ਮੁਨਤਜ਼ਰ ਕਬਸੇ ਤਹਯਉਰ ਹੈ ਤੇਰੀ ਤਕਰੀਰ ਕਾ…!

ਪਟਿਆਲੇ ਵਾਲੇ ਲਾਲੀ ਬਾਬੇ ਨੂੰ ਯਾਦ ਕਰਦਿਆਂ…
ਡਾ. ਕੁਲਦੀਪ ਸਿੰਘ ਢਿੱਲੋਂ, ਅੰਮ੍ਰਿਤਸਰ।
ਫੋਨ: 80545-60550
ਕਾਫ਼ੀ ਯਾਦ ਕੀਤਾ, ਮੈਨੂੰ ਸਾਲ ਯਾਦ ਨਹੀਂ ਆ ਰਿਹਾ। 2014 ਤੋਂ ਪਹਿਲਾਂ, ਕਿਸੇ ਸਾਲ, ਡਾ. ਮਨਮੋਹਨ ਹੁਰਾਂ ਦੇ ਘਰ, ਅੰਮ੍ਰਿਤਸਰ ਵਿਚਾਰ-ਗੋਸ਼ਟੀ ਲਈ ਅਦੀਬ ਇਕੱਤਰ ਹੋਏ ਸਨ। ਸ਼ਾਮ ਨੂੰ ਕਵੀ ਦਰਬਾਰ ਸੀ। ਗਿਆਨ ਦਾ ਦਰਿਆ ਵਗ ਰਿਹਾ ਸੀ। ਸਾਰੇ ਆਪੋ-ਆਪਣੀ ਸਮਰੱਥਾ ਮੁਤਾਬਕ ਗਿਆਨ ਇਸ਼ਨਾਨ ਕਰ ਰਹੇ ਸਨ, ਕਰਵਾ ਰਹੇ ਸਨ।

ਮੈਂ ਉਨ੍ਹੀਂ ਦਿਨੀ ਪੀਐੱਚ.ਡੀ. ਦਾ ਖੋਜਾਰਥੀ ਸਾਂ। ਮੇਰੀ ਖੋਜ ਦਾ ਵਿਸ਼ਾ ‘ਅਸਤਿਤਵਵਾਦ’ ਸੀ। ਉਨ੍ਹਾਂ ਦਿਨਾਂ ਵਿਚ ਸਿਵਾਏ ਇਸ ਵਿਸ਼ੇ ਤੋਂ ਕੁਝ ਹੋਰ ਸੁੱਝਦਾ ਹੀ ਨਹੀਂ ਸੀ। ਮੰਚ ਤੋਂ ਪਰਚਾ ਪੜ੍ਹਨ ਲਈ ਜਦ ਮੇਰਾ ਨਾਮ ਲਿਆ ਗਿਆ ਤਾਂ ਮੈਂ ਆਪਣੇ ਅਸਤਿਤਵਵਾਦੀ ਨਜ਼ਰੀਏ ਤੋਂ ਆਪਣਾ ਖੋਜ-ਪੱਤਰ ਪੇਸ਼ ਕੀਤਾ। ਮੈਂ ਜੋ ਬੋਲਿਆ, ਉਹ ਸਹੀ ਸੀ ਜਾਂ ਗ਼ਲਤ, ਇਹ ਮੈਂ ਨਹੀਂ ਜਾਣਦਾ ਪਰ ਕਿਸੇ ਨੇ ਮੇਰੇ ਪ੍ਰਵਚਨਮੂਲਕ ਵਿਖਿਆਨ ਬਾਰੇ ਕੁਮੈਂਟ ਕਰਦਿਆਂ ‘ਲਾਲੀ ਜੀ’ ਦਾ ਜ਼ਿਕਰ ਕੀਤਾ ਸੀ। ਸ਼ਾਇਦ ਮੋਹਨਜੀਤ ਹੁਰਾਂ ਨੇ! ਉਸ ਦਿਨ ਭੂਤਵਾੜੇ ਵਾਲੇ ‘ਲਾਲੀ’ ਦਾ ਨਾਮ ਪਹਿਲੀ ਵਾਰ ਸੁਣਿਆ ਸੀ। ਪਤਾ ਨਹੀਂ ਕੀ ਮਿਕਨਾਤੀਸੀ ਖਿੱਚ ਸੀ ਉਸ ਨਾਮ ਵਿਚ! ਬਸ! ਸਿਰ ਨੂੰ ਚੜ੍ਹ ਗਿਆ। ਕੋਈ ਵਿਸ਼ੇਸ਼ ਗੱਲ ਵੀ ਨਹੀਂ ਸੁਣੀ ਸੀ ਓਦੋਂ ਤੱਕ ‘ਲਾਲੀ’ ਬਾਰੇ, ਪਰ ਨਾਮ ਸੁਣ ਕੇ ਦਿਲ ਦੀ ਕੈਫ਼ੀਅਤ ਇਹ ਹੋ ਗਈ ਕਿ ਹੁਣ ‘ਲਾਲੀ’ ਨੂੰ ਮਿਲੇ ਬਿਨਾਂ ਗੁਜ਼ਾਰਾ ਨਹੀਂ। ਉਸੇ ਦਿਨ ਸ਼ਾਮ ਤੱਕ ਮੌਜੂਦ ਅਦੀਬਾਂ ਕੋਲੋਂ ਜੋ ਵੀ ‘ਲਾਲੀ’ ਬਾਰੇ ਪਤਾ ਲੱਗ ਸਕਦਾ ਸੀ, ਪਤਾ ਲਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਪਤਾ ਲੱਗਾ ਕਿ ਜਿਹੜਾ ਵੀ ‘ਲਾਲੀ’ ਕੋਲ ਅੱਧਾ ਘੰਟਾ ਬੈਠ ਗਿਆ, ਉਸ ਨੂੰ ਛੇ ਮਹੀਨੇ ਪੜ੍ਹੀਆਂ ਜਾ ਸਕਣ ਜੋਗੀਆਂ ਕਿਤਾਬਾਂ ਦੀ ਫ਼ਹਿਰਸਤ ਮਿਲ ਜਾਵੇਗੀ। ਦਿਲ ਨੂੰ ਧੂਹ ਪਾਉਣ ਲਈ ਇਹ ਜਾਣਕਾਰੀ ਕਾਫ਼ੀ ਸੀ। ਖ਼ੈਰ, ਪਤਾ ਲੱਗਾ ਕਿ ‘ਲਾਲੀ’ ਪਟਿਆਲੇ ਰਹਿੰਦੈ। ਕੁਝ ਸਮੇਂ ਬਾਅਦ ਇੱਕ ਸੈਮੀਨਾਰ ਦੇ ਸਿਲਸਿਲੇ ਵਿਚ ਪਟਿਆਲਾ ਜਾਣਾ ਹੋਇਆ। ਲਾਲੀ ਜੀ ਦਾ ਪਤਾ ਪੁੱਛਿਆ ਇੱਕ ਨਾਮਵਰ ਕਵੀ ਜੀ (ਮਰਹੂਮ) ਕੋਲੋਂ, ਜੋ ਭੂਤਵਾੜੇ ਦੇ ਦਿਨਾਂ ਤੋਂ ਲਾਲੀ ਜੀ ਦੀ ਸੰਗਤ ਕਰ ਰਹੇ ਸਨ। ਕਾਰਨ ਮੈਂ ਨਹੀਂ ਜਾਣਦਾ ਕਿਉਂ ਪਰ ਕਵੀ ਜੀ ਨੇ ਜੋ ਜਵਾਬ ਦਿੱਤਾ ਉਹ ਬਹੁਤ ਹੀ ਹੈਰਾਨ ਅਤੇ ਨਿਰਾਸ਼ ਕਰਨ ਵਾਲਾ ਸੀ।
ਮੈਂ: ਸਰ, ਮੈਂ ਲਾਲੀ ਜੀ ਨੂੰ ਮਿਲਣਾ ਚਾਹੁੰਦਾ ਹਾਂ, ਉਨ੍ਹਾਂ ਦਾ ਐਡਰੈਸ ਦੱਸੋਗੇ?
ਕਵੀ ਜੀ: ਨਾ ਨਾ ਨਾ, ਉਹਨੂੰ ਨਾ ਮਿਲਿਓ! ਉਹ ਤਾਂ ਬਹੁਤ ਬਿਮਾਰ ਹੋ ਗਿਆ।
ਉਸ ਨੂੰ ਕੁਝ ਪਤਾ-ਪੁਤਾ ਨਹੀਂ ਲੱਗਦਾ। ਕਦੋਂ ਕਿਸੇ ਦੇ ਚਪੇੜ ਕੱਢ ਮਾਰੇ। ਪੱਗ-ਪੁੱਗ ਲਾਹ ਦੇਂਦਾ ਉਹ ਤਾਂ!
ਮੇਰਾ ਦਿਲ ਨਿਰਾਸ਼ਾ ਦੀ ਡੂੰਘੀ ਖੱਡ ਵਿਚ ਜਾ ਪਿਆ। ਮੈਂ ਉਹ ਰਾਤ ਬਹੁਤ ਪਰੇਸ਼ਾਨੀ ਅਤੇ ਉਦਾਸੀ ਨਾਲ ਕੱਟੀ। ਮੈਂ ਹਰ ਸੂਰਤ ਲਾਲੀ ਜੀ ਨੂੰ ਮਿਲਣਾ ਚਾਹੁੰਦਾ ਸਾਂ। ਪਿਛਲੇ ਕਿੰਨੇ ਮਹੀਨਿਆਂ ਤੋਂ ਲਾਲੀ ਜੀ ਬਾਰੇ ਪੁੱਛ-ਪੁੱਛ ਕੇ ਜੋ ਕੁਝ ਪਤਾ ਲੱਗਾ ਸੀ ਉਸ ਨੇ ਮੇਰੇ ਸਿਰ ਜਾਦੂ ਕੀਤਾ ਹੋਇਆ ਸੀ। ਮੈਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਦੁਨੀਆਂ ’ਚ ਇੱਕੋ ਤਾਂ ਬੰਦਾ ਸੀ ਮਿਲਣ ਵਾਲਾ, ਮੈਂ ਉਸਨੂੰ ਵੀ ਨਹੀਂ ਮਿਲ ਸਕਿਆ। ਜਿਵੇਂ ਹੁਣ ਜੀਣ ਦਾ ਕੋਈ ਹੱਜ ਨਾ ਰਿਹਾ ਹੋਵੇ। ਸਾਰੀ ਰਾਤ ਉਦਾਸੀ ’ਚ ਕੱਟਣ ਤੋਂ ਬਾਅਦ ਸਵੇਰੇ ਮੈਂ ਕੰਵਲਜੀਤ ਸਿੰਘ ਨੂੰ ਕਿਹਾ, ‘ਚੱਲ ਕੰਵਲਜੀਤ, ਆਪਾਂ ਮਿਲਣਾ ਲਾਲੀ ਨੂੰ! ਮੈਂ ਅੱਗੇ ਲੱਗੂੰ, ਜੇ ਚਪੇੜ ਖਾਣੀ ਵੀ ਪਈ ਤਾਂ ਵੀ ਕੋਈ ਗੱਲ ਨਹੀਂ, ਪਰ ਮੈਂ ਲਾਲੀ ਨੂੰ ਮਿਲੇ ਬਿਨਾਂ ਵਾਪਿਸ ਨਹੀਂ ਜਾਣਾ।’ ਅੱਜ ਤੱਕ ਕੰਵਲਜੀਤ ਸਿੰਘ ਨੇ ਮੇਰਾ ਕਿਹਾ ਕਦੀ ਨਹੀਂ ਮੋੜਿਆ। ਪੰਜਾਬੀ ਯੂਨੀਵਰਸਿਟੀ ਤੋਂ ਮੈਂ, ਡਾ. ਕੰਵਲਜੀਤ ਸਿੰਘ (ਖਡੂਰ ਸਾਹਿਬ) ਅਤੇ ਡਾ. ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਅਸੀਂ ਤਿੰਨੋਂ ਲਾਲੀ ਜੀ ਦੇ ਘਰ ਮੂਹਰੇ ਪਹੁੰਚ ਗਏ। ਮੈਂ ਦਰਵਾਜ਼ੇ ’ਤੇ ਬੈੱਲ ਵਜਾਈ, ਅੱਗੋਂ ਮੇਰੀ ਚੰਗੀ ਕਿਸਮਤ ਦਰਵਾਜ਼ਾ ਲਾਲੀ ਜੀ ਨੇ ਹੀ ਖੋਲਿ੍ਹਆ। ਅਸੀਂ ਫ਼ਤਿਹ ਬੁਲਾਈ ਅਤੇ ਪੈਰੀਂ ਹੱਥ ਲਾਇਆ। ਲਾਲੀ ਜੀ ਨੇ ਅੱਗੇ ਵਧ ਕੇ ਗਲ਼ ਨਾਲ ਲਾ ਲਿਆ। ਮੈਂ ਅੱਜ ਵੀ ਉਹ ਸਪਰਸ਼ ਨਹੀਂ ਭੁੱਲ ਸਕਦਾ। ਜਿਸ ਮੁਹੱਬਤ ਨਾਲ ਉਨ੍ਹਾਂ ਸਾਡਾ ਸਵਾਗਤ ਕੀਤਾ, ਜਿਸ ਨਿੱਘ ਨਾਲ ਉਨ੍ਹਾਂ ਸਾਨੂੰ ਜੀ ਆਇਆਂ ਆਖਿਆ, ਜਿਵੇਂ ਲਾਲੀ ਜੀ ਸਾਡਾ ਹੀ ਇੰਤਜ਼ਾਰ ਕਰ ਰਹੇ ਸਨ। ਸੱਚ ਜਾਣਿਓ, ਉਸ ਦਿਨ ਇਵੇਂ ਲੱਗਾ ਜਿਵੇਂ ਪਹਿਲੀ ਵਾਰ ਕਿਸੇ ਨੂੰ ਮਿਲਿਆ ਹੋਵਾਂ, ਜਿਵੇਂ ਅਸ਼ਰਫ਼-ਉਲ-ਮਖ਼ਲੁਕਾਤ ਲਫ਼ਜ਼ ਦੇ ਮਾਅਨੇ ਦਾ ਦੀਦਾਰ ਕੀਤਾ ਹੋਵੇ। ਲਾਲੀ ਜੀ ਨੇ ਮੇਰਾ ਹੱਥ ਫੜਿਆ ਹੋਇਆ ਸੀ। ਸਾਨੂੰ ਅੰਦਰ ਬੁਲਾਇਆ। ਅਸੀਂ ਆਪਣੇ ਬਾਰੇ ਦੱਸਿਆ ਕਿ ਸਿਰਫ਼ ਤੁਹਾਨੂੰ ਮਿਲਣ ਆਏ ਹਾਂ! ਲਾਲੀ ਜੀ ਨੇ ਕਿਹਾ, ‘ਬਹੁਤ ਚੰਗਾ ਕੀਤਾ, ਖ਼ੁਸ਼ੀ ਹੋਈ।’ ਫਿਰ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੋਈ ਦੋ ਘੰਟੇ ਅਸੀਂ ਲਾਲੀ ਜੀ ਦੀਆਂ ਗੱਲਾਂ ਸੁਣਦੇ ਰਹੇ। ਪਿਆਰ ਦੀਆਂ ਗੱਲਾਂ, ਨਾਵਲਾਂ ਦੇ ਪਾਤਰ, ਕਵਿਤਾ ਦੀਆਂ ਪੰਕਤੀਆਂ, ਗੁਰੂ ਨਾਨਕ ਸਾਹਿਬ ਦੀਆਂ ਗੱਲਾਂ, ਪੁਰਾਣਾ ਪੰਜਾਬ, ਲਾਹੌਰ ਦੀਆਂ ਗੱਲਾਂ। ਅਸੀਂ ਕਿੰਨਾਂ-ਕਿੰਨਾਂ ਸ਼ਹਿਰਾਂ ਦੀ ਸੈਰ ਕੀਤੀ, ਕਲਾਸਿਕ ਨਾਵਲਾਂ ਦੇ ਕਿਹੜੇ-ਕਿਹੜੇ ਪਾਤਰਾਂ ਨੂੰ ਮਿਲੇ, ਸ਼ਬਦਾਂ ਵਿਚ ਬਿਆਨ ਕਰਨਾ ਕਠਿਨ ਹੈ। ਸੱਚੀਂ, ਸੋ ਸੁਣਿਆ ਸੀ ਉਸ ਤੋਂ ਸਵਾਇਆ ਪਾਇਆ। ਲਾਲੀ ਜੀ ਜਦ ਬੋਲ ਰਹੇ ਸਨ, ਉਨ੍ਹਾਂ ਦੇ ਹੱਥ ਹਵਾ ਵਿਚ ਲਹਿਰਾਉਂਦੇ, ਗੱਲਾਂ ਦੇ ਮਾਅਨਿਆਂ ਨੂੰ ਦ੍ਰਿਸ਼ ਵਿਚ ਦ੍ਰਿੜ ਕਰਦੇ ਜਾਂਦੇ। ਇੰਨਾ ਭਾਵੁਕ ਇਨਸਾਨ, ਆਪਣੇ ਦ੍ਰਿਸ਼ਟੀਕੋਣ ਦਾ ਇੰਨਾ ਬਾਰੀਕ ਅਤੇ ਕੋਮਲ ਵਾਕਾਂ ਨਾਲ ਯੁੱਗਾਂ ਨੂੰ ਬੰਨ੍ਹ ਦੇਣ ਦੀ ਸਮਰੱਥਾ, ਪਹਿਲੀ ਵਾਰ ਦੇਖੀ/ਸੁਣੀ ਸੀ।
ਫ਼ਿਰ ਉਨ੍ਹਾਂ ਆਪਣੀ ਪਤਨੀ ਨਾਲ ਮਿਲਾਇਆ। ਅਸੀਂ ਸਭ ਨੇ ਇਕੱਠਿਆਂ ਚਾਹ ਪੀਤੀ। ਲਾਲੀ ਜੀ ਨੇ ਸਾਨੂੰ ਪਹਿਲੀ ਵਾਰ ਮਿਲਿਆਂ ਨੂੰ ਆਪਣਾ ਘਰ ਦਿਖਾਇਆ। ਘਰ ਦੀ ਇੱਕ ਦੀਵਾਰ ਤੇ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਲਾਲੀ ਜੀ ਨੇ ਇਸ਼ਾਰਾ ਕਰਕੇ ਕਿਹਾ, ‘ਇਹ ਕੰਧ ਮੇਰੀ ਹੈ, ਬਸ!’ ਉਸ ਦੀਵਾਰ ’ਤੇ ਲਾਹੌਰ ਦੀਆਂ, ਪੁਰਾਣੀਆਂ ਯਾਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਅਸੀਂ ਇਹ ਪਿਆਰ ਦੀ ਦੌਲਤ ਸਮੇਟ ਕੇ ਆਪਣੀਆਂ ਝੋਲੀਆਂ ਭਰ ਕੇ ਅੰਦਰ ਤੱਕ ਰੱਜ ਚੁੱਕੇ ਸਾਂ। ਉਸ ਦਿਨ ਸੱਚੀਂ ਕਿਸੇ ਬਜ਼ੁਰਗ ਦੇ ਦਰਸ਼ਨ ਹੋਏ ਸਨ। ਲਾਲੀ ਜੀ ਨੂੰ ਮਿਲਣਾ ਆਪਣੇ ਆਪ ਵਿਚ ਇੱਕ ਪ੍ਰਾਪਤੀ ਹੈ। ਉਨ੍ਹਾਂ ਨੂੰ ਸੁਣਨਾ, ਹਾਸਿਲ!
ਸ਼ੇਖ਼ ਸਾਅਦੀ ਨੇ ਖ਼ੂਬ ਕਿਹਾ ਹੈ:
ਬਜ਼ੁਰਗੀ ਬਾਅਕਲ ਅਸਤ ਨਾ ਬਾ-ਸਾਲ,
ਤਵੰਗਰੀ ਬਾਦਿਲ ਅਸਤ ਨਾ ਬਾ-ਮਾਲ।
ਆਖ਼ਿਰ ਇਜਾਜ਼ਤ ਲਈ, ਫ਼ਤਿਹ ਬੁਲਾਈ। ਵਾਪਿਸ ਜਾਣ ਲੱਗੇ ਦਰਵਾਜ਼ੇ ’ਤੇ ਮੈਂ ਸਹਿਵਣ ਹੀ ਪੁੱਛ ਲਿਆ, ‘ਸਰ, ਤੁਸੀਂ ਕਦੀ ਫਿਰ ਲਾਹੌਰ ਨਹੀਂ ਗਏ?’ ਲਾਲੀ ਜੀ ਦੀਆਂ ਅੱਖਾਂ ਵਿਚ ਨਮੀ ਦੀ ਇੱਕ ਲਹਿਰ ਆਈ, ਆਪਣੇ ਕੋਮਲ ਹੱਥ ਨਾਲ ਸਾਡੀਆਂ ਦਸਤਾਰਾਂ ਨੂੰ ਪਲੋਸਦੇ ਹੋਏ, ਬੇਹੱਦ ਭਾਵੁਕ ਹੋ ਕੇ ਭਰੇ ਹੋਏ ਗਲੇ ਨਾਲ ਇੱਕੋ ਵਾਕ ਕਿਹਾ, ‘ਦਸਤਾਰ ਬਗ਼ੈਰ ਬੰਦਾ ਲਾਹੌਰ ਨਹੀਂ ਜਾ ਸਕਦਾ।’ ਜਦ ਪ੍ਰੋ. ਹਰਪਾਲ ਸਿੰਘ ਪਨੂੰ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਲਿਖਤ ‘ਲਾਲੀ ਪੁੱਤਰ ਰਾਠ ਦਾ’ ਵਿਚ ਇਸਦਾ ਜ਼ਿਕਰ ਵੀ ਕੀਤਾ। ਇਸ ਤੋਂ ਅੱਗੇ ਨਾ ਅਸੀਂ ਕੁਝ ਪੁੱਛ ਸਕੇ, ਨਾ ਬੋਲ ਸਕੇ। ਅਸੀਂ ਤਿੰਨੋ ਚੁੱਪ, ਕਿਸੇ ਦੈਵੀ ਛੁਹ ਨਾਲ ਸਰਸ਼ਾਰ ਹੋਏ ਵਾਪਿਸ ਆਏ। ਮੈਂ ਅੱਜ ਵੀ ਉਸ ਕੋਮਲਤਾ ਨੂੰ ਮਹਿਸੂਸ ਕਰ ਸਕਦਾ ਹਾਂ। ਬਹੁਤ ਵਾਰ ਇਹ ਵਾਰਤਾ ਦੋਸਤਾਂ ਨਾਲ, ਵਿਦਿਆਰਥੀਆਂ ਨਾਲ, ਲਾਲੀ ਜੀ ਦੇ ਉਪਾਸ਼ਕਾਂ ਨਾਲ ਸਾਂਝੀ ਕੀਤੀ ਹੈ, ਪਰ ਅੱਜ ਵੀ ਇਹ ਯਾਦ ਜਿਵੇਂ ਕੱਲ ਦੀ ਗੱਲ ਹੋਵੇ। ਇਸ ਮਿਲਣੀ ਦੀ ਤਾਜ਼ਗੀ ਜਿਵੇਂ ਅੱਗੇ ਨਾਲੋਂ ਵੀ ਵਧ ਗਈ ਹੋਵੇ। ਜਿਸ ਸਮੇਂ ਅਸੀਂ ਲਾਲੀ ਜੀ ਨੂੰ ਮਿਲਣ ਗਏ, ਉਨ੍ਹਾਂ ਦੇ ਘਰ ਪੇਂਟਰ ਸਿਧਾਰਥ ਜੀ ਆਏ ਬੈਠੇ ਸਨ। ਦਸਮ ਗ੍ਰੰਥ ਦੇ ਅੰਗ੍ਰੇਜ਼ੀ ਅਨੁਵਾਦ ਦੀ ਗੱਲ ਚੱਲ ਰਹੀ ਸੀ। ਇੰਨੀ ਕੀਮਤੀ ਗੱਲ-ਬਾਤ ਵਿਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਖੁੱਲ੍ਹ-ਦਿਲੀ ਨਾਲ ਮਿਲਣਾ ਆਪਣੇ-ਆਪ ਵਿਚ ਸਾਡੇ ਲਈ ਬਹੁਤ ਵੱਡੀ ਗੱਲ ਸੀ।
ਕੁਝ ਮਹੀਨਿਆਂ ਬਾਅਦ ਅੰਮ੍ਰਿਤਸਰ ਵਿਚ ਇੱਕ ਕਵੀ ਦਰਬਾਰ ਦੌਰਾਨ ਉਹੀ ਕਵੀ ਜੀ ਜਦ ਕਾਰ ’ਚੋਂ ਉੱਤਰ ਕੇ ਤੁਰੇ ਆ ਰਹੇ ਸਨ, ਤਾਂ ਮੈਨੂੰ ਸਾਹਮਣੇ ਖੜਾ ਦੇਖ ਸਿੱਧਾ ਮੇਰੇ ਵੱਲ ਆ ਗਏ। ਮੇਰੇ ਮੋਢਿਆਂ ’ਤੇ ਦੋਵੇਂ ਹੱਥ ਰੱਖੇ ਅਤੇ ਕਿਹਾ, ‘ਮੈਨੂੰ ਪਤਾ ਸੀ, ਤੂੰ ਜਾਵੇਂਗਾ, ਜ਼ਰੂਰ ਜਾਵੇਂਗਾ। ਮੈਂ ਤੇਰੀਆਂ ਅੱਖਾਂ ’ਚ ਜਨੂੰਨ ਦੇਖ ਲਿਆ ਸੀ।’ ਉਸ ਤੋਂ ਬਾਅਦ ਕਵੀ ਜੀ ਨੇ ਮੇਰੇ ਨਾਲ ਕਦੀ ਗੱਲ ਨਹੀਂ ਕੀਤੀ।
ਲਾਲੀ ਜੀ ਨਾਲ ਹੋਈ ਉਹ ਮੁਲਾਕਾਤ ਮੈਨੂੰ ਕਦੀ ਨਹੀਂ ਭੁੱਲੀ। ਸਦਾ ਲਈ ਮੇਰੇ ਚੇਤਿਆਂ ਵਿਚ ਵੱਸ ਗਈ। ਜਿਵੇਂ-ਜਿਵੇਂ ਲਾਲੀ ਜੀ ਬਾਰੇ ਹੋਰ ਗੱਲਾਂ ਪਤਾ ਲਗਦੀਆਂ ਗਈਆਂ, ਉਸ ਮੁਲਾਕਾਤ ਦਾ ਨਸ਼ਾ ਹੋਰ ਵੱਧਦਾ ਗਿਆ।
ਸਵਾਮੀ ਪਰਮਹੰਸ ਜੀ ਜਦ ਸਵਰਗ ਸਿਧਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਸੁਹਾਗਣ ਵਾਲਾ ਵੇਸ ਨਹੀਂ ਉਤਾਰਿਆ। ਨਾ ਚੂੜੀਆਂ ਉਤਾਰੀਆਂ, ਨਾ ਮਾਂਗ ਵਿਚੋਂ ਸਿੰਧੂਰ ਅਤੇ ਨਾ ਹੀ ਵਿਧਵਾ ਵਾਲਾ ਜੋੜਾ ਪਹਿਨਿਆ। ਸਵਾਮੀ ਜੀ ਦੇ ਚੇਲਿਆਂ ਨੇ ਅਤਿ-ਭਾਵੁਕ ਹੋ ਕੇ ਕਿਹਾ, ‘ਮਾਤਾ, ਸਵਾਮੀ ਪਰਮਹੰਸ ਜੀ ਨਹੀਂ ਰਹੇ।’ ਤਾਂ ਉਨ੍ਹਾਂ ਬ੍ਰਹਮਲੀਨ ਚੇਤਨਾ ਵਿਚੋਂ ਜਵਾਬ ਦਿੱਤਾ, ‘ਸਵਾਮੀ ਜੀ ਸਿਰਫ਼ ਉਸ ਸਰੀਰ ਵਿਚ ਨਹੀਂ ਰਹੇ।’
1971 ਵਿਚ ਰਿਸ਼ੀਕੇਸ਼ ਮੁਖਰਜੀ ਦੀ ਡਾਇਰੈਕਟ ਕੀਤੀ ਹੋਈ ਫ਼ਿਲਮ ‘ਆਨੰਦ’ ਆਈ ਸੀ। ਜਿਸ ਦੇ ਡਾਇਲੌਗ ਗੁਲਜ਼ਾਰ ਸਾਹਿਬ ਨੇ ਲਿਖੇ ਸਨ। ਫ਼ਿਲਮ ਦੇ ਅੰਤ ਵਿਚ ਜਦ ਆਨੰਦ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਡਾਇਲੌਗ, ਜਿਸ ਦਾ ਜ਼ਿਕਰ ਵਾਜਿਬ ਲਗਦਾ ਹੈ।
‘ਆਨੰਦ ਮਰਾ ਨਹੀਂ, ਆਨੰਦ ਮਰਤੇ ਨਹੀਂ’
ਲਾਲੀ ਜੀ ਵੀ ਸਾਡੇ ਚੇਤਿਆਂ ਵਿਚ ਸਦਾ ਜਿਉਂਦੇ ਰਹਿਣਗੇ। ਉਨ੍ਹਾਂ ਦੀਆਂ ਸਿਮਰਤੀਆਂ ਸਾਹਿਤ ਜਗਤ ਦੇ ਹਿਰਦੇ ਵਿਚ ਕਦੇ ਨਾ ਵਿਸਾਰੇ ਜਾ ਸਕਣ ਵਾਲੇ ਅਦੀਬਾਂ ਦੀ ਫਹਿਰਿਸਤ ਵਿਚ ਸ਼ਾਮਿਲ ਹਨ।