ਬੂਟਾ ਸਿੰਘ
ਫੋਨ: 91-94634-74342
ਪਹਿਲੀ ਨਵੰਬਰ ਦੇ ਇਤਿਹਾਸਕ ਦਿਨ ਗ਼ਦਰ ਸ਼ਤਾਬਦੀ ਮੁਹਿੰਮ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ਤਾਬਦੀ ਮੇਲੇ ਦੇ ਰੂਪ ਵਿਚ ਸਿਖ਼ਰਾਂ ਛੂਹ ਕੇ ਸਮਾਪਤ ਹੋ ਗਈ। ਮੁਹਿੰਮ ਆਪਣੇ ਪਿੱਛੇ ਅਜਿਹੇ ਬਹੁਤ ਸਾਰੇ ਅਹਿਮ ਸਵਾਲ ਛੱਡ ਗਈ ਜਿਨ੍ਹਾਂ ਦੇ ਜਵਾਬਾਂ ਦੀ ਤਵੱਕੋ ਉਨ੍ਹਾਂ ਤਾਕਤਾਂ ਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਗ਼ਦਰ ਦੀ ਇਨਕਲਾਬੀ ਵਿਰਾਸਤ ਦੀਆਂ ਦਾਅਵੇਦਾਰ ਹਨ। ਗ਼ਦਰ ਸ਼ਤਾਬਦੀ ਦੀ ਇਸੇ ਲਗਾਤਾਰਤਾ ‘ਚ ਅਗਲੇ ਕੁਝ ਵਰ੍ਹੇ ਮੁਲਕ ਦੀ ਜੰਗੇ-ਆਜ਼ਾਦੀ ਦੇ ਉਨ੍ਹਾਂ ਉਪਰੋਥਲੀ ਇਤਿਹਾਸਕ ਦਿਹਾੜਿਆਂ ਦੀ 100 ਸਾਲਾ ਯਾਦ ਬਣ ਕੇ ਆ ਰਹੇ ਹਨ ਜਿਨ੍ਹਾਂ ਦੀ ਇਸੇ ਤਰ੍ਹਾਂ ਹੀ ਇਨਕਲਾਬੀ ਵਿਰਾਸਤ ਦੀ ਲੜੀਵਾਰ ਗਾਥਾ ਵਿਚ ਅਹਿਮ ਜਗ੍ਹਾ ਹੈ। ਕਾਮਾਗਾਟਾ ਮਾਰੂ ਸਾਕਾ, ਫੇਰੂ ਸ਼ਹਿਰ ਦਾ ਸਾਕਾ, ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ, ਸਿੰਗਾਪੁਰ ਫ਼ੌਜੀ ਬਗ਼ਾਵਤ, ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਆਦਿ। ਇਨ੍ਹਾਂ ਅਹਿਮ ਦਿਹਾੜਿਆਂ ਦੇ ਸੌ ਸਾਲਾ ਸਮਾਗਮਾਂ ਦੀਆਂ ਰਸਮੀ ਮੁਹਿੰਮਾਂ ਵੀ ਇਸੇ ਤਰਤੀਬ ਤੇ ਲਗਾਤਾਰਤਾ ‘ਚ ਜਥੇਬੰਦ ਕੀਤੀਆਂ ਜਾਣਗੀਆਂ ਪਰ ਕੀ ਇਨ੍ਹਾਂ ਮੁਹਿੰਮਾਂ ਦੌਰਾਨ ਉਹ ਅਹਿਮ ਸਵਾਲ ਵਿਹਾਰਕ ਤੌਰ ‘ਤੇ ਉਸੇ ਤਰ੍ਹਾਂ ਗ਼ੈਰਮੁਖ਼ਾਤਬ ਹੀ ਬਣੇ ਰਹਿਣਗੇ ਜਿਨ੍ਹਾਂ ਦੇ ਜਵਾਬ ਵਕਤ ਮੰਗ ਰਿਹਾ ਹੈ?
ਜਿਉਂ ਹੀ ਵਕਤ ਦੀ ਸੂਈ ਗ਼ਦਰ ਸ਼ਤਾਬਦੀ ਦੀ ਦਹਿਲੀਜ਼ ਵੱਲ ਵਧਣੀ ਸ਼ੁਰੂ ਹੋਈ, ਦੋ ਤਰ੍ਹਾਂ ਦੀ ਪੁਰਜ਼ੋਰ ਸਰਗਰਮੀ ਦੇਖਣ ਵਿਚ ਆਈ। ਤਵਾਰੀਖ਼ ਦੇ ਇਸ ਸ਼ਾਨਾਮੱਤੇ ਕਾਂਡ ਦੀ ਇਤਿਹਾਸਕਾਰੀ ਤੇ ਮੁੜ ਵਿਆਖਿਆ ਦੇ ਯਤਨ ਅਤੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਰੂਪਾਂ ਵਿਚ ਗ਼ਦਰ ਸ਼ਤਾਬਦੀ ਸਮਾਗਮਾਂ ਦੀ ਲੜੀ। ਕੁਝ ਇਤਿਹਾਸਕ ਦਸਤਾਵੇਜ਼ ਪਹਿਲੀ ਵਾਰ ਛਪ ਕੇ ਸਾਹਮਣੇ ਆਏ। ਕਈ ਸ਼ਖਸੀਅਤਾਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਦੀ ਗਾਥਾ ਵਿਸਤਾਰਤ ਕਿਤਾਬੀ ਰੂਪ ‘ਚ ਲਿਖੀ ਗਈ। ਇਸ ਦੌਰਾਨ ‘ਗ਼ਦਰੀ ਕੌਣ ਸਨ’ ਦੇ ਰੂਪ ਵਿਚ ਮੁੜ ਵਿਆਖਿਆ ਦਾ ਇਕ ਸੁਚੇਤ ਰੁਝਾਨ ਵੀ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਗ਼ਦਰ ਲਹਿਰ ਨੂੰ ਇਕ ਖ਼ਾਸ ਨਜ਼ਰੀਏ ਤਹਿਤ, ਇਕ ਖ਼ਾਸ ਮਜ਼ਹਬੀ ਪਛਾਣ ਨਾਲ ਨੱਥੀ ਕਰ ਕੇ ਇਕ ਖ਼ਾਸ ਦਾਇਰੇ ਵਿਚ ਮਹਿਦੂਦ ਕਰਨ, ਤੱਥਾਂ ਨੂੰ ਆਪਣੇ ਖ਼ਾਸ ਰਾਜਸੀ ਏਜੰਡੇ ਦੇ ਮੇਚ ਦਾ ਬਣਾ ਕੇ ਆਪਣੇ ‘ਨਿਆਰੇ’ ਹਿਸਾਬ ਨਾਲ ਪੇਸ਼ ਕਰਨ ਦੀ ਮੁਹਿੰਮ ਚਲਾਈ। ਇਸ ਨੂੰ ਰੱਦ ਕਰਨ ਲਈ ਦੂਜੇ ਨਜ਼ਰੀਏ ਤੋਂ ਕਈ ਸਿੱਧੀਆਂ-ਅਸਿੱਧੀਆਂ ਜਵਾਬੀ ਲਿਖਤਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਦਾ ਜ਼ੋਰ ਇਸ ਲਹਿਰ ਬਾਰੇ ਸਥਾਪਤ ਨਜ਼ਰੀਏ ਦੇ ਹੱਕ ‘ਚ ਦਲੀਲਬਾਜ਼ੀ ਕਰਨ ਦਾ ਰਿਹਾ ਪਰ ਇਸ ਲਹਿਰ ਦੇ ਇਤਿਹਾਸ ਦੇ ਅਣਗੌਲੇ ਪਹਿਲੂਆਂ, ਅਣਛੋਹੀਆਂ ਪਰਤਾਂ ਅਤੇ ਅਜੇ ਤਕ ਇਤਿਹਾਸ ਦੀ ਗ਼ਰਦ ਹੇਠ ਦਬੇ ਬਹੁਤ ਸਾਰੇ ਤੱਥਾਂ ਨੂੰ ਸਾਹਮਣੇ ਲਿਆਉਣ ਦੇ ਕੰਮ ਨੂੰ ਖੋਜਕਾਰਾਂ ਨੇ ਓਨੀ ਸ਼ਿੱਦਤ ਨਾਲ ਹੱਥ ਨਹੀਂ ਪਾਇਆ ਜਿਵੇਂ ਪਾਇਆ ਜਾਣਾ ਚਾਹੀਦਾ ਸੀ, ਜਦਕਿ ਵਕਤ ਦਾ ਤਕਾਜ਼ਾ ਇਹੀ ਸੀ।
ਇਹ ਸੁਭਾਵਿਕ ਸੀ ਕਿ ਸਥਾਪਤੀ ਦੀਆਂ ਤਾਕਤਾਂ ਰਸਮੀ ਸਮਾਗਮਾਂ ਦੀ ਮੁਹਿੰਮ ਵਿਚੋਂ ਮੁਕੰਮਲ ਤੌਰ ‘ਤੇ ਬਾਹਰ ਰਹਿੰਦੀਆਂ ਹਨ। ਕੇਂਦਰੀ ਹਕੂਮਤ ਨੇ ਜਨਵਰੀ 2013 ਵਿਚ ਗ਼ਦਰ ਬਾਰੇ ਡਾਕ ਟਿਕਟ ਜਾਰੀ ਕਰ ਕੇ ਪੱਲਾ ਝਾੜ ਲਿਆ। ਕੇਂਦਰੀ ਹੁਕਮਰਾਨਾਂ ਵਲੋਂ ਉਚੇਚੇ ਸ਼ਤਾਬਦੀ ਸਮਾਗਮ ਮਨਾਉਣ ਜਾਂ ਗ਼ਦਰੀਆਂ ਦੀ ਯਾਦ ਵਿਚ ਕੋਈ ਢੁੱਕਵੀਂ ਯਾਦਗਾਰ ਬਣਾਉਣ ਲਈ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਕੋਰਾ ਜਵਾਬ ਦੇ ਦਿੱਤਾ ਗਿਆ। ਪੰਜਾਬ ਦੇ ਹੁਕਮਰਾਨਾਂ ਨੇ ਵੀ ਕੋਈ ਦਿਲਚਸਪੀ ਨਹੀਂ ਲਈ। ਗਾਂਧੀ ਦੀ ਸਮਝੌਤਾਵਾਦੀ ਵਿਰਾਸਤ ਦਾ ਸੁਭਾਵਿਕ ਵਾਰਿਸ ਇਹ ਹੁਕਮਰਾਨ ਲਾਣਾ ਜੋ ਚਾਹੁੰਦੇ ਹਨ ਕਿ ਇਹ ਇਨਕਲਾਬੀ ਵਿਰਾਸਤ ਹਮੇਸ਼ਾ ਲਈ ਦੱਬੀ ਰਹੇ, ਇਸ ਮੁਲਕ ਦੀ ਜੰਗੇ-ਆਜ਼ਾਦੀ ਨੂੰ ਇਨਕਲਾਬੀ ਮੋੜਾ ਦੇਣ ਵਾਲੇ ਗ਼ਦਰੀ ਇਨਕਲਾਬੀਆਂ ਨੂੰ ਖਾਹ-ਮ-ਖਾਹ ਚਰਚਾ ਦਾ ਵਿਸ਼ਾ ਭਲਾ ਕਿਉਂ ਬਣਾਏਗਾ ਜਿਨ੍ਹਾਂ ਦਾ ਜਮਾਂਦਰੂ ਇਸ਼ਟ ਹੀ ਸਾਮਰਾਜਵਾਦ ਦੀ ਭਗਤੀ ਰਿਹਾ ਹੈ। ਗ਼ਦਰੀਆਂ ਦੀ ਇਨਕਲਾਬੀ ਵਿਰਾਸਤ ਨੂੰ ਆਪਣੇ ਸੌੜੇ ਰਾਜਸੀ ਏਜੰਡੇ ਅਨੁਸਾਰ ਢਾਲ ਕੇ ਪੇਸ਼ ਕਰਨ ਵਾਲੀਆਂ ਧਾਰਮਿਕ ਰਾਜਸੀ ਤਾਕਤਾਂ ਦੇਸ਼-ਵਿਦੇਸ਼ ਵਿਚ ਚੰਦ ਸਮਾਰੋਹਾਂ ਅਤੇ ਆਪਣੀਆਂ ਕਿਤਾਬਾਂ ਦੇ ਰਿਲੀਜ਼ ਸਮਾਰੋਹਾਂ ਤੋਂ ਅੱਗੇ ਨਹੀਂ ਗਈਆਂ। ਮੁੱਖ ਤੌਰ ‘ਤੇ ਗ਼ਦਰ ਸ਼ਤਾਬਦੀ ਮੁਹਿੰਮ ਖੱਬੀ ਲਹਿਰ ਵਲੋਂ ਹੀ ਚਲਾਈ ਗਈ।
ਕਾਬਲੇ-ਗ਼ੌਰ ਪਹਿਲੂ ਇਹ ਵੀ ਹੈ ਕਿ ਪੰਜਾਬ (ਅਤੇ ਪਰਦੇਸ ਵਸੇ ਪੰਜਾਬੀਆਂ) ਤੋਂ ਬਿਨਾਂ ਹੋਰ ਸੂਬਿਆਂ ਵਿਚ, ਦਿੱਲੀ ਤੇ ਕੁਝ ਹੋਰ ਥਾਈਂ ਜਥੇਬੰਦ ਕੀਤੇ ਗਏ ਇਕਾ-ਦੁੱਕਾ ਉਚੇਚੇ ਸਮਾਗਮਾਂ ਨੂੰ ਛੱਡ ਕੇ, ਕੋਈ ਖ਼ਾਸ ਮੁਹਿੰਮ ਨਜ਼ਰ ਨਹੀਂ ਆਈ। ਇਸ ਦੀ ਵੱਡੀ ਵਜ੍ਹਾ ਸ਼ਾਇਦ ਇਹ ਸੀ ਕਿ ਵੱਡੀ ਗਿਣਤੀ ਗ਼ਦਰੀ, ਪੰਜਾਬੀ ਸਨ ਪਰ ਉਨ੍ਹਾਂ ਦੀ ਕਰਮਭੂਮੀ ਤਾਂ ਪੰਜਾਬ ਤਕ ਮਹਿਦੂਦ ਨਹੀਂ ਸੀ। ਉਨ੍ਹਾਂ ਦੇ ਉਦੇਸ਼ ਦਾ ਦਾਇਰਾ ਤਾਂ ਕੁਲ ਦੁਨੀਆਂ ਦੀ ਆਜ਼ਾਦੀ ਤੱਕ ਫੈਲਿਆ ਹੋਇਆ ਸੀ। ਫਿਰ ਇੰਝ ਕਿਉਂ ਹੋਇਆ? ਕੀ ਬੰਗਾਲ ਨੇ ਤਾਰਕਨਾਥ ਦਾਸ, ਰਾਸ ਬਿਹਾਰੀ ਬੋਸ ਤੇ ਸਚਿੰਦਰਨਾਥ ਸਾਨਿਆਲ ਤੇ ਉਨ੍ਹਾਂ ਦੇ ਯੁਗ ਪਲਟਾਊ ਸਾਥੀਆਂ, ਮਹਾਰਾਸ਼ਟਰ ਨੇ ਵਿਸ਼ਣੂੰ ਗਣੇਸ਼ ਪਿੰਗਲੇ ਤੇ ਪਾਂਡੂਰੰਗ ਖਾਨਖੋਜੇ ਅਤੇ ਆਂਧਰਾ ਨੇ ਦਰਸੀ ਚੈਂਚਈਆ ਦੀ ਗ਼ਦਰ ਦੌਰਾਨ ਇਤਿਹਾਸਕ ਸਿਰਮੌਰ ਭੂਮਿਕਾ ਨੂੰ ਮਨੋ ਵਿਸਾਰ ਦਿੱਤਾ ਹੈ?
ਪੰਜਾਬ ਵਿਚ ਅਤੇ ਪਰਦੇਸੀਂ ਵਸੇ ਪੰਜਾਬੀਆਂ ਵੱਲੋਂ ਜਥੇਬੰਦ ਕੀਤੇ ਸ਼ਤਾਬਦੀ ਸਮਾਗਮ ਸੱਚੀਉਂ ਹੀ ਵੱਡੀ ਮੁਹਿੰਮ ਬਣ ਕੇ ਸਾਹਮਣੇ ਆਏ। ਇੰਗਲੈਂਡ, ਅਮਰੀਕਾ, ਕੈਨੈਡਾ, ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਪਰਵਾਸੀ ਪੰਜਾਬੀਆਂ ਨੇ ਉਚੇਚੇ ਸਮਾਗਮ ਜਥੇਬੰਦ ਕੀਤੇ। ਪੰਜਾਬ ਵਿਚ ਰਵਾਇਤੀ ਖੱਬੇ ਅਤੇ ਨਕਸਲੀ ਦੋਵਾਂ ਧਿਰਾਂ ਵਲੋਂ ਸ਼ਤਾਬਦੀ ਮੁਹਿੰਮਾਂ ਜਥੇਬੰਦ ਕੀਤੀਆਂ ਗਈਆਂ। ਬਿਨਾਂ ਸ਼ੱਕ, ਇਸ ਦੇ ਕੇਂਦਰ ਵਿਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਲੋਂ ਦਿੱਤਾ ਗ਼ਦਰ ਸ਼ਤਾਬਦੀ ਮਨਾਉਣ ਦਾ ਹੋਕਾ ਸੀ। ਇਸ ਹੋਕੇ ਦੇ ਆਲੇ-ਦੁਆਲੇ ਵਿਸ਼ਾਲ ਮੁਹਿੰਮ ਲਾਮਬੰਦ ਹੋ ਗਈ। ਤਕਰੀਬਨ ਪੂਰਾ ਸਾਲ ਗ਼ਦਰ ਸ਼ਤਾਬਦੀ ਦਾ ਪੈਗ਼ਾਮ ਸੂਬੇ ਦੇ ਪਿੰਡਾਂ, ਸ਼ਹਿਰਾਂ ਵਿਚ ਗੂੰਜਦਾ ਰਿਹਾ। ਇਸ ਮੁਹਿੰਮ ਦਾ ਖ਼ਾਸ ਹਾਸਲ ਇਹ ਵੀ ਰਿਹਾ ਕਿ ਹਜ਼ਾਰਾਂ ਗ਼ਦਰੀਆਂ ਅਤੇ ਬੱਬਰ ਅਕਾਲੀਆਂ ਦੇ ਜੱਦੀ ਪਿੰਡਾਂ ਦੇ ਬਾਸ਼ਿੰਦਿਆਂ ਦੇ ਚੇਤਿਆਂ ‘ਚ ਆਪੋ-ਆਪਣੇ ਜਾਂ ਆਂਢ-ਗੁਆਂਢ ਦੇ ਪਿੰਡਾਂ ਦੇ ਸੂਰਬੀਰਾਂ ਦੀ ਯਾਦ ਸੱਜਰੀ ਹੋ ਉੱਠੀ ਜੋ ਵਕਤ ਦੀ ਗ਼ਰਦ ਦੇ ਬੋਝ ਹੇਠ ਡੂੰਘੀ ਦਫ਼ਨਾਈ ਜਾ ਚੁੱਕੀ ਸੀ। ਕੁਝ ਪਿੰਡਾਂ ਵਾਲਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਿੰਡ ਦੇ ਕੋਈ ਇਸ ਤਰ੍ਹਾਂ ਦੇ ਸੂਰਬੀਰ ਇਨਕਲਾਬੀ ਵੀ ਹੋਏ ਹਨ। ਬਿਨਾਂ ਸ਼ੱਕ ਸ਼ਤਾਬਦੀ ਮੁਹਿੰਮ ਨੇ ਗ਼ਦਰ ਦੀਆਂ ਅਮਿੱਟ ਦੇਣਾਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ।
ਉਂਝ ਪੁਰਜ਼ੋਰ ਸ਼ਤਾਬਦੀ ਮੁਹਿੰਮ ਚਲਾ ਰਹੀਆਂ ਤਾਕਤਾਂ ਦੇ ਕਾਰ-ਵਿਹਾਰ ਵਿਚੋਂ ਸਵੈ ਦੇ ਅੰਦਰ ਝਾਤ ਮਾਰਨ ਅਤੇ ਗ਼ਦਰੀਆਂ ਦੇ ਕੱਦਾਵਰ ਇਨਕਲਾਬੀ ਕਿਰਦਾਰ ਨੂੰ ਆਦਰਸ਼ ਵਜੋਂ ਲੈ ਕੇ ਦਮਨਕਾਰੀ ਸਟੇਟ ਵਿਰੁੱਧ ਅਮਲ ‘ਚ ਢਾਲਣØ ਦੀ ਚੇਤਨਾ ਕਿਤੇ ਨਜ਼ਰ ਨਹੀਂ ਆਈ। ਗ਼ਦਰੀ ਇਨਕਲਾਬੀਆਂ ਵਲੋਂ ਗ਼ਦਰ ਦੇ ਆਪਣੇ ਆਜ਼ਾਦ ਰਾਜਸੀ ਏਜੰਡੇ ਨੂੰ ਸਾਫ਼-ਸਾਫ਼ ਬੁਲੰਦ ਰੱਖਦੇ ਹੋਏ ਸਾਂਝੇ ਦੁਸ਼ਮਣ ਬਸਤੀਵਾਦੀ ਸਟੇਟ ਦੇ ਖ਼ਿਲਾਫ਼ ਵੰਨ-ਸੁਵੰਨੀਆਂ ਤਾਕਤਾਂ ਨੂੰ ਨਾਲ ਲੈਣ ਅਤੇ ਵਕਤ ਦੀ ਰਮਜ਼ ਪਛਾਣ ਕੇ ਦੁਸ਼ਮਣ ਉਪਰ ਸਹੀ ਟਿਕਾਣੇ ‘ਤੇ ਸੱਟ ਮਾਰਨ ਦੀ ਅਸੂਲੀ ਵਿਹਾਰਕ ਪਹੁੰਚ ਅਪਣਾਈ ਸੀ। ਗ਼ਦਰੀਆਂ ਦੇ ਵਾਰਿਸਾਂ ਵਿਚ ਅਜਿਹੀ ਪਹੁੰਚ ਦੇ ਉਭਰਨ ਦੇ ਅੱਜ ਵੀ ਕੋਈ ਉਘੜਵੇਂ ਸੰਕੇਤ ਨਹੀਂ। ਮੁਤਬਾਦਲ ਇਨਕਲਾਬੀ ਸਿਆਸਤ ਪੇਸ਼ ਕਰਨ ਅਤੇ ਨਿਆਂ ਤੇ ਬਰਾਬਰੀ ਆਧਾਰਤ ਸਮਾਜ ਲਈ ਜੱਦੋਜਹਿਦ ਨੂੰ ਜਾਨਦਾਰ ਢੰਗ ਨਾਲ ਅੱਗੇ ਵਧਾਉਣ ਦਾ ਸਵਾਲ ਉਥੇ ਦਾ ਉਥੇ ਖੜ੍ਹਾ ਹੈ। ਇਸ ਦੇ ਬਾਵਜੂਦ ਕਿ ਅੰਮ੍ਰਿਤਯ ਸੇਨ ਵਰਗੇ ਸਥਾਪਤੀ ਦੇ ਗਹਿ-ਗੱਡ ਚਿੰਤਕ ਵੀ ਮੁਲਕ ਦੀਆਂ ਸਿਹਤ ਤੇ ਸਿਖਿਆ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੇ ਲਾਮਿਸਾਲ ਨਿਘਾਰ ਅਤੇ ਵਿਆਪਕ ਪਾੜੇ ਤੋਂ ਡਾਢੇ ਫ਼ਿਕਰਮੰਦ ਦਿਖਾਈ ਦੇ ਰਹੇ ਹਨ ਪਰ ਅਜਿਹੇ ਹਾਲਾਤ ਵਿਚ ਵੀ ਭਾਰਤ ਦੀਆਂ ਜ਼ਿਆਦਾਤਰ ਤਬਦੀਲੀਪਸੰਦ ਤਾਕਤਾਂ ਭਾਰਤੀ ਸਟੇਟ ਵਿਰੁੱਧ ‘ਅਰਬ ਬਸੰਤ’ ਜਾਂ ‘ਵਾਲ ਸਟਰੀਟ ਉਪਰ ਕਬਜ਼ਾ ਕਰੋ’ ਵਰਗੀ ਕਿਸੇ ਧੜੱਲੇਦਾਰ ਮੁਹਿੰਮ ਦਾ ਮੁੱਢ ਬੰਨ੍ਹਣ ਦੀ ਤਿਆਰੀ ‘ਚ ਜੁੱਟੀਆਂ ਨਜ਼ਰ ਨਹੀਂ ਆ ਰਹੀਆਂ। ਗ਼ਦਰ ਸ਼ਤਾਬਦੀ ਮੁਹਿੰਮ ਚਲਾਉਣ ਵਾਲੀਆਂ ਇਨ੍ਹਾਂ ਤਾਕਤਾਂ ਵਿਚੋਂ ਕਿਸੇ ਵਲੋਂ ਭਾਰਤੀ ਸਟੇਟ ਵਿਰੁੱਧ ਗ਼ਦਰੀਆਂ ਵਰਗਾ ਪ੍ਰੋਗਰਾਮ ਨਹੀਂ ਦਿੱਤਾ ਗਿਆ।
ਕਾਰਪੋਰੇਟ ਵਿਕਾਸ ਮਾਡਲ ਦੇ ਪਹੀਏ ਅਵਾਮ ਨੂੰ ਬੇਰਹਿਮੀ ਨਾਲ ਦਰੜ ਰਹੇ ਹਨ। ਆਲਮੀ ਕਾਰਪੋਰੇਟ ਸਰਮਾਏ ਦੇ ਦਲਾਲ ਮਨਮੋਹਨ-ਚਿਦੰਬਰਮ-ਮੌਂਟੇਕ-ਸੋਨੀਆ ਗਾਂਧੀ ਦੀ ‘ਕਾਰਪੋਰੇਟ ਵਜ਼ਾਰਤ’ ਵਲੋਂ ਵਿੱਢੀ ਆਪਣੇ ਹੀ ਲੋਕਾਂ ਵਿਰੁੱਧ ਜੰਗ ਆਦਿਵਾਸੀ ਖੇਤਰਾਂ ਤੋਂ ਬਾਹਰ ਮਹਾਂਨਗਰਾਂ ਤੱਕ ਮਾਰ ਕਰ ਰਹੀ ਹੈ। ਇਸ ਵਿਕਾਸ ਮਾਡਲ ਦੀਆਂ ਵਧੇਰੇ ਮੂੰਹਫੱਟ ਫਾਸ਼ੀਵਾਦੀ ਨੁਮਾਇੰਦਾ ਹਿੰਦੂਤਵੀ ਤਾਕਤਾਂ ਪੂਰੇ ਮੁਲਕ ਨੂੰ ਆਪਣੀ ਲਪੇਟ ਵਿਚ ਲੈਂਦੀਆਂ ਹੋਈਆਂ ਦਨਦਨਾਉਂਦੀਆਂ ਅੱਗੇ ਵਧ ਰਹੀਆਂ ਹਨ ਪਰ ਸਥਾਪਤੀ ਦੇ ਇਸ ‘ਵਿਕਾਸ’ ਦੇ ਢੌਂਗ ਨੂੰ ਧੜੱਲੇ ਤੇ ਇਨਕਲਾਬੀ ਜਜ਼ਬੇ ਨਾਲ ਬੇਪਰਦ ਕਰਨ ਤੇ ਵੰਗਾਰਨ ਅਤੇ ਇਨਕਲਾਬੀ ਬਦਲਾਉ ਦੀ ਜ਼ਰੂਰਤ ਨੂੰ ਬੁਲੰਦ ਕਰਨ ਦਾ ਗ਼ਦਰੀਆਂ ਵਾਲਾ ਵਿਹਾਰਕ ਜੇਰਾ ਉਨ੍ਹਾਂ ਦੀ ਵਿਰਾਸਤ ਦੇ ਦਾਅਵੇਦਾਰਾਂ ਵਿਚ ਨਦਾਰਦ ਹੈ। ਗ਼ਦਰੀ ਆਗੂਆਂ ਨੇ ਗ਼ਦਰ ਪਾਰਟੀ ਦੇ ਮੁੱਢਲੇ ਅਸੂਲ ਸੂਤਰਬਧ ਕਰਦੇ ਵਕਤ ਪਾਸ ਕੀਤੇ ਮਤੇ ਵਿਚ ਬਸਤੀਵਾਦੀ ਰਾਜ ਦੀ ਦਮਨਕਾਰੀ ਤਾਸੀਰ ਦੀ ਸ਼ਨਾਖ਼ਤ ਕਰਦਿਆਂ ਬਿਲਕੁਲ ਸਾਫ਼-ਸਾਫ਼ ਇਹ ਫਰਜ਼ ਤੈਅ ਕੀਤਾ ਸੀ ਕਿ ਗ਼ਦਰ ਪਾਰਟੀ ਦਾ ਸਿਪਾਹੀ ਚਾਹੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਵੇ, ਜੇ ਉਥੇ ਆਜ਼ਾਦੀ ਦੀ ਜੰਗ ਹੁੰਦੀ ਹੈ ਤਾਂ ਉਸ ਵਿਚ ਹਿੱਸਾ ਜ਼ਰੂਰ ਲਵੇਗਾ ਅਤੇ ਹਰ ਤਰ੍ਹਾਂ ਦੀ ਗ਼ੁਲਾਮੀ ਵਿਰੁੱਧ ਲੜੇਗਾ। ਮੁਲਕ ਦੀਆਂ ਦੱਬੀ-ਕੁਚਲੀਆਂ ਕੌਮੀਅਤਾਂ ਅਤੇ ਧਾਰਮਿਕ ਘੱਟਗਿਣਤੀਆਂ ਨੂੰ ਭਾਰਤੀ ਸਟੇਟ ‘ਏਕਤਾ ਤੇ ਅਖੰਡਤਾ’ ਦੇ ਨਾਂ ਹੇਠ ਜ਼ਾਲਮ ਫ਼ੌਜੀ ਬੂਟਾਂ ਹੇਠ ਦਹਾਕਿਆਂ ਤੋਂ ਕੁਚਲ ਰਿਹਾ ਹੈ ਪਰ ਸਥਾਪਤੀ ਵਿਰੋਧੀ ਕਹਾਉਂਦੀਆਂ ਖੱਬੀਆਂ ਤਾਕਤਾਂ ਦਾ ਜ਼ਿਆਦਾਤਰ ਹਿੱਸਾ ਸਟੇਟ ਦੇ ਮੂਲ ਦਮਨਕਾਰੀ ਸੁਭਾਅ ਨੂੰ ਸਮਝਣ ਤੋਂ ਆਰੀ ਹੈ। ਰਵਾਇਤੀ ਖੱਬੇ ਦਹਾਕਿਆਂ ਤੋਂ ਮੁਤਬਾਦਲ ਇਨਕਲਾਬੀ ਸਿਆਸਤ ਦਾ ਏਜੰਡਾ ਛੱਡ ਕੇ ਭਾਰਤੀ ਹੁਕਮਰਾਨ ਜਮਾਤਾਂ ਦੇ ਰਾਜਸੀ ਅਜੰਡੇ ਦੇ ਵਾਹਕ ਬਣੇ ਹੋਏ ਹਨ। ਉਹ ਅਜੇ ਵੀ ਇਹ ਸਮਝਣ ਲਈ ਤਿਆਰ ਨਹੀਂ ਹਨ ਕਿ ‘ਮੁਲਕ ਦੀ ਏਕਤਾ ਤੇ ਅਖੰਡਤਾ’ ਦਾ ਨਾਅਰਾ ਅਤੇ ਰਾਸ਼ਟਰਵਾਦ ਦੀ ਹਾਏ-ਤੌਬਾ ਕਾਰਪੋਰੇਟ ਸਰਮਾਏਦਾਰੀ ਦੀ ਸਾਲਮ ਮੰਡੀ ਦੀ ਲੋਟੂ ਗਰਜ਼ ਦੀ ਤਰਜਮਾਨੀ ਕਰਦੇ ਹਨ ਅਤੇ ਕਾਂਗਰਸ ਮਾਰਕਾ ‘ਧਰਮਨਿਰਪੱਖਤਾ’ ਲੁਕਵੇਂ ਰੂਪ ਵਿਚ ਹਿੰਦੂ ਝੁਕਾਅ ਤੋਂ ਬਿਨਾਂ ਕੁਝ ਨਹੀਂ ਹੈ। ਰਵਾਇਤੀ ਖੱਬੇ ਅਜੇ ਵੀ ਇਨ੍ਹਾਂ ਦੋ ਫਹੁੜੀਆਂ ਸਹਾਰੇ ਮੁਲਕ ਦੀ ਤਕਦੀਰ ਸਥਾਪਤੀ ‘ਚ ਸੁਧਾਰਾਂ ਰਾਹੀਂ ਬਦਲਣ ਦੇ ਭਰਮ ਤੋਂ ਮੁਕਤ ਹੋਣ ਲਈ ਤਿਆਰ ਨਹੀਂ ਹਨ। ਕਾਰਪੋਰੇਟ ਵਿਕਾਸ ਮਾਡਲ ਅਤੇ ਹਿੰਦੂ ਤਰਫ਼ਦਾਰੀ ਵਾਲੇ ਭਾਰਤੀ ਰਾਜ ਦੀ ਨਾੜੂਏ ਦੀ ਸਾਂਝ ਦੀ ਸਹੀ ਪਛਾਣ ਕਰਨ ਅਸਫ਼ਲ ਰਹਿਣ ਕਰ ਕੇ ਉਨ੍ਹਾਂ ਨੇ ਆਪਣੀ ਕੁਲ ਤਾਕਤ ਇਸ ਦਮਨਕਾਰੀ ਢਾਂਚੇ ਖ਼ਿਲਾਫ਼ ਸੇਧਤ ਕਰਨ ਦੀ ਥਾਂ ਇਸ ਪ੍ਰਤੀ ਨਰਮ ਗੋਸ਼ਾ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਇਸ ਵਿਰੁੱਧ ਲੜ ਰਹੀਆਂ ਤਾਕਤਾਂ ਦੇ ਗ਼ਲਤ ਰੁਝਾਨਾਂ (ਇੰਤਹਾਪਸੰਦੀ) ਦੇ ਬਹਾਨੇ ਨਾ ਸਿਰਫ਼ ਉਨ੍ਹਾਂ ਤੋਂ ਦੂਰ ਰਹਿਣ ਸਗੋਂ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਕੁਚਲਣ ਵਿਚ ਰਾਜ ਦਾ ਹੱਥ ਵਟਾਉਂਦੇ ਆ ਰਹੇ ਹਨ। ਖ਼ਾਸ ਕਰ ਕੇ ਸੀæਪੀæਐੱਮæ ਦੀ ਇਹ ਭੂਮਿਕਾ ਜੱਗ ਜ਼ਾਹਿਰ ਹੈ ਜਦਕਿ ਗ਼ਦਰੀ ਵਿਰਾਸਤ ਦਾ ਵਿਹਾਰਕ ਭਾਵ ਇਹ ਹੈ ਕਿ 1947 ਤੋਂ ਪਿੱਛੋਂ ਦੇ ਭਾਰਤੀ ਸਟੇਟ ਦਾ ਰੂਪ ਕੋਈ ਵੀ ਹੋਵੇ, ਇਸ ਦੀ ਮੂਲ ਫ਼ਿਤਰਤ ਨੂੰ ਸਮਝੇ ਬਗੈਰ ਅਤੇ ਇਸ ਨੂੰ ਉਲਟਾਉਣ ਲਈ ਗ਼ਦਰੀ ਇਨਕਲਾਬੀਆਂ ਵਰਗਾ ਸਪਸ਼ਟ ਯੁਗ ਪਲਟਾਊ ਨਿਸ਼ਾਨਾ ਮਿੱਥ ਕੇ ਧੜੱਲੇ ਨਾਲ ਅਵਾਮੀ ਲਹਿਰ ਉਸਾਰਨ ਦਾ ਰਾਹ ਅਖ਼ਤਿਆਰ ਕੀਤੇ ਬਗ਼ੈਰ ਦੱਬੇ-ਕੁਚਲੇ ਅਵਾਮ ਦੀ ਬੰਦ-ਖ਼ਲਾਸੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਗ਼ਦਰ ਵਿਰਾਸਤ ਦੀ ਦਾਅਵੇਦਾਰੀ ਦੀ ਗੱਲ ਕਰਦਿਆਂ ਰਸਮੀ ਸ਼ਰਧਾਂਜਲੀਆਂ ਬਹੁਤੇ ਮਾਇਨੇ ਨਹੀਂ ਰੱਖਦੀਆਂ। ਕਿਸੇ ਰਾਜਸੀ ਧਿਰ ਦਾ ਵਿਹਾਰਕ ਇਨਕਲਾਬੀ ਕਿਰਦਾਰ ਹੀ ਇਸ ਦੀ ਕਸਵੱਟੀ ਹੈ। ਫਿਰ ਰਵਾਇਤੀ ਖੱਬੀ ਧਿਰ ਗ਼ਦਰੀ ਇਨਕਲਾਬੀਆਂ ਦੀ ਵਾਰਿਸ ਕਿਵੇਂ ਹੈ?
ਰੈਡੀਕਲ ਖੱਬਿਆਂ ਵਿਚ ਇਹ ਭਟਕਾਅ ਨਹੀਂ ਹੈ ਪਰ ਕੁਲ ਮਿਲਾ ਕੇ ਮਾਓਵਾਦੀ ਅਗਵਾਈ ਵਾਲੀ ਆਦਿਵਾਸੀ ਲਹਿਰ ਨੂੰ ਛੱਡ ਕੇ ਰਵਾਇਤੀ ਅਤੇ ਰੈਡੀਕਲ ਖੱਬੀ ਲਹਿਰ ਅੰਦਰ ਜਾਂ ਤਾਂ ਰਾਜਸੀ ਸੁਧਾਰਵਾਦ ਭਾਰੂ ਹੈ ਜਾਂ ਆਰਥਿਕਵਾਦ। ਗ਼ਦਰੀਆਂ ਵਰਗੇ ਸਪਸ਼ਟ ਯੁਗ ਪਲਟਾਊ ਏਜੰਡੇ ਨੂੰ ਲੈ ਕੇ ਰਾਜਸੀ ਜੱਦੋਜਹਿਦ ਆਦਿਵਾਸੀ ਸੰਘਰਸ਼ਾਂ ਨੂੰ ਛੱਡ ਕੇ ਕਿਤੇ ਨਜ਼ਰ ਨਹੀਂ ਆ ਰਹੀ। ਇਹ ਅਤੇ ਅਜਿਹੇ ਹੋਰ ਸਵਾਲ ਅੱਜ ਵੀ ਅਣਸੁਲਝੇ ਪਏ ਹਨ। ਕੀ ਸ਼ਤਾਬਦੀ ਮੁਹਿੰਮਾਂ ਦਾ ਇਸ ਤਰ੍ਹਾਂ ਮਹਿਜ਼ ਰਸਮੀ ਬਣ ਕੇ ਰਹਿ ਜਾਣਾ ਜਾਇਜ਼ ਹੈ?
Leave a Reply