ਟਰੰਪ ਦੀ ਟੈਰਿਫ਼ ਧਮਕੀ

ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿਚ ਦਿਨ-ਬ-ਦਿਨ ਪੈਦਾ ਹੋ ਰਹੀ ਅਨਿਸ਼ਚਤਾ ਬੇਹੱਦ ਗੁੰਝਲਦਾਰ ਹੁੰਦੀ ਜਾ ਰਹੀ ਹੈ। ਅਮਰੀਕਾ ਦੇ ਇਸੇ ਸਾਲ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਨੂੰ ਵੱਖ-ਵੱਖ ਦੇਸ਼ਾਂ ਵਲੋਂ ਹੋਣ ਵਾਲੀਆਂ ਬਰਾਮਦਾਂ ‘ਤੇ ਵਧੇਰੇ ਟੈਕਸ ਲਗਾਉਣ ਦੇ ਆਪਣੇ ਵਲੋਂ ਕੀਤੇ ਐਲਾਨਾਂ ਨੂੰ ਜਿਵੇਂ-ਜਿਵੇਂ ਅਮਲੀ ਰੂਪ ਦੇਣਾ ਸ਼ੁਰੂ ਕੀਤਾ ਹੈ,

ਉਵੇਂ ਉਵੇਂ ਅਮਰੀਕਾ ਨਾਲ ਦੂਸਰੇ ਦੇਸ਼ਾਂ ਦਾ ਤਣਾਓ ਨਵੀਂਆਂ ਦਿਸ਼ਾਵਾਂ ਵਲ ਸੇਧਿਤ ਹੋ ਰਿਹਾ ਹੈ। ਭਾਰਤ ‘ਤੇ ਵੀ 25 ਫ਼ੀਸਦੀ ਟੈਕਸ ਲਗਾਉਣ ਦੇ ਐਲਾਨ ਦੇ ਨਾਲ ਹੀ ਟਰੰਪ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਉਹ ਰੂਸ ਤੋਂ ਤੇਲ ਨਾ ਖਰੀਦੇ ਨਹੀਂ ਤਾਂ ਉਸ ਨੂੰ ਹੋਰ ਵੀ ਜੁਰਮਾਨਾ ਦੇਣਾ ਪਵੇਗਾ। ਇਸ ਐਲਾਨ ਤੋਂ ਬਾਅਦ ਖ਼ਬਰਾਂ ਇਹ ਵੀ ਆਈਆਂ ਸਨ ਕਿ ਭਾਰਤੀ ਤੇਲ ਕੰਪਨੀਆਂ ਨੇ ਰੂਸ ਤੋਂ ਘੱਟ ਤੇਲ ਦਰਾਮਦ ਕਰਨ ਦੀ ਯੋਜਨਾ ਬਣਾਈ ਹੈ। ਪਰ ਉਸ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਇਨ੍ਹਾਂ ਖ਼ਬਰਾਂ ਨੂੰ ਨਿਰਾਧਾਰ ਦੱਸਦਿਆਂ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਪਹਿਲਾਂ ਵਾਂਗ ਹੀ ਦਰਾਮਦ ਕਰਦਾ ਰਹੇਗਾ।
ਜਿਥੋਂ ਤੱਕ ਰੂਸ ਦਾ ਸੰਬੰਧ ਹੈ ਭਾਰਤ ਨਾਲ ਇਸ ਦਾ ਚਿਰਾਂ ਪੁਰਾਣਾ ਰਿਸ਼ਤਾ ਹੀ ਨਹੀਂ, ਸਗੋਂ ਬਹੁਤੇ ਖੇਤਰਾਂ ਵਿਚ ਵੱਡਾ ਮਿਲਵਰਤਣ ਬਣਿਆ ਰਿਹਾ ਹੈ। ਭਾਰਤ ਵਲੋਂ ਰੂਸ ਦਾ ਸਾਥ ਦਹਾਕਿਆਂ ਤੋਂ ਪਰਖਿਆ ਹੋਇਆ ਹੈ।
ਇਸ ਦੇ ਨਾਲ ਹੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਮਾਰੋਹ ਵਿਚ ਬੋਲਦਿਆਂ ਮੁੜ ਇਸ ਗੱਲ ਨੂੰ ਦੁਹਰਾਇਆ ਹੈ ਕਿ ਦੇਸ਼ ਨੂੰ ਸਵਦੇਸ਼ੀ ਉਤਪਾਦਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਕਦੀ ਸਮਾਂ ਸੀ ਜਦੋਂ ਭਾਰਤ ਕਣਕ ਤੱਕ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਮੰਗਵਾਉਣ ਲਈ ਮਜਬੂਰ ਸੀ। ਇਹ ਵੀ ਕਿ ਆਪਣੀ ਡੋਲਦੀ ਆਰਥਿਕਤਾ ਦੇ ਮੱਦੇਨਜ਼ਰ ਇਸ ਨੇ ਆਪਣੇ ਸੋਨੇ ਦੇ ਭੰਡਾਰ ਵੀ ਗਿਰਵੀ ਰੱਖਣੇ ਸ਼ੁਰੂ ਕਰ ਦਿੱਤੇ ਸਨ, ਪਰ ਅੱਜ ਭਾਰਤ ਦੁਨੀਆ ਦੀ ਵੱਡੀ ਅਰਥ-ਵਿਵਸਥਾ ਬਣ ਚੁੱਕਾ ਹੈ। ਇਸ ਦੇ ਨਾਲ ਹੀ ਇਸ ਨੇ ਅਨੇਕਾਂ ਖੇਤਰਾਂ ਵਿਚ ਆਪਣੇ ਉਤਪਾਦਨ ਵਿਚ ਵੀ ਵਾਧਾ ਕੀਤਾ ਹੈ। ਚੀਨ ਅਤੇ ਜਪਾਨ ਦੀ ਮਿਸਾਲ ਸਾਡੇ ਸਾਹਮਣੇ ਹੈ। ਉਨ੍ਹਾਂ ਨੇ ਆਪਣੇ ਦੇਸ਼ ਵਿਚ ਬਣੀਆਂ ਵਸਤੂਆਂ ਦੀ ਧਾਂਕ ਦੁਨੀਆ ਭਰ ਵਿਚ ਜਮਾਈ ਹੋਈ ਹੈ।
ਭਾਰਤ ਇਕ ਵੱਡੀ ਆਬਾਦੀ ਵਾਲਾ ਦੇਸ਼ ਹੈ। ਇਸ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ।
ਚੀਨ ਨੇ ਵੀ ਅਜਿਹਾ ਹੀ ਤਜਰਬਾ ਕੀਤਾ ਸੀ, ਜਿਸ ਵਿਚ ਉਸ ਨੂੰ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਸੰਭਾਲਦਿਆਂ ਹੀ ‘ਮੇਕ ਇਨ ਇੰਡੀਆ’ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਹਰ ਹੀਲੇ ਅਮਲੀ ਰੂਪ ਵਿਚ ਸਿਰੇ ਚੜ੍ਹਾਏ ਜਾਣ ਦੀ ਜ਼ਰੂਰਤ ਹੈ।
ਜਿੱਥੋਂ ਤੱਕ ਕੌਮਾਂਤਰੀ ਵਪਾਰਕ ਸੰਬੰਧਾਂ ਦਾ ਮਸਲਾ ਹੈ ਭਾਰਤ ਨੇ ਹੁਣ ਤੱਕ ਅਮਰੀਕਾ ਨਾਲ ਇਨ੍ਹਾਂ ਸੰਬੰਧਾਂ ‘ਤੇ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਹੈ, ਪਰ ਉਸ ਨੇ ਖੇਤੀ ਵਸਤਾਂ ਅਤੇ ਛੋਟੇ ਉਦਯੋਗਾਂ ਵਲੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਨ ਦੇ ਖੇਤਰਾਂ ਨੂੰ ਅਮਰੀਕੀ ਉਤਪਾਦਨਾਂ ਲਈ ਖੋਲ੍ਹਣ ਤੋਂ ਨਾਂਹ ਕਰ ਦਿੱਤੀ ਹੈ। ਭਾਰਤ ਇਨ੍ਹਾਂ ਖੇਤਰਾਂ ਨੂੰ ਅਮਰੀਕਾ ਨਾਲ ਵਪਾਰ ਸਮਝੌਤੇ ਤੋਂ ਵੱਖਰਾ ਰੱਖਣ ਲਈ ਯਤਨ ਕਰ ਰਿਹਾ ਹੈ। ਹੁਣ ਤੱਕ ਆਪਣੇ ਇਸ ਯਤਨ ਵਿਚ ਉਹ ਸਫ਼ਲ ਵੀ ਰਿਹਾ ਹੈ। ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ ਅਮਰੀਕਾ ਦੀਆਂ ਆਰਥਿਕ ਨੀਤੀਆਂ ਤੋਂ ਪ੍ਰੇਸ਼ਾਨ ਦਿਖਾਈ ਦਿੰਦੇ ਹਨ, ਜਿਸ ਕਰਕੇ ਉਹ ਅਮਰੀਕਾ ਦੀ ਥਾਂ ਵਪਾਰਕ ਲੈਣ ਦੇਣ ਲਈ ਹੋਰ ਦੇਸ਼ਾਂ ਨਾਲ ਸਮਝੌਤੇ ਕਰ ਰਹੇ ਹਨ। ਇਸੇ ਸਮੇਂ ਭਾਰਤ ਨੇ ਵੀ ਬਰਤਾਨੀਆ ਨਾਲ ਵਪਾਰਕ ਸਮਝੌਤੇ ਨੂੰ ਸਿਰੇ ਚੜ੍ਹਾਇਆ ਹੈ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲ਼ ਵੀ ਉਹ ਵਪਾਰ ਸਮਝੌਤੇ ਲਈ ਪਹਿਲ ਦੇ ਆਧਾਰ ‘ਤੇ ਗੱਲਬਾਤ ਕਰ ਰਿਹਾ ਹੈ। ਹੁਣ ਭਾਰਤ ਉਸ ਪੜਾਅ ‘ਤੇ ਪੁੱਜ ਚੁੱਕਾ ਹੈ, ਜਿਥੇ ਉਸ ਨੂੰ ਆਪਣੀਆਂ ਵਪਾਰਕ ਅਤੇ ਆਰਥਿਕ ਤਰਜੀਹਾਂ ਦੀ ਅਜਿਹੀ ਚੋਣ ਕਰਨੀ ਪਵੇਗੀ, ਜੋ ਇਸ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ ਪੌੜੀ ਦਰ ਪੌੜੀ ਉਚਾਈ ਦੀਆਂ ਮੰਜ਼ਿਲਾਂ ਤੈਅ ਕਰਨ ਵਿਚ ਸਹਾਈ ਹੋਣ। ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਭਾਰਤ ਨੇ ਆਪਣੀ ਵਿਦੇਸ਼ ਨੀਤੀ ਨੂੰ ਨਿਰਪੱਖ ਅਤੇ ਸੰਤੁਲਿਤ ਰੱਖਣ ਦਾ ਲਗਾਤਾਰ ਯਤਨ ਕੀਤਾ ਹੈ। ਅਜਿਹੀ ਨੀਤੀ ਹੀ ਉਸ ਦੇ ਮਾਣ ਅਤੇ ਸਨਮਾਨ ਵਿਚ ਵਾਧਾ ਕਰਨ ‘ਚ ਸਹਾਈ ਹੋ ਸਕੇਗੀ। ਭਾਰਤ ਨੂੰ ਇਸ ਦਿਸ਼ਾ ਵਿਚ ਸੋਚਣਾ ਪਵੇਗਾ। ਨਹੀਂ ਤਾਂ ਟਰੰਪ ਜਾਂ ਕਿਸੇ ਵੀ ਹੋਰ ਦੇਸ਼ ਦੇ ਮੁਖੀ ਦੀ ਕੋਈ ਵੀ ਧਮਕੀ ਭਾਰਤ ਨੂੰ ਵਾਰ-ਵਾਰ ਪਰੇਸ਼ਾਨ ਕਰਦੀ ਰਹੇਗੀ।