ਮੇਰੀ ਸੁਰਜੀਤ

ਕਰਮ ਸਿੰਘ ਮਾਨ
‘ਜੇ ਕਰ ਮੈਂ ਤੈਥੋਂ ਪਹਿਲਾਂ ਮਰਿਆ, ਤੈਨੂੰ ਪੈਨਸ਼ਨ ਮਿਲੂਗੀ ਜੇ ਕਰ ਤੂੰ ਪਹਿਲਾਂ ਮਰੀ ਤਾਂ ਮੈਨੂੰ ਟੈਨਸ਼ਨ ਮਿਲੂਗੀ’ ਮੈਂ ਸੁਤੇ-ਸਿਧ ਗੱਲਾਂ ਕਰਦੇ ਆਪਣੀ ਪਤਨੀ ਨੂੰ ਕਿਹਾ ਸੀ। ਉਹ ਪੈਨਸ਼ਨ ਲੈਣ ਤੋਂ ਮੁਨਕਰ ਹੋ ਗਈ ਤੇ ਮੈਂ ਟੈਨਸ਼ਨ ਨੂੰ ਹੋਣੀ ਮੰਨ ਲਿਆ ਹੈ।

ਉਸਦੇ ਗਲ਼ ਵਿਚ ਪਾਈ ਤਬੀਤੀ ਉਦੋਂ ਮੈਨੂੰ ਇੰਨੀ ਬੁਰੀ ਲਗਦੀ ਸੀ, ਜਿੰਨੀ ਅੱਜ ਉਸਦੇ ਗਲ ਵਿਚ ਕਾਲੇ ਧਾਗੇ ਨਾਲ ਬੰਨ੍ਹੀਂ ਛੋਟੀ ਜਿਹੀ ਕਿਰਪਾਨ। ਉਦੋਂ ਦੇ ਮਿੱਠੇ ਬੋਲਾਂ ਤੇ ਹੁਣ ਦੇ ਖਰਵੇ ਬੋਲਾਂ ਵਿਚ ਕੋਈ ਫਰਕ ਨਹੀਂ ਲਗਦਾ। ਉਦੋਂ ਚੁੱਪ-ਚਾਪ ਰਹਿਣਾ ਤੇ ਇਹ ਚੁੱਪ ਤੋੜ ਕੇ ‘ਹਾਂ ਜੀ’ ਕਹਿਣ ਦਾ ਮਾੜਾ-ਮੋਟਾ ਸ਼ਿਸ਼ਟਾਚਾਰ ਉਸਨੇ ਸਿੱਖ ਲਿਆ ਸੀ। ਅੱਜ ਉਸਦੇ ‘ਟੁੱਟ ਪੈਣਿਆਂ’, ‘ਢਹਿ ਜਾਣਿਆਂ’, ‘ਪਲੇਗ ਪੈਣਿਆਂ’ ਸ਼ਬਦਾਂ ਵਿਚ ਉਦੋਂ ਬੋਲੇ ‘ਹਾਂ ਜੀ’ ਵਰਗੇ ਮਿੱਠੇ ਸ਼ਬਦਾਂ ਨਾਲੋਂ ਪਿਆਰ ਵੀ ਵੱਧ ਹੈ ਤੇ ਮਿਠਾਸ ਵੀ। ਵਿਆਹ ਤੋਂ ਪਹਿਲਾਂ ਮੇਰੀ ਕੋਈ ਜਾਣ-ਪਛਾਣ ਤੇ ਗੱਲ ਨਹੀਂ ਸੀ ਹੋਈ, ਬਸ ਉਹ ਮੇਰੀ ਅਣ-ਛਪੀ ਕਵਿਤਾ ਦੀ ਦੇਣ ਸੀ। ਮੈਂ ਦਸਵੀਂ ਤੇ ਜੇ.ਬੀ.ਟੀ. ਪਾਸ ਕਰਕੇ ਘਰ ਤੋਂ ਪੰਜਾਹ ਮੀਲ ਦੂਰ ਮਾਸਟਰ ਲੱਗ ਗਿਆ ਤੇ ਉਥੇ ਹੀ ਰਹਿਣ ਲੱਗ ਗਿਆ ਸੀ। ਹਫਤੇ ਪਿੱਛੋਂ ਪਿੰਡ ਆ ਜਾਂਦਾ। ਮੈਂ ਇੱਕ ਕਵਿਤਾ ‘ਆਰਸੀ’ ਰਸਾਲੇ ਨੂੰ ਭੇਜ ਦਿੱਤੀ। ਉਨ੍ਹਾਂ ਦਾ ਇੱਕ ਕਾਰਡ ਆ ਗਿਆ, ‘ਕਵਿਤਾ ਭੇਜਣ ਲਈ ਧੰਨਵਾਦ। ਅਸੀਂ ਇਹ ਛਾਪ ਨਹੀਂ ਸਕਦੇ।’ ਕਾਰਡ ਹੇਠ ਇਕ ਕੁੜੀ ਮਨਦੀਪ ਕੌਰ ਦੇ ਦਸਤਖ਼ਤ ਸਨ। ਮੇਰਾ ਵੱਡਾ ਭਰਾ ਪੰਜਵੀਂ ਜਮਾਤ ਵਿਚ ਪੜ੍ਹਦੇ ਗਿੰਦਰ ਤੋਂ ਪੜ੍ਹਾਉਣ ਲਈ ਚਲਿਆ ਗਿਆ। ਉਸਨੇ ਕਹਿ ਦਿੱਤਾ ਕਿ ਇਹ ਕਾਰਡ ਕਿਸੇ ਕੁੜੀ ਦਾ ਸੀ। ਬਸ ਫਿਰ ਕੀ ਸੀ, ਘਰਦਿਆਂ ਮੈਨੂੰ ਅਵਾਰਾ ਤੇ ਲਫੰਗਾ ਗਰਦਾਨਣ ਵਿਚ ਦੇਰ ਨਾ ਲਾਈ। ਇਹ ਚਿੱਠੀ ਕੀ ਸੀ? ਬੰਬ ਫਟਣ ਵਾਂਗ ਸੀ। ਅਗਲੇ ਸ਼ਨਿਚਰਵਾਰ ਰਾਤ ਨੂੰ ਘਰੇ ਆਇਆ। ਅਗਲੇ ਹੀ ਦਿਨ ਐਤਵਾਰ ਨੂੰ ਉਨ੍ਹਾਂ ਨੇ ਆਪਣੀ ਮਿਥੀ ਸਕੀਮ ਅਨੁਸਾਰ ਦੁਪਹਿਰ ਵੇਲੇ ਮੰਗਣੇ ਦੀ ਰਸਮ ਕਰ ਦਿੱਤੀ। ਬਾਹਰੋਂ ਆਏ ਦੋ ਬੰਦਿਆਂ ਵਿਚੋਂ ਇੱਕ ਨੇ ਮੇਰੀ ਝੋਲੀ ਵਿਚ ਇੱਕ ਚਾਂਦੀ ਦਾ ਰੁਪੱਈਆ ਧਰ ਦਿੱਤਾ ਤੇ ਦੋ ਮੁੱਠੀਆਂ ਪਤਾਸਿਆਂ ਦੀਆਂ। ਮੈਂ ਇਸ ਦਾ ਵਿਰੋਧ ਵੀ ਕੀਤਾ ਤੇ ਘਰੋਂ ਭੱਜਣ ਹੀ ਲੱਗਿਆ ਸੀ, ਪਰ ਇਹ ਗੱਲ ਘੰਟਾ ਕੁ ਪਹਿਲਾਂ ਮੈਂ ਆਪਣੇ ਦੋਸਤ ਵੈਟਰਨਰੀ ਡਾਕਟਰ ਰਜਿੰਦਰ ਨੂੰ ਦੱਸ ਬੈਠਾ। ‘ਤੁਹਾਡੀ ਬਹੁਤ ਬਦਨਾਮੀ ਹੋ ਜੁਗੀ। ਇਸ ਗੱਲ ਲਈ ਤੇਰੇ ਕੋਲ ਬਥੇਰੇ ਮੌਕੇ ਹਨ।’ ਮੈਂ ਅਣਚਾਹੇ ਮਨ ਨਾਲ ਉਸਦੀ ਰਾਇ ਮੰਨ ਲਈ ਸੀ। ਪਹਿਲੀ ਵਾਰ ਮੈਂ ਉਸਨੂੰ ਵਿਆਹ ਵੇਲੇ ਹੀ ਵੇਖਿਆ ਸੀ? ਉਹ ਸਵੇਰ ਵੇਲੇ ਚਿੱਟੇ ਚਾਦਰੇ ਵਿਚ ਮੂੰਹ-ਸਿਰ ਲਪੇਟੀ ਪਹੁ-ਫੁਟਾਲੇ ਤੋਂ ਵੀ ਪਹਿਲਾਂ ਆਨੰਦਾਂ ‘ਤੇ ਆ ਬੈਠੀ ਸੀ ਤੇ ਆਨੰਦ ਹੋਣ ਪਿੱਛੋਂ ਉਸੇ ਤਰ੍ਹਾਂ ਉਠ ਕੇ ਚਲੀ ਗਈ ਸੀ। ਪੂਰੇ ਛੇ ਮਹੀਨੇ ਲੱਗੇ ਸਨ ਉਸਦੇ ਮੂੰਹ ਦੇਖਣ ਨੂੰ। ਛੇ ਮਹੀਨੇ ਬਾਅਦ ਉਹ ਆਈ ਸੀ। ਸੱਗੀ ਫੁੱਲ ਗੁੰਦੀ, ਗਲ ਵਿਚ ਸਿੰਗ ਤਬੀਤ ਤੇ ਉਹ ਸੋਨੇ ਦੀ ਤਬੀਤੀ ਪਾਈ ਜਿਹੜੀ ਹਰ ਸਮੇਂ ਉਹ ਪਾਈ ਰੱਖਦੀ। ਬੜੀ ਮੁਸ਼ਕਲ ਨਾਲ ਇਹ ਸਾਰੀਆਂ ਟੂੰਬਾਂ ਲੁਹਾਈਆਂ ਸਨ। ਪਤਾ ਨਹੀਂ ਇਹ ਕਿੰਨਾ ਚਿਰ ਹੋਰ ਪਈਆਂ ਰਹਿੰਦੀਆਂ ਜੇ ਇਹ ਚਾਰ ਸਾਲ ਪਿੱਛੋਂ ਮੇਰੀ ਪੜ੍ਹਾਈ ਦੀ ਬੇਦੀ ਤੋਂ, ਬਲੀ ਦੇ ਬੱਕਰੇ ਵਾਂਗ ਜਬਾਹ ਨਾ ਹੋਈਆਂ ਹੁੰਦੀਆਂ। ਮੈਂ ਸੋਚਦਾ ਹੁੰਦਾ ਸੀ ਕਿ ਸਾਥੀ ਬਰਾਬਰ ਦਾ ਹੀ ਹੋਣਾ ਚਾਹੀਦਾ ਹੈ। ਪੜ੍ਹਾਈ ਤੇ ਬੋਲ ਚਾਲ ਵਿਚ। ਖੈਰ ਇਨ੍ਹਾਂ ਦੋਵਾਂ ਗੱਲਾਂ ਨਾਲ ਉਸਨੂੰ ਪੂਰੀ ਨਫਰਤ ਹੀ ਰਹੀ।
ਮੇਰੇ ਦੋਸਤ-ਮਿੱਤਰ ਤੇ ਹੋਰ ਕਰੀਬੀ ਜਾਣਕਾਰ ਮਿਲਣ ਆਉਂਦੇ, ਉਸ ਦੇ ਸੋਹਣੇ ਹੋਣ ਦੀ ਤਾਰੀਫ ਕਰਦੇ। ਉਹ ਮੁਸ਼ਕਲ ਨਾਲ ਹੀ ਦੋ ਸ਼ਬਦ ਬੋਲਦੀ। ‘ਸਤਿ ਸ੍ਰੀ ਅਕਾਲ’ ਦੇ ਦੋ ਸ਼ਬਦਾਂ ਦਾ ਜਵਾਬ ਰਵਾਜਨ ਜਿਹਾ ਹੀ ਦਿੰਦੀ। ਇਸ ਤੋਂ ਅੱਗੇ ਬੋਲਣ ਲਈ ਉਸਦੀ ਜੀਭ ਹੀ ਠਾਕੀ ਜਾਂਦੀ। ਮੇਰੇ ਉੱਤੇ ਉਹ ਸਮਾਂ ਸੀ, ਜਿਸ ਸਮੇਂ ਮੈਂ ਤੇ ਮੇਰਾ ਪਰਿਵਾਰ ਗੁਰਬਤ ਵਿਚੋਂ ਲੰਘ ਰਿਹਾ ਸੀ। ਲੰਘਣਾ ਪਿਆ ਹੀ ਸੀ। ਸਾਰੀ ਜ਼ਮੀਨ ਸੇਮ ਦੀ ਮਾਰ ਹੇਠ ਆ ਗਈ ਸੀ। ਸਾਉਣੀ ਦੀ ਫਸਲ ਮਰ ਜਾਂਦੀ ਸੀ। ਹਾੜ੍ਹੀ ਦੀ ਫਸਲ ਦੀ ਪਛਾਈ ਪਛੇਤੀ ਹੁੰਦੀ। ਫਸਲ ਕਣਕ, ਛੋਲੇ ਬਗੈਰਾ ਬਹੁਤ ਹੀ ਘੱਟ ਹੁੰਦੇ। ਪਰਿਵਾਰ ਦੇ ਦਸ ਜੀਆਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਮੇਰੀ ਤਨਖਾਹ ਤੋਂ ਹੁੰਦਾ ਸੀ। ਸੌ ਰੁਪੱਈਏ ਮਹੀਨੇ ਦੀ ਤਨਖਾਹ ਮਿਲਦੀ ਸੀ ਉਸ ਵੇਲੇ। ਵੱਡੇ ਭਰਾ ਦੇ ਵਿਆਹ ਦਾ ਚੜ੍ਹਿਆ ਕਰਜ਼ਾ ਅਜੇ ਉੱਤਰਿਆ ਨਹੀਂ ਸੀ। ੳੁੱਤੋਂ ਭੈਣ ਦਾ ਵਿਆਹ ਆ ਗਿਆ ਸੀ ਇਸ ਨਾਲ ਕਰਜੇL ਦੀ ਪੰਡ ਹੋਰ ਭਾਰੂ ਹੋ ਗਈ। ਰਸੋਈ ਦੇ ਖਰਚ ਤੋਂ ਬਾਅਦ ਬਚੀ ਤਨਖਾਹ ਨਾਲ ਕਰਜ਼ੇ ਦਾ ਵਿਆਜ ਹੀ ਮੁਸ਼ਕਲ ਨਾਲ ਮੁੜਦਾ ਸੀ। ਉਸ ਲਈ ਨਵੇਂ ਕੱਪੜੇ ਤੇ ਹੋਰ ਨਿੱਕਾ-ਮੋਟਾ ਖਰਚ ਕਿੱਥੋਂ ਹੁੰਦਾ? ਪਰ ਉਸਨੇ ਨਾ ਤਾਂ ਕਦੀ ਇਸ ਬਾਰੇ ਕੋਈ ਮਿਹਣਾ ਦਿੱਤਾ ਅਤੇ ਨਾ ਕੋਈ ਗਿਲਾ-ਰੋਸਾ ਕੀਤਾ। ਇੱਕ ਵਾਰ ਉਸਨੂੰ ਇੱਕ ਰੁਪੱਈਆ ਪੇਕੇ ਜਾਣ ਲਈ ਕਿਰਾਏ ਦਾ ਦਿੱਤਾ। ਇਹ ਇੱਕ ਪਾਸੇ ਦਾ ਕਿਰਾਇਆ ਸੀ। ਬਾਕੀ ਮੁੜਨ ਦਾ ਕਿਰਾਇਆ ਆਪਣੀ ਮਾਂ ਤੋਂ ਲੈ ਕੇ ਵਾਪਸ ਆਈ ਸੀ।
ਇੱਕ ਗੱਲ ਹੋਰ, ਉਹ ਦਸਦੀ ਹੁੰਦੀ ਸੀ ਕਿ ਉਸਨੇ ਸੀ੍ਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਤੋਂ ਸੰਥਿਆ ਨਾਲ ਪੜ੍ਹਨਾ ਸਿੱਖਿਆ ਸੀ। ਪਰ ਮੈਨੂੰ ਇੰਜ ਲੱਗਿਆ ਨਹੀਂ ਸੀ। ਇੱਕ ਵਾਰ ਉਸਨੇ ਆਪਣੇ ਪੇਕਿਆਂ ਤੋਂ ਮੈਨੂੰ ਚਿੱਠੀ ਲਿਖੀ ਸੀ। ਕੁਲ ਚਾਰ ਵਾਕ, ਉਹ ਵੀ ਉੱਘੜੇ-ਦੁਘੜੇ। ਲਗ-ਮਾਤਰਾਂ ਤੋਂ ਮੁਕਤ। ਪਰ ਇਨ੍ਹਾਂ ਚਾਰ ਵਾਕਾਂ ਵਿਚ ਉਸਦਾ ਮੇਰੇ ਲਈ ਸਾਰਾ ਪਿਆਰ ਸਮਾਇਆ ਪਿਆ ਸੀ। ਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਗਰੀਬੀ ਅਤੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੋ ਗਿਆ। ਇਸ ਵਿਰੁੱਧ ਲੋਕ ਘੋਲ ਚੱਲ ਪਏ ਸਨ। ਇਸ ਸਭ ਦਾ ਹੱਲ ਲੋਕ ਇਨਕਲਾਬ ਹੀ ਸਮਝਦੇ ਸਨ। ਇਸ ਪਾਸੇ ਨੌਜਵਾਨ, ਵਿਦਿਆਰਥੀ, ਮੁਲਾਜ਼ਮ ਤੇ ਕਿਸਾਨ ਨੌਜਵਾਨ ਜਥੇਬੰਦੀਆਂ ਵਿਚ ਜਥੇਬੰਦ ਹੋ ਰਹੇ ਸਨ। ਮੇਰੇ ਅਧਿਆਪਕ ਯੂਨੀਅਨ ਵਿਚ ਕੰਮ ਕਰਨਾ ਉਸਨੂੰ ਬਿਲਕੁਲ ਪਸੰਦ ਨਹੀਂ ਸੀ ਅਤੇ ਨਾ ਹੀ ਮੇਰੇ ਇਨ੍ਹਾਂ ਸਾਥੀਆਂ ਨਾਲ ਕੋਈ ਹਮਦਰਦੀ ਜਾਂ ਸਨੇਹ ਸੀ। ਉਸ ਸਮੇਂ ਜਿਹੜੀ ਕਿਤਾਬ, ਰਸਾਲਾ, ਮੈਗਜ਼ੀਨ ਜਾਂ ਟੈਕਸਟ ਬੁਕਸ, ਜਿਸ ਦਾ ਰੰਗ ਲਾਲ ਹੁੰਦਾ ਸੀ ਉਹ ਚਾਰ-ਪੰਜ ਦਿਨ ਹੀ ਦਿਸਦੀ, ਉਸ ਤੋਂ ਬਾਅਦ ਉਹ ਛੇਤੀ ਹੀ ਅਗਨਭੇਟ ਹੋ ਜਾਂਦੀ। ਗਾਲੀ-ਗਲੋਚ ਜਾਂ ਘੂਰ-ਘੱਪਾ ਦਾ ਉਸ ‘ਤੇ ਕੋਈ ਅਸਰ ਨਾ ਹੁੰਦਾ। ਨਾ ਹੀ ਉਹ ਇਸਦਾ ਹਰਖ ਜਾਂ ਵਿਰੋਧ ਕਰਦੀ ਪਰ ਹੁਣ ਇਹ ਸਭ ਕੁਝ ਇਸਦੇ ਉਲਟ ਹੈ। ਹੁਣ ਮੈਂ ਜਿਹੜੀ ਕਿਤਾਬ ਲਿਆਉਂਦਾ ਹਾਂ ਉਹ ਸਾਂਭ ਕੇ ਰਖਦੀ ਹੈ। ਖਾਸ ਤੌਰ `ਤੇ ਮੇਰੀ ਲਿਆਂਦੀ ਕਿਤਾਬ ਜਾਂ ਕਿਸੇ ਰਸਾਲੇ ਵਿਚ ਛਪੀ ਕਹਾਣੀ। ਉਹ ਇਸ ਬਾਰੇ ਚੰਗਾ ਹੀ ਬੋਲਦੀ ਹੈ ਮਾੜਾ ਘੱਟ ਹੀ ਕਹਿੰਦੀ ਹੈ। ਉਸਦਾ ਵਿਸ਼ਲੇਸ਼ਣ ਕਰਨ ਦਾ ਢੰਗ ਹੈ ਵੀ ਵੱਖਰਾ। ‘ਆਹ ਝੂਠ-ਸੱਚ ਜਿਹਾ ਕੀ ਲਿਖੀ ਜਾਂਦੇ ਹੋ, ਅੱਧਾ ਸੱਚ ਤੇ ਅੱਧਾ ਝੂਠ। ਗੁਰੂਆਂ ਦੀ ਗੱਲ ਲਿਖਿਆ ਕਰੋ। ਪੰਜਾਬੀ ਲਿੱਪੀ ਵਿਚ ਲਿਖੀ ਹੁਣ ਉਹ ਕਿਸੇ ਵੀ ਕਿਤਾਬ ਨੂੰ ਬਾਹਰ ਨਹੀਂ ਸੁਟਦੀ ਸੀ। ਉਹ ਬਹੁਤ ਮਿਲਣ-ਸਾਰ ਸੀ, ਸਿਰਫ ਜਾਣਕਾਰਾਂ ਲਈ। ਪਰ ਉਸਦੀ ਚੁੱਪ ਤੋੜਨੀ ਬਹੁਤ ਹੀ ਔਖੀ ਸੀ। ਹਰ ਸਾਲ ਝੋਨਾ ਬੀਜਣ ਨਾਲ ਤੱਪੜ ਬਣ ਜਾਂਦਾ ਜਿਸ ਨਾਲ ਪਾਣੀ ਝੀਰਨਾ ਔਖਾ ਹੋ ਜਾਂਦਾ। ਇਸ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ। ਬੱਸ ਅਜਿਹਾ ਤੱਪੜ ਤੋੜ ਲਿਆ, ਉਹੋ ਜਿਹੀ ਉਸ ਦੀ ਚੁੱਪ ਤੋੜ ਲਈ। ਉਸਦੀ ਇਸ ਚੁੱਪ ਨੇ ਮਰਨ ਤੱਕ ਉਸਦਾ ਸਾਥ ਨਹੀਂ ਛੱਡਿਆ। ਵਾਦੜੀਆਂ-ਸੁਜਾਦੜੀਆਂ ਨਿਭਣ ਸਾਹਾਂ ਦੇ ਨਾਲ। ‘ਉਸਨੇ ਜਾਤ-ਪਾਤ ਤੇ ਛੂਤ-ਛਾਤ ਨੂੰ ਬੜੀ ਮੁਸ਼ਕਲ ਨਾਲ ਤਿਲ਼ਾਂਜਲੀ ਦਿੱਤੀ। ਬਚਪਨ ਵਿਚ ਕਪਾਹ ਚੁਗਣ ਲਈ ਚੋਣੀਆਂ ਵਿਚਂੋ ਇੱਕ ਰਮਦਾਸੀਆਂ ਦੀ ਕੁੜੀ ਨੇ ਪਾਣੀ ਵਾਲੇ ਤੌੜੇ ਨੂੰ ਹੱਥ ਲਾ ਦਿੱਤਾ। ਇਸਨੇ ਉਸ ਤੌੜੇ ਵਿਚੋਂ ਪਾਣੀ ਨਾ ਪੀਤਾ। ਸਾਰਾ ਦਿਨ ਤਰਹਾਈ ਮਰਦੀ ਰਹੀ। ਸ਼ਾਮ ਨੂੰ ਘਰ ਆ ਕੇ ਪਾਣੀ ਪੀਤਾ।
ਜਿਸ ਸਮੇਂ ਵੱਡੇ ਮੁੰਡੇ ਦੇ ਦੋਸਤ ਉਸਦੇ ਨਾਲ ਘਰ ਆ ਜਾਂਦੇ ਤੇ ਸਾਰੇ ਇਕੱਠੇ ਬੈਠ ਕੇ ਇਕੋ ਭਾਂਡਿਆਂ ਵਿਚ ਰੋਟੀ ਖਾਂਦੇ ਤਾਂ ਉਹ ਸਾਰੀ ਜਾਤ-ਪਾਤ ਭੁੱਲ ਗਈ। ਬੱਚਿਆਂ ਦੇ ਮੋਹ ਕਾਰਨ ਉਸ ਨੂੰ ਇਹ ਛੂਤ-ਛਾਤ ਤੇ ਊਚ-ਨੀਚ ਸਾਰੇ ਭੁੱਲ ਗਏ। ਮੇਰੇ ਸਾਰਾ ਜ਼ੋਰ ਲਾਉਣ ‘ਤੇ ਵੀ ਉਸਨੇ ਇਹ ਛੱਡੀ ਨਹੀਂ ਸੀ। ਇੱਕ ਵਾਰ ਅਜਿਹਾ ਵੀ ਹੋਇਆ, ਉਹ ਖੇਤ ਕਾਮਿਆਂ ਲਈ ਚਾਹ ਲੈ ਕੇ ਆਈ ਤਾਂ ਆਪਣੇ ਮੁੰਡਿਆਂ ਲਈ ਵੱਖਰੇ ਡੋਲੂ ਵਿਚ ਚਾਹ ਲੈ ਕੇ ਆਈ। ਵੱਡੇ ਮੁੰਡੇ ਨੂੰ ਇਹ ਚੰਗਾ ਨਾ ਲੱਗਿਆ। ਉਸਨੇ ਸਾਰਾ ਡੋਲੂ ਵੱਡੇ ਪਤੀਲੇ ਵਿਚ ਪਾ ਦਿੱਤਾ। ਪਰ ਇਹ ਗੱਲ ਵੀ ਨਹੀਂ ਸੀ ਕਿ ਉਹ ਤੰਗ ਦਿਲ ਸੀ। ਉਹ ਹਰ ਇੱਕ ਨੂੰ ਬਹੁਤ ਪਿਆਰ ਕਰਦੀ ਸੀ। ਹਰ ਸਾਲ ਕੋਈ ਨਾ ਕੋਈ ਰਿਸ਼ਤੇਦਾਰ ਦਾ ਮੁੰਡਾ ਇੱਥੇ ਪੜ੍ਹਨ ਲਈ ਆ ਜਾਂਦਾ। ਉਹ ਉਸਨੂੰ ਸਾਲ ਦੋ ਸਾਲ, ਇੱਥੋ ਤੱਕ ਕਿ ਕਈਆਂ ਨੂੰ ਲੰਬੇ ਸਮੇਂ ਤੱਕ ਘਰੇ ਰਖਦੀ। ਸਾਰੀ ਦੇਖ-ਭਾਲ ਆਪਣੇ ਪੁੱਤਾਂ ਵਾਂਗ ਹੀ ਕਰਦੀ। ਕਦੇ ਵੀ ਮੱਥੇ ਵੱਟ ਨਾ ਪਾਉਂਦੀ। ਲੋੜਵੰਦ ਦੀ ਸਹਾਇਤਾ ਕਰਕੇ ਉਸਨੂੰ ਬਹੁਤ ਹੀ ਖੁਸ਼ੀ ਹੁੰਦੀ। ਇਕ ਵਾਰ ਮੇਰੇ ਇੱਕ ਦੋਸਤ ਦੀ ਕੁੜੀ ਦਾ ਵਿਆਹ ਸੀ। ਉਸਦਾ ਪਰਿਵਾਰ ਵੱਡਾ ਸੀ, ਪੰਜ ਕੁੜੀਆਂ ਸਨ। ‘ਮੈਂਖਿਆ, ਚਾਰ ਬੋਰੀਆਂ ਕਣਕ ਦੀਆਂ ਉਸਦੇ ਘਰੇ ਛੱਡ ਆਓ? ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆ ਹਨ।’ ਮੈਂ ਕੋਈ ਹੁੰਗਾਰਾ ਨਾ ਭਰਿਆ। ਉਸਨੇ ਇਸ ਤੋਂ ਅਗਲੇ ਦਿਨ ਪੰਜ ਕਵਿੰਟਲ ਕਣਕ ਦੇ ਸੀਰੀ ਨੂੰ ਭੇਜ ਕੇ ਉਸਦੇ ਘਰ ਭੇਜ ਦਿੱਤੇ। ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ।
ਉਹ ਮੇਰੇ ਸਾਰੇ ਰਿਸ਼ਤੇਦਾਰਾਂ ਦਾ ਬਹੁਤ ਪਿਆਰ ਤੇ ਸਤਿਕਾਰ ਕਰਦੀ ਸੀ। ਖ਼ਾਸ ਕਰਕੇ ਮੇਰੀ ਛੋਟੀ ਭੈਣ ਨੂੰ। ਇੱਕ ਵਾਰ ਦੀ ਅਜੀਬ ਗੱਲ ਹੈ। ਇਹ ਤੇ ਮੇਰੀ ਛੋਟੀ ਭੈਣ ਘਰ ਸਨ। ਘਰ ਦਾ ਹੋਰ ਕੋਈ ਜੀਅ ਘਰੇ ਨਹੀਂ ਸੀ। ਇੱਕ ਡੱਗੀ ਵਾਲਾ ਬੀਹੀ ਵਿਚ ਆ ਗਿਆ। ਬਾਰਾਂ-ਤੇਰਾਂ ਸਾਲ ਦੀ ਛੋਟੀ ਭੋਣ ਨੂੰ ਇੱਕ ਸੂਟ ਪਸੰਦ ਆ ਗਿਆ। ਉਹ ਉਸ ਵੱਲ ਹਸਰਤ ਨਾਲ ਝਾਕੀ ਗਈ। ਉਸ ਨੇ ਵੱਡਾ ਬੱਠਲ ਦਾਣਿਆਂ ਦਾ ਭਰ ਕੇ ਦੇ ਦਿੱਤਾ। ਕੁੜੀ ਇਹ ਦਾਣੇ ਹੱਟੀ ‘ਤੇ ਵੇਚ ਕੇ ਪੈਸੇ ਲਿਆਈ ਤੇ ਡੱਗੀ ਵਾਲੇ ਨੂੰ ਪੈਸੇ ਦੇ ਕੇ ਸੂਟ ਖਰੀਦ ਲਿਆ। ਉਸ ਨੇ ਉਸਦੀ ਸਧਰ ਪੂਰੀ ਕਰ ਦਿੱਤੀ। ਸ਼ਾਮ ਵੇਲੇ ਜਦ ਮੈਂ ਘਰ ਆਇਆ, ਉਸਨੇ ਝਿਜਕਦੀ ਨੇ ਦੱਸ ਦਿੱਤਾ। ਮੈਂ ਕੁਝ ਤਾਂ ਖ਼ਫ਼ਾ ਹੋਇਆ ਤੇ ਉਸ ਨੂੰ ਕਿਹਾ ‘ਤੈਨੂੰ ਇਸ ਤਰ੍ਹਾਂ ਕਰਦੀ ਨੂੰ ਸ਼ਰਮ ਨਾ ਆਈ? ਜੇ ਕੋਈ ਵੇਖ ਲੈਂਦਾ ਤਾਂ ਉਸਨੇ ਕਹਿਣਾ ਸੀ ਕਿ ਹੌਲਦਾਰਾਂ ਦੇ ਬੱਚੇ ਦਾਣੇ ਚੋਰੀ ਵੇਚਣ ਲੱਗ ਪਏ? ਪਰ ਉਸਦੀ ਇਹ ਚੁਪ ਉਸਦੇ ਕੰਮ ਆਈ ਤੇ ਉਸਨੇ ਬੜੀ ਨਿਮਰਤਾ ਨਾਲ ਕਿਹਾ ਕਿ ਛੋਟੀ ਦੀ ਰੀਝ ਤਾਂ ਪੂਰੀ ਕਰਨੀ ਹੀ ਸੀ। ਕੁਝ ਘੰਟਿਆਂ ਬਾਅਦ ਮੇਰਾ ਗੁੱਸਾ ਕਾਫੂਰ ਹੋ ਗਿਆ। ਉਸਨੇ ਆਪਣੇ ਲਈ ਕਦੇ ਕੁਝ ਵੀ ਨਹੀਂ ਸੀ ਮੰਗਿਆ।
ਉਹ ਚਾਰ ਸੁਹਣੇ-ਸੁਨੱਖੇ ਬੱਚਿਆਂ ਦੀ ਮਾਂ ਬਣੀ। ਉਸਨੇ ਬਹੁਤ ਹੀ ਰੀਝ ਨਾਲ ਪਾਲੇ। ਮੈਂ ਹੁਣ ਆਪਣੇ-ਆਪ ਨੂੰ ਬਹੁਤ ਹੀ ਚੰਗੇ ਭਾਗਾਂ ਵਾਲਾ ਸਮਝਦਾ ਹਾਂ। ਉਸਦੇ ਸਿਰ ‘ਤੇ ਹੀ ਮੇਰੀ ਜਿੰLਦਗੀ ਫੁੱਲਾਂ ਦੀ ਸੇਜ ਬਣੀ ਰਹੀ ਹੈ। ਬੱਚੇ ਪੜ੍ਹ-ਲਿਖ ਕੇ ਬਾਹਰ ਕੈਨੇਡਾ-ਅਮਰੀਕਾ ਆ ਗਏ। ਉਨ੍ਹਾਂ ਤੋਂ ਚਾਰ ਸਾਲ ਬਾਅਦ ਅਸੀਂ ਕੈਨੇਡਾ ਆ ਗਏ। ਦੋ ਸਾਲ ਉਸਨੇ ਸਖਤ ਮਿਹਨਤ ਕੀਤੀ। ਕਈ ਵਾਰੀ ਸੋਲਾਂ-ਸੋਲਾਂ ਘੰਟੇ ਕੰਮ ਕੀਤਾ ਪਰ ਕੰਮ ਤੋਂ ਉਸਨੇ ਸੀ ਨਾ ਵੱਟੀ। ਪੰਜ ਸਾਲ ਪਿੱਛੋਂ ਉਹ ਛੋਟੇ ਮੁੰਡੇ ਕੋਲ ਅਮਰੀਕਾ ਰਹਿਣ ਲੱਗ ਪਈ। ਹੁਣ ਉਸਦਾ ਕੰਮ ਪੋਤੇ-ਪੋਤੀਆਂ ਨੂੰ ਪਾਲਣ ਦਾ ਸੀ। ਇਸ ਕਾਰਨ ਉਸਦਾ ਪੈਰ ਕਿਸੇ ਇੱਕ ਦੇਸ਼ ਵਿਚ ਨਹੀਂ ਲਗਦਾ ਸੀ। ਕਦੇ ਕਨੇਡਾ ਤੇ ਕਦੇ ਅਮਰੀਕਾ। ਹੁਣ ਉਸਨੂੰ ਤਾਣਾ ਤਣਨਾ ਪੈਂਦਾ ਸੀ।
ਬਾਹਰ ਆ ਕੇ ਉਸਦੀ ਸਿਹਤ ਅੱਗੇ ਨਾਲੋਂ ਕੁਝ ਸੁਧਰ ਗਈ। ਇੱਥੇ ਦੇ ਕਲਚਰ ਨੇ ਉਸਦੀ ਸੰਗ ਕੁਝ ਘੱਟ ਕਰ ਦਿੱਤੀ ਪਰ ਉਸਦੀ ਚੁੱਪ ਵਿਚ ਕੋਈ ਖਾਸ ਫਰਕ ਨਾ ਪਿਆ। ਹਾਂ ਉਸਦੇ ਅੰਦਰ ਬਹੁਤ ਕੁਝ ਬੁਝਿਆ ਹੋਇਆ ਜਾਗਣ ਲਈ ਅੰਗੜਾਈਆਂ ਭਰ ਰਿਹਾ ਸੀ।
ਸਵੇਰ ਦੇ ਸੱਤ ਵਜੇ ਉਹ ਆਪਣੇ ਸੁਭਾਅ ਦੇ ਉਲਟ ਮੇਰੇ ਨਾਲ ਸੈਰ ਕਰਨ ਲੱਗ ਪਈ ਹੈ। ਸਾਰੀ ਉਮਰ ਅੱਗੇ ਤਾਂ ਕੀ ਉਹਨੇ ਮੇਰੇ ਬਰਾਬਰ ਵੀ ਤੁਰ ਕੇ ਨਹੀਂ ਸੀ ਵੇਖਿਆ। ਉਸਨੇ ਆਨੰਦ ਕਾਰਜ ਦੀ ਪਿੱਛੇ ਪੱਲਾ ਫੜ ਕੇ ਤੁਰਨ ਦੀ ਰਸਮ ਨੂੰ ਕਦੇ ਵੀ ਨਹੀਂ ਸੀ ਭੁਲਾਇਆ। ਬਾਹਰ ਜਾ ਕੇ ਉਸਨੂੰ ਬਰਾਬਰ ਤੁਰਨ ਦੀ ਰੀਝ ਕਿਵੇਂ ਜਾਗੀ, ਇਸ ਤੋਂ ਮੈਂ ਹੈਰਾਨ ਹੋਣਾ ਹੀ ਸੀ।
ਇੱਕ ਦਿਨ ਸਵੇਰੇ ਉਹ ਮੇਰੇ ਨਾਲ ਹੱਥ ਵਿਚ ਹੱਥ ਫੜ ਕੇ ਬਰਾਬਰ ਤੁਰਨ ਲੱਗੀ। ਸੜਕ ‘ਤੇ ਤੁਰਦੇ ਨੌਜਵਾਨ ਤੇ ਬੁਢੀਆਂ-ਠੇਰੀਆਂ ਜੋੜੀਆਂ ਵੱਲ ਬੜੀ ਨੀਝ ਤੇ ਹਸਰਤ ਨਾਲ ਵੇਖਦੀ। ‘ਬੁੱਢੇ ਵਾਰੇ ਇਹ ਠਰਕ ਭੋਗਣ ਕਿਉਂ ਲੱਗੀ?’ ਮੈਂ ਪੁੱਛਿਆ। ‘ਜਵਾਨੀ ਵੇਲੇ ਤਾਂ ਤੂੰ ਮੈਨੂੰ ਕਿਤੇ ਬਾਹਰ ਲੈ ਕੇ ਨਹੀਂ ਸੀ ਗਿਆ। ਸਾਰੀ ਉਮਰ ਮੈਂ ਤੇਰੇ ਜੁਆਕਾਂ ਦੇ ਪੋਤੜੇ ਧੋਂਦੀ ਰਹੀ। ਸਾਰੇ ਕੰਮ ਸਵੇਰ ਤੋਂ ਸ਼ਾਮ ਤੱਕ ਮੇਰੇ ਜੁੰਮੇ।’ ਠੀਕ ਸੀ ਉਸਦੀ ਗੱਲ। ਉਸਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਮਿਲਦੀ। ਉਹ ਧੌਲਰ ਬਲਦ ਸੀ, ਜਿਸ ਦੇ ਮੋਢਿਆਂ ‘ਤੇ ਪਰਿਵਾਰ ਦਾ ਭਾਰ ਟਿਕਿਆ ਰਹਿੰਦਾ।’
ਉਹ ਆਪਣਾ ਦਰਦ ਕਿਸੇ ਨਾਲ ਸਾਂਝਾ ਵੀ ਨਹੀਂ ਕਰਦੀ ਸੀ। ਇਸ ਕਰਕੇ ਉਹ ਮਾਨਸਿਕ ਦਬਾਅ ਵਿਚ ਆ ਗਈ। ਹੌਲ਼ੀ-ਹੌਲ਼ੀ ਉਸਦਾ ਇਹ ਡਿਪਰੈਸ਼ਨ ਡਮੈਂਸ਼ੀਏ ਵਿਚ ਬਦਲ ਗਿਆ। ਕੁਝ ਸਾਲਾਂ ਵਿਚ ਉਹ ਸਭਨੂੰ ਭੁੱਲ ਗਈ। ਉਹ ਆਪਣੀ ਲੜਕੀ-ਲੜਕੇ ਤੇ ਪੋਤੇ-ਦੋਹਤਿਆਂ ਨੂੰ ਭੁੱਲ ਗਈ। ਨਹੀਂ ਭੁੱਲੀ ਸੀ ਤਾਂ ਉਹ ਮੈਨੂੰ ਆਖਰੀ ਸਾਹ ਤੀਕਰ? ਉਸ ਨੇ ਆਖਰੀ ਸਾਹ ਮੇਰੀ ਬੁੱਕਲ ਵਿਚ ਲਿਆ।
ਜੱਗ ਚਾਰ ਦਿਨਾਂ ਦਾ ਮੇਲਾ ਸੱਜਣਾ
ਹਸਦੇ ਨਾਲ ਹਰ ਕੋਈ ਹਸਦਾ ਰੋਂਦੇ ਨਾਲ ਕੋਈ ਨਾ ਰੋਵੇ
ਇਹੀ ਹੈ ਜੱਗ ਦੀ ਰੀਤ ਵੇ ਸੱਜਣਾ
ਸੂਰਜ ਜਿਹੜਾ ਅੱਜ ਹੈ ਚੜ੍ਹਿਆ ਆਖਰ ਓੜਕ ਨੂੰ ਡੁੱਬ ਜਾਣਾ
ਰਾਤ ਹਨੇਰੀ ਛੂਕਦੀ ਦਿਲ ਪਿਆ ਗਾਏ ਗੀਤ ਬਿਰਹਾ ਦੇ ਸੱਜਣਾ।