ਗਲਤ ਸਲਾਹਾਂ ਕਰ ਕੇ ਹੋਇਆ ਸਾਕਾ ਨੀਲਾ ਤਾਰਾ: ਕੇæਪੀæਐਸ਼

ਚੰਡੀਗੜ੍ਹ: ਸਾਕਾ ਨੀਲਾ ਤਾਰਾ ਤੋਂ 29 ਸਾਲਾਂ ਬਾਅਦ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਨੇ ਦਾਅਵਾ ਕੀਤਾ ਹੈ ਕਿ ਜੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਹਰਿਮੰਦਰ ਸਾਹਿਬ ‘ਤੇ ਹਮਲੇ ਦੇ ਇਕੋ-ਇਕ ਰਾਹ ਬਾਰੇ ਗਲਤ ਸਲਾਹ ਨਾ ਦਿੱਤੀ ਹੁੰਦੀ ਤਾਂ ਉਨ੍ਹਾਂ (ਇੰਦਰਾ ਗਾਂਧੀ) ਇਸ ਦੀ ਆਗਿਆ ਨਹੀਂ ਦੇਣੀ ਸੀ। ਲੰਘੇ ਦਿਨੀਂ ਇੰਦਰਾ ਗਾਂਧੀ ਦੀ ਬਰਸੀ ਮੌਕੇ ਨਵੀਂ ਦਿੱਲੀ ਵਿਚ ਰਿਲੀਜ਼ ਕੀਤੀ ਗਈ ਜੀਵਨੀ ‘ਕੇæਪੀæਐਸ਼ ਗਿੱਲ-ਦਿ ਪੈਰਾਮਾਊਂਟ ਕੌਪ’ ਵਿਚ ਸ਼ ਗਿੱਲ ਨੇ ਉਪਰੋਕਤ ਖ਼ੁਲਾਸੇ ਕੀਤੇ। ਪੁਸਤਕ ਵਿਚ ਖਾੜਕੂਵਾਦ ਖਿਲਾਫ਼ ਨਿਭਾਈ ਉਨ੍ਹਾਂ ਦੀ ਭੂਮਿਕਾ ਦਾ ਬਿਰਤਾਂਤ ਦਿੱਤਾ ਗਿਆ ਹੈ। ਆਈæਪੀæਐਸ਼ ਦੇ ਅਸਾਮ ਕੇਡਰ ਦੇ 1957 ਬੈਚ ਦੇ ਅਧਿਕਾਰੀ ਬਾਰੇ 244 ਸਫਿਆਂ ਦੀ ਕਿਤਾਬ ਰਾਹੁਲ ਚੰਦਨ ਨੇ ਕਲਮਬੱਧ ਕੀਤੀ ਹੈ।
ਸਾਕਾ ਨੀਲਾ ਤਾਰਾ ਬਾਰੇ ਸ਼ ਗਿੱਲ ਨੇ ਆਪਣਾ ਮੱਤ ਪੇਸ਼ ਕਰਦਿਆਂ ਕਿਹਾ ਕਿ ਇਹ ਕਾਹਲੀ ਵਿਚ ਕੀਤਾ ਗਿਆ ਸੀ ਤੇ ਇਹ ਸੋਚਿਆ ਨਹੀਂ ਗਿਆ ਕਿ ਇਸ ਦਾ ਸਿੱਖਾਂ ਦੇ ਦਿਲ-ਦਿਮਾਗ ‘ਤੇ ਕੀ ਅਸਰ ਪਵੇਗਾ। ਆਪਣੇ ਸਾਥੀ ਅਫਸਰਾਂ ਨਾਲ ਗੱਲਬਾਤ ਕਰਦਿਆਂ ਸ਼ ਗਿੱਲ ਕਹਿੰਦੇ ਹਨ ਸਮਝ ਨਹੀਂ ਪੈਂਦੀ ਕਿ ਸ੍ਰੀਮਤੀ ਗਾਂਧੀ ਇਸ ਤਰ੍ਹਾਂ ਦੇ ਅਪਰੇਸ਼ਨ ਦੀ ਆਗਿਆ ਕਿਵੇਂ ਦੇ ਸਕਦੇ ਹਨ। ਸ਼ ਗਿੱਲ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਧਰਮ ਨਿਰਪੱਖ ਕਿਰਦਾਰ ਦੇ ਗਵਾਹ ਹਨ ਤੇ ਜੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ ਗਈ ਹੁੰਦੀ ਤਾਂ ਉਹ ਕਦੇ ਵੀ ਇਸ ਦੀ ਇਜਾਜ਼ਤ ਨਾ ਦਿੰਦੇ।
ਕਿਤਾਬ ਵਿਚ ਲਿਖਿਆ ਗਿਆ ਹੈ ਕਿ ਸ੍ਰੀਮਤੀ ਗਾਂਧੀ ਦੇ ਸਲਾਹਕਾਰਾਂ ਵੱਲੋਂ ਉਨ੍ਹਾਂ ਨੂੰ ਸਹੀ ਸਲਾਹ ਨਹੀਂ ਦਿੱਤੀ ਜਾ ਰਹੀ ਸੀ। ਸਮੱਸਿਆ ਨੂੰ ਪਹਾੜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਜਦਕਿ ਇਹ ਇਕ ਛੋਟੀ ਪਹਾੜੀ ਹੀ ਸੀ। ਜਨਵਰੀ 1984 ਵਿਚ ਸ਼ ਗਿੱਲ ਆਈæਜੀæ ਬੀæਐਸ਼ਐਫ਼ ਵਜੋਂ ਜੰਮੂ ਵਿਖੇ ਤਾਇਨਾਤ ਸਨ ਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਸਤੰਬਰ ਮਹੀਨੇ ਉਨ੍ਹਾਂ ਨੂੰ ਪੰਜਾਬ ਆਰਮਡ ਪੁਲਿਸ ਦਾ ਆਈæਜੀæ ਤਾਇਨਾਤ ਕਰ ਦਿੱਤਾ ਗਿਆ।
ਉਨ੍ਹਾਂ ਸਾਕਾ ਨੀਲਾ ਤਾਰਾ ਲਈ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਕਸੂਰਵਾਰ ਠਹਿਰਾਇਆ ਪਰ ਉਨ੍ਹਾਂ ਕਿਸੇ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ। ਉਂਜ ਉਨ੍ਹਾਂ ਅਪਰੇਸ਼ਨ ਲਈ ਭਾਰਤੀ ਫੌਜ ਨੂੰ ਕਲੀਨ ਚਿੱਟ ਦਿੱਤੀ ਤੇ ਕਿਹਾ ਕਿ ਇਸ ਦੀ ਤਿਆਰੀ ਲਈ ਫੌਜ ਕੋਲ ਸਮਾਂ ਨਹੀਂ ਸੀ। ਸਾਕਾ ਨੀਲਾ ਤਾਰਾ ਤੇ ਉਸ ਤੋਂ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੰਬਰ 1984 ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਨੇ ਪੰਜਾਬ ਵਿਚ ਖਾਲਿਸਤਾਨੀ ਲਹਿਰ ਨੂੰ ਜ਼ਬਰਦਸਤ ਹੁਲਾਰਾ ਦਿੱਤਾ ਸੀ।
ਕਿਤਾਬ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨੀ ਲਹਿਰ ਨੂੰ 1984 ਵਿਚ ਹੀ ਆਸਾਨੀ ਨਾਲ ਡੱਕਿਆ ਜਾ ਸਕਦਾ ਸੀ। ਸ਼ ਗਿੱਲ ਦੱਸਦੇ ਹਨ ਕਿ 1988 ਵਿਚ ਬਲੈਕ ਯੰਤਰ ਅਪਰੇਸ਼ਨ ਲਈ ਉਹ ਰਾਜੀਵ ਗਾਂਧੀ ਨਾਲ ਗੱਲਬਾਤ ਕਰਨ ਗਏ ਸਨ। ਉਨ੍ਹਾਂ ਦੀ ਘਟਨਾਵਾਂ ‘ਤੇ ਚੋਖੀ ਪਕੜ ਸੀ ਤੇ ਇਹ ਵੀ ਪਤਾ ਸੀ ਕਿ ਇਨ੍ਹਾਂ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ। ਉਹ ਜ਼ਾਤੀ ਤੌਰ ‘ਤੇ ਬਹੁਤ ਇਮਾਨਦਾਰ ਸਨ। ਜੇ ਕੋਈ ਫੈਸਲਾ ਠੀਕ ਸਾਬਤ ਨਹੀਂ ਹੋਇਆ ਤਾਂ ਇਸ ਲਈ ਕਸੂਰ ਉਨ੍ਹਾਂ ਦੁਆਲੇ ਘੇਰਾ ਬੰਨ੍ਹਣ ਵਾਲੇ ਲੋਕਾਂ ਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਪੀæਵੀæ ਨਰਸਿਮ੍ਹਾ ਰਾਓ (1991-96) ਵੱਲੋਂ ਉਨ੍ਹਾਂ ਨੂੰ ਅਤਿਵਾਦ ਨਾਲ ਨਜਿੱਠਣ ਲਈ ‘ਪੂਰੀ ਛੂਟ’ ਦਿੱਤੀ ਗਈ ਸੀ ਤੇ ਮੁੱਖ ਮੰਤਰੀ ਬੇਅੰਤ ਸਿੰਘ ਅਤਿਵਾਦ ਨੂੰ ਨੱਥ ਪਾਉਣ ਦੇ ਪੱਕੇ ਇਰਾਦੇ ਨਾਲ ਆਏ ਸਨ। ਉਨ੍ਹਾਂ ਸਾਬਕਾ ਮੰਤਰੀ ਰਾਜੇਸ਼ ਪਾਇਲਟ ਨਾਲ ਆਪਣੀ ਨੇੜਤਾ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਸਾਰੇ ਆਗੂਆਂ ਨਾਲ ਇਸ ਮਸਲੇ ਬਾਰੇ ਉਸ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਲਾਹਾਂ ਲਈਆਂ।
_______________________________
ਨਰੇਂਦਰ ਮੋਦੀ ਦਾ ਕੀਤਾ ਗੁਣਗਾਣ
ਨਵੀਂ ਦਿੱਲੀ: ਪੰਜਾਬ ਪੁਲੀਸ ਦੇ ਸਾਬਕਾ ਡਾਇਰੈਕਟਰ ਜਨਰਲ ਕੇæਪੀæਐਸ਼ ਗਿੱਲ ਜੋ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਰਹੇ ਸਨ, ਨੇ ਕਿਹਾ ਹੈ ਕਿ ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਲਈ ਮੋਦੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਮਨ ਕਾਨੂੰਨ ਲਈ ਖ਼ਤਰਾ ਬਣਦੀਆਂ ਸਥਿਤੀਆਂ ਬਾਰੇ ਫੈਸਲਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਲੈਣਾ ਹੁੰਦਾ ਹੈ। ਸ਼ ਗਿੱਲ ਨੂੰ ਮੋਦੀ ਦੇ ਗੋਧਰਾ ਕਾਂਡ ਮਗਰੋਂ ਹੋਈਆਂ ਘਟਨਾਵਾਂ ਨਾਲ ਨਜਿੱਠਣ ਦੇ ਢੰਗ ਬਾਰੇ ਸਵਾਲ ਕੀਤੇ ਸਨ, ਇਸ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਅਮਨ ਕਾਨੂੰਨ ਦੀ ਹਾਲਤ ਬਾਰੇ ਫੈਸਲਾ ਸਿਆਸੀ ਲੀਡਰਸ਼ਿਪ ਨੇ ਨਹੀਂ ਬਲਕਿ ਪੁਲਿਸ ਨੇ ਲੈਣਾ ਹੁੰਦਾ ਹੈ। ਆਪਣੀ ਪੁਸਤਕ ਵਿਚ ਗਿੱਲ ਨੇ ਮੋਦੀ ਦੀ ਰੱਜਵੀਂ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਸ ਦੇ ਹਿੰਸਾ ਨੂੰ ਰੋਕਣ ਦੇ ਇਰਾਦੇ ‘ਨੇਕ’ ਸਨ ਤੇ ਨਾਲ ਦੀ ਨਾਲ ਇਸ ਸਾਬਕਾ ਅਧਿਕਾਰੀ ਨੇ ਹੋਰ ਪਾਰਟੀਆਂ ‘ਤੇ ਦੋਸ਼ ਲਾਏ ਕਿ ਉਹ ਮੋਦੀ ਨੂੰ ਬਦਨਾਮ ਕਰਨਾ ਚਾਹੁੰਦੀਆਂ ਸਨ। ਇਸੇ ਕਰ ਕੇ ਅਜਿਹਾ ਕੀਤਾ ਜਾ ਰਿਹਾ ਹੈ, ਇਨ੍ਹਾਂ ਤੱਥਾਂ ਵਿਚ ਬਹੁਤੀ ਸਚਾਈ ਨਹੀਂ ਹੈ।
_____________________________
ਗਿੱਲ ਤੇ ਮੋਦੀ ਦੇ ਹੱਥ ਬੇਦੋਸ਼ਿਆਂ ਦੇ ਖ਼ੂਨ ਨਾਲ ਰੰਗੇ: ਦਲ ਖਾਲਸਾ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇæਪੀæਐਸ਼ ਗਿੱਲ ਵੱਲੋਂ ਗੁਜਰਾਤ ਅੰਦਰ ਸਾਲ 2002 ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਲਈ ਸੂਬੇ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਨੂੰ ਕਲੀਨ ਚਿੱਟ ਦੇਣ ਉਤੇ ਦਲ ਖ਼ਾਲਸਾ ਨੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ। ਜਥੇਬੰਦੀ ਦੇ ਬੁਲਾਰੇ ਸ: ਕੰਵਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਦੇ ਹੱਥ ਬੇਦੋਸ਼ੇ ਲੋਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਗਿੱਲ ਜੋ ਖੁਦ ਗੈਰ-ਕਾਨੂੰਨੀ ਢੰਗ ਨਾਲ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਬਦਨਾਮ ਹਨ, ਉਸ ਕੋਲ ਕੋਈ ਨੈਤਿਕਤਾ ਨਹੀਂ ਕਿ ਉਹ 2002 ਦੇ ਕਤਲੇਆਮ ਲਈ ਦੋਸ਼ੀ ਸਮਝੇ ਜਾਦੇ ਵਿਅਕਤੀ ਦੇ ਹੱਕ ਵਿਚ ਇਕ ਪਾਸੜ ਬਿਆਨ ਦੇਵੇ। ਉਨ੍ਹਾਂ ਕਿਹਾ ਕਿ ਸਿੱਖ ਵੀ ਕੇæਪੀæਐਸ਼ ਗਿੱਲ ਨੂੰ ਕਾਨੂੰਨ ਦੇ ਕਟਹਿਰੇ ਪਿੱਛੇ ਖੜ੍ਹਾ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਭਾਰਤੀ ਸਿਵਲ ਸੁਸਾਇਟੀ ਆਪਣੀ ਦੋਗਲੇ ਰਵੱਈਏ ਤੋਂ ਉਪਰ ਉਠੇ ਅਤੇ ਕੇæਪੀæਐਸ਼ ਗਿੱਲ ਵਰਗਿਆਂ ਨੂੰ ਇਨ੍ਹਾਂ ਦੇ ਕੀਤੇ ਦੀ ਸਜ਼ਾ ਦਿਵਾਉਣ ਲਈ ਅੱਗੇ ਆਵੇ। ਅਜਿਹੇ ਬੰਦਿਆਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।

Be the first to comment

Leave a Reply

Your email address will not be published.