ਚੰਡੀਗੜ੍ਹ:ਅਕਾਲੀ ਦਲ ਦੀ ਸੁਧਾਰ ਲਹਿਰ, ਜਿਸ ਵਲੋਂ ਸਿੰਘ ਸਾਹਿਬਾਨ ਦੇ 2 ਦਸੰਬਰ, 2024 ਦੇ ਹੁਕਮਨਾਮਿਆਂ ਅਨੁਸਾਰ ਅਕਾਲੀ ਦਲ ਦੀ 15 ਲੱਖ ਦੀ ਭਰਤੀ ਕੀਤੀ ਗਈ ਹੈ ਅਤੇ ਪਾਰਟੀ ਦੇ ਡੈਲੀਗੇਟ ਇਜਲਾਸ ਲਈ 11 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਵੀ ਮੰਗਿਆ ਗਿਆ ਹੈ,
ਪਰ ਸ਼੍ਰੋਮਣੀ ਕਮੇਟੀ ਵਲੋਂ ਇਹ ਮਾਮਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੇਜ ਦਿੱਤੇ ਜਾਣ ਕਾਰਨ ਪੰਥਕ ਹਲਕਿਆਂ ਵਿਚ ਚਰਚੇ ਸ਼ੁਰੂ ਹੋ ਗਏ ਹਨ ਕਿ ਕੀ ਸਿੰਘ ਸਾਹਿਬ ਇਸ ਮਾਮਲੇ ਵਿਚ ਦਖ਼ਲ ਦਿੰਦਿਆਂ ਇਜਲਾਸ ਨੂੰ ਰੋਕ ਸਕਦੇ ਹਨ ਜਾਂ ਕੀ ਉਹ 2 ਦਸੰਬਰ ਦੇ ਹੁਕਮਨਾਮੇ ਨਾਲ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਜਾਂ ਉਸਦੀ ਨਵੀਂ ਵਿਆਖਿਆ ਕਰ ਸਕਦੇ ਹਨ। ਹੁਕਮਨਾਮੇ ਵਿਚ ਸਾਰੇ ਧੜਿਆਂ ਨੂੰ ਆਪਣੀਆਂ ਵੱਖ-ਵੱਖ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਸੀ ਅਤੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਮੌਜੂਦਾ ਲੀਡਰਸ਼ਿਪ ਪੰਥ ਦੀ ਅਗਵਾਈ ਦਾ ਹੱਕ ਗੁਆ ਚੁੱਕੀ ਹੈ। ਇਸ ਤੋਂ ਸਪੱਸ਼ਟ ਸੀ ਕਿ ਸਿੰਘ ਸਾਹਿਬਾਨ ਵਲੋਂ ਨਵੀਂ ਭਰਤੀ ਤੋਂ ਬਾਅਦ ਪੰਥ ਦੀ ਅਗਵਾਈ ਲਈ ਨਵੇਂ ਚਿਹਰੇ ਅੱਗੇ ਲਿਆਉਣ ਦੀ ਗੱਲ ਕਹੀ ਗਈ ਸੀ।
ਪਰ ਇਸ ਦੇ ਬਾਵਜੂਦ ਅਕਾਲੀ ਦਲ (ਬ) ਵਲੋਂ ਆਪਣੇ ਤੌਰ ‘ਤੇ ਆਪਣੀ ਭਰਤੀ ਕਰ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕਰ ਲਿਆ ਸੀ। ਪਰ ਕੀ ਮੌਜੂਦਾ ਸਿੰਘ ਸਾਹਿਬ ਦੂਜੇ ਧੜਿਆਂ, ਜਿਨ੍ਹਾਂ ਵਿਚ ਬਾਦਲ ਦਲ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਧੜਿਆਂ ਨੂੰ ਵੀ ਇਕ ਪਲੇਟਫਾਰਮ ‘ਤੇ ਲਿਆਉਣ ਅਤੇ ਪੰਥ ਦੀ ਅਗਵਾਈ ਲਈ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਵੱਲ ਅੱਗੇ ਵਧ ਸਕਣਗੇ, ਕਿਉਂਕਿ ਅਗਰ ਉਹ ਸੁਧਾਰ ਲਹਿਰ ਨੂੰ ਨਵਾਂ ਜਥੇਬੰਦਕ ਢਾਂਚਾ ਬਣਾਉਣ ਤੋਂ ਰੋਕਣਾ ਚਾਹੁਣ ਤਾਂ ਉਨ੍ਹਾਂ ਨੂੰ 2 ਦਸੰਬਰ ਦੇ ਮੌਜੂਦਾ ਲੀਡਰਸ਼ਿਪ ਨੂੰ ਨਕਾਰਨ ਅਤੇ ਨਵਾਂ ਜਥੇਬੰਦਕ ਢਾਂਚਾ ਤੇ ਨਵੇਂ ਚਿਹਰੇ ਸਾਹਮਣੇ ਲਿਆਉਣ ਦੇ ਆਦੇਸ਼ਾਂ ਨੂੰ ਵੀ ਅਮਲ ਹੇਠ ਲਿਆਉਣਾ ਪਵੇਗਾ ।
ਸੂਚਨਾ ਅਨੁਸਾਰ ਸੁਧਾਰ ਲਹਿਰ ਦੇ ਆਗੂ ਇਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ, ਹਾਲਾਂਕਿ ਅਗਰ ਉਨ੍ਹਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਇਜਲਾਸ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਉਨ੍ਹਾਂ ਵਲੋਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਕਿਸੇ ਹੋਰ ਥਾਂ ਵੀ ਆਪਣਾ ਡੈਲੀਗੇਟ ਇਜਲਾਸ ਕੀਤਾ ਜਾ ਸਕਦਾ ਹੈ। ਚਰਚਾ ਇਹ ਵੀ ਹੈ ਕਿ ਸੁਧਾਰ ਲਹਿਰ ਵਲੋਂ ਵੀ ਸਿੰਘ ਸਾਹਿਬਾਨ ਵਲੋਂ ਮੌਜੂਦਾ ਆਗੂਆਂ ਨੂੰ ਪੰਥ ਦੀ ਅਗਵਾਈ ਕਰਨ ਤੋਂ ਵਰਜੇ ਜਾਣ ਕਾਰਨ ਸੁਧਾਰ ਲਹਿਰ ਵਲੋਂ ਵੀ ਪਾਰਟੀ ਦੀ ਅਗਵਾਈ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਦੇ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਪਾਰਟੀ ‘ਚ ਇਕ ਇਹ ਵੀ ਵਿਚਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ 2 ਦਸੰਬਰ ਦੇ ਹੁਕਮਨਾਮਿਆਂ ਦੇ ਕਰਤਾ-ਧਰਤਾ ਸਮਝੇ ਜਾਂਦੇ ਹਨ, ਨੂੰ ਇਸ ਮੌਕੇ ਅੱਗੇ ਲਿਆਉਣਾ ਵਿਵਾਦਿਤ ਤਾਂ ਨਹੀਂ ਬਣਾਇਆ ਜਾ ਸਕਦਾ। ਪਾਰਟੀ ਦੇ ਸੂਤਰਾਂ ਅਨੁਸਾਰ ਭਾਈ ਅਮਰੀਕ ਸਿੰਘ ਦੀ ਬੇਟੀ ਦੀ ਅਗਵਾਈ ਨੂੰ ਪ੍ਰਵਾਨ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਧੜੇ ਦੇ ਨਾਲ ਭਾਈ ਰਣਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਵੀ ਤਿਆਰ ਹੋ ਸਕਦਾ ਹੈ। ਸੁਧਾਰ ਲਹਿਰ ਦੇ ਆਗੂਆਂ ਵਲੋਂ ਦੂਜੇ ਅਕਾਲੀ ਧੜਿਆਂ ਨਾਲ ਕੁਝ ਮੁੱਢਲੀ ਗੱਲਬਾਤ ਵੀ ਕੀਤੀ ਗਈ ਹੈ। ਪਰ ਬਹੁਤੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜਲਦੀ ਹੋਂਦ ਵਿਚ ਲਿਆਂਦਾ ਜਾਣਾ ਜ਼ਰੂਰੀ ਹੈ ਤਾਂ ਜੋ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚਾਲੂ ਸਾਲ, ਦੌਰਾਨ ਹੀ ਹੋਣ ਵਾਲੀਆਂ ਚੋਣਾਂ ਲਈ ਆਪਣੇ- ਆਪ ਨੂੰ ਤਿਆਰ ਤੇ ਜਥੇਬੰਦ ਕਰ ਸਕੇ। ਚਰਚਾ ਹੈ ਕਿ ਮੌਜੂਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਨ ਵੀ ਇਸ ਲਈ ਭਾਰੀ ਦਬਾਅ ਹੇਠ ਹੋ ਸਕਦੇ ਹਨ ਕਿ ਅਕਾਲੀ ਦਲ ਦੇ ਮੁਕਾਬਲੇ ਨਵੇਂ ਧੜੇ ਨੂੰ ਖੜ੍ਹੇ ਹੋਣ ਤੋਂ ਰੋਕਿਆ ਜਾਵੇ। ਪਰ ਕੀ ਅਜਿਹਾ ਕੋਈ ਦਖ਼ਲ ਸੰਭਵ ਹੋਵੇਗਾ ਜਾਂ ਸੁਧਾਰ ਲਹਿਰ ਦੇ ਜਥੇਬੰਦਕ ਢਾਂਚੇ ਨੂੰ ਹੋਂਦ ਵਿਚ ਆਉਣ ਤੋਂ ਕਿੰਨੀ ਦੇਰ ਤੱਕ ਰੋਕਿਆ ਜਾ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਅਕਾਲੀ ਰਾਜਨੀਤੀ ਲਈ ਆਉਣ ਵਾਲੇ ਕੁਝ ਦਿਨ ਅਤਿ ਮਹੱਤਵਪੂਰਨ ਤੇ ਦਿਲਚਸਪੀ ਵਾਲੇ ਹੋਣਗੇ।
