ਮੇਰੇ ਹਿੱਸੇ ਦਾ 1947

ਗੁਲਜ਼ਾਰ ਸਿੰਘ ਸੰਧੂ
ਮੇਰੇ ਲਈ 1947 ਨੂੰ ਚੇਤੇ ਕਰਨਾ ਪੁੱਠੇ ਤਵੇ ਉੱਤੇ ਰੜ੍ਹੀ ਹੋਈ ਰੋਟੀ ਨੂੰ ਚਿੱਥਣਾ ਹੈ| ਇਸ ਵਰ੍ਹੇ ਮੇਰੇ ਕੋਲੋਂ ਮੇਰੇ ਨਾਨਕਿਆਂ ਦਾ ਇਲਾਕਾ ਹੀ ਨਹੀਂ ਛੁੱਟਿਆ ਜਿਸ ਵਿਚ ਚਮਕੌਰ ਦੀ ਗੜ੍ਹੀ, ਫਤਿਹਗੜ੍ਹ ਸਾਹਿਬ, ਸਮਰਾਲਾ, ਮਾਛੀਵਾੜਾ ਤੇ ਸਰਹੰਦ ਵੀ ਪੈਂਦੇ ਸਨ ਤੇ ਏ.ਐਸ. ਹਾਈ ਸਕੂਲ, ਖੰਨਾ ਵੀ ਜਿਥੋਂ ਮੈਂ ਮਿਡਲ ਤੱਕ ਦੀ ਵਿਦਿਆ ਪ੍ਰਾਪਤ ਕੀਤੀ| ਇਨ੍ਹਾਂ ਨਾਲ ਹੀ ਜੁੜੀ ਹੋਈ ਸੀ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ (ਕਵੀਸ਼ਰੀ ਭਾਸ਼ਾ) ਬੰਦਾ ਬਹਾਦਰ ਦਾ ‘ਲੋਹੇ ਦਾ ਸੁਹਾਗਾ’ ਬਣ ਕੇ ਸਰਹੰਦ ਨੂੰ ਮਲੀਆਮੇਟ ਕਰਨਾ|

ਹੁਣ ਮੇਰਾ ਪ੍ਰਵੇਸ਼ ਹੁਸ਼ਿਆਰਪੁਰ ਵਿਚਲੇ ਆਪਣੇ ਦਾਦਕਿਆਂ ਦੇ ਇਲਾਕੇ ਵਿਚ ਹੋ ਜਾਣਾ ਸੀ ਜਿਸ ਦੇ ਨੇੜੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਪੈਂਦਾ ਹੋਣ ਸਦਕਾ ਇਤਿਹਾਸ ਤੇ ਮਿਥਿਹਾਸ ਦੇ ਪੱਖ ਤੋਂ ਇਸਦੀ ਪਦਵੀ ਘੱਟ ਨਹੀਂ ਸੀ|
ਇਸ ਵਰ੍ਹੇ ਦੀ ਇੱਕ ਮਹੱਤਤਾ ਇਹ ਵੀ ਸੀ ਕਿ ਇਸਨੇ ਮੇਰੇ ਨਾਨਕਿਆਂ ਤੇ ਦਾਦਕਿਆਂ ਦੀ ਭੂਮੀ ਵਿਚੋਂ ਬਰਤਾਨਵੀ ਹਾਕਮਾਂ ਨੂੰ ਭਾਜੜਾਂ ਪੁਆ ਦੇਣੀਆਂ ਸਨ|
ਮਾੜੀ ਗੱਲ ਇਹ ਅਖੰਡ ਹਿੰਦੁਸਤਾਨ ਦੇ ਦੋ ਟੁਕੜੇ ਹੋ ਜਾਣੇ ਸਨ| ਮੁਸਲਿਮ ਬਹੁਲਤਾ ਵਾਲਾ ਪਾਕਿਸਤਾਨ ਤੇ ਗੈਰ ਮੁਸਲਿਮ ਪ੍ਰਧਾਨਗੀ ਵਾਲਾ ਭਾਰਤ| ਇਹ ਵੀ ਕਿ ਇਸ ਵੰਡ ਦਾ ਸ਼ਿਕਾਰ ਪੰਜ ਦਰਿਆਵਾਂ ਦੇ ਪੰਜਾਬ ਨੇ ਵੀ ਹੋ ਜਾਣਾ ਸੀ| ਇਸ ਨਾਲ ਬਣਨ ਵਾਲੇ ਪਾਕਿਸਤਾਨ ਵਿਚੋਂ ਗੈਰ-ਮੁਸਲਿਮ ਵਸੋਂ ਦੇ ਪੈਰ ਪੁੱਟੇ ਗਏ ਤੇ ਭਾਰਤ ਵਿਚੋਂ ਮੁਸਲਿਮ ਵਸੋਂ ਦੇ| ਇਸ ਵੰਡ ਨੇ ਜਾਨੀ ਤੇ ਮਾਲੀ ਬਰਬਾਦੀ ਦਾ ਰੂਪ ਧਾਰ ਕੇ ਦੋਵੇਂ ਪਾਸੇ ਘੱਲੂਘਾਰਾ ਵਰਤਾ ਦੇਣਾ ਸੀ ਕਿਸੇ ਦੇ ਚਿੱਤ ਚੇਤੇ ਨਹੀਂ ਸੀ| ਇਸ ਨੇ ਜਿਹੜਾ ਰੂਪ ਧਾਰਿਆ ਉਹ ਹੋਰ ਵੀ ਅਨੋਖਾ ਸੀ| ਇਸ ਬਰਬਾਦੀ ਦਾ ਅੰਤਮ ਰੂਪ ਇਹ ਬਣਿਆ ਕਿ ਆਪਣੇ ਜਾਂ ਗਵਾਂਢੀ ਪਿੰਡ ਦੇ ਵਸਨੀਕ ਤਾਂ ਬਚ ਗਏ ਤੇ ਥੋੜ੍ਹੀ ਦੂਰੀ ਵਾਲੇ ਇਸਦਾ ਸ਼ਿਕਾਰ ਹੋ ਗਏ| ਸਾਡੇ ਪਿੰਡ ਇਕ ਨਾਅਰਾ ਇਹ ਵੀ ਪੜ੍ਹਿਆ ਗਿਆ ਕਿ ਜਿਹੜੇ ਮੁਸਲਮਾਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਉਹ ਆਪਣਾ ਧਰਮ ਤਿਆਗ ਕੇ ਏਧਰ ਰਹਿ ਸਕਦੇ ਹਨ| ਧਰਮ ਪਲਟੇ ਦੀ ਸ਼ਰਤ ਵੀ ਸੌਖੀ ਹੀ ਸੀ| ਸਜਰੇ ਹਿੰਦੂ ਬਣਨ ਵਾਲੇ ਮਰਦਾਂ ਨੇ ਆਪਣੇ ਸਿਰਾਂ ਉਤੇ ਪੀਲਾ ਪਟਕਾ ਸਜਾਉਣਾ ਸੀ ਤੇ ਮਹਿਲਾਵਾਂ ਨੇ ਪੀਲੀ ਚੁੰਨੀ| ਇਸਦਾ ਨਤੀਜਾ ਅਤਿਅੰਤ ਭਿਆਨਕ ਸੀ| ਜੇ ਮੈਂ ਆਪਣੇ ਪਿੰਡ ਦਾ ਪਰਮਾਣ ਦੇਣਾ ਹੋਵੇ ਤਾਂ ਬਾਹਰਲੇ ਪਿੰਡਾਂ ਵਾਲਿਆਂ ਨੇ ਸਾਡੇ ਪਿੰਡ ਦੇ ਦੋ ਦਰਜਨ ਮਰਦ ਕਤਲ ਕਰ ਦਿੱਤੇ ਤੇ ਅਧੀ ਦੋਰਜਨ ਨੂੰਹਾਂ ਧੀਆਂ ਨੂੰ ਉਧਾਲ ਕੇ ਲੈ ਗਏ| ਵਹਿਸ਼ੀਆਂ ਦੀ ਗਿਣਤੀ ਏਨੀ ਸੀ ਕਿ ਸਾਡੇ ਪਿੰਡ ਵਾਲਿਆਂ ਦੀ ਕੋਈ ਪੇਸ਼ ਨਹੀਂ ਗਈ|
ਅਸੀਂ ਮੂਕ ਦਰਸ਼ਕ ਸਾਂ ਜਾਂ ਮਰਦਿਆਂ ਨੂੰ ਫੂਕਣ ਵਾਲੇ| ਅਸੀਂ ਉਨ੍ਹਾਂ ਦੀ ਮਸੀਤ ਦੇ ਨੇੜੇ ਸਾਂਝੀ ਚਿਖਾ ਬਣਾਈ ਤੇ ਲਾਂਬੂ ਲਾ ਦਿੱਤਾ| ਉਨ੍ਹਾਂ ਦੇ ਧਰਮ ਪਲਟਾਉਣ ਦੇ ਭਾਗੀ ਹੋਣ ਕਾਰਨ ਅਸੀਂ ਉਨ੍ਹਾਂ ਨੂੰ ਮੁਸਲਿਮ ਰੀਤੀ ਅਨੁਸਾਰ ਦਫਨਾ ਨਹੀਂ ਸਾਂ ਸਕਦੇ| ਉਹ ਸਾਡੇ ਸਨ| ਧਰਮ ਪਲਟੇ ਤੋਂ ਪਹਿਲਾਂ ਵੀ ਤੇ ਹੁਣ ਵੀ|
ਸਾਡੇ ਪਿੰਡ ਦੀਆਂ ਜਿਹੜੀਆਂ ਮਹਿਲਾਵਾਂ ਨੂੰ ਲੁਟੇਰੇ ਨਾਲ ਲੈ ਗਏ ਸਨ। ਉਨ੍ਹਾਂ ਵਿਚੋਂ ਇੱਕ ਰੂੰ ਪਿੰਜਣ ਵਾਲੇ ਗੇਂਦੇ ਭਰਾਈ ਦੀ ਧੀ ਸੀ ਤੇ ਇੱਕ ਉਸਦੀ ਨੂੰਹ ਮਹੀਨੇ ਕੁ ਪਿੱਛੋਂ ਉਨ੍ਹਾਂ ਦੋਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਚੁੱਕ ਕੇ ਲਿਜਾਣ ਵਾਲੇ ਵੀ ਨੇੜਲੇ ਪਿੰਡਾਂ ਤੋਂ ਸਨ| ਉਨ੍ਹਾਂ ਨੇ ਆਪੋ ਵਿਚ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਉਧਾਲਣ ਵਾਲਿਆਂ ਨੇ ਕਿਸੇ ਇੱਕ ਦੇ ਘਰ 8-10 ਦਿਨ ਇਕੱਠੇ ਰਹਿਣ ਦੀ ਵਿਧਾ ਬਣ ਦਿੱਤੀ|
ਉਹ ਪਿੰਡ ਦੀਆਂ ਰਹੁ-ਰੀਤਾਂ ਅਨੁਸਾਰ ਸਵੇਰੇ ਪਿੰਡ ਦੇ ਖੇਤਾਂ ਵਿਚ ਹਲਕਾ ਹੋਣ ਜਾਂਦੀਆਂ ਤੇ ਉਥੋਂ ਪਰਤ ਕੇ ਆਪਣੇ ਮਾਲਿਕਾਂ ਦਾ ਚੁੱਲ੍ਹਾ ਚੌਂਕਾ ਸਾਂਭ ਲੈਂਦੀਆਂ|
ਘਰ ਵਾਲਿਆਂ ਨੂੰ ਏਨੀਆਂ ਆਗਿਆਕਾਰ ਦਾਸੀਆਂ ਹੋਰ ਕਿਥੋਂ ਮਿਲਣੀਆਂ ਸਨ?
ਇਕੱਠੀਆਂ ਹੋ ਜਾਣ ਪਿੱਛੋਂ ਉਨ੍ਹਾਂ ਨੇ ਇਹ ਵੀ ਪਤਾ ਕਰ ਲਿਆ ਕਿ ਸਾਡਾ ਪਿੰਡ (ਜਿਹੜਾ ਉਨ੍ਹਾਂ ਦਾ ਵੀ ਓਨਾ ਹੀ ਸੀ) ਕਿੰਨੀ ਕੁ ਦੂਰ ਹੈ ਤੇ ਉੱਥੇ ਕਿਵੇਂ ਜਾ ਸਕਦੀਆਂ ਹਨ| ਉਨ੍ਹਾਂ ਦਾ ਆਪਣਾ ਘਰ ਦੇਖਣ ਨੂੰ ਦਿਲ ਕਰ ਆਇਆ|
ਮਿਥੀ ਵਿਉਂਤ ਅਨੁਸਾਰ ਉਹ ਇਕ ਦਿਨ ਸਵੇਰੇ ਘਰੋਂ ਨਿਕਲ ਕੇ ਨਵੇਂ ਮਾਲਕਾਂ ਦੇ ਘਰ ਪਰਤਣ ਦੀ ਥਾਂ ਆਪਣੇ ਜੱਦੀ ਪੁਸ਼ਤੀ ਪਿੰਡ ਮੇਰੇ ਰਿਸਾਲਦਾਰ ਤਾਇਆ ਦੇ ਘਰ ਚਲੀਆਂ ਗਈਆਂ| ਉਹ ਇਸ ਘਰ ਦੇ ਸਾਰੇ ਮੈਂਬਰਾਂ ਨੂੰ ਜਾਣਦੀਆਂ ਸਨ| ਰਿਸਾਲਦਾਰ ਨੇ ਵੀ ਦਿਲਾਸਾ ਦਿੱਤਾ ਕਿ ਉਨ੍ਹਾਂ ਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ| ਏਸ ਲਈ ਵੀ ਕਿ ਉਨ੍ਹਾਂ ਦੇ ਮੁਸਲਿਮ ਮਾਪਿਆਂ ਦੇ ਧਰਮ ਪਲਟੇ ਸਮੇਂ ਤਾਏ ਰਿਸਾਲਦਾਰ ਦਾ ਕਹਿਣਾ ਮੰਨਿਆ ਸੀ|
ਉਂਝ ਵੀ ਸਾਰੇ ਪਿੰਡ ਨੂੰ ਪਤਾ ਸੀ ਕਿ ਉਹ ਬੀਬੀਆਂ ਆਪਣੇ ਮਾਲਕਾਂ ਨੂੰ ਦੱਸੇ ਬਿਨਾ ਆ ਗਈਆਂ ਸਨ| ਇਹ ਵੀ ਕਿ ਨਵੇਂ ਮਾਲਕ ਉਨ੍ਹਾਂ ਦਾ ਪਿੱਛਾ ਕਰ ਸਕਦੇ ਹਨ| ਪਰ ਇਸ ਵਾਰੀ ਸਾਰੇ ਪਿੰਡ ਦਾ ਫੈਸਲਾ ਸੀ ਕਿ ਉਨ੍ਹਾਂ ਨੂੰ ਕਿਸੇ ਹਾਲਤ ਵਿਚ ਵੀ ਸਫਲ ਨਹੀਂ ਹੋਣ ਦੇਣਾ|
ਇਹੀਓ ਹੋਇਆ| ਉਹ ਘੋੜੀ ਲੈ ਕੇ ਆ ਗਏ| ਜਦੋਂ ਉਨ੍ਹਾਂ ਨੇ ਪਿੰਡ ਦੇ ਬਾਹਰ ਖੇਡਦੇ ਮੁੰਡਿਆਂ ਕੋਲੋਂ ਗੇਂਦੇ ਭਰਾਈ ਦਾ ਘਰ ਪੁੱਛਿਆ ਤਾਂ ਇਕ ਸਿਆਣਾ ਮੁੰਡਾ ਉਨ੍ਹਾਂ ਨੂੰ ਭਰਾਈ ਦੇ ਘਰ ਅੰਦਰ ਵਾੜ ਕੇ ਬਾਹਰੋਂ ਕੁੰਡਾ ਲਾ ਆਇਆ ਤੇ ਫੇਰ ਰਿਸਾਲਦਾਰ ਦੇ ਘਰ ਖਬਰ ਦੇ ਗਿਆ|
ਤਾਏ ਰਿਸਾਲਦਾਰ ਦੀ ਗੱਲ ਮੰਨ ਕੇ ਮੇਰੇ ਪਿੰਡ ਵਾਲਿਆਂ ਨੇ ਉਨ੍ਹਾਂ ਵਹਿਸ਼ੀਆਂ ਨੂੰ ਮਾਰ ਮੁਕਾਇਆ ਤੇ ਉਨ੍ਹਾਂ ਦੀ ਘੋੜੀ ਠਾਣੇ ਪਹੁੰਚਾ ਦਿੱਤੀ|
1947 ਵਿਚ ਮੇਰੀ ਉਮਰ 13 ਸਾਲ ਦੀ ਸੀ| ਇਹ ਸਭ ਕੁਝ ਵੇਖ ਕੇ ਮੈਂ ਸਚਮੁਚ ਹੀ ਡਰ ਗਿਆ ਸਾਂ| ਅੱਜ ਦੇ ਦਿਨ ਤਾਂ ਮੈਨੂੰ ਇਹੀਓ ਜਾਪਦਾ ਹੈ ਕਿ ਜੇ ਉਨ੍ਹਾਂ ਨੇ ਸਾਡੇ ਹੱਥੋਂ ਹਿੰਦੂ ਬਣਿਆਂ ਦੀ ਹੱਤ ਕੀਤੀ ਸੀ ਤਾਂ ਅਸਾਂ ਨੇ ਉਨ੍ਹਾਂ ਤੋਂ ਬਦਲਾ ਲੈ ਲਿਆ ਸੀ|

ਅੰਤਿਕਾ
ਪੰਦਰਾਂ ਅਗਸਤ/ਮਾਸਟਰ ਅਮਰੀਕ ਸਿੰਘ॥
ਪੰਦਰਾਂ ਅਗਸਤ ਇਕ ਐਸਾ ਹੀ ਦਿਹਾੜਾ ਸੀ|
ਦੇਸ਼ ਸੀ ਆਜ਼ਾਦ, ਸਾਡਾ ਹੋ ਗਿਆ ਉਜਾੜਾ ਸੀ|
ਘਰ ਬਾਰ ਛੱਡ ਐਸੇ ਸਫ਼ਰ ’ਤੇ ਚੱਲ ਪਏ,
ਦੁੱਖਾਂ ਤੇ ਮੁਸੀਬਤਾਂ ਦੇ ਹਾਰ ਸਾਡੇ ਗਲ ਪਏ|
ਰੁਲ ਖੁਲ ਅਪੜੇ ਸਾਂ ਅਸੀਂ ਹਿੰਦੁਸਤਾਨ ਵਿੱਚ,
ਰਹਿ ਗਿਆ ਅਸਾਡਾ ਸਭ ਕੁਝ ਪਾਕਿਸਤਾਨ ਵਿੱਚ|
ਬਣ ਗਏ ਸ਼ਰਨਾਰਥੀ ਰਫਿਊਜੀ ਵੀ ਕਹਾਏ ਸਾਂ,
ਹਿੰਦ ਵਿੱਚ ਨਵੀਂ ਦੂਜੀ ਕੌਮ ਵੀ ਕਹਾਏ ਸਾਂ|