ਅੰਮ੍ਰਿਤਸਰ:ਕਈ ਮਹੀਨਿਆਂ ਤੋਂ ਜ਼ਬਰਦਸਤ ਧੜੇਬੰਦੀ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸੋਮਵਾਰ ਨੂੰ ਇੱਥੇ ਇਜਲਾਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਐਲਾਨ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਇਸ ਦੇ ਨਾਲ ਹੀ ਪੰਥਕ ਕੌਂਸਲ ਵੀ ਬਣਾਈ ਹੈ,
ਜਿਸ ਦੀ ਚੇਅਰਪਰਸਨ ਗੁਰਮਖਿਆਲੀ ਪਰਿਵਾਰ ਨਾਲ ਸਬੰਧਤ ਬੀਬੀ ਸਤਵੰਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਾਲ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਠ ਸਾਲ ਜਥੇਦਾਰ ਵੱਜੋਂ ਸੇਵਾਵਾਂ ਨਿਭਾਈਆਂ ਹਨ। ਮੀਰੀ-ਮੀਰੀ ਦੇ ਸਿਧਾਂਤ ਮੁਤਾਬਕ ਸਿਆਸੀ ਮਾਮਲੇ ਗਿਆਨੀ ਹਰਪ੍ਰੀਤ ਸਿੰਘ ਦੇਖਣਗੇ ਜਦਕਿ ਪੰਥਕ ਮਾਮਲਿਆਂ ਦੀ ਜ਼ਿੰਮੇਵਾਰੀ ਬੀਬੀ ਸਤਵੰਤ ਕੌਰ ‘ਤੇ ਰਹੇਗੀ। ਬਾਗ਼ੀ ਧੜਾ ਆਪਣੀ ਸਿਆਸੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਕਰੇਗਾ।
ਬੁਰਜ ਅਕਾਲੀ ਬਾਬਾ ਫੂਲਾ ਸਿੰਘ ਗੁਰਦੁਆਰਾ ਸਾਹਿਬ ਵਿਚ ਹੋਏ ਇਜਲਾਸ ਲਈ ਸੰਤਾ ਸਿੰਘ ਉਮੈਦਪੁਰੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਜਦਕਿ ਮੰਚ ਸੰਚਾਲਨ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੰਥਕ ਜਮਾਤ ਪੂਰੀ ਤਰ੍ਹਾਂ ਨਾਲ ਸਿਆਸੀ ਪ੍ਰਭਾਵ ਵਿਚ ਆ ਚੁੱਕੀ ਹੈ। ਸੰਗਤ ਦੀ ਵੱਡੀ ਮੰਗ ਸੀ ਕਿ ਧਾਰਮਿਕ ਖੇਤਰ ਨੂੰ ਸਿਆਸੀ ਖੇਤਰ ਤੋਂ ਵੱਖ ਰੱਖਿਆ ਜਾਵੇ। ਬਾਬਾ ਸਰਬਜੋਤ ਸਿੰਘ ਬੇਦੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਲਈ ਤਜਵੀਜ਼ ਕੀਤਾ। ਉਨ੍ਹਾਂ ਦੇ ਨਾਂ ਦੀ ਤਾਈਦ ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕੀਤੀ ਜਦਕਿ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਤਾਈਦ ਮਜੀਦ ਕੀਤੀ।
ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਥਕ ਕੌਂਸਲ ਦੀ ਚੇਅਰਪਰਸਨ ਦੇ ਰੂਪ ਵਿਚ ਬੀਬੀ ਸਤਵੰਤ ਕੌਰ ਦਾ ਨਾਂ ਤਜਵੀਜ਼ ਕੀਤਾ, ਜਿਸ ਨੂੰ ਹਾਜ਼ਰ ਡੈਲੀਗੇਟਸ ਨੇ ਜੈਕਾਰਿਆਂ ਦੀ ਗੂੰਜ ਵਿਚ ਮਨਜ਼ੂਰੀ ਦਿੱਤੀ। ਚੋਣ ਅਧਿਕਾਰੀ ਸੰਤਾ ਸਿੰਘ ਉਮੈਦਪੁਰੀ ਨੇ ਹਾਜ਼ਰ ਸਾਰੇ ਡੈਲੀਗੇਟਸ ਤੋਂ ਹੋਰ ਨਾਵਾਂ ਦੀ ਤਜਵੀਜ਼ ਮੰਗੀ ਪਰ ਕੋਈ ਹੋਰ ਉਮੀਦਵਾਰ ਸਾਹਮਣੇ ਨਾ ਆਉਣ ‘ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨ ਦਿੱਤਾ ਗਿਆ।
ਭਾਜਪਾ ਦੇ ਕਾਰਨ ਅਕਾਲੀ ਦਲ ਐੱਸ.ਜੀ.ਪੀ.ਸੀ. `ਤੇ ਕਾਬਜ਼: ਗਿਆਨੀ ਹਰਪ੍ਰੀਤ ਸਿੰਘ
ਬਾਗ਼ੀ ਧੜੇ ਵੱਲੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਚੋਣਾਂ ਨਹੀਂ ਲੜਨਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪਾਰਟੀ ਦੇ ਆਈ.ਟੀ. ਵਿੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਮੇਰੀ ਕਿਰਦਾਰਕੁਸ਼ੀ ਕਰਨਾ ਹੈ। ਜੇਕਰ ਮੇਰੇ ਕਿਸੇ ਵੀ ਕਾਰਕੁੰਨ ਜਾਂ ਨੇਤਾ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਅਜਿਹੇ ਲੋਕਾਂ ਨੂੰ ਨੰਗਾ ਕਰ ਦੇਵਾਂਗਾ। ਮੇਰੇ ਕੋਲ ਸੁਖਬੀਰ ਦੀਆਂ ਜਾਇਦਾਦਾਂ ਦੀਆਂ ਲੰਬੀਆਂ-ਲੰਬੀਆਂ ਸੂਚੀਆਂ ਹਨ। ਪਹਿਲਾਂ ਮੈਂ ਇਕੱਲਾ ਸੀ, ਹੁਣ ਪੰਥ ਤੇ 15 ਲੱਖ ਲੋਕ ਮੇਰੇ ਨਾਲ ਹਨ। ਇਹ ਲੋਕ ਜਿੰਨਾ ਵੀ ਚਿੱਕੜ ਸੁੱਟ ਲੈਣ, ਅਸੀਂ ਪੰਥਕ ਮੁੱਦਿਆਂ ਦੀ ਹੀ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਜਥੇਦਾਰ ਦੇ ਰੂਪ ਵਿਚ ਸੇਵਾ ਕਰ ਰਿਹਾ ਸੀ ਪਰ ਉਨ੍ਹਾਂ ਮੇਰੀ ਸੇਵਾ ਖੋਹ ਲਈ। ਹੁਣ ਪੰਥ ਨੇ ਮੈਨੂੰ ਉਨ੍ਹਾਂ ਦੇ ਸਿਰ ‘ਤੇ ਬਿਠਾ ਦਿੱਤਾ ਹੈ। ਉਹ ਕਹਿੰਦੇ ਸਨ ਕਿ ਮੈਂ ਸਿਰਫ਼ ਗ੍ਰੰਥੀ ਹਾਂ, ਸਿਆਸਤ ਨਹੀਂ ਜਾਣਦਾ ਪਰ ਹੁਣ ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਸਿਆਸਤ ਕਿਵੇਂ ਕੀਤੀ ਜਾਂਦੀ ਹੈ। ਐੱਸ.ਜੀ.ਪੀ.ਸੀ. ਦੀਆਂ ਚੋਣਾਂ ਨਾ ਹੋਣ ‘ਤੇ ਜਥੇਦਾਰ ਨੇ ਕਿਹਾ ਕਿ ਵਰਤਮਾਨ ਵਿਚ ਕਾਬਜ਼ ਧੜੇ ਨੂੰ ਲਾਭ ਹੋ ਰਿਹਾ ਹੈ ਅਤੇ ਕੇਂਦਰ ਦੀ ਸੱਤਾਧਾਰੀ ਭਾਜਪਾ ਨਾਲ ਮਿਲ ਕੇ ਇਹ ਲਾਭ ਚੁੱਕਿਆ ਜਾ ਰਿਹਾ ਹੈ।
ਜਲਦ ਹੀ ਜਥੇਬੰਦਕ
ਢਾਂਚਾ ਕਾਇਮ ਕੀਤਾ ਜਾਵੇਗਾ : ਵਡਾਲਾ
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜੋ ਹੁਕਮਨਾਮੇ ਹੋਏ ਸਨ, ਉਸ ਦੇ ਮੁਤਾਬਿਕ ਪੰਜ ਮੈਂਬਰੀ ਕਮੇਟੀ ਨੇ ਲੱਗੀ ਸੇਵਾ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਦਲ ਦਾ ਜਥੇਬੰਦਕ ਢਾਂਚਾ ਕਾਇਮ ਕੀਤਾ ਜਾਵੇਗਾ ਤੇ ਦਲ ਦੀ ਮੈਂਬਰਸ਼ਿਪ ਭਰਤੀ ਜਾਰੀ ਰਹੇਗੀ।
ਚੁਣੌਤੀਆਂ ਦੇ ਹੱਲ ਲਈ ਪੰਥਕ ਪਿੱਚ ਤਿਆਰ
ਹੋਈ: ਚੰਦੂਮਾਜਰਾ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਸਿੱਖ ਪੰਥ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਪੰਥਕ ਪਿੱਚ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਕਿਰਤੀ ਤੇ ਸਧਾਰਨ ਸਿੱਖ ਪਰਿਵਾਰ ਨਾਲ ਸੰਬੰਧਿਤ ਸ਼ਖ਼ਸੀਅਤ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਏ ਜਾਣ ਨੇ ਇਤਿਹਾਸ ਸਿਰਜਦਿਆਂ ਇਹ ਮਿੱਥ ਵੀ ਤੋੜ ਦਿੱਤੀ ਹੈ ਕਿ ਅਕਾਲੀ ਦਲ ‘ਜੱਟਾਂ ਦੀ ਪਾਰਟੀ ਹੈ।
ਅੱਜ ਦੇ ਦਿਨ ਦਾ ਇਤਿਹਾਸ ਪੜਚੋਲਿਆ ਜਾਵੇਗਾ:
ਬੀਬੀ ਸਤਵੰਤ ਕੌਰ
ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਕੌਂਸਲ ਦੀ ਨਵ-ਨਿਯੁਕਤ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਅੱਜ ਰੌਲਾ ਕੋਈ ਅਹੁਦਿਆਂ ਜਾਂ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ, ਅੱਜ ਗੱਲ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਹੈ। ਸਿੱਖਾਂ ‘ਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸਯੋਗਤਾ ਗਵਾਚ ਗਈ ਉਸ ਦੀ ਪੁਨਰ ਸੁਰਜੀਤੀ ਦੀ ਵੀ ਵੱਡੇ ਪੱਧਰ ‘ਤੇ ਲੋੜ ਹੈ। ਉਨਾਂ ਕਿਹਾ ਕਿ ਬਿਨਾਂ ਸ਼ੱਕ ਕਿ ਭਾਰਤ ਦੇਸ਼ ‘ਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇਥੋਂ ਦੇ ਹਿੰਦੂਆਂ, ਦੰਗ ਇਸਾਈਆਂ, ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ, ਕਿਉਂਕਿ ਭਾਰਤ ਲੋਕਤੰਤਰ ਦੇਸ਼ ਹੈ।
ਇਥੇ ਵਸਣ ਵਾਲੀਆਂ ਹੋਰਨਾਂ ਕੌਮਾਂ ਵਾਂਗ ਸਿੱਖ ਵੀ ਇਕ ਵਿਲੱਖਣ ਸਵਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗ ਦਰਸ਼ਕ ਨਿਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸੁਮੇਲ ਰੱਖਣ ਦੀ ਇਕ ਜਾਗਦੀ ਜਮੀਰ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 100 ਸਾਲਾਂ ਬਾਅਦ ਵੀ ਅੱਜ ਦੇ ਦਿਨ ਦਾ ਇਤਿਹਾਸ ਪੜਚੋਲਿਆ ਜਾਵੇਗਾ।
ਪੰਥਕ ਏਕਤਾ ਲਈ ਯਤਨ ਕੀਤੇ ਜਾਣਗੇ: ਇਯਾਲੀ
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਸੇਵਾ ਲੱਗੀ ਸੀ ਉਸ ਸੇਵਾ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਕਈ ਕਠਿਨਾਈਆਂ ਅਤੇ ਚੁਣੌਤੀਆਂ ਵੀ ਆਈਆਂ। ਸੇਵਾ ਨਿਭਾਉਂਦੇ ਹੋਏ ਕਿਰਦਾਰਕੁਸ਼ੀ ਵੀ ਹੋਈ ਪਰ ਜਦੋਂ ਗੁਰੂ ਦੇ ਸਿਧਾਂਤ ਅਨੁਸਾਰ ਕੋਈ ਹੁਕਮ ਹੋਵੇ ਤਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਉਸ ਨੂੰ ਸਿਰੇ ਲਗਾਉਣਾ। ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੋ ਸਾਡੀ ਪ੍ਰੀਖਿਆ ਸੀ ਉਸ ‘ਚੋਂ ਪਾਸ ਹੋਏ। ਉਨ੍ਹਾਂ ਕਿਹਾ ਕਿ ਹੁਣ ਅਗਲਾ ਕੰਮ ਪੰਥਕ ਏਕਤਾ ਦਾ ਯਤਨ ਕਰਨਾ ਹੈ, ਇਸ ਦੇ ਲਈ ਉਹ ਨਿਸ਼ਕਾਮ ਸੇਵਾ ਕਰਨਗੇ।
15 ਲੱਖ ਦੇ ਕਰੀਬ ਭਰਤੀ ਕੀਤੀ: ਭਾਈ ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਦੇ ਡੈਲੀਗੇਟ ਇਜਲਾਸ ਨੂੰ ਲੈ ਕੇ ਸਮੂਹ ਪੰਜਾਬੀਆਂ ‘ਚ ਭਾਰੀ ਉਤਸ਼ਾਹ ਪਾਇਆ ਗਿਆ ਹੈ ਅਤੇ ਸਭ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ, 2024 ਨੂੰ ਹੋਏ ਆਦੇਸ਼ਾਂ ਅਨੁਸਾਰ 15 ਲੱਖ ਦੇ ਕਰੀਬ ਭਰਤੀ ਕੀਤੀ ਗਈ ਹੈ, ਹੁਣ ਪੰਥਕ ਏਕਤਾ ਲਈ ਜ਼ੋਰ ਲਗਾਇਆ ਜਾਵੇਗਾ।
ਇਜਲਾਸ `ਚ ਪੁੱਜੀਆਂ ਸ਼ਖ਼ਸੀਅਤਾਂ
ਇਜਲਾਸ ਵਿਚ ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਪ੍ਰੋ: ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਕਿਰਨਜੋਤ ਕੌਰ, ਚਰਨਜੀਤ ਸਿੰਘ ਬਰਾੜ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਭਾਈ ਮਨਜੀਤ ਸਿੰਘ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਹਰਿਸਿਮਰਨ ਸਿੰਘ, ਮੱਖਣ ਸਿੰਘ ਬਰਾੜ, ਕਰਨੈਲ ਸਿੰਘ ਪੰਜੋਲੀ, ਜਸਵੰਤ ਸਿੰਘ ਪੁੜੈਣ, ਸੁਖਦੇਵ ਸਿੰਘ ਚੱਕ, ਅਮਰਜੀਤ ਸਿੰਘ ਮੁੱਲਾਂਪੁਰ, ਹਰਬੰਸ ਸਿੰਘ ਮੰਝਪੁਰ, ਰਘਬੀਰ ਸਿੰਘ ਰਾਜਾਸਾਂਸੀ, ਪ੍ਰੋ: 1 ਬਲਵਿੰਦਰ ਸਿੰਘ ਜੌੜਾਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਕੰਵਰ ਚੜ੍ਹਤ ਸਿੰਘ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਪਰਮਿੰਦਰ ਸਿੰਘ ਪੰਨੂੰ, ਮਾਸਟਰ ਕੁਲਵਿੰਦਰ ਸਿੰਘ ਜੰਡ, ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਗਿਆਨੀ ਅਮਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ । ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਭਾਈ । ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਜਥੇ ਨੇ ਸ਼ਬਦ ਕੀਰਤਨ ਕੀਤਾ।
