ਵਰਿਆਮ ਸਿੰਘ ਸੰਧੂ
ਫੋਨ: 647-535-1539
+91-98726-02296
ਮੇਰੀ ਮਾਂ ਦੀ ਵਿਦਿਅਕ ਯੋਗਤਾ ਬਹੁਤੀ ਨਹੀਂ ਸੀ। ਉਹਦੇ ਦੱਸਣ ਮੁਤਾਬਕ ਉਹ ‘ਪੰਜ ਗ੍ਰੰਥੀ’ ‘ਪਾਸ’ ਸੀ। ਉਦੋਂ ਕੁੜੀਆਂ ਨੂੰ ਸਕੂਲਾਂ ਵਿਚ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਕਈ ਮਾਪੇ ਧੀਆਂ ਨੂੰ ਗੁਰਬਾਣੀ ਤੇ ਗੁਰਮੁਖੀ ਨਾਲ ਜੋੜਨ ਲਈ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਬਾਣੀ ਦੀ ਸੰਥਿਆ ਲੈਣ ਭੇਜ ਦਿੰਦੇ।
ਇੰਝ ਮੇਰੀ ਬੀਬੀ ਨੇ ਗੁਰਦੁਆਰੇ ਦੇ ਭਾਈ ਕੋਲੋਂ ਗੁਰਮੁਖੀ ਪੜ੍ਹਨੀ ਸਿੱਖ ਲਈ ਤੇ ਪੰਜ ਗ੍ਰੰਥੀ ਦਾ ਪਾਠ ਕਰਨਾ ਵੀ ਸਿੱਖ ਲਿਆ। ਬੀਬੀ ਪੜ੍ਹ ਤਾਂ ਲੈਂਦੀ ਸੀ, ਪਰ ਉਹਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਸੀ ਆਉਂਦਾ। ਆਖਣ ’ਤੇ ਐਵੇਂ ਟੁੱਟੇ-ਫੁੱਟੇ ਸ਼ਬਦ ਲਿਖਦੀ। ਮੈਂ ਹੱਸ ਪੈਂਦਾ ਤਾਂ ਹੱਸ ਕੇ ਆਪ ਵੀ ਲਿਖੇ ’ਤੇ ਕਾਟਾ ਮਾਰ ਦਿੰਦੀ, ‘ਮੇਰਾ ਪੁੱਤ ਜੂ ਲਿਖ ਲੈਂਦਾ। ਮੈਨੂੰ ਭਲਾ ਹੁਣ ਲਿਖਣਾ ਸਿੱਖਣ ਦੀ ਕੀ ਲੋੜ?’ ਉਹਦੇ ਬੋਲਾਂ ਵਿਚ ਮਾਣ ਤੇ ਮੁਹੱਬਤ ਡੁੱਲ੍ਹ-ਡੁੱਲ੍ਹ ਪੈਂਦੇ। ਜਿਵੇਂ ਮੇਰੇ ਪਿਤਾ ਨੇ ਮੈਨੂੰ ਅਛੋਪਲੇ ਜਿਹੇ ਸਾਹਿਤ ਨਾਲ ਜੋੜਿਆ ਸੀ, ਇੰਝ ਹੀ ਮੇਰੀ ਮਾਂ ਦਾ ਸਾਹਿਤ ਨਾਲ ਪਿਆਰ ਲਗਾਤਾਰ ਬਣਿਆ ਰਿਹਾ। ਕਦੀ ਕਦੀ ਆਪ ਵੀ ਕੋਈ ਕਿਤਾਬ ਲੈ ਕੇ ਪੜ੍ਹਨ ਬਹਿ ਜਾਂਦੀ। ਪਰ ਉਸ ਨੂੰ ਘਰ ਦੇ ਕੰਮਾਂ ਤੋਂ ਵਿਹਲ ਹੀ ਕਿੱਥੇ ਮਿਲਦੀ ਸੀ। ਇਸਦੇ ਬਾਵਜੂਦ ਉਹਨੂੰ ਪੜ੍ਹਨ ਦੀ ਅਜਿਹੀ ਆਦਤ ਸੀ ਕਿ ਜਦੋਂ ਬਾਜ਼ਾਰੋਂ ਕੋਈ ਸੌਦਾ-ਪੱਤਾ ਲਿਆਂਦਾ ਜਾਂਦਾ ਤਾਂ ਉਹ ਪੁੜੀਆਂ ਵਾਲੇ ਕਾਗ਼ਜ਼ ਖੋਲ੍ਹ ਕੇ ਵੀ ਪੜ੍ਹਨ ਬਹਿ ਜਾਂਦੀ ਤੇ ਘਰ ਦਾ ਕੰਮ-ਧੰਦਾ ਭੁੱਲ ਜਾਂਦੀ।
ਮੈਂ ਆਪਣੇ ਪਿਤਾ ਦੇ ਚੁੱਪ-ਰਹਿਣੇ ਸੁਭਾਅ ਕਾਰਨ ਅਕਸਰ ਚੁੱਪ ਰਹਿੰਦਾ ਹਾਂ ਪਰ ਇਹ ਵੀ ਸੱਚ ਹੈ ਕਿ ਬਹੁਤਾ ਚੁੱਪ ਰਹਿਣ ਦੇ ਨਾਲ ਨਾਲ ਹੀ ਕਦੀ ਕਦੀ ਮੈਨੂੰ ਬਹੁਤੀਆਂ ਗੱਲਾਂ ਮਾਰਨ ਦਾ ਵੀ ਸ਼ੌਕ ਜਾਗ ਪੈਂਦਾ ਹੈ। ਝੂਠ-ਸੱਚ ਰਲਾ ਕੇ ਮੈਂ ਮਹਿਫ਼ਿਲ ਨੂੰ ਗਰਮਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਇਹ ‘ਕਲਾ’ ਮੈਨੂੰ ਸ਼ਾਇਦ ਮੇਰੀ ਮਾਂ ਕੋਲੋਂ ਮਿਲੀ ਹੈ। ਮੇਰਾ ਪਿ“ ਜਿੰਨਾ ਘੱਟ ਬੋਲਦਾ ਸੀ, ਮੇਰੀ ਮਾਂ ਉਸ ਤੋਂ ਉਲਟ ਆਏ-ਗਏ ਤੇ ਆਂਢਣਾਂ-ਗੁਆਂਢਣਾਂ ਨਾਲ ਘੰਟਿਆਂ ਬੱਧੀ ਗੱਲਾਂ ਮਾਰ ਸਕਦੀ ਸੀ। ਉਹਦੀ ਇਹ ‘ਕਲਾ-ਕੌਸ਼ਲਤਾ’ ਇਸ ਹੱਦ ਤੱਕ ਪ੍ਰਭਾਵਸ਼ਾਲੀ ਸੀ ਕਿ ਕਦੀ ਕਦੀ ਮੇਰੇ ਬੱਚੇ ਤੇ ਮੇਰੀ ਪਤਨੀ ਹੱਸਦੇ ਹੋਏ ਮੇਰੇ ਨਾਲ ਸ਼ਾਮਿਲ ਹੋ ਜਾਂਦੇ; ਜਦ ਮੈਂ ਕਹਿੰਦਾ, ‘ਬੀਬੀ ਤਾਂ ਕਦੀ ਕਦੀ ਐਨ ਸੱਚੀਂ-ਮੁੱਚੀਂ ਝੂਠ ਦਾ ਮਹਿਲ ਉਸਾਰ ਕੇ ਵਿਖਾ ਦਿੰਦੀ ਹੈ…।’
ਭਾਵੇਂ ਕਿ ਸੱਚ ਦਾ ਵਿਸ਼ਵਾਸ ਦਿਵਾਉਂਦਾ ਹੋਇਆ ਉਸਦਾ ਝੂਠ ਕਿਸੇ ਨਾ ਕਿਸੇ ਪੱਖੋਂ ਪਰਿਵਾਰਕ ਹਿਤ ਵਿਚ ਹੀ ਹੁੰਦਾ। ਬਕੌਲ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਅਸੀਂ ਇਸ ਝੂਠ ਨੂੰ ‘ਸੱਚਾ ਝੂਠ’ ਦੇ ਖ਼ਾਨੇ ਵਿਚ ਰੱਖ ਸਕਦੇ ਹਾਂ। ਬੀਬੀ ਸਭ ਰਿਸ਼ਤੇਦਾਰਾਂ, ਭੈਣ-ਭਰਾਵਾਂ ਨੂੰ ਇੱਕ-ਦੂਜੇ ਬਾਰੇ ਇਹੋ ਜਿਹੇ ਸੁਖਾਵੇਂ ਤੇ ਚੰਗੇ ਵੇਰਵੇ ਦੱਸਦੀ ਕਿ ਸੁਣਨ ਵਾਲੇ ਨੂੰ ਹੈਰਾਨੀ ਤੇ ਖ਼ੁਸ਼ੀ ਵਿਚ ਜਾਪਣ ਲੱਗਦਾ ਕਿ ਸ਼ਾਇਦ ਸੱਚੀਂ ਹੀ ਅਗਲਾ ਮੇਰੇ ਬਾਰੇ ਏਨੀ ਹੀ ਚੰਗੀ ਰਾਇ ਰੱਖਦਾ ਹੈ! ਉਂਝ ਭਾਵੇਂ ਅਸੀਂ ਇੱਕ ਦੂਜੇ ਬਾਰੇ ਥੋੜ੍ਹੀ ਬਹੁਤੀ ਕੜਵਾਹਟ ਜਾਂ ਤਣਾ“ ਹੀ ਮਹਿਸੂਸ ਕਿਉਂ ਨਾ ਕਰ ਰਹੇ ਹੁੰਦੇ, ਪਰ ਬੀਬੀ ਦੀਆਂ ਗੱਲਾਂ ਸੁਣਨ ਪਿੱਛੋਂ ਲੱਗਦਾ ਕਿ ਅਸੀਂ ਗ਼ਲਤ ਹਾਂ। ਪਰ ਅਸਲ ਵਿਚ ਜਦੋਂ ਅਸੀਂ ਆਪਸ ਵਿਚ ਮਿਲ ਕੇ, ਵਿਹਾਰ ਵਿਚ ਪੈ ਕੇ ਇੱਕ ਦੂਜੇ ਨੂੰ ਜਾਣਦੇ ਜਾਂ ਕੁਝ ਚਿਰ ਪਿੱਛੋਂ ਅਸਲੀਅਤ ਸਮਝ ਆਉਂਦੀ ਤਾਂ ਪਤਾ ਲੱਗਦਾ ਕਿ ਬੀਬੀ ਵੱਲੋਂ ‘ਦੂਜੀ ਧਿਰ’ ਬਾਰੇ ਦੱਸੀਆਂ ਬਹੁਤੀਆਂ ਗੱਲਾਂ ਤਾਂ ਮਨਘੜ੍ਹਤ ਸਨ। ਪਰ ਚੰਗੀ ਗੱਲ ਇਹ ਸੀ ਕਿ ਬੀਬੀ ਦੀਆਂ ਬਹੁਤੀਆਂ ‘ਮਨਘੜ੍ਹਤ ਗੱਲਾਂ’ ਪਰਿਵਾਰਕ ਅਤੇ ਸਮਾਜਕ ਸੰਬੰਧਾਂ ਨੂੰ ਵਿਗਾੜਨ ਦੀ ਥਾਂ, ਉਹਦੇ ਆਪਣੇ ਦ੍ਰਿਸ਼ਟੀਕੋਣ ਤੋਂ, ਸਵਾਰਨ ਦਾ ਹੀ ਇੱਕ ਸੁਹਿਰਦ ਉਪਰਾਲਾ ਹੁੰਦੀਆਂ।
ਤੇ ‘ਗਲਪ’ ਲਿਖਣਾ ਵੀ ਤਾਂ ਮੰਨਣਯੋਗ ਜਾਪਣ ਵਾਲਾ ‘ਝੂਠ-ਸੱਚ ਦਾ ਰਲਾ’ ਹੀ ਹੁੰਦਾ ਹੈ, ਜਿਹੜਾ ਕਿਤੇ ਨਾ ਕਿਤੇ ਪਾਠਕਾਂ ਅੰਦਰੋਂ ‘ਮਾੜਾ ਤੋੜਨ’ ਤੇ ’ਚੰਗਾ ਜੋੜਨ’ ਦਾ ਉਪਰਾਲਾ ਕਰਦਾ ਹੈ। ਇੰਝ ਮੇਰੀ ਬੀਬੀ ‘ਮੌਖਿਕ ਗਲਪਕਾਰ’ ਦਾ ਰੋਲ ਅਦਾ ਕਰਦੀ ਨਹੀਂ ਜਾਪਦੀ! ਉਸ ਵੱਲੋਂ ਚੰਗੇ ਤੇ ਸੁਖਾਵੇਂ ਸੰਬੰਧ ਬਣਾਈ ਰੱਖਣ ਦੀ ਸੁਹਿਰਦ ਕੋਸ਼ਿਸ਼ ਆਪਣੇ ਰਿਸ਼ਤਿਆਂ ਅਤੇ ਚੌਗਿਰਦੇ ਵਿਚ ਚੰਗਾ ਵੇਖਣ ਦੀ ਰੀਝ ਦਾ ਪ੍ਰਤੀਕ ਹੀ ਤਾਂ ਸੀ! ਸਾਹਿਤਕਾਰ ਦਾ ਮੰਤਵ ਵੀ ਤਾਂ ਇਹੋ ਹੁੰਦਾ ਹੈ।
ਮੈਨੂੰ ਯਾਦ ਹੈ, ਛੋਟੇ ਹੁੰਦਿਆਂ ਸਾਡੇ ਘਰ ਜਦੋਂ ਕੋਈ ਦੂਰ ਨੇੜੇ ਦਾ ਪ੍ਰਾਹੁਣਾ ਆਉਣਾ ਤਾਂ ਬੀਬੀ ਨੇ ਉਨ੍ਹਾਂ ਦੇ ਸੁਆਗਤ ਵਿਚ ‘ਜੀ ਆਇਆਂ’ ਆਖ ਕੇ ਭਰਪੂਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਣਾ ਕਿ ਕਿਵੇਂ ਉਸ ਵਿਸ਼ੇਸ਼ ਪ੍ਰਾਹੁਣੇ ਨੂੰ ਸਾਰਾ ਪਰਿਵਾਰ ਯਾਦ ਕਰਦਾ ਸੀ ਤੇ ਕਿਵੇਂ ਕੱਲ੍ਹ ਪਰਸੋਂ ਜਾਂ ਰਾਤੀਂ ਹੀ ਗੱਲ ਹੁੰਦੀ ਪਈ ਸੀ ਕਿ ਉਹ ‘ਪ੍ਰਾਹੁਣਾ’ ਕਦੀ ਆਇਆ ਕਿਉਂ ਨਹੀਂ ਹੁਣ! ਤੇ ਕਦੀ-ਕਦੀ ਬੀਬੀ ਨੇ ਇਹ ਵੀ ਆਖਣਾ, ‘ਅਜੇ ਵਰਿਆਮ ਕੱਲ੍ਹ ਗੱਲ ਕਰਦਾ ਸੀ ਕਿ …ਨੂੰ ਆਇਆਂ ਬੜਾ ਹੀ ਚਿਰ ਹੋ ਗਿਐ…ਉਹਨੂੰ ਮਿਲਣ ਨੂੰ ਬੜਾ ਜੀਅ ਕਰਦਾ ਹੈ! …’
ਫ਼ਿਰ ਉਸਨੇ ਮੁਸਕਰਾ ਕੇ ਮੈਨੂੰ ਆਖਣਾ, ‘ਲੈ ਆ ਗਿਆ ਈ! ਮਿਲ ਅੱਗੇ ਹੋ ਕੇ। ਹੁਣ ਵੇਖ ਕਿਵੇਂ ਸੰਗਦਾ ਪਿੱਛੇ ਖਲੋਤਾ ਹੈ।’
ਆਇਆ ਪ੍ਰਾਹੁਣਾ ਮੈਨੂੰ ਪਿਆਰ ਨਾਲ ਗੱਲਵਕੜੀ ਵਿਚ ਲੈ ਲੈਂਦਾ। ਮੈਂ ਹੈਰਾਨ ਹੋਇਆ ਸੋਚ ਰਿਹਾ ਹੁੰਦਾ, ‘ਕੱਲ੍ਹ ਤਾਂ ਕਿਧਰੇ ਰਿਹਾ, ਮੈਂ ਤਾਂ ਕਦੇ ਇਸ ਬੰਦੇ ਦੇ ਆਉਣ ਬਾਰੇ ਸੋਚਿਆ ਵੀ ਨਹੀਂ ਸੀ। ਮੇਰੀ ਬੀਬੀ ਝੂਠ ਕਿਉਂ ਮਾਰੀ ਜਾਂਦੀ ਹੈ?’
ਪਰ ਆਇਆ ਮਹਿਮਾਨ ਖੁਸ਼ ਹੋ ਗਿਆ ਹੁੰਦਾ ਕਿ ਉਹ ਇਸ ਘਰ ਵਿਚ ਅਣਚਾਹਿਆ-ਪ੍ਰਾਹੁਣਾ ਨਹੀਂ। ਇਥੇ ਉਸਦੀ ਮੁਹੱਬਤ ਅਤੇ ਚਾਅ ਨਾਲ ਉਡੀਕ ਕੀਤੀ ਜਾਂਦੀ ਹੈ।
ਇਕ ਘਟਨਾ ਯਾਦ ਆਉਂਦੀ ਹੈ। ਕਿਸੇ ‘ਸਾਹਿਤ-ਸਭਾ’ ਵੱਲੋਂ ਮੇਰੇ ਨਾਲ ਰੂ-ਬ-ਰੂ ਕੀਤਾ ਜਾ ਰਿਹਾ ਸੀ। ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ, ‘ਸੰਧੂ ਸਾਹਿਬ! ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਨ ਅੰਦਰ ਝਾਤੀ ਮਾਰੋ ਅਤੇ ਵੇਖੋ ਕਿ ਤੁਹਾਨੂੰ ਆਪਣੇ ਚੇਤੇ ਵਿਚੋਂ ਇੱਕ-ਦਮ ਕਿਹੜੀ ਤਸਵੀਰ ਉੱਘੜਦੀ ਦਿਸਦੀ ਹੈ, ਸਾਡੇ ਨਾਲ ਉਹੋ ਗੱਲ ਸਾਂਝੀ ਕਰੋ!’
ਸਵਾਲ ਦਿਲਚਸਪ ਸੀ। ਮੈਂ ਆਪਣੇ ਮਨ ਵਿਚ ਪਲ ਕੁ ਲਈ ਉੱਤਰਿਆ। ਮੈਨੂੰ ਪਹਿਲੀ ਨਜ਼ਰੇ ਹੀ ਆਪਣੀ ਸੋਚ ਦੇ ਚਿਤਰ-ਪੱਟ ‘ਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ। ਆਪਣੇ ਆਪ ‘ਤੇ ਹੈਰਾਨੀ ਵੀ ਹੋਈ ਅਤੇ ਸ਼ਰਮ ਵੀ ਆਈ ਕਿ ਆਪਣੀ ਮਾਂ ਨਾਲ ਜੁੜੀ ਇਸ ਘਟਨਾ ਨੂੰ ਕਿਵੇਂ ਭੁਲਾਈ ਬੈਠਾ ਸਾਂ!
ਤੇ ਫਿਰ ਆਪਣੇ ਸਰੋਤਿਆਂ ਨਾਲ ਇਹ ਯਾਦ ਇਸਤਰ੍ਹਾਂ ਸਾਂਝੀ ਕੀਤੀ:
1972 ਦੀ ‘ਮੋਗਾ-ਐਜੀਟੇਸ਼ਨ’ ਵਿਚ ਕੁਝ ਦਿਨ ਜੇਲ੍ਹ ਵਿਚ ਕੱਟਣ ਤੋਂ ਬਾਅਦ ਮੈਂ ਥੋੜ੍ਹੇ ਚਿਰ ਲਈ ਪੁਲਿਸ ਤੋਂ ਬਚਣ ਵਾਸਤੇ ‘ਆਸੇ-ਪਾਸੇ’ ਹੋਇਆ, ਹੋਇਆ ਸਾਂ, ਤਾਕਿ ਕਿਧਰੇ ਮੈਨੂੰ ਦੋਬਾਰਾ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ। ਮੇਰੇ ਘਰਦਿਆਂ ਨੂੰ ਮੇਰੀ ਠਾਹਰ ਦਾ ਪਤਾ ਸੀ। ਇੱਕ ਦੋਸਤ ਮੇਰੇ ਕੋਲ ਪੁੱਜਾ ਤੇ ਦੱਸਿਆ ਕਿ ਮੇਰੇ ਪਿਉ ਦੀ ਹਾਲਤ ਠੀਕ ਨਹੀਂ ਅਤੇ ਬੀਬੀ ਦਾ ਸੁਨੇਹਾ ਹੈ ਕਿ ਮੈਂ ਤੁਰਤ ਘਰ ਪਹੁੰਚਾਂ। ਮੈਂ ਉਸਦੇ ਨਾਲ ਹੀ ਤੁਰ ਪਿਆ। ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਗਏ ਸਨ।
ਮੈਂ ਅੰਮ੍ਰਿਤਸਰ ਪੁੱਜਾ। ਆਕਸੀਜਨ ਲੱਗੀ ਹੋਈ; ਮੇਰਾ ਪਿਤਾ ਬੇਹੋਸ਼ ਪਿਆ ਸੀ। ਬੀਬੀ ਮੇਰੇ ਪਿਤਾ ਦੇ ਸਿਰਹਾਣੇ ਬੈਠੀ ਸੀ। ਉਸਨੇ ਸਟੂਲ ਤੋਂ ਉੱਠ ਕੇ ਮੈਨੂੰ ਜੱਫੀ ਵਿਚ ਲਿਆ ਅਤੇ ‘ਫਿਕਰ ਨਾ ਕਰਨ ਲਈ’ ਕਿਹਾ। ਉਸ ਮੁਤਾਬਕ ‘ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਨੇ। ਮਹਾਰਾਜ ਭਲੀ ਕਰੂਗਾ।’ ਉਹ ਹੌਂਸਲੇ ਵਿਚ ਸੀ।
ਪਿਤਾ ਨੂੰ ਬੇਹੋਸ਼ੀ ਦੀ ਅਵਸਥਾ ਵਿਚ ਬੈੱਡ ‘ਤੇ ਪਿਆਂ ਅੱਜ ਤੀਸਰਾ ਦਿਨ ਸੀ। ਦਿਮਾਗ਼ ਦੀ ਨਾੜੀ ਫਟ ਗਈ ਸੀ। ਡਾਕਟਰ ‘ਹਾਂ’ ਜਾਂ ‘ਨਾਂਹ’ ਵਿਚ ਜਵਾਬ ਨਹੀਂ ਸਨ ਦਿੰਦੇ। ਟੈਸਟ ਹੋ ਰਹੇ ਸਨ। ਅੱਜ ਮੈਂ ਅਤੇ ਮੇਰਾ ਇੱਕ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈਣ ਗਏ ਸਾਂ। ਨੌਂ-ਦਸ ਵਜੇ ਦੇ ਗਿਆਂ ਨੂੰ ਰਿਪੋਰਟ ਲੈਂਦਿਆਂ-ਕਰਦਿਆਂ ਸਾਨੂੰ ਡੇਢ-ਦੋ ਦਾ ਸਮਾਂ ਹੋ ਗਿਆ ਸੀ।
ਜਦੋਂ ਅਸੀਂ ਵਾਪਸ ਪਰਤੇ ਤਾਂ ਬੀਬੀ ਮੇਰੇ ਪਿਤਾ ਦੇ ਸਿਰਹਾਣਿਓਂ ਉੱਠ ਕੇ ਅੱਗਲਵਾਂਢੀ ਸਾਨੂੰ ਕਮਰੇ ਤੋਂ ਬਾਹਰ ਬਰਾਂਡੇ ਵਿਚ ਹੀ ਆਣ ਮਿਲੀ।
‘ਰਿਪੋਟ ਲੈ ਆਂਦੀ? ਚੱਲੋ ਚੰਗਾ ਹੋਇਆ!’ ਉਸਨੇ ਸਾਡੇ ਹੱਥਾਂ ਵਿਚ ਫੜ੍ਹੇ ਲਿਫ਼ਾਫ਼ੇ ਵੱਲ ਵੇਖਿਆ। ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। ਆਖਣ ਲੱਗੀ, ‘ਹੈਂ ਵਰਿਆਮ! ਲੌਢਾ ਵੇਲਾ ਹੋ ਗਿਆ। ਤੁਸੀਂ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ?’ ਸਾਡਾ ਜਵਾਬ ‘ਨਾਂਹ’ ਵਿਚ ਸੁਣ ਕੇ ਕਹਿੰਦੀ, ‘ਜਾਓ ਮੇਰੇ ਪੁੱਤ! ਪਹਿਲਾਂ ਜਾ ਕੇ ਰੋਟੀ ਖਾ ਕੇ ਆਵੋ। ਕਿਵੇਂ ਸਵੇਰ ਦੇ ਭੁੱਖਣ-ਭਾਣੇ ਤੁਰੇ ਫਿਰਦੇ ਜੇ!’ ਉਹਦਾ ਚਿਹਰਾ ਮਮਤਾ ਵਿਚ ਮੋਮ ਬਣਿਆ ਹੋਇਆ ਸੀ।
ਅਸੀਂ ਕਮਰੇ ਵੱਲ ਵਧਦਿਆਂ, ਅਗਲੇ ਇਲਾਜ ਲਈ, ਪਹਿਲਾਂ ਡਾਕਟਰ ਨੂੰ ਰਿਪੋਰਟ ਦਿਖਾਉਣ ਲਈ ਕਿਹਾ ਤਾਂ ਕਹਿੰਦੀ, ‘ਕੋਈ ਨਹੀਂ ਰਪੋਟ ਮੈਂ ਵਿਖਾ ਲੈਂਦੀ ਆਂ। ਤੁਸੀਂ ਪਹਿਲਾਂ ਢਿੱਡ ਵਿਚ ਕੁਝ ਪਾ ਕੇ ਆ“। ਤੁਹਾਡੇ ਬਾਪੂ ਕੋਲ ਮੈਂ ਬੈਠੀ ਆਂ। ਉਹਦਾ ਫ਼ਿਕਰ ਨਾ ਕਰੋ।’
ਉਸਦੇ ਜ਼ੋਰ ਦੇਣ ‘ਤੇ ਅਸੀਂ ਲਾਗਲੇ ਢਾਬੇ ‘ਤੇ ਰੋਟੀ ਖਾਣ ਤੁਰ ਗਏ। ਰੋਟੀ ਖਾ ਕੇ ਆਏ ਤਾਂ ਪਿਤਾ ਦੇ ਸਿਰਹਾਂਦੀ ਬੈਠੀ ਮਾਂ ਉੱਠ ਕੇ ਖਲੋ ਗਈ ਅਤੇ ਉਸਦੀਆਂ ਅੱਖਾਂ ‘ਚ ਤੈਰ ਆਇਆ ਪਾਣੀ ਬੇਵੱਸ ਹੋ ਕੇ ਉਹਦੇ ਚਿਹਰੇ ‘ਤੇ ‘ਤਿੱਪ! ਤਿੱਪ!’ ਵਰ੍ਹਨ ਲੱਗਾ।
‘ਜਾਓ ਪੁੱਤ! ਕੋਈ ਟੈਕਸੀ ਲੈ ਆ“! ਤੁਹਾਡਾ ਬਾਪੂ ਪੂਰਾ ਹੋ ਗਿਆ।’ ਉਸਨੇ ਬੁੱਲ੍ਹ ਚਿੱਥਦਿਆਂ ਆਪਣੀ ਭੁੱਬ ਅੰਦਰੇ ਡੱਕ ਲਈ। ਫੇਰ ਅੱਥਰੂ ਪੂੰਝਦਿਆ ਕਿਹਾ, ‘ਪੂਰਾ ਤਾਂ ਇਹ ਉਦੋਂ ਈ ਹੋ ਗਿਆ ਸੀ, ਜਦੋਂ ਤੁਸੀਂ ਰਪੋਟ ਲੈ ਕੇ ਆਏ ਸੀ। ਪਰ ਮੈਂ ਤੁਹਾਨੂੰ ਜਾਣ-ਬੁੱਝ ਕੇ ਨਹੀਂ ਸੀ ਦੱਸਿਆ। ਮੈਂ ਸੋਚਿਆ ਜੇ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਉਂਝ ਹੀ ਦੇਹ ਲੈ ਕੇ ਪਿੰਡ ਨੂੰ ਤੁਰ ਪੈਣਾ ਹੈ! ਫਿਰ ਰੋਣ ਕੁਰਲਾਉਣ ਵਿਚ ਪਏ ਮੇਰੇ ਲਾਲਾਂ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁੱਕ ਨਸੀਬ ਹੋਣਾ ਹੈ! ਤੁਹਾਡੀਆਂ ਭੁੱਖੀਆਂ ਵਿਲਕਦੀਆਂ ਆਂਦਰਾਂ ਦਾ ਸੋਚ ਕੇ ਹੀ ਮੈਂ ਤੁਹਾਨੂੰ ਰੋਟੀ ਖਾਣ ਤੋਰਿਆ ਸੀ।’
ਏਨੀ ਆਖ ਕੇ ਉਸਨੇ ਮੈਨੂੰ ਬਾਹੋਂ ਫੜ੍ਹ ਕੇ ਅੱਗੇ ਕੀਤਾ, ‘ ਆ! ਹੁਣ ਆਪਣੇ ਤੁਰ ਗਏ ਪਿ“ ਦਾ ਮੂੰਹ ਵੇਖ ਲੈ।’ ਉਸਨੇ ਮੇਰੇ ਪਿਤਾ ਦੇ ਚਿਹਰੇ ‘ਤੇ ਦਿੱਤਾ ਕੱਪੜਾ ਚੁਕਿਆ ਅਤੇ ਉਸਦੇ ਸਦਾ ਲਈ ਸੌਂ ਗਏ ਸ਼ਾਂਤ ਚਿਹਰੇ ਨੂੰ ਨਿਹਾਰਦੀ ਨੇ ਮੈਨੂੰ ਛੋਟੇ ਬਾਲ ਵਾਂਗ ਆਪਣੀ ਛਾਤੀ ਨਾਲ ਘੁੱਟ ਲਿਆ।
ਮੇਰੀ ਮਾਂ ਦੀ ਉਮਰ ਉਦੋਂ ਇਕਤਾਲੀ-ਬਤਾਲੀ ਸਾਲ ਦੀ ਸੀ ਅਤੇ ਮੇਰਾ ਪਿਓ ਪੰਜਤਾਲੀ-ਛਿਆਲੀ ਸਾਲ ਦਾ ਹੋਵੇਗਾ। ਉਸਦਾ ਸੁਹਾਗ ਉਸਨੂੰ ਸਦਾ ਲਈ ਛੱਡ ਕੇ ਚਲਾ ਗਿਆ ਸੀ। ਪਤੀ ਤੋਂ ਬਿਨਾਂ ਉਸ ਅੱਗੇ ਦੂਰ ਤੱਕ ਬ੍ਰਿਹਾ ਦੀ ਮਾਰੂਥਲ ਵਾਂਗ ਭੁੱਜਦੀ ਜ਼ਿੰਦਗੀ ਵਿਛੀ ਪਈ ਸੀ। ਉਸਦਾ ਜਹਾਨ ਲੁੱਟਿਆ ਗਿਆ ਸੀ। ਇਸ ਪਰਬਤੋਂ ਭਾਰੇ ਦੁੱਖ ਨੂੰ ਕਸੀਸ ਵੱਟ ਕੇ ਪੀ ਜਾਣ ਦੀ ਤਾਕਤ ਉਸਦੀ ਕਿਹੋ ਜਿਹੀ ਅਦੁੱਤੀ ਮਮਤਾ ਨੇ ਉਸ ਮਹਾਨ ਔਰਤ ਨੂੰ ਬਖਸ਼ੀ ਸੀ ਕਿ ਉਹਦੀ ਜ਼ਿੰਦਗੀ ਦੀਆਂ ਇਨ੍ਹਾਂ ਸਭ ਤੋਂ ਦੁਖਾਂਤਕ ਘੜੀਆਂ ਵਿਚ ਵੀ ਉਸਨੂੰ ਆਪਣੇ ਪੁੱਤ ਦੀ ਭੁੱਖ ਦਾ ਖ਼ਿਆਲ ਰਿਹਾ ਸੀ।
ਉਸਨੇ ਇਸ ਵਿਹਾਰ ਰਾਹੀਂ ਮੇਰੀ ਅੰਤਰ-ਆਤਮਾ ਵਿਚ ਜ਼ਿੰਦਗੀ ਦਾ ਬਿਹਤਰੀਨ ਗਲਪ-ਟੋਟਾ ਲਿਖ ਧਰਿਆ ਸੀ!
ਮੇਰੀ ਬੀਬੀ ਦਾ ਮੈਨੂੰ ਗਲਪਕਾਰ ਬਨਾਉਣ ਵਿਚ ਕੁਝ ਨਾ ਕੁਝ ਅਸਿੱਧਾ ਯੋਗਦਾਨ ਤਾਂ ਜ਼ਰੂਰ ਹੋਵੇਗਾ ਹੀ। ਪਿ“ ਤੋਂ ਪ੍ਰਾਪਤ ਚੁੱਪ ਨੇ ਮੈਨੂੰ, ਖ਼ਾਮੋਸ਼ ਰਹਿ ਕੇ, ਜ਼ਿੰਦਗੀ ਨੂੰ ਵੇਖਣ, ਜਾਨਣ ਤੇ ਮਾਨਣ ਵਿਚ ਜੇ ਕੁਝ ਹਿੱਸਾ ਪਾਇਆ ਤਾਂ ਉਸ ਜ਼ਿੰਦਗੀ ਨੂੰ ਬਿਆਨਣ ਵਿਚ ਕੁਝ ਨਾ ਕੁਝ ਹਿੱਸਾ ਤਾਂ ਮਾਂ ਦਾ ਵੀ ਹੋਵੇਗਾ; ਭਾਵੇਂ ਕਤਰੇ ਕੁ ਜਿੰਨਾ ਹੀ ਕਿਉਂ ਨਾ ਹੋਵੇ!
ਮੇਰੀ ਮਾਂ ਸਚਮੁੱਚ ਬੜੀ ਦਲੇਰ ਸੀ। ਖ਼ਰੀ ਗੱਲ ਕਰਨੋਂ ਕਦੀ ਨਹੀਂ ਸੀ ਰੁਕਦੀ, ਭਾਵੇਂ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਤੱਕ ਵੀ ਉਹ ਜਿਊਂਦੀ ਸੀ। ਮੇਰੀਆਂ ਪ੍ਰਾਪਤੀਆਂ ’ਤੇ ਖ਼ੁਸ਼ ਵੀ ਹੁੰਦੀ ਪਰ ਜੇ ਕਿਤੇ ਮੇਰੀ ਕੋਈ ਗੱਲ ਉਸਨੂੰ ਠੀਕ ਨਾ ਲੱਗਦੀ ਤਾਂ ਅਜੇ ਵੀ ਮੇਰੀ ਖੜਕਾਈ ਕਰ ਦਿੰਦੀ ਸੀ। ਮੇਰੀ ਮੰਗਣੀ ਤੋਂ ਬਾਅਦ ਇਕ ਹੋਰ ਬੀਬੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਨੂੰ ਇਹ ‘ਸੌਦਾ’ ਤਾਂ ਆਪ ਹੀ ਪਰਵਾਨ ਨਹੀਂ ਸੀ ਪਰ ਬੀਬੀ ਸਦਾ ਮੇਰੀ ਪਤਨੀ ਨੂੰ ਮਾਣ ਨਾਲ ਕਹਿੰਦੀ ਸੀ, ‘ਮੈਂ ਇਹਨੂੰ ਆਖਿਆ, ਬੰਦਾ ਬਣ ਜਾ। ਇਸ ਘਰ ਆਊ ਤਾਂ ਰਜਵੰਤ ਈ। ਕੋਈ ਹੋਰ ਆ ਕੇ ਵੇਖੇ ਤਾਂ ਸਹੀ। ਨਾਲੇ ਉਹਦੇ, ਨਾਲੇ ਤੇਰੇ ਗਿੱਟੇ ਨਾ ਛਾਂਗ ਦਿੱਤੇ ਤਾਂ ਮੇਰਾ ਨਾਂ ਵੀ ਜੋਗਿੰਦਰ ਕੌਰ ਨਹੀਂ।’
ਮੁਹੱਬਤ ਨਾਲ ਏਨੀ ਲਬਾ-ਲਬ ਭਰਪੂਰ ਕਿ ਮੇਰੇ ਨਕਸਲੀ ਮਿੱਤਰਾਂ ਹਰਭਜਨ ਹਲਵਾਰਵੀ, ਅਮਰਜੀਤ ਚੰਦਨ ਤੇ ਗੋਵਿੰਦਰ (ਹੁਣ ਅਜਮੇਰ ਸਿੰਘ) ਤੇ ਹੋਰਨਾਂ ਨੂੰ ਸਕੇ ਪੁੱਤਰਾਂ ਵਰਗਾ ਪਿਆਰ ਦਿੰਦੀ। ਇਹ ਸਾਰੇ ਵੀ ਬੀਬੀ ਨੂੰ ਮਾਵਾਂ ਵਰਗਾ ਆਦਰ ਦਿੰਦੇ। ਅਜਮੇਰ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਤਿੰਨ ਵਾਰ ਬੀਬੀ ਦੇ ਮਮਤਾਮਈ ਸੁਭਾਅ ਦਾ ਜ਼ਿਕਰ ਬੜੇ ਆਦਰ ਸਤਿਕਾਰ ਨਾਲ ਕੀਤਾ ਹੈ।
ਮੇਰੀ ਪਹਿਲੀ ਬੱਚੀ ਰੂਪ ਪੰਜ-ਚਾਰ ਦਿਨਾਂ ਦੀ ਸੀ ਕਿ ਐਮਰਜੈਂਸੀ ਦੌਰਾਨ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੇਰੀ ਪਤਨੀ ਛਿਲੇ ਵਿਚ ਹੀ ਰੂਪ ਨੂੰ ਨਾਲ ਲੈ ਕੇ ਬੀਬੀ ਸਮੇਤ ਜੇਲ੍ਹ ਵਿਚ ਮਿਲਣ ਆਈ। ਮੈਨੂੰ ਚਿੰਤਾ ਸੀ ਕਿ ਮੇਰੀ ਤਨਖ਼ਾਹ ਬੰਦ ਹੋ ਜਾਣ ਕਰਕੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਤਾਂ ਬੀਬੀ ਮੈਨੂੰ ਚੜ੍ਹਦੀ ਕਲਾ ਵਿਚ ਕਰਨ ਲਈ ਛੋਟੀ ਜਿਹੀ ਰੂਪ ਦਾ ਮੂੰਹ ਚੁੰਮ ਕੇ ਬੋਲੀ, ‘ਲੈ ਘਰ ਦਾ ਖ਼ਰਚਾ ਤਾਂ ਮੇਰੀ ਪੋਤਰੀ ਨੂੰ ਮਿਲਣ ਵਾਲੇ ਸ਼ਗਨਾਂ ਨਾਲ ਤੁਰਿਆ ਜਾਂਦਾ।’ ਮੈਂ ਅੰਦਰਲੀ ਹਕੀਕਤ ਤਾਂ ਸਮਝਦਾ ਸਾਂ ਪਰ ਇਹ ਮੇਰੀ ਬੀਬੀ ਦੇ ਸੁਭਾ ਦਾ ਗੁਣ ਸੀ ਕਿ ਉਹ ਨਾ ਆਪਣਾ ਤੇ ਨਾ ਕਿਸੇ ਨੇੜਲੇ ਦਾ ਹੌਸਲਾ ਡਿੱਗਣ ਦਿੰਦੀ। ਹਰੇਕ ਪ੍ਰਤੀਕੂਲ ਹਾਲਾਤ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣ ਦਾ ਮੇਰਾ ਸੁਭਾਅ ਵੀ ਸ਼ਾਇਦ ਬੀਬੀ ਦੇ ਸੁਭਾਅ ਦਾ ਹੀ ਮੇਰੇ ਉੱਤੇ ਪਿਆ ਪ੍ਰਛਾਵਾਂ ਹੋਵੇ।
ਸੱਚ ਕਹਿਣ ਦੀ ਦਲੇਰੀ ਤੇ ਬੇਬਾਕੀ ਜਿਹੇ ਗੁਣ-ਲੱਛਣ ਸ਼ਾਇਦ ਮੇਰੇ ਕੋਲ ਬੀਬੀ ਵੱਲੋਂ ਹੀ ਆਏ ਹੋਣ।
ਬੀਬੀ ਦੇ ਬੀਮਾਰ ਹੋਣ ਤੇ ਹਸਪਤਾਲ ਦਾਖ਼ਲ ਹੋਣ ਦਾ ਸੁਨੇਹਾਂ ਮਿਲਿਆ ਤਾਂ ਮੈਂ ਤੁਰੰਤ ਪਿੰਡ ਵੱਲ ਭੱਜਾ। ਜਾਂਦਿਆਂ ਮਨ ਵਿਚ ਖ਼ਿਆਲ ਆਇਆ ਕਿ ਆਪਣਾ ਨਵਾਂ ਛਪਿਆ ਸਫ਼ਰਨਾਮਾ ‘ਵਗਦੀ ਏ ਰਾਵੀ’, ਜਿਹੜਾ ਬੀਬੀ ਨੂੰ ਸਮਰਪਤ ਕੀਤਾ ਹੈ, ਨਾਲ ਲੈਂਦਾ ਜਾਵਾਂ ਤੇ ਉਸਨੂੰ ਆਪਣੀ ਉਸ ਪ੍ਰਤੀ ਅਕੀਦਤ ਵਿਖਾ ਕੇ ਲਾਡ ਲਡਾਵਾਂ ਤੇ ਬੀਮਾਰੀ ਵਿਚ ਹੌਸਲਾ ਦਿਆਂ। ਪਤਨੀ ਰਜਵੰਤ ਕਿਤਾਬ ਲੈਣ ਅੰਦਰ ਵੀ ਗਈ ਪਰ ਕਾਹਲੀ ਕਰਕੇ ਮੈਂ ਕਿਹਾ, ‘ਚੱਲ ਕੱਲ੍ਹ ਲੈ ਜਾਵਾਂਗੇ।’ ਪਰ ਕੱਲ੍ਹ ਨਾ ਆਇਆ। ਬੀਬੀ ਓਸੇ ਸ਼ਾਮ ਚੱਲ ਵੱਸੀ। ਉਹ ਕਿਤਾਬ ਅੱਜ ਵੀ ਵਿੰਹਦਾਂ ਤਾਂ ਬੀਬੀ ਚੇਤੇ ਆ ਜਾਂਦੀ ਹੈ।
