ਧੀਆਂ ਧਿਆਣੀਆਂ

ਡਾ. ਇਕਬਾਲ ਸਿੰਘ ਸਕਰੌਦੀ
ਫੋਨ: 84276-85020
ਰਣਜੀਤ ਨੇ ਫ਼ੋਨ ਬੰਦ ਕੀਤਾ ਤੇ ਬਹੁਤ ਹੀ ਖ਼ੁਸ਼ੀ ਅਤੇ ਹੁਲਾਸ ਭਰੇ ਲਹਿਜ਼ੇ ਵਿਚ ਆਪਣੀ ਸੱਸ ਨੂੰ ਕਿਹਾ, ‘ਮਾਂ ਜੀ, ਕੱਲ੍ਹ ਨੂੰ ਰੱਖੜੀ ਦੇ ਤਿਉਹਾਰ ‘ਤੇ ਮੇਰੇ ਭਾਅ ਜੀ ਅਤੇ ਵੱਡੇ ਭੈਣ ਜੀ ਆ ਰਹੇ ਨੇ। ਮੈਂ ਖਾਣ-ਪੀਣ ਦਾ ਸਾਮਾਨ ਤਾਂ ਘਰ ਵਿਚ ਹੀ ਤਿਆਰ ਕਰ ਲੈਣੈਂ। ਪਰੰਤੂ ਭੈਣ ਜੀ ਦੀ ਪਸੰਦ ਦੇ ਦੋ ਵਧੀਆ ਜਿਹੇ ਸੂਟ ਅਸੀਂ ਦੋਵੇਂ ਜੀਅ ਬਜ਼ਾਰ ਜਾ ਕੇ ਲੈ ਆਉਨੇ ਆਂ।’

ਬਚਨ ਕੌਰ ਨੂੰ ਲੱਗਿਆ ਕਿ ਨੂੰਹ ਦੀ ਵੱਡੀ ਭੈਣ ਅਤੇ ਉਹਦਾ ਜੀਜਾ ਆ ਰਹੇ ਨੇ। ਉਹ ਇੱਕਦਮ ਅੱਗ ਦੇ ਭਮੂਕੇ ਵਾਂਗੂੰ ਭੜਕਦਿਆਂ ਬੋਲੀ, ‘ਲੈ, ਉਨ੍ਹਾਂ ਨੇ ਏਥੇ ਆ ਕੇ ਕੀ ਟਿੰਡੀਆਂ ਲੈਣੀਐਂ। ਜੀਹਦਾ ਜੀਅ ਕਰਦੈ, ਮੂੰਹ ਚੱਕੀ ਤੁਰਿਆ ਆਉਂਦੈ ਏਧਰ ਨੂੰ। ਸੁੱਖੀ-ਸਾਂਦੀ ਤਿਉਹਾਰ ਵਾਲ਼ੇ ਦਿਨ ਵੀ ਕੋਈ ਕਿਸੇ ਦੇ ਘਰ ਜਾਂਦਾ ਹੁੰਦੈ?’
ਸੱਸ ਤੋਂ ਸੋਹਲੇ ਸੁਣ ਕੇ ਨੂੰਹ ਨੂੰ ਇੱਕਦਮ ਸਮਝ ਆ ਗਈ ਕਿ ਉਹਦੀ ਸੱਸ ਮਾਂ ਤਾਂ ਇਹ ਸਮਝ ਬੈਠੇ ਐ ਕਿ ਨੂੰਹ ਦੀ ਵੱਡੀ ਭੈਣ ਅਤੇ ਜੀਜਾ ਆ ਰਹੇ ਨੇ। ਪਹਿਲਾਂ ਤਾਂ ਉਸ ਦੇ ਮਨ ਵਿਚ ਆਇਆ ਕਿ ਆਪਣੀ ਸੱਸ ਨੂੰ ਸਾਫ਼-ਸਾਫ਼ ਦੱਸ ਦੇਵੇ ਕਿ ਮਾਂ ਮੁਹਾਲੀ ਵਿਆਹੀ ਤੁਹਾਡੀ ਧੀ ਤੁਹਾਡੇ ਪੁੱਤ ਨੂੰ ਰੱਖੜੀ ਬੰਨ੍ਹਣ ਆ ਰਹੀ ਹੈ। ਪਰੰਤੂ ਕੁਝ ਸੋਚ ਕੇ ਮਨ ਹੀ ਮਨ ਮੁਸਕੁਰਾਈ ਤੇ ਸ਼ੁਗਲ ਕਰਨ ਦੀ ਠਾਣ ਲਈ। ਉਸ ਨੇ ਆਪਣੀ ਸੱਸ ਨੂੰ ਸੁਣਾਉਣ ਦੇ ਬਹਾਨੇ ਆਪਣੇ ਘਰਵਾਲ਼ੇ ਨੂੰ ਫ਼ੋਨ ਕਰਦਿਆਂ ਉੱਚੀ ਅਵਾਜ਼ ਵਿਚ ਆਖਿਆ, ‘ਹਾਂ ਜੀ, ਸਰਦਾਰਾ ਸਿੰਘ ਜੀ, ਹੁਣੇ-ਹੁਣੇ ਵੱਡੇ ਭੈਣ ਜੀ ਦਾ ਫ਼ੋਨ ਆਇਆ ਸੀ। ਉਹ ਕੱਲ੍ਹ ਸਵੇਰੇ ਹੀ ਆਪਣੇ ਕੋਲ ਆ ਰਹੇ ਆ। ਤੁਸੀਂ ਕਾਹਲੀ ਨਾਲ ਕ੍ਰਿਸ਼ਨ ਦੀ ਡੇਅਰੀ ਤੋਂ ਸੱਤ ਲੀਟਰ ਦੁੱਧ ਲਿਆ ਦਿਉ। ਭੈਣ ਜੀ ਨੂੰ ਇੱਕ ਤਾਂ ਠੰਢੀ ਖੀਰ ਬਹੁਤ ਪਸੰਦ ਆ। ਨਾਲ ਹੀ ਮੈਂ ਆਈਸ ਕਰੀਮ ਤਿਆਰ ਕਰ ਕੇ ਰੈਫਰਿਜਰੇਟਰ ਵਿਚ ਲਾ ਦਿਆਂਗੀ। ਤੁਸੀਂ ਬਹੁਤੀ ਦੇਰ ਨਾ ਕਰਿਓ ਹੁਣ। ਸੱਤ ਕੁ ਵਜੇ ਫ਼ਿਰ ਆਪਾਂ ਭੈਣ ਜੀ ਲਈ ਸੋਹਣੇ-ਸੋਹਣੇ ਦੋ ਸੂਟ ਵੀ ਲੈ ਕੇ ਆਉਨੇ ਐਂ।’
ਜਿਉਂ ਹੀ ਉਸ ਨੇ ਫ਼ੋਨ ਬੰਦ ਕੀਤਾ ਤਾਂ ਸੱਸ ਨੇ ਨੂੰਹ ਵੱਲ ਤਿਰਛਾ ਜਿਹਾ ਵੇਂਹਦਿਆਂ ਇੱਕ ਲੰਮੀਂ ਹੂੰਘਰ ਮਾਰੀ, ‘ਹੂੰ…ਊਂ…। ਕਰ ਲੈ ਬਹੂ ਤੂੰ ਆਪਣੇ ਮਨ ਦੀਆਂ। ਸਿੱਧਾ-ਸਾਦਾ ਘਰ ਆਲ਼ਾ ਜੋ ਟੱਕਰਿਐ ਤੈਨੂੰ। ਤੂੰ ਜੇ ਦਿਨ ਨੂੰ ਰਾਤ ਕਹਿਨੀਂ ਐਂ ਤਾਂ ਉਹ ਵਿਚਾਰਾ ਰਾਤ ਕਹਿ ਦਿੰਦੈ। ਪਤਾ ਨੀਂ ਭਾਈ, ਕੀ ਸਿਰ ‘ਚ ਘੋਲ਼ ਕੇ ਪਾਇਐ ਤੂੰ?’
ਸੱਸ ਦੀਆਂ ਕਰਾਰੀਆਂ ਜਿਹੀਆਂ ਸੁਣ ਕੇ ਉਹ ਮੁਸਕੁਰਾਈ ਤੇ ਰਸੋਈ ਵਿਚ ਚਲੀ ਗਈ। ਦੋ ਕੁ ਮਿੰਟ ਬਾਅਦ ਇੱਕ ਥਾਲ਼ ਵਿਚ ਚੌਲ਼ ਪਾ ਕੇ ਇੱਕ ਗੀਤ ਦੇ ਬੋਲ, ‘ਕੋਠੇ ‘ਤੇ ਕਾਂ ਬੋਲੇ, ਚਿੱਠੀ ਮੇਰੇ ਮਾਹੀਏ ਦੀ, ਵਿਚ ਮੇਰਾ ਨਾਂ ਬੋਲੇ’ ਗੁਣਗੁਣਾਉਂਦੀ ਹੋਈ ਸੱਸ ਕੋਲੇ ਆ ਗਈ। ਚੌਲਾਂ ਵਾਲ਼ਾ ਥਾਲ਼ ਸੱਸ ਅੱਗੇ ਕਰਕੇ ਕਹਿੰਦੀ, ‘ਮਾਂ ਜੀ, ਦੇਖਿਓ ਭਲਾਂ, ਖੀਰ ਲਈ ਇੰਨੇ ਕੁ ਚੌਲ਼ ਠੀਕ ਰਹਿਣਗੇ?’
ਸੱਸ ਵੀ ਸਭ ਸਮਝਦੀ ਸੀ। ਉਹਨੂੰ ਪਤਾ ਸੀ ਕਿ ਉਹਦੀ ਨੂੰਹ ਜਾਣ-ਬੁੱਝ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਐ। ਗੁੱਸਾ ਤਾਂ ਉਹਨੂੰ ਪਹਿਲਾਂ ਹੀ ਬਥੇਰਾ ਚੜ੍ਹਿਆ ਹੋਇਆ ਸੀ। ਉਹ ਤਾਂ ਪਹਿਲਾਂ ਹੀ ਪੂਰੀ ਤਪੀ ਪਈ ਸੀ। ਉਹ ਹੋਰ ਦੁਖੀ ਹੋ ਕੇ ਬੋਲੀ, ‘ਬੱਸ-ਬੱਸ, ਰਹਿਣ ਦੇ ਏਹ ਖੇਖਣ। ਸਭ ਜਾਣਦੀ ਆਂ ਮੈਂ ਤੈਨੂੰ ਵੱਡੀ ਚਲਾਕੋ ਨੂੰ। ਆਉਣ ਆਲ਼ਾ ਈ ਐ, ਜੀਹਨੂੰ ਹੁਣੇ ਫੂਨ ਖੜਕਾਇਐ। ਓਸੇ ਨੂੰ ਪੁੱਛ ਲੀਂ। ਅੱਗੇ ਵੀ ਤਾਂ ਦੋਏ ਜੀਅ ਰਸੋਈ ‘ਚ ਵੜ ਕੇ ਪਤਾ ਨੀਂ ਕੇਹੜੇ ਗੁਰਮਤੇ ਪੜ੍ਹਦੇ ਰਹਿਨੇਂ ਓਂ?’ ਉਸ ਨੇ ਮਸਾਂ-ਮਸਾਂ ਆਪਣੇ ਹਾਸੇ ਨੂੰ ਅੰਦਰ ਹੀ ਅੰਦਰ ਰੋਕਿਆ। ਉਸ ਨੇ ਸੱਸ ਦੀਆਂ ਗੱਲਾਂ ਸੁਣ ਕੇ ਅੱਖਾਂ ਵਿਚ ਹੀ ਹੱਸਦਿਆਂ ਕਿਹਾ, ‘ਮਾਂ ਜੀ, ਉਹ ਤਾਂ ਸਰਦਾਰਾ ਸਿੰਘ ਜੀ। ਨਾ ਸੱਚ ਥੋਡੇ ਪੁੱਤ ਜੀ, ਗਰਮ-ਗਰਮ ਰੋਟੀ ਖਾ ਕੇ ਬਲਾਈਂ ਖ਼ੁਸ਼ ਹੁੰਦੇ ਐ। ਮੈਨੂੰ ਵੀ ਬੜਾ ਚੰਗਾ ਲੱਗਦੈ, ਜਦੋਂ ਉਹ ਰਸੋਈ ਵਿਚ ਮੇਰੇ ਕੋਲ ਬਹਿ ਕੇ ਗਰਮ-ਗਰਮ ਰੋਟੀ ਖਾ ਲੈਂਦੇ ਐ।’
ਉਸੇ ਵੇਲੇ ਸਰਦਾਰਾ ਸਿੰਘ ਦੁੱਧ ਦੀ ਢੋਲੀ ਲੈ ਕੇ ਅੰਦਰ ਵੜਿਆ। ਵਹੁਟੀ ਨੂੰ ਦੁੱਧ ਦੀ ਢੋਲੀ ਫ਼ੜਾਈ। ਫ਼ਿਰ ਮਾਂ ਨੂੰ ਪੁੱਛਿਆ, ‘ਮਾਂ ਜੀ! ਕੀ ਗੱਲ ਐ? ਤੁਹਾਡਾ ਚਿੱਤ ਤਾਂ ਰਾਜ਼ੀ ਐ? ਤੁਹਾਡਾ ਤਾਂ ਚਿਹਰਾ ਈ ਉੱਤਰਿਆ ਪਿਐ!’
‘ਭਾਈ, ਸਾਡੇ ਉੱਤਰੇ-ਚੜ੍ਹੇ ਚਿਹਰੇ ਦੀ ਕੀਹਨੂੰ ਪ੍ਰਵਾਹ ਐ? ਬਹੂ ਨੇ ਤੈਨੂੰ ਮੁੱਠੀ ‘ਚ ਕੀਤਾ ਹੋਇਐ। ਤਿੰਨ ਕਰੇ, ਤੇਰ੍ਹਾਂ ਕਰੇ! ਤੂੰ ਕਦੇ ਟੋਕਿਐ ਉਹਨੂੰ?’ ਭਰੀ ਪੀਤੀ ਮਾਂ ਨੇ ਸਾਰਾ ਗੁੱਭ-ਗੁਭਾਟ ਕੱਢ ਦਿੱਤਾ।
ਉਸ ਨੇ ਮਾਂ ਨੂੰ ਗਲ਼ੇ ਲਾਉਂਦਿਆਂ ਹੋਇਆਂ ਕਿਹਾ, ‘ਓਹ ਹੋ! ਮਾਂ ਜੀ! ਤੁਸੀਂ ਵੀ ਪਤਾ ਨੀਂ ਕਦੇ-ਕਦੇ ਕਿਹੜੀਆਂ ਗੱਲਾਂ ਲੈ ਬਹਿੰਦੇ ਓ। ਤੁਹਾਡੀ ਨੂੰਹ ਤਾਂ ਸਾਰਾ ਦਿਨ ‘ਮੇਰੇ ਮਾਂ ਜੀ, ਮੇਰੇ ਮਾਂ ਜੀ’ ਕਰਦੀ ਰਹਿੰਦੀ ਐ। ਮੁਹਾਲੀ ਤੋਂ ਵੱਡੇ ਭੈਣ ਜੀ ਅਤੇ ਜੀਜਾ ਜੀ ਦੇ ਆਉਣ ‘ਤੇ ਉਹਨੂੰ ਚਾਅ ਚੜ੍ਹ ਜਾਂਦੈ। ਹੋਰ ਦੱਸੋ, ਕੀ ਚਾਹੀਦੈ ਆਪਾਂ ਨੂੰ? ਚਲੋ, ਏਦਾਂ ਕਰਦਾਂ, ਨਾਲੇ ਥੋਡਾ ਚਿੱਤ ਰਾਜ਼ੀ ਹੋ ਜੂਗਾ। ਮੈਂ ਥੋਡੀ ਵੱਡੇ ਭੈਣ ਜੀ ਨਾਲ ਫ਼ੋਨ ‘ਤੇ ਗੱਲ ਕਰਵਾਉਂਦਾ ਹਾਂ।’ ਇੰਨੀਂ ਗੱਲ ਕਹਿ ਕੇ ਉਸ ਨੇ ਮੁਹਾਲੀ ਰਹਿੰਦੀ ਵੱਡੀ ਭੈਣ ਇੰਦਰਪ੍ਰੀਤ ਨੂੰ ਫ਼ੋਨ ਲਾ ਲਿਆ। ਜਿਉਂ ਹੀ ਭੈਣ ਨੇ ‘ਹੈਲੋ’ ਕਿਹਾ ਤਾਂ ਉਸ ਨੇ ਭੈਣ ਨੂੰ ਸਤਿਕਾਰ ਦਿੰਦਿਆਂ ਕਿਹਾ, ‘ਪੈਰੀਂ ਪੈਨਾਂ ਭੈਣ। ਹੋਰ ਸੁਣਾਓ! ਜੀਜਾ ਜੀ ਅਤੇ ਮੇਰੇ ਭਾਣਜੇ-ਭਾਣਜੀ ਦਾ ਕੀ ਹਾਲ ਐ?’
‘ਬੱਸ ਵੀਰ, ਗੁਰੂ ਦੀ ਕਿਰਪਾ ਨਾਲ ਸਭ ਰਾਜ਼ੀ ਖ਼ੁਸ਼ੀ ਆਂ। ਹੋਰ ਮੇਰੀ ਭਾਬੋ ਰਾਣੀ ਕੀ ਕਰੀ ਜਾਂਦੀ ਐ? ਮਾਂ ਦੀ ਸਿਹਤ ਕਿਵੇਂ ਐਂ?’ ਭੈਣ ਨੇ ਪੁੱਛਿਆ।
‘ਭੈਣੇ, ਥੋਡੇ ਵੱਡਿਆਂ ਦੇ ਅਸ਼ੀਰਵਾਦ ਸਦਕਾ ਸਭ ਰਾਜ਼ੀ ਬਾਜ਼ੀ ਆਂ। ਚੜ੍ਹਦੀ ਕਲਾ ‘ਚ ਆਂ। ਆਹ ਲਓ, ਮਾਂ ਜੀ ਨਾਲ ਕਰੋ ਗੱਲ।’ ਉਸ ਨੇ ਫ਼ੋਨ ਮਾਂ ਦੇ ਕੰਨ ਨਾਲ ਲਾ ਦਿੱਤਾ।
ਮਾਂ ਨੇ ਉੱਚੀ-ਉੱਚੀ ਦੋ ਵਾਰ ‘ਹੈ… ਲੋ…ਹੈ… ਲੋ…’ ਕਿਹਾ। ਤਦ ਦੂਜੇ ਪਾਸੇ ਤੋਂ ਧੀ ਦੀ ਅਵਾਜ਼ ਉਸ ਦੇ ਕੰਨੀਂ ਪਈ, ‘ਸਤਿ ਸ਼੍ਰੀ ਅਕਾਲ ਮਾਂ। ਹੋਰ ਸੁਣਾਓ! ਤੁਹਾਡੀ ਸਿਹਤ ਕਿਵੇਂ ਰਹਿੰਦੀ ਐ? ਮੇਰੀ ਭਾਬੋ ਰਾਣੀ ਦਾ ਕੀ ਹਾਲ਼ ਐ?’
ਮਾਂ ਨੇ ਹਲਕੀ ਜਿਹੀ ਖ਼ਾਂਸੀ ਕਰਕੇ ਗਲ਼ਾ ਸਾਫ਼ ਕੀਤਾ। ਤੇ ਬੋਲੀ, ‘ਹਾਂ ਧੀਏ, ਸਿਹਤ ਤਾਂ ਮੇਰੀ ਚੰਗੀ-ਭਲੀ ਐ। ਸੁੱਖ ਨਾਲ ਬੈਠੀ-ਬਿਠਾਈ ਨੂੰ ਤਿੰਨੋਂ ਡੰਗ ਤੱਤੀ ਰੋਟੀ ਮਿਲਦੀ ਐ। ਹੋਰ ਫ਼ਲ-ਫ਼ਰੂਟ ਵੀ ਆਪਣੇ ਘਰ ਵਿਚ ਵਾਧੂ ਹੁੰਦੈ। ਤੂੰ ਦੱਸ, ਪ੍ਰਾਹੁਣਾ, ਜੁਆਕ ਸਭ ਰਾਜ਼ੀ ਬਾਜ਼ੀ ਨੇ? ਧੀਏ! ਕੱਲ੍ਹ ਨੂੰ ਸੁੱਖ ਨਾਲ ਰੱਖੜੀ ਦਾ ਤਿਉਹਾਰ ਐ! ਤੂੰ ਆ ਜਾਂਦੀ ਕੱਲ੍ਹ ਨੂੰ। ਨਾ ਅੰਮ੍ਰਿਤਸਰ ਕਿਹੜਾ ਦੂਰ ਐ?’
ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ, ‘ਮਾਂ, ਅੰਮ੍ਰਿਤਸਰ ਜੇ ਦੂਰ ਨੀਂ ਤਾਂ ਮੁਹਾਲੀ ਤੋਂ ਬਹੁਤਾ ਨੇੜੇ ਵੀ ਨਹੀਂ ਹੈ। ਘਰਾਂ ਦੇ ਕੰਮ-ਕਾਜ ਹੀ ਇੰਨੇਂ ਹੁੰਦੇ ਆ। ਘਰਾਂ ‘ਚੋਂ ਨਿੱਕਲਿਆ ਕਿਹੜਾ ਜਾਂਦੈ? ਪਹਿਲਾਂ ਤਾਂ ਮੇਰਾ ਆਉਣ ਦਾ ਕੋਈ ਇਰਾਦਾ ਈ ਨਹੀਂ ਸੀ। ਇਸੇ ਕਰਕੇ ਮੈਂ ਰੱਖੜੀਆਂ ਡਾਕ ਰਾਹੀਂ ਭੇਜ ਦਿੱਤੀਆਂ ਸਨ। ਪਰ ਆਹ ਘੰਟਾ ਕੁ ਪਹਿਲਾਂ ਮੇਰੀ ਪਿਆਰੀ ਭਾਬੋ ਰਾਣੀ ਦਾ ਫ਼ੋਨ ਆਇਆ ਸੀ। ਉਹਨੇ ਪੂਰਾ ਜ਼ੋਰ ਦੇ ਕੇ ਮੈਨੂੰ ਅੰਮ੍ਰਿਤਸਰ ਆ ਕੇ ਆਪਣੇ ਵੀਰ ਨੂੰ ਰੱਖ਼ੜੀ ਬੰਨ੍ਹਣ ਲਈ ਕਿਹਾ ਹੈ। ਇਸ ਲਈ ਅਸੀਂ ਮੁਹਾਲੀ ਤੋਂ ਸੁਵੱਖਤੇ ਪੰਜ ਵਜੇ ਚੱਲ ਕੇ ਨੌਂ ਵਜੇ ਤੱਕ ਅੰਮ੍ਰਿਤਸਰ ਪਹੁੰਚ ਜਾਵਾਂਗੇ। ਮਾਂ, ਮੈਂ ਇੱਥੇ ਆਪਣੇ ਆਲ਼ੇ-ਦੁਆਲ਼ੇ ਬਥੇਰੇ ਘਰਾਂ ‘ਚ ਵੇਖਦੀ ਹਾਂ। ਭਰਾ, ਭਰਾ ਨਾਲ ਨਹੀਂ ਵਰਤਦੇ। ਨਾ ਹੀ ਭੈਣ-ਭਰਾ ਵਰਤਦੇ ਨੇ। ਹੁਣ ਤਾਂ ਬੱਸ ਸਾਲ਼ੀ ਅਤੇ ਸਾਂਢੂ ਨਾਲ ਹੀ ਰਿਸ਼ਤੇਦਾਰੀ ਬਾਕੀ ਰਹਿ ਗਈ ਐ। ਮਾਂ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ। ਆਪਣਾ ਤਾਂ ਭਾਗਾਂ ਵਾਲ਼ਾ ਘਰ ਐ। ਜੋ ਰਣਜੀਤ ਜਿਹੀ ਮੇਰੀ ਪਿਆਰੀ ਭਾਬੋ ਨੇ ਆਪਣੇ ਘਰ ਨੂੰ ਭਾਗ ਲਾਏ ਨੇ। ਤੁਹਾਡੇ ਜੁਆਈ ਨੇ ਵੀ ਇਹੀ ਗੱਲ ਮੈਨੂੰ ਕਈ ਵਾਰੀ ਕਹੀ ਹੈ। ਅੰਮ੍ਰਿਤਸਰ ਰਣਜੀਤ ਭੈਣ ਨੂੰ ਮਿਲ ਕੇ ਇੰਝ ਲੱਗਦਾ ਹੁੰਦੈ, ਜਿਵੇਂ ਆਪਣੀ ਸਕੀ ਭੈਣ ਨੂੰ ਮਿਲਿਆ ਹੋਵਾਂ। ਮਾਂ ਤੂੰ ਤਾਂ ਬਹੁਤ ਵੱਡੇ ਭਾਗਾਂ ਵਾਲੀ ਹੈਂ, ਜੋ ਆਪਣਾ ਬੁਢਾਪਾ ਸੁਖਾਲੇ ਢੰਗ ਨਾਲ ਨੂੰਹ-ਪੁੱਤ ਨਾਲ ਕੱਟ ਰਹੀ ਐਂ। ਮੇਰੀ ਰਣਜੀਤ ਭਾਬੀ ਵਰਗੀਆਂ ਨੂੰਹਾਂ ਭਾਗਾਂ ਨਾਲ ਮਿਲਦੀਆਂ ਨੇ। ਚੰਗਾ ਮਾਂ, ਮੈਂ ਹੁਣ ਘਰ ਦਾ ਰੋਟੀ ਟੁੱਕ ਵੀ ਕਰਨੈਂ। ਕੱਲ੍ਹ ਸੁਵੱਖਤੇ ਇੱਥੋਂ ਤੁਰਨਾ ਵੀ ਐ।’ ਇੰਨਾ ਕਹਿ ਕੇ ਉਸ ਨੇ ਫ਼ੋਨ ਬੰਦ ਕਰ ਦਿੱਤਾ।
ਬਚਨ ਕੌਰ ਨੇ ਫ਼ੋਨ ਨੂੰ ਇੱਕ ਪਾਸੇ ਰੱਖ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹ ਅਣਜਾਣੇ ਵਿਚ ਨੂੰਹ ਨੂੰ ਬੋਲੀਆਂ ਕੌੜੀਆਂ-ਕਸੈਲੀਆਂ ਕਹਿ ਕੇ ਪਛਤਾ ਰਹੀ ਸੀ। ਉਸੇ ਵੇਲੇ ਨੂੰਹ ਖੀਰ ਦੀ ਭਰੀ ਪਲੇਟ ਲੈ ਕੇ ਆ ਗਈ। ਪਲੇਟ ਉਸ ਨੇ ਮੰਜੇ ਦੇ ਕੋਲ ਪਏ ਮੇਜ ਉੱਤੇ ਰੱਖ ਦਿੱਤੀ। ਫ਼ਿਰ ਕਿਹਾ, ‘ਮਾਂ ਜੀ, ਆਹ ਜ਼ਰਾ ਖੀਰ ਖਾ ਕੇ ਦੱਸਿਓ! ਮਿੱਠਾ ਕਿਵੇਂ ਐਂ?’
ਸੱਸ ਨੇ ਨੂੰਹ ਦਾ ਹੱਥ ਫ਼ੜ ਕੇ ਘੁੱਟ ਲਿਆ। ਉਸ ਨੂੰ ਆਪਣੇ ਮੰਜੇ ‘ਤੇ ਬਿਠਾਉਂਦਿਆਂ ਬੋਲੀ, ‘ਧੀਏ, ਮੈਨੂੰ ਮੁਆਫ਼ ਕਰ ਦੇ। ਮੇਰੀ ਚੰਦਰੀ ਜ਼ੁਬਾਨ ਪਤਾ ਨਹੀਂ ਤੈਨੂੰ ਕੀ-ਕੀ ਬੋਲ ਗੀ? ਪਰ ਜਦ ਤੂੰ ਫੂਨ ਕਰਕੇ ਮੇਰੀ ਧੀ ਨੂੰ ਇੱਥੇ ਬੁਲਾਇਆ ਸੀ। ਤੂੰ ਮੈਨੂੰ ਸਾਫ਼-ਸਾਫ਼ ਕਿਉਂ ਨੀਂ ਸੀ ਦੱਸਿਆ ਕਿ ਸਰਦਾਰੇ ਦੇ ਰੱਖੜੀ ਬੰਨ੍ਹਣ ਲਈ ਉਹਦੀ ਵੱਡੀ ਭੈਣ ਨੂੰ ਬੁਲਾਇਆ ਹੈ?’
ਉਸ ਨੇ ਸੱਸ ਨੂੰ ਘੁੱਟ ਕੇ ਗਲਵਕੜੀ ਪਾ ਲਈ। ਉਹਦਾ ਹਾਸਾ ਬੰਦ ਨਹੀਂ ਸੀ ਹੋ ਰਿਹਾ। ਕੁਝ ਪਲਾਂ ਬਾਅਦ ਉਹ ਬੋਲੀ- ‘ਮਾਂ ਜੀ! ਮੈਂ ਤਾਂ ਤੁਹਾਨੂੰ ਬਿਲਕੁਲ ਸਹੀ ਦੱਸਿਆ ਸੀ। ਬਈ ਕੱਲ੍ਹ ਨੂੰ ਵੱਡੇ ਭੈਣ ਜੀ ਤੇ ਭਾਅ ਜੀ ਆ ਰਹੇ ਨੇ। ਪਰ ਜਦੋਂ ਤੁਸੀਂ ਇਹ ਸਮਝ ਲਿਆ ਕਿ ਮੇਰੇ ਵੱਡੇ ਦੀਦੀ ਅਤੇ ਜੀਜਾ ਜੀ ਆ ਰਹੇ ਹਨ। ਤਦ ਮੈਂ ਸੋਚਿਆ ਕਿ ਚਲੋ, ਜੇਕਰ ਮਾਂ ਨੂੰ ਹੁਣ ਭੁਲੇਖਾ ਲੱਗ ਹੀ ਗਿਆ ਹੈ ਤਾਂ ਏਦਾਂ ਈ ਠੀਕ ਐ! ਨੂੰਹ-ਸੱਸ ਵਿਚ ਕੁਝ ਦੇਰ ਹਾਸਾ ਠੱਠਾ ਵੀ ਤਾਂ ਹੋਣਾ ਚਾਹੀਦੈ! ਨਾਲੇ ਮਾਂ ਜੀ, ਮੁਹਾਲੀ ਵਾਲ਼ੇ ਭੈਣ ਜੀ ਤਾਂ ਕੱਲ੍ਹ ਨੂੰ ਆਉਣ ਲਈ ਰਾਜ਼ੀ ਹੀ ਨਹੀਂ ਸੀ ਹੁੰਦੇ। ਇਹ ਤਾਂ ਮੈਂ ਜਦੋਂ ਉਨ੍ਹਾਂ ਨੂੰ ਕਿਹਾ- ‘ਭੈਣ ਜੀ, ਤੁਹਾਡਾ ਆਪਣੀ ਛੋਟੀ ਭਾਬੀ ਨੂੰ ਮਿਲਣ ਲਈ ਜਮ੍ਹਾਂ ਈਂ ਜੀਅ ਨੀਂ ਕਰਦਾ?’ ਤਦ ਕਿਤੇ ਉਹ ਆਉਣ ਲਈ ਤਿਆਰ ਹੋਏ। ਨਾਲੇ ਮਾਂ, ਧੀਆਂ-ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦੈ। ਇਹ ਤਾਂ ਸਗੋਂ ਆਪਣੇ ਬਾਬੁਲ ਦੇ ਵਿਹੜੇ ਦੀ, ਆਪਣੇ ਵੀਰਾਂ ਦੀ, ਭਾਬੀਆਂ ਦੀ, ਭਤੀਜੇ-ਭਤੀਜੀਆਂ ਦੀ ਸਦਾ ਸੁੱਖ ਈ ਮੰਗਦੀਆਂ ਆਈਆਂ ਨੇ। ਮਾਂ ਜੀ ਇਹ ਤਿੱਥ-ਤਿਉਹਾਰ ਤਾਂ ਭੈਣ ਭਰਾਵਾਂ ਦੇ ਮੇਲ ਮਿਲਾਪ ਦੇ ਵਸੀਲੇ ਹੁੰਦੇ ਨੇ। ਨਹੀਂ ਤਾਂ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕੀਹਦੇ ਕੋਲ ਵਿਹਲ ਐ? ਭਲਾਂ ਕੌਣ ਕਿਸੇ ਨੂੰ ਮਿਲਣ ਜਾਂਦੈ?’ ਨੂੰਹ ਦੀਆਂ ਇੰਨੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਬਚਨ ਕੌਰ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ।