ਪੰਥਕ ਸਿਆਸਤ ਦਾ ਭਵਿੱਖ

ਸ਼੍ਰੋਮਣੀ ਅਕਾਲੀ ਦਲ ਹੁਣ ਦੋ ਬਣ ਗਏ ਹਨ। ਪਾਰਟੀ ਦਫ਼ਤਰ ਅਤੇ ਤੱਕੜੀ ਚੋਣ ਨਿਸ਼ਾਨ ਕਿਸ ਕੋਲ਼ ਰਹੇਗਾ? ਇਹ ਸਵਾਲ ਰਾਜਨੀਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਿਨਾਂ ਸ਼ੱਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਦਲ ਬਹੁਤ ਪੁਰਾਣਾ ਹੈ,

ਪਰ ਪੁਰਾਣਾ ਹੋਣ ਦੇ ਬਾਵਜੂਦ ਇਸਦੀ ਪ੍ਰਸੰਗਿਕਤਾ ਕਾਟੇ ਹੇਠ ਹੈ। ਆਜ਼ਾਦੀ ਤੋਂ ਬਾਅਦ ਉਤੇ ਕੇਂਦਰਿਤ ਹੋਈਏ ਤਾਂ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫ਼ਤਹਿ ਸਿੰਘ ਅਤੇ ਹਰਚੰਦ ਸਿੰਘ ਲੌਂਗੋਵਾਲ ਰਾਹੀਂ ਹੁੰਦੀ ਹੋਈ ਇਸਦੀ ਵਾਗਡੋਰ ਲੰਮੇਂ ਸਮੇਂ ਤੱਕ ਪਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਰਹੀ, ਤੇ ਫੇਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚੀ। ਐਸੀ ਪਹੁੰਚੀ ਕਿ ਇਸਦੀ ਹਾਲਤ ਦਿਨੋਂ-ਦਿਨ ਨਿਘਾਰ ਵੱਲ ਵਧਦੀ ਗਈ।
ਪਿਛਲੀਆਂ ਵਿਧਾਨ ਸਭਾ ਚੋਣਾਂ `ਚ ਅਕਾਲੀ ਦਲ ਦੇ ਕੁੱਲ 3 ਵਿਧਾਇਕ ਹੀ ਜਿੱਤ ਸਕੇ ਸਨ। ਜਿਨ੍ਹਾਂ ਵਿਚੋਂ ਬੰਗਾ ਤੋਂ ਚੁਣੇ ਗਏ ਵਿਧਾਇਕ ਸੁਖਵਿੰਦਰ ਸੁੱਖੀ ਬਾਅਦ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
ਇਸ ਵੇਲ਼ੇ ਅਕਾਲੀ ਦਲ ਕੋਲ਼ ਸਿਰਫ਼ ਦੋ ਵਿਧਾਇਕ ਹੀ ਹਨ। ਮਨਪ੍ਰੀਤ ਸਿੰਘ ਇਆਲੀ ਅਤੇ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ।
ਇਆਲੀ ਤਾਂ ਖ਼ੁਦ ਨਵਾਂ ਅਕਾਲੀ ਦਲ ਖੜ੍ਹਾ ਕਰਨ ਵਾਲਿਆਂ `ਚ ਪੇਸ਼ ਰਹੇ ਹਨ। ਜਿਸ ਦਾ ਮਤਲਬ ਹੈ ਕਿ ਦੋਹਾਂ ਸ਼੍ਰੋਮਣੀ ਅਕਾਲੀ ਦਲਾਂ ਕੋਲ ਇਕ ਇਕ ਵਿਧਾਇਕ ਹੈ।
ਹੁਣ ਪਾਰਟੀ ਦੇ ਦਫ਼ਤਰ ਅਤੇ ਚੋਣ ਨਿਸ਼ਾਨ ‘ਤੱਕੜੀ’ ਦਾ ਮਾਮਲਾ ਚੋਣ ਕਮਿਸ਼ਨ ਕੋਲ਼ ਜਾਵੇਗਾ। ਉੱਥੇ ਹੀ ਸਭ ਕੁੱਝ ਦਾ ਨਿਤਾਰਾ ਹੋਵੇਗਾ।
ਮਹਾਂਰਾਸ਼ਟਰ ਵਿਚ ਵੀ ਸ਼ਿਵ ਸੈਨਾ ਦੇ ਦੋ ਗੁੱਟਾਂ ਦੀ ਲੜਾਈ ਦਾ ਨਿਰਣਾ ਚੋਣ ਕਮਿਸ਼ਨ ਨੇ ਹੀ ਕੀਤਾ ਸੀ।
ਤਾਰਨ ਤਾਰਨ ਹਲਕੇ ਦੀ ਉਪ ਚੋਣ ਜਦੋਂ ਵੀ ਹੋਈ ਤੇ ਦੋਹਾਂ ਅਕਾਲੀ ਉਮੀਦਵਾਰਾਂ `ਚੋਂ ਜਿਸ ਦਾ ਉਮੀਦਵਾਰ ਜੇਤੂ ਰਿਹਾ ਉਸ ਵੱਧ ਗਿਣਤੀ ਕਾਰਨ ਇਸ ਦਾ ਹੱਕਦਾਰ ਬਣ ਜਾਵੇਗਾ। ਆਮ ਤੌਰ `ਤੇ ਉਪ ਚੋਣ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਹੀ ਭੁਗਤਦੀ ਹੈ! ਇਸ ਕਰਕੇ ਕਿਸੇ ਵੀ ਅਕਾਲੀ ਦਲ ਕੋਲ ਵਿਧਾਇਕਾਂ ਦੀ ਗਿਣਤੀ ਵਧਾ ਸਕਣ ਦਾ ਮੌਕਾ ਘੱਟ ਹੀ ਨਜ਼ਰ ਆ ਰਿਹਾ ਹੈ। ਇਸ ਹਾਲਤ ਵਿਚ ਭਵਿੱਖ ਦੀ ਪੰਥਕ ਸਿਆਸਤ ਹੋਰ ਵੀ ਦਿਲਚਸਪ ਹੋਣ ਵਾਲੀ ਹੈ।
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਜਾਬ ਦੇ ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਪਰਿਪੇਖ ਵਿਚ ਡੂੰਘੀਆਂ ਜੜ੍ਹਾਂ ਰੱਖਦਾ ਹੈ। ਬੇਸ਼ੱਕ ਪਿਛਲੀ ਇਕ ਸਦੀ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਤੋਂ ਉੱਭਰੀ ਇਹ ਪਾਰਟੀ ਇਕ ਪੰਥਕ ਸੰਗਠਨ ਤੋਂ ਲੈ ਕੇ ਖੇਤਰੀ ਰਾਜਨੀਤਕ ਧੁਰੇ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ। ਪਰ ਇਸ ਸਮੁੱਚੀ ਯਾਤਰਾ ਦੌਰਾਨ ਕਈ ਅਜਿਹੇ ਮੋੜ ਆਏ ਜਿੱਥੇ ਰਣਨੀਤਕ, ਨੀਤੀਗਤ ਅਤੇ ਸੰਗਠਨਾਤਮਕ ਗਲਤੀਆਂ ਨੇ ਨਾ ਸਿਰਫ਼ ਇਸ ਪਾਰਟੀ ਦੇ ਭਵਿੱਖ, ਸਗੋਂ ਪੰਜਾਬ ਦੀ ਰਾਜਨੀਤਕ ਦਿਸ਼ਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰ ਇਹ ਸਾਰੀ ਸਮੱਸਿਆ ਉਦੋਂ ਵਿਕਰਾਲ ਰੂਪ ਧਾਰਨ ਕਰਦੀ ਹੈ, ਜਦ 1990 ਦੇ ਅਖੀਰ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਪਰਿਵਾਰਵਾਦ ਵਧਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ੇ ਕਾਰਨ ਪਾਰਟੀ ਅੰਦਰੂਨੀ ਲੋਕਤੰਤਰ ਤੋਂ ਦੂਰ ਹੋ ਗਈ। ਇਸ ਕਾਰਨ ਹੌਲੀ-ਹੌਲੀ ਪਾਰਟੀ ਨੇ ਆਪਣਾ ਪੇਂਡੂ ਅਤੇ ਪੰਥਕ ਆਧਾਰ ਗੁਆਉਣਾ ਸ਼ੁਰੂ ਕਰ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਾਰਮਿਕ ਭਾਵਨਾਵਾਂ ਨਾਲ ਸੰਬੰਧਿਤ ਗਲਤੀਆਂ ਨੇ ਵੀ ਇਸ ਦੀ ਦਿੱਖ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਫਿਰ 2015 ਵਿਚ ਡੇਰਾ ਸੱਚਾ ਸੌਦਾ ਮੁਖੀ ਨੂੰ ਅਕਾਲ ਤਖ਼ਤ ਵੱਲੋਂ ਮੁਆਫ਼ੀ ਦੇਣ ਦੀ ਆਗਿਆ ਦੇਣ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਇਸੇ ਸਾਲ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਟਨਾਕ੍ਰਮ ਅਤੇ ਪੁਲਿਸ ਦੀ ਕਾਰਵਾਈ ਨੇ ਪਾਰਟੀ ਵਿਰੁੱਧ ਵੱਡਾ ਗੁੱਸਾ ਪੈਦਾ ਕੀਤਾ। ਇਹੀ ਨਹੀਂ, ਖਾੜਕੂ ਲਹਿਰ ਦੌਰਾਨ ਸਿੱਖ ਨੌਜਵਾਨਾਂ ਦੇ ਨਕਲੀ ਪੁਲਿਸ ਮੁਕਾਬਲਿਆਂ ਰਾਹੀਂ ਕਤਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰੋਸੇਯੋਗਤਾ ਸਿੱਖ ਹਲਕਿਆਂ ਅੰਦਰ ਬੜੀ ਤੇਜ਼ੀ ਨਾਲ ਘਟਾਈ ਹੈ। ਸਾਲ 2012 ਤੋਂ 2017 ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਰਾਜ ਦੌਰਾਨ ਨਸ਼ਿਆਂ ਦੇ ਕਾਰੋਬਾਰ, ਪੁਲਿਸ-ਰਾਜਨੀਤਕ ਗੱਠਜੋੜ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਪਛਾਣ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜਿਸ ਦਾ ਨਤੀਜਾ 2017 ਅਤੇ 2022 ਦੀਆਂ ਚੋਣਾਂ ਵਿਚ ਪਾਰਟੀ ਦੀ ਭਾਰੀ ਹਾਰ ਦੇ ਰੂਪ ਵਿਚ ਸਾਹਮਣੇ ਆਇਆ। ਇਹ ਸਾਰੇ ਤਜਰਬੇ ਦਰਸਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਇਤਿਹਾਸਕ ਗਲਤੀਆਂ ਸਿਰਫ਼ ਵਿਅਕਤੀਗਤ ਫ਼ੈਸਲਿਆਂ ਦਾ ਨਤੀਜਾ ਨਹੀਂ ਸਨ, ਸਗੋਂ ਇਹ ਰਣਨੀਤਕ, ਨੀਤੀਗਤ ਅਤੇ ਸੰਗਠਨਾਤਮਕ ਕਮਜ਼ੋਰੀਆਂ ਦਾ ਸੰਕੇਤ ਵੀ ਦਿੰਦੀਆਂ ਹਨ। ਪੰਜਾਬੀ ਸੂਬੇ ਦੇ ਅਧੂਰੇ ਮੁੱਦੇ ਤੋਂ ਲੈ ਕੇ 1984 ਦੇ ਸੰਕਟ, ਡੇਰਾ ਸੱਚਾ ਸੌਦਾ ਵਿਵਾਦ, ਭਾਜਪਾ ਨਾਲ ਲੰਬੇ ਗਠਜੋੜ ਅਤੇ ਨਸ਼ਿਆਂ ਦੇ ਦੋਸ਼ਾਂ ਤੱਕ, ਹਰ ਇਕ ਗਲਤੀ ਨੇ ਪਾਰਟੀ ਦੀ ਪਹਿਚਾਣ, ਲੋਕਪ੍ਰਿਯਤਾ ਅਤੇ ਭਰੋਸੇਯੋਗਤਾ ਨੂੰ ਹਿਲਾ ਦਿੱਤਾ।
ਇਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ-ਸੁਰਜੀਤੀ ਸੰਬੰਧੀ ਸਵਾਲ ਨਾਲ ਨਜਿੱਠਦੇ ਹੋਏ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਸੁਰਜੀਤ ਹੋਣ ਸੰਬੰਧੀ ਸਵਾਲ ਸਿਰਫ਼ ਸੰਭਾਵਨਾ ਦਾ ਸਵਾਲ ਨਹੀਂ, ਬਲਕਿ ਕਈ ਰਾਜਨੀਤਕ, ਸਮਾਜਿਕ ਅਤੇ ਸੰਗਠਨਾਤਮਕ ਗੁਣਾਂ ‘ਤੇ ਨਿਰਭਰ ਹੈ। ਕਿਉਂਕਿ ਪਾਰਟੀ ਨੇ ਕਈ ਵਾਰ ਆਪਣੀ ਸਿਆਸੀ ਪਛਾਣ ਗੁਆਈ ਹੈ, ਪਰ ਪੰਜਾਬ ਦੇ ਰਾਜਨੀਤਕ ਸਭਿਆਚਾਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਭੂਮਿਕਾ ਅਜੇ ਵੀ ਗਹਿਰਾ ਪ੍ਰਭਾਵ ਰੱਖਦੀ ਹੈ।
ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਣ ਦੇ ਸਮਰੱਥ ਹੋਵੇਗੀ? ਦਿਲਚਸਪ ਗੱਲ ਇਹ ਹੈ ਕਿ ਦੋਹਾਂ ਅਕਾਲੀ ਦਲਾਂ ਦਾ ਮੂੰਹ ਭਾਜਪਾ ਵਲ ਹੈ। ਪੰਜਾਬ ਦੀ ਸੱਤਾ ਉੱਤੇ ਕਬਜ਼ਾ ਕਰਨ ਲਈ ਦੋਹਾਂ ਨੂੰ ਭਾਜਪਾ ਦੀਆਂ ਬਿਸਾਖੀਆਂ ਦੀ ਲੋੜ ਪਵੇਗੀ। ਅਜੇਹਾ ਗੱਠਜੋੜ ਪੰਜਾਬ ਲਈ ਕਿੰਨਾ ਕੁ ਲਾਹੇਵੰਦ ਹੋਵੇਗਾ, ਇਸਦਾ ਕਿਆਸ ਬਹੁਤਾ ਮੁਸ਼ਕਿਲ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਬੇਹੱਦ ਗੁੰਝਲਦਾਰ ਪਹੇਲੀ ਹੈ। ਜੋ ਬਹੁਤ ਗਹਿਰੀ ਤਰ੍ਹਾਂ ਇਸਦੇ ਢਾਂਚਾਗਤ ਸੁਧਾਰਾਂ ਨਾਲ ਜੁੜੀ ਹੋਈ ਹੈ। ਪੁਰਾਣੇ ਮਾਡਲ ਦੀ ਨਵੀਂ ਲੀਡਰਸ਼ਿਪ ਵਲੋਂ ਇਸਦੀ ਬੇੜੀ ਪਾਰ ਲਗਾ ਸਕਣੀ ਸੌਖਾ ਕਾਰਜ ਨਹੀਂ ਹੋਵੇਗਾ। ਖੇਤੀਬਾੜੀ, ਪਾਣੀ, ਨਸ਼ਾ ਮੁਕਤੀ ਅਤੇ ਪੇਂਡੂ ਰੁਜ਼ਗਾਰ ਵਰਗੇ ਮੁੱਦਿਆਂ ‘ਤੇ ਗੰਭੀਰ ਪ੍ਰੋਗਰਾਮ ਲਿਆ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਮੁੜ ਜਿੱਤਣਾ, ਭਾਜਪਾ ਨਾਲ ਸੰਬੰਧਾਂ ਤੋਂ ਸਬਕ ਲੈ ਕੇ ਆਪਣੀ ਸੁਤੰਤਰ ਰਾਜਨੀਤਕ ਪਛਾਣ ਬਣਾਉਣਾ, ਨੌਜਵਾਨਾਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬ ਪ੍ਰੇਮੀਆਂ ਨੂੰ ਨਾਲ ਜੋੜਨ ਦੇ ਯਤਨ ਕਰਨਾ ਆਦਿ ਕਾਰਜ ਪਾਰਟੀ ਲਈ ਨਵੀਂ ਉਮੀਦ ਜਗਾ ਸਕਦੇ ਹਨ। ਦੋਹਾਂ ਵਿਚੋਂ ਜਿਹੜਾ ਦਲ ਇਨ੍ਹਾਂ ਨੁਕਤਿਆਂ ਉੱਤੇ ਗੰਭੀਰਤਾ ਨਾਲ ਕੇਂਦਰਿਤ ਹੋ ਜਾਵੇਗਾ, ਪੰਜਾਬ ਦੀ ਪੰਥਕ ਸਿਆਸਤ ਦਾ ਭਵਿੱਖ ਉਹੀ ਦਲ ਹੋਵੇਗਾ।