ਮੋਗਾ: ਇੱਥੇ ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਆਦਿਵਾਸੀਆਂ ਤੇ ਉਨ੍ਹਾਂ ਦੇ ਹਿਤਾਂ ਲਈ ਸੰਘਰਸ਼ ਕਰ ਰਹੇ ਅੰਦੋਲਨਾਂ ਦੇ ਕਰੂਰ ਕਤਲੇਆਮ ਵਿਰੁੱਧ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕਰ ਕੇ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ ‘ਚ ‘ਅਪਰੇਸ਼ਨ ਕਗਾਰ’ ਸਮੇਤ ਹਰ ਤਰ੍ਹਾਂ ਦੇ ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ,
ਝੂਠੇ ਪੁਲਿਸ ਮੁਕਾਬਲਿਆਂ ਸਮੇਤ ਹਰ ਤਰ੍ਹਾਂ ਦੇ ਜਬਰ-ਜ਼ੁਲਮ ਫੌਰੀ ਰੋਕੇ ਜਾਣ, ਉੱਥੋਂ ਸਾਰੇ ਪੁਲਿਸ ਕੈਂਪ ਹਟਾਏ ਜਾਣ ਅਤੇ ਪੁਲਿਸ ਤੇ ਅਰਧ ਸੈਨਿਕ ਬਲ ਵਾਪਸ ਬੁਲਾਏ ਜਾਣ, ਜਲ਼-ਜੰਗਲ-ਜ਼ਮੀਨ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ ਅਤੇ ਲੋਕ ਵਿਰੋਧੀ ਆਰਥਕ ਮਾਡਲ ਰੱਦ ਕੀਤਾ ਜਾਵੇ, ਆਦਿਵਾਸੀਆਂ ਦੇ ਟਾਕਰੇ ਖ਼ਿਲਾਫ਼ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਬੰਬਾਰੀ ਬੰਦ ਕੀਤੀ, ਯੂਏਪੀਏ, ਅਫਸਪਾ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਗ੍ਰਿਫ਼ਤਾਰ ਕੀਤੇ ਗਏ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ, ਲੋਕ ਜਥੇਬੰਦੀਆਂ ਅਤੇ ਸੰਘਰਸ਼ਾਂ ’ਤੇ ਲਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ।
ਇਸ ਤੋਂ ਪਹਿਲਾਂ ਦਾਣਾ ਮੰਡੀ ਵਿਚ ਰੈਲੀ ਵਿਚ ਜੁੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਤਰਕਸ਼ੀਲਾਂ, ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ, ਲੋਕਪੱਖੀ ਲੇਖਕਾਂ, ਸਾਹਿਤਕਾਰਾਂ, ਕਲਾਕਾਰ-ਰੰਗਕਰਮੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਡਾ. ਪਰਮਿੰਦਰ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ, ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ, ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਜੀਰਾ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਕਰਨ ਸਿੰਘ ਨੇ ਕਿਹਾ ਕਿ ਭਾਰਤੀ ਹੁਕਮਰਾਨਾਂ ਵੱਲੋਂ ਬਸਤਰ ਅਤੇ ਹੋਰ ਆਦਿਵਾਸੀ ਖੇਤਰਾਂ ਵਿਚ ਲੱਖਾਂ ਦੀ ਗਿਣਤੀ ’ਚ ਅਰਧ-ਸੈਨਿਕ ਤਾਕਤਾਂ ਝੋਕ ਕੇ ਚਲਾਏ ਜਾ ਰਹੇ ਖ਼ੂਨੀ ਅਪਰੇਸ਼ਨਾਂ ਦਾ ਇੱਕੋ-ਇਕ ਮਨੋਰਥ ਦੇਸ਼ ਦੇ ਜਲ-ਜੰਗਲ-ਜ਼ਮੀਨਾਂ ਤੇ ਖਣਿਜ ਭੰਡਾਰ ਵਿਦੇਸ਼ੀ ਤੇ ਦੇਸੀ ਇਜਾਰੇਦਾਰ ਸਰਮਾਏਦਾਰਾਂ ਨੂੰ ਲੁਟਾਉਣਾ ਹੈ। ਸਾਰੇ ਜਮਹੂਰੀ ਤੇ ਮਨੁੱਖੀ ਤਕਾਜ਼ਿਆਂ ਨੂੰ ਤਿਆਗ ਕੇ ਡਰੋਨਾਂ, ਹੈਲੀਕਾਪਟਰਾਂ ਰਾਹੀਂ ਬੰਬਾਰੀ ਤੋਂ ਸਪਸ਼ਟ ਹੈ ਕਿ ਆਦਿਵਾਸੀ ਲੋਕਾਂ ਤੇ ਹੋਰ ਸੰਘਰਸ਼ਸ਼ੀਲ ਤਾਕਤਾਂ ਦਾ ਬਦਰੇਗ ਕਤਲੇਆਮ ਕਰਕੇ ਮੋਦੀ ਸਰਕਾਰ ਇਹ ਜੰਗਲ ਖਾਲੀ ਕਰਾ ਕੇ ਅਜਾਰੇਦਾਰ ਸਰਮਾਏਦਾਰਾਂ ਦੇ ਧਾੜਵੀ ਖਣਨ ਪ੍ਰੋਜੈਕਟਾਂ ਦੇ ਹਵਾਲੇ ਕਰਨ ’ਤੇ ਤੁਲੀ ਹੋਈ ਹੈ। ਇਸੇ ਦੇ ਹਿੱਸੇ ਵਜੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਜਾਬਰ ਹੱਲੇ ਦਾ ਵਾਜਬ ਵਿਰੋਧ ਕਰਨ ਵਾਲੇ ਲੋਕਪੱਖੀ ਲੇਖਕਾਂ, ਵਿਦਵਾਨਾਂ ਅਤੇ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ ਅਤੇ ਆਦਿਵਾਸੀਆਂ ਤੇ ਮਾਓਵਾਦੀਆਂ ਨੂੰ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ। ਵੱਡੇ ਕਾਰਪੋਰੇਟਾਂ ਦੀ ਲਾਲਚੀ ਅੱਖ ਪੂਰੇ ਦੇਸ਼ ਦੇ ਖੇਤੀ ਅਤੇ ਖਣਿਜ ਭੰਡਾਰਾਂ ਉੱਪਰ ਹੈ ਅਤੇ ਜੇਕਰ ਭਾਰਤ ਦੇ ਮਿਹਨਤਕਸ਼ ਲੋਕ ਜਾਗਰੂਕ ਹੋ ਕੇ ਇਸ ਹਮਲੇ ਨੂੰ ਠੱਲ੍ਹ ਨਹੀਂ ਪਾਉਂਦੇ ਤਾਂ ਦੇਰ-ਸਵੇਰ ਸਾਰੇ ਸੂਬਿਆਂ ਦੇ ਲੋਕ ਇਸ ਖ਼ੂਨੀ ਹਮਲੇ ਦਾ ਨਿਸ਼ਾਨਾ ਬਣਨਗੇ। ਆਦਿਵਾਸੀ ਖੇਤਰਾਂ ਵਿਚ ਫਾਸ਼ੀ ਕਹਿਰ ਢਾਹੁਣ ਦਾ ਇਹ ਸਿਲਸਿਲਾ ਪੰਜਾਬ ਅੰਦਰ ਵੀ ਇਸੇ ਕਾਰਪੋਰੇਟ ਜਗਤ ਦੀ ਸੇਵਾ ਲਈ ਸੰਘਰਸ਼ਸ਼ੀਲ ਤਾਕਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਇੱਥੇ ਵੀ ਲੋਕ ਸੰਘਰਸ਼ਾਂ ਦੇ ਅੱਗੇ ਵਧਣ ਨਾਲ ਜਮਹੂਰੀ ਹੱਕਾਂ ਦੇ ਘਾਣ ਅਤੇ ਹਕੂਮਤੀ ਪਾਬੰਦੀਆਂ ਨੇ ਹੋਰ ਤਿੱਖੇ ਜਬਰ ਦਾ ਰੂਪ ਧਾਰਨ ਕਰਨਾ ਹੈ। ਇਸ ਲਈ ਸੰਸਾਰ ਕਾਰਪੋਰੇਟ ਜਗਤ ਦੇ ਹਿਤਾਂ ਲਈ ਬੋਲੇ ਇਸ ਹੱਲੇ ਵਿਰੁੱਧ ਸਾਂਝੀ ਲੜਾਈ ਲੜਨ ਦੀ ਲੋੜ ਹੈ ਅਤੇ ਇਹ ਸਾਂਝੀ ਰੈਲੀ ਇਸ ਦਿਸ਼ਾ ’ਚ ਇਕ ਇਤਿਹਾਸਕ ਹੰਭਲਾ ਹੈ। ਰੈਲੀ ਵਿਚ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ, ਆਟੋ ਰਿਕਸ਼ਾ ਯੂਨੀਅਨ ਮੋਗਾ ਅਤੇ ਹੋਰ ਜਥੇਬੰਦੀਆਂ ਦੇ ਸਾਥੀ ਵੀ ਕਾਫਲੇ ਦੇ ਰੂਪ ’ਚ ਸ਼ਾਮਿਲ ਹੋਏ।
ਇਕੱਠ ਵਿਚ ਲੇਖਕ, ਅਨੁਵਾਦਕ ਅਤੇ ਜਮਹੂਰੀ ਕਾਰਕੁਨ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ ਗਈ। ਮਤਿਆਂ ਵਿਚ ਮੰਗ ਕੀਤੀ ਗਈ ਕਿ ਆਦਿਵਾਸੀ ਇਲਾਕਿਆਂ ਵਿਚ ਅਪਰੇਸ਼ਨ ਕਗਾਰ ਅਤੇ ਹੋਰ ਨੀਮ-ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ, ਆਦਿਵਾਸੀਆਂ ਅਤੇ ਮਾਓਵਾਦੀਆਂ ਦਾ ਕਤਲੇਆਮ ਬੰਦ ਕੀਤਾ ਜਾਵੇ ਅਤੇ ਲੋਕ ਵਿਰੋਧੀ ਆਰਥਕ ਨੀਤੀਆਂ ਰੱਦ ਕੀਤੀਆਂ ਜਾਣ। ਇਕ ਵਿਸ਼ੇਸ਼ ਮਤੇ ਦੁਆਰਾ ਗਾਜ਼ਾ ਵਿਚ ਫ਼ਲਸਤੀਨੀ ਲੋਕਾਂ ਦਾ ਕਤਲੇਆਮ ਬੰਦ ਕਰਨ ਦੀ ਮੰਗ ਕੀਤੀ ਗਈ ਅਤੇ ਫ਼ਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟਾਈ ਗਈ। ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਅਤੇ ਜਮਹੂਰੀ ਕਾਰਕੁਨ ਡਾ. ਨਵਸ਼ਰਨ ਵੱਲੋਂ ਰੈਲੀ ਨਾਲ ਇਕਮੁੱਠਤਾ ਦਾ ਸੰਦੇਸ਼ ਪੜ੍ਹਿਆ ਗਿਆ। ਉਨ੍ਹਾਂ ਸਤੰਬਰ ਵਿਚ ਅੰਮ੍ਰਿਤਸਰ ਵਿਖੇ ਗੁਰਸ਼ਰਨ ਸਿੰਘ ਜੀ ਦਾ ਮਨਾਇਆ ਜਾ ਰਿਹਾ ਜਨਮ ਦਿਹਾੜਾ ਆਦਿਵਾਸੀ ਸੰਘਰਸ਼ ਨੂੰ ਸਮਰਪਿਤ ਕਰਨ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਲਸ ਮੰਚ ਦੇ ਜਗਸੀਰ ਜੀਦਾ ਸਮੇਤ ਕਿੰਨੇ ਹੀ ਗਾਇਕਾਂ ਵੱਲੋਂ ਗੀਤ ਪੇਸ਼ ਕੀਤੇ ਗਏ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਜਗਤਾਰ ਕਾਲਾਝਾੜ ਨੇ ਕੀਤਾ।
