਲਿਜਾਣ ਉੱਪਰ ਕੋਈ ਸੀਮਾ ਕਿਉਂ ਹੋਵੇਗੀ? ਮੈਂ ਬਹੁਤ ਜ਼ਿਆਦਾ ਭੁੱਖ ਵਾਲੇ ਕਈ ਇਲਾਕਿਆਂ ਵਿਚ ਕੰਮ ਕੀਤਾ ਹੈ, ਪਰ ਇੱਥੇ ਜੋ ਚੀਜ਼ ਸਭ ਤੋਂ ਦੁਖਦਾਈ ਹੈ, ਉਹ ਹੈ ਇਸਦੀ ਕਰੂਰਤਾ, ਇਹ ਕਿੰਨੀ ਜਾਣ-ਬੁੱਝ ਕੇ ਕੀਤੀ ਜਾ ਰਹੀ ਹੈ। ਮੈਂ ਦੋ ਮਹੀਨੇ ਗਾਜ਼ਾ ਵਿਚ ਰਹੀ; ਇੱਥੇ ਜੋ ਹੋ ਰਿਹਾ ਹੈ, ਉਸਦੀ ਭਿਆਨਕਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਤੇ ਮੈਂ ਇਹ ਬਾਲ ਚਿਕਿਤਸਾ ਆਈ.ਸੀ.ਯੂ. ਡਾਕਟਰ ਦੇ ਤੌਰ ‘ਤੇ ਕਹਿ ਰਹੀ ਹਾਂ, ਜਿਸਦੇ ਕੰਮ ਦਾ ਹਿੱਸਾ ਬੱਚਿਆਂ ਨੂੰ ਤਿਲ-ਤਿਲ ਮਰਦੇ ਦੇਖਣਾ ਹੈ। ਸਾਡੇ ਆਪਣੇ ਸਟਾਫ਼ ਵਿਚ ਡਾਕਟਰ ਅਤੇ ਨਰਸਾਂ ਹਨ ਜੋ ਭੁੱਖੇ, ਥੱਕੇ ਹੋਏ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਇਲਾਜ ਕਰਨ ਲਈ ਯਤਨਸ਼ੀਲ ਹਨ। ਉਹ ਤੰਬੂਆਂ ਵਿਚ ਰਹਿ ਰਹੇ ਹਨ। ਉਨ੍ਹਾਂ ਵਿਚੋਂ ਕੁਝ ਨੇ ਆਪਣੇ ਪਰਿਵਾਰ ਦੇ ਪੰਦਰਾਂ, ਵੀਹ ਮੈਂਬਰ ਗੁਆ ਦਿੱਤੇ ਹਨ। ਹਸਪਤਾਲ ਵਿਚ ਹਵਾਈ ਹਮਲਿਆਂ ਨਾਲ ਅਪਾਹਜ ਹੋਏ ਬੱਚੇ ਹਨ: ਟੁੱਟੀਆਂ ਬਾਹਾਂ, ਟੁੱਟੀਆਂ ਲੱਤਾਂ, ਬੁਰੀ ਤਰ੍ਹਾਂ ਜਲੇ ਹੋਣ ਦੇ ਜ਼ਖ਼ਮ। ਅਕਸਰ ਦਰਦ ਦੀ ਦਵਾਈ ਨਹੀਂ ਮਿਲਦੀ। ਪਰ ਬੱਚੇ ਦਰਦ ਬਾਰੇ ਨਹੀਂ ਚੀਕ ਰਹੇ, ਉਹ ਚੀਕ ਰਹੇ ਹਨ: ‘ਮੈਨੂੰ ਭੁੱਖ ਲੱਗੀ ਏ! ਮੈਨੂੰ ਭੁੱਖ ਲੱਗੀ ਏ!’ ਮੈਨੂੰ ਸਿਰਫ਼ ਬੱਚਿਆਂ ‘ਤੇ ਧਿਆਨ ਕੇਂਦਰਤ ਕਰਨ ਤੋਂ ਨਫ਼ਰਤ ਹੈ, ਕਿਉਂਕਿ ਕੋਈ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਪਰ ਬੱਚੇ… ਉਹ ਤੁਹਾਨੂੰ ਵੱਖਰੀ ਤਰ੍ਹਾਂ ਨਾਲ ਸਤਾਉਂਦੇ ਹਨ। ਜਦੋਂ ਮੇਰੇ ਦੋ ਮਹੀਨੇ ਪੂਰੇ ਹੋਏ, ਮੈਂ ਵਾਪਸ ਜਾਣਾ ਨਹੀਂ ਸੀ ਚਾਹੁੰਦੀ। ਇਹ ਅਜਿਹਾ ਅਹਿਸਾਸ ਸੀ ਜੋ ਮੈਨੂੰ ਲੱਗਭੱਗ ਵੀਹ ਸਾਲਾਂ ਦੇ ਮਾਨਵੀ ਕਾਰਜਾਂ ਵਿਚ ਕਦੇ ਨਹੀਂ ਹੋਇਆ। ਪਰ ਮੈਨੂੰ ਸ਼ਰਮ ਆਈ। ਆਪਣੇ ਫ਼ਲਸਤੀਨੀ ਸਾਥੀਆਂ ਨੂੰ ਛੱਡ ਕੇ ਜਾਂਦਿਆਂ ਸ਼ਰਮ ਆਈ, ਜੋ ਮੇਰੀ ਮੁਲਾਕਾਤ ਦੇ ਸਭ ਤੋਂ ਖੂਬਸੂਰਤ ਅਤੇ ਦਿਆਲੂ ਲੋਕਾਂ ਵਿੱਚੋਂ ਸਨ। ਮੈਨੂੰ ਇਕ ਅਮਰੀਕੀ ਦੇ ਤੌਰ ‘ਤੇ ਸ਼ਰਮ ਆਈ, ਇਕ ਇਨਸਾਨ ਦੇ ਤੌਰ ‘ਤੇ ਸ਼ਰਮ ਆਈ, ਕਿ ਅਸੀਂ ਇਸ ਚੀਜ਼ ਨੂੰ ਰੋਕਣ ਵਿਚ ਅਸਮਰੱਥ ਰਹੇ ਹਾਂ, ਜੋ ਸਪੱਸ਼ਟ ਤੌਰ ‘ਤੇ ਨਸਲਕੁਸ਼ੀ ਹੈ। ਮੈਨੂੰ ਚੇਤੇ ਹੈ ਜਦੋਂ ਸਾਡੀ ਬੱਸ ਬਫ਼ਰ ਜ਼ੋਨ ਤੋਂ ਨਿਕਲੀ। ਖਿੜਕੀ ਤੋਂ ਇਕ ਪਾਸੇ ਮੈਂ ਰਾਫ਼ਾ ਨੂੰ ਦੇਖ ਸਕਦੀ ਸੀ, ਜੋ ਸਿਰਫ਼ ਮਲਬਾ ਸੀ। ਦੂਜੇ ਪਾਸੇ ਹਰਿਆ-ਭਰਿਆ, ਹਰਿਆਲੀ ਨਾਲ ਭਰਪੂਰ ਇਜ਼ਰਾਈਲ ਸੀ। ਜਦੋਂ ਅਸੀਂ ਗੇਟ ਤੋਂ ਨਿਕਲੇ, ਪਹਿਲੀ ਚੀਜ਼ ਜੋ ਮੈਂ ਦੇਖੀ ਉਹ ਇਜ਼ਰਾਈਲੀ ਫ਼ੌਜੀਆਂ ਦਾ ਗਰੁੱਪ ਸੀ, ਜੋ ਮੇਜ਼ ‘ਤੇ ਬੈਠੇ, ਦੁਪਹਿਰ ਦਾ ਖਾਣਾ ਖਾ ਰਹੇ ਸਨ। ਖਾਣੇ ਨਾਲ ਭਰੀ ਮੇਜ਼ ਦੇਖ ਕੇ ਮੈਨੂੰ ਕਦੇ ਏਨੀ ਘਿਣ ਨਹੀਂ ਆਈ।
ਅਨਸ ਅਲ-ਸ਼ਰੀਫ਼ ਦੀ ਆਖ਼ਰੀ ਵਸੀਅਤ:
‘ਇਹ ਮੇਰੀ ਵਸੀਅਤ ਅਤੇ ਆਖ਼ਰੀ ਸੰਦੇਸ਼ ਹੈ। ਜੇ ਇਹ ਸ਼ਬਦ ਤੁਹਾਡੇ ਤੱਕ ਪਹੁੰਚਣ, ਤਾਂ ਸਮਝ ਲੈਣਾ ਕਿ ਇਜ਼ਰਾਈਲ ਮੈਨੂੰ ਮਾਰਨ ਅਤੇ ਮੇਰੀ ਆਵਾਜ਼ ਨੂੰ ਖ਼ਾਮੋਸ਼ ਕਰਨ ਵਿਚ ਕਾਮਯਾਬ ਹੋ ਗਿਆ ਹੈ।
ਸਭ ਤੋਂ ਪਹਿਲਾਂ ਤਾਂ, ਤੁਹਾਡੇ ਉੱਪਰ ਸੁੱਖ-ਸ਼ਾਂਤੀ ਅਤੇ ਅੱਲਾਹ ਦੀ ਰਹਿਮਤ ਤੇ ਆਸ਼ੀਰਵਾਦ ਦੀ ਬਖ਼ਸ਼ਿਸ਼ ਹੋਵੇ। ਅੱਲਾਹ ਜਾਣਦਾ ਹੈ ਕਿ ਜਦੋਂ ਤੋਂ ਮੈਂ ਜਬਾਲੀਆ ਸ਼ਰਨਾਰਥੀ ਕੈਂਪ ਦੀਆਂ ਗਲੀਆਂ ਅਤੇ ਸੜਕਾਂ ’ਚ ਜ਼ਿੰਦਗੀ ਦੀਆਂ ਅੱਖਾਂ ਖੋਲ੍ਹੀਆਂ, ਉਦੋਂ ਤੋਂ ਹੀ ਮੈਂ ਆਪਣੇ ਲੋਕਾਂ ਲਈ ਸਹਾਰਾ ਅਤੇ ਆਵਾਜ਼ ਬਣਨ ਲਈ ਆਪਣੀ ਪੂਰੀ ਕੋਸ਼ਿਸ਼ ਅਤੇ ਤਾਕਤ ਲਗਾ ਦਿੱਤੀ। ਮੇਰੀ ਇਹੀ ਉਮੀਦ ਸੀ ਕਿ ਅੱਲ੍ਹਾ ਮੇਰੀ ਉਮਰ ਲੰਮੀ ਕਰੇ ਤਾਂ ਜੋ ਮੈਂ ਆਪਣੇ ਪਰਿਵਾਰ ਅਤੇ ਪਿਆਰੇ ਲੋਕਾਂ ਨਾਲ ਆਪਣੇ ਮੂਲ ਸ਼ਹਿਰ, ਮਕਬੂਜ਼ਾ ਅਸਕਲਾਨ (ਅਲ-ਮਜਦਲ) ਵਾਪਸ ਪਰਤ ਸਕਾਂ। ਪਰ ਅੱਲ੍ਹਾ ਦੀ ਮਰਜ਼ੀ ਪਹਿਲਾਂ ਹੈ, ਅਤੇ ਉਸਦਾ ਫ਼ੈਸਲਾ ਅੰਤਿਮ ਹੈ।
ਮੈਂ ਦਰਦ ਦਾ ਹਰ ਰੰਗ ਜੀਵਿਆ ਹੈ, ਪੀੜਾ ਅਤੇ ਨੁਕਸਾਨ ਦਾ ਸੁਆਦ ਕਈ ਵਾਰ ਚੱਖਿਆ ਹੈ, ਫਿਰ ਵੀ ਸੱਚ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਬਿਨਾਂ ਤੋੜੇ-ਮਰੋੜੇ ਜਾਂ ਗ਼ਲਤ ਬਿਆਨੀ ਕੀਤੇ ਅੱਗੇ ਪਹੁੰਚਾਉਣ ’ਚ ਮੈਂ ਕਦੇ ਹਿਚਕ ਨਹੀਂ ਦਿਖਾਈ। ਤਾਂ ਜੋ ਅੱਲ੍ਹਾ ਉਨ੍ਹਾਂ ਦੇ ਖ਼ਿਲਾਫ਼ ਗਵਾਹ ਬਣੇ ਜੋ ਚੁੱਪ ਰਹੇ, ਜਿਨ੍ਹਾਂ ਨੇ ਸਾਡੇ ਕਤਲ ਮਨਜ਼ੂਰ ਕਰ ਲਏ, ਜਿਨ੍ਹਾਂ ਨੇ ਸਾਡੇ ਸਾਹ ਘੁੱਟੇ, ਅਤੇ ਜਿਨ੍ਹਾਂ ਦੇ ਦਿਲ ਸਾਡੇ ਬੱਚਿਆਂ ਅਤੇ ਔਰਤਾਂ ਦੇ ਜਿਸਮਾਂ ਦੇ ਖਿੰਡੇ ਹੋਏ ਲੋਥੜਿਆਂ ਨਾਲ ਵੀ ਨਾ ਪਸੀਜੇ, ਜਿਨ੍ਹਾਂ ਨੇ ਉਸ ਕਤਲੇਆਮ ਨੂੰ ਰੋਕਣ ਲਈ ਕੁਝ ਨਹੀਂ ਕੀਤਾ, ਜਿਸਦਾ ਸਾਹਮਣਾ ਸਾਡੇ ਲੋਕਾਂ ਨੂੰ ਪਿਛਲੇ ਡੇਢ ਸਾਲ ਤੋਂ ਵੀ ਵੱਧ ਸਮੇਂ ਤੋਂ ਕਰਨਾ ਪੈ ਰਿਹਾ ਹੈ।
ਮੈਂ ਤੁਹਾਨੂੰ ਫ਼ਲਸਤੀਨ ਦੀ ਅਮਾਨਤ ਸੌਂਪਦਾ ਹਾਂ—ਮੁਸਲਿਮ ਜਗਤ ਦੇ ਤਾਜ ਦਾ ਗਹਿਣਾ, ਇਸ ਦੁਨੀਆ ਦੇ ਹਰ ਆਜ਼ਾਦ ਇਨਸਾਨ ਦੀ ਧੜਕਣ। ਮੈਂ ਤੁਹਾਨੂੰ ਇਸਦੇ ਲੋਕਾਂ ਦੀ, ਇਸਦੇ ਮਜ਼ਲੂਮ ਅਤੇ ਮਾਸੂਮ ਬੱਚਿਆਂ ਦੀ ਅਮਾਨਤ ਸੌਂਪਦਾ ਹਾਂ, ਜਿਨ੍ਹਾਂ ਨੂੰ ਕਦੇ ਸੁਪਨੇ ਦੇਖਣ ਜਾਂ ਸੁਰੱਖਿਆ ਅਤੇ ਸੁੱਖ-ਸ਼ਾਂਤੀ ਵਿਚ ਜਿਊਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੇ ਪਵਿੱਤਰ ਜਿਸਮ ਹਜ਼ਾਰਾਂ ਟਨ ਇਜ਼ਰਾਈਲੀ ਬੰਬਾਂ ਅਤੇ ਮਿਜ਼ਾਈਲਾਂ ਹੇਠਾਂ ਕੁਚਲ ਦਿੱਤੇ ਗਏ, ਟੁਕੜੇ-ਟੁਕੜੇ ਹੋ ਕੇ ਇੱਧਰ-ਉੱਧਰ ਦੀਵਾਰਾਂ ‘ਤੇ ਚਿਪਕ ਗਏ।
ਮੈਂ ਤੁਹਾਨੂੰ ਅਰਜ਼ ਕਰਦਾ ਹਾਂ: ਆਪਣੀ ਆਵਾਜ਼ ਨੂੰ ਜ਼ੰਜੀਰਾਂ ਨਾਲ ਖ਼ਾਮੋਸ਼ ਨਾ ਹੋਣ ਦੇਣਾ, ਨਾ ਹੀ ਸਰਹੱਦਾਂ ਨੂੰ ਤੁਹਾਡਾ ਰਾਹ ਰੋਕਣ ਦੀ ਇਜਾਜ਼ਤ ਦੇਣਾ। ਇਸ ਜ਼ਮੀਨ ਅਤੇ ਇਸਦੇ ਲੋਕਾਂ ਦੀ ਆਜ਼ਾਦੀ ਵੱਲ ਲੈ ਜਾਣ ਵਾਲਾ ਪੁਲ ਬਣਨਾ, ਜਦ ਤੱਕ ਕਿ ਸਾਡੀ ਚੋਰੀ ਕੀਤੀ ਹੋਈ ਮਾਂ-ਧਰਤੀ ਉੱਪਰ ਮਾਣ-ਸਨਮਾਨ ਅਤੇ ਆਜ਼ਾਦੀ ਦਾ ਸੂਰਜ ਚੜ੍ਹ ਨਾ ਜਾਵੇ…।’
