ਚੰਡੀਗੜ੍ਹ:ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦਾ ਖੌਫ਼ ਇਨ੍ਹੀਂ ਦਿਨੀਂ ਮਨੋਰੰਜਨ ਜਗਤ ‘ਚ ਲਗਾਤਾਰ ਵਧ ਰਿਹਾ ਹੈ। ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗੀ ਜਾ ਰਹੀ ਹੈ। ਜਿਨ੍ਹਾਂ ਪੰਜਾਬੀ ਕਲਾਕਾਰਾਂ ਦੇ ਘਰਾਂ ਜਾਂ ਦਫ਼ਤਰਾਂ ਦੇ ਬਾਹਰ ਗੋਲ਼ੀਬਾਰੀ ਕੀਤੀ ਗਈ, ਉਨ੍ਹਾਂ ਨੂੰ ਸਲਮਾਨ ਖ਼ਾਨ ਨਾਲ ਕੰਮ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਵਿਚ ਹਿਰਾਸਤ ‘ਚ ਹੈ। ਉਸ ਦੀ ਜ਼ਮਾਨਤ ਲਈ ਲਗਪਗ 40 ਕਰੋੜ ਰੁਪਏ ਦੀ ਲੋੜ ਹੈ। ਇੰਨੀ ਵੱਡੀ ਰਕਮ ਦੀ ਵਸੂਲੀ ਲਈ ਹੀ ਗੋਲ਼ੀਬਾਰੀ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ‘ਚ ਸਥਿਤ ਕੈਪਸ ਕੈਫੇ ‘ਤੇ ਵੀ ਪੈਸੇ ਦੀ ਵਸੂਲੀ ਲਈ ਦੋ ਵਾਰੀ ਗੋਲ਼ੀਆਂ ਚਲਾਈਆਂ ਗਈਆਂ ਸਨ। ਕਪਿਲ ਤੋਂ ਇਲਾਵਾ ਬੀਤੇ ਕਈ ਮਹੀਨਿਆਂ ਤੋਂ ਕੈਨੇਡਾ ਵਿਚ ਰਹਿੰਦੇ ਪੰਜਾਬੀ ਕਲਾਕਾਰਾਂ ਨੂੰ ਵੀ ਗੋਲ਼ੀਆਂ ਚਲਾ ਕੇ ਧਮਕਾਇਆ ਜਾ ਰਿਹਾ ਹੈ। ਹਰ ਵਾਰੀ ਗੋਲੀਆਂ ਚਲਾਉਣ ਤੋਂ ਬਾਅਦ ਲਾਰੈਂਸ ਗਿਰੋਹ ਵੱਲੋਂ ਕਿਹਾ ਗਿਆਕਿ ਗੋਲੀਬਾਰੀ ਇਸ ਲਈ ਕੀਤੀ ਗਈ ਕਿਉਂਕਿ ਇਹ ਲੋਕ ਸਲਮਾਨ ਖ਼ਾਨ ਨਾਲ ਕੰਮ ਕਰ ਰਹੇ ਹਨ ਪਰ ਅਸਲ ਵਿਚ ਇਨ੍ਹਾਂ ਕਲਾਕਾਰਾਂ ਤੇ ਗਾਇਕਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ।
ਅਮਰੀਕੀ ਜੇਲ੍ਹ ‘ਚ ਬੰਦ ਅਨਮੋਲ ਮੁੰਬਈ ਦੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਤੇ ਅਦਾਕਾਰ ਸਲਮਾਨ ਖ਼ਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲ਼ੀਬਾਰੀ ਦੇ ਮਾਮਲੇ ‘ਚ ਲੁੜੀਂਦਾ ਹੈ। ਉਸ ਨੂੰ ਅਮਰੀਕੀ ਪੁਲਿਸ ਨੇ ਫੜਿਆ ਸੀ। ਹੁਣ ਪੈਸਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਲਾਰੈਂਸ ਨੇ ਆਪਣੇ ਗੁਰਗੇ ਹਰੀ ਬਾਕਸਰ ਨੂੰ ਸੌਂਪੀ ਹੈ, ਇਸ ਲਈ ਉਹ ਸਰਗਰਮ ਹੋ ਗਿਆ ਹੈ।
ਕਪਿਲ ਸ਼ਰਮਾ ਨੂੰ ਸਲਮਾਨ ਖ਼ਾਨ ਨਾਲ ਕੰਮ ਕਰਨ ਦੇ ਮਾਮਲੇ ‘ਚ ਧਮਕੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਲਮਾਨ ਨਾਲ ਕੰਮ ਕਰਨ ਦੇ ਮਾਮਲੇ ‘ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗਿਰੋਹ ਦੇ ਰੋਹਿਤ ਗੋਦਾਰਾ ਨੇ ਲਈ ਸੀ। ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਵੀ ਲਾਰੈਂਸ ਗਿਰੋਹ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਵਿਚ ਵੀ ਸਲਮਾਨ ਨਾਲ ਰਿਸ਼ਤੇ ਦਾ ਹਵਾਲਾ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਆਰ. ਨੇਤ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਗਈ। ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਬੰਬੀਹਾ ਗੈਂਗ ਨਾਲ ਰਿਸ਼ਤਾ ਰੱਖਣ ਲਈ ਲਾਰੈਂਸ ਗਿਰੋਹ ਨੇ ਧਮਕੀ ਦਿੱਤੀ। ਪੰਜਾਬੀ ਗਾਇਕ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਰੈਪਰ ਹਨੀ ਸਿੰਘ ਨੂੰ ਵੀ ਧਮਕਾਇਆ ਗਿਆ। 4 ਫਰਵਰੀ 2025 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟਰ ਪ੍ਰਗਟ ਸਿੰਘ ਤੋਂ 30 ਲੱਖ ਦੀ ਫਿਰੌਤੀ ਮੰਗੀ ਗਈ।
