ਦੇਸ਼ ਭਗਤੀ ਦੇ ਜਜ਼ਬੇ ਨਾਲ ਸਰਾਬੋਰ ਹੈ ਬਾਲੀਵੁੱਡ

ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਮੋ.97816-46008
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਹਿਤ ਆਪਣਾ ਤਨ, ਮਨ,ਧਨ ਵਾਰ ਦੇਣ ਵਾਲੇ ਸਮੂਹ ਸਿਰਲੱਥ ਸੂਰਮਿਆਂ ਨੂੰ ਅੱਜ ਦੇ ਦਿਨ ਸਿਜਦਾ ਕਰਨਾ ਤੇ ਉਨ੍ਹਾ ਦੀਆਂ ਕੁਰਬਾਨੀਆਂ ਪ੍ਰਤੀ ਆਪਣੀ ਅਕੀਦਤ ਦਾ ਇਜ਼ਹਾਰ ਕਰਨਾ ਹਰੇਕ ਭਾਰਤੀ ਦਾ ਫ਼ਰਜ਼ ਬਣਦਾ ਹੈ।

ਬਾਲੀਵੁੱਡ ਨੇ ਸੱਚੇ ਤੇ ਨਿਡਰ ਦੇਸ਼ ਭਗਤਾਂ ਅਤੇ ਦੇਸ਼ ਦੇ ਰਾਖਿਆਂ ਦੇ ਜਜ਼ਬੇ ਨੂੰ ਸਦਾ ਹੀ ਸਲਾਮ ਕੀਤਾ ਹੈ।ਇਸਦੇ ਨਾਲ ਹੀ ਧਰਮ,ਜ਼ਾਤ,ਭਾਸ਼ਾ ਅਤੇ ਸੱਭਿਆਚਾਰ ਪੱਖੋਂ ਵਿਭਿੰਨਤਾ ਭਾਵ ਵੱਖਰਤਾ ਰੱਖਣ ਦੇ ਬਾਵਜੂਦ ‘ਅਨੇਕਤਾ ਵਿਚ ਏਕਤਾ` ਦੇ ਸੰਕਲਪ ਨੂੰ ਸਾਕਾਰ ਕਰਨ ਲਈ ਵੀ ਬਾਲੀਵੁੱਡ ਦੇ ਫ਼ਨਕਾਰਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਭਾਰਤ ਦੀ ਆਜ਼ਾਦੀ ਤੋਂ ਬਹੁਤ ਪਹਿਲਾਂ ਹੀ ਭਾਰਤੀ ਸਿਨੇਮਾ ਨੇ ਭਾਰਤੀਆਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਰਤਾਨਵੀ ਰਾਜ ਦੇ ਸਮੇਂ ‘ਬੰਬੇ ਟਾਕੀਜ਼`,‘ਪ੍ਰਭਾਤ ਥੀਏਟਰਜ਼` ਅਤੇ ‘ਨਿਊ ਥੀਏਟਰਜ਼` ਆਦਿ ਫ਼ਿਲਮ ਨਿਰਮਾਣ ਦੀਆਂ ਸੰਸਥਾਵਾਂ ਨੇ ਲੋਕਾਂ ਦੇ ਮਨਾਂ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਜਜ਼ਬੇ ਦੀ ਚਿਣਗ ਬਾਲਣੀ ਸ਼ੁਰੂ ਕਰ ਦਿੱਤੀ ਸੀ।ਸੰਨ 1943 ਵਿਚ ‘ਬੰਬੇ ਟਾਕੀਜ਼` ਵੱਲੋਂ ਬਣਾਈ ਗਈ ਫ਼ਿਲਮ ‘ਕਿਸਮਤ` ਨੇ ਤਾਂ ਬੜੀ ਹੀ ਬੇਬਾਕੀ ਨਾਲ ‘ਭਾਰਤ ਛੱਡੋ ਅੰਦੋਲਨ` ਦੀ ਮੂਲ ਭਾਵਨਾ ਦਾ ਪ੍ਰਗਟਾਵਾ ਕਰ ਦਿੱਤਾ ਸੀ।ਇਸ ਫ਼ਿਲਮ ਦਾ ਗੀਤ ‘‘ਦੂਰ ਹਟੋ ਐ ਦੁਨੀਆਂ ਵਾਲੋ,ਹਿੰਦੁਸਤਾਨ ਹਮਾਰਾ ਹੈ“ ਜੋ ਕਿ ਗੀਤਕਾਰ ਪ੍ਰਦੀਪ ਨੇ ਲਿਖ਼ਿਆ ਸੀ ਤੇ ਅਦਾਕਾਰ ਅਸ਼ੋਕ ਕੁਮਾਰ `ਤੇ ਫ਼ਿਲਮਾਇਆ ਗਿਆ ਸੀ,ਬਰਤਾਨਵੀ ਰਾਜ ਦੇ ਖ਼ਿਲਾਫ਼ ਰਾਸ਼ਟਰ ਗਾਨ ਬਣ ਕੇ ਉੰਭਰਿਆ ਸੀ।ਅੰਗਰੇਜ਼ ਸਰਕਾਰ ਇਸ ਗੀਤ ਦੀ ਬੁਲੰਦੀ ਤੋਂ ਐਨਾ ਡਰ ਗਈ ਸੀ ਕਿ ਉਨ੍ਹਾ ਨੇ ਇਸ ਫ਼ਿਲਮ `ਤੇ ਹੀ ਪਾਬੰਦੀ ਲਗਾਉਣ ਦਾ ਹੁਕਮ ਦੇ ਦਿੱਤਾ ਸੀ ਪਰ ਇਸਦੇ ਬਾਵਜੂਦ ਵੀ ਇਹ ਫ਼ਿਲਮ ਬਾਕਸ ਆਫ਼ਿਸ `ਤੇ ਸੁਪਰਹਿਟ ਰਹੀ ਸੀ।
ਬਰਤਾਨਵੀ ਸਰਕਗਾਰ ਦੁਆਰਾ ਬਣਾਏ ਗਏ ‘ਸਿਨਮੈਟੋਗ੍ਰਾਫ਼ਰ ਐਕਟ 1918` ਅਧੀਨ ਕਈ ਸਾਰੀਆਂ ਭਾਰਤੀ ਫ਼ਿਲਮਾਂ `ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਾਲੀਵੁੱਡ ਦੀਆਂ ‘ਕੋਹਿਨੂਰ`(1921),‘ਵੰਦੇ ਮਾਤਰਮ` (1935),‘ਸਵਰਾਜ ਤੋਰਣ`(1936),‘ਸੇਵਾ ਸਦਨ`(1937),‘ਅਪਨਾ ਘਰ` ਅਤੇ ‘ਆਜ਼ਾਦ ਹਿੰਦ ਕੇਸਰੀ` ਆਦਿ ਫ਼ਿਲਮਾਂ,ਉਹ ਫ਼ਿਲਮਾਂ ਸਨ ਜਿਨ੍ਹਾ ਨੇ ਭਾਰਤੀਆਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਬੜੇ ਹੀ ਜੋਸ਼ੀਲੇ ਅੰਦਾਜ਼ ਵਿਚ ਕੀਤਾ ਸੀ।ਫ਼ਿਲਮਕਾਰ ਹਿਮਾਂਸ਼ੂ ਰਾਏ ਵੱਲੋਂ ਬੰਗਾਲੀ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਦੀ ਅਮਰ ਰਚਨਾ ‘ਅਨੰਦ ਮੱਠ` ਨੂੰ ਆਧਾਰ ਬਣਾ ਕੇ ਬਣਾਈ ਗਈ ਇਸ ਫ਼ਿਲਮ ਵਿਚਲੇ ਗੀਤ ‘‘ ਵੰਦੇ ਮਾਤਰਮ“ ਦੀ ਗੂੰਜ ਤਾਂ ਹਰੇਕ ਭਾਰਤੀ ਦੇ ਦਿਲ ਵਿੱਚੋਂ ਉੱਠੀ ਵਿਖਾਈ ਦਿੱਤੀ ਸੀ।ਸੋਹਰਾਬ ਮੋਦੀ,ਬਾਲੀਵੁੱਡ ਦਾ ਉਹ ਸੂਝਵਾਨ ਫ਼ਿਲਮਕਾਰ ਸੀ ਜਿਸਨੇ ਆਪਣੀਆਂ ਫ਼ਿਲਮਾਂ ਰਾਹੀਂ ਭਾਰਤ ਦੇ ਸ਼ਾਨਦਾਰ ਇਤਿਹਾਸ ਦੀ ਪੇਸ਼ਕਾਰੀ ਸਦਕਾ ਦੇਸ਼ਵਾਸੀਆਂ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ। ਉਸਨੇ ‘ਝਾਂਸੀ ਕੀ ਰਾਨੀ`,‘ਸਿਕੰਦਰ`,ਪ੍ਰਿਥਵੀ ਵੱਲਭ` ਆਦਿ ਜਿਹੀਆਂ ਕਈ ਹੋਰ ਫ਼ਿਲਮਾਂ ਰਾਹੀਂ ਇਕ ਦੇਸ਼ ਭਗਤ ਫ਼ਿਲਮਕਾਰ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਸੀ।ਇਸੇ ਤਰ੍ਹਾਂ ਹੀ ਉੱਘੇ ਫ਼ਿਲਮਕਾਰ ਮਹਿਬੂਬ ਖ਼ਾਨ ਨੇ ਸੰਨ 1942 ਵਿਚ ਬਣੀ ਆਪਣੀ ਫ਼ਿਲਮ ‘ਰੋਟੀ` ਰਾਹੀਂ ਬਰਤਾਨੀਆ ਸਰਕਾਰ ਵਿਰੋਧੀ ਵਿਚਾਰਾਂ ਨੂੰ ਪੂਰੀ ਹਵਾ ਦਿੱਤੀ ਸੀ ਜਿਸਦਾ ਸਿੱਟਾ ਇਹ ਨਿੱਕਲਿਆ ਸੀ ਕਿ ਕੁਝ ਅਜਿਹੇ ਹੀ ਵਿਚਾਰਾਂ ਤੇ ਜਜ਼ਬਾਤਾਂ ਨੂੰ ਮੂਰਤੀਮਾਨ ਕਰਦੀ ਉਸਦੀ ਅਗਲੀ ਫ਼ਿਲਮ ‘ਤਕਦੀਰ` ਦੇ ਜਨਤਕ ਪ੍ਰਦਰਸ਼ਨ `ਤੇ ਤਾਂ ਅੰਗਰੇਜ਼ ਸਰਕਾਰ ਨੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ।ਅਦਾਕਾਰ ਅਤੇ ਫ਼ਿਲਮਕਾਰ ਪ੍ਰਿਥਵੀ ਰਾਜ ਕਪੂਰ ਨੇ ਵੀ ‘ਆਜ਼ਾਦੀ ਕੀ ਰਾਹ ਪਰ` ਅਤੇ ‘ਹਿੰਦੁਸਤਾਨ ਹਮਾਰਾ` ਨਾਮਕ ਫ਼ਿਲਮਾਂ ਰਾਹੀਂ ਦੇਸ਼ ਭਗਤਾਂ ਦੀ ਬਹਾਦਰੀ ਅਤੇ ਬਲਿਦਾਨਾਂ ਨੂੰ ਵੱਡੇ ਪਰਦੇ `ਤੇ ਬਾਖ਼ੂਬੀ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ।
15 ਅਗਸਤ,1947 ਨੂੰ ਜਦੋਂ ਦੇਸ਼ ਨੇ ਲਗਪਗ ਦੋ ਸੌ ਸਾਲ ਦੇ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਹਾਸਿਲ ਕਰ ਲਈ ਸੀ ਪਰ ਉਸ ਤੋਂ ਬਾਅਦ ਵੀ ਭਾਰਤੀ ਫ਼ਿਲਮਕਾਰਾਂ ਨੇ ਵਤਨਪ੍ਰਸਤੀ ਸਬੰਧੀ ਅਤੇ ਦੇਸ਼ ਭਗਤਾਂ ਸਬੰਧੀ ਫ਼ਿਲਮਾਂ ਦਾ ਨਿਰਮਾਣ ਜਾਰੀ ਰੱਖਿਆ ਸੀ।ਸੰਨ 1954 ਵਿਚ ਬਣੀਆਂ ‘ਬੂਟ ਪਾਲਿਸ਼` ਅਤੇ ‘ਜਾi੍ਰਗਤੀ` ਨਾਮਕ ਦੋ ਫ਼ਿਲਮਾਂ ਨੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਉਭਾਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ।ਸੰਨ 1959 ਵਿਚ ਮਹਿਬੂਬ ਖ਼ਾਨ ਵੱਲੋਂ ਬਣਾਈ ਗਈ ਫ਼ਿਲਮ ‘ਸਨ ਆਫ਼ ਇੰਡੀਆ` ਦਾ ਗੀਤ ‘‘ ਨੰਨ੍ਹਾ ਮੁੰਨ੍ਹਾ ਰਾਹੀ ਹੂੰ,ਦੇਸ਼ ਕਾ ਸਿਪਾਹੀ ਹੂੰ।ਬੋਲੋ ਮੇਰੇ ਸੰਗ ਜੈ ਹਿੰਦ“ ਤਾਂ ਦੇਸ਼ ਦੇ ਬੱਚੇ-ਬੱਚੇ ਦੀ ਜ਼ੁਬਾਨ `ਤੇ ਚੜ੍ਹ ਗਿਆ ਸੀ ਤੇ ਹਰ ਪਿੰਡ ਅਤੇ ਸ਼ਹਿਰ ਦੇ ਵਿਚ ਬੜੇ ਹੀ ਜੋਸ਼ੋ-ਖ਼ਰੋਸ਼ ਨਾਲ ਗਾਇਆ ਗਿਆ ਸੀ।
ਇਸ ਤੋਂ ਉਪਰੰਤ ਵੀਹਵੀਂ ਸਦੀ ਦੇ ਛੇਵੇਂ ਅਤੇ ਸੱਤਵੇਂ ਦਹਾਕਿਆਂ ਦੌਰਾਨ ਕੁਝ ਅਜਿਹੀਆਂ ਫ਼ਿਲਮਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀਆਂ ਜਿਨ੍ਹਾ ਨੇ ਮੁਲਕ ਦੀ ਆਜ਼ਾਦੀ ਦੀ ਲੜਾਈ ਲੜ੍ਹਨ ਵਾਲੇ ਦੇਸ਼ ਭਗਤਾਂ ਅਤੇ ਦੁਸ਼ਮਣ ਦੇਸ਼ਾਂ ਨਾਲ ਹੋਈਆਂ ਜੰਗਾਂ ਵਿਚ ਸ਼ਹੀਦੀਆਂ ਪਾਉਣ ਵਾਲੇ ਸੂਰਬੀਰ ਸੈਨਿਕਾਂ ਬਾਰੇ ਚਾਨਣਾ ਪਾਉਣ ਦੇ ਨਾਲ ਨਾਲ ਵੱਡੇ ਸਮਾਜਿਕ ਪਰਿਵਰਤਨਾਂ ਵੱਲ ਇਸ਼ਾਰਾ ਕੀਤਾ ਸੀ।ਇਹ ਫ਼ਿਲਮਾਂ ਸਨ, ‘ਹਕੀਕਤ`, ‘ਹਮ ਸਬ ਏਕ ਹੈਂ`, ‘ਸ਼ਹੀਦ ਭਗਤ ਸਿੰਘ`, ‘ਲੀਡਰ`,‘ਲਲਕਾਰ`, ‘ਆਂਖੇਂ`, ‘ਸਾਤ ਹਿੰਦੁਸਤਾਨੀ`, ‘ਹਿੰਦੁਸਤਾਨ ਕੀ ਕਸਮ`, ‘ਯੇਹ ਗੁਲਸਿਤਾਂ ਹਮਾਰਾ` ਅਤੇ ‘ਆਕਰਮਣ` ਆਦਿ।
ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਦੇਸ਼ ਭਗਤਾਂ ਦੀ ਗੱਲ ਹੋਵੇ ਤੇ ਦੇਸ਼ ਭਗਤੀ ਨੂੰ ਸਮਰਪਿਤ ਬਾਲੀਵੁੱਡ ਦੇ ਨਾਮਵਰ ਅਦਾਕਾਰ ਅਤੇ ਫ਼ਿਲਮਕਾਰ ਮਨੋਜ ਕੁਮਾਰ ਦਾ ਜ਼ਿਕਰ ਨਾ ਆਵੇ ,ਅਜਿਹਾ ਤਾਂ ਹੋ ਹੀ ਨਹੀਂ ਸਕਦਾ ਹੈ।ਭਾਰਤ ਪ੍ਰਤੀ ਅਥਾਹ ਸਤਿਕਾਰ ਤੇ ਪਿਆਰ ਰੱਖਣ ਵਾਲੇ ਇਸ ਫ਼ਨਕਾਰ ਨੂੰ ਮਨੋਜ ਕੁਮਾਰ ਦੀ ਥਾਂ ਸਿਨੇ ਪ੍ਰੇਮੀਆਂ ਨੇ ‘ਭਾਰਤ ਕੁਮਾਰ` ਹੀ ਆਖਣਾ ਸ਼ੁਰੂ ਕਰ ਦਿੱਤਾ ਸੀ।ਉਸਦੀਆਂ ਫ਼ਿਲਮਾਂ ‘ਸ਼ਹੀਦ`,‘ਰੋਟੀ ਕੱਪੜਾ ਔਰ ਮਕਾਨ`,‘ਉਪਕਾਰ`,‘ਪੂਰਬ ਔਰ ਪੱਛਮ` ਅਤੇ ‘ਕ੍ਰਾਂਤੀ` ਆਦਿ ਤਾਂ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਲਬਾਲਬ ਭਰੀਆਂ ਹੋਈਆਂ ਸਨ ਤੇ ਬਾਕਸ ਆਫ਼ਿਸ `ਤੇ ਕਮਾਲ ਕਰ ਗਈਆਂ ਸਨ।ਅੱਠਵੇਂ ਅਤੇ ਨੌਵੇਂ ਦਹਾਕੇ ਵਿਚ ਰਿਲੀਜ਼ ਹੋਈਆਂ ‘ਕਰਮਾ`,‘ਵਤਨ ਕੇ ਰਖਵਾਲੇ`,‘ਦਿਲਜਲੇ` ਅਤੇ ‘ਮਿਸ਼ਨ ਕਸ਼ਮੀਰ` ਆਦਿ ਫ਼ਿਲਮਾਂ ਨੇ ਤਾਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦ ਨੂੰ ਬਾਖ਼ੂਬੀ ਦਰਸਾਇਆ ਸੀ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਹਿਤ ਸਮੂਹ ਭਾਰਤੀਆਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਸੀ।
ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਤਾਂ ਬਹੁਤ ਸਾਰੀਆਂ ਨਵੀਆਂ ਸਿਨੇਮਾ ਤਕਨੀਕਾਂ ਆ ਗਈਆਂ ਸਨ ਤੇ ਕਈ ਭਾਰਤੀ ਫ਼ਿਲਮਕਾਰਾਂ ਨੇ ਉਨ੍ਹਾ ਆਧੁਨਿਕ ਤਕਨੀਕਾਂ ਦੀ ਵਰਤੋਂ ਦੇਸ਼ ਭਗਤੀ ਦੇ ਜ਼ਜ਼ਬੇ ਨਾਲ ਓਤਪ੍ਰੋਤ ਫ਼ਿਲਮਾਂ ਦੇ ਨਿਰਮਾਣ ਵਿਚ ਕਰ ਦਿੱਤੀ ਸੀ।ਇਸ ਸ੍ਰੇਣੀ ਦੀਆਂ ਫ਼ਿਲਮਾਂ ਵਿਚ ‘ਲਕਸ਼ਯ`,‘ਦੀਵਾਰ`,‘ਟੈਂਗੋ ਚਾਰਲੀ`,‘ਦਿ ਲੈਜੈਂਡ ਆਫ਼ ਭਗਤ ਸਿੰਘ`,‘ਗ਼ਦਰ`,‘ਦਿ ਹੀਰੋ`,‘ਬਾਰਡਰ`,‘ਦਿ ਹੀਰੋਜ਼`,‘ਦਿਲ ਸੇ`,‘ਰੋਜ਼ਾ`,‘ਮਾਂ ਤੁਝੇ ਸਲਾਮ`,‘ਤਿਰੰਗਾ`,‘ਅਬ ਤੁਮਹਾਰੇ ਹਵਾਲੇ ਵਤਨ ਸਾਥੀਓ` ਅਤੇ ਲਮਹਾ` ਆਦਿ ਫ਼ਿਲਮਾਂ ਦਾ ਜ਼ਿਕਰ ਵਿਸ਼ੇਸ਼ ਤੌਰ `ਤੇ ਕਰਨਾ ਬਣਦਾ ਹੈ।ਵਿਲੱਖਣ ਪ੍ਰਤਿਭਾਵਾਂ ਦੇ ਧਨੀ ਅਦਾਕਾਰ ਆਮਿਰ ਖ਼ਾਨ ਦੀਆਂ ਫ਼ਿਲਮਾਂ ‘ਸਰਫ਼ਰੋਸ਼`,‘ਲਗਾਨ`,‘ਮੰਗਲ ਪਾਂਡੇ` ਅਤੇ ‘ਰੰਗ ਦੇ ਬਸੰਤੀ` ਤਾਂ ਭਾਰਤ ਦੀ ਨੌਜਵਾਨ ਪੀੜ੍ਹੀ ਅੰਦਰ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਦਾ ਸੰਚਾਰ ਬਾਖ਼ੂਬੀ ਕਰ ਗਈਆਂ ਸਨ।ਬੀਤੇ ਚੰਦ ਵਰਿ੍ਹਆਂ ਵਿਚ ਬਣੀਆਂ ‘ਉਰੀ` ਅਤੇ ‘ਜਵਾਨ` ਆਦਿ ਫ਼ਿਲਮਾਂ ਤੋਂ ਇਲਾਵਾ ਬਣ ਰਹੀਆਂ ਫ਼ਿਲਮਾਂ ‘ਬਾਰਡਰ-2`,‘ਕੇਸਰੀ-2`,‘ਗਰਾਊਂਡ ਜ਼ੀਰੋ`,‘ਸਕਾਈ ਫ਼ੋਰਸ` ਅਤੇ ਦਿੱਲੀ ਫ਼ਾਈਲਜ਼` ਰਾਹੀਂ ਵੀ ਦੇਸ਼ ਦੀ ਰਾਖੀ ਲਈ ਜਾਨਾਂ ਤੱਕ ਵਾਰ ਦੇਣ ਵਾਲੇ ਬਹਾਦਰ ਸੈਨਿਕਾਂ ਦੀ ਸੂਰਬੀਰਤਾ ਨੂੰ ਉਭਾਰਨ ਦੇ ਨਾਲ-ਨਾਲ ਉਨ੍ਹਾ ਦੀ ਅਮਰ ਅਤੇ ਗੌਰਵਮਈ ਸ਼ਹੀਦੀ ਗਾਥਾ ਵੀ ਬਿਆਨ ਕੀਤੀ ਗਈ ਹੈ।ਅੰਤ ਵਿਚ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਭਾਰਤੀ ਸਿਨੇਮਾ ਨੇ ਦੇਸ਼ ਦੇ ਕੌਮੀ ਹੀਰਿਆਂ ਨੂੰ ਫ਼ਿਲਮੀ ਪਰਦੇ `ਤੇ ਪੇਸ਼ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਕਰਨ ਤੇ ਲੋਕਾਂ ਨੂੰ ਅੱਤਵਾਦ ਅਤੇ ਵੱਖਵਾਦ ਜਿਹੀਆਂ ਮਾੜੀਆਂ ਭਾਵਨਾਵਾਂ ਪ੍ਰਤੀ ਸੁਚੇਤ ਕਰਨ ਦੇ ਕਈ ਸਾਰਥਕ ਯਤਨ ਕੀਤੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਹਨ।ਸੋ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਲਈ ਬਾਲੀਵੁੱਡ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਅਤੇ ਸਿਫ਼ਤਯੋਗ ਹੈ।
-410,ਚੰਦਰ ਨਗਰ,ਬਟਾਲਾ।