ਡਾ. ਸੁਹਿੰਦਰ ਬੀਰ
ਸੁਰਿੰਦਰ ਸੋਹਲ ਮੇਰਾ ਸੁਹਿਰਦ ਵਿਦਿਆਰਥੀ ਹੈ| ਹੁਣ ਤੱਕ ਉਸ ਦੇ ਤਿੰਨ ਕਾਵਿ-ਸੰਗ੍ਰਹਿ, ਦੋ ਗ਼ਜ਼ਲ-ਸੰਗ੍ਰਹਿ, ਦੋ ਨਾਵਲ ਅਤੇ ਕੁਝ ਇਕ ਹੋਰ ਗਲਪੀ ਰਚਨਾਵਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ| ਉਸ ਦੇ ਹਿੱਸੇ ਦੂਸਰੀਆਂ ਜ਼ੁਬਾਨਾਂ ਵਿਚੋਂ ਅਨੁਵਾਦ ਤੇ ਸੰਪਾਦਨ-ਸਹਿ ਸੰਪਾਦਨ ਦਾ ਕਾਰਜ ਵੀ ਆਇਆ ਹੈ| ਇਹ ਸਾਰਾ ਕਾਰਜ ਉਸਨੇ 2002 ਤੋਂ ਲੈ ਕੇ ਅੱਜ ਤੱਕ ਕੀਤਾ ਹੈ| ਇਸ ਤੋਂ ਮੈਨੂੰ ਉਸ ਦੀ ਸਾਹਿਤਕ ਸਰਗਰਮੀ ਦਾ ਡੂੰਘਾ ਅਹਿਸਾਸ ਹੁੰਦਾ ਹੈ|
1990 ਤੋਂ 1996 ਤੱਕ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ, ਜਲੰਧਰ ਵਿਖੇ ਅਧਿਆਪਨ ਕਰਨ ਦਾ ਅਵਸਰ ਮਿਲਿਆ ਸੀ| ਉਨ੍ਹਾਂ ਦਿਨਾਂ ’ਚ ਪੰਜਾਬ ਨਾ-ਖ਼ੁਸ਼ਗਵਾਰ ਮਾਹੌਲ ਵਿਚੋਂ ਗੁਜ਼ਰ ਰਿਹਾ ਸੀ| ਅਸੀਂ ਸ਼ਹਿਰ ਦੇ ਕੁਝ ਸਾਹਿਤਕਾਰਾਂ ਨਾਲ ਰਲ ਕੇ ‘ਸੁਖ਼ਨਵਰ ਮੰਚ ਪੰਜਾਬ’ ਦੀ ਸਥਾਪਨਾ ਕੀਤੀ ਸੀ| ਅਸੀਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਾਹਿਤਕਾਰਾਂ ਨਾਲ ਸੰਵਾਦ ਰਚਾ ਕੇ ਦੁਆਬੇ ਵਿਚ ਸਾਹਿਤ ਦੀ ਧੂਣੀ ਧੁਖਾਈ ਰੱਖਦੇ ਸੀ| ਇਨ੍ਹਾਂ ਸਾਹਿਤਕਾਰਾਂ ਦੀਆਂ ਮਿਲਣੀਆਂ ਨਾਲ ਨਵ-ਸਿਰਜਕਾਂ ਨੂੰ ਪ੍ਰੇਰਨਾ, ਲਿਖਣ ਦੀ ਸੂਝ ਅਤੇ ਵੱਡੀ ਮਾਤਰਾ ਵਿਚ ਊਰਜਾ ਪ੍ਰਾਪਤ ਹੁੰਦੀ| ਸੁਰਿੰਦਰ ਸੋਹਲ ਅਤੇ ਦਵਿੰਦਰ ਮੰਡ ਦੀ ਜੋੜੀ ਹੰਸਾਂ ਦੀ ਜੋੜੀ ਸੀ, ਇਨ੍ਹਾਂ ਦੇ ਨਾਲ ਹੀ ਓਮਿੰਦਰ ਜੌਹਲ ਅਤੇ ਤਜਿੰਦਰ ਵਿਰਲੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸਾਰੂ-ਵਿਚਾਰਾਂ ਦੀ ਨੀਂਹ ਰੱਖਣ ਵਿਚ ਸਾਥ ਦਿੰਦੇ ਸਨ| ਸੁਖ਼ਨਵਰ ਮੰਚ ਇੱਕ ਤਰ੍ਹਾਂ ਨਾਲ ਸਾਡਾ ਸਾਹਿਤਕ ਪਰਿਵਾਰ ਸੀ ਜਿਸ ਨੇ ਦੁਆਬੇ ਵਿਚ ਇਕ ਸਾਰਥਕ ਸਾਹਿਤਕ ਮਾਹੌਲ ਕਾਇਮ ਕੀਤਾ| ਸੁਰਿੰਦਰ ਸੋਹਲ ਉਸ ਸਮੇਂ ਕਿਸ਼ੋਰ ਅਵਸਥਾ ਵਿਚ ਸੀ ਅਤੇ ਉਸਦੀ ਸਿਰਜਣਾ ਨੂੰ ਸੁਖ਼ਨਵਰ ਮੰਚ ਦਾ ਸਾਥ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ| ਮੇਰੀ ਨਿਗਰਾਨੀ ਅਧੀਨ ਹੀ ਉਸਨੇ ਐਮ.ਫਿਲ. ਦੀ ਡਿਗਰੀ ਪ੍ਰਾਪਤ ਕੀਤੀ| ਉਸਨੇ ਕੁਝ ਸਮਾਂ ਟੁੱਟਵੇਂ ਰੂਪ ਵਿਚ ਅਧਿਆਪਨ ਦਾ ਕਾਰਜ ਵੀ ਕੀਤਾ, ਉਚੇਰੀ ਖੋਜ ਵਾਲੇ ਪਾਸੇ ਬਿਰਤੀ ਵੀ ਲਗਾਈ ਪਰ ਪੰਜਾਬ ਦੇ ਅਸੰਤੁਲਿਤ ਹਾਲਾਤ, ਰਾਜਸੀ ਪਤਨ ਅਤੇ ਹਕੂਮਤ ਦੀਆਂ ਬੇਮੁਹਾਰ ਸਰਗਰਮੀਆਂ/ਗਤੀਵਿਧੀਆਂ ਨੇ ਉਸਦੇ ਪੈਰ ਦੇਸ਼ ਵਿਚ ਨਾ ਲੱਗਣ ਦਿੱਤੇ ਅਤੇ ਉਸਨੂੰ ਪਰਵਾਸੀ ਧਰਤੀ ‘ਤੇ ਜਾਣ ਲਈ ਮਜਬੂਰ ਹੋਣਾ ਪਿਆ| ਇਕੱਲਾ ਉਹ ਹੀ ਨਹੀਂ ਬਲਕਿ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ, ਦੇਸ਼ ਤੋਂ ਦੂਰ ਜਾ ਕੇ ਪਰਵਾਸ ਦੇ ਕੌੜੇ-ਕੁਸੈਲੇ ਤਜਰਬਿਆਂ ਨਾਲ ਮੁਕਾਬਲਾ ਕਰਨਾ ਪਿਆ|
ਸੁਰਿੰਦਰ ਦਾ ਜਨਮ ਹੀ ਸ਼ਾਇਰ ਵਜੋਂ ਹੋਇਆ| ਉਸ ਨੇ ਪੰਜਵੀਂ-ਛੇਵੀਂ ਵਿਚ ਪੜ੍ਹਦਿਆਂ ਹੀ ਤੁਕ-ਬੰਦੀ ਸ਼ੁਰੂ ਕਰ ਦਿੱਤੀ ਸੀ, ਜਿਹੜੀ ਜਲੰਧਰ ਸ਼ਹਿਰ ਦੇ ਫ਼ਕੀਰ-ਬਾਦਸ਼ਾਹ ਉਸਤਾਦ ਸ਼ਾਇਰ ਉਲਫ਼ਤ ਬਾਜਵਾ ਦੀ ਸੰਗਤ ਵਿਚ ਪਰਪੱਕ ਸ਼ਾਇਰੀ ਦੇ ਰੂਪ ਵਿਚ ਨੇਪਰੇ ਚੜ੍ਹੀ| ਸੁਖਨਵਰ ਮੰਚ ਨੇ ਉਸ ਦੇ ਤਖ਼ੱਈਅਲ ਨੂੰ ਪਰਵਾਜ਼ ਦਿੱਤੀ|
ਮੈਂ ਆਪਣੇ ਇਸ ਹੱਥਲੇ ਲੇਖ ਵਿਚ ਉਸ ਦੀ ਕਵਿਤਾ ਦੇ ਮੁੱਢਲੇ ਰੁਝਾਨ ਅਤੇ ਵਿਕਾਸ ਬਾਰੇ ਉਸ ਦੀਆਂ ਪੁਸਤਕਾਂ ਦੇ ਪ੍ਰਕਾਸ਼ਨ ਦੇ ਹਵਾਲੇ ਨਾਲ ਗੱਲ ਕਰਨੀ ਬੇਹਤਰ ਸਮਝਦਾ ਹਾਂ| ਸਭ ਤੋਂ ਪਹਿਲੀ ਪੁਸਤਕ ਹੈ ‘ਖੰਡਰ, ਖ਼ਾਮੋਸ਼ੀ ਤੇ ਰਾਤ’| ਇਸਦੀ ਪ੍ਰਕਾਸ਼ਨਾ 2002 ਵਿਚ ਹੋਈ|
ਸੁਰਿੰਦਰ ਸੋਹਲ ਨੇ ਸੰਗਲ ਸੋਹਲ ਨੂੰ ਛੱਡ ਕੇ ਸਾਲ 1997 ਵਿਚ ਅਮਰੀਕਾ ਵਿਖੇ ਪਰਵਾਸ ਧਾਰਨ ਕੀਤਾ ਅਤੇ ਉਸਦੀ ਪਹਿਲੀ ਪੁਸਤਕ ‘ਖੰਡਰ ਖ਼ਾਮੋਸ਼ੀ ਤੇ ਰਾਤ ਪਰਵਾਸ’ ਦੇ ਪਲੇਠੇ ਅਨੁਭਵ ਦੌਰਾਨ ਹੀ ਸ਼ਾਬਦਿਕ ਰੂਪ ਵਿਚ ਸਾਹਮਣੇ ਆਈ| ਭਾਵੇਂ ਉਸ ਵੱਲੋਂ ਇਫ਼ਤਿਖ਼ਾਰ ਨਸੀਮ ਦੀਆਂ ਚੋਣਵੀਂਆਂ ਉਰਦੂ ਨਜ਼ਮਾਂ ਦਾ ਪੰਜਾਬੀ ਅਨੁਵਾਦ ‘ਤਿੰਨ ਚਿਹਰੇ ਵਾਲ਼ਾ ਰੱਕਾਸ’ ਦੇ ਰੂਪ ਵਿਚ 2001 ਵਿਚ ਪ੍ਰਕਾਸ਼ਿਤ ਹੋ ਚੁੱਕਾ ਸੀ|
ਸੁਰਿੰਦਰ ਸੋਹਲ ਦੀ ਪਹਿਲੀ ਕਾਲ ਕਿਰਤ ਵਿਚ ਲਗਭਗ ਇਕ ਦਹਾਕੇ ਦੌਰਾਨ ਲਿਖੀਆਂ ਗ਼ਜ਼ਲਾਂ ਵਿਚੋਂ ਚੋਣਵੀਆਂ ਰਚਨਾਵਾਂ ਦੀ ਪ੍ਰਕਾਸ਼ਨਾ ਕੀਤੀ ਗਈ ਹੈ| ਵਿਸ਼ੇ ਪੱਖੋਂ ਇਹ ਇਕ ਗੁਲਦਸਤੇ ਵਾਂਗ ਹੈ ਪਰ ਇਹ ਗੁਲਦਸਤਾ ਅਜਿਹਾ ਹੈ ਜਿਸ `ਚੋਂ ਪੰਜਾਬ ਦੇ ਨਾ-ਖ਼ੁਸ਼ਗਵਾਰ ਮਾਹੌਲ ਦੀ ਕਨਸੋਅ ਮਿਲ਼ਦੀ ਹੈ| ਇਸ ਪੁਸਤਕ ਦਾ ਨਾਮ ਹੀ ‘ਖੰਡਰ, ਖ਼ਾਮੋਸ਼ੀ ਤੇ ਰਾਤ’ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਜੀਵੰਤ ਰੂਪ ਵਿਚ ਝਾਤੀ ਪਾਉਂਦਾ ਹੈ| ਦੁਵੱਲੀ ਦਹਿਸ਼ਤਗਰਦੀ ਦੇ ਡਰ ਕਾਰਨ ਪਿੰਡਾਂ ਤੋਂ ਸ਼ਹਿਰਾਂ ਵੱਲ, ਸ਼ਹਿਰਾਂ ਤੋਂ ਦੂਸਰੇ ਸ਼ਹਿਰਾਂ ਵੱਲ ਅਤੇ ਦੇਸ਼ ਤੋਂ ਪਰਵਾਸ ਦਾ ਮਾਹੌਲ ਬਣਿਆ ਰਿਹਾ, ਵਸਦੇ ਰਸਦੇ ਘਰ ਖੰਡਰ-ਨੁਮਾ ਹੋ ਰਹੇ ਸਨ|
ਇਸ ਸੋਗੀ ਹਾਲਾਤ ’ਤੇ ਤਬਸਰਾ ਕਰਨ ਵਾਲੇ ਵੀ ਵਿਰਲੇ-ਵਾਂਝੇ ਹੀ ਕਲਮਕਾਰ ਸਨ ਬਹੁਤ ਸਾਰੇ ਖ਼ਾਮੋਸ਼ੀ ਦੀ ਝੁੰਭ ਮਾਰ ਕੇ ਬੈਠੇ ਸਨ| ਸੰਗੀਨਾਂ ਦੀ ਛਾਂ ਹੇਠ ਹੀ ਕੋਈ ਆਪਣੇ ਬੋਲ ਅਲਾਪਦਾ ਸੀ, ਪਾਸ਼ ਦੀ ‘ਸਭ ਤੋਂ ਖ਼ਤਰਨਾਕ’ ਕਵਿਤਾ ਉਨ੍ਹਾਂ ਹੀ ਸਮਿਆਂ ਦੀ ਉਪਜ ਸੀ, ਇਕ ਲੰਮੀ ਹਨੇਰੀ ਕਾਲੀ ਰਾਤ ਪਸਰੀ ਹੋਈ ਸੀ, ਜਿਸ ਦੇ ਖ਼ਤਮ ਹੋਣ ਦੀ ਉਦੋਂ ਕੋਈ ਉਮੀਦ ਨਜ਼ਰ ਨਹੀਂ ਸੀ ਆਉਂਦੀ, ਜੋ ਦੇਸ਼ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਸਨ ਉਹ ਵੀ ਖੰਡਰ, ਖ਼ਾਮੋਸ਼ੀ ਅਤੇ ਸੰਘਣੀ ਹਨੇਰੀ ਰਾਤ ਦੇ ਅਨੁਭਵ ਨੂੰ ਹੰਢਾਅ ਰਹੇ ਸਨ ਅਤੇ ਜੋ ਦੂਰ ਦਸੌਰੀ ਬੈਠੇ ਹੋਏ ਪਰਵਾਸ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਸਨ ਉਹ ਸਰੀਰਕ ਤੌਰ `ਤੇ ਤਾਂ ਭਾਵੇਂ ਹਜ਼ਾਰਾਂ ਮੀਲਾਂ ਦੀ ਦੂਰੀ `ਤੇ ਬੈਠੇ ਹੋਏ ਸਨ ਪਰ ਉਨ੍ਹਾਂ ਦੇ ਮਨਾਂ ਵਿਚ ਆਪਣੇ ਦੇਸ਼ ਦੀ ਬੇਚੈਨੀ ਛਿਲਤ ਵਾਂਗ ਖੁਭੀ ਹੋਈ ਸੀ| ਸੋ ਸੁਰਿੰਦਰ ਸੋਹਲ ਦੀ ਪਹਿਲੀ ਕਿਰਤ ਪੰਜਾਬ ਦੇ ਸੋਗੀ ਵਾਤਾਵਰਨ ਨੂੰ ਆਪਣੀ ਗਹਿਰੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਵਿਚ ਦਿਖਾਈ ਦਿੰਦੀ ਹੈ| ਮੈਂ ਇਥੇ ਉਸ ਦੇ ਕੁਝ ਸ਼ਿਅਰਾਂ ਦਾ ਹਵਾਲਾ ਦੇਣਾ ਚਾਹੁੰਦਾ ਹਾਂ| ਇਨ੍ਹਾਂ ਰਾਹੀਂ ਉਥੇ ਸਮਕਾਲੀ ਅਤੇ ਸਰਬ ਕਾਲੀ ਤੱਥਾਂ ਬਾਰੇ ਜਾਗਰਤ ਚੇਤਨਾ ਪੇਸ਼ ਹੁੰਦੀ ਹੈ:
ਸਮਿਆਂ ਦੇ ਪਾਣੀ ਵਿਚ ਭਿੱਜ ਕੇ ਕਿਧਰੇ ਇਹ ਗਲ ਹੀ ਨਾ ਜਾਵਣ,
ਬੰਦ ਪਏ ਦਰਵਾਜ਼ੇ ਤਰਸਣ ਇਨ੍ਹਾਂ ਉੱਤੇ ਦਸਤਕ ਲਿਖਦੇ|
ਇਸ ਉਜੜੇ ਹੋਏ ਘਰ ਵਿਚ ਚੁੱਲਾ ਦੀਵਾ ਬਲਦੇ ਸਨ,
ਕਾਲੀ ਕੰਧ ਧੁਆਂਖੇ ਆਲੇ ਅੱਜ ਵੀ ਸ਼ਾਹਦੀ ਭਰਦੇ ਨੇ|
ਅੱਲੜ ਕੁੜੀ ਦੇ ਹੁਸਨ ਦੇ ਭੁੱਲ ਜਾ ਤੂੰ ਗੀਤ ਹੁਣ,
ਸੰਗੀਨ ਹੇਠਾਂ ਪਲਦੀਆਂ ਨਜ਼ਮਾਂ ਦਾ ਹਾਲ ਲਿਖ|
ਵਿਸ਼ਵੀਕਰਨ ਦਾ ਦੌਰ ਅਜਿਹਾ ਸੀ ਕਿ ਉਸਦਾ ਸੁਪਨਾ ਤਾਂ ਬਹੁਤ ਜ਼ਿਆਦਾ ਸਕਾਰਾਤਮਕ ਤੇ ਵਿਕਾਸ ਲਈ ਝਲਕ ਮਾਰਦਾ ਸੀ ਪਰ ਅਮਲੀ ਰੂਪ ਵਿਚ ਇਹ ਸੁਪਨਾ ਉਜਾਗਰ ਨਹੀਂ ਸੀ ਹੋ ਸਕਿਆ| ਉਸਨੇ ਬਹੁਤ ਸਾਰੇ ਨਿਖੇਧਾਤਮਕ ਪਾਸਾਰਾਂ ਨੂੰ ਜਨਮ ਦਿੱਤਾ ਹੈ| ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਜਦੋਂ ਕੋਈ ਗੜਬੜ ਪੈਦਾ ਹੁੰਦੀ ਹੈ ਤਾਂ ਵਿਸ਼ਵ ਭਰ ਦੀਆਂ ਤਾਕਤਾਂ ਉਸ ਨੂੰ ਆਪੋ-ਆਪਣੀ ਦ੍ਰਿਸ਼ਟੀ ਤੋਂ ਮਦਦ ਜਾਂ ਵਿਰੋਧ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਕਰਕੇ ਸਮੱਸਿਆ ਦੀ ਤਾਣੀ ਸੁਲਝਦੀ ਨਹੀਂ ਬਲਕਿ ਉਲਝਦੀ ਰਹਿੰਦੀ ਹੈ|
ਧਰਮ ਦੇ ਵਰਤਾਰੇ ਨੇ ਵੀ ਮਨੁੱਖ ਨੂੰ ਜੀਣਾ ਘੱਟ ਤੇ ਮਰਨਾ-ਮਾਰਨਾ ਵੱਧ ਸਿਖਾਇਆ ਪ੍ਰਤੀਤ ਹੁੰਦਾ ਹੈ|
ਹੋਰਨਾ ਸ਼ਾਇਰਾਂ ਵਾਂਗ ਸੁਰਿੰਦਰ ਸੋਹਲ ਨੇ ਵੀ ਆਪਣੇ ਧੁਰ ਮਨ ਤੋਂ ਪੰਜਾਬ ਦੇ ਉਜਲੇ ਭਵਿੱਖ ਲਈ ਖ਼ੈਰ-ਸੁਖ ਮੰਗਦੇ ਹੋਏ ਅਰਦਾਸ ਕੀਤੀ ਹੈ, ਉਹ ਲਿਖਦਾ ਹੈ:
ਅੱਗ ਚੁੱਲਿਆਂ ਵਾਸਤੇ ਘੜਿਆਂ ਲਈ ਪਾਣੀ ਲਿਖੀਂ|
ਦਿਨ ਦੇ ਪਹਿਲੇ ਵਰਕ ’ਤੇ ਜਪੁਜੀ ਜਿਹੀ ਬਾਣੀ ਲਿਖੀਂ|
ਢਹਿ ਗਏ ਘਰ ਫਿਰ ਵੱਸਣ, ਮੱਲ੍ਹਣ ਬਨੇਰੇ ਘੁੱਗੀਆਂ,
ਝੁਲਸ ਹੋਏ ਗਮਲਿਆਂ ਵਿਚ ਰਾਤ ਦੀ ਰਾਣੀ ਲਿਖੀਂ|
ਪਰਵਾਸ ਦੀ ਪ੍ਰਕਿਰਿਆ ਭਾਵੇਂ ਆਦ ਮਨੁੱਖ ਦੇ ਨਾਲ ਹੀ ਸ਼ੁਰੂ ਹੋ ਗਈ ਸੀ ਪਰ ਇਸ ਦਾ ਅਨੁਭਵ ਤੇ ਹਕੀਕਤ ਬਹੁਤ ਸੁਖਾਵੀਂ ਨਹੀਂ ਬਲਕਿ ਦੁਖਾਵੀਂ ਹੀ ਰਹੀ ਹੈ| ਇਸ ਦਾ ਕਾਰਨ ਵੱਖ-ਵੱਖ ਦੇਸ਼ਾਂ ਦੀ ਆਪਣੀ ਰਹਿਤਲ, ਅਮੀਰੀ ਗ਼ਰੀਬੀ ਦੇ ਫ਼ਾਸਲੇ, ਨਸਲੀ ਵਿਤਕਰਾ ਤੇ ਮਾਤ-ਭੂਮੀ ਦੇ ਮੋਹ ਵਰਗੀਆਂ ਅਲਾਮਤਾਂ ਬਣੀਆਂ ਰਹੀਆਂ ਹਨ| ਪਰਵਾਸ ਦੀ ਪ੍ਰਕਿਰਿਆ ਵਿਚ ਘੱਟ ਵਿਕਸਿਤ ਮੁਲਕਾਂ ਤੋਂ ਵੱਧ ਵਿਕਸਿਤ ਮੁਲਕਾਂ ਵੱਲ ਰੁਝਾਨ ਵਧੇਰੇ ਇਸ ਕਰਕੇ ਵੀ ਬਣਿਆ ਰਿਹਾ ਕਿਉਂਕਿ ਘੱਟ ਵਿਕਸਿਤ ਦੇਸ਼ਾਂ ਦੀਆਂ ਹਕੂਮਤਾਂ ਵਿਅਕਤੀਗਤ ਹਿਤਾਂ ਤੋਂ ਉੱਪਰ ਉੱਠ ਕੇ ਅਪਣੇ ਦੇਸ਼ਾਂ ਦਾ ਵਿਕਾਸ ਨਹੀਂ ਕਰ ਸਕੀਆਂ| ਧਰਮ ਦੇ ਨਾਂ ’ਤੇ ਮਨੁੱਖਾਂ ਨੂੰ ਵੰਡ ਕੇ ਕੁਰਸੀ ਦੇ ਮੋਹ ਨੂੰ ਵਧੇਰੇ ਤਰਜੀਹ ਦਿੰਦੀਆਂ ਰਹੀਆਂ ਹਨ| ਸਧਾਰਨ ਮਨੁੱਖ ਇਸ ਅੰਤਰਰਾਸ਼ਟਰੀ ਵਰਤਾਰੇ ਵਿਚ ਦੁਖਾਂਤ ਦੇ ਭਾਗੀ ਬਣਦੇ ਰਹੇ ਅਤੇ ਦੁੱਖਾਂ ਦੀ ਚੱਕੀ ਵਿਚ ਪਿਸਦੇ ਰਹੇ ਹਨ| ਸੁਰਿੰਦਰ ਸੋਹਲ ਨੇ ਅਜਿਹੇ ਅਨਭਵਾਂ ਨੂੰ ਬਹੁਤ ਮਾਰਮਕ ਤਰੀਕੇ ਨਾਲ ਕਾਵਿ-ਸੰਵੇਦਨਾ ਵਿਚ ਢਾਲ ਕੇ ਪੇਸ਼ ਕੀਤਾ ਹੈ:
ਉਨ੍ਹਾਂ ਨੇ ਰੌਸ਼ਨੀ ਦੇਵਣ ਦੇ ਸਭ ਵਾਅਦੇ ਨਿਭਾ ਦਿੱਤੇ|
ਪਰਿੰਦਿਆਂ ਦੇ ਪਰਾਂ ਵਿਚ ਸੁਲਘਦੇ ਕੋਲੇ ਟਿਕਾ ਦਿੱਤੇ|
ਸੰਦਲੀ ਦਿਨ, ਗੋਰੀਆਂ ਰਾਤਾਂ ਸਫ਼ਰ ਵਿਚ ਗਾਲ ਕੇ|
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਸ ਮੁੜੇ|
ਦੇਸ਼ ਤੋਂ ਜਦੋਂ ਵੀ ਕੋਈ ਵਿਅਕਤੀ ਪਰਵਾਸ ਧਾਰਨ ਕਰਨ ਲਈ ਦੂਰ ਦਸੌਰੀ ਦੇਸ਼ਾਂ ਵਿਚ ਜੀਵਨ ਬਤੀਤ ਕਰਨ ਲਈ ਜਾਂਦਾ ਹੈ ਤਾਂ ਇੱਕ ਵਾਰੀ ਤਾਂ ਉਸ ਨੂੰ ਸੁਹਾਵਣਾ ਸੁਪਨਾ ਨਜ਼ਰ ਆਉਂਦਾ ਹੈ ਪਰ ਹਕੀਕਤ ਸੁਪਨਿਆਂ ਦੇ ਹਾਣ ਦੀ ਨਹੀਂ ਹੁੰਦੀ|
‘ਖੰਡਰ, ਖ਼ਾਮੋਸ਼ੀ ਤੇ ਰਾਤ’ ਗ਼ਜ਼ਲ-ਪੁਸਤਕ ਉਸ ਇਤਿਹਾਸਕ ਕਾਲ ਦੌਰਾਨ ਲਿਖੀ ਗਈ ਹੈ ਜਦੋਂ ਵਿਸ਼ਵੀਕਰਨ ਦਾ ਬੋਲ ਬਾਲਾ ਆਰੰਭ ਹੋਇਆ ਸੀ। ਆਧੁਨਿਕਤਾ ਦੇ ਸਾਏ ਅਧੀਨ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦਾ ਫ਼ਾਸਲਾ ਵਧ ਰਿਹਾ ਸੀ, ਛੋਟੇ ਸਭਿਆਚਾਰਾਂ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪਿਆ, ਸਮੂਹ ਪਰਿਵਾਰਾਂ ਦੇ ਟੁੱਟ-ਭੱਜ ਹੋਣ ਨਾਲ ਮਨੁੱਖ ਨੂੰ ਵਿਅਕਤੀਗਤ ਸੀਮਾਵਾਂ ਵਿਚ ਘਿਰ ਕੇ ਵੀ ਰਹਿਣਾ ਪਿਆ, ਜੀਵਨ ਦੀ ਅਸਲੀਅਤ ਗ਼ਾਇਬ ਹੋ ਕੇ ਰੁੱਖੀ-ਨੀਰਸ ਅਤੇ ਬਣਾਉਟੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਗਈ ਸੀ| ਇਨ੍ਹਾਂ ਅਨੁਭਵਾਂ ਨਾਲ ਵਿਅਕਤੀ ਅਸਤਿਤਵੀ ਸੰਕਟਾਂ, ਦਵੰਦਾਂ ਅਤੇ ਆਤਮ ਸੰਤਾਪ ਦਾ ਵੀ ਸ਼ਿਕਾਰ ਹੋਇਆ ਹੈ| ਅਜੋਕੇ ਮਨੁੱਖ ਦੀ ਜ਼ਿੰਦਗੀ ਵਿਚੋਂ ਤੇਜ਼ੀ ਨਾਲ ਸਹਿਜ ਮਨਫ਼ੀ ਹੁੰਦਾ ਜਾ ਰਿਹਾ ਹੈ| ਮਨੁੱਖ ਨੇ ਤੇਜ਼ੀ ਅਖ਼ਤਿਆਰ ਕਰ ਲਈ ਹੈ ਪਰ ਇਸ ਤੇਜ਼ੀ ਨੇ ਮਨੁੱਖ ਨੂੰ ਵਿਕਾਸ ਨਹੀਂ ਦਿੱਤਾ ਬਲਕਿ ਉਸਦੀ ਹੋਂਦ ਨੂੰ ਨਸ਼ਟ ਕੀਤਾ ਹੈ, ਉਸ ਨੂੰ ਬੇਚੈਨ ਕੀਤਾ ਹੈ| ਉਸ ਨੂੰ ਵਾਸਤਵਿਕ ਜੀਵਨ ਵਿੱਚੋਂ ਕੱਢ ਕੇ ਅਜਿਹੇ ਖ਼ਲਾਅ ਵਿਚ ਸੁੱਟ ਦਿੱਤਾ ਹੈ ਜਿੱਥੇ ਮਨੁੱਖ ਆਪਣੇ ਆਪ ਨੂੰ ਕਿਸੇ ਵੀ ਵੇਲੇ ਡਿੱਗਦਾ ਹੋਇਆ, ਟੁੱਟਦਾ ਹੋਇਆ, ਖ਼ਤਮ ਹੁੰਦਾ ਹੋਇਆ ਮਹਿਸੂਸ ਕਰਦਾ ਹੈ| ਇਹ ਸਾਰੇ ਅਨੁਭਵ ਸੁਰਿੰਦਰ ਸੋਹਲ ਦੀ ਕਵਿਤਾ ਦੇ ਅੰਗ-ਸੰਗ ਹੋ ਕੇ ਵਿਚਰੇ ਹਨ| ਇਸ ਤੋਂ ਇਲਾਵਾ ਨਾਰੀ ਜੋ ਜਨਨੀ ਹੈ ਉਸ ਨੂੰ ਇਕ ਤੋਂ ਦੂਸਰੀ ਸਥਿਤੀ ਵਿਚ ਪ੍ਰਵੇਸ਼ ਕਰਨਾ ਪੈਂਦਾ ਹੈ, ਇਸ ਕਰਕੇ ਉਹ ਹਮੇਸ਼ਾ ਦੁਖਾਂਤ ਤੇ ਅਸੁਰੱਖਿਅਤ ਮਾਹੌਲ ਦੇ ਕਟਹਿਰੇ ਵਿਚ ਘਿਰੀ ਰਹਿੰਦੀ ਹੈ| ਉਸਦਾ ਕਹਿਣਾ ਹੈ:
ਮੇਰੇ ਘਰ ਵਿਚ ਲੱਖ ਯਤਨ ਕਰ ਕੇ ਵੀ ਨਾ ਹੋਈ ਹਰੀ,
ਤੂੰ ਗੁਲਾਬ ਆਪਣੇ ਤੋਂ ਜਿਹੜੀ ਕੱਟ ਕੇ ਦਿੱਤੀ ਸੀ ਦਾਬ|
ਸੁਰਿੰਦਰ ਸੋਹਲ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਹ ਜੀਵਨ ਦੇ ਵਾਸਤਵਿਕ ਅਨੁਭਵਾਂ ਨੂੰ ਇਵੇਂ ਪੇਸ਼ ਕਰਦਾ ਹੈ ਜਿਵੇਂ ਇਹ ਸਾਰਾ ਵਰਤਾਰਾ ਉਸਦੇ ਆਪਣੇ ਤਨ-ਮਨ ਉੱਪਰ ਵਾਪਰਿਆ ਹੋਵੇ। ਪਰਾਏ ਅਨੁਭਵ ਨੂੰ ਵੀ ਆਪਣਾ ਬਣਾ ਲੈਣ ਦੀ ਸਮਰੱਥਾ ਤੇ ਉਸ ਨੂੰ ਸੂਖਮਤਾ ਨਾਲ ਪੇਸ਼ ਕਰਨ ਦੀ ਯੋਗਤਾ ਕਿਸੇ ਵਿਰਲੇ-ਵਾਂਝੇ ਦੇ ਹੀ ਹੱਥ ਆਉਂਦੀ ਹੈ|
੦-੦-੦-
ਸੁਰਿੰਦਰ ਸੋਹਲ ਦੀ ਦੂਸਰੀ ਪੁਸਤਕ ‘ਕਿਤਾਬ ਆਸਮਾਨ ਦੀ’ ਵੀ ਗਜ਼ਲ ਦੇ ਰੂਪ ਵਿਚ ਪੇਸ਼ ਹੋਈ ਹੈ| ਇਸ ਪੁਸਤਕ ਦਾ ਪਹਿਲੀ ਪੁਸਤਕ ਦੇ ਪ੍ਰਕਾਸ਼ਨ ਨਾਲੋਂ 13 ਸਾਲਾਂ ਦਾ ਵਕਫਾ ਹੈ| ਮੈਂ ਇਸ ਵਕਫੇ ਨੂੰ ਨਾਹ-ਮੁੱਖਤਾ ਦੇ ਨੁਕਤੇ ਤੋਂ ਨਹੀਂ ਵਿਚਾਰਦਾ| ਜਿਹੜੇ ਲੇਖਕ ਜਲਦੀ-ਜਲਦੀ ਆਪਣੀਆਂ ਕਾਵਿ-ਪੁਸਤਕਾਂ ਦੀਆਂ ਪ੍ਰਕਾਸ਼ਨਾਵਾਂ ਕਰਦੇ ਹਨ, ਉਹ ਸੁਚੇਤ ਅਚੇਤ ਕਾਹਲ ਬਿਰਤੀ ਦਾ ਸ਼ਿਕਾਰ ਹੋ ਜਾਂਦੇ ਹਨ| ਲੇਖਕ ਨੂੰ ਆਪਣੀ ਪੁਸਤਕ ਦੇ ਪ੍ਰਕਾਸ਼ਨ ਵੇਲੇ ਬਹੁਤ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ| ਸੋ ਇਸ ਪੱਖ ਤੋਂ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸੋਹਲ ਇਕ ਸੁਚੇਤ ਅਤੇ ਜ਼ਿੰਮੇਵਾਰੀ ਵਾਲਾ ਸ਼ਾਇਰ ਹੈ, ਜਿਸ ਪਾਸ ਸਹਿਜ, ਸਬਰ ਅਤੇ ਠਰੰਮਾ ਹੈ| ਪਰ ਇਨ੍ਹਾਂ ਤੇਰਾਂ ਸਾਲਾਂ ਵਿਚ ਵੀ ਉਹ ਸਾਹਿਤ ਨਾਲ਼ੋਂ ਅਭਿੱਜ ਨਹੀਂ ਰਿਹਾ| ਉਹ ਲਗਾਤਾਰ ਲਿੱਪੀ-ਅੰਤਰ, ਅਨੁਵਾਦ ਅਤੇ ਸੰਪਾਦਨਾ ਦਾ ਕੰਮ ਕਰਦਾ ਰਿਹਾ ਹੈ|
ਅਗਲਾ ਨੁਕਤਾ ਮੇਰਾ ਇਸ ਪੁਸਤਕ ਦੇ ਪਿਛੋਕੜ ਵਿਚ ਚੱਲ ਰਹੇ ਅਨੁਭਵ ਨੂੰ ਵਿਚਾਰਨ ਦਾ ਹੈ| ਜਦੋਂ ਵੀ ਕੋਈ ਸਮੀਖਿਅਕ ਕਿਸੇ ਸਿਰਜਣਾਤਮਕ ਕਿਰਤ ਦਾ ਵਿਵੇਚਨ ਜਾਂ ਮੁਲਾਂਕਣ ਕਰਦਾ ਹੈ ਤਾਂ ਲੇਖਕ ਕੀ ਕਹਿੰਦਾ ਹੈ? ਕਿਉਂ ਕਹਿੰਦਾ ਹੈ? ਕਦੋਂ ਕਹਿੰਦਾ ਹੈ? ਕਿਵੇਂ ਕਹਿੰਦਾ ਹੈ? ਅਤੇ ਕਿੱਥੇ ਕਹਿੰਦਾ ਹੈ? ਇਹ ਸਾਰੇ ਨੁਕਤੇ ਉਸ ਦੀ ਮਨੋ-ਬਿਰਤੀ ਵਿਚ ਵਾਸ ਕਰ ਰਹੇ ਹੁੰਦੇ ਹਨ ਤਾਂ ਹੀ ਕਿਸੇ ਰਚਨਾ ਦੀ ਥਾਹ ਪਾਈ ਜਾ ਸਕਦੀ ਹੈ| ਜਿਸ ਵੇਲੇ ਇਸ ਰਚਨਾ ਦੀ ਰਚਨਾਤਮਕਤਾ ਸਾਹਮਣੇ ਆਈ ਉਸ ਸਮੇਂ ਸੁਰਿੰਦਰ ਸੋਹਲ ਭਾਰਤ ਤੋਂ ਅਮਰੀਕਾ ਵਿਖੇ ਪਰਵਾਸ ਧਾਰਨ ਕਰ ਚੁੱਕਾ ਸੀ| ਉਹ ਭਾਰਤ ਵਰਗੇ ਦੇਸ਼ ਦੀ ਸਰਲ, ਸਾਦਾ ਸਭਿਆਚਾਰਕ ਜ਼ਿੰਦਗੀ ਨੂੰ ਛੱਡ ਕੇ ਅਮਰੀਕਾ ਵਰਗੇ ਪੂੰਜੀਵਾਦੀ ਦੇਸ਼ ਵਿਚ ਸਥਾਈ ਵਸੇਬਾ ਕਰਨ ਦੇ ਮਨੋਰਥ ਨਾਲ ਆ ਚੁੱਕਾ ਸੀ| ਇਸੇ ਸਮੇਂ ਵਿਚ ਵਿਸ਼ਵੀਕਰਨ, ਆਧੁਨਿਕਤਾ ਅਤੇ ਵਿਅਕਤੀਵਾਦ ਦਾ ਬੋਲ ਬਾਲਾ ਵੀ ਹੁੰਦਾ ਰਿਹਾ ਸੀ|
ਪੂੰਜੀਵਾਦ ਤੇ ਕਲਾਤਮਕਤਾ ਦਾ ਵੀ ਆਪਸ ਵਿਚ ਬੜਾ ਟੇਢਾ-ਮੇਢਾ ਰਿਸ਼ਤਾ ਹੈ| ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਪੂੰਜੀਵਾਦ ਕਲਾ ਨੂੰ ਨਿਖਾਰਦਾ ਹੈ ਜਾਂ ਕਲਾਕਾਰ ਨੂੰ ਪਤਨ ਵਾਲੇ ਬੰਨ੍ਹੇ ਲੈ ਜਾਂਦਾ ਹੈ? ਇਸਦਾ ਜਵਾਬ ਇਹ ਪ੍ਰਤੀਤ ਹੁੰਦਾ ਹੈ ਕਿ ਕਈ ਵਾਰ ਪੂੰਜੀਪਤੀ ਇਹ ਸਮਝਦਾ ਹੈ ਕਿ ਮੈਂ ਪੂੰਜੀ ਨਾਲ ਹੀ ਆਪਣੀ ਰਚਨਾਤਮਕਤਾ ਨੂੰ ਕਲਾਸਕੀ ਰੂਪ ਦੇ ਸਕਦਾ ਹਾਂ ਪਰ ਇਹ ਸਚਾਈ ਨਹੀਂ ਹੈ| ਕਲਾ ਪੂੰਜੀ ਵਿੱਚੋਂ ਨਹੀਂ, ਮਨ ਦੀ ਇਕਾਗਰਤਾ ਰਾਹੀਂ ਉਪਜਦੀ ਹੈ| ਇਸ ਸਾਹਿਤਕ ਕਮਾਈ ਨੂੰ ਅਕਸਰ ਹਲਕੇ-ਫੁਲਕੇ ਅੰਦਾਜ਼ ਵਿਚ ਵੀ ਲੈ ਲਿਆ ਜਾਂਦਾ ਹੈ| ਜਿਵੇਂ ਸੁਰਿੰਦਰ ਸੋਹਲ ਲਿਖਦਾ ਹੈ:
ਜ਼ਿਕਰ ਕਰਵਾਉਣ ਦਾ ਏਨ੍ਹਾਂ ਦਾ ਹੈ ਜਨੂਨ ਏਨਾ,
ਕਾਗਜ਼ੀ ਲੋਕ ਨੇ, ਅੰਗਾਰ ਵੀ ਚੁੱਕ ਸਕਦੇ ਨੇ|
ਪੂੰਜੀਵਾਦੀ ਸਭਿਆਚਾਰ ਦੀਆਂ ਕੁਝ ਇਕ ਅਜਿਹੀਆਂ ਅਲਾਮਤਾਂ ਨੇ ਜਿਹੜੀਆਂ ਬੰਦਿਆਂ ਵਿਚ ਸਹਿਜੇ ਹੀ ਪ੍ਰਵੇਸ਼ ਕਰ ਜਾਂਦੀਆਂ ਹਨ| ਜਿਵੇਂ ਮੈਂ ਪਰਵਾਸ ਬਾਰੇ ਜ਼ਿਕਰ ਕੀਤਾ ਸੀ, ਇਸ ਪੁਸਤਕ ਵਿਚ ਵੀ ਪਰਵਾਸ ਬਾਰੇ ਕੁਝ ਥੀਮ ਦ੍ਰਿਸ਼ਟੀ ਗੋਚਰ ਹੁੰਦੇ ਹਨ| ਉਸ ਦੀ ਪਹਿਲੀ ਪੁਸਤਕ ਵਿਚ ਇਕ ਪਰਵਾਸ ਦਾ ਸੁਪਨਾ ਸੀ, ਇਸ ਪੁਸਤਕ ਵਿਚ ਪਰਵਾਸੀ ਜੀਵਨ ਦੇ ਸੰਘਰਸ਼ ਦੀ ਗਾਥਾ ਹੈ| ਸੁਪਨੇ ਅਤੇ ਹਕੀਕਤ ਦਾ ਹਮੇਸ਼ਾ ਅੰਤਰ ਹੁੰਦਾ ਹੈ| ਸੁਪਨਾ ਬਹੁਤ ਖ਼ੂਬਸੂਰਤ ਹੁੰਦਾ ਹੈ| ਜਦੋਂ ਸੁਪਨਾ ਉਗਮਦਾ ਹੈ ਤਾਂ ਅੱਖੀਆਂ ਵਿਚ ਸੋਹਜ ਹੀ ਸੋਹਜ ਦਿਖਾਈ ਦਿੰਦਾ ਹੈ ਪਰ ਜਦੋਂ ਮਨੁੱਖ ਹਕੀਕਤ ਦੇ ਰੂਬਰੂ ਹੁੰਦਾ ਹੈ ਤਾਂ ਸੁਪਨਾ ਤਿੜਕਿਆ ਹੋਇਆ ਸਾਕਾਰ ਹੁੰਦਾ ਹੈ| ਇਸ ਸੰਘਰਸ਼ ਦੇ ਬਹੁਤ ਸਾਰੇ ਵੇਰਵੇ ਸੁਰਿੰਦਰ ਸੋਹਲ ਦੀ ਹੱਥਲੀ ਪੁਸਤਕ ਵਿਚ ਵੇਖੇ ਜਾ ਸਕਦੇ ਹਨ:
ਇਹ ਕਿਹੜੇ ਗੁਨਾਹ ਦੀ ਸਜ਼ਾ ਭੋਗਦੇ ਨੇ|
ਪਰਿੰਦੇ ਪਰਾਂ ਤੋਂ ਬਿਨਾਂ ਉੜ ਰਹੇ ਨੇ|
ਮੈਂ ਤਾਂ ਘਰ ਹੀ ਛੱਡ ਆਇਆ ਸਾਂ ਮਹਿਕ, ਜਜ਼ਬੇ ਤੇ ਰਿਸ਼ਤੇ,
ਪਰ ਸਫ਼ਰ ਵਿਚ ਨਾਲ ਮੇਰੇ ਪੈੜ ਕਿਸ ਦੀ ਚੱਲ ਰਹੀ ਹੈ?
ਕੱਚ ’ਤੇ ਤੁਰਨਾ ਪਿਆ ਹੈ, ਅੱਗ ਤੇ ਸੌਣਾ ਪਿਆ,
ਇਮਤਿਹਾਂ ਕਿਹੜਾ ਨਾ ਕੀਤਾ ਪਾਸ ਮੈਂ ਸੰਸਾਰ ਵਿਚ|
ਪਰਵਾਸ ਦਾ ਅਨੁਭਵ ਕੌੜਾ-ਕੁਸੈਲਾ ਜਾਂ ਕੁੜੱਤਣ ਭਰਿਆ ਅਤੇ ਸਮੱਸਿਆਪੂਰਕ ਇਸ ਲਈ ਬਣ ਜਾਂਦਾ ਹੈ ਕਿ ਮਨੁੱਖ ਆਪਣੀ ਮਾਤ ਭੂਮੀ ਨੂੰ ਬਹੁਤ ਪਿੱਛੇ ਛੱਡ ਆਉਂਦਾ ਹੈ ਅਤੇ ਜਿਸ ਧਰਤੀ `ਤੇ ਉਹ ਵਸੇਬਾ ਕਰਦਾ ਹੈ ਉਸ ਧਰਤੀ `ਤੇ ਉਸ ਦੀਆਂ ਜੜ੍ਹਾਂ ਨਹੀਂ ਹੁੰਦੀਆਂ| ਨਵੇਂ ਭੂਗੋਲਿਕ ਖਿੱਤੇ ਵਿਚ ਆਪਣੀ ਹੋਂਦ ਨੂੰ ਕਾਇਮ ਕਰਨਾ ਹੁੰਦਾ ਹੈ ਚਾਰੇ ਪਾਸੇ ਨਿਰਾਸ਼ਾ ਦਾ ਆਲਮ ਪਸਰਿਆ ਹੁੰਦਾ ਹੈ| ਕਈ ਵਾਰ ਤਾਂ ਮਨੁੱਖ ਇਹ ਸੋਚਦਾ ਹੈ ਕਿ ਵਾਪਸ ਚਲੇ ਜਾਵਾਂ ਕਿਉਂਕਿ ਦੁਨੀਆ ਵਿਚ ਕੋਈ ਵੀ ਧਰਤੀ ਅਜਿਹੀ ਨਹੀਂ ਜਿਹੜੀ ਉਸਦੀ ਮਾਤ ਭੂਮੀ ਤੋਂ ਵਧੀਕ ਪਿਆਰੀ ਹੋਵੇ| ਸੋ ਇਸ ਸੰਕਟ ਭਰਪੂਰ ਜ਼ਿੰਦਗੀ ਦਾ ਕੱਲ-ਮਕੱਲਿਆਂ ਹੀ ਮੁਕਾਬਲਾ ਕਰਨਾ ਪੈਂਦਾ ਹੈ| ਸੁਰਿੰਦਰ ਸੋਹਲ ਲਿਖਦਾ ਹੈ :
ਸ਼ਹਿਰ ਬੇਗਾਨਾ ਸੀ ਭਾਵੇਂ ਬੇ-ਪਛਾਣੇ ਰਾਸਤੇ|
ਵਾਕਿਫ਼ ਵਾਂਗੂੰ ਮਗਰ ਉੱਡ ਉੱਡ ਮਿਲੇ ਨੇ ਹਾਦਸੇ|
ਖ਼ੌਫ਼ ਦਾ ਦਰਿਆ ਇਕੱਲੇ ਨੂੰ ਹੀ ਤਰ ਜਾਣਾ ਪਿਆ,
ਛੱਡ ਗਏ ਸੀ ਸਾਥ ਪਹਿਲੇ ਮੋੜ `ਤੇ ਹੀ ਕਾਫ਼ਲੇ|
ਅਜੇਹੀ ਅਵਸਥਾ ਵਿਚ ਜਦੋਂ ਮਾਨਸਿਕਤਾ ਸੰਕਟਸ਼ੀਲ ਸਥਿਤੀ ਵਿੱਚੋਂ ਗੁਜ਼ਰ ਰਹੀ ਹੋਵੇ ਉਦੋਂ ਨਿਰਾਸ਼ਾ, ਅਸਤਿਤਵਹੀਣਤਾ, ਐਬਸਰਡਿਟੀ, ਇਕੱਲਤਾ ਮਨ ਨੂੰ ਪਰੇਸ਼ਾਨੀਆਂ ਵਿਚ ਡਬੋ ਦਿੰਦੀ ਹੈ| ਇਹ ਸਾਰੇ ਥੀਮ ਸੁਰਿੰਦਰ ਸੋਹਲ ਦੀ ਹੱਥਲੀ ਪੁਸਤਕ ਵਿਚ ਵੇਖੇ ਜਾ ਸਕਦੇ ਹਨ|
ਉਹ ਲਿਖਦਾ ਹੈ :
ਸਫ਼ਰ ’ਚ ਇਸ ਤਰ੍ਹਾਂ ਦਾ ਵੀ ਪੜਾਓ ਆਇਆ ਹੈ,
ਪਿਛਾਂਹ ਦੀ ਖਿੱਚ ਨਾ, ਕੋਈ ਮੰਜ਼ਿਲਾਂ ਦਾ ਸ਼ੌਕ ਰਿਹਾ|
ਇਹ ਕੇਵਲ ਕਹਿਣ ਮਾਤਰ ਹੀ ਹੁੰਦਾ ਹੈ ਕਿ ਮਨੁੱਖ ਆਪਣੇ ਅਤੀਤ ਤੇ ਭਵਿੱਖ ਤੋਂ ਵਿਛੁੰਨਾ ਹੋ ਰਿਹਾ ਹੈ| ਮਨੁੱਖ ਦੀ ਜਦ ਤੱਕ ਜ਼ਿੰਦਗੀ ਕਾਇਮ ਰਹਿੰਦੀ ਹੈ ਤਦ ਤੱਕ ਉਹ ਆਪਣੇ ਅਤੀਤ ਤੋਂ ਅਭਿੱਜ ਨਹੀਂ ਹੋ ਸਕਦਾ ਅਤੇ ਨਾ ਹੀ ਉਹ ਭਵਿੱਖ ਨੂੰ ਚਿਤਵਣ ਤੋਂ ਬਗ਼ੈਰ ਜਿਉਂਦਾ ਰਹਿ ਸਕਦਾ ਹੈ| ਜੇ ਅਸੀਂ ਭਵਿੱਖ ਵੱਲ ਪਿੱਠ ਕਰ ਲੈਂਦੇ ਹਾਂ ਤਾਂ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ| ਭਵਿੱਖ ਹੀ ਹੈ ਜੋ ਬੰਦੇ ਨੂੰ ਆਪਣੇ ਜਾਦੂਮਈ ਵੇਗ ਵਿਚ ਅਗਾਂਹ ਵੱਲ ਤੋਰਦਾ ਰਹਿੰਦਾ ਹੈ| ਉਹ ਇਸ ਸੰਕਟ ਦੇ ਸਮੇਂ ਵਿਚ ਆਦਰਸ਼-ਮਾਨਵ ਦੀ ਤਲਾਸ਼ ਕਰਦਾ ਹੈ| ਬੋਹੜਾਂ-ਪਿੱਪਲਾਂ ਵਰਗੇ ਵੱਡੇ ਕੱਦ-ਕਾਠ ਵਾਲੇ ਬੰਦੇ ਲੱਭਦਾ ਫਿਰਦਾ ਹੈ ਪਰ ਪੂੰਜੀਵਾਦੀ ਸਮਾਜ ਵਿਚ ਸਾਬਤ ਸੂਰਤ ਮਨੁੱਖ ਜੋ ਆਪਣੀਆਂ ਗੱਲਾਂ `ਤੇ ਖਲੋ ਕੇ ਜੀਵਨ ਕੁਰਬਾਨ ਕਰ ਸਕਦੇ ਹੋਣ, ਅਜੋਕੇ ਸਮੇਂ ਵਿਚ ਲੱਭਣੇ ਮੁਮਕਿਨ ਨਹੀਂ| ਇਹ ਹੇਰਵਾ ਸਮੁੱਚੀ ਪੰਜਾਬੀ ਕਵਿਤਾ ਦੇ ਅੰਤਰਗਤ ਵਿਚਰਦਾ ਹੋਇਆ ਵੇਖਿਆ ਜਾ ਸਕਦਾ ਹੈ| ਇਹ ਥੀਮ ਅਜਿਹਾ ਹੈ ਜਿਹੜਾ ਕੁਝ ਅਰਸੇ ਬਾਅਦ ਕਵੀਆਂ ਦੀ ਕਵਿਤਾ ਵਿਚ ਸਾਕਾਰ ਹੁੰਦਾ ਹੈ|
ਅਜਿਹਾ ਵਾਤਾਵਰਨ ਕੇਵਲ ਅਮਰੀਕਾ ਜਾਂ ਹੋਰ ਵਿਕਸਿਤ ਦੇਸ਼ਾਂ ਵਿਚ ਹੀ ਨਹੀਂ ਪੈਦਾ ਹੋਇਆ ਬਲਕਿ ਆਪਣੇ ਦੇਸ਼ ਵਿਚ ਵੀ ਅੱਜ ਤੋਂ ਜੋ ਛੇ-ਸੱਤ ਦਹਾਕੇ ਪਹਿਲਾਂ ਦਾ ਸਭਿਆਚਾਰ ਹੁੰਦਾ ਸੀ| ਉਹ ਸਭਿਆਚਾਰ ਤੇ ਨੈਤਿਕਤਾ ਅੱਜ ਦੇ ਸਮੇਂ ਵਿਚ ਤਲਾਸ਼ ਕਰਨੀ ਸੰਭਵ ਨਹੀਂ ਹੈ, ਸੋ ਵਿਸ਼ਵੀਕਰਨ ਤੇ ਆਧੁਨਿਕਤਾ ਦਾ ਪ੍ਰਭਾਵ ਅਜਿਹਾ ਹੈ ਜਿਸ ਨੇ ਸਾਰੇ ਵਿਸ਼ਵ ਵਿਚ ਵਿਅਕਤੀ ਨੂੰ ਵਿਅਕਤੀਵਾਦੀ ਰੁਚੀਆਂ ਦਾ ਅਨੁਸਾਰੀ ਬਣਾ ਦਿੱਤਾ ਹੈ| ਉਹ ਸਮੂਹ ਤੋਂ ਟੁੱਟ ਗਿਆ ਹੈ ਅਤੇ ਯਥਾਰਥ-ਮੁਖੀ ਹੋ ਗਿਆ ਹੈ ਜਿਵੇਂ ਉਸਦਾ ਆਲੇ-ਦੁਆਲੇ ਨਾਲ ਕੋਈ ਰਿਸ਼ਤਾ ਹੀ ਨਹੀਂ| ਇਸੇ ਕਰਕੇ ਹੀ ਕਈ ਵਾਰ ਇਹ ਸੁਣਿਆ ਜਾਂਦਾ ਹੈ ਕਿ ਮਾਨਵਵਾਦ ਦਾ ਭੋਗ ਪੈ ਚੁੱਕਾ ਹੈ ਪਰ ਸਾਹਿਤਕਾਰ ਜੋ ਆਪਣੇ ਸੱਚੇ-ਸੁੱਚੇ ਫਰਜ਼ ਨਿਭਾਉਂਦਾ ਹੈ ਉਹ ਇਸ ਮਾਨਵਵਾਦ ਨੂੰ ਸੁਰਜੀਤ ਕਰਦਾ ਰਹਿੰਦਾ ਹੈ| ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ, ਉਸਦੀ ਮਾਨਸਿਕਤਾ ਦੇ ਖੂੰਜੇ ਵਿਚ ਦੱਬਿਆ ਹੁੰਦਾ ਹੈ, ਇਸ ਨੂੰ ਸਾਹਿਤਕਾਰ ਜਾਗਰੂਕ ਕਰ ਸਕਦਾ ਹੈ| ਇਹ ਸਹਿਤਕਾਰ ਦਾ ਇਕ ਆਦਰਸ਼ ਮੰਨਿਆ ਜਾਣਾ ਚਾਹੀਦਾ ਹੈ| ਵਿਤਰੇਕਤਾ, ਬੇਗਾਨੀਅਤ, ਬਣਾਉਟੀ ਜੀਵਨ ਆਦਿ ਅਜਿਹੇ ਥੀਮ ਸੁਰਿੰਦਰ ਸੋਹਲ ਦੀ ਗ਼ਜ਼ਲ ਵਿਚ ਥਾਂ ਪਰ ਥਾਂ ਵੇਖੇ ਜਾ ਸਕਦੇ ਹਨ| ਉਦਾਹਰਨ ਵਜੋਂ:
ਦੋਸਤੀ ਦੇ ਅਰਥ ਗੁੰਮੇ ਦੋਸਤਾਂ ਦੀ ਭੀੜ ਵਿਚ|
ਮੈਂ ਗਵਾਹ ਬੈਠਾ ਹਾਂ ਰਸਤਾ ਨਕਸ਼ਿਆਂ ਦੀ ਭੀੜ ਵਿਚ|
ਧੁੱਪਾਂ ਨਾਲੋਂ, ਛਾਵਾਂ ਨਾਲੋਂ, ਮੋਹ ਕਿਉਂ ਟੁੱਟਦਾ ਜਾਂਦਾ ਹੈ|
ਸ਼ਹਿਰ ਤੇਰੇ ਦੇ ਰਾਵ੍ਹਾਂ ਨਾਲੋਂ ਮੋਹ ਕਿਉਂ ਟੁੱਟਦਾ ਜਾਂਦਾ ਹੈ|
ਦਿਲ ਦੇ ਵਿਹੜੇ ਸ਼ਾਮ ਉਦਾਸੀ ਪੋਲੇ ਪੈਰੀਂ ਆ ਉਤਰੇ,
ਮੇਰਾ ਸੁਰਖ਼ ਸ਼ੁਆਵਾਂ ਨਾਲੋਂ ਮੋਹ ਕਿਉਂ ਟੁੱਟਦਾ ਜਾਂਦਾ ਹੈ|
ਮੈਂ ਉਪਰ ਵੀ ਕਿਹਾ ਹੈ ਕਿ ਸਾਹਿਤਕਾਰ ਮਨੁੱਖ ਦੇ ਖੂੰਜੇ ਵਿਚ ਗਈ ਹੋਈ ਮਾਨਵਵਾਦੀ ਭਾਵਨਾ ਨੂੰ ਪੁਨਰ ਸੁਰਜੀਤ ਕਰ ਸਕਦਾ ਹੈ| ਹਾਸ਼ੀਆਈ ਸਥਿਤੀ ਤੋਂ ਮਨੁੱਖ ਨੂੰ ਕੱਢ ਕੇ ਜ਼ਿੰਦਗੀ ਦੇ ਸਹੀ ਰਸਤੇ ’ਤੇ ਤੋਰ ਸਕਦਾ ਹੈ, ਭਾਵੇਂ ਇਹ ਭਾਵਨਾ ਹਰ ਬੰਦੇ ਦੇ ਅੰਦਰ ਹੁੰਦੀ ਹੈ ਪਰ ਆਤਮ ਪ੍ਰਤੀ ਸੁਭਾਅ ਕਰਕੇ ਇਹ ਭਾਵਨਾਵਾਂ ਦੱਬੀਆਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਕਵੀ ਹਲੂਣਾ ਦੇ ਸਕਦਾ ਹੈ, ਜਿਵੇਂ ਸੁਰਿੰਦਰ ਸੋਹਲ ਲਿਖਦਾ ਹੈ:
ਇਨ੍ਹਾਂ ਅੰਦਰ ਵੀ ਸੁਪਨੇ ਸੁਰਖ ਸੁੱਤੇ ਨੇ ਜਗਾ ਦੇਣਾ|
ਸਮਾਂ ਮਿਲਿਆ ਤਾਂ ਬੁਝਿਆਂ ਦੀਵਿਆਂ ਨੂੰ ਅੱਗ ਛੂਹਾ ਦੇਣਾ|
ਜਿਵੇਂ ਮਾਨਵਵਾਦ ਦੀ ਰੁਚੀ ਮਨੁੱਖ ਦੇ ਅੰਦਰੋਂ ਖ਼ਤਮ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੁਮਾਂਸ ਦਾ ਜਜ਼ਬਾ ਮਨੁੱਖੀ ਹਸਤੀ ਵਿਚੋਂ ਗ਼ਾਇਬ ਨਹੀਂ ਹੋ ਸਕਦਾ| ਇਹ ਜ਼ਮਾਨਾ ਚਾਹੇ ਮਨੁੱਖ ਨੂੰ ਜਿੰਨੀਆਂ ਮਰਜ਼ੀ ਸੀਮਾਵਾਂ ਵਿਚ ਬੰਨ੍ਹ ਦੇਵੇ ਜਾਂ ਜਿੰਨੀਆਂ ਮਰਜ਼ੀ ਕੈਦਾਂ ਵਿਚ ਨਰੜ ਦੇਵੇ ਪਰ ਰੋਮਾਂਸ ਦਾ ਜਜ਼ਬਾ ਹਰ ਹਾਲ ਵਿਚ ਮਨੁੱਖੀ ਸੀਨੇ ਵਿਚ ਤਰ ਰਹਿੰਦਾ ਹੈ| ਜਦ ਤਕ ਮਨੁੱਖ ਜੀਵਿਤ ਰਹਿੰਦਾ ਹੈ ਅਤੀਤ ਦੇ ਰੋਮਾਂਸਵਾਦੀ ਭਾਵ ਉਸ ਦੀ ਮਾਨਸਿਕਤਾ ਅੰਦਰ ਹਰਕਤ ਕਰਦੇ ਦੇਖੇ ਜਾ ਸਕਦੇ ਹਨ| ਇਸ ਭਾਵ ਨੂੰ ਪ੍ਰਗਟ ਕਰਦਿਆਂ ਸੁਰਿੰਦਰ ਸੋਹਲ ਲਿਖਦਾ ਹੈ:
ਮੈਂ ਅੱਖਾਂ ਮੀਟ ਕੇ ਵੀ ਪਹੁੰਚ ਸਕਦਾ ਹਾਂ ਤੇਰੇ ਘਰ ਤੱਕ,
ਸਮੇਂ ਨੇ ਹਰ ਗਲੀ, ਡੰਡੀ, ਸੜਕ ਭਾਵੇਂ ਭੁਲਾ ਦਿੱਤੀ|
ਕਿਵੇਂ ਪਾਗਲ ਨੇ ਵੱਖਰੇ ਰੰਗ ਵਿਚ ਵਿਥਿਆ ਸੁਣਾ ਦਿੱਤੀ|
ਤਲੀ ’ਤੇ ਰੇਤ ਰੱਖੀ, ਫੂਕ ਮਾਰੀ ਤੇ ਉਡਾਅ ਦਿੱਤੀ|
ਜਿਵੇਂ ਕਾਵਿ-ਸ਼ਾਸਤਰੀ ਲਾਨਜਾਈਨਸ ਨੇ ਕਿਹਾ ਸੀ ਕਿ ਕਵਿਤਾ ਸਾਡੇ ਭਾਵਾਂ ਦਾ ਵਿਰੇਚਨ ਕਰਦੀ ਹੈ| ਅਜੋਕੇ ਸਮੇਂ ਵਿਚ ਸਾਹਿਤ ਮਨੁੱਖ ਨੂੰ ਸੰਕਟਾਂ ਤੋਂ ਮੁਕਤ ਕਰਾ ਸਕਦਾ ਹੈ| ਸਿਰਜਣਾ ਨੂੰ ਮੁਕਤੀ ਦਾ ਮਾਰਗ ਕਿਹਾ ਜਾ ਸਕਦਾ ਹੈ| ਸੋਹਲ ਨੇ ਵੀ ਆਪਣੀ ਸ਼ਾਇਰੀ ਵਿਚ ਇਸ ਤੱਥ ਦਾ ਇਜ਼ਹਾਰ ਕੀਤਾ ਹੈ ਕਿ ਜਦੋਂ ਵੀ ਮੈਂ ਸੰਕਟਾਂ ਤੇ ਆਤਮ-ਦਵੰਦਾਂ ਵਿਚ ਘਿਰਿਆ ਹੁੰਦਾ ਹਾਂ ਤਾਂ ਮੈਨੂੰ ਮੇਰੀ ਸ਼ਾਇਰੀ ਮੁਕਤੀ ਪ੍ਰਦਾਨ ਕਰਦੀ ਹੈ:
ਮੈਂ ਚੁੱਪ ਨੂੰ ਬੋਲ ਦੇ ਦਿੱਤੇ ਤਾਂ ਪੈਂਡਾ ਹੋ ਗਿਆ ਸੌਖਾ,
ਨਹੀਂ ਤਾਂ ਰਾਹ ਵਿਚ ਖਾਮੋਸ਼ੀਆਂ ਨੇ ਵਿੰਨ੍ਹ ਦੇਣਾ ਸੀ|
ਅੰਤ ਵਿਚ ਮੈਂ ਸੁਰਿੰਦਰ ਸੋਹਲ ਦੇ ਕਾਵਿ-ਸਿਧਾਂਤ ਬਾਰੇ ਵਿਚਾਰ ਕਰਨੀ ਹੈ| ਉਹ ਮੰਨਦਾ ਹੈ ਕਿ ਜੇ ਗ਼ਜ਼ਲ ਲਿਖਣੀ ਹੈ ਤਾਂ ਗ਼ਜ਼ਲ ਦੀ ਨੇਮਾਵਲੀ, ਪਿੰਗਲ-ਅਰੂਜ਼, ਬਹਿਰ ਦਾ ਗਿਆਨ ਲਾਜ਼ਮੀ ਹੈ| ਉਹ ਮੰਨਦਾ ਹੈ ਕਿ ਇਹ ਬਹੁਤ ਕਠਨ ਕਾਰਜ ਹੈ, ਸਾਧਨਾ ਦਾ ਮਾਰਗ ਹੈ ਬਰਫ਼ ਦੇ ਆਲੇ ਵਿਚ ਸੂਰਜ ਨੂੰ ਟਿਕਾਉਣ ਵਰਗਾ ਕਾਰਜ ਹੈ| ਨਿਰੀ ਤੁਕਬੰਦੀ ਜਾਂ ਛੰਦਾਬੰਦੀ ਗ਼ਜ਼ਲ ਨਹੀਂ ਹੁੰਦੀ| ਇਸ ਵਿਚ ਸ਼ਬਦਾਂ ਦਾ ਤਾਲ, ਭਾਵਾਂ ਦਾ ਰੂਪਾਂ ਵਿਚ ਪਰਤੌਅ, ਪ੍ਰਤੀਕਾਂ, ਬਿੰਬਾਂ ਅਤੇ ਵਿਚਾਰਾਂ ਦੀ ਗਹਿਰਾਈ ਤਾਂ ਹੀ ਪਰਪੱਕਤਾ ਨਾਲ ਕਾਇਮ ਹੁੰਦੀ ਹੈ ਜੇ ਤੁਸੀਂ ਸਾਧਨਾ ਦੀ ਵਾਟ ’ਤੇ ਲੰਮੇ ਸਮੇਂ ਤੱਕ ਚਲਦੇ ਹੋ| ਉਹ ਲਿਖਦਾ ਹੈ:
ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ ’ਚ ਢਲ ਜਾਵੇ|
ਹਵਾ ਵੰਝਲੀ ’ਚੋਂ ਲੰਘ ਕੇ ਜਿਸ ਤਰ੍ਹਾਂ ਸੁਰ ਵਿੱਚ ਬਦਲ ਜਾਵੇ|
ਤੂੰ ਇਹ ਚਿੱਤਰਕਾਰ ਤੇਰੇ ’ਤੇ ਕੋਈ ਬੰਦਿਸ਼ ਨਹੀਂ,
ਬਰਫ਼ ਦੇ ਆਲ਼ੇ ’ਚ ਸੂਰਜ ਨੂੰ ਟਿਕਾਉਣ ਵਾਸਤੇ|
ਕਮਾਈ ਸ਼ਬਦ ਦੀ ਕੀਤੀ ਤਾਂ ਇਸ ਹੱਦ ਤੀਕ ਕੀਤੀ ਹੈ,
ਕਿਹਾ ਬੁੱਤ ਨੂੰ ਖ਼ੁਦਾ ਹੋ ਜਾ ਤੇ ਬੁੱਤ ਝੱਟ ਹੀ ਖ਼ੁਦਾ ਹੋਇਆ|
ਸੁਰਿੰਦਰ ਸੋਹਲ ਆਪਣੀ ਵੇਦਨਾ-ਸੰਵੇਦਨਾ ਨੂੰ ਇਸ਼ਾਰਿਆ ਰਾਹੀਂ ਪ੍ਰਗਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਕੋਈ ਕਲਪਿਤ ਦੇਸ਼ ਦੀ ਕਹਾਣੀ ਨਹੀਂ, ਸਗੋਂ ਆਲੇ-ਦੁਆਲੇ ਦੇ ਸਮਾਜ-ਸਭਿਆਚਾਰ ਵਿਚ ਜਿੱਥੇ ਉਹ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਉਸ ਜੀਵਨ ਦੀ ਵਾਸਤਵਿਕਤਾ ਦਾ ਸੱਚ ਹੈ, ਜਿਸ ਨੂੰ ਉਸਨੇ ਆਪਣੀ ਸੰਵੇਦਨਾ ਵਿਚ ਢਾਲਿਆ ਹੈ ਅਤੇ ਉਸ ਨੂੰ ਸ਼ਬਦਾਂ ਰਾਹੀਂ ਰੂਬਰੂ ਕੀਤਾ ਹੈ, ਉਹ ਲਿਖਦਾ ਹੈ:
ਕਥਾ ਨਗਰ ਦੀ ਦੱਸ ਰਹੇ ਅਛੋਪਲੀ ਜ਼ੁਬਾਨ ਵਿਚ,
ਹਰਿਕ ਤਰਫ਼ ਜੋ ਢਾਰਿਆਂ-ਚੁਬਾਰਿਆਂ ਦੇ ਲਫ਼ਜ਼ ਨੇ|
ਸਮਝ ਕਦੇ ਤਾਂ ਆਉਣਗੇ ਇਸ਼ਾਰਿਆਂ ਦੇ ਲਫ਼ਜ਼ ਨੇ|
ਕਿਤਾਬ ਆਸਮਾਨ ਦੀ ਸਿਤਾਰਿਆਂ ਦੇ ਲਫ਼ਜ਼ ਨੇ|
ਇਨ੍ਹਾਂ ਸ਼ਬਦਾਂ ਨਾਲ ਮੈਂ ਸੁਰਿੰਦਰ ਸੋਹਲ ਨੂੰ ਤਾਕੀਦ ਕਰਦਾ ਹਾਂ ਕਿ ਉਹ ਸ਼ਬਦ-ਸਾਧਨਾ ਵਿਚ ਆਪਣੀ ਇਕਾਗਰਤਾ ਕਾਇਮ ਰੱਖ ਕੇ ਸ਼ਬਦ ਸਿਰਜਣ ਦੀ ਵਾਟ ਉੱਤੇ ਨਿਰੰਤਰ ਤੁਰਦਾ ਰਹੇ|
