ਚੰਡੀਗੜ੍ਹ: ਹਿਮਾਚਲ ਦੇ ਕਸੌਲੀ ਨੇੜੇ ਸਥਿਤ ਮਸ਼ਹੂਰ ‘ਦਾ ਲਾਰੈਂਸ ਸਕੂਲ, ਸਨਾਵਰ’ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰੀ ਖ਼ਜ਼ਾਨੇ ਵਿਚੋਂ ਇਕ ਕਰੋੜ ਰੁਪਏ ਦੀ ਗਰਾਂਟ ਦਿੱਤੇ ਜਾਣ ਦਾ ਮੁੱਦਾ ਕਾਨੂੰਨੀ ਘੇਰੇ ਵਿਚ ਆ ਗਿਆ ਹੈ ਤੇ ਸੁਪਰੀਮ ਕੋਰਟ ਵੱਲੋਂ ਉਪ ਮੁੱਖ ਮੰਤਰੀ, ਪੰਜਾਬ ਸਰਕਾਰ ਤੇ ਉਕਤ ਸਕੂਲ ਦੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੇ ਜਸਟਿਸ ਆਰæਐਮæ ਲੋਢਾ ਤੇ ਜਸਟਿਸ ਸ਼ਿਵਕੇਤੀ ਸਿੰਘ ਵਾਲੇ ਬੈਂਚ ਵੱਲੋਂ ਇਹ ਨੋਟਿਸ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਦਾਇਰ ਕੀਤੀ ਗਈ ਸਪੈਸ਼ਲ ਲੀਵ ਪਟੀਸ਼ਨ ‘ਤੇ ਜਾਰੀ ਕੀਤੇ ਗਏ ਹਨ। ਖਹਿਰਾ ਦੇ ਵਕੀਲ ਸੀਨੀਅਰ ਐਡਵੋਕੇਟ ਆਰæਐਸ਼ ਸੋਢੀ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਿੱਤੀ ਸੰਕਟ ਦਾ ਰੋਣਾ ਰੋ ਕੇ ਸੂਬੇ ਦੇ ਹਜ਼ਾਰਾਂ ਮੰਦੇ ਹਾਲ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਤੱਕ ਮੁਹੱਈਆ ਕਰਵਾਉਣੋਂ ਪਾਸਾ ਵੱਟ ਰਹੀ ਹੈ ਪਰ ਦੂਜੇ ਪਾਸੇ ਸੂਬੇ ਤੋਂ ਬਾਹਰਲੇ ਰਈਸ ਵਰਗ ਨਾਲ ਸਬੰਧਿਤ ਸਕੂਲ ਨੂੰ ਰਾਜ ਦੇ ਲੋਕਾਂ ‘ਤੇ ਟੈਕਸ ਲਾ ਕੇ ਇਕੱਠਾ ਕੀਤਾ ਪੈਸਾ ਦੇ ਰਹੀ ਹੈ।
ਸੁਖਬੀਰ ਸਿੰਘ ਬਾਦਲ ਇਸ ਸਕੂਲ ਵਿਚ ਪੜ੍ਹਦੇ ਰਹੇ ਹਨ। ਉਨ੍ਹਾਂ ਨੇ ਇਹ ਇਕ ਕਰੋੜ ਰੁਪਏ ਦੀ ਗਰਾਂਟ ਪਿਛਲੇ ਸਾਲ ਚਾਰ ਅਕਤੂਬਰ ਨੂੰ ਸਕੂਲ ਦੇ 165ਵੇਂ ਸਥਾਪਨਾ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਦਿੱਤੀ ਸੀ। 2012-13 ਦੇ ਬਜਟ ਵਿਚ ਰੱਖਿਆ ਇਹ ਪੈਸਾ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸੂਬੇ ਵਿਚਲੀਆਂ ਨਗਰ ਕਾਸਲ ਸੜਕਾਂ, ਟਿਊਬਵੈੱਲ ਲਾਉਣ, ਪੰਜਾਬ ਦੇ ਇਤਿਹਾਸਿਕ ਪਿੰਡਾਂ ਦੇ ਵਿਕਾਸ, ਅੰਬੇਡਕਰ ਭਵਨ ਬਣਾਉਣ, ਖੇਡ ਸਟੇਡੀਅਮਾਂ ਦੇ ਨਿਰਮਾਣ, ਪਾਣੀ ਸਪਲਾਈ ਦੀਆਂ ਸਕੀਮਾਂ ਤੇ ਧਰਮਸ਼ਾਲਾਵਾਂ ‘ਤੇ ਖਰਚ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਖਹਿਰਾ ਨੇ ਇਹ ਪੈਸਾ ਉਕਤ ਸਕੂਲ ਨੂੰ ਦਿੱਤੇ ਜਾਣ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ।
ਹਾਈਕੋਰਟ ਦੇ ਤਤਕਾਲੀ ਜਸਟਿਸ ਏæਕੇ ਸੀਕਰੀ ਤੇ ਜਸਟਿਸ ਰਾਕੇਸ਼ ਕੁਮਾਰ ਜੈਨ ਦੇ ਬੈਂਚ ਨੇ 16 ਜਨਵਰੀ, 2013 ਨੂੰ ਇਹ ਮਾਮਲਾ ਸਰਕਾਰ ਦੇ ਵਿਧਾਨਕ ਪੱਧਰ ‘ਤੇ ਵਿਚਾਰੇ ਜਾਣ ਦੀ ਗੱਲ ਕਹਿੰਦਿਆਂ ਖਹਿਰਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਖਹਿਰਾ ਨੇ ਇਸ ਬਾਰੇ ਸੁਖਬੀਰ ਸਿੰਘ ਬਾਦਲ ਦੀਆਂ ਆਪਣੇ ਮੁੱਢਲੇ ਸਕੂਲ ਪ੍ਰਤੀ ਭਾਵਨਾਵਾਂ ਦੀ ਕਦਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸਕੂਲ ਦੀ ਨਿੱਜੀ ਖਾਤੇ ਵਿਚੋਂ ਪੈਸਾ ਦੇ ਕੇ ਮਾਲੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਮੰਦੇ ਹਾਲ ਇਮਾਰਤਾਂ ਤੇ ਪਖਾਨਿਆਂ, ਪੀਣ ਯੋਗ ਪਾਣੀ ਆਦਿ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਅਣਦੇਖੀ ਕਰਦਿਆਂ ਲੋਕਾਂ ਦਾ ਪੈਸਾ ਸਰਕਾਰੀ ਖਾਤੇ ਵਿਚੋਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਤਿੰਨ ਲੱਖ ਰੁਪਏ ਤੋਂ ਵੀ ਵਧ ਦੀ ਸਾਲਾਨਾ ਫ਼ੀਸ ਲੈਣ ਵਾਲੇ ਲਾਰੈਂਸ ਸਕੂਲ, ਸਨਾਵਰ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਇੰਨਾ ਪੈਸਾ ਦੇ ਕੇ ਸੁਖਬੀਰ ਵੱਲੋਂ ਰਾਜ ਦੇ ਲੋਕਾਂ ਨੂੰ ਕਿਹੋ ਜਿਹਾ ਸੁਨੇਹਾ ਦਿੱਤਾ ਜਾ ਰਿਹਾ ਹੈ।
Leave a Reply