ਕਿਸਾਨਾਂ ਦਾ ਸੱਚਾ ਦੋਸਤ ਤੇ ਆਮ ਲੋਕਾਂ ਦਾ ਹਮਦਰਦ ਜੋਗਿੰਦਰ ਸਿੰਘ ਤੂਰ ਕਹਿ ਗਿਆ ਅਲਵਿਦਾ

ਸਰਬਜੀਤ ਧਾਲੀਵਾਲ
98141-23338
ਕਈ ਸਾਲ ਪਹਿਲਾਂ ਮੈਂ ਪੰਜਾਬੀ ਮੀਡੀਆ ਐਸੋਸੀਏਸ਼ਨ, ਅਲਬਰਟਾ ਦੇ ਸੱਦੇ ‘ਤੇ ਕੈਨੇਡਾ ਜਾਣਾ ਸੀ। ਇੱਛਾ ਰੱਜ ਕੇ ਕੈਨੇਡਾ ਦੇਖਣ ਦੀ ਸੀ। ਮੁਸ਼ਕਲ ਇਹ ਸੀ ਕਿ ਮੇਰੀ ਉਥੇ ਜ਼ਿਆਦਾ ਵਾਕਫੀਅਤ ਨਹੀਂ ਸੀ। ਕੁਝ ਦੂਰ-ਨੇੜੇ ਦੇ ਰਿਸ਼ਤੇਦਾਰ ਉੱਥੇ ਜ਼ਰੂਰ ਰਹਿੰਦੇ ਸਨ, ਪਰ ਗੱਲ ਬਣ ਨਹੀਂ ਸੀ ਰਹੀ।

ਉਸ ਸਮੇਂ ਕੈਨੇਡਾ ਲਈ ਮੈਨੂੰ The Tribune ਅਖਬਾਰ ਵਿਚ ਮੇਰੇ ਸੀਨੀਅਰ ਤੇ ਬਿਊਰੋ ਚੀਫ਼ ਗੋਬਿੰਦ ਠੁਕਰਾਲ ਜੀ ਦੇ ਕਹਿਣ `ਤੇ ਇਸ ਐਸੋਸੀਏਸ਼ਨ ਦੇ ਕਰਤਾ-ਧਰਤਾ ਡਾ. ਪ੍ਰਿਥਵੀ ਕਾਲੀਆ ਤੇ ਗੁਰਚਰਨ ਬੁੱਟਰ ਨੇ ਸੱਦਾ ਭੇਜਿਆ ਸੀ। ਉਥੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਗੱਲ ਕਰਨੀ ਸੀ। ਮੈਂ ਹਾਂ ਕਰ ਦਿਤੀ। ਪਰ ਮੈਂ ਅੰਦਰੋਂ-ਅੰਦਰੀ ਅਸਹਿਜ ਮਹਿਸੂਸ ਕਰ ਰਿਹਾ ਸਾਂ, ਕਿਉਂਕਿ ਉਥੇ ਮੇਰਾ ਐਡਮੰਟਨ ਤੋਂ ਇਲਾਵਾ ਹੋਰ ਕਿਤੇ ਠਹਿਰਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ। ਮੈਂ ਆਪਣੀ ਬੇਚੈਨੀ ਠੁਕਰਾਲ ਸਾਹਿਬ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕੋਈ ਫਿਕਰ ਨਾ ਕਰ। ਆਪਣਾ ਘਰ ਹੈ ਟੋਰਾਂਟੋ ਵਿਚ। ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਓ। ਜਿਸ ਲਹਿਜ਼ੇ ਤੇ ਦ੍ਰਿੜਤਾ ਨਾਲ ਠੁਕਰਾਲ ਸਾਹਿਬ ਨੇ ਕਿਹਾ ਮੈਂ ਚਿੰਤਾ ਮੁਕਤ ਹੋ ਗਿਆ ਤੇ ਆਪਣੀ ਜੀਵਨ ਸਾਥਣ ਤੇ ਬੇਟੀ ਦੀ ਵੀ ਵੀਜ਼ੇ ਲਈ ਅਰਜ਼ੀ ਪਾ ਦਿੱਤੀ।
ਅਸੀਂ ਕੈਨੇਡਾ ਦੀ ਤਿਆਰੀ ਸ਼ੁਰੂ ਕਰ ਦਿਤੀ। ਸਿਰਫ ਵੈਨਕੂਵਰ ਠਹਿਰਣ ਦਾ ਇੰਤਜ਼ਾਮ ਕਰਨਾ ਸੀ। ਉਹ ਵੀ ਹੋ ਗਿਆ। ਮੇਰੇ ਬਹੁਤ ਹੀ ਕਰੀਬੀ ਦੋਸਤ ਜਸਜੀਤ ਸਿੰਘ ਸਮੁੰਦਰੀ ਦੇ ਪਰਿਵਾਰ ਨੇ ਉਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਠਹਿਰਣ ਦਾ ਮਸਲਾ ਹੱਲ ਹੋ ਗਿਆ ਸੀ। ਕੈਨੇਡਾ ਜਾਣ ਤੋਂ ਕੁਝ ਦਿਨ ਪਹਿਲਾਂ ਠੁਕਰਾਲ ਸਾਹਿਬ ਮੈਨੂੰ ਸੀਨੀਅਰ ਵਕੀਲ ਸਰਦਾਰ ਜੋਗਿੰਦਰ ਸਿੰਘ ਤੂਰ ਦੇ ਘਰ 33 ਸੈਕਟਰ, ਚੰਡੀਗੜ੍ਹ ਲੈ ਗਏ। ਚਾਹ ਪੀਣ ਤੋਂ ਬਾਅਦ ਠੁਕਰਾਲ ਸਾਹਿਬ ਕਹਿਣ ਲਗੇ, ‘ਤੂਰ ਸਾਹਿਬ ਦੇ ਬੇਟੇ, ਨੂੰਹਾਂ ਤੇ ਦੂਸਰਾ ਪਰਿਵਾਰ ਟੋਰਾਂਟੋ ਰਹਿੰਦੇ ਨੇ। ਉਹ ਆਪਣਾ ਹੀ ਘਰ ਹੈ। ਕੋਈ ਤਕਲੀਫ ਨਹੀਂ ਹੋਵੇਗੀ’। ਤੂਰ ਸਾਹਿਬ ਨੇ ਸਾਡੇ ਬੈਠੇ-ਬੈਠੇ ਹੀ ਆਪਣੇ ਵੱਡੇ ਬੇਟੇ ਯਾਦਵਿੰਦਰ (ਵਿੰਦਰ) ਤੇ ਵਿੱਕੀ ਨੂੰ ਫੋਨ `ਤੇ ਸਮਝਾ ਦਿੱਤਾ ਕਿ ਠੁਕਰਾਲ ਸਾਹਿਬ ਦੇ ਕੁਲੀਗ ਆ ਰਹੇ ਨੇ, ਇਨ੍ਹਾਂ ਦਾ ਖਿਆਲ ਰੱਖਣਾ। ਮੇਰੇ ਨਾਲ ਮੇਰੀ ਪਤਨੀ ਤੇ ਬੇਟੀ ਸੀ। ਸਭ ਤੋਂ ਪਹਿਲਾਂ ਅਸੀਂ ਟੋਰਾਂਟੋ ਗਏ। ਸਾਨੂੰ ਤੂਰ ਸਾਹਿਬ ਦੇ ਦੋਨਾਂ ਬੇਟਿਆਂ ਤੇ ਨੂੰਹਾਂ ਨੇ ਇਕ ਪਲ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਕੋਈ ਬੇਗਾਨੇ ਹਾਂ। ਉਨ੍ਹਾਂ ਨੇ ਸਾਨੂੰ ਖੂਬ ਘੁਮਾਇਆ। ਨਿਆਗਰਾ ਫਾਲ ਦੇ ਰੱਜ ਕੇ ਦਰਸ਼ਨ ਕੀਤੇ। ਹੋਰ ਆਸ-ਪਾਸ ਦੇਖਣ ਵਾਲੀਆਂ ਥਾਵਾਂ ਵੀ ਦਿਖਾਈਆਂ। ਤੂਰ ਸਾਹਿਬ ਦੀ ਪਿਆਰੀ ਸ਼ਖ਼ਸੀਅਤ ਦੇ ਦਰਸ਼ਨ ਮੈਨੂੰ ਪਹਿਲੀ ਵਾਰ ਉਨ੍ਹਾਂ ਵਲੋਂ ਆਪਣੇ ਪੁੱਤਰਾਂ ਤੇ ਪਰਿਵਾਰ ਨੂੰ ਦਿਤੇ ਮਾਨਵੀ ਤੇ ਮੋਹ ਭਰੇ ਸੰਸਕਾਰਾਂ ਰਾਹੀਂ ਹੋਏ।
ਕੈਨੇਡਾ ਤੋਂ ਆਉਣ ਤੋਂ ਬਾਅਦ ਤੂਰ ਸਾਹਿਬ ਨਾਲ ਨੇੜਤਾ ਵਧ ਗਈ। ਫਿਰ ਅਕਸਰ ਮਿਲਦੇ ਰਹਿੰਦੇ। ਅਜਿਹੇ ਨੇਕ ਤੇ ਲੋਕ ਪੱਖੀ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ। ਉਹ ਸਾਰੀ ਉਮਰ ਲੋਕ ਹਿਤਾਂ ਨੂੰ ਪਹਿਲ ਦਿੰਦੇ ਰਹੇ ਤੇ ਲੋਕਾਂ ਲਈ ਕਾਨੂੰਨੀ ਤੇ ਸਮਾਜਿਕ ਪੱਧਰ `ਤੇ ਲੜਾਈਆਂ ਲੜਦੇ ਰਹੇ। ਦਿੱਲੀ ਦੇ ਬਾਰਡਰ `ਤੇ ਲਗੇ ਕਿਸਾਨ ਮੋਰਚੇ ਵੇਲੇ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ `ਤੇ ਉਨ੍ਹਾਂ ਨੇ ਵਿਸਥਾਰ ਵਿਚ ਟਿੱਪਣੀਆਂ ਕੀਤੀਆਂ ਤੇ ਕਿਸਾਨਾਂ ਨੂੰ ਦਸਿਆ ਕਿ ਇਹ ਕਾਨੂੰਨ ਉਨ੍ਹਾਂ ਦੇ ਹਿੱਤ ਵਿਚ ਨਹੀਂ ਹਨ। ਉਨ੍ਹਾਂ ਨੇ ਇਸ ਬਾਰੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਕਿਤਾਬਚੇ ‘ਖੇਤੀ ਕਾਨੂੰਨਾਂ ਵਿਚ ਕਾਲਾ ਕੀ ਹੈ’, ਲਿਖੇ ਤੇ ਲੋਕਾਂ, ਕਿਸਾਨਾਂ ਤੇ ਨੀਤੀ ਘਾੜਿਆਂ ਵਿਚ ਵੰਡੇ। ਪੰਜ ਜੂਨ 2020 ਨੂੰ ਕੇਂਦਰ ਸਰਕਾਰ ਨੇ ਤਿੰਨ ਆਰਡੀਨੈਂਸ ਜਾਰੀ ਕਰਕੇ ਖੇਤੀ ਕਾਨੂੰਨ-ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨਾਂ ਦਾ ਲਕਬ ਦਿਤਾ ਸੀ- ਲਾਗੂ ਕੀਤੇ ਸਨ। ਤੂਰ ਸਾਹਿਬ ਨੇ ਲਿਖਿਆ ਸੀ ਇਹ ਕਾਨੂੰਨ ਕਿਸਾਨਾਂ ਦੇ ਮੱਥੇ ਵਿਚ ਗੋਲੀ ਵਾਂਗ ਵੱਜੇ ਪਰ ਕਿਸਾਨਾਂ ਨੇ ਇਨ੍ਹਾਂ ਖ਼ਿਲਾਫ ਸ਼ਾਂਤੀਪੂਰਵਕ ਅੰਦੋਲਨ ਕੀਤਾ ਤੇ ਏਨਾ ਨੂੰ ਵਾਪਿਸ ਕਰਵਾਇਆ। ਇਹ ਕਈ ਦਹਾਕਿਆਂ ਬਾਅਦ ਦੇਸ਼ ਵਿਚ ਲੋਕ ਤਾਂਤਰਿਕ ਵਿਧੀ ਨਾਲ ਲੜੇ ਲੰਬੇ ਘੋਲ ਦੀ ਜਿੱਤ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ ਕਰੋਨਾ ਦੇ ਖ਼ਿਲਾਫ ਵੀ ਜੰਗ ਵਿਚ ਉਲਝਿਆ ਹੋਇਆ ਸੀ।
ਬਾਅਦ `ਚ ਇਹ ਕਿਤਾਬਚੇ ਕਿਰਤੀ ਕਿਸਾਨ ਫੋਰਮ, ਜੋ ਕਿ ਸੇਵਾ ਮੁਕਤ ਆਈ.ਏ.ਐਸ., ਆਈ.ਪੀ.ਐਸ., ਆਰਮੀ ਅਫਸਰਾਂ ਤੇ ਹੋਰ ਸਮਾਜ ਸੇਵੀਆਂ ਦੀ ਜਥੇਬੰਦੀ ਹੈ, ਨੇ ਸੈਂਕੜਿਆਂ ਦੀ ਗਿਣਤੀ ‘ਚ ਛਪਵਾ ਕੇ ਪੰਜਾਬ ਤੇ ਦੂਸਰੇ ਰਾਜਾਂ ਦੀਆਂ ਵਿਧਾਨ ਸਭਾਵਾਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਹੋਰ ਰਾਜਨੀਤਕ ਤੇ ਪ੍ਰਸ਼ਾਸਕੀ ਅਮਲੇ ਨੂੰ ਭੇਜੇ। ਇਸ ਲਈ ਵਿੱਤੀ ਮਦਦ ਸਾਬਕਾ ਆਈ.ਏ.ਐਸ. ਅਫਸਰ ਸਵਰਨ ਸਿੰਘ ਬੋਪਾਰਾਏ ਨੇ ਕੀਤੀ। ਤੂਰ ਸਾਹਿਬ ਦੀ ਸ਼ਖ਼ਸੀਅਤ ਦੀ ਪ੍ਰਮੁੱਖ ਖੂLਬਸੂਰਤੀ ਇਹ ਸੀ ਕਿ ਉਹ ਲੋਕ ਪੱਖੀ ਕੰਮ ਚੁੱਪ-ਚਾਪ ਕਰਦੇ ਤੇ ਇਸਦਾ ਢੰਡੋਰਾ ਨਹੀਂ ਸੀ ਪਿਟਦੇ।
ਇਸਤੋਂ ਇਲਾਵਾ ਉਨ੍ਹਾਂ ਅਦਾਲਤਾਂ ਵਿਚMINIMUM SUPPORT PRICE (MSP) ਦਾ ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਦਿਵਾਉਣ ਦੇ ਮਸਲੇ `ਤੇ ਵੀ ਤਕਰੀਬਨ ਇਕ ਦਹਾਕਾ ਲੜਾਈ ਲੜੀ।MSP ਦਾ ਐਲਾਨ ਤਾਂ ਤਕਰੀਬਨ ਦੋ ਦਰਜਨ ਫਸਲਾਂ ਲਈ ਕੇਂਦਰ ਸਰਕਾਰ ਵਲੋਂ ਕੀਤਾ ਜਾਂਦਾ ਹੈ ਪਰ ਇਸ `ਤੇ ਖਰੀਦ ਕੁਝ ਫਸਲਾਂ ਜਿਵੇਂ ਕਣਕ ਤੇ ਪੈਡੀ ਦੀ ਹੀ ਹੁੰਦੀ ਹੈ। ਤੇ ਉਹ ਵੀ ਕੁਝ ਰਾਜਾਂ ਵਿਚ ਹੀ। ਉਨ੍ਹਾਂ ਦੇ ਕਰੀਬੀ ਸਾਥੀ, ਨਾਮੀ ਵਕੀਲ ਤੇ ਸਮਾਜਿਕ ਕਾਰਕੁਨ, ਰਾਜੀਵ ਗੋਦਾਰਾ ਦੱਸਦੇ ਨੇ ਕਿ ਉਹ MSP ਦੇ ਕੇਸਾਂ ਨੂੰ ਲੈ ਕੇ ਇੰਨੇ ਗੰਭੀਰ ਸਨ ਕਿ ਆਪਣੀ ਕੈਨੇਡਾ ਜਾਣ ਤਕ ਦੀ ਟਿਕਟ ਨੂੰ ਕੈਂਸਲ ਕਰਵਾ ਦਿੰਦੇ ਸਨ। ਮਈ ਵਿਚ ਅਕਸਰ ਉਹ ਕੈਨੇਡਾ ਆਪਣੇ ਪਰਿਵਾਰ ਕੋਲ ਜਾਂਦੇ ਸਨ ਤੇ ਇਸ ਲਈ ਏਅਰ ਟਿਕਟ ਕਾਫੀ ਦੇਰ ਪਹਿਲਾਂ ਬੁਕ ਕਰਵਾ ਦਿੰਦੇ ਸਨ। ਜੇਕਰ ਕੋਰਟ ਵਿਚ ਇਸ ਕੇਸ ਦੀ ਤਾਰੀਖ ਮਈ ਦੇ ਆਖਰੀ ਦਿਨਾਂ ਦੀ ਪੈ ਜਾਂਦੀ ਤਾਂ ਫੇਰ ਉਨ੍ਹਾਂ ਨੂੰ ਕਈ ਵਾਰ ਟਿਕਟ ਕੈਂਸਲ ਕਰਵਾ ਕੇ ਦੁਬਾਰਾ ਬੁਕ ਕਰਵਾਉਣੀ ਪੈਂਦੀ ਸੀ। ਭਾਵੇਂ ਉਨ੍ਹਾਂ ਨੇ ਵਕਾਲਤ ਦਾ ਕੰਮ ਕਈ ਸਾਲ ਪਹਿਲਾਂ ਘਟਾ ਦਿੱਤਾ ਸੀ ਪਰ MSP ਦੇ ਕੇਸ ਉਹ ਖੁਦ ਲੰਬਾ ਸਮਾਂ ਲੜਦੇ ਰਹੇ। 30 ਅਗਸਤ ਨੂੰ ਉਨ੍ਹਾਂ ਦੀ ਯਾਦ ਵਿਚ ਚੰਡੀਗੜ੍ਹ ਦੇ ਸੈਕਟਰ 36 ਦੇ ਪੀਪਲਜ਼ ਕਨਵੈਂਸ਼ਨ ਹਾਲ `ਚ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਵਿਚ ਉੱਘੇ ਵਕੀਲ ਤੇ ਦਾਨਿਸ਼ਵਰ ਰਾਜਿੰਦਰ ਸਿੰਘ ਚੀਮਾ ਤੇ ਹੋਰ ਵਕੀਲ ਸਾਹਿਬਾਨ, ਤੂਰ ਸਾਹਿਬ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ।
ਸਰਦਾਰ ਰਾਜਿੰਦਰ ਸਿੰਘ ਚੀਮਾ ਨੇ ਹੀ ਉਨ੍ਹਾਂ ਨੂੰ ‘ਵੰਡ ਦੀ ਅਕੱਥ ਕਥਾ’ ਕਿਤਾਬ ਲਿਖਣ ਲਈ ਉਤਸ਼ਾਹਿਤ ਕੀਤਾ। ਜਦੋਂ ਵੰਡ ਦੇ ਕਾਲੇ ਬੱਦਲ ਪੰਜਾਬ ਤੇ ਬੰਗਾਲ `ਤੇ ਛਾਉਣੇ ਸ਼ੁਰੂ ਹੋ ਗਏ ਸੀ, ਤੂਰ ਉਸ ਸਮੇਂ 10 ਸਾਲ ਦਾ ਸੀ ਤੇ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਉਨ੍ਹਾਂ ਦਾ ਪਿੰਡ ਢੋਲਣ ਲਾਹੌਰ ਜ਼ਿਲੇ੍ਹ ਵਿਚ ਸੀ। ਤੂਰ ਨੇ ਕਤਲੇਆਮ ਹੁੰਦਾ ਬਹੁਤ ਨਜ਼ਦੀਕ ਤੋਂ ਦੇਖਿਆ ਤੇ ਇਸਦਾ ਪ੍ਰਭਾਵ ਉਸ ਉਤੇ ਅਖੀਰ ਤੱਕ ਰਿਹਾ। ਕਿਵੇਂ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਦੇ ਹੋਰ ਲੋਕ ਫੌਜ ਦੀ ਸਹਾਇਤਾ ਨਾਲ ਫਿਰੋਜ਼ਪੁਰ ਪਹੁੰਚੇ, ਇਸ ਦੇ ਪਿੱਛੇ ਦਿਲ ਹਲੂਣ ਵਾਲ਼ੀ ਕਹਾਣੀ ਹੈ।
ਜਿੱਥੇ ਵੰਡ ਦੌਰਾਨ ਲੋਕਾਂ ਨੇ ਮਨੁੱਖ ਅੰਦਰ ਬੈਠੇ ਸ਼ੈਤਾਨ ਦੇ ਜ਼ੁਲਮ ਦੀ ਸਿਖਰ ਵੇਖੀ ਉਥੇ ਉਨ੍ਹਾਂ ਨੇ ਮਨੁੱਖ ਅੰਦਰ ਬੈਠੇ ਫਰਿਸ਼ਤੇ ਦਾ ਰਹਿਮੋ-ਕਰਮ ਵੀ ਵੇਖਿਆ। ਇਕ ਪਾਸੇ ਮਨੁੱਖੀ ਦਰਿੰਦੇ ਲੋਕਾਂ ਦਾ ਕਤਲ ਕਰ ਰਹੇ ਸਨ, ਔਰਤਾਂ ਦੀ ਬੇਪਤੀ ਕਰ ਰਹੇ ਸੀ, ਬੱਚਿਆਂ ਨੂੰ ਕੋਹ-ਕੋਹ ਮਾਰ ਰਹੇ ਸਨ ਤੇ ਦੂਸਰੇ ਪਾਸੇ ਉਹ ਲੋਕ ਵੀ ਸਨ ਜੋ ਆਪਣੀ ਜਾਨ ਦੀ ਪ੍ਰਵਾਹ ਕਰੇ ਬਗੈਰ ਲੋਕਾਂ ਨੂੰ ਕਤਲੋ-ਗਾਰਤ ਤੋਂ ਬਚਾਉਣ ਦਾ ਕੰਮ ਕਰ ਰਹੇ ਸੀ। ਹਿੰਦੂ-ਸਿੱਖਾਂ ਨੇ ਬਹੁਤ ਮੁਸਲਮਾਨਾਂ ਨੂੰ ਬਚਾਇਆ ਤੇ ਮੁਸਲਮਾਨਾਂ ਨੇ ਸਿੱਖਾਂ ਤੇ ਹਿੰਦੂਆਂ ਨੂੰ। ਤੂਰ ਸਾਹਿਬ ਦਾ ਪਰਿਵਾਰ ਵੀ ਅਜਿਹੇ ਪਰਿਵਾਰਾਂ ਵਿਚੋਂ ਸੀ ਜਿਸਨੂੰ ਉਨ੍ਹਾਂ ਦੇ ਪਿੰਡ ਦੇ ਮੁਸਲਮਾਨ ਭਰਾਵਾਂ ਨੇ ਬਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਇਸਦਾ ਜ਼ਿਕਰ ਉਨ੍ਹਾਂ ਦੀ ਕਿਤਾਬ ‘ਚ ਮਿਲਦਾ ਹੈ। ਵੰਡ ਦੇ ਵਿਰਾਟ ਰੂਪ ਨੇ ਲੋਕਾਂ ਨੂੰ ਝੰਜੋੜ ਦਿੱਤਾ ਸੀ। ਇਸਦਾ ਅਸਰ ਤੂਰ ਸਾਹਿਬ `ਤੇ ਵੀ ਹੋਇਆ ਤੇ ਉਨ੍ਹਾਂ ਆਮ ਲੋਕਾਂ ਦੀ ਮਦਦ ਨੂੰ ਆਪਣੇ ਜੀਵਨ ਦਾ ਅਕੀਦਾ ਬਣਾ ਲਿਆ।
ਇਕ ਦੋਸਤ ਨੂੰ ਦੋਸਤ ਨਾਲ ਦੋਸਤੀ ਕਿਵੇਂ ਨਿਭਾਉਣੀ ਚਾਹੀਦੀ ਹੈ, ਇਸਦੇ ਦਰਸ਼ਨ ਮੈਂ ਤੂਰ ਸਾਹਿਬ ਦੀ ਸ਼ਖ਼ਸੀਅਤ `ਚੋਂ ਕੀਤੇ। ਗੋਬਿੰਦ ਠੁਕਰਾਲ ਨਾਲ ਉਨ੍ਹਾਂ ਦੀ ਬਹੁਤ ਪੁਰਾਣੀ ਦੋਸਤੀ ਸੀ। ਦੋਵੇਂ ਪਰਿਵਾਰ ਪਾਕਿਸਤਾਨ ਤੋਂ ਆਪਣੇ ਘਰ ਘਾਟ ਛੱਡ ਕੇ ਆਏ ਸੀ। ਇਹ ਵੱਡੀ ਸਾਂਝ ਸੀ। ਠੁਕਰਾਲ ਸਾਹਿਬ ਬਿਮਾਰ ਹੋ ਗਏ। ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਕੈਂਸਰ ਨੇ ਘੇਰ ਲਿਆ। ਜਿੰਨੀ ਸੰਭਾਲ ਤੂਰ ਸਾਹਿਬ ਨੇ ਠੁਕਰਾਲ ਸਾਹਿਬ ਦੀ ਕੀਤੀ, ਉਹ ਆਪਣੇ-ਆਪ ‘ਚ ਮਿਸਾਲ ਹੈ। ਦਿਨ `ਚ ਦੋ ਵਾਰ-ਸਵੇਰੇ-ਸ਼ਾਮ ਉਨ੍ਹਾਂ ਦੇ ਘਰ, ਜੋ ਉਨ੍ਹਾਂ ਦੇ ਘਰ ਤੋਂ ਲਗਭਗ 7-8 ਕਿਲੋਮੀਟਰ ਦੂਰ ਸੀ, ਜਾਣਾ ਤੇ ਫਿਰ ਹਸਪਤਾਲ ਨਾਲ ਲੈ ਕੇ ਜਾਣਾ। ਜਦੋਂ ਠੁਕਰਾਲ ਸਾਹਿਬ ਜ਼ਿਆਦਾ ਬਿਮਾਰ ਹੋ ਗਏ ਤੇ ਹਸਪਤਾਲ ਦਾਖ਼ਲ ਹੋ ਗਏ ਤਾਂ ਫਿਰ ਹਰ ਰੋਜ਼ ਕਈ ਘੰਟੇ ਹਸਪਤਾਲ ‘ਚ ਹਾਜ਼ਰੀ ਦੇਣੀ। ਦੋਸਤੀ ਦੇ ਰਿਸ਼ਤੇ ਦੀ ਏਨੀ ਪ੍ਰਤੀਬੱਧਤਾ ਪਹਿਲਾਂ ਮੈਂ ਸਿਰਫ ਫ਼ਿਲਮਾਂ ਵਿਚ ਦੇਖੀ ਸੀ ਤੇ ਉਹ ਕਈ ਵਾਰ ਫ਼ਰਜ਼ੀ ਜਿਹੀ ਲੱਗਣ ਲੱਗ ਜਾਂਦੀ ਸੀ। ਪਰ ਤੂਰ ਸਾਹਿਬ ਦੀ ਆਪਣੇ ਦੋਸਤ ਠੁਕਰਾਲ ਸਾਹਿਬ ਪ੍ਰਤੀ ਵਚਨਬੱਧਤਾ ਨੂੰ ਵੇਖ ਇਹ ਸਭ ਸੱਚ ਜਾਪਣ ਲੱਗ ਪਿਆ।
ਤੂਰ ਸਾਹਿਬ ਨੇ ਆਪਣੇ ਵੱਡੇ ਪੁੱਤਰ ਵਿੰਦਰ ਨਾਲ ਇਸ ਸਾਲ ਜੂਨ ਮਹੀਨੇ ਅਚਾਨਕ ਗੱਲ ਛੇੜਦਿਆਂ ਕਿਹਾ ਸੀ ਕਿ ਮੇਰਾ ਜਦੋਂ ਇਸ ਦੁਨੀਆਂ ਤੋਂ ਜਾਣ ਦਾ ਸਮਾਂ ਆਇਆ ਤਾਂ ਮੈਨੂੰ ਬਹੁਤ ਡਾਕਟਰਾਂ ਦੇ ਚੱਕਰਾਂ `ਚ ਨਾ ਪਾਇਓ। ਉਨ੍ਹਾਂ ਨੇ ਆਪਣੀ ਮ੍ਰਿਤਕ ਦੇਹ ਮੈਡੀਕਲ ਰਿਸਰਚ ਲਈ ਦੇਣ ਨੂੰ ਕਿਹਾ ਸੀ। ਪਰਿਵਾਰ ਨੇ ਇਸ ਲਈ ਟੋਰਾਂਟੋ ਯੂਨੀਵਰਸਿਟੀ ਦੇ ਮੈਡੀਕਲ ਵਿੰਗ ਨਾਲ ਸੰਪਰਕ ਕੀਤਾ। ਇਕ ਹੋਰ ਮੈਡੀਕਲ ਅਦਾਰੇ ਨਾਲ ਸੰਪਰਕ ਕੀਤਾ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਗੱਲ ਸਿਰੇ ਨਹੀਂ ਚੜ੍ਹ ਸਕੀ।
ਜਦੋਂ ਜੋਗਿੰਦਰ ਯਾਦਵ ਨੇ ਆਪਣੀ ਪਾਰਟੀ ਬਣਾਈ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਤੋਂ ਬਾਹਰੋਂ ਹਰ ਤਰ੍ਹਾਂ ਦੇ ਪੱਖਪਾਤ ਤੋਂ ਮੁਕਤ ਵਿਅਕਤੀ ਦੀ ਲੋਕ ਪਾਲ ਦੇ ਅਹੁਦੇ ਲਈ ਚੋਣ ਕਰਨੀ ਸੀ। ਉਨ੍ਹਾਂ ਨੇ ਤੂਰ ਸਾਹਿਬ ਨੂੰ ਚੁਣਿਆ। ਇਹ ਤੂਰ ਸਾਹਿਬ ਲਈ ਉਨ੍ਹਾਂ ਦੀ ਭਲਮਾਣਸੀ, ਇਮਾਨਦਾਰੀ ਤੇ ਲੋਕ-ਪੱਖੀ ਹੋਣ ਦਾ ਸਭ ਤੋਂ ਵੱਡਾ ਸਰਟੀਫਿਕੇਟ ਸੀ। ਜਦੋਂ ਯਾਦਵ ਤੇ ਕੇਜਰੀਵਾਲ ਇਕੱਠੇ ਕੰਮ ਕਰਦੇ ਸੀ ਤਾਂ ਉਨ੍ਹਾਂ ਦੀ ਪਾਰਟੀ ਦਾ ਮੁੱਖ ਏਜੰਡਾ ਹੀ ਲੋਕ ਪਾਲ ਸੀ ਤੇ ਇਸਦੇ ਦੁਆਲੇ ਹੀ ਉਨ੍ਹਾਂ ਦੀ ਰਾਜਨੀਤੀ ਘੁੰਮਦੀ ਸੀ। ਤੂਰ ਸਾਹਿਬ ਦੇ ਇਸ ਸੰਸਾਰ ਤੋਂ ਜਾਣ ਨਾਲ ਕਿਸਾਨਾਂ ਦਾ ਇਕ ਸੱਚਾ ਹਮਦਰਦ ਚਲਾ ਗਿਆ ਹੈ।