ਗੁਰਦਰਸ਼ਨ ਸਿੰਘ ਬਾਹੀਆ
9878950565
20 ਅਗਸਤ 1985 ਨੂੰ ਮੈਂ ਸ੍ਰੀ ਦਰਬਾਰ ਸਾਹਿਬ ਵਿਚ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਬੈਠਾ ਸੀ, ਜਦੋਂ ਬਾਅਦ ਦੁਪਹਿਰ ਮੈਨੂੰ ਯੂ.ਐਨ.ਆਈ. ਦੇ ਪੱਤਰਕਾਰ ਦੋਸਤ ਜਸਪਾਲ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ੇਰਪੁਰ ਵਿਚ ਗੋਲੀਆਂ ਮਾਰ ਦਿੱਤੀਆਂ ਹਨ, ਇਸ ਲਈ ਮੈਂ ਤੁਰੰਤ ਉਸ ਦੇ ਘਰ ਪਹੁੰਚ ਜਾਵਾਂ ਕਿਉਂਕਿ ਕਿਸੇ ਸਮੇਂ ਵੀ ਪੁਲੀਸ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲ ਹੋ ਸਕਦੀ ਹੈ।
ਉਨ੍ਹਾਂ ਦਿਨਾਂ ਵਿਚ ਮੈਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਾਲੇ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਸਾਂ।
ਇਹ ਗੱਲ ਜੱਗ ਜ਼ਾਹਰ ਸੀ ਕਿ ਸੰਤ ਲੌਂਗੋਵਾਲ ਦਾ ਕਤਲ ਸਿੱਖ ਖਾੜਕੂਆਂ ਨੇ ਕੀਤਾ ਸੀ, ਜੋੇ ਉਸ ਵਲੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਕੀਤੇ ਸਮਝੌਤੇ ਨੂੰ ਸਿੱਖ ਕੌਮ ਨਾਲ ਕੀਤੀ ਗਈ ਗਦਾਰੀ ਸਮਝਦੇ ਸਨ। ਆਖਰ ਸੰਤ ਲੌਂਗੋਵਾਲ ਦੀ ਜਾਨ ਦਾ ਖੌਅ ਬਣਿਆ ‘ਪੰਜਾਬ ਸਮਝੌਤਾ’ ਕੀ ਸੀ? ਕਿਵੇਂ ਨੇਪਰੇ ਚੜਿਆ? ਇਹ ਜਾਣਨ ਲਈ ਉਸ ਸਮੇਂ ਪਰਦੇ ਪਿੱਛੇ ਵਾਪਰੀਆਂ ਘਟਨਾਵਾਂ ਨੂੰ ਫਰੋਲਣਾ ਪਵੇਗਾ।
1984 ਦੀ ਲੋਕ ਸਭਾ ਚੋਣ ਵਿਚ ਵੱਡੀ ਬਹੁਗਿਣਤੀ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ ਨੇ ਪੰਜਾਬ ਮਸਲੇ ਦਾ ਹੱਲ ਕੱਢਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਸੀਨੀਅਰ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜਨ ਸਿੰਘ ਦੀ ਪੰਜਾਬ ਦੇ ਰਾਜਪਾਲ ਵਜੋਂ ਨਿਯੁਕਤੀ ਇਨ੍ਹਾਂ ਹੀ ਯਤਨਾਂ ਦੀ ਇਕ ਕੜੀ ਸੀ। ਇਸ ਤੋਂ ਪਹਿਲਾਂ ਉਹ 1983 ਵਿਚ ਫੂਲਾਂ ਦੇਵੀ ਅਤੇ ਉਸ ਦੇ ਸਾਥੀਆਂ ਵਲੋਂ ਆਤਮ ਸਮੱਰਪਣ ਕਰਵਾ ਕੇ ਇਕ ਸਫ਼ਲ ਰਣਨੀਤੀਕਾਰ ਵਜੋਂ ਆਪਣੀ ਭੱਲ ਬਣਾ ਚੁੱਕਿਆ ਸੀ। ਸਮਝੌਤੇ ਲਈ ਸਾਜ਼ਗਾਰ ਮਾਹੌਲ ਤਿਆਰ ਕਰਨ ਲਈ ਪਹਿਲਾਂ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫ਼ੌਜ਼ੀ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਲੀਡਰ ਰਿਹਾਅ ਕੀਤੇ ਗਏ, ਵਿਸ਼ੇਸ਼ ਅਦਾਲਤਾਂ ਭੰਗ ਕੀਤੀਆਂ ਗਈਆਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਤੇ ਲਾਈ ਗਈ ਪਾਬੰਦੀ ਹਟਾਈ ਗਈ।
ਅਰਜਨ ਸਿੰਘ ਦੀ ਸਲਾਹ ਉਤੇ ਰਾਜੀਵ ਗਾਂਧੀ 23 ਮਾਰਚ 1985 ਨੂੰ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ, ਜਿਥੇ ਉਸ ਨੇ ਬਹੁਤ ਹੀ ਨਪੇ-ਤੁਲੇ ਸ਼ਬਦਾਂ ਵਿਚ ਮੁਲਕ ਨੂੰ ਆਜ਼ਾਦ ਕਰਾਉਣ ਅਤੇ ਅੰਨ ਵਿਚ ਆਤਮ ਨਿਰਭਰ ਬਣਾਉਣ ਵਿਚ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਦੇ ਰੋਲ ਦੀ ਭਰਪੂਰ ਸ਼ਲਾਘਾ ਕੀਤੀ। ਉਸ ਤੋਂ ਕੁਝ ਹੀ ਦਿਨਾਂ ਬਾਅਦ 13 ਅਪ੍ਰੈਲ 1985 ਨੂੰ ਅਰਜਨ ਸਿੰਘ ਦੇ ਸੱਦੇ ਉਤੇ ਕਰਨਾਟਕ ਦੇ ਮੁੱਖ ਮੰਤਰੀ ਰਾਮ ਕ੍ਰਿਸ਼ਨ ਹੈਗੜੇ, ਐਨ.ਟੀ. ਰਾਮਾ ਰਾਓ ਦੇ ਨੁਮਾਇੰਦੇ ਮਾਧਵ ਰੈਡੀ ਅਤੇ ਸਿਕਮ ਦੇ ਮੁੱਖ ਮੰਤਰੀ ਐਨ.ਆਰ. ਭੰਡਾਰੀ ਵਰਗੇ ਕੌਮੀ ਨੇਤਾਵਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਦੇ ਨਾਲ ਨਾਲ ਪੰਜਾਬੀਆਂ ਦੀ ਰੱਜ ਕੇ ਤਾਰੀਫ਼ ਕੀਤੀ। ਐਨ.ਆਰ. ਭੰਡਾਰੀ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਅੰਮ੍ਰਿਤਸਰ ਤੋਂ ਬਿਨਾਂ ਹਿੰਦੋਸਤਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਅਰਜਨ ਸਿੰਘ ਨੇ ਇਸ ਤੋਂ ਬਾਅਦ ਬਹੁਤ ਹੀ ਸੋਚ ਸਮਝ ਕੇ ਬਣਾਈ ਰਣਨੀਤੀ ਤਹਿਤ ਦੋ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਸੇ ਰੱਖ ਕੇ ਦੋ ਜੂਨੀਅਰ ਅਕਾਲੀ ਆਗੂਆਂ ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਰਾਹੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਰਾਬਤਾ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਤਿੰਨਾਂ ਨੂੰ ਮਾਨਿਸਕ ਤੌਰ ਉਤੇ ਤਿਆਰ ਕਰ ਕੇ ਉਸ ਨੇ ਰਾਜੀਵ ਗਾਂਧੀ ਤੋਂ ਸੰਤ ਲੌਂਗੋਵਾਲ ਨੂੰ ਪੰਜਾਬ ਮਸਲੇ ਦੇ ਹੱਲ ਲਈ ਮੀਟਿੰਗ ਦਾ ਸੱਦਾ ਦੇਣ ਵਾਲੀ ਚਿੱਠੀ ਲਿਖਵਾਈ। ਇਸ ਸੱਦੇ ਉਤੇ ਵਿਚਾਰ ਕਰਨ ਲਈ ਸੰਤ ਲੌਂਗੋਵਾਲ ਨੇ 5 ਜੁਲਾਈ 1985 ਨੂੰ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਬੁਲਾਈ, ਜਿਸ ਵਿਚ ਉਨ੍ਹਾਂ ਤੋਂ ਬਿਨਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸ਼ਾਮਲ ਹੋਏ। ਜਥੇਦਾਰ ਟੌਹੜਾ ਅਤੇ ਬਾਦਲ ਨੇ ਇਹ ਕਹਿ ਕੇ ਗੱਲਬਾਤ ਸ਼ੁਰੂ ਕਰਨ ਦਾ ਵਿਰੋਧ ਕੀਤਾ ਕਿ ਜੋਧਪੁਰ ਦੇ ਬੰਦੀਆਂ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜ਼ੀ ਹਮਲੇ ਦੇ ਰੋਸ ਵਜੋਂ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜ਼ੀਆਂ ਦੀਆਂ ਰਿਹਾਈਆਂ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਸਕਦੀ ਹੈ, ਜਦੋਂ ਕਿ ਬਰਨਾਲਾ ਅਤੇ ਬਲਵੰਤ ਸਿੰਘ ਗੱਲਬਾਤ ਤੁਰੰਤ ਸ਼ੁਰੂ ਕਰਨ ਦੇ ਹੱਕ ਵਿਚ ਸਨ। ਅਖ਼ੀਰ ਫੈਸਲਾ ਹੋਇਆ ਕਿ ਸੰਤ ਲੌਂਗੋਵਾਲ ਵਲੋਂ ਰਾਜੀਵ ਗਾਂਧੀ ਨੂੰ ਚਿੱਠੀ ਲਿਖ ਕੇ ਇਨ੍ਹਾਂ ਸ਼ਰਤਾਂ ਸਬੰਧੀ ਦੱਸ ਦਿੱਤਾ ਜਾਵੇ।
ਸੰਤ ਲੌਂਗੋਵਾਲ ਦੀ ਇਸ ਚਿੱਠੀ ਦੇ ਜਵਾਬ ਵਿਚ ਰਾਜੀਵ ਗਾਂਧੀ ਨੇ ਸੰਤ ਲੌਂਗੋਵਾਲ ਨੂੰ ਦੂਜੀ ਚਿੱਠੀ ਲਿਖੀ, ਜੋ ਉਨ੍ਹਾਂ ਨੇ 20 ਜੁਲਾਈ 1985 ਨੂੰ ਮੌੜ ਮੰਡੀ ਦੀ ਅਕਾਲੀ ਕਾਨਫਰੰਸ ਮੌਕੇ ਜਥੇਦਾਰ ਟੌਹੜਾ ਨੂੰ ਵਿਖਾਈ। ਇਸ ਵਿਚ ਲਿਖਿਆ ਗਿਆ ਸੀ ਕਿ ਤੁਸੀਂ ਗੱਲਬਾਤ ਲਈ ਆਓ, ਪਹਿਲਾਂ ਤੁਹਾਡੇ ਵਲੋਂ ਦੱਸੇ ਗਏ ਮਸਲੇ ਵਿਚਾਰ ਲਵਾਂਗੇ। ਅੰਗਰੇਜ਼ੀ ਵਿਚ ਲਿਖੀ ਇਸ ਚਿੱਠੀ ਨੂੰ ਪੜ੍ਹ ਕੇ ਜਥੇਦਾਰ ਟੌਹੜਾ ਨੇ ਸੰਤ ਲੌਂਗੋਵਾਲ ਨੂੰ ਕਿਹਾ, ‘ਗੱਲ ਤਾਂ ਉਥੇ ਹੀ ਖੜੀ ਹੈ। ਤੁਸੀਂ ਇਸ ਚਿੱਠੀ ਦੇ ਜਵਾਬ ਵਿਚ ਇਕ ਹੋਰ ਚਿੱਠੀ ਲਿਖ ਦਿਉ ਕਿ ਜਦੋਂ ਤੱਕ ਸਾਡਾ ਇਕ ਵੀ ਬੰਦਾ ਜੇਲ੍ਹ ਵਿਚ ਹੈ ਉਸ ਵੇਲੇ ਤੱਕ ਮੈਂ ਗੱਲਬਾਤ ਲਈ ਨਹੀਂ ਆ ਸਕਦਾ।’
ਸੰਤ ਲੌਂਗੋਵਾਲ ਨੇ ਇਸ ਮਾਮਲੇ ਉਤੇ ਵਿਚਾਰ ਕਰਨ ਲਈ 23 ਜੁਲਾਈ 1985 ਨੂੰ ਚੰਡੀਗੜ੍ਹ ਦੇ 5 ਸੈਕਟਰ ਵਿਚਲੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਮੀਟਿੰਗ ਬੁਲਾ ਲਈ। ਮੀਟਿੰਗ ਤੋਂ ਪਹਿਲਾਂ ਜਦੋਂ ਬਾਦਲ, ਬਰਨਾਲਾ ਅਤੇ ਬਲਵੰਤ ਸਿੰਘ ਦੀ ਉਡੀਕ ਹੋ ਰਹੀ ਸੀ ਤਾਂ ਸੰਤ ਲੌਂਗੋਵਾਲ ਤੇ ਜਥੇਦਾਰ ਟੌਹੜਾ ਦੇ ਨਾਲ ਬੈਠੇ ਪ੍ਰੇਮ ਸਿੰਘ ਚੰਦੂਮਾਜਾਰਾ ਨੇ ਸਰਸਰੀ ਹੋ ਰਹੀਆਂ ਗੱਲਾਂ ਵਿਚ ਕਿਹਾ ਕਿ ਦਿੱਲੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਨੌਜਵਾਨਾਂ ਤੇ ਫ਼ੌਜ਼ੀਆਂ ਨੂੰ ਰਿਹਾਅ ਕਰਾਉਣ ਦੀ ਸ਼ਰਤ ਤਾਂ ਲਾਉਣੀ ਹੀ ਚਾਹੀਦੀ ਹੈ। ਅਕਸਰ ਸ਼ਾਂਤ ਰਹਿਣ ਵਾਲੇ ਸੰਤ ਲੌਂਗੋਵਾਲ ਨੇ ਬਹੁਤ ਹੀ ਗੁੱਸੇ ਨਾਲ ਪ੍ਰੋ. ਚੰਦੂਮਾਜਰਾ ਨੂੰ ਕਿਹਾ, ‘ਤੂੰ ਚੁੱਪ ਰਹਿ, ਕਿਉਂਕਿ ਤੈਨੂੰ ਨਾ ਕਿਸੇ ਗੱਲ ਦਾ ਪਤਾ ਹੈ ਤੇ ਨਾ ਹੀ ਕੋਈ ਸੂਝ ਹੈ।’ ਜਥੇਦਾਰ ਟੋਹੜਾ ਨੇ ਮਾਹੌਲ ਨੂੰ ਠੀਕ ਕਰਨ ਲਈ ਚੰਦੂਮਾਜਰਾ ਨੂੰ ਇਸ਼ਾਰਾ ਕਰ ਕੇ ਕਮਰੇ ਵਿਚੋਂ ਬਾਹਰ ਭੇਜ ਦਿੱਤਾ।
ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਜਥੇਦਾਰ ਟੌਹੜਾ ਅਤੇ ਬਾਦਲ ਨੇ ਫਿਰ ਇਹੀ ਦਲੀਲ ਦਿੱਤੀ ਕਿ ਨੌਜਵਾਨਾਂ ਦੀਆਂ ਰਿਹਾਈਆਂ ਤੋਂ ਬਾਅਦ ਹੀ ਗੱਲਬਾਤ ਲਈ ਜਾਇਆ ਜਾਵੇ। ਇਸ ਸਬੰਧੀ ਰਾਜੀਵ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਵੇ। ਪਰ ਬਲਵੰਤ ਸਿੰਘ, ਜਿਹੜਾ ਬਰਨਾਲਾ ਵਾਂਗ ਹੀ ਗੱਲਬਾਤ ਤੁਰੰਤ ਸ਼ੁਰੂ ਕਰਨ ਦੇ ਹੱਕ ਵਿਚ ਸੀ, ਨੇ ਆਪਣੀ ਫਾਈਲ ਵਿਚੋਂ ਸਮਝੌਤੇ ਦਾ ਖਰੜਾ ਕੱਢ ਕੇ ਪੜ੍ਹਣਾ ਸ਼ੁਰੂ ਕਰ ਦਿੱਤਾ। ਇਹ ਬਿਲਕੁਲ ਉਹੀ ਖਰੜਾ ਸੀ ਜਿਹੜਾ ਬਾਅਦ ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦੇ ਰੂਪ ਵਿਚ ਸਾਹਮਣੇ ਆਇਆ। ਇਸ ਖਰੜੇ ਦੀ ਇਕੱਲੀ-ਇਕੱਲੀ ਮੱਦ ਉਤੇ ਬਹਿਸ ਹੋਈ, ਜਿਸ ਨੂੰ ਜਥੇਦਾਰ ਟੌਹੜਾ ਅਤੇ ਬਾਦਲ ਰੱਦ ਕਰਦੇ ਰਹੇ। ਉਨ੍ਹਾਂ ਨੇ ਚੰਡੀਗੜ੍ਹ ਨੂੰ 26 ਜਨਵਰੀ 1986 ਨੂੰ ਪੰਜਾਬ ਨੂੰ ਦੇਣ ਦੀ ਮੱਦ ਉਤੇ ਕਿੰਤੂ ਕਰਦਿਆਂ ਕਿਹਾ ਕਿ ਸਾਰਾ ਇੰਡਸਟਰੀਅਲ ਏਰੀਆ, ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰਾ 26 ਸੈਕਟਰ ਅਤੇ ਮਨੀਮਾਜਰੇ ਦਾ ਪੂਰਾ ਜੰਗਲ ਹਰਿਆਣਾ ਨੂੰ ਦੇ ਦਿੱਤਾ ਜਾਣਾ ਹੈ। ਅਖ਼ੀਰ ਸੰਤ ਲੋਂਗੋਵਾਲ ਨੇ ਗੱਲਬਾਤ ਲਈ ਨਾ ਜਾਣ ਅਤੇ ਚਿੱਠੀ ਲਿਖਣ ਦਾ ਫੈਸਲਾ ਕਰ ਦਿੱਤਾ।
ਜਥੇਦਾਰ ਟੌਹੜਾ ਨੇ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਕਿ ਪੰਜਾਬੀ ਵਿਚ ਲਿਖੀ ਜਾਣ ਵਾਲੀ ਚਿੱਠੀ ਵਿਚ ਸਪਸ਼ਟ ਸ਼ਬਦਾਂ ਵਿਚ ਰਾਜੀਵ ਗਾਂਧੀ ਨੂੰ ਇਹ ਲਿਖਿਆ ਜਾਵੇ ਕਿ ਹਕੀਕੀ ਫੈਡਰਲ ਢਾਂਚੇ ਦੇ ਮੁਦੱਈ ਅਨੰਦਪੁਰ ਦੇ ਮਤੇ ਨੂੰ ਪੂਰੇ ਮੁਲਕ ਵਿਚ ਖਾਲਿਸਤਾਨ ਵਜੋਂ ਭੰਡ ਕੇ ਉਸ ਵਲੋਂ ਬਹੁਤ ਵੱਡੇ ਬਹੁਮੱਤ ਨਾਲ ਬਣਾਈ ਗਈ ਸਰਕਾਰ ਜੇ ਸਿੱਖ ਕੈਦੀ ਵੀ ਨਹੀਂ ਛੱਡ ਸਕਦੀ ਤਾਂ ਅਸੀਂ ਗੱਲਬਾਤ ਲਈ ਨਹੀਂ ਆ ਸਕਦੇ। ਬਲਵੰਤ ਸਿੰਘ ਸੰਤ ਲੌਂਗੋਵਾਲ ਨੂੰ ਕਹਿਣ ਲੱਗਿਆ, ‘ਮੈਂ ਅਕਾਲੀ ਪਾਰਟੀ ਦੇ ਕੰਮ ਲਈ ਪੰਜਾਬੀ ਦਾ ਟਾਈਪ ਰਾਈਟਰ ਤੇ ਟਾਈਪਿਸਟ ਰੱਖਿਆ ਹੋਇਆ ਹੈ, ਮੈਂ ਚਿਠੀ ਲਿਖਵਾ ਦਿੰਦਾ ਹਾਂ ਤੁਸੀਂ ਜਾਂਦੇ ਜਾਂਦੇ ਦਸਤਖ਼ਤ ਕਰ ਜਾਇਓ।’ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਮਰ ਸਿੰਘ ਦੋਸਾਂਝ ਦੇ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਦੋਸਾਂਝ ਪਿੰਡ ਚਲੇ ਗਏ ਤੇ ਜਥੇਦਾਰ ਟੌਹੜਾ ਕਈ ਥਾਵਾਂ ਉਤੇ ਘੁੰਮਦੇ-ਘੁਮਾਉਂਦੇ ਸ਼ਾਮ ਨੂੰ ਪਿੰਡ ਆ ਗਏ।
ਜਥੇਦਾਰ ਟੌਹੜਾ ਨੇ ਆਪਣੀ ਆਦਤ ਅਨੁਸਾਰ ਸ਼ਾਮ ਨੂੰ ਅਕਾਸ਼ਵਾਣੀ ਚੰਡੀਗੜ੍ਹ ਤੋਂ 6.10 ਵਜੇ ਵਾਲੀਆਂ ਪ੍ਰਦੇਸ਼ਕ ਖਬਰਾਂ ਸੁਨਣ ਲਈ ਰੇਡੀਓ ਲਾਇਆ ਤਾਂ ਪਹਿਲੀ ਖ਼ਬਰ ਸੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਮਸਲੇ ਦੇ ਹੱਲ ਲਈ ਰਾਜੀਵ ਗਾਂਧੀ ਨਾਲ ਕੱਲ 25 ਜੁਲਾਈ ਨੂੰ ਸਵੇਰੇ 9 ਵਜੇ ਮੀਟਿੰਗ ਕਰਨ ਲਈ ਦਿੱਲੀ ਪਹੁੰਚ ਗਏ ਹਨ। ਅਜੇ ਇਹ ਖ਼ਬਰਾਂ ਚੱਲ ਹੀ ਰਹੀਆਂ ਸਨ ਕਿ ਇਕ ਵਿਸ਼ੇਸ਼ ਏਲਚੀ ਜਥੇਦਾਰ ਟੌਹੜਾ ਨੂੰ ਸੰਤ ਲੌਂਗੋਵਾਲ ਦੇ ਹੱਥੀਂ ਲਿਖਿਆ ਇਕ ਲਾਈਨ ਦਾ ਰੁੱਕਾ ਦੇ ਗਿਆ, ਜਿਸ ਵਿਚ ਉਨ੍ਹਾਂ ਨੂੰ ਕੱਲ ਸਵੇਰੇ 8 ਵਜੇ ਤੱਕ ਦਿੱਲੀ ਵਿਚ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਦੇ ਘਰ ਪਹੁੰਚਣ ਲਈ ਕਿਹਾ ਗਿਆ ਸੀ। ਪਰ ਜਥੇਦਾਰ ਟੌਹੜਾ ਇਹ ਸੋਚ ਕੇ ਦਿੱਲੀ ਨਹੀਂ ਗਏ ਕਿ ਹੁਣ ਸੰਤ ਲੌਂਗੋਵਾਲ ਨੇ ਰੁਕਣਾ ਤਾਂ ਹੈ ਨਹੀਂ।
ਦਰਅਸਲ ਜਥੇਦਾਰ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੀਟਿੰਗ ਵਿਚੋਂ ਤੋਰ ਕੇ ਜਦੋਂ ਸੰਤ ਲੌਂਗੋਵਾਲ ਬਲਵੰਤ ਸਿੰਘ ਦੇ 27 ਸੈਕਟਰ ਸਥਿਤ ਘਰ ਪਹੁੰਚੇ ਤਾਂ ਉਸੇ ਵੇਲੇ ਪੰਜਾਬ ਦੇ ਰਾਜਪਾਲ ਅਰਜਨ ਸਿੰਘ ਆਪਣੀ ਨਿੱਜੀ ਕਾਰ ਵਿਚ ਉਥੇ ਪਹੁੰਚ ਗਏ। ਸੁਰਜੀਤ ਸਿੰਘ ਬਰਨਾਲਾ ਪਹਿਲਾਂ ਹੀ ਉਥੇ ਸੀ। ਇਨ੍ਹਾਂ ਤਿੰਨਾਂ ਨੇ ਰਲ ਕੇ ਸੰਤ ਲੌਂਗੋਵਾਲ ਨੂੰ ਦਿੱਲੀ ਰਾਜੀਵ ਗਾਂਧੀ ਨਾਲ ਮੁਲਾਕਾਤ ਲਈ ਮਨਾਇਆ। ਸ਼ੁਰੂ ਵਿਚ ਸੰਤ ਲੌਂਗੋਵਾਲ ਨਹੀਂ ਮੰਨੇ, ਪਰ ਇਨ੍ਹਾਂ ਵਲੋਂ ਬਹੁਤੀਆਂ ਦਲੀਲਾਂ ਦੇਣ ਉਤੇ ਉੱਠ ਕੇ ਬਲਵੰਤ ਸਿੰਘ ਦੇ ਘਰ ਵਿਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੁਕਮਨਾਮਾ ਲੈਣ ਚਲੇ ਗਏ। ਉਥੋਂ ਆ ਕੇ ਸੰਤ ਲੌਂਗੋਵਾਲ ਨੇ ਦਿੱਲੀ ਜਾਣ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ। ਪਹਿਲਾਂ ਹੀ ਤਿਆਰ ਕੀਤੇ ਗਏ ‘ਪੰਜਾਬ ਸਮਝੌਤੇ’ ਦੇ ਖਰੜੇ ਨੂੰ ਆਖ਼ਰੀ ਛੋਹ ਦਿੱਤੀ ਗਈ। ਸਮਝੌਤੇ ਦੇ ਇਸ ਖਰੜੇ ਨੂੰ ਤਿਆਰ ਕਰਨ ਅਤੇ ਸੰਤ ਲੌਂਗੋਵਾਲ ਨੂੰ ਮਨਾਉਣ ਵਿਚ ਪੰਜਾਬ ਯੂਨੀਵਰਸਿਟੀ ਦੇ ਪੋ੍ਰ. ਅਤਰ ਸਿੰਘ ਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਵੀ ਆਪਣਾ ਯੋਗਦਾਨ ਪਾਇਆ। ਜਥੇਦਾਰ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦੂਜੇ ਦਿਨ ਸਵੇਰੇ ਦਿੱਲੀ ਪਹੁੰਚਣ ਦੇ ਲਿਖਤੀ ਸੁਨੇਹੇ ਦੇ ਕੇ ਸੰਤ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਨਾਲ ਦਿੱਲੀ ਚਲੇ ਗਏ।
24 ਜੁਲਾਈ 1985 ਨੂੰ ਰਾਜੀਵ ਗਾਂਧੀ ਅਤੇ ਸੰਤ ਲੌਂਗੋਵਾਲ ਦਰਮਿਆਨ ਸਮਝੌਤਾ ਸਹੀਬੰਦ ਹੋ ਗਿਆ। ਉਸ ਵੇਲੇ ਖਾੜਕੂਆਂ ਦੀ ਹਮਾਇਤ ਵਾਲੇ ਯੂਨਾਈਟਡ ਅਕਾਲੀ ਦਲ ਅਤੇ ਆਲ ਇੰਡਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਨੂੰ ਪੰਥ ਤੇ ਪੰਜਾਬ ਦੇ ਹਿਤਾਂ ਨਾਲ ਕੀਤੀ ਗਈ ‘ਮੁਕੰਮਲ ਗਦਾਰੀ’ ਕਹਿ ਕੇ ਰੱਦ ਕੀਤਾ। ਇਸ ਸਮਝੌਤੇ ਨੂੰ ਪ੍ਰਵਾਨ ਕਰਾਉਣ ਲਈ ਸੰਤ ਲੌਂਗੋਵਾਲ ਵਲੋਂ 26 ਜੁਲਾਈ 1985 ਨੂੰ ਅਨੰਦਪੁਰ ਸਾਹਿਬ ਵਿਚ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਜਥੇਦਾਰ ਟੌਹੜਾ ਅਤੇ ਸ਼੍ਰੀ ਬਾਦਲ ਨੇ ਜਦੋਂ ਸੰਤ ਲੌਂਗੋਵਾਲ ਨੂੰ ਪੁੱਛਿਆ ਕਿ ਫੈਸਲਾ ਤਾਂ ਚਿੱਠੀ ਲਿਖਣ ਦਾ ਹੋਇਆ ਸੀ ਤੁਸੀਂ ਸਮਝੌਤਾ ਕਰਨ ਕਿਉਂ ਚਲੇ ਗਏ। ਉਸ ਨੇ ਜਵਾਬ ਦਿੱਤਾ ਕਿ ਤੁਹਾਡੇ ਜਾਣ ਤੋਂ ਬਾਅਦ ਬਰਨਾਲਾ ਤੇ ਬਲਵੰਤ ਨੇ ਜਦੋਂ ਬਹੁਤ ਜ਼ੋਰ ਦਿੱਤਾ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਲਈ ਹੁਕਮਨਾਮਾ ਲਿਆ, ਜਿਸ ਦੀ ਭਾਵਨਾ ਅਨੁਸਾਰ ਮੈਂ ਦਿੱਲੀ ਜਾਣ ਦਾ ਫੈਸਲਾ ਕੀਤਾ। ਇਸ ਮੀਟਿੰਗ ਵਿਚ ਨਿਯਮਾਂ ਦੀ ਉਲੰਘਣਾ ਕਰ ਕੇ ਸੰਗਰੂਰ ਇਲਾਕੇ ਤੋਂ ਲਿਆਂਦੇ ਗਏ ਸੈਂਕੜੇ ਸਾਧਾਰਣ ਵਰਕਰ ਵੀ ਬੈਠੇ ਸਨ ਜਿਨ੍ਹਾਂ ਨੇ ਜਥੇਦਾਰ ਟੌਹੜਾ ਅਤੇ ਬਾਦਲ ਨਾਲ ਤਲਖ਼ਕਲਾਮੀ ਵੀ ਕੀਤੀ। ਇਨ੍ਹਾਂ ਦੋਹਾਂ ਆਗੂਆਂ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ ਵਰਕਿੰਗ ਕਮੇਟੀ ਵਿਚ ਬਹੁਸੰਮਤੀ ਨਾਲ ਇਸ ਸਮਝੌਤੇ ਨੂੰ ਪ੍ਰਵਾਨ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ।
ਅੰਮ੍ਰਿਤਸਰ ਜ਼ਿਲਾ ਅਕਾਲੀ ਜਥੇ ਦੀ 30 ਜੁਲਾਈ 1985 ਨੂੰ ਸ੍ਰੀ ਦਰਬਾਰ ਸਾਹਿਬ ਵਿਚ ਹੋਣ ਵਾਲੀ ਮੀਟਿੰਗ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਆਉਣ ਦਾ ਪਤਾ ਜਦੋਂ ਖਾੜਕੂ ਧਿਰਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ, ਦਮਦਮੀ ਟਕਸਾਲ ਅਤੇ ਯੂਨਾਈਟਿਡ ਅਕਾਲੀ ਦਲ ਰਾਹੀਂ ਸੰਤ ਲੌਂਗੋਵਾਲ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਉਸ ਦਿਨ ਜਦੋਂ ਭਾਰੀ ਸੁਰੱਖਿਆ ਫੋਰਸ ਨਾਲ ਸੰਤ ਲੌਂਗੋਵਾਲ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲ ਹੋਇਆ ਤਾਂ ਉਪਰੋਕਤ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਉਸ ਦਾ ਜ਼ਬਰਦਸਤ ਵਿਰੋਧ ਕੀਤਾ। ਉਨ੍ਹਾਂ ਨੇ ‘ਸਿੱਖ ਪੰਥ ਦੇ ਤਿੰਨ ਗਦਾਰ-ਬਰਨਾਲਾ, ਬਲਵੰਤ ਤੇ ਲੌਂਗੋਵਾਲ’ ਵਰਗੇ ਨਾਅਰੇ ਲਾਏ। ਇਨ੍ਹਾਂ ਦਾ ਅਕਾਲੀ ਦਲ ਵਲੋਂ ਵੱਡੀ ਗਿਣਤੀ ਵਿਚ ਲਿਆਂਦੇ ਗਏ ਬੰਦਿਆਂ ਨਾਲ ਹਿੰਸਕ ਟਕਰਾਅ ਹੋਇਆ, ਡਾਂਗਾਂ ਅਤੇ ਹਵਾ ਵਿਚ ਕੁਝ ਗੋਲੀਆਂ ਵੀ ਚੱਲੀਆਂ। ਸੰਤ ਲੌਂਗੋਵਾਲ ਥੋੜ੍ਹੀ ਦੇਰ ਤੋਂ ਬਾਅਦ ਜਦੋਂ ਹੀ ਸ੍ਰੀ ਦਰਬਾਰ ਸਾਹਿਬ ਵਿਚੋਂ ਨਿਕਲਿਆ ਤਾਂ ਪੰਜਾਬ ਪੁਲੀਸ ਤੇ ਸੀ.ਆਰ.ਪੀ. ਨੇ ਤੁਰੰਤ ਦਾਖ਼ਲ ਹੋ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਯੂਨਾਈਟਡ ਅਕਾਲੀ ਦਲ ਦੇ ਦਫ਼ਤਰਾਂ ਵਿਚੋਂ ਦਰਜਨਾਂ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਸੀ.ਆਰ.ਪੀ. ਵਾਲੇ ਮੈਨੂੰ ਅਤੇ ਸੂਰਤ ਸਿੰਘ ਖਾਲਸਾ ਨੂੰ ਜਦੋਂ ਇਕ ਟਰੱਕ ਵਿਚ ਚੜਾ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਝਕਾਨੀ ਦੇ ਕੇ ਗੁਰੂ ਨਾਨਕ ਨਿਵਾਸ ਵਿਚ ਵੜ ਗਿਆ ਜਿਥੇ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਅਧਿਕਾਰੀ ਨਰਿੰਦਰਜੀਤ ਸਿੰਘ ਨੰਦਾ ਨੇ ਮੈਨੂੰ ਟੈਲੀਪ੍ਰਿੰਟਰ ਰੂਮ ਵਿਚ ਬੰਦ ਕਰ ਕੇ ਬਾਹਰੋਂ ਤਾਲਾ ਲਾ ਦਿੱਤਾ ਅਤੇ ਸ਼ਾਮੀਂ ਉਦੋਂ ਖੋਲਿ੍ਹਆ ਜਦੋਂ ਬਾਹਰ ਠੰਡ-ਠੰਡਾਉਲਾ ਹੋ ਗਿਆ ਸੀ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 20 ਅਗਸਤ 1985 ਨੂੰ ਹੋਏ ਕਤਲ ਸਬੰਧੀ ਮੈਨੂੰ ਪਹਿਲਾਂ ਹੀ ਖੁੜਕ ਗਈ ਸੀ, ਕਿਉਂਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਅਤੇ ਉਨ੍ਹਾਂ ਦੇ ਦਫ਼ਤਰ ਵਿਚ ਆਉਂਦੇ-ਜਾਂਦੇ ਖਾੜਕੂਆਂ ਦੇ ਮਨਾਂ ਵਿਚ ਸੰਤ ਲੌਂਗੋਵਾਲ ਪ੍ਰਤੀ ਨਫ਼ਰਤ ਦੀ ਹੱਦ ਤੱਕ ਗੁੱਸਾ ਪੈਦਾ ਹੋ ਗਿਆ ਸੀ। ਉਹ ਅਕਸਰ ਹੀ ਉਸ ਨੂੰ ਸੋਧਣ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸਨ। ਉਨ੍ਹਾਂ ਨੂੰ ਇਸ ਸਮਝੌਤੇ ਉਤੇ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਜਿਸ ਸਤਲੁਜ-ਜਮਨਾ ਲਿੰਕ ਨਹਿਰ ਨੂੰ ਰੋਕਣ ਲਈ ਲਾਏ ਗਏ ਧਰਮ ਯੁੱਧ ਮੋਰਚੇ ਵਿਚ ਲੱਖਾਂ ਬੰਦੇ ਕੈਦ ਹੋਏ, ਹਜ਼ਾਰਾਂ ਸ਼ਹੀਦੀਆਂ ਹੋਈਆਂ ਤੇ ਸ੍ਰੀ ਦਰਬਾਰ ਸਾਹਿਬ ਉਤੇ ਫੌਜ਼ੀ ਹਮਲਾ ਹੋਇਆ ਉਸੇ ਨਹਿਰ ਨੂੰ 15 ਅਗਸਤ 1986 ਤੱਕ ਬਣਾਉਣ ਦਾ ਲਿਖਤੀ ਵਾਅਦਾ ਕਰ ਕੇ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਦਿਤੀ ਗਈ। ਉਨ੍ਹਾਂ ਨੂੰ ਇਹ ਗੁੱਸਾ ਵੀ ਸੀ ਕਿ ਸਮਝੌਤੇ ਤੋਂ ਪਹਿਲਾਂ ਸਿੱਖ ਨੌਜਵਾਨਾਂ ਅਤੇ ‘ਧਰਮੀ ਫੌਜ਼ੀਆਂ’ ਨੂੰ ਰਿਹਾਅ ਕਿਉਂ ਨਾ ਕਰਾਇਆ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਧਰਮ ਯੁੱਧ ਮੋਰਚੇ ਦੀਆਂ ਸਾਰੀਆਂ ਮੰਗਾਂ ਨੂੰ ਕਮਿਸ਼ਨਾਂ ਦੇ ਗਧੀਗੇੜ ਵਿਚ ਪਾ ਕੇ ਅਕਾਲੀ ਲੀਡਰਾਂ ਨੇ ਸ਼ਹੀਦਾਂ ਦੇ ਸਿਵਿਆਂ ਉਤੇ ਆਪਣੀਆਂ ਕੁਰਸੀਆਂ ਡਾਹੁਣ ਦਾ ਰਾਹ ਪੱਧਰਾ ਕਰ ਲਿਆ ਹੈ।
