ਨਵੀਂ ਦਿੱਲੀ:ਭਾਰਤ ਦੇ ਹਿੱਤਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕੂਟਨੀਤੀ ਦੀਆਂ ਸਾਰੀਆਂ ਸੀਮਾਵਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਰੋਬਾਰੀ ਸਮਝੌਤੇ ਨੂੰ ਲੈ ਕੇ ਭਾਰਤ ਸਰਕਾਰ ਦੇ ਦ੍ਰਿੜ੍ਹ ਰਵੱਈਏ ਨੂੰ ਦੇਖਦਿਆਂ ਟਰੰਪ ਨੇ ਹੁਣ ਧਮਕੀ ਦਿੱਤੀ ਹੈ ਕਿ
ਉਹ ਭਾਰਤੀ ਦਰਾਮਦ ‘ਤੇ ਟੈਕਸ ਦੀਆਂ ਦਰਾਂ ਵਿਚ ਹੋਰ ਵਾਧਾ ਕਰਨਗੇ। ਹਾਲਾਂਕਿ, ਆਪਣੇ ਪੁਰਾਣੇ ਰਵੱਈਏ ਦੇ ਅਨੁਸਾਰ, ਉਨ੍ਹਾਂ ਨਾ ਤਾਂ ਇਹ ਦੱਸਿਆ ਹੈ ਕਿ ਟੈਕਸ ਦੀਆਂ ਦਰਾਂ ਵਿਚ ਇਹ ਵਾਧਾ ਕਿੰਨਾ ਹੋਵੇਗਾ ਅਤੇ ਨਾ ਹੀ ਇਹ ਪਿਛਲੀ ਵਾਰ ਟਰੰਪ ਵੱਲੋਂ ਭਾਰਤ ‘ਤੇ ਲਗਾਈ ਗਈ ਪੈਨਲਟੀ ਦੇ ਫ਼ੈਸਲੇ ਤੋਂ ਵੱਖਰਾ ਹੋਵੇਗਾ ਪਰ ਇਸ ਵਾਰ ਭਾਰਤ ਨੇ ਟਰੰਪ ਦੇ ਪੁਰਾਣੇ ਬਿਆਨਾਂ ਦੀ ਸਿੱਧੀ ਪ੍ਰਤੀਕਿਰਿਆ ਨਹੀਂ ਦਿੱਤੀ, ਸਗੋਂ ਇਸਨੂੰ ਸਿੱਧਾ ਖਾਰਜ ਕਰਦਿਆਂ ਅਨਿਆਪੂਰਨ ਅਤੇ ਅਕਾਰਨ ਕਰਾਰ ਦਿੱਤਾ ਹੈ। ਭਾਰਤ ਨੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੂੰ ਇਹ ਵੀ ਦਿਖਾਇਆ ਹੈ ਕਿ ਉਹ ਕਿਵੇਂਆਪਣੀਆਂ ਜ਼ਰੂਰਤਾਂ ਲਈ ਅਜੇ ਵੀ ਰੂਸ ਨਾਲ ਕਾਰੋਬਾਰ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਅਮਰੀਕਾ ਅਤੇ ਯੂਰਪੀ ਦੇਸ਼ ਭਾਰਤ ‘ਤੇ ਨਿਸ਼ਾਨਾ ਲਗਾ ਰਹੇ ਹਨ। ਅਸਲ ‘ਚ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੀ ਸ਼ੁਰੂਆਤ ਉਸ ਸਮੇਂ ਕੀਤੀ ਜਦੋਂ ਯੂਕਰੇਨ ਜੰਗ ਦੇ ਬਾਅਦ ਦੁਨੀਆ ਦੇ ਰਵਾਇਤੀ ਤੇਲ ਬਾਜ਼ਾਰਾਂ ਤੋਂ ਕੱਚਾ ਤੇਲ ਯੂਰਪ ਭੇਜਿਆ ਜਾਣ ਲੱਗਾ। ਭਾਰਤ, ਰੂਸ ਤੋਂ ਇਸ ਲਈ ਤੇਲ ਖਰੀਦਦਾ ਹੈ ਤਾਂ ਜੋ ਉਹ ਆਪਣੀ ਜਨਤਾ ਨੂੰ ਕਿਫਾਇਤੀ ਦਰਾਂ ‘ਤੇ ਇੰਧਨ ਉਪਲੱਬਧ ਕਰਵਾ ਸਕੇ ਪਰ ਇਹ ਸੱਚ ਹੈ ਕਿ ਜੋ ਦੇਸ਼ ਭਾਰਤ ‘ਤੇ ਦੋਸ਼ ਲਗਾ ਰਹੇ ਹਨ, ਉਹ ਖ਼ੁਦ ਹੀ ਰੂਸ ਨਾਲ ਕਾਰੋਬਾਰ ਕਰ ਰਹੇ ਹਨ। ਜਦਕਿ, ਇਹ ਉਨ੍ਹਾਂ ਲਈ ਰਾਸ਼ਟਰੀ ਹਿੱਤ ਦੀ ਗੱਲ ਨਹੀਂ ਹੈ। ਯੂਰਪੀ ਯੂਨੀਅਨ ਦਾ ਸਾਲ 2024 ਵਿਚ ਰੂਸ ਨਾਲ 67.5 ਅਰਬ ਯੂਰੋ ਦਾ ਦੋਪੱਖੀ ਕਾਰੋਬਾਰ ਸੀ।
ਇਹ ਭਾਰਤ ਦੇ ਰੂਸ ਨਾਲ ਕੁੱਲ ਕਾਰੋਬਾਰ ਤੋਂ ਵੱਧ ਸੀ। ਯੂਰਪ ਅਤੇ ਰੂਸ ਵਿਚ ਅਜੇ ਵੀ ਖਾਦ, ਮਾਈਨਿੰਗ ਉਤਪਾਦ, ਰਸਾਇਣ, ਲੋਹਾ ਅਤੇ ਇਸਪਾਤ ਆਦਿ ਦਾ ਕਾਰੋਬਾਰ ਹੋ ਰਿਹਾ ਹੈ। ਜਿੱਥੋਂ ਤੱਕ ਅਮਰੀਕਾ ਦੀ ਗੱਲ ਹੈ, ਉਹ ਅਜੇ ਵੀ ਰੂਸ ਤੋਂ ਯੂਰੇਨੀਅਮ ਦੀ ਖ਼ਰੀਦ ਕਰ ਰਿਹਾ ਹੈ ਅਤੇ ਆਪਣੀ ਇਲੈਕਟ੍ਰਿਕ ਵਾਹਨ ਉਦਯੋਗ ਲਈ ਰੂਸ ਤੋਂ ਪੈਲੇਡੀਅਮ ਖਰੀਦ ਰਿਹਾ ਹੈ। ਇਸ ਪਿਛੋਕੜ ਵਿਚ ਭਾਰਤ ਨੂੰ ਨਿਸ਼ਾਨਾ ਬਣਾਉਣਾ ਅਨਿਆਪੂਰਨ ਅਤੇ ਗ਼ਲਤ ਹੈ।
ਹੋਰ ਦੇਸ਼ਾਂ ਦੀ ਤਰ੍ਹਾਂ, ਭਾਰਤ ਵੀ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਮੁਤਾਬਕ ਕਦਮ ਚੁੱਕੇਗਾ। ਭਾਰਤ ਦੀ ਪ੍ਰਤੀਕਿਰਿਆ ਟਰੰਪ ਵੱਲੋਂ ਸੋਸ਼ਲ ਮੀਡੀਆ ਸਾਈਟ ਟਰੁੱਥ ਸੋਸ਼ਲ ‘ਤੇ ਲਿਖੇ ਗਏ ਸੁਨੇਹੇ ਤੋਂ ਬਾਅਦ ਆਈ ਹੈ। ਇਸ ਵਿਚ ਟਰੰਪ ਨੇ ਆਪਣੇ ਜਾਣੂ ਅੰਦਾਜ਼ ਵਿਚ ਲਿਖਿਆ ਹੈ ਕਿ ਭਾਰਤ ਨਾ ਸਿਰਫ ਰੂਸ ਤੋਂ ਵੱਡੀ ਮਾਤਰਾ ਵਿਚ ਤੇਲ ਖਰੀਦ ਰਿਹਾ ਹੈ, ਸਗੋਂ ਇਸ ਖਰੀਦੇ ਗਏ ਤੇਲ ਦੇ ਬਹੁਤ ਸਾਰੇ ਹਿੱਸੇ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚ ਕੇ ਭਾਰੀ ਮੁਨਾਫਾ ਕਮਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਯੂਕਰੇਨ ਵਿਚ ਕਿੰਨੇ ਲੋਕ ਰੂਸੀ ਹਥਿਆਰਾਂ ਨਾਲ ਮਾਰੇ ਜਾ ਰਹੇ ਹਨ। ਇਸ ਕਾਰਨ ਮੈਂ ਭਾਰਤ ‘ਤੇ ਟੈਕਸ ਵਿਚ ਭਾਰੀ ਵਾਧਾ ਕਰਨ ਜਾ ਰਿਹਾ ਹਾਂ।
ਟਰੰਪ ਪਿਛਲੇ 8-9 ਦਿਨਾਂ ਤੋਂ ਲਗਾਤਾਰ ਭਾਰਤ ਨੂੰ ਲੈ ਕੇ ਇਸ ਤਰ੍ਹਾਂ ਦੀ ਇਤਰਾਜ਼ਯੋਗ ਬਿਆਨਬਾਜ਼ੀ ਟਰੁੱਥ ਸੋਸ਼ਲ ਰਾਹੀਂ ਕਰ ਰਹੇ ਹਨ। ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿਚ ਜਦੋਂ ਟਰੰਪ ਨੇ ਭਾਰਤ ‘ਤੇ ਰੂਸ ਤੋਂ ਤੇਲ ਖਰੀਦਣ ਦਾ ਦੋਸ਼ ਲਗਾਇਆ ਸੀ, ਉਦੋਂ ਵਿਦੇਸ਼ ਮੰਤਰਾਲੇ ਨੇ ਇਸ ‘ਤੇ ਬਹੁਤ ਹੀ ਸਿੱਧੀ ਪ੍ਰਤੀਕਿਰਿਆ ਦਿੱਤੀ ਸੀ। ਜਿਸ ਦਿਨ ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਦਰਾਮਦ ‘ਤੇ 25 ਫੀਸਦ ਦਾ ਟੈਕਸ ਲਾਇਆ ਸੀ, ਉਸ ਦਿਨ ਟਰੰਪ ਨੇ ਭਾਰਤ ਦੇ ਖ਼ਿਲਾਫ਼ ਖਾਸ ਤੌਰ ‘ਤੇ ਇਕ ਪੋਸਟ ਕੀਤਾ ਸੀ।
ਉਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਭਾਰਤ ਅਤੇ ਰੂਸ ਆਪਣੀ ਮਰ ਚੁੱਕੀ ਅਰਥਵਿਵਸਥਾ ਨਾਲ ਡੁੱਬ ਜਾਣ, ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ। ਭਾਰਤ ਨੇ ਜਿਸ ਤਰ੍ਹਾਂ ਸੋਮਵਾਰ ਨੂੰ ਜਵਾਬ ਦਿੱਤਾ ਹੈ, ਉਸ ਨਾਲ ਸਾਫ਼ ਹੈ ਕਿ ਹੁਣ ਉਹ ਕੂਟਨੀਤੀ ਦੇ ਮਾਮਲੇ ਵਿਚ ਕੋਈ ਵੀ ਸਾਥ ਨਹੀਂ ਦੇਣ ਜਾ ਰਿਹਾ।
