ਫੜਨਵੀਸ ਦਾ ‘ਪਿਆਰਾ ਜ਼ਿਲ੍ਹਾ’ ਗੜਚਿਰੋਲੀ: ਸੁੰਗੜਦਾ ਮਾਓਵਾਦ, ਵਧਦੀ ਮਾਈਨਿੰਗ-2

ਸੰਤੋਸ਼ੀ ਮਰਕਾਮ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਭਾਗ ਦੂਜਾ-
ਗੜਚਿਰੋਲੀ ਵਿਚ ‘ਸੁੰਗੜਦਾ ਮਾਓਵਾਦ, ਵਧਦੀ ਜਾ ਰਹੀ ਮਾਈਨਿੰਗ’ ਦੇ ਸਿਰਲੇਖ ਤਹਿਤ ‘ਦਿ ਵਾਇਰ’ ਹਿੰਦੀ ਦੀ ਖ਼ਬਰ ਛਪਣ ਤੋਂ ਅਗਲੇ ਹੀ ਦਿਨ, ਯਾਨੀ 22 ਜੁਲਾਈ ਨੂੰ, ਅਖ਼ਬਾਰਾਂ ਦੇ ਪਹਿਲੇ ਪੰਨੇ ‘ਤੇ ਲੌਇਡ ਕੰਪਨੀ ਨੇ ਪੂਰੇ ਸਫ਼ੇ ਦਾ ਇਸ਼ਤਿਹਾਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀਆਂ ਮੁਸਕਰਾਉਂਦੀਆਂ ਤਸਵੀਰਾਂ ਨਾਲ ਛਪਿਆ ਇਹ ਇਸ਼ਤਿਹਾਰ ਗੜਚਿਰੋਲੀ ਜ਼ਿਲ੍ਹੇ ਵਿਚ ਲੌਇਡ ਕੰਪਨੀ ਦੇ ਵੱਡੇ ਪ੍ਰੋਜੈਕਟਾਂ ਦਾ ਫੜਨਵੀਸ ਦੇ ਹੱਥੀਂ ਉਦਘਾਟਨ ਹੋਣ ਦਾ ਜ਼ਿਕਰ ਕਰਦਾ ਸੀ।

ਇਸ ਇਸ਼ਤਿਹਾਰ ਦਾ ਸੁਨੇਹਾ ਸਾਫ਼ ਸੀ–ਗੜਚਿਰੋਲੀ ਜ਼ਿਲ੍ਹੇ ਨੂੰ ਭਾਰਤ ਦਾ ‘ਸਟੀਲ ਸਿਟੀ’ ਬਣਾਉਣਾ ਹੈ। ਪਰ ਕਿਸ ਕੀਮਤ ‘ਤੇ? ਆਖ਼ਿਰ ਇਹ ਕੀਮਤ ਕੌਣ ਚੁਕਾ ਰਿਹਾ ਹੈ?
ਅਸੀਂ ਆਪਣੀ ਪਿਛਲੀ ਖ਼ਬਰ ਵਿਚ ਮਾਓਵਾਦੀਆਂ ਤੋਂ ਬਾਅਦ ਉਭਰਦੇ ਦੰਡਕਾਰਣੀਆ ਦੇ ਬਦਲਦੇ ਚਿਹਰੇ ਨੂੰ ਗੜਚਿਰੋਲੀ ਰਾਹੀਂ ਵਿਖਾਇਆ ਸੀ। ਜਿਉਂ-ਜਿਉਂ ਮਾਓਵਾਦੀ ਅੰਦੋਲਨ ਸੁੰਗੜਦਾ ਜਾਂਦਾ ਹੈ, ਆਦਿਵਾਸੀ ਇਲਾਕਿਆਂ ਵਿਚ ਮਾਈਨਿੰਗ ਕੰਪਨੀਆਂ ਆ ਰਹੀਆਂ ਹਨ। ਰਿਪੋਰਟ ਦੀ ਇਹ ਦੂਜੀ ਕਿਸ਼ਤ ਇਸ ਅਮਲ ਦੇ ਵਾਤਾਵਰਣ ਅਤੇ ਸਮਾਜਿਕ ਜ਼ਿੰਦਗੀ ‘ਤੇ ਪੈਣ ਵਾਲੇ ਅਸਰਾਂ ਦੀ ਪੜਤਾਲ ਕਰਦੀ ਹੈ।
ਵਾਤਾਵਰਣ ਨੂੰ ਹੋ ਰਿਹਾ ਭਾਰੀ ਨੁਕਸਾਨ
ਸਥਾਨਕ ਆਦਿਵਾਸੀ ਕਾਰਕੁਨ ਲਾਲਸੂ ਸੋਮਾ ਨੋਗੋਟੀ ਦੱਸਦੇ ਹਨ ਕਿ ਖਾਣਾਂ ਪੱਟਣ ਲਈ ਵੱਡੇ ਪੱਧਰ ’ਤੇ ਦਰੱਖ਼ਤਾਂ ਦੀ ਕਟਾਈ ਅਤੇ ਪਹਾੜਾਂ ਵਿਚ ਖਣਨ ਨਾਲ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਖਣਨ ਤੋਂ ਨਿਕਲਣ ਵਾਲੇ ਗੰਦੇ ਲਾਲ ਪਾਣੀ ਅਤੇ ਗੰਦੀ ਧੂੜ ਹਵਾ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਹੇ ਹਨ।
ਗ਼ੌਰਤਲਬ ਹੈ ਕਿ ਮੁੱਖ ਮੰਤਰੀ ਫੜਨਵੀਸ ਨੇ 22 ਜੁਲਾਈ ਨੂੰ ਹੀ ਗੜਚਿਰੋਲੀ ਵਿਚ ‘ਹਰਿਤ ਮਹਾਰਾਸ਼ਟਰ, ਖ਼ੁਸ਼ਹਾਲ ਮਹਾਰਾਸ਼ਟਰ’ ਮੁਹਿੰਮ ਦੇ ਤਹਿਤ 1 ਕਰੋੜ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਸਨੇ ਕਿਹਾ ਕਿ ਪੂਰੇ ਮਹਾਰਾਸ਼ਟਰ ਵਿਚ ਇਸ ਸਾਲ 11 ਕਰੋੜ ਪੌਦੇ ਲਗਾਏ ਜਾਣਗੇ ਅਤੇ ਅਗਲੇ ਸਾਲ 25 ਕਰੋੜ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2014 ਤੋਂ 2021 ਤੱਕ 50 ਕਰੋੜ ਰੁੱਖ ਲਗਾਏ ਗਏ ਸਨ।
ਮੁੱਖ ਮੰਤਰੀ ਦੇ ਦਾਅਵੇ ’ਤੇ ਸਵਾਲ ਉਠਾਉਂਦੇ ਹੋਏ ਲਾਲਸੂ ਨੋਗੋਟੀ ਨੇ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਹੱਥਕੰਡਾ ਹੈ, ਤਾਂ ਜੋ ਉਹ ਦਰੱਖਤਾਂ ਦੀ ਕਟਾਈ ਦਾ ਵਿਰੋਧ ਨਾ ਕਰਨ।
ਉਨ੍ਹਾਂ ਕਿਹਾ, ‘ਇੱਥੋਂ ਦੇ ਜੰਗਲਾਂ ਅਤੇ ਪਹਾੜਾਂ ਨੂੰ ਉਜਾੜ ਕੇ ਉਨ੍ਹਾਂ ਵੱਲੋਂ ਦਰੱਖ਼ਤ ਲਗਾਉਣ ਦਾ ਦਾਅਵਾ ਕਰਨਾ ਹਾਸੋਹੀਣਾ ਹੈ। ਸਰਕਾਰ ਚਾਹੇ ਕਿੰਨੇ ਵੀ ਦਰੱਖ਼ਤ ਲਗਾ ਦੇਵੇ, ਕੁਦਰਤੀ ਜੰਗਲਾਂ ਦੇ ਨੁਕਸਾਨ ਦੀ ਪੂਰਤੀ ਕਦੇ ਨਹੀਂ ਕਰ ਸਕੇਗੀ। ਕੁਦਰਤੀ ਜੰਗਲਾਂ ਵਿਚ ਵੱਖ-ਵੱਖ ਕਿਸਮ ਦੇ ਪੌਦੇ, ਬਨਸਪਤੀ ਅਤੇ ਜਾਨਵਰ ਹੁੰਦੇ ਹਨ, ਜਿਨ੍ਹਾਂ ‘ਤੇ ਨਿਰਭਰ ਹੋ ਕੇ ਉੱਥੋਂ ਦੇ ਆਦਿਵਾਸੀ ਜੀ ਰਹੇ ਹਨ। ਤੇਂਦੂ ਪੱਤਾ, ਬਾਂਸ ਅਤੇ ਹੋਰ ਵਣ ਉਪਜਾਂ ਇੱਥੋਂ ਦੇ ਆਦਿਵਾਸੀਆਂ ਦੀ ਆਮਦਨ ਦਾ ਮੁੱਖ ਸਰੋਤ ਹਨ। ਕੀ ਇਹ ਪੌਦੇ ਉਸਦੀ ਪੂਰਤੀ ਕਰ ਸਕਣਗੇ?’
ਲਾਲਸੂ ਨੇ ਕਿਹਾ, ‘ਚਾਰ-ਪੰਜ ਸੌ ਸਾਲ ਪੁਰਾਣੇ ਵੱਡੇ ਦਰੱਖ਼ਤਾਂ ਨੂੰ ਕੱਟ ਕੇ ਸ਼ਹਿਰੀ ਕਿਸਮ ਦੇ ਦਰੱਖ਼ਤ ਲਗਾਉਣਾ ਇੱਥੇ ਦੇ ਲੋਕਾਂ ਨਾਲ ਮਜ਼ਾਕ ਤੋਂ ਸਿਵਾਏ ਹੋਰ ਕੁਝ ਨਹੀਂ ਹੈ।’
ਲਾਲਸੂ ਦੱਸਦੇ ਹਨ ਕਿ ਖਣਨ ਦੀ ਵਜ੍ਹਾ ਨਾਲ ਆਦਿਵਾਸੀਆਂ ਦੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੇ ਖੇਤ ਖਾਣਾਂ ਤੋਂ ਨਿਕਲਣ ਵਾਲੀ ਮਿੱਟੀ ਨਾਲ ਢਕੇ ਜਾਣ ਕਰਕੇ ਬੇਕਾਰ ਹੋ ਰਹੇ ਹਨ। ਹੁਣ ਉਨ੍ਹਾਂ ਵਿਚ ਫ਼ਸਲ ਮੁਸ਼ਕਲ ਨਾਲ ਹੀ ਉੱਗਦੀ ਹੈ।
ਉਸ ਨੇ ਮਲਮਪਾੜੀ ਪਿੰਡ ਦੀ ਮਿਸਾਲ ਦਿੱਤੀ। ਸੂਰਜਾਗੜ੍ਹ ਪਹਾੜੀ ਤੋਂ ਵਗ ਕੇ ਉਸ ਪਿੰਡ ਵਿਚ ਛੋਟਾ ਜਿਹਾ ਝਰਨਾ ਆਉਂਦਾ ਹੈ, ਲੋਕ ਪਹਿਲਾਂ ਉੱਥੋਂ ਦਾ ਪਾਣੀ ਪੀਂਦੇ ਸਨ, ਨਹਾਉਂਦੇ ਸਨ ਅਤੇ ਮੱਛੀ, ਕੇਕੜੇ ਆਦਿ ਫੜਿਆ ਕਰਦੇ ਸਨ। ਹੁਣ ਖਾਣ ਤੋਂ ਨਿਕਲਣ ਵਾਲੇ ਪ੍ਰਦੂਸ਼ਿਤ ਲਾਲ ਪਾਣੀ ਕਰਕੇ ਉਸ ਝਰਨੇ ਦੇ ਮੱਛੀ, ਕੇਕੜੇ, ਡੱਡੂ, ਸੱਪ ਆਦਿ ਗਾਇਬ ਹੋ ਗਏ ਹਨ। ਉਸਨੇ ਕਿਹਾ ਕਿ ਜੰਗਲ ਦੇ ਬਹੁਤ ਸਾਰੇ ਕੰਦ-ਮੂਲ ਅਤੇ ਬਨਸਪਤੀ ਵੀ ਅਲੋਪ ਹੋ ਰਹੇ ਹਨ।
ਪੋਟੇਗਾਂਵ ਦੇ ਆਦਿਵਾਸੀ ਵਿਕਾਸ ਪਰਿਸ਼ਦ ਦੇ ਕਾਰਕੁਨ ਵਿਨੋਦ ਮੰਡਾਵੀ ਵੀ ਇਸ ਨਾਲ ਸਹਿਮਤ ਹਨ ਕਿ ਖਣਨ ਨਾਲ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਹ ਦੱਸਦੇ ਹਨ, ‘ਆਸਟੀ, ਆਲਾਪੱਲੀ ਅਤੇ ਸੂਰਜਾਗੜ੍ਹ ਹਾਈਵੇ ਉੱਪਰ ਮਾਈਨਿੰਗ ਕੰਪਨੀਆਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਰੱਖਿਆ ਹੈ। ਹਰ ਰੋਜ਼ ਦਰਜਨਾਂ ਟਰੱਕ ਉਸ ਹਾਈਵੇ ਤੋਂ ਲੰਘਦੇ ਹਨ। ਸਕੂਲੀ ਬੱਚਿਆਂ ਲਈ ਸੜਕ ਪਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ।’
ਸੂਰਜਾਗੜ੍ਹ ਪਹਾੜ ਦਾ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ
ਸਥਾਨਕ ਆਦਿਵਾਸੀ ਸੂਰਜਾਗੜ੍ਹ ਵਿਚ ਖਾਣ ਪੱਟਣ ਨੂੰ ਲੈ ਕੇ ਸ਼ੁਰੂ ਤੋਂ ਹੀ ਗੁੱਸੇ ‘ਚ ਹਨ। ਇੱਥੇ ਚਾਰ ਪਰਬਤ ਮਾਲਾਵਾਂ ਹਨ। ਇਨ੍ਹਾਂ ਪਹਾੜਾਂ ਨੂੰ ਇਤਿਹਾਸਕ ਅਤੇ ਸੱਭਿਆਚਾਰਕ ਰੂਪ ਵਿਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਖੇਤਰ ਆਦਿਵਾਸੀਆਂ ਅਤੇ ਹੋਰ ਸਮੂਹਾਂ ਦਾ ਪੂਜਾ ਸਥਾਨ ਵੀ ਹੈ। ਇੱਥੇ ਹਰ ਸਾਲ ਜਨਵਰੀ ਵਿਚ ਵੱਡੇ ਪੱਧਰ ’ਤੇ ਆਦਿਵਾਸੀ ਇਕੱਠੇ ਹੋ ਕੇ ਆਪਣੇ ਰਵਾਇਤੀ ਧਾਰਮਿਕ ਰਸਮਾਂ-ਰਿਵਾਜ ਕਰਦੇ ਹਨ।
ਇਸ ਇਲਾਕੇ ਵਿਚ ਜ਼ਿਆਦਾਤਰ ਮਾੜੀਆ ਸੂਚੀਦਰਜ ਕਬੀਲੇ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਖ਼ਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਦੀ ਸ਼੍ਰੇਣੀ ‘ਚ ਰੱਖਿਆ ਹੈ। ਲਾਲਸੂ, ਜੋ ਖੁਦ ਵੀ ਮਾੜੀਆ ਭਾਈਚਾਰੇ ਨਾਲ ਹਨ, ਨੇ ਦੱਸਿਆ, ‘ਉਸ ਪਹਾੜੀ ਵਿਚ ਜੋ ਦੇਵਤਾ ਨਿਵਾਸ ਕਰਦੇ ਹਨ ਉਨ੍ਹਾਂ ਨੂੰ ਇੱਥੇ ਦੇ ਮਾੜੀਆ ਆਦਿਵਾਸੀ ‘ਓਗਦਾਲ ਪੇਨ’ ਕਹਿੰਦੇ ਹਨ। ਪਰ ਹੁਣ ਬਾਹਰਲੇ ਲੋਕਾਂ ਨੇ ਉਸ ਦਾ ਨਾਂ ‘ਠਾਕੁਰ ਦੇਵ’ ਰੱਖ ਦਿੱਤਾ ਹੈ।’
ਸੂਰਜਾਗੜ੍ਹ ਪਹਾੜੀ ਦੇ ਆਲੇ-ਦੁਆਲੇ ਕੁੱਲ 75 ਪਿੰਡ ਹਨ, ਜਿਸ ਨੂੰ ਸੂਰਜਾਗੜ੍ਹ ਪੱਟੀ ਕਿਹਾ ਜਾਂਦਾ ਹੈ। ਇਸ ਪਹਾੜੀ ਦਾ ਅਸਲੀ ਆਦਿਵਾਸੀ ਨਾਮ ‘ਓਗਦਾਲਗੜ੍ਹ’ ਸੀ। ਜਿਵੇਂ ਹੋਰ ਇਲਾਕਿਆਂ ਵਿਚ ਆਦਿਵਾਸੀਆਂ ਦੇ ਚਿੰਨ੍ਹਾਂ, ਥਾਵਾਂ, ਦਰਿਆਵਾਂ ਆਦਿ ਦੇ ਨਾਂ ਬਦਲੇ ਜਾ ਰਹੇ ਹਨ, ਉਸੇ ਤਰ੍ਹਾਂ ਇਸ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ।
ਵਿਨੋਦ ਮੰਡਾਵੀ ਇਹ ਸਵਾਲ ਵੀ ਪੁੱਛਦੇ ਹਨ, ‘ਜਦੋਂ ਮੁਲਕ ਦੇ ਹੋਰ ਧਾਰਮਿਕ ਸਥਾਨਾਂ ’ਤੇ ਪੂਜਾ ਸਥਾਨ ਐਕਟ ਲਾਗੂ ਹੁੰਦਾ ਹੈ ਤਾਂ ਆਦਿਵਾਸੀਆਂ ਦੇ ਪੂਜਾ ਸਥਾਨਾਂ ’ਤੇ ਇਹ ਕਿਉਂ ਨਹੀਂ ਲਾਗੂ ਹੁੰਦਾ? ਮੁਲਕ ਦੇ ਹੋਰ ਹਿੱਸਿਆਂ ਵਿਚ ਵੀ ਕਈ ਥਾਵਾਂ ’ਤੇ ਦੇਖਿਆ ਗਿਆ ਹੈ ਕਿ ਆਦਿਵਾਸੀਆਂ ਦੇ ਪੂਜਾ ਸਥਾਨਾਂ ’ਤੇ ਧੜਾਧੜ ਮਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ।’
ਸਾਲ 2019 ਵਿਚ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਬੈਲਾਡਿਲਾ ਖੇਤਰ ਵਿਚ ਨੰਦਰਾਜ਼ ਪਹਾੜ ਵਿਚ ਖਣਨ ਕਰਨ ਦਾ ਆਦਿਵਾਸੀਆਂ ਨੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਸੀ। ਆਦਿਵਾਸੀਆਂ ਦੀ ਧਾਰਨਾ ਹੈ ਕਿ ਇਸ ਪਹਾੜ ਵਿਚ ਉਨ੍ਹਾਂ ਦੇ ਇਸ਼ਟ ਦੇਵਤਾ ਬਿਰਾਜਮਾਨ ਹਨ। ਓੜੀਸਾ ਦੇ ਕੋਰਾਪੁਟ ਜ਼ਿਲ੍ਹੇ ਵਿਚ ਸਿਜੀਮਾਲੀ ਪਹਾੜ ਵਿਚ ਵੀ ਆਦਿਵਾਸੀ ਆਪਣੇ ਪੂਜਾ ਸਥਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਨਿਆਮਗਿਰੀ ਪਹਾੜ ਦੀ ਵੀ ਇਹੀ ਕਹਾਣੀ ਹੈ।
ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਦਾ ਇਤਿਹਾਸ
ਦੱਸਿਆ ਜਾਂਦਾ ਹੈ ਕਿ ਸੂਰਜਾਗੜ੍ਹ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਅਹੇਰੀ ਦੇ ਆਦਿਵਾਸੀ ਜ਼ਮੀਂਦਾਰ ਬਾਬੂਰਾਓ ਸ਼ੇਡਮਾਕੇ ਦਾ ਸ਼ਰਨ ਸਥਾਨ ਵੀ ਸੀ। ਇਸ ਪਹਾੜ ’ਤੇ ਸੂਰਜਾਗੜ੍ਹ ਕਿਲ੍ਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨੂੰ ਬਾਬੂਰਾਓ ਸ਼ੇਡਮਾਕੇ ਨੇ ਬਣਵਾਇਆ ਸੀ। 1857 ਵਿਚ ਅੰਗਰੇਜ਼ਾਂ ਦੇ ਖਿਲਾਫ਼ ਆਦਿਵਾਸੀਆਂ ਦੀ ਬਗ਼ਾਵਤ ਦੀ ਅਗਵਾਈ ਬਾਬੂਰਾਓ ਸ਼ੇਡਮਾਕੇ ਨੇ ਕੀਤੀ ਸੀ। ਉਸ ਨੇ ਆਪਣੀ ਫ਼ੌਜ ਨੂੰ ਅੰਗਰੇਜ਼ ਫ਼ੌਜ ਤੋਂ ਸੁਰੱਖਿਅਤ ਰੱਖਣ ਅਤੇ ਛੁਪਾਉਣ ਲਈ ਕਿਲ੍ਹੇ ਦਾ ਇਸਤੇਮਾਲ ਕੀਤਾ ਸੀ।
ਲਾਲਸੂ ਦੱਸਦੇ ਹਨ ਕਿ ਸੂਰਜਾਗੜ੍ਹ ਪਹਾੜਾਂ ਵਿਚ ਅੱਜ ਵੀ ਅੰਗਰੇਜ਼ਾਂ ਨਾਲ ਹੋਏ ਸੰਘਰਸ਼ ਦੀਆਂ ਕਈ ਨਿਸ਼ਾਨੀਆਂ ਹਨ – ਤਲਵਾਰ, ਭਾਲੇ, ਖੰਜਰ, ਢਾਲ। ਆਦਿਵਾਸੀ ਉਨ੍ਹਾਂ ਦੀ ਵੀ ਪੂਜਾ ਕਰਦੇ ਹਨ।
ਆਦਿਵਾਸੀ ਕੁੜੀਆਂ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ
ਸਥਾਨਕ ਲੋਕ ਦੱਸਦੇ ਹਨ ਕਿ ਖਾਣ ਸ਼ੁਰੂ ਹੋਣ ਤੋਂ ਬਾਅਦ ਇਸ ਇਲਾਕੇ ਦੀਆਂ ਆਦਿਵਾਸੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਖਾਣਾਂ ਵਿਚ ਕੰਮ ਕਰਨ ਲਈ ਵੱਡੀ ਗਿਣਤੀ ਵਿਚ ਬਾਹਰੋਂ ਲੋਕ ਆਉਂਦੇ ਹਨ। ਇੱਥੇ ਦੀਆਂ ਔਰਤਾਂ ਉਨ੍ਹਾਂ ਦੇ ਘਰਾਂ ਵਿਚ ਭਾਂਡੇ ਮਾਂਜਣ, ਝਾੜੂ-ਪੋਚਾ ਲਾਉਣ ਵਰਗੇ ਕੰਮ ਕਰਨ ਜਾਂਦੀਆਂ ਹਨ, ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਂਡੇ ਪਿੰਡ ਦੀ ਇਕ 8-9ਵੀਂ ਜਮਾਤ ਵਿਚ ਪੜ੍ਹਦੀ ਆਦਿਵਾਸੀ ਕੁੜੀ ਨੂੰ ਹੇਡਰੀ ਪਿੰਡ ਵਿਚ ਇੱਕ ਜੋੜੇ ਨੇ ਆਪਣੇ ਬੱਚੇ ਦੀ ਦੇਖਭਾਲ ਕਰਨ ਲਈ ਰੱਖਿਆ ਸੀ। ਉਸ ਕੁੜੀ ਦਾ ਕੰਪਨੀ ਦੇ ਕਿਸੇ ਵਿਅਕਤੀ ਨੇ ਜਿਨਸੀ ਸ਼ੋਸ਼ਣ ਕੀਤਾ, ਉਹ ਗਰਭਵਤੀ ਹੋ ਗਈ। ਬਾਅਦ ਵਿਚ ਉਸ ਕੁੜੀ ਦੇ ਪਰਿਵਾਰ ਨੂੰ ਕੁਝ ਪੈਸੇ ਦੇ ਕੇ ਮਾਮਲਾ ਰਫ਼ਾ-ਦਫ਼ਾ ਕਰਵਾ ਦਿੱਤਾ ਗਿਆ। ਕੁੜੀ ਦਾ ਗਰਭਪਾਤ ਕਰਵਾ ਦਿੱਤਾ ਗਿਆ।
ਉਸਨੇ ਇਹ ਵੀ ਦੱਸਿਆ ਕਿ ਹੌਲੀ-ਹੌਲੀ ਇਲਾਕੇ ਵਿਚ ਦੇਹ-ਵਪਾਰ ਵੀ ਪਨਪਣ ਲੱਗਾ ਹੈ। ਆਦਿਵਾਸੀ ਔਰਤਾਂ ਨੂੰ ਦੇਹ-ਵਪਾਰ ਵੱਲ ਧੱਕਿਆ ਜਾ ਰਿਹਾ ਹੈ, ਜੋ ਇੱਥੋਂ ਦੇ ਸਮਾਜ ਵਿਚ ਕਦੇ ਵੀ ਨਹੀਂ ਰਿਹਾ।
ਖਾਣ ਤੋਂ ਰੋਜ਼ਗਾਰ ਦੇ ਦਾਅਵੇ ਕਿੰਨੇ ਸੱਚ?
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੂਰਜਾਗੜ੍ਹ ਖਾਣ ਰਾਹੀਂ ਇਲਾਕੇ ਵਿਚ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਵੀ ਝੂਠੇ ਸਾਬਤ ਹੋ ਰਹੇ ਹਨ। ਮੋਹਗਾਓਂ ਦੇ ਗ੍ਰਾਮ ਸਭਾ ਦੇ ਪ੍ਰਧਾਨ ਦੇਵਸਾਏ ਆਤਲਾ ਕਹਿੰਦੇ ਹਨ, ‘ਅਸੀਂ ਆਦਿਵਾਸੀ ਜੰਗਲ-ਪਹਾੜਾਂ ਨਾਲ ਜੁੜੇ ਹੋਏ ਲੋਕ ਹਾਂ। ਰੋਜ਼ਗਾਰ ਦੇਣ ਦੇ ਬਹਾਨੇ ਸਾਡੇ ਜੰਗਲਾਂ ਨੂੰ ਉਜਾੜ ਕੇ ਖਾਣ ਸ਼ੁਰੂ ਕੀਤੀ ਜਾ ਰਹੀ ਹੈ। ਪਰ ਕੁਝ ਛੋਟੇ-ਮੋਟੇ ਕੰਮਾਂ ਤੋਂ ਇਲਾਵਾ ਸਥਾਨਕ ਆਦਿਵਾਸੀਆਂ ਨੂੰ ਕੋਈ ਖ਼ਾਸ ਰੋਜ਼ਗਾਰ ਨਹੀਂ ਮਿਲ ਰਿਹਾ।’
ਉਨ੍ਹਾਂ ਕਿਹਾ, ‘ਲੌਇਡ ਕੰਪਨੀ ਨੇ ਕਿਹਾ ਸੀ ਕਿ ਮਾਈਨਿੰਗ ਸ਼ੁਰੂ ਹੋਣ ਤੋਂ ਬਾਅਦ ਹਰ ਪਰਿਵਾਰ ‘ਚੋਂ ਇਕ ਜੀਅ ਨੂੰ ਕੰਮ ‘ਤੇ ਰੱਖਿਆ ਜਾਵੇਗਾ। ਪਰ ਜੋ ਕੰਮ ਦਿੱਤਾ ਉਹ ਸੁਰੱਖਿਆ ਗਾਰਡ ਵਰਗੀਆਂ ਛੋਟੀਆਂ-ਛੋਟੀਆਂ ਨੌਕਰੀਆਂ ਹੀ ਹਨ।’
ਲਾਲਸੂ ਨੋਗੋਟੀ ਕਹਿੰਦੇ ਹਨ, ‘ਰੋਜ਼ਗਾਰ ਦੇ ਨਾਂ ’ਤੇ ਇੱਥੇ ਦੇ ਲੋਕਾਂ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਰਹੀ ਹੈ। ਉਨ੍ਹਾਂ ਨੂੰ ਸੜਕਾਂ ’ਤੇ ਪਸ਼ੂ ਜਾਂ ਪਾਲਤੂ ਜਾਨਵਰਾਂ ਨੂੰ ਭਜਾਉਣ ਦਾ ਕੰਮ ਦਿੱਤਾ ਜਾ ਰਿਹਾ ਹੈ ਤਾਂ ਕਿ ਟਰੱਕਾਂ ਵਿਚ ਮਾਲ ਦੀ ਢੋਆ-ਢੁਆਈ ਦਾ ਕੰਮ ਨਾ ਰੁਕੇ। ਕੱਚਾ ਲੋਹਾ ਲਿਜਾਣ ਵਾਲੇ ਰਸਤੇ ਵਿਚ ਪੈਂਦੇ ਹਰ ਪਿੰਡ ਵਿਚ ਤਿੰਨ-ਚਾਰ ਲੋਕ ਤਾਇਨਾਤ ਕੀਤੇ ਗਏ ਹਨ।’
ਵਿਨੋਦ ਨੇ ਕਿਹਾ, ‘ਇਨ੍ਹਾਂ ਗਾਰਡਾਂ ਨੂੰ ਮਹੀਨੇ ਵਿਚ 8,000-9,000 ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ। ਯਾਨੀ ਪ੍ਰਤੀ ਦਿਨ 200-300 ਰੁਪਏ, ਜੋ ਕਿਰਤ ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਹੈ।’
ਲਾਲਸੂ ਕਹਿੰਦੇ ਹਨ, ‘ਇੱਥੇ ਦੇ ਆਦਿਵਾਸੀ ਘੱਟ ਪੜ੍ਹੇ-ਲਿਖੇ ਹਨ। ਵੱਡੇ ਅਹੁਦਿਆਂ ਲਈ ਲੋਕ ਬਾਹਰੋਂ ਲਿਆਂਦੇ ਜਾਂਦੇ ਹਨ। ਇੱਥੋਂ ਦੇ ਸਥਾਨਕ ਲੋਕਾਂ ਨੂੰ ਰਸੋਈ, ਚਾਹ ਪਹੁੰਚਦੀ ਕਰਨ ਜਾਂ ਸਫ਼ਾਈ, ਟਾਇਲਟਾਂ ਸਾਫ਼ ਕਰਨ ਵਰਗੇ ਛੋਟੇ-ਮੋਟੇ ਕੰਮਾਂ ਵਿਚ ਰੱਖਿਆ ਜਾਂਦਾ ਹੈ। ਇਹ ਕਿਹੜਾ ਰੋਜ਼ਗਾਰ ਹੋਇਆ?’
ਉਨ੍ਹਾਂ ਸਵਾਲ ਕੀਤਾ, ‘ਅਜਿਹੇ ਕੰਮ ਦੇ ਵੀ ਰਹੇ ਹਨ ਤਾਂ ਇਹ ਕਿੰਨੇ ਕੁ ਲੋਕਾਂ ਨੂੰ ਮਿਲ ਰਿਹਾ ਹੈ? ਜੰਗਲ ਵਿਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਕੋਈ ਨਾ ਕੋਈ ਰੋਜ਼ਗਾਰ ਮਿਲਦਾ ਹੈ। ਲੋਕ ਤੇਂਦੂ ਪੱਤਾ ਇਕੱਠਾ ਕਰਦੇ ਸਨ, ਬਾਂਸ ਦੀ ਕਟਾਈ ਕਰਦੇ ਸਨ, ਵਣ ਉਪਜਾਂ ਇਕੱਠੀਆਂ ਕਰਦੇ ਸਨ। ਕੋਈ ਖੇਤ ਵਾਹੁੰਦਾ ਹੈ, ਕੋਈ ਜੰਗਲ ਤੋਂ ਲੱਕੜੀਆਂ ਜਾਂ ਹੋਰ ਚੀਜ਼ਾਂ ਇਕੱਠੀਆਂ ਕਰ ਕੇ ਲਿਆਉਂਦਾ ਹੈ, ਕੋਈ ਫ਼ਸਲਾਂ ਦੀ ਰਾਖੀ ਕਰਦਾ ਹੈ, ਕੋਈ ਪਸ਼ੂ ਚਰਾਉਣ ਜਾਂਦਾ ਹੈ। ਖਾਣ ਪਰਿਵਾਰ ਵਿਚੋਂ ਕਿੰਨੇ ਲੋਕਾਂ ਨੂੰ ਕੰਮ ਦੇਵੇਗੀ? ਜੇ ਇੱਕ ਵਿਅਕਤੀ ਨੂੰ ਕੋਈ ਛੋਟਾ-ਮੋਟਾ ਕੰਮ ਦੇ ਵੀ ਦੇਵੇਗੀ, ਬਾਕੀ ਲੋਕ ਕੀ ਕਰਨਗੇ ਅਤੇ ਕੀ ਖਾਣਗੇ?’
ਲਾਲਸੂ ਨੇ ਦੱਸਿਆ ਕਿ ਕੰਪਨੀ ਦਾਅਵਾ ਕਰ ਰਹੀ ਹੈ ਕਿ ਆਦਿਵਾਸੀ ਬੱਚਿਆਂ ਨੂੰ ਖਾਣ ਵਿਚ ਰੋਜ਼ਗਾਰ ਦੇਣ ਲਈ ਪੜ੍ਹਾਈ ਲਈ ਵਿਦੇਸ਼ਾਂ ਵਿਚ ਭੇਜਿਆ ਜਾਵੇਗਾ। ਕੰਪਨੀ 12ਵੀਂ ਪਾਸ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਲਈ ਆਸਟ੍ਰੇਲੀਆ ਭੇਜਣ ਦਾ ਪ੍ਰਚਾਰ ਕਰ ਰਹੀ ਹੈ। ਪਰ ਸ਼ਰਤ ਇਹ ਹੈ ਕਿ ਬੱਚਿਆਂ ਨੂੰ ਵਧੀਆ ਅੰਗਰੇਜ਼ੀ ਆਉਣੀ ਚਾਹੀਦੀ ਹੈ। ਇੱਥੇ ਆਦਿਵਾਸੀ ਬੱਚੇ ਜੋ ਸਰਕਾਰੀ ਸਕੂਲਾਂ ’ਤੇ ਨਿਰਭਰ ਹਨ, ਜਿਨ੍ਹਾਂ ਨੂੰ ਮਰਾਠੀ ਸਿੱਖਣ ਵਿਚ ਵੀ ਮੁਸ਼ਕਲ ਹੁੰਦੀ ਹੈ (ਕਿਉਂਕਿ ਸਕੂਲੀ ਪੜ੍ਹਾਈ ਉਨ੍ਹਾਂ ਦੀ ਮਾਂ ਬੋਲੀ ਗੋਂਡੀ ਵਿਚ ਨਹੀਂ, ਬਲਕਿ ਮਰਾਠੀ ਮਾਧਿਅਮ ਵਿਚ ਹੁੰਦੀ ਹੈ), ਉਹ ਅੰਗਰੇਜ਼ੀ ਕਿੱਥੋਂ ਸਿੱਖਣਗੇ?
ਲਾਲਸੂ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਇਕ ਧੀ ਨੇ ਆਸਟ੍ਰੇਲੀਆ ਜਾਣ ਲਈ ਅਰਜ਼ੀ ਦਿੱਤੀ ਸੀ। ਜਦੋਂ ਉਸ ਦਾ ਟੈਸਟ ਹੋਇਆ, ਉਹ ਅੰਗਰੇਜ਼ੀ ਵਿਚ ਫੇਲ੍ਹ ਹੋ ਗਈ।
ਵਿਨੋਦ ਮੰਡਾਵੀ ਦੱਸਦੇ ਹਨ ਕਿ ਲੌਇਡ ਕੰਪਨੀ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਜੇ ਉਹ ਟਰੱਕ ਖ਼ਰੀਦ ਲੈਂਦੇ ਹਨ ਤਾਂ ਟਰਾਂਸਪੋਰਟ ਦਾ ਕੰਮ ਦਿੱਤਾ ਜਾਵੇਗਾ। ਪਰ ਟਰੱਕ ਖ਼ਰੀਦਣ ਲਈ ਆਦਿਵਾਸੀਆਂ ਕੋਲ ਪੈਸਾ ਕਿੱਥੋਂ ਆਵੇਗਾ?
ਉਨ੍ਹਾਂ ਕਿਹਾ, ‘ਇਲਾਕੇ ਦੇ ਕੁਝ ਲੋਕਾਂ ਨੇ ਆਪਣੀਆਂ ਜ਼ਮੀਨਾਂ, ਸੋਨਾ-ਚਾਂਦੀ, ਸਭ ਵੇਚ ਕੇ ਟਰੱਕ ਖ਼ਰੀਦੇ। ਪਰ ਉਨ੍ਹਾਂ ਦੀ ਵੀ ਹਾਲਤ ਬਹੁਤ ਖਰਾਬ ਹੈ। ਮਾਲ (ਕੱਚਾ ਲੋਹਾ) ਭਰਵਾਉਣ ਲਈ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਟਰੱਕ ਦੀ ਮਹੀਨਾਵਾਰ ਕਿਸ਼ਤ ਭਰਨੀ ਵੀ ਮੁਸ਼ਕਲ ਹੋ ਰਹੀ ਹੈ।’
ਦ ਵਾਇਰ ਹਿੰਦੀ ਨੇ ਇਸ ਸਾਰੇ ਮਸਲੇ ’ਤੇ, ਜ਼ਮੀਨ ਐਕੁਆਇਰ ਕਰਨ, ਰੋਜ਼ਗਾਰ ਤੋਂ ਲੈ ਕੇ ਆਦਿਵਾਸੀਆਂ ਦੇ ਸਰੋਕਾਰਾਂ ਉੱਪਰ ਲੌਇਡ ਕੰਪਨੀ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵਿਸਥਾਰ ‘ਚ ਸਵਾਲ ਵੀ ਈਮੇਲ ਕੀਤੇ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।