ਰਾਹੁਲ ਨੂੰ ਸੰਵਿਧਾਨ `ਚ ਭਰੋਸਾ ਹੁੰਦਾ ਤਾਂ ਸੌਂਪ ਦਿੰਦੇ ਹਲਫ਼ਨਾਮਾ: ਭਾਜਪਾ

ਨਵੀਂ ਦਿੱਲੀ:ਵੋਟ ਚੋਰੀ ਦਾ ਦੋਸ਼ ਲਗਾ ਕੇ ਚੋਣ ਕਮਿਸ਼ਨ ਵਿਰੁੱਧ ਰੋਸ ਮੁਜ਼ਾਹਰਾ ਕਰਨ ਵਾਲੀ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੂੰ ਭਾਰਤੀ ਜਨਤਾ ਪਾਰਟੀ ਨੇ ਲੰਮੇ ਹੱਥੀਂ ਲਿਆ ਹੈ। ਇਸ ਸਬੰਧ ਵਿਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ‘ਤੇ ਗੰਭੀਰ ਦੋਸ਼ ਲਗਾਏ ਹਨ। ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਮੁਲਕ ਵਿਚ ਅਰਾਜਕਤਾ ਤੇ ਅਸ਼ਾਂਤੀ ਫੈਲਾਉਣ ਦੇ ਯਤਨਾਂ ਵਿਚ ਹਨ।

ਉਨ੍ਹਾਂ ਕਿਹਾ ਕਿ ਵੋਟਰ ਸੂਚੀ ਮੁੜ ਸਮੀਖਿਆ (ਐੱਸਆਈਆਰ) ਜਿਹੀ ਨਿਯਮਤ ਪ੍ਰਕਿਰਿਆ ਨੂੰ ਸਿਆਸੀ ਹਥਿਆਰ ਬਣਾ ਕੇ ਵਿਰੋਧੀ ਧਿਰ ਘੁਸਪੈਠੀਆਂ ਦੇ ਪੱਖ ਵਿਚ ਵੋਟ ਬੈਂਕ ਦੀ ਸਿਆਸਤ ਕਰ ਰਹੀ ਹੈ। ਉਥੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਹੁਲ ਗਾਂਧੀ ਇਲਜ਼ਾਮ ਤਾਂ ਲਗਾਉਂਦੇ ਹਨ ਪਰ ਜਦੋਂ ਸਥੂਤ ਮੰਗੇ ਜਾਂਦੇ ਹਨ ਤਾਂ ਉਹ ਭੱਜ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪ੍ਰੇਸ਼ਨ ਸਿੰਧੂਰ ‘ਤੇ ਝੂਠ ਬੋਲਿਆ ਤੇ ਜਦੋਂ ਫ਼ੌਜ ਨੇ ਤੱਥ ਪੇਸ਼ ਕੀਤੇ ਤਾਂ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ। ਈਵੀਐੱਮ ਵਿਰੁੱਧ ਵੀ ਰਾਹੁਲ ਗਾਂਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਤੇ ਹੁਣ ਤੱਕ ਉਹ ਐੱਫਆਈਆਰ ਬਾਰੇ ਝੂਠ ਫੈਲਾ ਰਹੇ ਹਨ। ਕੇਂਦਰੀ ਮੰਤਰੀ ਪ੍ਰਧਾਨ ਨੇ ਆਪਣੀ ਗੱਲ ਰੱਖਦੇ ਹੋਏ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਅੱਜ ਵਿਚਾਰਧਾਰਕ ਦਿਸ਼ਾਹੀਣਤਾ ਦਾ ਪ੍ਰਤੀਕ ਬਣ ਚੁੱਕੇ ਹਨ। ਉਨ੍ਹਾਂ ਦਾ ਅਰਾਜਕਤਾ ਤੇ ਹੰਕਾਰ ਦਾ ਮੇਲ ਹੁਣ ਦੇਸ਼ ਵਿਚ ਅਸਥਿਰਤਾ ਫੈਲਾਉਣ ਦੀ ਰਣਨੀਤੀ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਵੋਟ ਬੈਂਕ ਦੀ ਸਿਆਸਤ ਵਿਚ ਗ਼ਲਤਾਨ ਹੈ ਤੇ ਘੁਸਪੈਠੀਆਂ ਨੂੰ ਵੋਟਰ ਬਣਾ ਕੇ ਆਪਣੀਆਂ ਰਾਜਸੀ ਰੋਟੀਆਂ ਸੇਕਣੀਆਂ ਚਾਹੁੰਦੀ ਹੈ। ਸੋਮਵਾਰ ਨੂੰ ਵਿਰੋਧੀ ਧਿਰ ਦੇ ਪੈਦਲ ਮਾਰਚ ‘ਤੇ ਕੇਂਦਰੀ ਮੰਤਰੀ ਪ੍ਰਧਾਨ ਨੇ ਕਿਹਾ ਕਿ ਇਹ ਲੋਕ ਰੋਸ ਮੁਜ਼ਾਹਰਾ ਨਹੀਂ ਸਗੋਂ ਅਰਾਜਕਤਾ ਫੈਲਾਉਣ ਦੇ ਯਤਨਾਂ ਵਿਚ ਹਨ। ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਕਰਨਾਟਕ ਵਿਚ ਚੋਣ ਕਮਿਸ਼ਨ ਦੇ ਅਧਿਕਾਰੀਆਂ ‘ਤੇ ਸਵਾਲ ਚੁੱਕੇ ਸਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਜੇ ਉਨ੍ਹਾਂ (ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ) ਦੇ ਕੋਲ ਕੋਈ ਪੁਖ਼ਤਾ ਸਬੂ ਹੈ ਤਾਂ ਉਹ ਹਲਫ਼ਨਾਮਾ ਦੇ ਕੇ ਪੇਸ਼ ਕਰਨ।
ਰਾਹੁਲ ਗਾਂਧੀ ਤੇ ਕਾਂਗਰਸ ਨੂੰ ਸੰਵਿਧਾਨ ਉੱਤੇ ਰਤਾ ਵੀ ਭਰੋਸਾ ਹੁੰਦਾ ਤਾਂ ਉਹ ਹਲਫ਼ਨਾਮਾ ਦੇ ਕੇ ਆਪਣੀ ਗੱਲ ਦੇਸ਼ ਦੇ ਅੱਗੇ ਰੱਖਦੇ। ਚੋਣ ਕਮਿਸ਼ਨ ਨੇ 30 ਪ੍ਰਤੀਨਿਧੀਆਂ ਨੂੰ ਮਿਲਣ ਦੀ ਪ੍ਰਵਾਨਗੀ ਦਿੱਤੀ ਸੀ ਸੀ ਪਰ ਵਿਰੋਧੀ ਧਿਰ ਨੇ ਭੀੜ ਇਕੱਠੀ ਕਰ ਕੇ ਫੋਟੋਜ਼ ਖਿਚਵਾਉਣ ਦਾ ਨਾਟਕ ਕੀਤਾ ਹੈ।