ਨੇੜਿਓਂ ਤੱਕੀ ਜ਼ਿੰਦਗੀ

ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਲੇਖ ਲਿਖਣਾ, ਕਵਿਤਾ ਅਤੇ ਕਹਾਣੀ ਨਾਲੋਂ ਵੱਖਰੀ ਗੱਲ ਹੈ। ਅੰਗਰੇਜ਼ੀ ਦੇ ਵਿਦਵਾਨ ਐਮਰਸਨ ਅਨੁਸਾਰ ‘ਐੱਸੇ ਇਜ਼ ਐਨ ਅਟੈਂਪਟ’ ਭਾਵ ਲੇਖ ਲਿਖਣਾ ਇਕ ਕੋਸ਼ਿਸ਼ ਹੈ। ਕੋਸ਼ਿਸ਼ ਵੇਲੇ ਕੁਝ ਊਣਤਾਈਆਂ ਰਹਿ ਜਾਣੀਆਂ ਸੁਭਾਵਕ ਹਨ।

ਇਸ ਲਈ ਸੂਝਵਾਨ ਪਾਠਕ ਮੇਰੀਆਂ ਖਾਮੀਆਂ ਨੂੰ ਮੁਆਫ਼ ਕਰ ਦੇਣਗੇ। ਮੈਂ ਲਿਖਾਰੀ ਨਹੀਂ ਉਹ ਤਾਂ ਵਗਦੇ ਦਰਿਆ ਹੁੰਦੇ ਹਨ। ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਮੈਨੂੰ ਤਾਂ ਬਹੁਤ ਵੇਰ ਕੁਝ ਸੁੱਝਦਾ ਹੀ ਨਹੀਂ। ਮੇਰਾ ਆਪਣੇ ਆਪ ਨੂੰ ਲੇਖਕ ਕਹਿਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਹਿੰਗ ਦੀ ਇਕ ਡਲੀ ਰੱਖਣ ਵਾਲਾ ਆਪਣੇ ਆਪ ਨੂੰ ਪਸਾਰੀ ਦੀ ਹੱਟੀ ਵਾਲਾ ਸਮਝ ਬੈਠੇ।
ਸੋਚਦਾਂ ਕਿਵੇਂ ਸ਼ੁਰੂ ਕਰਾਂ!
ਮੇਰਾ ਪਿਛੋਕੜ ਮਾਲਵੇ ਦੇ ਪਛੜੇ ਇਲਾਕੇ ਦਾ ਹੈ। ਨੇੜਿਓਂ ਤੱਕੀ ਹੀ ਨਹੀਂ ਬਲਕਿ ਨੇੜਿਓਂ ਮਾਣੀ ਸਿੱਧੀ ਸਾਦੀ ਮਾਲਵੇ ਦੀ ਬੋਲੀ ਅਜ ਤੱਕ ਮੇਰੀ ਜ਼ਬਾਨ ਉਪਰ ਸਵਾਰ ਹੈ। ਲਗਪਗ ਸਾਰੀ ਨੌਕਰੀ ਚੰਡੀਗੜ੍ਹ ਵਿਚ ਅਤੇ ਸੇਵਾ ਮੁਕਤੀ ਤੋਂ ਬਾਅਦ ਬਹੁਤਾ ਸਮਾਂ ਅਮਰੀਕਾ ਵਿਚ ਰਹਿਣ ਦੇ ਬਾਵਜੂਦ ਮੇਰੀ ਬੋਲੀ ਵਿਚ ਕੋਈ ਫ਼ਰਕ ਨਹੀਂ ਪਿਆ।
1940 ਵਿਚ ਪਿੰਡ ਰਾਮਪੁਰਾ ਦੇ ਪ੍ਰਾਇਮਰੀ ਸਕੂਲ `ਚ ਦਾਖ਼ਲ ਹੋਇਆ। ਚਾਰੇ ਜਮਾਤਾਂ ਪੜ੍ਹਾਉਣ ਲਈ ਕੇਵਲ ਇਕ ਹੀ ਟੀਚਰ ਸੀ। ਉਸ ਦਾ ਨਾਂ ਪੰਡਤ ਬੀਰੂ ਰਾਮ ਸੀ। ਉਹ ਬਹੁਤ ਹੀ ਚੰਗਾ ਆਦਮੀ ਸੀ। ਐਡੇ ਵੱਡੇ ਪਿੰਡ ਵਿਚੋਂ ਥੋੜ੍ਹੇ ਜਿਹੇ ਹੀ ਵਿਦਿਆਰਥੀ ਪੜ੍ਹਨ ਆਉਂਦੇ ਸਨ। ਅਨਪੜ੍ਹਤਾ ਦਾ ਬੋਲਬਾਲਾ ਸੀ। ਖੇਤੀ ਕਰਨ ਵਾਲਿਆਂ ਲਈ ਵਿਦਿਆ ਫਜ਼ੂਲ ਸੀ। ਅਜਿਹੇ ਮਾਹੌਲ ਵਿਚ ਚੌਥੀ ਜਮਾਤ ਪਾਸ ਕਰਕੇ ਦੋ-ਚਾਰ ਲੜਕੇ ਹੀ ਮੰਡੀ ਫੂਲ ਦੇ ਸਰਕਾਰੀ ਹਾਈ ਸਕੂਲ ਵਿਚ ਪੁੱਜੇ ਸਨ।
ਹਾਈ ਸਕੂਲ ਵਿਚ ਗਿਣਵੇਂ ਵਿਦਿਆਰਥੀ ਹੀ ਨੇੜੇ ਦੇ ਪਿੰਡਾਂ ਤੋਂ ਆਉਂਦੇ ਸਨ। ਬਾਕੀ ਸਾਰੇ ਬੱਚੇ ਮੰਡੀ ਦੇ ਦੁਕਾਨਦਾਰਾਂ ਦੇ ਹੁੰਦੇ ਸਨ। ਪੰਜਵੀਂ ਤੋਂ ਦਸਵੀਂ ਤੱਕ ਪੜ੍ਹਦਿਆਂ ਮੈਂ ਸਭ ਤੋਂ ਲਾਇਕ ਤਾਂ ਨਹੀਂ ਸਾਂ ਪਰ ਅਧਿਆਪਕ ਮੈਨੂੰ ਚੰਗਿਆਂ ਵਿਚੋਂ ਇਕ ਜ਼ਰੂਰ ਸਮਝਦੇ ਸਨ। ਅੰਗਰੇਜ਼ੀ ਅਤੇ ਸਾਇੰਸ ਵਿਸ਼ੇ ਵਿਚ ਮੈਂ ਹਮੇਸ਼ਾ ਫਸਟ ਰਹਿੰਦਾ ਸੀ।
ਦੂਜਾ ਮਾਸਟਰ ਭਗਵਾਨ ਦਾਸ ਮੈਨੂੰ ਅਕਸਰ ਇਹ ਕਹਿੰਦੇ ਸਨ ਤੂੰ ਕਾਲਜ ਪ੍ਰੋਫੈਸਰ ਬਣ ਜਾਈਂ। ਹਰ ਰੋਜ਼ ਸਕੂਲ ਤੋਂ ਛੁੱਟੀ ਮਿਲਣ ਪਿੱਛੋਂ ਮੈਂ ਤੇਜ਼ੀ ਨਾਲ ਪੈਦਲ ਚਲਦਾ। ਘਰ ਪਹੁੰਚ ਕੇ ਕੁਝ ਖਾਣ ਪਿੱਛੋਂ ਸੀਰੀਆਂ ਸਾਂਝੀਆਂ ਨਾਲ ਮਿਲ ਕੇ ਖੇਤਾਂ ਤੋਂ ਪਸ਼ੂਆਂ ਲਈ ਪੱਠੇ ਲਿਆਉਂਦਾ ਅਤੇ ਫੇਰ ਹੱਥਾਂ ਨਾਲ ਮਸ਼ੀਨ ਚਲਾ ਕੇ ਪੱਠੇ ਕੁਤਰਨ ਵਿਚ ਸੀਰੀਆਂ ਦੀ ਮਦਦ ਕਰਦਾ। ਇਸ ਤਰ੍ਹਾਂ ਪਸ਼ੂਆਂ ਦੇ ਚਾਰੇ ਦਾ ਪੂਰਾ ਧਿਆਨ ਕਰਦਿਆਂ ਸ਼ਾਮ ਦੇ ਨੌਂ ਵੱਜ ਜਾਂਦੇ। ਬਿਜਲੀ ਨਾ ਹੋਣ ਕਰਕੇ ਮਿੱਟੀ ਦੇ ਤੇਲ ਵਾਲੇ ਲੈਂਪ ਵਿਚ ਸਕੂਲ ਦਾ ਦਿੱਤਾ ਹੋਇਆ ਕੰਮ ਬੜੀ ਮੁਸ਼ਕਲ ਨਾਲ ਮੁਕਾਉਂਦਾ। ਕੁਦਰਤ ਦੀ ਮਿਹਰਬਾਨੀ ਕਿ ਇਹੋ ਜਿਹੇ ਵਾਤਾਵਰਨ ਵਿਚ ਬਹੁਤ ਚੰਗੇ ਤਾਂ ਨਹੀਂ ਕੁਝ ਚੰਗੇ ਨੰਬਰਾਂ ਨਾਲ ਮੈਂ ਦਸਵੀਂ ਜਮਾਤ ਪਾਸ ਕਰ ਗਿਆ।
ਪਿੰਡ ਵਿਚੋਂ ਦਸਵੀਂ ਪਾਸ ਕਰਨ ਮਗਰੋਂ ਕਾਲਜ ਦੀ ਪੜ੍ਹਾਈ ਕਿਸੇ ਨੇ ਵੀ ਨਹੀਂ ਕੀਤੀ ਸੀ। ਬੈਂਕ ਦੀ ਨੌਕਰੀ ਕਰਨਾ ਜਾਂ ਪਟਵਾਰੀ ਲੱਗਣਾ ਠੀਕ ਸਮਝਿਆ ਜਾਂਦਾ ਸੀ। ਸੜਕਾਂ ਦੀ ਘਾਟ ਸੀ। ਰੇਲਵੇ ਰਾਹੀਂ ਪਟਿਆਲਾ ਸਾਡੇ ਲਈ ਸਾਰੀਆਂ ਥਾਵਾਂ ਨਾਲੋਂ ਸੌਖੀ ਜਗ੍ਹਾ ਸੀ। ਰਸਤੇ ਵਿਚ ਹੋਰ ਕੋਈ ਕਾਲਜ ਵੀ ਨਹੀਂ ਸੀ। ਮੇਰੇ ਅੱਗੇ ਪੜ੍ਹਨ ਦੇ ਸ਼ੌਕ ਨੂੰ ਮਹਿਸੂਸ ਕਰਦਿਆਂ ਮੇਰੇ ਮਾਂ ਬਾਪ ਨੇ ਮਾਇਕ ਮੁਸ਼ਕਲਾਂ ਹੁੰਦਿਆਂ ਵੀ ਮੈਨੂੰ ਪਟਿਆਲੇ ਭੇਜ ਦਿੱਤਾ। ਮਹਿੰਦਰਾ ਕਾਲਜ ਵਿਚ ਮੇਰਾ ਸਾਥ ਬਹੁਤ ਗ਼ਰੀਬ ਪ੍ਰੰਤੂ ਬਹੁਤ ਲਾਇਕ ਵਿਦਿਆਰਥੀਆਂ ਨਾਲ ਰਿਹਾ।
ਹਿਸਾਬ ਵਿਚ ਪ੍ਰੋਫੈਸਰ ਗੋਵਰਧਨ ਲਾਲ, ਪ੍ਰੋਫੈਸਰ ਸਰਵਨ ਸਿੰਘ, ਕੈਮਿਸਟਰੀ ਵਿਚ ਮੈਡਮ ਸਰਵਨ ਸਿੰਘ, ਫਿਜ਼ਿਕਸ ਵਿਚ ਪ੍ਰੋਫੈਸਰ ਭਾਰਤੀ ਅਤੇ ਪ੍ਰੋਫੈਸਰ ਬੀ.ਡੀ. ਸ਼ਰਮਾ ਮੇਰੇ ਬਹੁਤ ਸਤਿਕਾਰਯੋਗ ਅਧਿਆਪਕ ਸਨ। ਇਨ੍ਹਾਂ ਸਭ ਨੂੰ ਨੇੜਿਓਂ ਤੱਕਣ ਦਾ ਮੌਕਾ ਮਿਲਿਆ। ਮੇਰੇ ਅੰਦਰ ਕਾਲਜ ਅਧਿਆਪਕ ਬਣਨ ਦੀ ਇੱਛਾ ਨੇ ਘਰ ਬਣਾ ਲਿਆ।
ਪ੍ਰੋ. ਸਰਵਨ ਸਿੰਘ ਜੋ ਬਾਅਦ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ, 95 ਸਾਲ ਦੀ ਉਮਰ ਪੂਰੀ ਕਰਕੇ ਸੁਰਗਵਾਸ ਹੋ ਗਏ। ਉਹ ਪੰਦਰਾਂ ਸੈਕਟਰ ਵਿਚ ਮੇਰੇ ਮਕਾਨ ਦੇ ਨੇੜੇ ਹੀ ਰਹਿੰਦੇ ਸਨ, ਅਖੀਰ ਤੱਕ ਮੈਂ ਉਨ੍ਹਾਂ ਨੂੰ ਸਤਿਕਾਰ ਸਹਿਤ ਮਿਲਦਾ ਰਿਹਾ। ਨਿੱਘੀ ਜੱਫੀ ਦਾ ਲੁਤਫ ਉਠਾਂਦਾ ਰਿਹਾ ਅਤੇ ਨੇੜਿਓਂ ਤੱਕਦਾ ਰਿਹਾ।
ਪੜ੍ਹਨਾ-ਪੜ੍ਹਾਉਣਾ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ। ਇਸ ਨਾਲ ਸਬੰਧਤ ਹਰ ਸ਼ੈਅ ਨੂੰ ਨੇੜਿਓਂ ਤੱਕਣਾ ਮੇਰੇ ਲਈ ਜ਼ਰੂਰੀ ਰਿਹੈ। ਪਾਠਕ ਇਸ ਨੂੰ ਫਜ਼ੂਲ ਬਿਰਤਾਂਤ ਨਾ ਸਮਝਣ। ਇਹ ਮੇਰੇ ਹੱਡੀਂ ਰਚੇ ਅਹਿਸਾਸ ਦਾ ਪ੍ਰਗਟਾਵਾ ਹੈ। ਸਾਲ 1954 ਵਿਚ ਮੈਂ ਮੈਥ, ਫਿਜ਼ਿਕਸ ਅਤੇ ਅੰਗਰੇਜ਼ੀ ਨਾਲ ਬੀ.ਏ. ਕੀਤੀ। ਮੇਰੇ ਨੰਬਰਾਂ ਅਨੁਸਾਰ ਮੈਂ ਇਨ੍ਹਾਂ ਤਿੰਨਾਂ ਵਿਸ਼ਿਆਂ ਵਿਚੋਂ ਕਿਸੇ ਵਿਚ ਵੀ ਐਮ.ਏ. ਵਿਚ ਦਾਖ਼ਲਾ ਲੈ ਸਕਦਾ ਸਾਂ। ਫਿਜ਼ਿਕਸ ਦੀ ਐਮ.ਐਸਸੀ. ਲਈ ਮੈਂ ਅਲੀਗੜ੍ਹ ਯੂਨੀਵਰਸਿਟੀ ਚੁਣੀ। ਕੌਸਮਿਕ ਰੇਂਜ ਦੇ ਅੰਤਰ-ਰਾਸ਼ਟਰੀ ਵਿਗਿਆਨੀ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਉਥੇ ਵਿਭਾਗ ਦੇ ਮੁਖੀ ਸਨ। 1956 ਵਿਚ ਕਾਫੀ ਚੰਗੇ ਨੰਬਰ ਹਾਸਲ ਕਰਕੇ ਮੈਂ ਪਿੰਡ ਵਾਪਸ ਆ ਗਿਆ। ਮੈਨੂੰ ਖੁਸ਼ੀ ਸੀ ਕਿ ਮੈਂ ਨੇੜੇ-ਤੇੜੇ ਦੇ ਪਿੰਡਾਂ ਵਿਚੋਂ ਫਿਜ਼ਿਕਸ ਦਾ ਪਹਿਲਾ ਐਮ.ਐਸਸੀ. ਹਾਂ। ਕੁਦਰਤ ਦੀ ਕਮਾਲ (1950-56) ਦੌਰਾਨ ਸਾਡੇ ਇਲਾਕੇ ਵਿਚ ਬਹੁਤ ਚੰਗੀ ਬਾਰਸ਼ ਹੋਈ। ਸਾਡੀ ਬੰਜਰ ਧਰਤੀ ਨੂੰ ਭਾਗ ਲੱਗ ਗਏ। ਹਰ ਸਾਲ ਛੋਲਿਆਂ ਦੀ ਭਰਪੂਰ ਫ਼ਸਲ ਹੋਈ। ਮੇਰਾ ਹੋਸਟਲਾਂ ਵਿਚ ਰਹਿਣ ਦਾ ਅਤੇ ਫ਼ੀਸਾਂ ਦੇਣ ਦਾ ਖਰਚਾ ਨਿਰਵਿਘਨ ਪੂਰਾ ਹੁੰਦਾ ਰਿਹਾ।
‘ਰੱਬ’ ਦੀ ਹੋਂਦ ਜਾਂ ਨਾ ਹੋਂਦ ਬਾਰੇ ਪ੍ਰੋਫੈਸਰ ਮੋਹਨ ਸਿੰਘ ਚੇਤੇ ਆ ਗਿਆ। ਮੇਰੀ ਨਜ਼ਦੀਕ ਤੋਂ ਤੱਕੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਬੇ-ਝਿਜਕ ਕਹਿ ਸਕਦਾ ਹਾਂ ਕਿ ਨਾ ਤਾਂ ਮੈਂ ਲਾਈ ਲੱਗ ਮੋਮਨ ਹਾਂ ਅਤੇ ਨਾ ਖੋਜ ਕਰਨ ਪਿੱਛੋਂ ਕਾਫਰ ਹਾਂ। ਗਲੀਲੀਓ ਨੇ ਪਹਿਲੀ ਟੈਲੀਸਕੋਪ ਬਣਾਈ। ਉਸ ਦੀ ਵਰਤੋਂ ਨਾਲ ਜ਼ਮੀਨ ਗੋਲ ਮਹਿਸੂਸ ਕੀਤੀ। ਚਰਚ ਨੇ ਉਸ ਨੂੰ ਸਜ਼ਾ ਸੁਣਾ ਦਿੱਤੀ ਕਿ ਗਲੀਲੀਓ ਝੂਠ ਦਾ ਪ੍ਰਚਾਰ ਕਰ ਰਿਹਾ ਹੈ। ਗੁਰੂ ਨਾਨਕ ਦੇਵ ਨੇ ਉਸ ਤੋਂ ਲਗਭਗ ਦੋ-ਢਾਈ ਸੌ ਸਾਲ ਪਹਿਲਾਂ ਜਪੁਜੀ ਸਾਹਿਬ ਵਿਚ ਫਰਮਾਇਆ ਸੀ ‘ਧਰਤੀ ਹੋਰੁ ਪਰੇ ਹੋਰੁ ਹੋਰੁ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’।
ਮੇਰੀ ਹੈਰਾਨੀ ਦੀ ਹੱਦ ਹੋ ਗਈ। ਬਾਬੇ ਨਾਨਕ ਨੂੰ ਕੁਦਰਤ ਨੇ ਐਸੀ ਰੂਹਾਨੀ ਸੂਝ ਬਖਸ਼ੀ ਸੀ ਜੋ ਵਿਰਲਿਆਂ ਨੂੰ ਹੀ ਨਸੀਬ ਹੁੰਦੀ ਹੈ। ਮੇਰਾ ਗੁਰਬਾਣੀ ਰਾਹੀਂ ਦਰਸਾਈ ਅਪਾਰ ਸ਼ਕਤੀ ਵਿਚ ਯਕੀਨ ਹੋ ਗਿਆ। ਸ਼ੁਰੂ ਤੋਂ ਹੀ ਮੈਂ ਬਹੁਤ ਮਿਹਨਤੀ ਨਹੀਂ ਹਾਂ। ਇਸ ਲਈ ਗੁਰਬਾਣੀ ਦੀ ਡੂੰਘੀ ਵਿਚਾਰ ਨਹੀਂ ਕਰ ਸਕਿਆ। ਪ੍ਰੰਤੂ ਸਿੱਧੀਆਂ-ਸਾਦੀਆਂ ਤੁਕਾਂ ਵੀ ਇਤਨੀਆਂ ਅਰਥ ਭਰਪੂਰ ਹਨ ਕਿ ਇਹ ਕਹਿਣ ਨੂੰ ਦਿਲ ਕਰਦਾ ਹੈ ‘ਧੁਰ ਕੀ ਬਾਣੀ ਆਈ ਤਿਸ ਸਗਲੀ ਚਿੰਤ ਮਿਟਾਈ।
ਅੱਜ-ਕੱਲ੍ਹ ਮਾਪਿਆਂ ਨੂੰ ਇਹ ਫ਼ਿਕਰ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਰੱਬ ਵਿਚ ਯਕੀਨ ਨਹੀਂ। ਕਈਆਂ ਨੂੰ ਬੱਚਿਆਂ ਵਿਚ ਧਾਰਮਿਕ ਰੁਚੀ ਬਿਲਕੁਲ ਪਸੰਦ ਨਹੀਂ। ਕਈ ਆਦਮੀ ਅਖੀਰਲੇ ਦਿਨ ਤੱਕ ਨਾਸਤਕ ਰਹਿੰਦੇ ਹਨ। ਗੁਰਬਾਣੀ ਦਾ ਕਥਨ ਹੈ
ਏਹੁ ਤਿਨ ਕੈ ਮਨਿ ਵਸਿਆ
ਜਿਨ ਧੂਰਹੁ ਲਿਖਿਆ ਆਇਆ।
ਸੋ ਕਿਸੇ ਨੂੰ ਮਜਬੂਰ ਕਰਨ ਦੀ ਲੋੜ ਨਹੀਂ। ਨਿਰਮਲ ਕੰਮ ਕਰਨ ਅਤੇ ਦਿਆਪੂਰਵਕ ਵਰਤਾਰੇ ਲਈ ਪ੍ਰੇਰਨਾ ਕਰਨਾ ਚੰਗੀ ਗੱਲ ਹੈ। ਪੁਰਬਲੇ ਕਰਮਾਂ ਵਿਚ ਕੋਈ ਯਕੀਨ ਕਰੇ ਜਾਂ ਨਾ ਕਰੇ ਸਭ ਦਾ ਆਪੋ ਆਪਣਾ ਨਜ਼ਰੀਆ ਹੈ। ਮੈਂ ਕਈ ਆਦਮੀਆਂ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਜਿਹੜੇ ਬਹੁਤ ਈਮਾਨਦਾਰੀ ਨਾਲ ਮਿਹਨਤ ਕਰ ਕੇ ਆਪਣੇ ਬਿਜ਼ਨਸ ਵਿਚ ਮੁਨਾਫ਼ਾ ਨਹੀਂ ਕਮਾ ਸਕੇ। ਫਰਮਾਨ ਹੈ:
ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁਤੇਰਾ ਧਾਵੈ।।
ਇਸ ਕਥਨ ਅਨੁਸਾਰ ਇਹ ਕਰਮਾਂ ਦੀ ਖੇਡ ਹੈ। ਸਬਰ ਕਰੋ, ਗ਼ਮਗੀਨ ਨਾ ਹੋਵੋ, ਜੀਵਨ ਵਿਚ ਸਕੂਨ ਲਈ ਸੇਧ ਮਿਲਦੀ ਹੈ।
ਅਗਲੀ ਗੱਲ ਮੈਨੂੰ ਬਹੁਤ ਮਹਿਸੂਸ ਹੁੰਦੀ ਰਹੀ ਹੈ। ਜਾਣਕਾਰ ਮੈਨੂੰ ਇਸ ਗੱਲ ਦੇ ਜਵਾਬ ਲਈ ਪੁੱਛਦੇ ਰਹਿੰਦੇ ਹਨ। ਉਹ ਸਵਾਲ ਕਰਦੇ ਹਨ ਕਿ ਕਈ ਝੂਠੇ, ਫਰੇਬੀ, ਮੱਕਾਰ ਅਤੇ ਹੰਕਾਰੀ ਤਰੱਕੀਆਂ ਕਰ ਰਹੇ ਹਨ ਅਤੇ ਈਮਾਨਦਾਰ ਦੁੱਖ ਭੋਗ ਰਹੇ ਹਨ। ਐਸਾ ਕਿਉਂ ਹੈ? ਮੇਰਾ ਸੁਝਾਅ ਹੈ ਕਿ ਕਦੀ ਵੀ ਜੱਜਮੈਂਟਲ ਨਾ ਹੋਵੋ। ਕੁਦਰਤ ਦੀਆਂ ਖੇਡਾਂ ਦਾ ਅਨੰਦ ਮਾਣੋ। ਗੁਰਬਾਣੀ ਦਾ ਕਥਨ ਹੈ:
ਮਨ ਮੂਰਖ ਕਾਹੇ ਬਿਲ ਲਾੲਐ
ਪੁਰਬ ਲਿਖੇ ਕਾ ਲਿਖਿਆ ਪਾਈਐ।
ਅਜੀਬ ਇਤਫਾਕ ਨਾਲ ਇਕ ਦਿਨ ਮੈਥੋਂ ਕਾਫੀ ਸੀਨੀਅਰ ਅਤੇ ਬਹੁਤ ਲਾਇਕ ਇਕ ਫਿਜ਼ਿਕਸ ਦੇ ਪ੍ਰੋਫੈਸਰ ਮੇਰੇ ਘਰ ਆਏ। ਉਪਰਲੇ ਸਵਾਲ ਬਾਬਤ ਉਨ੍ਹਾਂ ਦੀ ਸਲਾਹ ਪੁੱਛੀ। ਉਹ ਕਹਿਣ ਲੱਗੇ ਕਿ ਮਹਾਭਾਰਤ ਦੀ ਲੜਾਈ ਦੇ ਉਘੇ ਨਾਇਕ ਧ੍ਰਿਤਰਾਸ਼ਟਰ ਨੇ ਭਗਵਾਨ ਕ੍ਰਿਸ਼ਨ ਨੂੰ ਪੁੱਛਿਆ, ‘ਮਹਾਰਾਜ ਮੈਂ ਤਾਂ ਪਿਛਲੇ ਕਈ ਜਨਮਾਂ ਵਿਚ ਕਿਸੇ ਨਾਲ ਵੀ ਬੁਰਾਈ ਨਹੀਂ ਕੀਤੀ, ਫੇਰ ਭੀ ਮੈਂ ਅੰਨ੍ਹਾ ਕਿਉਂ ਹਾਂ? ਮੈਨੂੰ ਇਹ ਸਜ਼ਾ ਕਿਉਂ ਮਿਲੀ ਹੈ? ਕ੍ਰਿਸ਼ਨ ਜੀ ਨੇ ਕਿਹਾ ਕਿ ਭਗਵਾਨ ਦੀ ਕਿਰਪਾ ਸਦਕਾ ਮੈਨੂੰ ਤੇਰੇ ਜਾਣਨ ਵਾਲੇ ਜਨਮਾਂ ਤੋਂ ਭੀ ਪਹਿਲਾਂ ਦੇ ਜਨਮਾਂ ਦਾ ਗਿਆਨ ਹੈ। ਤੂੰ ਇਕ ਪੰਛੀ ਦੀਆਂ ਅੱਖਾਂ ਗੁਲੇਲ ਨਾਲ ਬਾਹਰ ਕੱਢੀਆਂ ਸਨ। ਇਹ ਬਿਰਤਾਂਤ ਕਿੱਥੋਂ ਤੱਕ ਸੱਚਾ ਹੈ ਪਾਠਕ ਆਪ ਹੀ ਜਾਨਣ। ਪ੍ਰੰਤੂ ਜੀਵਨ ਵਿਚ ਸਹਿਜ, ਖਿਮਾ ਅਤੇ ਦਿਆ ਲਈ ਉਤਸ਼ਾਹਤ ਕਰਨ ਲਈ ਸਹਾਈ ਹੋਵੇਗਾ। ਚੰਗੇ, ਮੰਦੇ ਕੰਮਾਂ ਦਾ ਅੱਜ ਨਹੀਂ ਤਾਂ ਕੱਲ੍ਹ ਲੇਖਾ ਦੇਣਾ ਹੀ ਪਵੇਗਾ।
ਮੈਂ ਜ਼ਿੰਦਗੀ ਦੇ ਲੰਮੇ ਅਰਸੇ ਵਿਚ ਕਈ ਹਿੰਮਤ ਵਾਲੇ ਬੰਦਿਆਂ ਨੂੰ ਸੁਣਿਆ ਅਤੇ ਪੜ੍ਹਿਆ ਹੈ। ਜਿਹੜੇ ਕਹਿੰਦੇ ਰਹੇ ‘ਹੱਥ ਰੇਖਾ ਦੀ ਚਿੰਤਾ ਨਾ ਕਰੋ ਹੱਥ ਸਿਰਜਣਹਾਰ ਨੇ ਤਕਦੀਰ ਦੇ।
ਬੇਹਿੰਮਤੇ ਜੋ ਹੁੰਦੇ ਸ਼ਿਕਵੇ ਕਰਨ ਮੁਕੱਦਰਾਂ ਦੇ
ਉੱਗਣ ਵਾਲੇ ਉੱਗ ਹੀ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ।
ਉਨ੍ਹਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਿਚੋਂ ਇਕ ਦੋ ਨੂੰ ਛੱਡ ਕੇ ਮੈਂ ਕਿਸੇ ਨੂੰ ਭੀ ਕਾਮਯਾਬੀ ਦੀ ਪੌੜੀ ਚੜ੍ਹਿਆ ਨਹੀਂ ਦੇਖਿਆ। ਬਹੁਤੇ ਖਾਕ ਛਾਣਦੇ ਹੀ ਅਲਵਿਦਾ ਕਹਿ ਗਏ। ਇਸ ਵਰਤਾਰੇ ਨੇ ਮੈਨੂੰ ਕੁਦਰਤ ਵਲੋਂ ਖੇਡੀ ਜਾ ਰਹੀ ਖੇਡ ਵਿਚ ਇਤਮੀਨਾਨ ਨਾਲ ਜ਼ਿੰਦਗੀ ਬਸਰ ਕਰਨ ਅਤੇ ਕੁਦਰਤ ਦੇ ਭਾਣੇ ਵਿਚ ਅਡੋਲ ਰਹਿਣ ਲਈ ਪ੍ਰੇਰਿਆ ਹੈ। ਮੈਂ ਪਰਵਰਦਿਗਾਰ ਦਾ ਸ਼ੁਕਰਗੁਜ਼ਾਰ ਹਾਂ।
ਸੂਝਵਾਨ ਪਾਠਕਾਂ ਨੂੰ ਬਹੁਤ ਗਹਿਰਾਈਆਂ ਵਿਚ ਜਾਣ ਦੀ ਲੋੜ ਨਹੀਂ। ਕਿਸੇ ਕਿਸਮ ਦੀ ਸ਼ਕਤੀ ਸਿੱਧੀ ਨਜ਼ਰ ਨਹੀਂ ਆਉਂਦੀ। ਕਦੀ ਭੀ ਕਿਸੇ ਨੇ ਆਵਾਜ਼, ਬਿਜਲੀ, ਗਰਮੀ, ਰੇਡੀਓ ਵੇਵਜ਼, ਅਲਟਰਾ ਵਾਇਲਟ ਰੇਜ਼, ਇਨਫਰਾਰੈਡ ਰੇਜ਼ ਅਤੇ ਕੌਸਮਿਕ ਰੇਜ਼ ਨਹੀਂ ਦੇਖੀਆਂ, ਇਨ੍ਹਾਂ ਦੇ ਅਸਰ ਹੀ ਦੇਖਦੇ ਹਾਂ। ਇਸੇ ਤਰ੍ਹਾਂ ਕੁਦਰਤ ਨੂੰ ਭੀ ਉਸ ਦੇ ਕ੍ਰਿਸ਼ਮਿਆਂ ਤੋਂ ਹੀ ਜਾਣਿਆ ਜਾਂਦਾ ਹੈ। ਇਸ ਕੁਦਰਤ ਨੂੰ ਅਤਿਅੰਤ ਸ਼ਕਤੀ ਕਿਸ ਨੇ ਬਖਸ਼ੀ ਹੈ? ਗੁਰੂ ਨਾਨਕ ਦਾ ਫਰਮਾਨ ਹੈ
ਬਲਿਹਾਰੀ ਕੁਦਰਤਿ ਵਸਿਆ।
ਤੇਰਾ ਅੰਤ ਨਾ ਜਾਈ ਲਖਿਆ॥
ਕੁਦਰਤ ਦੀਆਂ ਖੇਡਾਂ ਦੀ ਖੋਜ ਕਰਕੇ ਡਾਕਟਰ ਅਤੇ ਸਾਇੰਸਦਾਨ ਜ਼ਿੰਦਗੀ ਨੂੰ ਸੁਖਾਵੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਕੋਈ ਭੀ ਕੁਦਰਤ `ਤੇ ਜਿੱਤ ਹਾਸਲ ਨਹੀਂ ਕਰ ਸਕੇਗਾ। ਬਰਤਨ ਸਾਫ਼ ਕਰਨ ਅਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵਿਚ ਬਹੁਤ ਕੋਸ਼ਿਸ਼ ਬਾਅਦ ਵੀ ਹਲਦੀ ਅਤੇ ਮਸਾਲਿਆਂ ਦੇ ਦਾਗ਼ ਮਿਟਾਏ ਨਹੀਂ ਜਾ ਸਕਦੇ। ਕੁਦਰਤ ਵਲੋਂ ਬਖਸ਼ੀਆਂ ਧੁੱਪ ਦੀਆਂ ਅਲਟਰਾ ਵਾਇਲਟ ਰੇਜ਼ ਮਿੰਟਾਂ ਵਿਚ ਹੀ ਧੱਬੇ ਸਾਫ ਕਰ ਦਿੰਦੀਆਂ ਹਨ। ਅੱਜ ਤੱਕ ਆਦਮੀ ਵਲੋਂ ਬਣਾਈਆਂ ਸ਼ਕਤੀਸ਼ਾਲੀ ਮਸ਼ੀਨਾਂ ਭੀ ਸੂਰਜ ਦੀ ਅਤੇ ਕੌਸਮਿਕ ਰੇਜ਼ ਦੀ ਸ਼ਕਤੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਨੇੜਿਓਂ ਤੱਕੀ ਜ਼ਿੰਦਗੀ ਨੇ ਸ਼ਕਤੀਸ਼ਾਲੀ ਕੁਦਰਤ ਵਿਚ ਵਸੇ ਪਰਵਰਦਗਾਰ ਵਿਚ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਇਸ ਜੀਵਨ ਵਿਚ ਬੱਚਾ ਸਭ ਤੋਂ ਪਹਿਲਾਂ ਆਪਣੀ ਮਾਂ ਅਤੇ ਦਾਈ ਨੂੰ ਤੱਕਦਾ ਹੈ। ਮਰਦ ਅਤੇ ਔਰਤ ਦਾ ਸਬੰਧ ਦੁਨੀਆ ਦੇ ਰਿਸ਼ਤਿਆਂ ਵਿਚੋਂ ਸਭ ਤੋਂ ਅਹਿਮ ਹੈ। ਨੱਬਿਆਂ ਵਿਚ ਪਹੁੰਚ ਕੇ ਵੀ ਇਸ ਰਿਸ਼ਤੇ ਨੂੰ ਬਹੁਤ ਰੀਝ ਅਤੇ ਸਤਿਕਾਰ ਨਾਲ ਦੇਖ ਰਿਹਾ ਹਾਂ। ਮੇਰੀ ਜਾਣ-ਪਛਾਣ ਦਾ ਦਾਇਰਾ ਬਹੁਤ ਵਸੀਹ ਨਹੀਂ ਫੇਰ ਵੀ ਇਸ ਦੀ ਨਿੱਕੀ ਜਿਹੀ ਦੁਨੀਆ ਵਿਚ ਵੰਨ-ਸੁਵੰਨਤਾ ਨਾਲ ਭਰਪੂਰ ਇਕ ਵਿਸ਼ਾਲ ਦੁਨੀਆ ਹੈ। ਨੇੜਿਓਂ ਤੱਕਣ ਦੀ ਰੁਚੀ ਬਚਪਨ ਵਿਚ ਹੀ ਮੇਰੇ ਨਸੀਬ `ਚ ਆ ਗਈ ਸੀ। ਮੇਰੇ ਬੇਬੇ ਜੀ (ਮੇਰੀ ਮਾਂ) ਬਾਣੀ ਦੇ ਰਸੀਏ ਸਨ। ਕਾਫ਼ੀ ਕੁਝ ਉਨ੍ਹਾਂ ਨੂੰ ਜ਼ਬਾਨੀ ਯਾਦ ਸੀ। ਪਿੰਡ ਦੀਆਂ ਕਈ ਕੁੜੀਆਂ ਨੇ ਆਦਿ ਗਰੰਥ ਦਾ ਪਾਠ ਸਾਡੇ ਘਰ ਆ ਕੇ ਉਨ੍ਹਾਂ ਦੀ ਨਿਗਰਾਨੀ ਵਿਚ ਕੀਤਾ ਸੀ। ਬੇਬੇ ਜੀ ਦਾ ਤਲੱਫਜ਼ ਕਮਾਲ ਦਾ ਸੀ। ਸਹਿਜ ਸੁਭਾਅ ਹੀ ਮੇਰੇ ਕੰਨਾਂ ਵਿਚ ਉਨ੍ਹਾਂ ਦੇ ਸ਼ਬਦ ਅੱਜ ਤੱਕ ਗੁਣਗੁਣਾ ਰਹੇ ਹਨ। ਇਨ੍ਹਾਂ ਸਾਰੀਆਂ ਲੜਕੀਆਂ, ਮੇਰੀਆਂ ਵੱਡੀਆਂ ਭੈਣਾਂ ਅਤੇ ਆਂਢ-ਗੁਆਂਢ ਦੀਆਂ ਔਰਤਾਂ ਦਾ ਮੇਰੇ ਮਨ `ਤੇ ਚੰਗਾ ਪ੍ਰਭਾਵ ਹੈ। ਗ਼ਰੀਬ-ਗ਼ੁਰਬੇ ਤੋਂ ਲੈ ਕੇ ਰੱਜੇ-ਪੁੱਜੇ ਘਰਾਂ ਤੱਕ ਦੀਆਂ ਔਰਤਾਂ ਬੰਦਿਆਂ ਨਾਲੋਂ ਵੱਧ ਕੰਮ ਕਰਦੀਆਂ ਦੇਖੀਆਂ। ਜੇ ਕਦੇ ਲਗਾਤਾਰ ਕਈ-ਕਈ ਦਿਨ ਬਾਰਿਸ਼ ਹੋਣੀ ਤਾਂ ਚੁੱਲ੍ਹੇ ਵਿਚ ਗਿੱਲੀਆਂ ਛਟੀਆਂ ਅਤੇ ਗਿੱਲੀਆਂ ਲੱਕੜਾਂ ਦੇ ਧੂੰਏਂ ਵਿਚ ਅੱਖਾਂ ਮਲਦੀਆਂ ਪਰ ਫੇਰ ਵੀ ਖੁਸ਼ੀ ਖੁਸ਼ੀ ਪਰਿਵਾਰ ਦੀ ਸੇਵਾ ਕਰਦੀਆਂ ਦੇਖੀਆਂ। ਹਰ ਘਰ ਵਿਚ ਇਸਤਰੀ ਸਭ ਤੋਂ ਪਹਿਲਾਂ ਜਾਗਦੀ ਹੈ ਅਤੇ ਸਭ ਤੋਂ ਪਿੱਛੋਂ ਬਿਸਤਰੇ ਵਿਚ ਪਹੁੰਚਦੀ ਹੈ। ਔਰਤ ਜਾਤੀ ਨੂੰ ਮੇਰਾ ਸਲਾਮ!
ਰੀਝ ਨਾਲ ਤੱਕਣ ਪਿੱਛੋਂ ਇਨ੍ਹਾਂ ਔਰਤਾਂ ਵਿਚ ਕੁਝ ਖਾਮੀਆਂ ਵੀ ਦੇਖੀਆਂ। ਪਤਾ ਨਹੀਂ ਕਿਉਂ ਨੂੰਹਾਂ ਨਾਲ ਬਹੁਤ ਘੱਟ ਇਸਤਰੀਆਂ ਦਾ ਵਤੀਰਾ ਚੰਗਾ ਹੈ! ਪੁੱਤਾਂ ਵਿਚ ਵੀ ਇਕੋ ਜਿਹਾ ਪਿਆਰ ਵੰਡ ਨਹੀਂ ਸਕਦੀਆਂ। ਪੁੱਤ ਨੂੰਹ ਦੇ ਪਿਆਰ ਨੂੰ ਈਰਖਾ ਦੀ ਪਾਣ ਅਧੀਨ ਹੀ ਦੇਖਦੀਆਂ ਹਨ। ਕਾਲਜ ਅਧਿਆਪਕ ਹੁੰਦਿਆਂ ਇਸਤਰੀਆਂ ਨੂੰ ਵਿਦਿਆਰਥੀਆਂ ਦੀ ਹੈਸੀਅਤ ਵਿਚ ਸਹਿ-ਕਰਮੀਆਂ ਅਤੇ ਪ੍ਰਿੰਸੀਪਲਾਂ ਦੀ ਪੁਜ਼ੀਸ਼ਨ ਵਿਚ ਬਹੁਤ ਨਜ਼ਦੀਕ ਤੋਂ ਤੱਕਿਆ। ਮਾਮੂਲੀ ਕਮਜ਼ੋਰੀਆਂ ਨੂੰ ਨਜ਼ਰ-ਅੰਦਾਜ਼ ਕਰਨਾ ਮੈਨੂੰ ਚੰਗਾ ਲੱਗਦਾ ਹੈ। ਇਸ ਤੋਂ ਬਾਅਦ ਇਨ੍ਹਾਂ ਸਭ ਦੀ ਬੱਲੇ ਬੱਲੇ। ਵਧੀਆ ਰਿਸ਼ਤਿਆਂ ਦੇ ਬਾਵਜੂਦ ਗਲਤ-ਫਹਿਮੀਆਂ ਦੀ ਭਰਮਾਰ ਦੇਖੀ। ਕੁਝ ਹੱਦ ਤੱਕ ਥੋੜ੍ਹੀ ਬਹੁਤ ਸਚਾਈ ਵੀ ਹੁੰਦੀ ਹੈ, ਜੋ ਦੇਖਣ `ਚ ਨਹੀਂ ਆਉਂਦੀ ਕਿਉਂਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ।
ਇਹੀ ਗੱਲ ਵਰਜਤ ਜਿਨਸੀ ਸਬੰਧਾਂ `ਤੇ ਢੁਕਦੀ ਹੈ। ਇਹ ਸਬੰਧ ਕਾਮ ਤ੍ਰਿਪਤੀ ਲਈ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਬਣਾਏ ਜਾਂਦੇ ਹਨ। ਬੰਦਾ ਹਮੇਸ਼ਾ ਸੌਖਾ ਰਾਹ ਅਖ਼ਤਿਆਰ ਕਰਦਾ ਹੈ। ਇਸ ਕਿਰਿਆ ਦੀ ਪੂਰਤੀ ਲਈ ਬਾਹਰ ਜਾਣ ਤੋਂ ਘਬਰਾਉਂਦਾ ਹੈ। ਬਹੁਤ ਵੇਰ ਕੋਈ ਆਜਜ਼ੀ ਮਜਬੂਰੀ ਜਾਂ ਲਾਲਚ ਅਤੇ ਡਰ ਅਧੀਨ ਇਸ ਨਾਜਾਇਜ਼ ਸਬੰਧ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਇਕ ਨਿੱਕੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਹਰਕੇਸ਼ ਸਿੰਘ ਸਿੱਧੂ ਚੰਗੇ, ਥੋੜ੍ਹੇ ਅੱਖੜ ਪਰੰਤੂ ਸਾਹਿਤਕ ਰੁਚੀ ਵਾਲੇ ਸੇਵਾਮੁਕਤ ਆਈ.ਏ.ਐਸ. ਅਫਸਰ ਹਨ। ਨੌਕਰੀ ਕਰਨ ਤੋਂ ਪਹਿਲਾਂ ਉਹ ਨਾਨਕੇ ਪਿੰਡ ਸਰਪੰਚ ਰਹੇ ਸਨ। ਇਕ ਦਿਨ ਸਵੇਰੇ ਉਨ੍ਹਾਂ ਕੋਲ ਇਕ ਆਦਮੀ ਆਇਆ। ਉਹ ਕਹਿਣ ਲੱਗਾ, ਮੈਨੂੰ ਮੇਰੇ ਵੱਡੇ ਭਰਾ ਨਾਲੋਂ ਵੱਖ ਕਰ ਦਿਓ। ਬੇਸ਼ੱਕ ਮੈਂ ਛੜਾ ਹਾਂ ਪਰ ਮੇਰਾ ਵੱਡੇ ਭਰਾ ਨਾਲ ਨਿਭਾਅ ਨਹੀਂ ਹੁੰਦਾ। ਪੰਚਾਇਤ ਇਕੱਠੀ ਹੋ ਗਈ। ਥੋੜ੍ਹੀ ਦੇਰ ਵਿਚ ਇਕ ਔਰਤ (ਵੱਡੇ ਭਰਾ ਦੀ ਪਤਨੀ) ਆ ਗਈ। ਉਹ ਕਹਿਣ ਲੱਗੀ ਇਸ ਨੂੰ ਜ਼ਮੀਨ ਜ਼ਰੂਰ ਵੰਡ ਦਿਓ ਪਰ ਜਿਹੜੇ ਬੱਚੇ ਇਸ ਨੇ ਮੇਰੇ ਨਾਲ ਪੈਦਾ ਕੀਤੇ ਹਨ, ਉਹ ਵੀ ਇਹਨੂੰ ਦੇ ਦਿਓ। ਪੰਚਾਇਤ ਵਿਚ ਸੰਨਾਟਾ ਛਾ ਗਿਆ ਅਤੇ ਉਹ ਜ਼ਮੀਨ ਵੰਡਾਉਣ ਵਾਲਾ ਚੁਪ ਕਰਕੇ ਖਿਸਕ ਗਿਆ। ਉਹ ਸਿੱਧੀ ਸਾਦੀ ਤ੍ਰੀਮਤ ਸਭ ਨੂੰ ਬਹੁਤ ਬਲਵਾਨ ਅਤੇ ਧੜੱਲੇਦਾਰ ਨਜ਼ਰ ਆਈ।
ਨਾਜਾਇਜ਼ ਜਾਂ ਵਰਜਿਤ ਜਿਨਸੀ ਸਬੰਧਾਂ ਬਾਬਤ ਕਈ ਘਟਨਾਵਾਂ ਮੈਂ ਨੇੜਿਓਂ ਤੱਕੀਆਂ ਹਨ। ਕੁਝ ਵਿਅਕਤੀਆਂ ਨੇ ਖੂLਬਸੂਰਤ ਮੋੜ ਦੇ ਕੇ ਇਨ੍ਹਾਂ ਨੂੰ ਸੁਲਝਾ ਲਿਆ ਤੇ ਕਈਆਂ ਨੇ ਇਨ੍ਹਾਂ ਨੂੰ ਬਣਾਈ ਰੱਖ ਕੇ ਘਰ ਬਰਬਾਦ ਕਰ ਲਏ।
ਪਤੀ-ਪਤਨੀ ਦਾ ਸਬੰਧ ਇਕ ਨਿਰਾਲੀ ਖੇਡ ਹੈ। ਮੇਰੇ ਵਾਕਿਫਾਂ ਵਿਚੋਂ ਬਹੁਤ ਜੋੜੇ ਇਕ ਦੂਜੇ ਲਈ ਵਫ਼ਾਦਾਰ ਹਨ। ਉਹ ਸੁਖਾਵੀਂ ਅਤੇ ਸੁਧਰੀ ਜ਼ਿੰਦਗੀ ਬਸਰ ਕਰ ਰਹੇ ਹਨ। ਫੇਰ ਵੀ ਹਰ ਪਤਨੀ ਨੂੰ ਆਪਣਾ ਪਤੀ ਥੋੜ੍ਹਾ ਬਹੁਤ ਸਹਿਜ ਵਿਹੂਣਾ ਨਜ਼ਰ ਆਉਂਦਾ ਹੈ। ਇਕ ਗੱਲ ਯਾਦ ਆ ਗਈ। ਮੇਰੇ ਸ਼ੁਭ ਚਿੰਤਕ, ਮੈਥੋਂ ਕਾਫ਼ੀ ਸੀਨੀਅਰ ਅਤੇ ਬਹੁਤ ਸੂਝਵਾਨ ਪ੍ਰੋਫੈਸਰ ਕੋਲੋਂ ਮੈਂ ਇਕ ਕਿਤਾਬ ਲੈਣ ਚਲਾ ਗਿਆ। ਉਹ ਬਹੁਤ ਖੁਸ਼ ਹੋਏ। ਉਚੀ ਆਵਾਜ਼ ਵਿਚ ਉਨ੍ਹਾਂ ਆਪਣੀ ਪਤਨੀ ਨੂੰ ਸਤਿਕਾਰ ਨਾਲ ਪੁਕਾਰਿਆ ਅਤੇ ਚਾਹ ਬਣਾਉਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਬੀਬੀ ਚਾਹ ਲੈ ਕੇ ਆ ਗਈ। ਪ੍ਰੋਫੈਸਰ ਸਾਹਿਬ ਕਿਤਾਬ ਭਾਲਣ ਲੱਗ ਗਏ। ਧੀਮੀ ਜਿਹੀ ਆਵਾਜ਼ ਵਿਚ ਬੀਬੀ ਮੇਰੇ ਕੰਨਾਂ ਕੋਲ ਮੂੰਹ ਕਰ ਕੇ ਕਹਿਣ ਲੱਗੀ ‘ਇਨ੍ਹਾਂ ਨੇ ਧੁੱਪ ਵਿਚ ਹੀ ਵਾਲ ਸਫੈਦ ਕੀਤੇ ਹਨ। ਇਨ੍ਹਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ’। ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਉਹ ਬੀਬੀ ਕੋਰੀ ਅਨਪੜ੍ਹ ਸੀ।
ਔਰਤਾਂ ਦੀਆਂ ਇਨ੍ਹਾਂ ਵਿਸ਼ੇਸ਼ਤਾਈਆਂ ਅਤੇ ਨਾਲ ਹੀ ਕੁਝ ਚਤਰਾਈਆਂ ਦੇਖਣ ਪਿੱਛੋਂ ਮਰਦ ਔਰਤ ਦੇ ਸਬੰਧਾਂ ਨੂੰ ਢੁਕਵੇਂ ਸ਼ਬਦਾਂ ਵਿਚ ਬਿਆਨ ਕਰਨ ਲਈ ਮੈਨੂੰ ਅਸਮਰੱਥਾ ਮਹਿਸੂਸ ਹੋਈ। ਕੁਦਰਤ ਦੀ ਕਮਾਲ!
ਸ਼ਿਵ ਕੁਮਾਰ ਬਟਾਲਵੀ ਨੇ ਤਾਰਿਆਂ ਤੋਂ ਜ਼ਮੀਨ `ਤੇ ਆ ਕੇ ਮੇਰੇ ਮੋਢਿਆਂ `ਤੇ ਹੱਥ ਰੱਖ ਦਿੱਤੇ। ਉਸ ਨੂੰ ਨਰ ਨਾਰੀ ਦੇ ਸਬੰਧਾਂ ਦਾ ਰੱਬੀ ਅਲਹਾਮ ਸੀ। ਜੋਬਨ ਰੁੱਤੀਂ ਮਰਨ ਤੋਂ ਪਹਿਲਾਂ ਹੀ ਬਿਆਨ ਕਰ ਗਿਆ। ਮੈਂ ਨੱਬਿਆਂ ਸਾਲਾਂ ਵਿਚ ਮਹਿਸੂਸ ਕੀਤਾ। ਉਹ ਤਾਂ ਇਕ ਫਕੀਰ ਅਤੇ ਨਦੀਓਂ ਵਿਛੜਿਆ ਨੀਰ ਸੀ। ਸ਼ਰਾਬ ਦੀ ਚੰਦਰੀ ਆਦਤ ਨੇ ਸਾਡੇ ਕੋਲੋਂ ਇਕ ਹੀਰਾ ਭਰ ਜਵਾਨੀ ਖੋਹ ਲਿਆ। ਮੇਰੇ ਜਜ਼ਬਾਤ ਦੀ ਤਰਜਮਾਨੀ ਉਸ ਦੇ ਇਹ ਸ਼ਬਦ ਕਰਦੇ ਹਨ:
ਇਸ ਧਰਤੀ `ਤੇ ਹਰ ਨਾਰੀ ਹੀ ਲੂਣਾ ਹੈ
ਹਰ ਨਾਰੀ ਦਾ ਨਰ ਸੁਹਜ ਵਿਹੂਣਾ ਹੈ
ਹਰ ਨਾਰੀ ਦਾ ਬੁੱਤ ਮੁਹੱਬਤੋਂ ਊਣਾ ਹੈ
ਪਿਆਰ ਘਾਟ ਦਾ ਹਰ ਘਰ ਵਿਚ ਟੂਣਾ ਹੈ..।
ਜੇ ਕਿਸੇ ਪਾਠਕ ਨੇ ਲੂਣਾ ਨਹੀਂ ਪੜ੍ਹੀ ਤਾਂ ਜ਼ਰੂਰ ਪੜ੍ਹੇ।
ਸਾਹਿਤ ਵੱਲ ਮੇਰੀ ਰੁਚੀ ਤਾਂ ਹੈ ਪਰ ਛੇਤੀ ਥੱਕਣ ਵਾਲਾ ਹੋਣ ਕਰਕੇ ਓਨਾ ਕੁਝ ਪੜ੍ਹ ਨਾ ਸਕਿਆ, ਜਿੰਨਾ ਮੈਨੂੰ ਸ਼ੌਂਕ ਸੀ। ਫੇਰ ਵੀ ਚੰਗੀਆਂ ਕਹਾਣੀਆਂ ਵਾਲੀਆਂ ਕੁਝ ਕਿਤਾਬਾਂ ਪੜ੍ਹੀਆਂ। ਪਤਾ ਨਹੀਂ ਇਕ ਨੁਕਤਾ ਕਿਸੇ ਵੀ ਆਲੋਚਕ ਨੇ ਕਦੇ ਕਿਉਂ ਨਹੀਂ ਉਠਾਇਆ। ਕਈ ਕਹਾਣੀਆਂ ਨੂੰ ਅਸਰਦਾਰ ਬਣਾਉਣ ਲਈ ਕੁਝ ਗੱਲਾਂ, ਖ਼ਿਆਲਾਂ ਅਤੇ ਕਲਾਤਮਕ ਹੁਨਰ ਵਰਤਿਆ ਜਾਂਦਾ ਹੈ। ਮੈਂ ਮਰਹੂਮ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ‘ਸ਼ੀਸ਼ਾ’ ਦਾ ਜ਼ਿਕਰ ਕਰਾਂਗਾ। ਭਾਰਤ ਦੀ ਵੰਡ ਵੇਲੇ ਫਿਰੋਜ਼ਪੁਰ ਵੱਲ ਦੇ ਇਕ ਪਿੰਡ ਵਿਚ ਮੁਸਲਮਾਨੀਆਂ ਦੇ ਕਈ ਦੁੱਧ ਚੁੰਘਦੇ ਬੱਚਿਆਂ ਨੂੰ ਇਕ ਆਦਮੀ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਕੇ ਪੁੰਨ ਖੱਟਿਆ ਸਮਝਦਾ ਹੈ। ਰੁਪਾਣਾ ਸਾਹਿਬ ਨਾਲ ਉਸ ਇਲਾਕੇ ਦੇ ਪਿੰਡਾਂ ਦੇ ਹਾਲਾਤ ਦੇਖਣ ਜਾਣ ਵਾਲਾ ਵਿਦੇਸ਼ੀ ਇਸ ਭੈੜੇ ਪਿੰਡ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ। ਜੇ ਇਹ ਦਰਦਨਾਕ ਘਟਨਾ ਵਾਪਰੀ ਹੀ ਨਹੀਂ ਕੇਵਲ ਪਾਠਕ ਦੇ ਦਿਲ ਵਿਚ ਚੀਸ ਭਰਨ ਲਈ ਕਲਾਤਮਕ ਹੁਨਰ ਦੀ ਹੀ ਉਪਜ ਹੈ ਤਾਂ ਇਹ ਪਿੰਡ ਨੂੰ ਬਦਨਾਮ ਕਰਨਾ ਸਾਹਿਤਕਾਰ ਨੂੰ ਸੋਭਾ ਨਹੀਂ ਦਿੰਦਾ। ਕਹਾਣੀ ਨੂੰ ਅਤਿ ਨੇੜਿਓਂ ਦੇਖਣ ਦੀ ਆਦਤ ਲਈ ਪਾਠਕ ਮੈਨੂੰ ਮੁਆਫ ਕਰਨ।
ਸਿਆਸਤ ਵਿਚ ਮੇਰੀ ਗਹਿਰੀ ਦਿਲਚਸਪੀ ਨਹੀਂ। ਨੇੜਿਓਂ ਤੱਕੇ ਇਨ੍ਹਾਂ ਲੋਕਾਂ ਬਾਬਤ ਇਤਨਾ ਹੀ ਕਾਫੀ ਹੈ, ਚੜ੍ਹਦੀ ਉਮਰੇ ਕਮਿਊਨਿਜ਼ਮ
ਹਰ ਇਕ ਲਈ ਜ਼ਬਰਦਸਤ ਸਰੂਰ ਹੈ। ਜਿਉਂ ਜਿਉਂ ਉਮਰ ਵਧਦੀ ਹੈ ਸਰੂਰ ਮੱਧਮ ਹੋਣ ਲੱਗ ਜਾਂਦਾ ਹੈ। ਇਸੇ ਕਰਕੇ ਕਿਸੇ ਨੇ ਕਿਹਾ ਹੈ ਕਿ ਜੇ ਜਵਾਨ ਹੁੰਦਿਆਂ ਤੱਕ ਕੋਈ ਕਮਿਊਨਿਸਟ ਪਰੰਪਰਾ ਦਾ ਹਾਮੀ ਨਹੀਂ ਬਣਦਾ ਉਸ ਕੋਲ ਕੋਮਲ ਦਿਲ ਨਹੀਂ ਅਤੇ ਜੇ ਸਿਆਣੀ ਉਮਰ ਤੱਕ ਵੀ ਇਸ ਸਰੂਰ ਨੂੰ ਉਤਾਰ ਨਹੀਂ ਸਕਿਆ ਤਾਂ ਉਸ ਕੋਲ ਰੌਸ਼ਨ ਦਿਮਾਗ ਨਹੀਂ।
ਕਾਫੀ ਕੁਝ ਹੋਰ ਇਸ ਜ਼ਿੰਦਗੀ ਵਿਚ ਨਜ਼ਦੀਕ ਤੋਂ ਤੱਕਿਆ ਲਿਖਣ ਨੂੰ ਜੀਅ ਕਰਦਾ ਹੈ ਪਰੰਤੂ ਪਾਠਕਾਂ ਨੂੰ ਅਕੇਵੇਂ ਦੀ ਹੱਦ ਤਕ ਭੇਜਣ ਨੂੰ ਮਨ ਨਹੀਂ ਕਰਦਾ।
ਸਿਆਣੀ ਉਮਰ ਦੇ ਵਾਕਿਫ਼ਾਂ ਦੀ ਸ਼ਿਕਾਇਤ ਹੈ ਕਿ ਜਾਣੇ-ਪਛਾਣੇ ਜੁਆਨ ਬੰਦੇ ਨਾ ਮਿਲਣ ਆਉਂਦੇ ਹਨ ਨਾ ਫੋਨ `ਤੇ ਹਾਲ ਪੁੱਛਦੇ ਹਨ। ਨੇੜਿਓਂ ਤੱਕੀ ਜੀਵਨ ਜਾਚ ਕਹਿੰਦੀ ਹੈ
ਵਕਤੇ ਪੀਰੀ ਦੋਸਤੋਂ ਕੀ ਬੇਰੁਖੀ ਕਾ ਕਿਆ ਗਿਲਾ
ਬਚ ਕੇ ਚਲਤਾ ਹਰ ਕੋਈ ਗਿਰਤੀ ਹੂਈ ਦੀਵਾਰ ਸੇ।
ਇਸ ਲਈ ਗਿਲੇ ਸ਼ਿਕਵਿਆਂ ਤੋਂ ਮੁਕਤ ਹੋ ਜਾਓ। ਕਿਸੀ ਕੋ ਭੀ ਮੁਕੰਮਲ ਜਹਾਂ ਨਹੀਂ ਮਿਲਤਾ।
ਮੈਂ 58 ਸਾਲ ਦੀ ਉਮਰ ਪੂਰੀ ਕਰ ਕੇ 1992 ਵਿਚ ਬਤੌਰ ਪ੍ਰਿੰਸੀਪਲ ਸਰਕਾਰੀ ਕਾਲਜ ਨਾਭਾ ਤੋਂ ਸੇਵਾ ਮੁਕਤ ਹੋਇਆ। ਕਾਲਜ ਦੇ ਪ੍ਰੋਫ਼ੈਸਰਾਂ ਨੇ ਕਿਸੇ ਚੰਗੇ ਪ੍ਰਾਈਵੇਟ ਕਾਲਜ ਵਿਚ ਸੇਵਾ ਕਰਨ ਦੀ ਸਲਾਹ ਦਿੱਤੀ। ਮੇਰਾ ਜਵਾਬ ਸੀ ਸ਼ੇਖ ਸਾਅਦੀ ਨੇ ਕਿਹਾ ਹੈ ‘ਐ ਅੱਲ੍ਹਾ ਮੀਆਂ ਮੁਝੇ ਸਬਰ ਕੀ ਦੌਲਤ ਸੇ ਮਾਲੋ-ਮਾਲ ਕਰ ਦੇ। ਮੇਰੀ ਖੁਆਹਿਸ਼ਾਤ ਇਤਨੀ ਕਮ ਹੋਂ ਕਿ ਮੇਰੇ ਪਾਸ ਸਭ ਕੁਛ ਮੁਝੇ ਜ਼ਰੂਰਤ ਸੇ ਜ਼ਿਆਦਾ ਲਗੇ’।
ਮੈਂ ਅੱਜ ਤੱਕ ਸਬਰ-ਸੰਤੋਖ ਦੀ ਦੌਲਤ ਨਾਲ ਮਾਲੋ-ਮਾਲ ਹਾਂ। ਸਾਰੇ ਲੋਕ ਭਾਵੇਂ ਸਹਿਮਤ ਨਾ ਹੋਣ ਪਰ ਮੈਨੂੰ ਮਸ਼ਹੂਰ ਇਤਿਹਾਸਕਾਰ ਲਾਰਡ ਟੁਆਨਬੀ ਅਤੇ ਨਾਵਲਕਾਰ ਬੀਬੀ ਪਰਲ ਬੱਕ ਦਾ ਕਥਨ ਸਦਾ ਚੇਤੇ ਰਹਿੰਦਾ ਹੈ ਕਿ ਆਉਣ ਵਾਲੀ ਦੁਨੀਆ ਦਾ ਭਲਾ ਗੁਰੂ ਗਰੰਥ ਸਾਹਿਬ ਦੀ ਦਿੱਤੀ ਸੇਧ ਵਿਚ ਹੈ। ਅਖੀਰ ਵਿਚ ਬਹੁਤ ਨਿੱਘ ਨਾਲ ਜ਼ਿੰਦਗੀ ਮਾਣਦਿਆਂ ਕਹਾਂਗਾ,
ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ
ਕੁਛ ਖਾਰ ਹੀ ਕਮ ਕਰ ਗਏ ਗੁਜ਼ਰੇ ਜਿਧਰ ਸੇ ਹਨ।
ਫੇਰ ਵੀ ਚੜ੍ਹਦੀ ਕਲਾ ਵਿਚ ਰਹਿਣ ਦਾ ਅਹਿਸਾਸ ਹੈ।
ਜੋ ਕੁਝ ਮੈਂ ਲਿਖਿਆ ਹੈ ਮੇਰੇ ਨੇੜਿਓਂ ਤੱਕੀ ਜ਼ਿੰਦਗੀ ਦੇ ਵਲਵਲੇ ਹਨ। ਬਹੁਤ ਕੁਝ ਮਨ ਅੰਦਰ ਰੱਖ ਕੇ ਸਮਾਪਤ ਕਰਦਾ ਹਾਂ।