ਗੁਰਮੀਤ ਕੜਿਆਲਵੀ
ਫੋਨ: 98726-40994
ਗੁਰਮੀਤ ਕੜਿਆਲਵੀ, ਪੰਜਾਬੀ ਦਾ ਉੱਘਾ ਕਹਾਣੀਕਾਰ ਅਤੇ ਵਾਰਤਕਕਾਰ ਹੈ, ਜੋ ਕਥਾ ਪੁਸਤਕਾਂ, ਕਹਾਣੀਆਂ, ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਵਾਰਤਕ ਪੁਸਤਕਾਂ ਤੋਂ ਇਲਾਵਾ ਨਾਟਕ ਵੀ ਲਿਖ ਚੁੱਕਾ ਹੈ। ਉਸ ਦੀ ਕਹਾਣੀ ਆਤੂ ਖੋਜੀ ‘ਤੇ ਲਘੂ ਫਿਲਮ ਬਣ ਚੁੱਕੀ ਹੈ
ਤੇ ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ। ਉਸ ਦੀਆਂ ਕਈ ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਵੀ ਸ਼ਾਮਿਲ ਹਨ। ਪ੍ਰਿੰਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਹਾਸਲ ਕਰ ਚੁੱਕੇ ਕੜਿਆਲਵੀ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ ‘ਚ ਵੀ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ। ਅਸੀਂ ਆਪਣੇ ਪਾਠਕਾਂ ਲਈ ਉਸ ਦੀਆਂ ਕਹਾਣੀਆਂ ਦਾ ਕਾਲਮ ਸ਼ੁਰੂ ਕੀਤਾ ਹੈ, ਉਮੀਦ ਹੈ ਪਾਠਕਾਂ ਨੂੰ ਪਸੰਦ ਆ ਰਿਹਾ ਹੋਵੇਗਾ।
ਅਚਾਨਕ ਕਿਸੇ ਨੇ ਜ਼ੋਰ-ਜ਼ੋਰ ਨਾਲ ਘਰਦਾ ਬੂਹਾ ਖੜਕਾਇਆ ਸੀ। ਘਰਦੇ ਜੀਆਂ ਦੇ ਸਾਹ ਤੇਜ਼ੀ ਨਾਲ ਚੱਲਣ ਲੱਗੇ। ਐਨੇ ਹਨੇਰੇ ਕੌਣ? ਸੁੱਖ ਤਾਂ ਹੋ ਨ੍ਹੀਂਂ ਸੀ ਸਕਦੀ। ਘਰਦਿਆਂ ਨੂੰ ਲੱਗਾ ਜਿਵੇਂ ਕਈ ਦਿਨਾਂ ਦੀ ਟਲਦੀ-ਫਿਰਦੀ ਮੌਤ ਅੱਜ ਸਿਰ ‘ਤੇ ਆ ਖੜ੍ਹੀ ਹੋਵੇ।
‘ਠੱਕ! ਠੱਕ! ਠੱਕ!’ ਦਰਵਾਜ਼ਾ ਫੇਰ ਲਗਾਤਾਰ ਖੜਕਿਆ ਸੀ। ਘਰਦੇ ਸਾਰੇ ਜੀਅ ਸਹਿਮ ਗਏ। ਦਹਿਸ਼ਤ ਉਨ੍ਹਾਂ ਦੇ ਸਿਰਾਂ ਉੱਪਰ ਆ ਚੜ੍ਹੀ ਸੀ। ਕਿਸੇ ਨੂੰ ਸਮਝ ਨ੍ਹੀਂਂ ਸੀ ਲੱਗ ਰਿਹਾ ਕਿ ਕੀ ਕੀਤਾ ਜਾਵੇ। ਸਾਰੇ ਇੱਕ ਦੂਜੇ ਵੱਲ ਡਰੀਆਂ-ਡਰੀਆਂ ਅੱਖਾਂ ਨਾਲ ਝਾਕੀ ਜਾਂਦੇ ਸਨ।
‘ਅੱਜ ਨ੍ਹੀਂ ਬਚਦੇ’ ਜਿਵੇਂ ਸਾਰੇ ਇੱਕ ਦੂਜੇ ਨੂੰ ਆਖ ਰਹੇ ਸਨ ਪਰ ਬੋਲ ਨ੍ਹੀਂਂ ਸੀ ਰਹੇ।
‘ਤੁਸੀਂ ਇੱਧਰ-ਉਧਰ ਹੋਜੋ। ਪੌੜੀ ਰਾਹੀਂ ਨਿਕਲਜੋ ਪਿਛਲੇ ਪਾਸੇ।’ ਬਾਪੂ ਨੇ ਮੇਰੇ ਭਰਾਵਾਂ ਨੂੰ ਆਖਿਆ।
‘ਮੈਂ ਵੇਖਦਾਂ।’ ਬਾਪੂ ਨੇ ਕਿਰਪਾਨ ਦੇ ਮੁੱਠੇ ਨੂੰ ਘੁੱਟਦਿਆਂ ਮੇਰੇ ਤੋਂ ਛੋਟੇ ਦੋਵਾਂ ਨੂੰ ਜਿਵੇਂ ਆਦੇਸ਼ ਦਿੱਤਾ।
‘ਜੇ ਪਿਛਲੇ ਪਾਸੇ ਕੋਈ ਖੜਾ ਹੋਇਆ?’ ਨਿੱਕਾ ਬੋਲਿਆ ਸੀ।
‘ਕੋਈ ਫਾਇਦਾ ਨ੍ਹੀਂ’ ਦੂਸਰਾ ਸੀ। ਸਿੱਧੇ ਤੌਰ ਤੇ ਕੋਈ ਕਿਸੇ ਨੂੰ ਨ੍ਹੀਂਂ ਸੀ ਆਖ ਰਿਹਾ ਕਿ ਹੁਣ ਕਿਸੇ ਪਾਸੇ ਭੱਜਣ ਦਾ ਕੋਈ ਲਾਭ ਨ੍ਹੀਂਂ ਹੋਣਾ।
ਦਰਵਾਜ਼ੇ ਦਾ ਬਾਹਰਲਾ ਕੁੰਡਾ ਲਗਾਤਾਰ ਖੜਕੀ ਜਾਂਦਾ ਸੀ। ਘਰਦਿਆਂ ਨੂੰ ਲੱਗਦਾ ਸੀ ਜਿਵੇਂ ਯਮਰਾਜ ਮੌਤ ਦਾ ਪ੍ਰਵਾਨਾ ਹੱਥ ਵਿਚ ਫੜੀ ਘੰਟੀਆਂ ਖੜਕਾ ਰਿਹਾ ਹੋਵੇ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਪੰਜਾਬ ਦੇ ਪਿੰਡਾਂ ਵਿਚ ਸ਼ਾਮੀ ਚਾਰ ਵਜੇ ਹੀ ਰਾਤ ਪੈ ਜਾਂਦੀ ਸੀ। ਇਨ੍ਹਾਂ ਦਹਿਸ਼ਤ ਭਰੇ ਦਿਨਾਂ ਵਿਚ ਪੰਜਾਬ ਵਿਚ ਏ ਕੇ ਸੰਤਾਲੀਆਂ ਦਾ ਰਾਜ ਸੀ। ਰਾਜ ਭਾਗ ਨੂੰ ਪਲਟ ਕੇ ਦਲਿਤਾਂ ਦਾ ਆਪਣਾ ਰਾਜ ਲਿਆਉਣ ਦਾ ਭੂਤ ਉਨ੍ਹੀਂ ਦਿਨੀਂ ਮੇਰੇ ਉੱਤੇ ਵੀ ਸਵਾਰ ਹੋਇਆ ਰਹਿੰਦਾ ਸੀ। ਮੇਰੇ ਵਰਗੇ ਹਜ਼ਾਰਾਂ-ਲੱਖਾਂ ਲੋਕ ਉਦੋਂ ਪੰਜਾਬ ਵਿਚਲੀ ਵਿਧਾਨ ਸਭਾ ਉੱਤੇ ਕਬਜ਼ਾ ਕਰਨ ਦੇ ਸੁਪਨੇ ਲੈਂਦੇ ਫਿਰਦੇ ਸਨ। ਪੰਜਾਬ ਦੇ ਨਾਲ-ਨਾਲ ਅਸੀਂ ਮਸਤ ਹੋਇਆ ਹਾਥੀ ਦਿੱਲੀ ਦੇ ਲਾਲ ਕਿਲ੍ਹੇ ਵਿਚ ਵਾੜ ਦੇਣ ਦੀਆਂ ਬੜਕਾਂ ਵੀ ਮਾਰਦੇ ਸਾਂ। ਸੁਪਨਿਆਂ ਦੇ ਇਨ੍ਹੀਂ ਦਿਨੀਂ ਮੈਂ ਜਿਲ੍ਹਾ ਫਿਰੋਜ਼ਪੁਰ ਦੀ ਪਾਰਟੀ ਦਾ ਸਕੱਤਰ ਸਾਂ। ਬੰਦੂਕਾਂ ਦੀ ਛਾਂ ਹੇਠ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੂਰੀ ਸਰਗਰਮ ਭੂਮਿਕਾ ਨਿਭਾਈ ਸੀ।
ਪੰਜਾਬ ਵਿਚ ਹੋ ਰਹੀਆਂ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਲਈ ਏ.ਕੇ. ਸੰਤਾਲੀਆਂ ਵੱਲੋਂ ਫਤਵਾ ਜਾਰੀ ਕੀਤਾ ਗਿਆ ਸੀ। ਇਸ ਹੁਕਮਨਾਮੇ ਦਾ ਅਸਰ ਵੀ ਪੂਰਾ ਸੀ। ਉਦੋਂ ਹੁਣ ਦੀਆਂ ਚੋਣਾਂ ਵਾਂਗੂੰ ਪਿੰਡਾਂ/ਸ਼ਹਿਰਾਂ ਦੀਆਂ ਸੱਥਾਂ ਵਿਚ ਮੇਲੇ ਨ੍ਹੀਂਂ ਸੀ ਲੱਗਦੇ। ਅਸੀਂ ਚੋਰਾਂ ਵਾਂਗੂੰ ਚੋਣ ਪ੍ਰਚਾਰ ਕਰਦੇ ਸਾਂ। ਸੀ.ਆਰ.ਪੀ ਦੇ ਜੁਆਨਾਂ ਦੀ ਧਾੜ ਹਰ ਪਾਰਟੀ ਦੇ ਉਮੀਦਵਾਰ ਦੇ ਨਾਲ ਚੱਲਦੀ ਸੀ। ਸੁਪਰਕਾਪ ਕੇ.ਪੀ.ਐੱਸ. ਗਿੱਲ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖੁਲ੍ਹ ਕੇ ਵੋਟਾਂ ਪਾਉਣ ਲਈ ਪ੍ਰੇਰਿਆ ਜਾ ਰਿਹਾ ਸੀ। ਇਸਦੇ ਬਾਵਜੂਦ ਵੋਟਾਂ ਵਾਲੇ ਦਿਨ ਚੋਣ ਬੂਥਾਂ ‘ਤੇ ਬੇਰੌਣਕੀ ਬਣੀ ਰਹੀ। ਕੋਈ ਵਿਰਲਾ-ਟਾਵਾਂ ਬੰਦਾ ਵੋਟਾਂ ਵਾਲੇ ਦਿਨ ਘਰੋਂ ਨਿਕਲ ਕੇ ਪੋਲਿੰਗ ਸਟੇਸ਼ਨ ‘ਤੇ ਆਇਆ ਸੀ। ਏ.ਕੇ. ਸੰਤਾਲੀਆਂ ਦੀ ਦਹਿਸ਼ਤ ਸਿਰ ਚੜ੍ਹ ਕੇ ਬੋਲੀ ਹੀ ਨ੍ਹੀਂਂ ਸਗੋਂ ਗੜਗੱਜਾਂ ਪਾਉਂਦੀ ਨਜ਼ਰ ਆਈ ਸੀ। ਸਾਡੇ ਵਰਗੇ, ਦਲਿਤਾਂ ਦਾ ਰਾਜ ਭਾਗ ਲਿਆਉਣ ਦੇ ਸੁਪਨੇ ਵੇਖਣ ਵਾਲੇ, ਦਹਿਸ਼ਤ ਦੇ ਇਸ ਦਿਨ ਵੀ ਪੂਰੇ ਟਹਿਕਰੇ ਵਿਚ ਸਨ ਅਤੇ ਪਾਰਟੀ ਦੇ ਹਮਾਇਤੀ ਵੋਟਰਾਂ ਨੂੰ ਘਰਾਂ ਵਿਚੋਂ ਖੱਡ ਕੇ ਲਿਆਉਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ। ਦਹਿਸ਼ਤ ਦਾ ਆਲਮ ਏਨਾ ਤਾਰੀ ਸੀ ਕਿ ਸਾਡੇ ਵਾਲੇ ਉਮੀਦਵਾਰ ਤੋਂ ਬਿਨਾਂ ਹੋਰ ਕਿਸੇ ਪਾਰਟੀ ਦਾ ਵੀ ਪੋਲਿੰਗ ਏਜੰਟ, ਪੋਲਿੰਗ ਸਟੇਸ਼ਨ ਅੰਦਰ ਹਾਜ਼ਰ ਨ੍ਹੀਂਂ ਸੀ ਹੋਇਆ। ਚੋਣਾਂ ਕਰਵਾਉਣ ਵਾਲੇ ਅਮਲੇ ਨੂੰ ਚਾਹ-ਪਾਣੀ ਦੇਣ ਲਈ ਵੀ ਕੋਈ ਨੰਬਰਦਾਰ, ਸਰਪੰਚ ਨਾ ਬਹੁੜਿਆ। ਅਸੀਂ ਹੀ ਉਨ੍ਹਾਂ ਨੂੰ ਚਾਹ-ਪਾਣੀ ਪਿਆਇਆ ਸੀ ਤੇ ਇਸਦੇ ਇਵਜ਼ਾਨੇ ਵਿਚ ਅਮਲੇ ਨੇ ਸਾਨੂੰ ਖੁਲ੍ਹ ਕੇ ਖੇਡਣ ਦੀ ਛੁੱਟੀ ਦਿੱਤੀ ਰੱਖੀ ਸੀ। ਹੋਰ ਕੋਈ ਰੋਕਣ-ਟੋਕਣ ਵਾਲਾ ਤਾਂ ਹੈ ਨ੍ਹੀਂਂ ਸੀ।
ਅਸੀਂ ਸਾਰਾ ਜ਼ੋਰ ਲਾ ਕੇ ਪਿੰਡ ਵਿਚੋਂ 250 ਤੋਂ ਵੱਧ ਵੋਟ ਭੁਗਤਾ ਦਿੱਤੀ। ਇਹ ਗਿਣਤੀ ਕੋਈ ਛੋਟੀ ਨ੍ਹੀਂਂ ਸੀ, ਜਦੋਂ ਕਿ ਵਿਧਾਨ ਸਭਾ ਦੀਆਂ ਉਨ੍ਹਾਂ ਚੋਣਾਂ ਵਿਚ ਮਾਨਸੇ ਜਿਲ੍ਹੇ ਦੇ ਜੋਗਾ ਹਲਕੇ ‘ਚੋਂ ਇੱਕ ਉਮੀਦਵਾਰ ਸਾਢੇ ਤਿੰਨ ਕੁ ਸੈਂਕੜੇ ਵੋਟਾਂ ਲੈ ਕੇ ਵਿਧਾਨ ਸਭਾ ਅੰਦਰ ਜਾ ਪਹੁੰਚਿਆ ਸੀ। ਸਾਡੇ ਵਾਲੀ ਵਿਧਾਨ ਸਭਾ ਅਤੇ ਸੰਸਦੀ ਸੀਟ ਪਾਰਟੀ ਨੇ ਜਿੱਤ ਲਈ ਸੀ। ਪਾਰਟੀ ਦੇ ਛੇ ਐਮ.ਐਲ.ਏ. ਦੁਆਬੇ ਵਿਚੋਂ ਅਤੇ ਸਾਡੇ ਵਾਲੀ ਵਿਧਾਨ ਸਭਾਈ ਸੀਟ ਸਮੇਤ ਤਿੰਨ ਮਾਲਵੇ ਵਿਚੋਂ ਜਿੱਤ ਗਏ ਸਨ। ਸ੍ਰ. ਬੇਅੰਤ ਸਿੰਘ ਦੀ ਅਗਵਾਈ ਵਿਚ ਸਰਕਾਰ ਕਾਂਗਰਸ ਪਾਰਟੀ ਨੇ ਬਣਾ ਲਈ ਸੀ।
ਗੱਲ ਵੋਟਾਂ ਪੈਣ ਨਾਲ ਹੀ ਠੱਪ ਨ੍ਹੀਂਂ ਸੀ ਹੋ ਗਈ ਬਲਕਿ ਸ਼ੁਰੂ ਹੋਈ ਸੀ। ਏ.ਕੇ. ਸੰਤਾਲੀਆਂ ਨੇ ਪੰਜਾਬ ਵਿਚ ਵੱਖ-ਵੱਖ ਥਾਈਂ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਪੂਹਲੇ ਨਥਾਣੇ ਵੱਲ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਲੰਢੇਕੇ, ਨੂਰਮਹਿਲ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਸਿੱਧਮ ਦੇ ਹਿਮਾਇਤੀ ਅਤੇ ਰੋਪੜ ਵਾਲੇ ਪਾਸੇ ਪਾਰਟੀ ਹਿਮਾਇਤੀਆਂ ਦੇ ਮਾਰੇ ਜਾਣ ਕਾਰਨ ਪੂਰੇ ਪੰਜਾਬ ਵਿਚ ਵੋਟਾਂ ਪਾਉਣ ਵਾਲੇ ਲੋਕ ਦਹਿਸ਼ਤ ਦਾ ਸ਼ਿਕਾਰ ਹੋਏ ਪਏ ਸਨ। ਪਿੰਡ ਵਿਚੋਂ ਕਾਫ਼ੀ ਗਿਣਤੀ ਵਿਚ ਵੋਟਾਂ ਪੁਆਉਣ ਅਤੇ ਚੋਣਾਂ ਵਿਚ ਸਰਗਰਮੀ ਨਾਲ ਭਾਗ ਲੈਣ ਕਰਕੇ ਮੈਂ ਵੀ ਆਪਣੇ-ਆਪ ਨੂੰ ਸੁਰੱਖਿਅਤ ਨ੍ਹੀਂਂ ਸੀ ਸਮਝਦਾ। ਕਿਸੇ ਵਕਤ ਕੁਝ ਵੀ ਹੋ ਸਕਦਾ ਸੀ। ਫੇਰ ਪੁਲਿਸ ਅਤੇ ਸੀ ਆਰ ਪੀ ਦੀ ਸੁਰੱਖਿਆ ਤਾਂ ਕੇਵਲ ਲੀਡਰਾਂ ਨੂੰ ਹੀ ਮਿਲੀ ਹੋਈ ਸੀ, ਮੇਰੇ ਵਰਗੇ ਆਮ ਬੰਦੇ ਦਾ ਤਾਂ ਨੀਲੀ ਛੱਤਰੀ ਆਲੇ ‘ਤੇ ਹੀ ਭਰੋਸਾ ਸੀ।
ਕਿਸੇ ਤਰ੍ਹਾਂ ਦੀ ਅਨਹੋਣੀ ਤੋਂ ਬਚਣ ਲਈ ਚੌਕਸੀ ਵਰਤਣੀ ਬੇਹੱਦ ਜ਼ਰੂਰੀ ਹੋ ਗਈ ਸੀ। ਇੱਧਰੋਂ-ਉਧਰੋਂ ਉੱਡ-ਉੱਡ ਕੇ ਘਰਾਂ ਦੇ ਬੂਹਿਆਂ ਅੰਦਰ ਆਉਂਦੀਆਂ ਅਫ਼ਵਾਹਾਂ ਨੇ ਘਰਦਿਆਂ ਦੇ ਮਨਾਂ ਵਿਚ ਹੋਰ ਵਧੇਰੇ ਖ਼ੌਫ਼ ਪੈਦਾ ਕੀਤਾ ਹੋਇਆ ਸੀ। ਜਿੰਨਾ ਲੋਕਾਂ ਨੂੰ ਅਸੀਂ ਉਤਸ਼ਾਹਿਤ ਕਰਕੇ ਵੋਟਾਂ ਪੁਆਈਆਂ ਸਨ, ਖ਼ਾਸ ਕਰਕੇ ਜਿਨ੍ਹਾਂ ਘਰਾਂ ਦੇ ਨੌਜੁਆਨ ਮੁੰਡੇ ਮੇਰੇ ਨਾਲ ਝੰਡਾ ਚੁੱਕੀ ਤੁਰੇ ਫਿਰਦੇ ਸਨ, ਉਨ੍ਹਾਂ ਦੇ ਘਰਾਂ ਵਾਲੇ ਮੈਨੂੰ ਬੁਰਾ-ਭਲਾ ਆਖ ਰਹੇ ਸਨ। ਕਈ ਬੁੜੀਆਂ ਤਾਂ ਸਾਡੇ ਘਰੇ ਆ ਕੇ ਗਾਲ੍ਹਾਂ ਵੀ ਖੱਡ ਗਈਆਂ। ਦਰਅਸਲ ਉਨ੍ਹਾਂ ਦਾ ਵੀ ਕੋਈ ਕਸੂਰ ਨ੍ਹੀਂਂ ਸੀ। ਏ.ਕੇ. ਸੰਤਾਲੀ ਵੱਲੋਂ ਭੰਗ ਦੇ ਭਾੜੇ ਵਰਤਾਈ ਜਾਂਦੀ ਮੌਤ ਨੇ ਦਹਿਸ਼ਤ ਹੀ ਏਨੀ ਪੈਦਾ ਕੀਤੀ ਹੋਈ ਸੀ। ਬਿਲਕੁਲ ਆਮ ਲੋਕਾਂ ਨੂੰ ਤਾਂ ਕੀ, ਸਾਨੂੰ ਵੀ ਹਰ ਵੇਲੇ ਮੌਤ ਅੱਖਾਂ ਅੱਗੇ ਤਾਂਡਵ ਨਾਚ ਕਰਦੀ ਪ੍ਰਤੀਤ ਹੁੰਦੀ ਸੀ।
ਉਨ੍ਹੀਂ ਦਿਨੀਂ ਸੂਰਜ ਦੇ ਕੋਠਿਓ ਲਹਿੰਦਿਆਂ ਹੀ ਘਰਾਂ ਅੰਦਰ ਤੜ ਜਾਈਦਾ ਸੀ। ਛੇ ਸਾਢੇ ਛੇ ਵਜੇ ਤੋਂ ਬਾਅਦ, ਰੇਡੀਓ-ਟੈਲੀਵਿਜ਼ਨ ਕੋਈ ਨ੍ਹੀਂ ਸੀ ਲਾਉਂਦਾ। ਘਰਾਂ-ਮੁਹੱਲਿਆਂ ਵਿਚ ਮੜੀਆਂ ਵਰਗੀ ਸੁੰਨ-ਮਸਾਨ ਪੱਸਰੀ ਰਹਿੰਦੀ ਸੀ। ਕਿੱਧਰੇ ਮਾੜਾ ਜਿਹਾ ਵੀ ਖੜਕਾ ਹੁੰਦਾ ਸਾਡਾ ਤ੍ਰਾਹ ਨਿਕਲ ਜਾਂਦਾ। ਆਪ ਮੁਹਾਰੇ ਹੱਥ ਸੁਰੱਖਿਆ ਵਾਲੇ ਸਾਧਨਾਂ ਵੱਲ ਉੱਲਰ ਪੈਂਦੇ। ਏ.ਕੇ. ਸੰਤਾਲੀਆਂ ਅਤੇ ਹੋਰ ਖ਼ਤਰਨਾਕ ਹਥਿਆਰਾਂ ਦਾ ਕੋਈ ਮੁਕਾਬਲਾ ਤਾਂ ਨ੍ਹੀਂਂ ਸੀ ਪਰੰਤੂ ਬਚਾਅ ਲਈ ਚੁੱਕਿਆ ਛੋਟਾ ਜਿਹਾ ਕਦਮ ਵੀ ਕਈ ਵਾਰ ਵੱਡੇ-ਵੱਡੇ ਹਮਲਿਆਂ ਨੂੰ ਪਛਾੜ ਸੁੱਟਦਾ ਹੈ। ਅਣੀ-ਪਟੱਕੇ ਤੇਜ਼ ਆ ਕੇ ਵੱਜਿਆ ਇੱਟ-ਰੋੜਾ ਵੀ ਬੰਦੂਕ ਦੀ ਗੋਲੀ ਨਾਲੋਂ ਵਧੇਰੇ ਮਾਰ ਕਰਦਾ ਹੈ। ਕਈ ਕਾਮਰੇਡਾਂ ਵੱਲੋਂ ਹੌਂਸਲੇ ਨਾਲ ਹਮਲਾ ਕਰਨ ਆਇਆਂ ਨੂੰ ਇੱਟਾਂ ਰੋੜਿਆਂ ਨਾਲ ਹੀ ਭਜਾ ਦੇਣ ਦੀਆਂ ਖ਼ਬਰਾਂ ਵੀ ਸੁਣੀਆਂ ਹੋਈਆਂ ਸਨ। ਏ.ਕੇ. ਸੰਤਾਲੀਆਂ ਦੇ ਜੁਆਬ ਵਿਚ ਏ.ਕੇ. ਸੰਤਾਲੀਆਂ ਨਾ ਸਹੀ, ਦੇਸੀ ਹਥਿਆਰ ਤਾਂ ਵਰਤੇ ਹੀ ਜਾ ਸਕਦੇ ਸਨ। ਸੋ ਜਿੰਨੀ ਵੀ ਚੌਕਸੀ ਅਤੇ ਤਿਆਰੀ ਰੱਖੀ ਜਾ ਸਕਦੀ ਸੀ, ਆਵਦੇ ਵਲੋਂ ਰੱਖ ਰਹੇ ਸਾਂ।
ਵਹਿਸ਼ਤ ਅਤੇ ਦਹਿਸ਼ਤ ਨਾਲ ਭਰੇ ਇਨ੍ਹਾਂ ਦਿਨਾਂ ਵਿਚ ਹੀ ਇੱਕ ਦਿਨ ਮੈਨੂੰ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਪੈ ਗਿਆ। ਕੁਵੇਲਾ ਹੋ ਜਾਣ ਕਰਕੇ ਮੈਂ ਰਾਤ ਵੀ ਉੱਥੇ ਹੀ ਰਹਿ ਗਿਆ। ਇਸ ਸਬੰਧੀ ਘਰਦਿਆਂ ਵੱਲੋਂ ਉਚੇਚੀਆਂ ਹਦਾਇਤਾਂ ਸਨ ਕਿ ਕੁਵੇਲੇ ਨ੍ਹੀਂਂ ਆਉਣਾ। ਜਿੱਥੇ ਰਾਤ ਪੈਂਦੀ ਹੈ, ਟਿਕਾਣਾ ਉੱਥੇ ਹੀ ਕਰ ਲੈਣਾ ਹੈ। ਏਸੇ ਕਰਕੇ ਮੈਂ ਉਨ੍ਹਾਂ ਦਿਨਾਂ ਵਿਚ ਜਾਂ ਤਾਂ ਦਿਨ ਖੜ੍ਹੇ-ਖੜੇ੍ਹ ਘਰੇ ਆ ਜਾਂਦਾ ਸਾਂ ਤੇ ਜਾਂ ਫਿਰ ਜਿੱਥੇ ਕਿਸੇ ਮਿੱਤਰ-ਦੋਸਤ ਕੋਲ ਹਨੇਰਾ ਹੋ ਜਾਂਦਾ, ਮੰਜਾ ਮੱਲ ਲੈਂਦਾ। ਉਸ ਦਿਨ ਘਰਦਿਆਂ ਨੇ ਵੀ ਵਕਤ ਸਿਰ ਹੀ ਬੂਹੇ ਭੇੜ ਲਏ ਸਨ। ਆਮ ਦਿਨਾਂ ਵਾਂਗ ਵੇਲੇ ਸਿਰ ਹੀ ਬੱਤੀਆਂ ਬੰਦ ਹੋ ਗਈਆਂ ਸਨ। ਆਂਢ-ਗੁਆਂਢ ਦੇ ਘਰਾਂ ਵਿਚੋਂ ਵੀ ਬੋਲ-ਚਾਲ ਦੀਆਂ ਆਵਾਜ਼ਾਂ ਸੁਣਾਈ ਦੇਣੋ ਹਟ ਗਈਆਂ ਸਨ। ਸਾਰਾ ਪਿੰਡ ਸੁਸਰੀ ਵਾਂਗ ਸੁੱਤਾ ਪਿਆ ਸੀ। ਕਿਸੇ ਕਿਸੇ ਕੁੱਤੇ ਦੇ ਭੌਂਕਣ ਦੀ ਟਾਵੀਂ-ਟਾਵੀਂ ਆਵਾਜ਼ ਰਾਤ ਦੀ ਸੰਨਾਟੇ ਭਰੀ ਚੁੱਪ ਨੂੰ ਤੋੜਦੀ।
ਦਹਿਸ਼ਤ ਦੇ ਇਨ੍ਹੀਂ ਦਿਨੀਂ ਤਾਂ ਕੋਈ ਰਿਸ਼ਤੇਦਾਰ ਵੀ ਮਿਲਣ ਨ੍ਹੀਂਂ ਸੀ ਆਉਂਦਾ। ਸਭ ਰਿਸ਼ਤੇਦਾਰਾਂ ਨੂੰ ਹੀ ਸਾਡੀ ਕੁੜਿਕੀ ਵਿਚ ਫਸੀ ਜ਼ਿੰਦਗੀ ਦਾ ਪਤਾ ਸੀ ਫਿਰ ਅਜਿਹੇ ਵੇਲੇ ਕੌਣ ਹੋ ਸਕਦਾ ਸੀ? ਕੋਈ ਰਿਸ਼ਤੇਦਾਰ ਹੁੰਦਾ ਤਾਂ ਆਵਾਜ਼ ਹੀ ਮਾਰ ਦਿੰਦਾ। ਇਧਰ ਘਰਦੇ ਜੀਅ ਕੀ ਕਰੀਏ… ਕੀ ਕਰੀਏ, ਦੀਆਂ ਸੋਚਾਂ ਦੀ ਉਧੇੜ ਬੁਣ ਕਰ ਰਹੇ ਸਨ ਅਤੇ ਉਧਰ ਦਰਵਾਜ਼ੇ ਉੱਪਰ ਠੱਕ-ਠੱਕ ਲਗਾਤਾਰ ਜਾਰੀ ਸੀ। ‘ਮੈਂ ਆਵਾਜ਼ ਮਾਰ ਕੇ ਦਰਵਾਜ਼ਾ ਖੋਲ੍ਹੂੰ ਤੇ ਫਿਰ ਇੱਕ ਦਮ ਪਾਸੇ ਹੋ ਜਾਊਂ, ਦਰਵਾਜ਼ੇ ਦੇ ਨਾਲ ਹੀ। ਤੁਸੀਂ ਦੂਜੇ ਪਾਸੇ ਤਖ਼ਤੇ ਉਹਲੇ ਹੋ ਜਾਣਾ। ਜੇ ਗੜਬੜ ਲੱਗੀ…ਗੱਡ ਦੇਵੀਂ ਸਿੱਧਾ ਛਾਤੀ ਵਿਚ, ਫੇਰ ਵੇਖੀ ਜਾਊ। ਇੱਕ ਦੋ ਨੂੰ ਨ੍ਹੀਂਂ ਲਈਦੇ।’ ਫ਼ੌਜੀ ਰਹੇ ਬਾਪੂ ਨੇ ਸਾਰੀ ਪਲਾਨਿੰਗ ਦੋਵਾਂ ਛੋਟਿਆਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ। ਸਭ ਤੋਂ ਛੋਟਾ ਜੋ ਹੱਡਾਂ-ਪੈਰਾਂ ਦਾ ਮੋਕਲਾ ਤੇ ਕਾਫ਼ੀ ਫੁਰਤੀਲਾ ਸੀ, ਨੇ ਲੰਮੀ ਬਰਛੀ ਹੱਥਾਂ ਵਿਚ ਸੰਭਾਲ ਲਈ। ਵਿਚਕਾਰਲੇ ਨੇ ਵੀ ਖੁੰਢੀ ਜਿਹੀ ਗੰਡਾਸੀ ਚੱਕ ਲਈ ਸੀ।
ਪੂਰੀ ਤਿਆਰੀ ਕਰਕੇ ਬਾਪੂ ਨੇ ਮਿੱਥੇ ਅਨੁਸਾਰ ਦਰਵਾਜ਼ੇ ਨੂੰ ਖੋਲ੍ਹਣ ਤੋਂ ਪਹਿਲਾਂ ਪੁੱਛਿਆ, ‘ਕੌਣ?’
‘ਤੂੰ ਬਾਰ ਤਾਂ ਖੋਲ੍ਹ, ਦੱਸਦੇਂ ਤੈਨੂੰ ਕੌਣ ਆਂ’ ਬਾਹਰੋਂ ਆਈ ਰੋਹਬੀਲੀ ਆਵਾਜ਼ ਨੇ ਦਹਿਸ਼ਤ ਨੂੰ ਹੋਰ ਤਿੱਖਾ ਕਰ ਦਿੱਤਾ।
‘ਕੱਲਾ ਕਹਿਰਾ ਨ੍ਹੀਂ…ਦੋ-ਤਿੰਨ ਬੰਦੇ ਲੱਗਦੇ ਆ।’ ਬਾਹਰੋਂ ਆਪਸ ਵਿਚ ਹੋ ਰਹੀ ਗੱਲਬਾਤ ਵੀ ਥੋੜ੍ਹੀ-ਥੋੜ੍ਹੀ ਸੁਣਾਈ ਦਿੰਦੀ ਸੀ।
ਦਰਵਾਜ਼ਾ ਖੋਲਣ ਤੋਂ ਇਲਾਵਾ ਹੋਰ ਕੋਈ ਚਾਰਾ ਘਰਦਿਆਂ ਨੂੰ ਨਜ਼ਰ ਨ੍ਹੀਂਂ ਸੀ ਆਉਂਦਾ। ਕੰਧਾਂ ਇੰਨੀਆਂ ਉੱਚੀਆਂ ਨ੍ਹੀਂਂ ਸਨ ਕਿ ਟੱਪ ਕੇ ਅੰਦਰ ਆਉਣ ਵਾਲਿਆਂ ਨੂੰ ਰੋਕ ਸਕਣ। ਸੋ ਦਰਵਾਜ਼ਾ ਤਾਂ ਖੋਲ੍ਹਣਾ ਹੀ ਪੈਣਾ ਸੀ। ਹੁਣ ਅਗਲੀ ਗੱਲ ਬਾਪੂ ਦੇ ਫ਼ੌਜ਼ੀ ਪੈਂਤੜੇ ਨਾਲ ਮੋਰਚਾ ਲਾਉਣ ਅਤੇ ਦਰਵਾਜ਼ਾ ਖੋਲ੍ਹਣ ਦੀ ਸੀ। ਸਕੀਮ ਅਨੁਸਾਰ ਦਰਵਾਜ਼ਾ ਬਾਪੂ ਨੇ ਖੋਲਣਾ ਸੀ ਤੇ ਸਭ ਤੋਂ ਨਿੱਕੇ ਅਤੇ ਵਿਚਕਾਰਲੇ ਭਰਾ ਨੇ ਤਖ਼ਤਾ ਖੋਲ੍ਹਦਿਆਂ ਸਾਰ ਉਹਲੇ ਹੋ ਜਾਣਾ ਸੀ।
ਲੱਕੜ ਦੀਆਂ ਭਾਰੀਆਂ-ਭਾਰੀਆਂ ਫੱਟੀਆਂ ਵਾਲਾ ਚੀਕੂੰ-ਚੀਕੂੰ ਕਰਦਾ ਦਰਵਾਜ਼ਾ ਜਿਉਂ ਹੀ ਬਾਪੂ ਨੇ ਖੋਲਿ੍ਹਆ, ਦੋਵੇਂ ਭਰਾ ਫੁਰਤੀ ਨਾਲ ਤਖ਼ਤਿਆਂ ਦੇ ਉਹਲੇ ਕੌਲਿਆਂ ਨਾਲ ਜਾ ਲੱਗੇ। ਬਾਪੂ ਦੇ ਹੱਥ ‘ਚ ਫੜੀ ਖੁੰਢੀ ਕਿਰਪਾਨ ਭੁੱਖੇ ਸ਼ੇਰ ਵਾਂਗ ਮੂੰਹ ਅੱਡੀ ਖੜ੍ਹੀ ਸੀ। ਦਰਵਾਜ਼ੇ ਦੇ ਸਾਹਮਣੇ ਕਲੀਨ ਸੇਵਨ ਘੋਨੇ-ਮੋਨੇ ਤੇ ਖ਼ਾਲੀ ਹੱਥ ਖੜ੍ਹੇ ਮੁੰਡਿਆਂ ਨੂੰ ਵੇਖ ਕੇ ਬਾਪੂ ਦਾ ਹੱਥ ਢਿੱਲਾ ਪੈ ਗਿਆ। ਦੋਵੇਂ ਮੁੰਡੇ ਸਾਰਾ ਕੌਤਕ ਜਿਆ ਵੇਖ ਕੇ ਘਬਰ੍ਹਾ ਗਏ ਸਨ।
‘ਗੁਰਮੀਤ ਦਾ ਘਰ ਇਹੀ ਆ?’
‘ਹਾਂ ਇਹੀ ਆ।’ ਬਾਪੂ ਦੀ ਸੁਰ ਇੱਕ ਦਮ ਨਰਮ ਹੋ ਗਈ ਸੀ।
‘ਮੈਂ ਜਲੰਧਰੋਂ ਆ, ਦੇਸ ਰਾਜ ਕਾਲੀ! ਇਹ ਭਗਵੰਤ ਆ, ਭਗਵੰਤ ਰਸੂਲਪੁਰੀ। ਅਸੀਂ ਕੜਿਆਲਵੀ ਨੂੰ ਮਿਲਣ ਆਏ ਆਂ।’ ਕਾਲੀ ਕਾਹਲੀ-ਕਾਹਲੀ ਬੋਲਿਆ ਸੀ। ਤਖ਼ਤੇ ਉਹਲਿਓਂ ਦੋਵੇਂ ਛੋਟੇ ਭਰਾ ਵੀ ਨਿਕਲ ਆਏ ਸਨ। ਉਨ੍ਹਾਂ ਦੋਵਾਂ ਨੇ ਕਾਲੀ ਹੋਰਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਇਆ ਸੀ। ਭਾਵੇਂ ਉਹ ਪਹਿਲਾਂ ਕਦੇ ਮਿਲੇ ਨ੍ਹੀਂਂ ਸਨ ਪਰ ਇਨ੍ਹਾਂ ਦੋਵਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ।
‘ਬਾਈ ਅਸੀਂ ਤਾਂ ਡਰ ਈ ਗਏ ਸੀ’ ਸਭ ਤੋਂ ਨਿੱਕਾ ਕੱਚਾ ਜਿਆ ਹੋ ਕੇ ਬੋਲਿਆ ਸੀ।
‘ਡਰੀ ਤਾਂ ਹੁਣ ਤੱਕ ਅਸੀਂ ਵੀ ਜਾਨੇ ਆਂ।’ ਭਗਵੰਤ ਬਾਪੂ ਦੇ ਗੋਡਿਆਂ ਨੂੰ ਹੱਥ ਲਾਉਂਦਾ ਬੋਲਿਆ ਸੀ।
‘ਕਾਕਾ ਐਨੀ ਹਨੇਰੇ ਤੁਰਨ ਦੀ ਕੀ ਲੋੜ ਹੁੰਦੀ ਐ…ਵੇਲਾ ਤਾਂ ਵੇਖੋ ਉੱਤੋਂ। ਜੇ ਕੋਈ ਹਬੀ-ਨਬੀ ਹੋਜੇ…?’
‘ਬਾਈ ਤੁਹਾਨੂੰ ਕਿੰਨੀ ਵਾਰ ਪੁੱਛਿਆ ਕੌਣ? ਤੁਸੀਂ ਜੁਆਬ ਈ ਨ੍ਹੀਂਂ ਦਿੱਤਾ। ਸੱਚੀਂ ਅਸੀਂ ਤਾਂ ਘਬਰਾ ਗਏ ਸੀ। ਅਸੀਂ ਤਾਂ ਮੋਰਚਾ ਲਾਈ ਬੈਠੇ ਸੀ। ਐਵੇਂ ਜਾਹ ਜਾਂਦੀ ਹੋ ਜਾਣੀ ਸੀ। ਬਾਈ…ਮਾੜੀ ਜਿਹੀ ਹਿਲਜੁਲ ਹੁੰਦੀ, ਅਸੀਂ ਇੱਕ ਦੇ ਦੋ ਕਰ ਦੇਣੇ ਸੀ।’ ਨਿੱਕਾ ਨਮੋਸ਼ੀ ਨਾਲ ਭਰਿਆ ਹੋਇਆ, ਸਿਰ ਮਾਰੀ ਜਾਂਦਾ ਸੀ।
ਕੁਝ ਨ੍ਹੀਂਂ ਸੀ ਬੋਲ ਰਹੇ ਕਾਲੀ ਅਤੇ ਭਗਵੰਤ। ਕਾਲੀ ਤਾਂ ਵਾਰ-ਵਾਰ ਡੂਢ ਹੱਥ ਲੰਮੀ ਫ਼ਾਲ ਵਾਲੀ ਬਰਛੀ ਵੱਲ ਹੀ ਵੇਖੀ ਜਾਂਦਾ ਸੀ। ਸ਼ਾਇਦ ਸੋਚ ਰਿਹਾ ਸੀ, ‘ਜੇ ਕਿਧਰੇ ਵੱਜ ਜਾਂਦੀ, ਪਾਣੀ ਮੰਗਣ ਦੀ ਵੀ ਲੋੜ ਨਾ ਸੀ ਪੈਣੀ। ਨਾਲ ਦੀ ਨਾਲ ਈ ਚੁਰਾਸੀ ਕੱਟੀ ਜਾਣੀ ਸੀ।’
ਉਹ ਸਹੀ ਸੋਚਦੇ ਸਨ, ਬਾਪੂ ਦੇ ਹੱਥ ਵਾਲੀ ਕਿਰਪਾਨ ਨੇ ਤਾਂ ਇੱਕੋ ਵਾਰ ਨਾਲ ਹੀ ਖਲਪਾੜ ਲਾਹ ਦੇਣੀ ਸੀ।
‘ਆਜੋ…ਅੰਦਰ ਆਜੋ।’ ਬਾਪੂ ਦੇ ਢਿੱਲੇ ਜਿਹੇ ਬੋਲ ਨਿਕਲੇ ਸਨ।
‘ਠੰਡ ਬਹੁਤ ਐ…ਰਜ਼ਾਈਆਂ ‘ਚ ਵੜ’ਜੋ ਛੇਤੀ।’ ਕਾਲੀ ਤੇ ਭਗਵੰਤ ਨੂੰ ਆਖਦਿਆਂ ਬਾਪੂ ਛੋਟੇ ਵੱਲ ਹੋਇਆ ਸੀ, ‘ਅੰਦਰੋਂ ਸੰਦੂਕ ‘ਚੋਂ ਰੰਮ ਦੀ ਬੋਤਲ ਕੱਢ ਲੈ ਇਨ੍ਹਾਂ ਵਾਸਤੇ।’
‘ਹੁਣ ਨ੍ਹੀਂ ਮਰਦੇ ਕਈ ਸਾਲ…।’ ਕਾਲੀ ਨੇ ਤੁਰੇ ਜਾਂਦਿਆਂ ਛੋਟੇ ਭਰਾ ਦੇ ਕੰਨ ਕੋਲ ਕਰਕੇ ਕਿਹਾ ਤਾਂ ਬੜੀ ਹੌਲੀ ਜਿਹੇ ਸੀ ਪਰ ਬਾਪੂ ਨੂੰ ਸੁਣ ਗਿਆ। ਉਸਦੇ ਚਿਹਰੇ ‘ਤੇ ਵੀ ਹਲਕੀ ਜਿਹੀ ਮੁਸਕਰਾਹਟ ਫੈਲ ਗਈ ਸੀ।
