ਯੂਬਾ ਸਿਟੀ ਵਿਚ ਸਜਿਆ 34ਵਾਂ ਮਹਾਨ ਨਗਰ ਕੀਰਤਨ

ਯੂਬਾ ਸਿਟੀ (ਬਿਊਰੋ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਇਥੇ ਲੰਘੇ ਐਤਵਾਰ ਨੂੰ ਸਜਾਇਆ ਗਿਆ ਜਿਸ ਵਿਚ ਹਰ ਸਾਲ ਵਾਂਗ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਹ ਯੂਬਾ ਸਿਟੀ ਦਾ 34ਵਾਂ ਨਗਰ ਕੀਰਤਨ ਸੀ। 
ਨਗਰ ਕੀਰਤਨ ਸਵੇਰੇ ਕਰੀਬ 11 ਵਜੇ ਇਕ ਸਜੀ ਹੋਈ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਟਾਇਰਾ ਬਿਊਨਾ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਅਰੰਭ ਹੋਇਆ। ਨਗਰ ਕੀਰਤਨ ਦੀ ਅਗਵਾਈ ਰਵਾਇਤੀ ਬਾਣੇ ਅਤੇ ਸ਼ਸਤਰਾਂ ਨਾਲ ਸਜੇ ਪੰਜ ਪਿਆਰੇ ਕਰ ਰਹੇ ਸਨ। ਝਾੜੂਬਰਦਾਰ ਗੁਰੂ ਮਹਾਰਾਜ ਦੀ ਪਾਲਕੀ ਦੇ ਅੱਗੇ ਅੱਗੇ ਸੜਕ ਸਾਫ ਕਰ ਰਹੇ ਸਨ ਅਤੇ ਪਾਣੀ ਤਰੌਂਕ ਰਹੇ ਸਨ। ਗੁਰੂ ਮਹਾਰਾਜ ਦੀ ਪਾਲਕੀ ਤੋਂ ਰਾਗੀ ਜਥਿਆਂ ਵਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਦੀਆਂ ਇਲਾਹੀ ਧੁਨਾਂ ਮਾਹੌਲ ਵਿਚ ਘੁਲ ਰਹੀਆਂ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕੁਝ ਹੋਰ ਪਤਵੰਤੇ ਗੁਰੂ ਮਹਾਰਾਜ ਦੀ ਪਾਲਕੀ ਦੇ ਨਾਲ ਨਾਲ ਚੱਲ ਰਹੇ ਸਨ।
ਗੁਰੂ ਮਹਾਰਾਜ ਦੀ ਪਾਲਕੀ ਦੇ ਪਿਛੇ ਖਾਲਸਾ ਸਕੂਲ, ਗੁਰਦੁਆਰਾ ਟਾਇਰਾ ਬਿਊਨਾ ਦੇ ਫਲੋਟ ਤੋਂ ਇਲਾਵਾ ਵੱਖ ਵੱਖ ਗੁਰੂ ਘਰਾਂ, ਜਥੇਬੰਦੀਆਂ ਅਤੇ ਵਪਾਰਕ ਅਦਾਰਿਆਂ ਦੇ ਫਲੋਟ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖਾ ਰਹੀਆਂ ਸਨ। ਨਗਰ ਕੀਰਤਨ ਦੇ ਸਾਰੇ ਰਾਸਤੇ ਦੌਰਾਨ ਸ਼ਰਧਾਲੂ ਸੱਜਣਾਂ ਵਲੋਂ ਭੋਜਨ ਪਦਾਰਥਾਂ ਦੇ ਸਟਾਲ ਲਾਏ ਗਏ ਸਨ ਜਿਥੋਂ ਸੰਗਤਾਂ ਆਪਣੇ ਮਨਪਸੰਦ ਦੇ ਪਕਵਾਨ ਛਕ ਰਹੀਆਂ ਸਨ। ਨਗਰ ਕੀਰਤਨ ਆਪਣੇ ਰਵਾਇਤੀ ਰੂਟ ਤੋਂ ਹੁੰਦਾ ਹੋਇਆ ਸ਼ਾਮੀ ਕਰੀਬ 5 ਵਜੇ ਵਾਪਸ ਗੁਰੂ ਘਰ ਆ ਕੇ ਅਰਦਾਸ ਉਪਰੰਤ ਸਮਾਪਤ ਹੋਇਆ।
ਨਗਰ ਕੀਰਤਨ ਅਰੰਭ ਹੋਣ ਤੋਂ ਪਹਿਲਾਂ ਪਿਛਲੇ ਕਰੀਬ ਇਕ ਮਹੀਨੇ ਤੋਂ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ ਅਖੀਰਲੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਦੀਵਾਨ ਸਜੇ। ਇਸ ਤੋਂ ਪਹਿਲੀ ਰਾਤ ਰੈਣ ਸਬਾਈ ਕੀਰਤਨ ਹੋਇਆ ਜਿਸ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਅਤੇ ਮੌਜੂਦਾ ਹਜ਼ੂਰੀ ਰਾਗੀਆਂ ਤੋਂ ਇਲਾਵਾ ਪੰਥ ਪ੍ਰਸਿਧ ਰਾਗੀ ਜਥਿਆਂ, ਕਥਾਵਾਚਕਾਂ, ਕਵੀਸ਼ਰੀ ਜਥਿਆਂ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਲੁਆਈ।
ਹਰ ਸਾਲ ਵਾਂਗ ਰਾਤ ਦੇ ਇਸ ਦੀਵਾਨ ਵਿਚ ਸਥਾਨਕ ਸਿੱਖ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਸਿਆਸਤ ਬਾਰੇ ਆਪੋ ਆਪਣੇ ਨਜ਼ਰੀਏ ਅਨੁਸਾਰ ਵਿਚਾਰ ਪ੍ਰਗਟਾਏ। ਵਾਸ਼ਿੰਗਟਨ ਤੋਂ ਖਾਲਿਸਤਾਨੀ ਆਗੂ ਡਾæ ਅਮਰਜੀਤ ਸਿੰਘ ਨੇ ਪੰਜਾਬ ਵਿਚ ਸਿੱਖੀ ਦੀ ਹਾਲਤ ਉਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਦੁਸ਼ਮਣ ਤਾਂ ਕੋਝੀਆਂ ਚਾਲਾਂ ਚੱਲ ਕੇ ਸਿੱਖ ਫਲਸਫੇ ਨੂੰ ਨੁਕਸਾਨ ਪਹੁੰਚਾਉਂਦਾ ਆ ਹੀ ਰਿਹਾ ਹੈ ਪਰ ਹੁਣ ਆਪਣੇ ਆਪ ਨੂੰ ਪੰਥ ਹਿਤੈਸ਼ੀ ਅਤੇ ਅਕਾਲੀ ਅਖਵਾਉਣ ਵਾਲੇ ਲੋਕ ਵੀ ਅਣਖੀਲੇ ਪੰਜਾਬ ਨੂੰ ਘਸਿਆਰਾ ਬਣਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਸਿੱਖ ਪੰਥ ਦੇ ਮੌਜੂਦਾ ਹਾਲਾਤ ਉਤੇ ਟਿਪਣੀ ਕਰਦਿਆਂ ਆਖਿਆ ਕਿ ਕੇਂਦਰੀ ਸਿੱਖ ਜਥੇਬੰਦੀਆਂ ਉਤੇ ਸਿਆਸੀ ਗਲਬਾ ਨਿਤ ਦਿਹਾੜੇ ਵਧ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਇਸ ਤੋਂ ਸੁਚੇਤ ਰਹਿਣ ਲਈ ਖਬਰਦਾਰ ਕੀਤਾ। ਇੰਗਲੈਂਡ ਤੋਂ ਆਏ ਡਾæ ਕਰਾਮਾਤ ਚੀਮਾ ਨੇ ਵੀ ਸਿੱਖ-ਮੁਸਲਿਮ ਸਾਂਝ ਬਾਰੇ ਆਪਣੇ ਵਿਚਾਰ ਪ੍ਰਗਟਾਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਸਕੱਤਰ ਜੀਤ ਸਿੰਘ ਆਲੋਅਰਖ ਨੇ ਪੰਜਾਬ ਵਿਚ ਸਿੱਖਾਂ ਦੀ ਮੌਜੂਦਾ ਆਰਥਿਕ, ਧਾਰਮਿਕ ਅਤੇ ਸਮਾਜਿਕ ਅਵਸਥਾ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਖਾੜਕੂ ਲਹਿਰ ਸਮੇਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਮਾਰ ਮੁਕਾਉਣ ਦੇ ਦੋਸ਼ੀ ਪੁਲਿਸ ਅਫਸਰਾਂ ਸੁਮੇਧ ਸੈਣੀ, ਇਜ਼ਹਾਰ ਆਲਮ, ਸੁਰਜੀਤ ਗਰੇਵਾਲ, ਪਰਮਰਾਜ ਉਮਰਾਨੰਗਲ ਦੀ ਲਗਾਤਾਰ ਪੁਸ਼ਤਪਨਾਹੀ ਕਰਦੀ ਆ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਸਿੱਖਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਆਗੂ ਹੈ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੀ ਹੈ। ਉਨ੍ਹਾਂ ਇਸ ਗੱਲ ‘ਤੇ ਰੰਜ ਜਾਹਰ ਕੀਤਾ ਕਿ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਦੇ ਆਗੂ ਕਿਸੇ ਲਾਲਚ ਜਾਂ ਡਰ ਵੱਸ ਸਿੱਖੀ ਦਾ ਨੁਕਸਾਨ ਕਰਨ ਵਾਲੇ ਲੋਕਾਂ ਦਾ ਗੁਣਗਾਨ ਕਰ ਰਹੇ ਹਨ। ਦੀਵਾਨ ਹਾਲ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜਦੇ ਰਹੇ।
ਇਸ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ 16 ਸਤੰਬਰ ਤੋਂ ਸ਼ੁਰੂ ਹੋਈ, ਜਿਸ ਦੇ 3 ਨਵੰਬਰ ਨੂੰ ਭੋਗ ਪਾਏ ਗਏ। ਇਸ ਦੌਰਾਨ ਕੀਰਤਨ ਦਰਬਾਰ 21 ਅਕਤੂਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਚਲਦੇ ਰਹੇ। ਕੀਰਤਨ ਸਮਾਗਮਾਂ ਵਿਚ ਪਹੁੰਚਣ ਵਾਲੇ ਰਾਗੀਆਂ ਵਿਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ, ਭਾਈ ਤਾਰਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ, ਗਿਆਨੀ ਗੁਰਮੁੱਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਤੇ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼ਾਮਲ ਸਨ। ਹੋਰ ਕਥਾਵਾਚਕਾਂ ਤੇ ਢਾਡੀਆਂ ਨੇ ਵੀ ਹਾਜ਼ਰੀ ਭਰੀ। ਇਨ੍ਹਾਂ ਦੀਵਾਨਾਂ ਦੌਰਾਨ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਵੀ 31 ਅਕਤੂਬਰ ਨੂੰ ਮਨਾਇਆ ਗਿਆ, ਜਿਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਨਗਰ ਕੀਰਤਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਬਾਕੀ ਭਾਈਚਾਰਿਆਂ ਨੇ ਵੀ ਅਨੰਦ ਮਾਣਿਆ।
ਗੁਰਦੁਆਰਾ ਐਸਕੈਨਦੀਦੋ (ਸੈਨ ਡਿਐਗੋ), ਕੈਲੀਫੋਰਨੀਆ ਤੋਂ ਸੰਗਤਾਂ ਵਿਸ਼ੇਸ਼ ਚਾਰਟਰ ਬੱਸ ਲੈ ਕੇ ਪਹੁੰਚੀਆਂ। ਇਸ ਬੱਸ ਦੀ ਸੇਵਾ ਸੈਨ ਡਿਐਗੋ ਦੀ ਨਵੀਂ ਬਣੀ ਕਮੇਟੀ ਦਾ ਸਾਥ ਦੇ ਰਹੇ ਪਰਿਵਾਰਾਂ ਵਲੋਂ ਕੀਤੀ ਗਈ। ਨਵੀਂ ਕਮੇਟੀ ਦੇ ਪ੍ਰਧਾਨ ਸ਼ ਬਖਸ਼ੀਸ਼ ਸਿੰਘ ਹੁੰਦਲ ਨੇ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਰਹਿਣ ਲਈ ਕੀਤੇ ਗਏ ਬਹੁਤ ਵਧੀਆ ਇੰਤਜ਼ਾਮ ਲਈ ਇਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸੈਨ ਡਿਐਗੋ ਤੋਂ ਸੰਗਤਾਂ 2-3 ਬੱਸਾਂ ਲੈ ਕੇ ਪਹੁੰਚਣਗੀਆਂ।
ਨਗਰ ਕੀਰਤਨ ਵਿਚ ਅਕਾਲੀ ਦਲ (ਅੰਮ੍ਰਿਤਸਰ) ਦਾ ਜਥਾ ਕੌਮੀ ਮੀਤ ਪ੍ਰਧਾਨ ਜੀਤ ਸਿੰਘ ਆਲੋਅਰਖ ਦੀ ਅਗਵਾਈ ਹੇਠ ਪਹੁੰਚਿਆ ਜਿਸ ਵਿਚ ਰੇਸ਼ਮ ਸਿੰਘ ਬੇਕਰਜ਼ਫੀਲਡ, ਜਗਤਾਰ ਸਿੰਘ, ਜਸਵਿੰਦਰ ਸਿੰਘ ਸਿਆਟਲ, ਕੁਲਬੀਰ ਸਿੰਘ ਜੌਹਲ, ਕੁਲਜੀਤ ਸਿੰਘ ਨਿੱਜਰ, ਭਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ ਬਿੱਟੂ, ਕਰਮਜੀਤ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਨਿਸ਼ਾਨ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਮਿਸ਼ੀਗਨ, ਸੋਹਣ ਸਿੰਘ ਲੁਇਸਵਿਲ, ਪਰਮਜੀਤ ਸਿੰਘ, ਅਵਤਾਰ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਸਨ।
ਪਿਛਲੇ ਕੁਝ ਸਾਲਾਂ ਦੇ ਉਲਟ ਇਸ ਵਾਰ ਕੋਈ ਖਾਸ ਲੜਾਈ-ਝਗੜਾ ਜਾਂ ਤਲਖਕਲਾਮੀ ਨਹੀਂ ਹੋਈ ਪਰ ਪ੍ਰਬੰਧਕਾਂ ਅਤੇ ਵਿਰੋਧੀ ਧਿਰ ਵਿਚਾਲੇ ਤਣਾਓ ਸਪਸ਼ਟ ਨਜ਼ਰ ਆ ਰਿਹਾ ਸੀ। ਪ੍ਰਬੰਧਕਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਵਿਰੋਧੀ ਧਿਰ ਨੇ ਨਗਰ ਕੀਰਤਨ ਵਿਚ ਸਹਿਯੋਗ ਨਹੀਂ ਦਿੱਤਾ ਅਤੇ ਇਸ ਨਗਰ ਕੀਰਤਨ ਦੇ ਮੋਢੀਆਂ ਵਿਚੋਂ ਇਕ ਬਜ਼ੁਰਗ ਆਗੂ ਦੀਦਾਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀ ਨਗਰ ਕੀਰਤਨ ਤੋਂ ਲਾਂਭੇ ਲਾਂਭੇ ਰਹੇ।
ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਦਾ ਗਿਲਾ ਸੀ ਕਿ ਪ੍ਰਬੰਧਕਾਂ ਨੇ ‘ਆਪਣੀ ਹੈਂਕੜ’ ਵਿਚ ਆਪਣੇ ਵਿਰੋਧੀਆਂ ਨੂੰ ਨੀਂਵਾਂ ਦਿਖਾਉਣ ਦੀ ਹਰ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਸਹਿਯੋਗ ਲੈਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ। ਵਿਰੋਧੀ ਧਿਰ ਇਸ ਗੱਲੋਂ ਵੀ ਕਾਫੀ ਖਫਾ ਸੀ ਕਿ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਪਵਿੰਦਰ ਸਿੰਘ ਕਰੀਹਾ ਨੇ ਦੀਵਾਨ ਹਾਲ ਵਿਚ ਸਟੇਜ ਸਕੱਤਰ ਵਜੋਂ ਬੋਲਦਿਆਂ ਵਿਰੋਧੀ ਧਿਰ ਦੇ ਕੁਝ ਬਜ਼ੁਰਗ ਆਗੂਆਂ ਵਲੋਂ ਗੁਰਦੁਆਰਾ ਟਾਇਰਾ ਬਿਊਨਾ ਦੀ ਸਥਾਪਨਾ ਅਤੇ ਨਗਰ ਕੀਰਤਨ ਅਰੰਭ ਕਰਨ ਵਿਚ ਨਿਭਾਏ ਰੋਲ ਨੂੰ ਉਕਾ ਹੀ ਨਕਾਰ ਦਿੱਤਾ। ਸ਼ ਕਰੀਹਾ ਨੇ ਵਾਰ ਵਾਰ ਕਿਹਾ ਕਿ ਸ਼ ਬੈਂਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜ਼ਮੀਨ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਜਿਸ ਕਰਕੇ ਸੰਗਤਾਂ ਨੂੰ ਲੰਗਰ ਲਾਉਣ ਵਿਚ ਕਾਫੀ ਦਿੱਕਤ ਆਈ। ਇਸ ਦੇ ਨਾਲ ਹੀ ਸ਼ ਕਰੀਹਾ ਨੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੀ ਸਥਾਪਨਾ ਵੇਲੇ ਹਿੱਸਾ ਪਾਉਣ ਵਾਲੇ ਕੁਝ ਦਾਨੀ ਸੱਜਣਾਂ ਬਾਰੇ ਵੀ ਬੜੇ ਅੱਖੜ ਤਰੀਕੇ ਨਾਲ ਗੱਲ ਕੀਤੀ ਅਤੇ ਉਨ੍ਹਾਂ ਉਪਰ ਕਈ ਤਰ੍ਹਾਂ ਦੇ ਨਿਰਮੂਲ ਦੋਸ਼ ਵੀ ਲਾਏ। ਉਨ੍ਹਾਂ ਕਈ ਹਾਸੋਹੀਣੀਆਂ ਗੱਲਾਂ ਵੀ ਕੀਤੀਆਂ, ਜਿਨ੍ਹਾਂ ਵਿਚ ‘ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵਢਦਾ ਅਸੀਂ ਦੂਣੇ ਤੀਣੇ ਹੋਏ’ ਦੇ ਹਵਾਲੇ ਨਾਲ ਇਹ ਕਹਿਣਾ ਵੀ ਸ਼ਾਮਲ ਸੀ ਕਿ ਅਜ ਇਹ ਦਾਤੀ ਡਾæ ਮਨਮੋਹਨ ਸਿੰਘ ਦੇ ਹੱਥ ਹੈ।
ਵਿਰੋਧੀ ਧਿਰ ਦੇ ਇਕ ਬੁਲਾਰੇ ਦਲਬੀਰ ਸਿੰਘ ਗਿੱਲ ਨੇ ਕਿਹਾ ਕਿ ਗੁਰੂਘਰ ਦੀ ਸਟੇਜ ਤੋਂ ਝੂਠ ਬੋਲਦਿਆਂ ਸ਼ ਕਰੀਹਾ ਨੇ ਗੁਰੂ ਦਾ ਜਰਾ ਵੀ ਭੈਅ ਨਹੀਂ ਖਾਧਾ। ਜਦੋਂਕਿ ਸੱਚ ਇਹ ਹੈ ਕਿ ਜ਼ਮੀਨ ਦੁਆਲੇ ਕੰਡਿਆਲੀ ਤਾਰ ਨਗਰ ਕੀਰਤਨ ਤੋਂ ਤਿੰਨ ਦਿਨ ਪਹਿਲਾਂ ਹੀ ਹਟਾ ਦਿਤੀ ਗਈ ਸੀ ਅਤੇ ਉਥੇ ਲਾਏ ਗਏ ਲੰਗਰ ਰਾਹੀਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ ਬੈਂਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਦਾ ਮਾਣ-ਸਨਮਾਨ ਕਰਨਾ ਚਾਹੁੰਦੇ ਸਨ ਅਤੇ ਗੁਰੂਘਰ ਲਈ ਮਾਇਆ ਭੇਟਾ ਕਰਨੀ ਚਾਹੁੰਦੇ ਸਨ ਪਰ ਪ੍ਰਬੰਧਕਾਂ ਨੇ ਅਜਿਹਾ ਨਾ ਹੋਣ ਦਿਤਾ।
ਇਸੇ ਦੌਰਾਨ ਪ੍ਰਬੰਧਕ ਕਮੇਟੀ ਦੇ ਇਕ ਬੁਲਾਰੇ ਸੁਖਦੇਵ ਸਿੰਘ ਮੁੰਡੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਸ਼ ਕਰੀਹਾ ਨੇ ਵਿਰੋਧੀ ਧਿਰ ਬਾਰੇ ਕੋਈ ਅਪਸ਼ਬਦ ਕਹੇ ਪਰ ਇਹ ਗੱਲ ਮੰਨੀ ਕਿ ਸ਼ ਕਰੀਹਾ ਦਾ ਬੋਲਣ ਦਾ ਤਰੀਕਾ ਬੇਸ਼ਕ ਖਰਵਾ ਸੀ। ਨਗਰ ਕੀਰਤਨ ਵਿਚ ਸੰਗਤਾਂ ਦੀ ਹਾਜ਼ਰੀ ਬਾਰੇ ਅੰਦਾਜ਼ੇ ਵੀ ਪਹਿਲੇ ਸਾਲਾਂ ਵਾਂਗ ਹੀ ਵੱਖੋ ਵੱਖ ਰਹੇ। ਸਥਾਨਕ ਅੰਗਰੇਜ਼ੀ ਅਖਬਾਰ ਅਪੀਲ ਡੈਮੋਕਰੇਟ ਨੇ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੇ ਇਕ ਬੁਲਾਰੇ ਤੇਜਿੰਦਰ ਸਿੰਘ ਦੁਸਾਂਝ ਦੇ ਹਵਾਲੇ ਨਾਲ ਇਹ ਹਾਜ਼ਰੀ ਕਰੀਬ 80 ਹਜ਼ਾਰ ਦੱਸੀ ਜਦੋਂਕਿ ਨਿਰਪੱਖ ਅੰਦਾਜ਼ੇ ਅਨੁਸਾਰ ਇਹ ਹਾਜ਼ਰੀ ਇਸ ਤੋਂ ਕਿਤੇ ਘੱਟ ਸੀ। ਪ੍ਰਬੰਧਕ ਕਮੇਟੀ ਦੇ ਇਕ ਹੋਰ ਮੈਂਬਰ ਨੇ ਮੰਨਿਆ ਕਿ ਅਪੀਲ ਡੈਮੋਕਰੇਟ ਵਿਚ ਛਪਿਆ ਅੰਦਾਜ਼ਾ ਸਹੀ ਨਹੀਂ ਹੈ। ਸ਼ਾਇਦ ਦੀਵਾਲੀ ਦਾ ਤਿਓਹਾਰ ਇਸੇ ਦਿਨ ਹੋਣ ਕਾਰਨ ਸੰਗਤਾਂ ਘੱਟ ਪਹੁੰਚੀਆਂ। ਇਸ ਵਾਰ ਨਗਰ ਕੀਰਤਨ ਵਿਚ ਸ਼ਾਮਲ ਹੋਏ ਫਲੋਟਾਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਸੀ।
ਜ਼ਿਕਰਯੋਗ ਹੈ ਕਿ ਇਹ ਨਗਰ ਕੀਰਤਨ 1980 ਵਿਚ ਬਜ਼ੁਰਗ ਸਿੱਖ ਆਗੂ ਸ਼ ਦੀਦਾਰ ਸਿੰਘ ਬੈਂਸ ਅਤੇ ਕੁਝ ਹੋਰ ਪਤਵੰਤੇ ਸੱਜਣਾਂ ਦੇ ਉਦਮ ਨਾਲ ਅਰੰਭ ਹੋਇਆ ਸੀ।
ਭਾਵੇਂ ਵਰਖਾ ਤੋਂ ਬਚਾ ਰਿਹਾ ਪਰ ਰੁਕ ਰੁਕ ਕੇ ਮਿੱਟੀ ਘੱਟੇ ਵਾਲੇ ਵਾਵਰੋਲੇ ਸੰਗਤਾਂ ਲਈ ਮੁਸ਼ਕਲ ਖੜ੍ਹੀ ਕਰਦੇ ਰਹੇ। ਇਹ ਨਗਰ ਕੀਰਤਨ ਸੰਗਤਾਂ ਲਈ ਪ੍ਰਸ਼ਾਦੇ ਪਾਣੀ ਤੋਂ ਇਲਾਵਾ ਚਾਹ-ਪਕੌੜਿਆਂ, ਜਲੇਬੀਆਂ, ਪੀਜ਼ੇ, ਪੂਰੀ-ਛੋਲਿਆਂ ਤੋਂ ਇਲਾਵਾ ਛੱਲੀਆਂ ਅਤੇ ਗੰਨੇ ਦੇ ਰਸ ਜਿਹੇ ਭੋਜਨ ਪਦਾਰਥਾਂ ਕਰਕੇ ਪ੍ਰਸਿਧ ਹੈ ਪਰ ਇਸ ਵਾਰ ਭੋਜਨ ਪਦਾਰਥਾਂ ਦੇ ਓਨੇ ਸਟਾਲ ਨਜ਼ਰ ਨਹੀਂ ਆਏ। ਗੰਨੇ ਦੇ ਰਸ ਅਤੇ ਭੁੱਜੀਆਂ ਛੱਲੀਆਂ ਦੇ ਸਟਾਲ ਤਾਂ ਕਰੀਬ ਕਰੀਬ ਅਲੋਪ ਹੀ ਸਨ। ਇਹ ਵੀ ਪਤਾ ਲੱਗਾ ਹੈ ਕਿ ਗੁਰੂ ਘਰ ਦੀ ਹਦੂਦ ਅੰਦਰ ਗੰਨੇ ਦੇ ਰਸ ਦਾ ਵੇਲਣਾ ਲਾਉਣ ਬਾਰੇ ਵੀ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਿਚਾਲੇ ਕੁਝ ਤਲਖਕਲਾਮੀ ਹੋਈ ਪਰ ਗੰਨੇ ਦੇ ਰਸ ਦਾ ਇਹ ਸਟਾਲ ਲੱਗਾ ਜ਼ਰੂਰ। ਮੱਕੀ ਦੀ ਰੋਟੀ ਤੇ ਸਾਗ-ਲੱਸੀ ਵਾਲੇ ਸਟਾਲਾਂ ਉਪਰ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ।
ਭਾਂਤ-ਸੁਭਾਂਤੇ ਸੂਟਾਂ ਅਤੇ ਕੰਬਲਾਂ ਦੀ ਵਿਕਰੀ ਐਤਕੀਂ ਵੀ ਖੂਬ ਰਹੀ। ਮਨਿਆਰੀ ਅਤੇ ਗਹਿਣਿਆਂ ਦੇ ਸਟਾਲਾਂ ਉਪਰ ਵੀ ਬੀਬੀਆਂ ਦੀ ਚੋਖੀ ਭੀੜ ਸੀ। ਪਿਛਲੇ ਸਾਲਾਂ ਦੇ ਨਿਸਬਤ ਇਸ ਸਾਲ ਸਿੱਖੀ ਸਾਹਿਤ ਦੇ ਸਟਾਲ ਵਾਧੂ ਸਨ। ਵਰਲਡ ਸਿੱਖ ਫੈਡਰੇਸ਼ਨ ਦੇ ਸਟਾਲ ਉਪਰ ਸਾਰਾ ਦਿਨ ਭੀੜ ਜੁੜੀ ਰਹੀ ਜਿਥੇ ਸਿੱਖ ਸਾਹਿਤ ਦੇ ਨਾਲ ਨਾਲ ਨਵੇਂ ਸਾਲ ਦਾ ਮੂਲ ਨਾਨਕਸ਼ਾਹੀ ਕੈਲੰਡਰ ਵੀ ਮੁਫਤ ਵੰਡਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਕਈ ਡੇਰੇਦਾਰ ਸੰਤ ਬਾਬਿਆਂ ਦੀਆਂ ਪੈਰੋਕਾਰ ਬੀਬੀਆਂ ਵੀ ਤੁਰ-ਫਿਰ ਕੇ ਸੀਡੀਆਂ ਵੰਡ ਰਹੀਆਂ ਸਨ।
ਬੇਸ਼ਕ ਯੂਬਾ ਸਿਟੀ ਦਾ ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੈ ਪ੍ਰੰਤੂ ਗੁਰਦੁਆਰਾ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਦੇ ਹਲੀਮੀ ਦੇ ਸੁਨੇਹੇ ਉਤੇ ਪਹਿਰਾ ਦੇਣ ਦੀ ਥਾਂ ਆਪੋ ਆਪਣੀ ਹਉਮੈ ਵਿਚ ਹੀ ਗ੍ਰਸੇ ਰਹਿੰਦੇ ਹਨ। ਇਸ ਦੀ ਇਕ ਮਿਸਾਲ ਗੁਰਦੁਆਰਾ ਐਲ ਸਬਰਾਂਟੇ ਦੀ ਹੈ ਜਿਥੇ ਪ੍ਰਬੰਧਕੀ ਖਿੱਚੋਤਾਣ ਕਰਕੇ ਨਗਰ ਕੀਰਤਨ ਵਿਚ ਸ਼ਰਧਾਲੂਆਂ ਨੂੰ ਲੈ ਕੇ ਪਹੁੰਚਣ ਵਾਲੀ ਬਸ ਕੈਂਸਲ ਕਰ ਦਿੱਤੀ ਗਈ ਜਿਸ ਕਰਕੇ ਸੰਗਤ ਦੇ ਕਰੀਬ 50 ਮੈਂਬਰ ਯੂਬਾ ਸਿਟੀ ਜਾਣ ਲਈ ਉਡੀਕਦੇ ਰਹਿ ਗਏ। ਵਿਰੋਧੀ ਧੜੇ ਦਾ ਦੋਸ਼ ਹੈ ਕਿ ਅਜਿਹਾ ਅਹੁਦਾ ਛੱਡ ਕੇ ਜਾ ਰਹੇ ਕਮੇਟੀ ਦੇ ਇਕ ਮੈਂਬਰ ਕੁਲਵਿੰਦਰ ਸਿੰਘ ਪੰਨੂ ਵਲੋਂ ਕੀਤਾ ਗਿਆ। ਜਦੋਂ ਮੀਤ ਪ੍ਰਧਾਨ ਮਲਹਾਰ ਸਿੰਘ ਨੇ ਬਸ ਕੰਪਨੀ ਨੂੰ ਫੋਨ ਕੀਤਾ ਤਾਂ ਦੱਸਿਆ ਗਿਆ ਕਿ ਬਸ ਕੁਲਵਿੰਦਰ ਸਿੰਘ ਪੰਨੂ ਨੇ ਕੈਂਸਲ ਕਰ ਦਿੱਤੀ ਹੈ।
_________________
ਸਿੱਖ-ਮੁਸਲਿਮ ਸਬੰਧ ਇਲਾਹੀ ਤੇ ਇਤਿਹਾਸਕ: ਡਾæ ਕਰਾਮਾਤ ਚੀਮਾ
ਯੂਬਾ ਸਿਟੀ (ਬਿਊਰੋ): ਸਿੱਖ-ਮੁਸਲਿਮ ਸਬੰਧ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਬੜੇ ਮਜਬੂਤ ਚਲੇ ਆ ਰਹੇ ਹਨ ਤੇ ਹਰ ਹਾਲਤ ਵਿਚ ਹੋਰ ਮਜਬੂਤ ਹੋਣੇ ਚਾਹੀਦੇ ਹਨ। ਇਹ ਵਿਚਾਰ ਇਥੇ 34ਵੇਂ ਸਾਲਾਨਾ ਨਗਰ ਕੀਰਤਨ ਮੌਕੇ ਸਜੇ ਦੀਵਾਨ ਵਿਚ ਬੋਲਦਿਆਂ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾæ ਇਕਤਦਾਰ ਕਰਾਮਾਤ ਚੀਮਾ ਨੇ ਪ੍ਰਗਟਾਏ।
ਬਰਮਿੰਘਮ ਦੇ ਸਿਟੀ ਕਾਲਜ ਵਿਚ ਅਧਿਆਪਕ ਡਾæ ਚੀਮਾ ਨੇ ਸਿੱਖ ਇਤਿਹਾਸ ਵਿਚੋਂ ਹਵਾਲੇ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫਰੀਦ, ਭਗਤ ਕਬੀਰ, ਭਾਈ ਸਧਨਾ, ਭਾਈ ਭੀਖਣ ਤੇ ਭਾਈ ਮਰਦਾਨਾ ਦੀ ਬਾਣੀ ਦਰਜ ਹੈ ਜਿਸ ਤੋਂ ਜਾਹਰ ਹੈ ਕਿ ਗੁਰੂ ਸ਼ਬਦ ਤੇ ਕੁਰਾਨ ਸ਼ਰੀਫ ਦੇ ਨੂਰਾਨੀ ਹੁਕਮ ਵਿਚ ਕੋਈ ਅੰਤਰ ਨਹੀਂ। ਦੋਵੇਂ ਧਰਮ ਇਕੋ ਰੱਬ ਵਿਚ ਯਕੀਨ ਕਰਦੇ ਹਨ। ਇਲਾਹੀ ਹੁਕਮ ਹੈ, ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥
ਡਾæ ਚੀਮਾ ਨੇ ਮੁਗਲ ਬਾਦਸ਼ਾਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਸ਼ਾਹ ਲੋਕ ਕਦੇ ਵੀ ਸਹੀ ਇਸਲਾਮ ਦੇ ਪ੍ਰਤੀਨਿਧ ਨਹੀਂ ਰਹੇ ਤੇ ਉਨ੍ਹਾਂ ਦਾ ਧਰਮ ਸਦਾ ਹੀ ਬਾਦਸ਼ਾਹੀ ਹੁੰਦਾ ਸੀ। ਬਾਦਸ਼ਾਹੀ ਸਲਾਮਤ ਰੱਖਣ ਲਈ ਉਹ ਕੁਝ ਵੀ ਗਲਤ ਕਰਨਾ ਆਪਣਾ ਹੱਕ ਸਮਝਦੇ ਸਨ। ਇਸੇ ਲਈ ਮੁਗਲ ਬਾਦਸ਼ਾਹਾਂ ਨੇ ਆਪਣੇ ਭਰਾਵਾਂ, ਮਾਪਿਆਂ, ਰਿਸਤੇਦਾਰਾਂ, ਸਕਿਆਂ ਤੇ ਪਾਲਕਾਂ ਦਾ ਕਤਲੇਆਮ ਵੀ ਕੀਤਾ, ਅੱਖਾਂ ਵੀ ਕਢਵਾਈਆਂ ਤੇ ਭੈਣਾਂ ਦੇ ਸੌਦੇ ਕੀਤੇ। ਸਿੱਖ ਧਰਮ ਨਾਲ ਉਨ੍ਹਾਂ ਦੀ ਦੁਸ਼ਮਣੀ ਸੁਆਰਥ ਤੋਂ ਪ੍ਰੇਰਿਤ ਸੀ। ਦੂਜੇ ਪਾਸੇ ਗੁਰੂ ਸਾਹਿਬਾਨ ਨੇ ਕਦੇ ਵੀ ਇਸਲਾਮ ਤੇ ਮੁਸਲਮਾਨਾਂ ਵਿਰੁਧ ਇਕ ਵੀ ਲਫਜ਼ ਗਲਤ ਨਹੀਂ ਉਚਾਰਿਆ। ਉਨ੍ਹਾਂ ਸਿਰਫ ਜ਼ੁਲਮ ਵਿਰੁਧ ਆਵਾਜ਼ ਬੁਲੰਦ ਕੀਤੀ। ਗਨੀ ਖਾਨ, ਨਬੀ ਖਾਨ, ਨਵਾਬ ਮਾਲੇਰਕੋਟਲਾ, ਸਾਂਈ ਮੀਆਂ ਮੀਰ ਅਤੇ ਪੀਰ ਬੁਧੂ ਸ਼ਾਹ ਦੀਆਂ ਮਿਸਾਲਾਂ ਮੌਜੂਦ ਹਨ ਜੋ ਸਾਨੂੰ ਆਪਸੀ ਸਬੰਧਾਂ ਨੂੰ ਮਜ਼ਬੂਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।
ਡਾæ ਚੀਮਾ ਨੇ ਕਿਹਾ ਕਿ ਖਾਲਸਾ ਸਰਬੱਤ ਦੇ ਭਲੇ ਦਾ ਸਿੱਖ ਸਿਧਾਂਤ ਤਦ ਹੀ ਪੂਰੀ ਤਰ੍ਹਾਂ ਲਾਗੂ ਕਰ ਸਕੇਗਾ ਜਦ ਉਸ ਕੋਲ ਆਪਣਾ ਰਾਜ ਭਾਗ ਹੋਵੇਗਾ। ਪਾਕਿਸਤਾਨ ਸਿੱਖਾਂ ਦੀ ਆਪਣੀ ਧਰਤੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਿੱਖਾਂ ਨੂੰ ਉਥੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ-ਮੁਸਲਿਮ ਸਬੰਧ ਹੋਰ ਮਜਬੂਰ ਹੋ ਸਕਣ।

Be the first to comment

Leave a Reply

Your email address will not be published.