ਵਿਸ਼ਵ ਦੇ ਮਹਾਨ ਖਿਡਾਰੀ: ਹਾਕੀ ਦਾ ਬੰਗਾਲੀ ਫੁੱਲ ਬੈਕ ਗੁਰਬਖ਼ਸ਼ ਸਿੰਘ

ਪਿੰ੍ਰ. ਸਰਵਣ ਸਿੰਘ
ਗੁਰਬਖ਼ਸ਼ ਸਿੰਘ ਜੰਮਿਆ ਭਾਵੇਂ ਪਿਸ਼ਾਵਰ ਵਿਚ ਸੀ ਪਰ ਵੱਜਦਾ ਕਲਕੱਤੇ ਦਾ ਹੈ। ਜਿਵੇਂ ਜਰਨੈਲ ਸਿੰਘ ਬੰਗਾਲ ਲਈ ਫੁੱਟਬਾਲ ਖੇਡਿਆ ਉਵੇਂ ਬੰਗਾਲ ਲਈ ਉਹ ਪੰਦਰਾਂ ਸਾਲ ਹਾਕੀ ਖੇਡਿਆ। ਜਿੰਨਾ ਨਾਮਣਾ ਤੇ ਨਾਵਾਂ ਬੰਗਾਲ ਵਿਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਕਮਾਇਆ ਉਨਾ ਹੀ ਜੱਸ ਗੁਰਬਖ਼ਸ਼ ਸਿੰਘ ਕੋਹਲੀ ਨੇ ਹਾਕੀ ਖੇਡ ਕੇ ਖੱਟਿਆ।

60ਵਿਆਂ ਵਿਚ ਉਹਦੀ ਗੁੱਡੀ ਸਿਖ਼ਰਾਂ ਉੱਤੇ ਸੀ। ਉਦੋਂ ਕੋਈ ਵੀ ਭਾਰਤੀ ਹਾਕੀ ਟੀਮ ਗੁਰਬਖ਼ਸ਼ ਸਿੰਘ ਦੀ ਸ਼ਮੂਲੀਅਤ ਬਿਨਾਂ ਮੁਕੰਮਲ ਨਹੀਂ ਸੀ ਸਮਝੀ ਜਾਂਦੀ। ਉਹ ਪੈਨਲਟੀ ਕਾਰਨਰ ਦਾ ਕਿੰਗ ਕਹੇ ਜਾਂਦੇ ਪ੍ਰਿਥੀਪਾਲ ਸਿੰਘ ਨਾਲ ਹਾਕੀ ਦਾ ਦੂਜਾ ਫੁੱਲ ਬੈਕ ਜਾਂ ਹਾਫ਼ ਬੈਕ ਹੁੰਦਾ ਸੀ। 1968 ਦੀਆਂ ਓਲੰਪਿਕ ਖੇਡਾਂ ਸਮੇਂ ਉਹ ਤੇ ਪ੍ਰਿਥੀਪਾਲ ਸਿੰਘ ਭਾਰਤੀ ਹਾਕੀ ਟੀਮ ਦੇ ਜੁੜਵੇਂ ਕਪਤਾਨ ਸਨ। ਉਥੇ ਉਹ ਹਾਕੀ ਦੀ ਵਿਸ਼ਵ ਇਲੈਵਨ ਵਿਚ ਚੁਣਿਆ ਗਿਆ ਸੀ ਜੋ ਭਾਰਤੀ ਹਾਕੀ ਲਈ ਮਾਣ ਦੀ ਗੱਲ ਸੀ।
ਹਾਕੀ ਦੀ ਖੇਡ ਨਾਲ ਜਿੰਨੇ ਪਾਸਿਆਂ ਤੋਂ ਗੁਰਬਖ਼ਸ਼ ਸਿੰਘ ਜੁੜਿਆ ਆ ਰਿਹਾ ਹੈ ਉਨੇ ਪਾਸਿਆਂ ਤੋਂ ਸ਼ਾਇਦ ਹੀ ਕੋਈ ਹੋਰ ਖਿਡਾਰੀ ਜੁੜਿਆ ਹੋਵੇ। ਉਹ ਫਾਰਵਰਡ ਵੀ ਖੇਡਿਆ, ਹਾਫ਼ ਬੈਕ ਵੀ ਤੇ ਫੁੱਲ ਬੈਕ ਵੀ। ਭਾਰਤੀ ਹਾਕੀ ਟੀਮਾਂ ਦਾ ਮੈਂਬਰ ਬਣਨ ਤੇ ਟੀਮਾਂ ਦੀਆਂ ਕਪਤਾਨੀਆਂ ਕਰਨ ਪਿੱਛੋਂ ਉਹ ਭਾਰਤੀ ਹਾਕੀ ਟੀਮਾਂ ਦਾ ਕੋਚ ਵੀ ਬਣਿਆ ਤੇ ਮੈਨੇਜਰ ਵੀ ਰਿਹਾ। ਉਹਨੇ ਕੌਮੀ ਤੇ ਕੌਮਾਂਤਰੀ ਪੱਧਰ `ਤੇ ਅੰਪਾਇਰ ਬਣ ਕੇ ਮੈਚ ਵੀ ਖਿਡਾਏ। ਉਹ ਦੋ ਵਾਰ ਛੇ-ਛੇ ਮਹੀਨਿਆਂ ਲਈ ਫਰਾਂਸ ਦੀ ਹਾਕੀ ਟੀਮ ਨੂੰ ਕੋਚਿੰਗ ਦੇਣ ਗਿਆ ਤੇ ਦਿਲਚਸਪ ਗੱਲ ਹੈ ਕਿ ਉਹਨੇ ਪੱਤਰਕਾਰ ਬਣ ਕੇ ਮਿਊਨਿਖ਼ ਦੀਆਂ ਓਲੰਪਿਕ ਖੇਡਾਂ ਦੇ ਹਾਕੀ ਮੈਚ ਕਲਕੱਤੇ ਦੇ ਅਖ਼ਬਾਰਾਂ ਲਈ ਕਵਰ ਕੀਤੇ। ਜਦੋਂ ਮੈਂ 1981 ਵਿਚ ਬੰਬਈ ਦਾ ਵਿਸ਼ਵ ਹਾਕੀ ਕੱਪ ਟੂਰਨਾਮੈਂਟ ‘ਪੰਜਾਬੀ ਟ੍ਰਿਬਿਊਨ’ ਲਈ ਕਵਰ ਕਰਨ ਗਿਆ ਤਾਂ ਉਹ ‘ਸਪੋਰਟਸ ਵੀਕ’ ਦਾ ਨੁਮਾਇੰਦਾ ਬਣ ਕੇ ਆਪਣੀਆਂ ਮਾਹਿਰਾਨਾ ਟਿੱਪਣੀਆਂ ਭੇਜ ਰਿਹਾ ਸੀ।
ਬੰਬਈ ਦੇ ਵਿਸ਼ਵ ਕੱਪ ਸਮੇਂ ਉਹ ਕਈ ਫਰੰਟਾਂ `ਤੇ ਕੰਮ ਕਰ ਰਿਹਾ ਸੀ। ਕਦੇ ਉਹ ਮੈਦਾਨ `ਚ ਦਿਸਦਾ, ਕਦੇ ਖੇਡ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ, ਕਦੇ ਕੋਚਾਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਹੁੰਦਾ ਤੇ ਕਦੇ ਕੁਮੈਂਟਰੀ ਬੌਕਸ ਵਿਚ ਵਿਸ਼ੇਸ਼ਗ ਵਜੋਂ ਬੋਲਦਾ। ਕਦੇ ਕੰਟੀਨ `ਚ ਹੁੰਦਾ, ਕਦੇ ਖਿਡਰੀਆਂ ਦੇ ਰਿਹਾਇਸ਼ੀ ਹੋਟਲਾਂ `ਚ ਤੇ ਕਦੇ ਉਹ ਸਾਡੇ ਕੋਲ ਪ੍ਰੈੱਸ ਸੈਂਟਰ ਵਿਚ ਓਕੜੂ ਜਿਹਾ ਖੜ੍ਹਾ ਹੁੰਦਾ ਜਿਵੇਂ ਪੈਨਲਟੀ ਕਾਰਨਰ ਰੋਕਣਾ ਹੋਵੇ। ਨਿੱਠ ਕੇ ਬੈਠਾਂ ਤਾਂ ਮੈਂ ਉਹਨੂੰ ਕਦੇ ਵੇਖਿਆ ਈ ਨਹੀਂ ਸੀ। ਪਲ `ਚ ਇਥੇ ਪਲ `ਚ ਉਥੇ, ਐਨ ਉਵੇਂ ਹੀ ਜਿਵੇਂ ਹਾਕੀ ਖੇਡਦਾ ਗਰਾਊਂਡ ਵਿਚ ਫਿਰਕੀ ਵਾਂਗ ਘੁੰਮਦਾ ਹੁੰਦਾ ਸੀ। ਪੰਦਰਾਂ ਦਿਨ ਮੈਂ ਉਹਨੂੰ ਪੱਬਾਂ ਭਾਰ ਈ ਵੇਖਿਆ ਅਤੇ ਆਪਣੇ ਇਕ ਤਬਸਰੇ ਵਿਚ ਲਿਖਿਆ ਵੀ ਕਿ ਗੁਰਬਖ਼ਸ਼ ਸਿੰਘ ਇਥੇ ਵਿਆਹ `ਚ ਨੈਣ ਵਾਂਗ ਕਦੇ ਏਧਰ, ਕਦੇ ਓਧਰ ਨੱਠਾ ਫਿਰਦਾ ਹੈ।
ਗੁਰਬਖ਼ਸ਼ ਸਿੰਘ ਵੈਸੇ ਦੇਖਣੀ ਪਾਖਣੀ ਖਿਡਾਰੀ ਨਹੀਂ ਸੀ ਲੱਗਦਾ। ਐਨਕਾਂ ਲਾਈ ਉਹ ਪ੍ਰੋਫੈLਸਰ ਪਰਤੀਤ ਹੁੰਦਾ ਜਾਂ ਕਿਸੇ ਅਦਾਰੇ ਦਾ ਮੈਨੇਜਰ। ਉਹਦਾ ਕੱਦ ਵਾਹਵਾ ਲੰਮਾ ਹੈ ਪਰ ਜੁੱਸਾ ਇਕਹਿਰਾ ਜਿਹਾ ਹੀ ਹੈ ਜਿਵੇਂ ਅਮਲੀਆਂ ਦੇ ਹੁੰਦੇ ਨੇ। ਪਰ ਉਹ ਅਮਲੀ ਨਹੀਂ, ਪੂਰਾ ਗੁਰਸਿੱਖ ਹੈ। ਉਸ ਦਾ ਕੱਦ ਪੰਜ ਫੁੱਟ ਦਸ ਇੰਚ ਹੈ ਪਰ ਸਰੀਰਕ ਵਜ਼ਨ 65 ਕਿਲੋਗਰਾਮ ਹੀ ਹੈ। ਦਾੜ੍ਹੀ ਵਿਰਲੀ ਜਿਹੀ ਹੈ ਤੇ ਉਹ ਵੀ ਡੋਰੀ ਪਾ ਕੇ ਕਸੀ ਤੇ ਫਿਕਸੋ ਨਾਲ ਜਮਾਈ ਹੁੰਦੀ ਹੈ। ਉਸ ਨੂੰ ਸਲੀਕੇ ਨਾਲ ਵਿਚਰਨਾ ਆਉਂਦਾ ਹੈ। ਜਿੰਨੀ ਕਾਮਯਾਬੀ ਉਸ ਨੂੰ ਮਿਲਦੀ ਉਸ ਬਾਰੇ ਉਹਦਾ ਇਹੋ ਕਹਿਣਾ ਹੁੰਦਾ ਸੀ, “ਸਭ ਵਾਹਿਗੁਰੂ ਦੀ ਕਿਰਪਾ।”
ਹਾਕੀ ਦੀ ਖੇਡ ਵਿਚ ਉਦੋਂ ਉੱਚ ਕੋਟੀ ਦਾ ਸ਼ਾਇਦ ਉਹੀ ਇਕੋ ਇਕ ਖਿਡਾਰੀ ਸੀ ਜੋ ਹਮੇਸ਼ਾਂ ਐਨਕਾਂ ਲਾ ਕੇ ਖੇਡਿਆ। ਸ਼ੁਰੂ-ਸ਼ੁਰੂ ਵਿਚ ਅਸੀਂ ਜਦੋਂ ਉਸ ਨੂੰ ਐਨਕਾਂ ਲਾਈ ਹਾਕੀ ਖੇਡਦਾ ਵੇਖਦੇ ਤਾਂ ਆਪਸ ਵਿਚ ਗੱਲਾਂ ਕਰਦੇ, “ਜੇ ਬਾਲ ਸਿੱਧੀ ਐਨਕਾਂ `ਤੇ ਵੱਜੇ, ਫੇਰ ਕੀ ਹੋਵੇ?” ਪਰ ਉਹਦੇ ਵੀਹ ਸਾਲਾਂ ਦੇ ਹਾਕੀ ਕੈਰੀਅਰ ਵਿਚ ਇਕ ਵਾਰ ਵੀ ਹਾਕੀ ਜਾਂ ਗੇਂਦ ਉਹਦੀਆਂ ਐਨਕਾਂ `ਤੇ ਨਹੀਂ ਵੱਜੀ।
ਗੁਰਬਖ਼ਸ਼ ਸਿੰਘ ਦੀ ਗਰਦਨ ਪਤਲੀ ਹੈ ਤੇ ਉਹਦੀ ਘੰਡੀ ਗੇਂਦ ਵਾਂਗ ਗੇੜੇ ਖਾਂਦੀ ਦਿੱਸਦੀ ਹੈ। ਰੰਗ ਕਣਕਵੰਨਾ ਤੇ ਪੱਗ ਦਾ ਬੰਨ੍ਹੇਜ ਭਾਪਿਆਂ ਵਾਲਾ। ਉਸ ਨੇ ਮੁੱਢਲੀ ਪੜ੍ਹਾਈ ਰਾਵਲਪਿੰਡੀ ਵਿਚ ਕੀਤੀ ਸੀ। ਉਹ ਕਸਵੀਂ ਟੂਟੀਦਾਰ ਪੱਗ ਬੰਨ੍ਹਦਾ ਹੈ। ਗੱਲ ਬਾਤ ਦਾ ਲਹਿਜ਼ਾ ਪੋਠੋਹਾਰੀ ਹੈ। ਉਹਦਾ ਜੱਦੀ ਪਿੰਡ ਜ਼ਿਲ੍ਹਾ ਜਿਹਲਮ ਵਿਚ ਮੰਗਵਾਲ ਸੀ। ਉਹਦੇ ਪਿਤਾ ਸ. ਕਰਤਾਰ ਸਿੰਘ ਫੌਜ ਵਿਚ ਮੇਜਰ ਸਨ। ਜਦੋਂ ਉਹ ਪਿਸ਼ਾਵਰ ਵਿਚ ਤਾਇਨਾਤ ਸਨ ਤਾਂ ਉਥੇ 11 ਫਰਵਰੀ 1936 ਨੂੰ ਗੁਰਬਖ਼ਸ਼ ਸਿੰਘ ਦਾ ਜਨਮ ਹੋਇਆ ਸੀ। ਮੇਜਰ ਕਰਤਾਰ ਸਿੰਘ ਖ਼ੁਦ ਹਾਕੀ ਦੇ ਤਕੜੇ ਖਿਡਾਰੀ ਸਨ ਤੇ ਉਹ ਵੀ ਫੁੱਲ ਬੈਕ ਖੇਡਦੇ ਸਨ।
ਦੇਸ਼ ਦੀ ਵੰਡ ਪਿੱਛੋਂ ਕਰਤਾਰ ਸਿੰਘ ਦੇ ਪਰਿਵਾਰ ਨੂੰ ਉੱਜੜ ਕੇ ਲਖਨਊ ਆਉਣਾ ਪਿਆ ਜਿਥੇ ਗੁਰਬਖ਼ਸ਼ ਮੁੜ ਪੜ੍ਹਨ ਲੱਗਾ ਤੇ ਆਪਣੇ ਸਕੂਲ ਦੀ ਹਾਕੀ ਟੀਮ ਵਿਚ ਚੁਣਿਆ ਗਿਆ। ਸਕੂਲ ਦੀ ਟੀਮ `ਚ ਉਹ ਕਦੇ ਰਾਈਟ ਇਨ ਤੇ ਕਦੇ ਲੈਫਟ ਇਨ ਖੇਡਦਾ। ਫਿਰ ਇੰਦੌਰ ਕਾਲਜ ਵਿਚ ਪੜ੍ਹਨ ਲੱਗਾ ਤੇ ਆਗਰਾ ਯੂਨੀਵਰਸਿਟੀ ਵੱਲੋਂ ਫੁੱਲ ਬੈਕ ਖੇਡਿਆ। ਬੀ.ਏ. ਦਾ ਇਮਤਿਹਾਨ ਉਸ ਨੇ ਪ੍ਰਾਈਵੇਟ ਵਿਦਿਆਰਥੀ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤਾ। 1957 ਵਿਚ ਉਹ ਮੋਟਰ ਪਾਰਟਸ ਦਾ ਕੰਮ ਸਿੱਖਣ ਲਈ ਕਲਕੱਤੇ ਚਲਾ ਗਿਆ ਤੇ ਉਥੇ ਵਿਆਹ ਕਰਵਾ ਕੇ ਉਥੋਂ ਦਾ ਹੀ ਹੋ ਗਿਆ। ਕਲਕੱਤੇ ਉਸ ਨੇ ਪਹਿਲੇ ਅੱਠ ਸਾਲ ਕਸਟਮ ਦੀ ਨੌਕਰੀ ਕੀਤੀ ਤੇ ਕਸਟਮ ਵਾਲਿਆਂ ਦੀ ਹਾਕੀ ਟੀਮ ਬਣਾਈ। 1965 ਵਿਚ ਕਸਟਮ ਦੀ ਨੌਕਰੀ ਛੱਡ ਕੇ ਆਪਣੇ ਸਹੁਰਿਆਂ ਦਾ ਮੋਟਰ ਪਾਰਟਸ ਦਾ ਕਾਰੋਬਾਰ ਸੰਭਾਲ ਲਿਆ। ਹੁਣ ਉਹ ਸਫਲ ਵਪਾਰੀ ਹੈ ਤੇ ਆਪਣੇ ਬੱਚਿਆਂ ਦੇ ਰਿਸ਼ਤੇ ਨਾਤੇ ਨਿਊਯਾਰਕ ਤਕ ਬਣਾਈ ਬੈਠਾ ਹੈ। ਉਸ ਦੀਆਂ ਚਾਰ ਧੀਆਂ ਹਨ ਤੇ ਇਕ ਪੁੱਤਰ। ਅਗਾਂਹ ਉਨ੍ਹਾਂ ਦੇ ਬੱਚੇ ਹਨ।
1959 ਵਿਚ ਜਦੋਂ ਅਫਰੀਕਾ ਦੇ ਟੂਰ ਲਈ ਭਾਰਤੀ ਹਾਕੀ ਟੀਮ ਦਾ ਕੋਚਿੰਗ ਕੈਂਪ ਲੱਗਾ ਤਾਂ ਗੁਰਬਖ਼ਸ਼ ਸਿੰਘ ਨੂੰ ਸਟੈਂਡ ਬਾਈ ਰੱਖਿਆ ਗਿਆ। ਰੋਮ ਦੀਆਂ ਓਲੰਪਿਕ ਖੇਡਾਂ-1960 ਲਈ ਚੁਣੇ ਜਾਣ ਵੇਲੇ ਉਹਦਾ ਦਾਅ ਨਾ ਲੱਗਾ। ਉਦੋਂ ਬੰਗਾਲ ਦਾ ਹੀ ਕਲਾਡੀਅਸ ਭਾਰਤੀ ਟੀਮ ਦਾ ਕਪਤਾਨ ਬਣਿਆ। 1961 ਵਿਚ ਨਿਊਜ਼ੀਲੈਂਡ ਦੇ ਟੂਰ ਸਮੇਂ ਉਹ ਪਹਿਲੀ ਵਾਰ ਭਾਰਤੀ ਹਾਕੀ ਟੀਮ ਦਾ ਮੈਂਬਰ ਚੁਣਿਆ ਗਿਆ। 1962 ਵਿਚ ਉਹ ਅਹਿਮਦਾਬਾਦ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਿਆ। ਉਦੋਂ ਉਹਦੇ ਨਾਲ ਪ੍ਰਿਥੀਪਾਲ ਸਿੰਘ ਤੇ ਝਮਨ ਲਾਲ ਫੁੱਲ ਬੈਕ ਸਨ। 1963 ਵਿਚ ਉਹ ਲਿਓਂਸ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਣ ਗਿਆ ਜਿਥੇ ਭਾਰਤੀ ਟੀਮ ਜੇਤੂ ਰਹੀ।
1964 ਵਿਚ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਵਿਚ ਲੈਫਟ ਹਾਫ਼ ਖੇਡਿਆ। ਪ੍ਰਿਥੀਪਾਲ ਸਿੰਘ ਨਾਲ ਦੂਜਾ ਫੁੱਲ ਬੈਕ ਧਰਮ ਸਿੰਘ ਸੀ। ਫਾਈਨਲ ਮੈਚ ਪਾਕਿਸਤਾਨ ਦੀ ਟੀਮ ਵਿਰੁੱਧ ਖੇਡਿਆ ਗਿਆ ਜੋ ਭਾਰਤੀ ਟੀਮ ਨੇ 1-0 ਗੋਲ ਨਾਲ ਜਿੱਤਿਆ। ਚਾਰ ਸਾਲ ਪਹਿਲਾਂ ਰੋਮ ਵਿਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਟੀਮ ਨੂੰ 1-0 ਗੋਲ ਨਾਲ ਹਰਾਇਆ ਸੀ। ਉਨ੍ਹੀਂ ਦਿਨੀਂ ਭਾਰਤ-ਪਾਕਿ ਹਾਕੀ ਮੈਚਾਂ ਵਿਚ ਜਿਹੜਾ ਮੁਲਕ ਜਿੱਤ ਜਾਂਦਾ ਉਹ ਏਨੀ ਖ਼ੁਸ਼ੀ ਮਨਾਉਂਦਾ ਜਿਵੇਂ ਮੈਚ ਨਹੀਂ ਜੰਗ ਜਿੱਤ ਗਿਆ ਹੋਵੇ!
ਟੋਕੀਓ ਵਿਖੇ ਗੁਰਬਖ਼ਸ਼ ਸਿੰਘ ਹੋਰਾਂ ਦੀ ਜਿੱਤ ਉਤੇ ਭਾਰਤਵਾਸੀ ਏਨੇ ਖ਼ੁਸ਼ ਹੋਏ ਕਿ ਜੇਤੂ ਖਿਡਾਰੀਆਂ ਲਈ ਵੱਡੇ-ਵੱਡੇ ਇਨਾਮ ਐਲਾਨੇ ਗਏ। ਇਹ ਵੱਖਰੀ ਗੱਲ ਹੈ ਕਿ ਕਈ ਐਲਾਨਾਂ ਉਤੇ ਹੁਣ ਤਕ ਵੀ ਅਮਲ ਨਹੀਂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਸ. ਪਰਤਾਪ ਸਿੰਘ ਕੈਰੋਂ ਨੇ ਜੇਤੂ ਖਿਡਾਰੀਆਂ ਨੂੰ ਚੰਡੀਗੜ੍ਹ ਵਿਚ ਪਲਾਟ ਅਲਾਟ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਿਥੀਪਾਲ ਸਿੰਘ ਹੋਰੀਂ ਪਲਾਟ ਉਡੀਕਦੇ ਇਸ ਜਹਾਨ ਤੋਂ ਕੂਚ ਕਰ ਗਏ। ਉਨ੍ਹਾਂ ਦੇ ਪਰਿਵਾਰਾਂ ਨੂੰ ਫਿਰ ਕੀਹਨੇ ਪਲਾਟ ਦੇਣੇ ਸਨ? ਸ. ਦਰਬਾਰਾ ਸਿੰਘ ਦੀ ਸਰਕਾਰ ਨੇ ਵੀ 1982 ਵਿਚ ਦਿੱਲੀ ਦੀਆਂ ਏਸ਼ਿਆਈ ਖੇਡਾਂ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਲੱਖ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਸੀ ਜੋ ਅੱਧ ਪਚੱਧ ਹੀ ਪੂਰਾ ਹੋ ਸਕਿਆ। ਅਕਸਰ ਵੇਖਿਆ ਗਿਆ ਹੈ ਕਿ ਮੁੱਖ ਮੰਤਰੀ ਤੇ ਮੰਤਰੀ ਐਲਾਨ ਤਾਂ ਵੱਡੇ ਵੱਡੇ ਕਰ ਦਿੰਦੇ ਹਨ ਪਰ ਐਲਾਨਾਂ `ਤੇ ਅਮਲ ਕਰਨਾ ਅਕਸਰ ਭੁੱਲ ਜਾਂਦੇ ਹਨ।
1966 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਗੁਰਬਖ਼ਸ਼ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਮੀਤ ਕਪਤਾਨ ਬਣਾਇਆ ਗਿਆ ਸੀ। ਉਸ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਉਹ ਟੀਮ ਲਗਭਗ ਸਾਰੀ ਹੀ ਸਰਦਾਰ ਖਿਡਾਰੀਆਂ ਨਾਲ ਲੈਸ ਸੀ ਜਿਨ੍ਹਾਂ ਦੇ ਜੂੜਿਆਂ ਉਤੇ ਸਫੈਦ ਰੁਮਾਲ ਸੋਂਹਦੇ ਸਨ। ਇੰਜ ਜਾਪਦਾ ਸੀ ਜਿਵੇਂ ਕਿਸੇ ਖਾਲਸਾ ਕਾਲਜ ਦੀ ਟੀਮ ਹੋਵੇ! ਉਸੇ ਸਾਲ ਭਾਰਤ ਸਰਕਾਰ ਨੇ ਗੁਰਬਖ਼ਸ਼ ਸਿੰਘ ਨੂੰ ਦੇਸ਼ ਦੇ ਸਰਵੋਤਮ ਖੇਡ ਪੁਰਸਕਾਰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ।
1966 ਵਿਚ ਹੀ ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਹਾਕੀ ਦਾ ਕੌਮਾਂਤਰੀ ਟੂਰਨਾਮੈਂਟ ਹੋਇਆ। ਗੁਰਬਖ਼ਸ਼ ਸਿੰਘ ਨੂੰ ਉਸ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸੇ ਸਾਲ ਜਪਾਨ ਦੇ ਟੂਰ ਸਮੇਂ ਵੀ ਭਾਰਤੀ ਹਾਕੀ ਟੀਮ ਦੀ ਅਗਵਾਈ ਗੁਰਬਖ਼ਸ਼ ਸਿੰਘ ਨੂੰ ਹੀ ਸੌਂਪੀ ਗਈ। ਫਿਰ ਸ੍ਰੀਲੰਕਾ ਦੇ ਟੂਰ ਵੇਲੇ ਵੀ ਉਹ ਕਪਤਾਨ ਬਣਿਆਂ। 1967 ਵਿਚ ਉਹ ਲੰਡਨ ਦਾ ਪ੍ਰੀ ਓਲੰਪਿਕ ਹਾਕੀ ਟੂਰਨਾਮੈਂਟ ਖੇਡਿਆ।
1968 ਵਿਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਸਥਿਤੀ ਅਜਿਹੀ ਬਣੀ ਕਿ ਸੀਨੀਅਰ ਖਿਡਾਰੀਆਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਦੋਹਾਂ ਨੂੰ ਭਾਰਤੀ ਹਾਕੀ ਟੀਮ ਦੇ ਜੌੜੇ ਕਪਤਾਨ ਬਣਾਉਣਾ ਪਿਆ। ਅਜਿਹਾ ਪ੍ਰਬੰਧ ਪਹਿਲੀ ਵਾਰ ਕਰਨਾ ਪਿਆ ਸੀ। ਗੱਲ ਵਿਚੋਂ ਇਹੋ ਸੀ ਕਿ ਦੋਵੇਂ ਖਿਡਾਰੀ ਹੀ ਮੈਰਿਟ ਪੱਖੋਂ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦੇ ਹੱਕਦਾਰ ਸਨ। ਪਰ ਉਮਰ ਪੱਖੋਂ ਅਗਲੀ ਓਲੰਪਿਕਸ ਖੇਡ ਸਕਣਾ ਦੋਹਾਂ ਲਈ ਸ਼ੱਕੀ ਸੀ। ਸੋ ਦੋਹਾਂ ਨੂੰ ਹੀ ਜੁਆਇੰਟ ਕਪਤਾਨ ਬਣਾ ਦਿੱਤਾ ਗਿਆ। ਟੀਮ ਮਸੀਂ ਤਾਂਬੇ ਦਾ ਤਮਗ਼ਾ ਜਿੱਤ ਸਕੀ।
ਮੈਕਸੀਕੋ ਦੀ ਓਲੰਪਿਕਸ ਖੇਡ ਕੇ ਗੁਰਬਖ਼ਸ਼ ਸਿੰਘ ਕੌਮਾਂਤਰੀ ਹਾਕੀ ਤੋਂ ਰਿਟਾਇਰ ਹੋ ਗਿਆ ਪਰ ਕੌਮੀ ਪੱਧਰ `ਤੇ ਬੰਗਾਲ ਵੱਲੋਂ 1972 ਤਕ ਖੇਡਦਾ ਰਿਹਾ। ਬੰਗਾਲ ਵਿਚ ਉਹ ਕਸਟਮਜ਼, ਮੋਹਨ ਬਾਗਾਨ ਤੇ ਈਸਟ ਬੰਗਾਲ ਕਲੱਬਾਂ ਦੀਆਂ ਟੀਮਾਂ ਦਾ ਮੈਂਬਰ ਰਿਹਾ। 1973 ਵਿਚ ਉਹਨੂੰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਟੀਮ ਦੀ ਮੈਨੇਜਰੀ ਵੀ ਸੌਂਪੀ ਗਈ। 1974 ਤੇ 75 ਵਿਚ ਉਹ ਛੇ-ਛੇ ਮਹੀਨਿਆਂ ਲਈ ਫਰਾਂਸ ਦੀ ਕੌਮੀ ਟੀਮ ਨੂੰ ਕੋਚਿੰਗ ਦੇਣ ਜਾਂਦਾ ਰਿਹਾ।
1976 ਵਿਚ ਮਾਂਟਰੀਅਲ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਦਾ ਕੋਚ ਸੀ। 1980 ਤੋਂ 84 ਤਕ ਉਹ ਫੇਰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਰਿਹਾ। 1983 ਵਿਚ ਉਹ ਕਰਾਚੀ ਦੀ ਚੈਂਪੀਅਨਜ਼ ਟਰਾਫੀ ਸਮੇਂ ਫਿਰ ਭਾਰਤੀ ਟੀਮ ਦਾ ਮੈਨੇਜਰ ਸੀ। 1973 `ਚ ਨੈਸ਼ਨਲ ਅੰਪਾਇਰ ਬਣਿਆ ਅਤੇ 1981 ਵਿਚ ਇੰਟਰਨੈਸ਼ਨਲ ਅੰਪਾਇਰ ਬਣ ਗਿਆ। 1982 ਦੀਆਂ ਏਸ਼ਿਆਈ ਖੇਡਾਂ ਸਮੇਂ ਵੀ ਉਸ ਨੇ ਕਈ ਮੈਚ ਖਿਡਾਏ।
ਇਕ ਵਾਰ ਅਸੀਂ ਦਿੱਲੀ ਦੇ ਨਹਿਰੂ ਹਾਕੀ ਟੂਰਨਾਮੈਂਟ ਉਤੇ `ਕੱਠੇ ਹੋਏ ਤਾਂ ਪੰਜਾਬ ਪੁਲਿਸ ਦਾ ਮੈਚ ਦੱਖਣ ਵੱਲ ਦੀ ਕਿਸੇ ਟੀਮ ਨਾਲ ਚੱਲ ਰਿਹਾ ਸੀ। ਪੰਜਾਬੀ ਹਾਕੀ ਖਿਡਾਰੀਆਂ ਦੇ ਢਿੱਲੇ ਪੈ ਜਾਣ `ਤੇ ਉਸ ਨੇ ਦਿਲੀ ਦੁੱਖ ਪਰਗਟ ਕੀਤਾ। ਉਸ ਨੇ ਕਿਹਾ, “ਸਾਡੇ ਨਵੇਂ ਮੁੰਡਿਆਂ ਦੀ ਖੇਡ ਵਿਚ ਉਹ ਜਾਨ ਨਹੀਂ ਰਹੀ ਜਿਹੜੀ ਹੋਣੀ ਚਾਹੀਦੀ ਏ। ਇਨ੍ਹਾਂ `ਚੋਂ ਕਈ ਨਸ਼ਿਆਂ ਵੱਲ ਪੈ ਗਏ ਨੇ। ਸਾਡੇ ਵੇਲੇ ਪੰਜਾਬੀ ਖਿਡਾਰੀ ਮੁਲਕ ਦੀ ਹਰੇਕ ਟੀਮ ਵਿਚ ਸਨ। ਪੰਜਾਬ ਹਾਕੀ ਦਾ ਘਰ ਏ ਤੇ ਉਥੋਂ ਹੋਰ ਚੰਗੇ ਖਿਡਾਰੀ ਉੱਠਣੇ ਚਾਹੀਦੇ ਨੇ।”
ਉਸ ਦੀ ਇੱਛਾ ਟੋਕੀਓ-2021 ਤੇ ਪੈਰਿਸ-2024 ਦੀਆਂ ਓਲੰਪਿਕ ਖੇਡਾਂ ਵਿਚ ਪੰਜਾਬੀ ਖਿਡਾਰੀਆਂ ਨੇ ਪੂਰੀ ਕਰ ਦਿੱਤੀ। ਪੰਜਾਬੀ ਖਿਡਾਰੀਆਂ ਨਾਲ ਭਰਪੂਰ ਭਾਰਤੀ ਟੀਮ ਫਿਰ ਵਿਕਟਰੀ ਸਟੈਂਡ `ਤੇ ਚੜ੍ਹੀ।
ਮੈਂ ਪੁੱਛਿਆ, “ਕੀ ਸਾਡੇ ਖਿਡਾਰੀ ਹੀ ਮਾਂਦੇ ਪੈ ਗਏ ਨੇ ਜਾਂ ਹੋਰ ਦੁਨੀਆਂ ਤਕੜੀ ਹੋ ਗਈ ਐ?” ਗੁਰਬਖ਼ਸ਼ ਸਿੰਘ ਨੇ ਆਖਿਆ, “ਇਹ ਠੀਕ ਏ ਕਿ ਦੂਜੇ ਮੁਲਕਾਂ ਦੇ ਖਿਡਾਰੀ ਹਾਕੀ ਖੇਡਣ `ਚ ਪਹਿਲਾਂ ਨਾਲੋਂ ਵਧੇਰੇ ਮਾਹਿਰ ਹੋ ਗਏ ਨੇ ਪਰ ਸਾਡੇ ਖਿਡਾਰੀਆਂ ਨੂੰ ਵੀ ਬਦਲਦੇ ਸਮੇਂ ਨਾਲ ਆਪਣੀ ਟੈਕਨੀਕ `ਚ ਸੁਧਾਰ ਲਿਆਉਂਦੇ ਰਹਿਣਾ ਚਾਹੀਦੈ। ਸਾਡੇ ਮੁੰਡੇ ਹਾਲਾਂ ਵੀ ਗਰਾਸ ਹਾਕੀ ਖੇਡਦੇ ਨੇ ਤੇ ਐਸਟਰੋ ਟਰਫ ਦੀ ਟੈਕਨੀਕ ਨੂੰ ਨਹੀਂ ਅਪਨਾ ਰਹੇ। ਇਹੋ ਵਜ੍ਹਾ ਏ ਕਿ ਇੰਟਰਨੈਸ਼ਨਲ ਮੈਚਾਂ `ਚ ਹਾਰ ਖਾਂਦੇ ਨੇ।”
ਮੈਂ ਬੱਚਿਆਂ ਨੂੰ ਕੋਈ ਸੰਦੇਸ਼ ਦੇਣ ਲਈ ਕਿਹਾ ਤਾਂ ਉਸ ਨੇ ਆਖਿਆ, “ਬੱਚਿਆਂ ਨੂੰ ਖੇਡਾਂ ਸ਼ਿੱਦਤ ਨਾਲ ਅਪਨਾਉਣੀਆਂ ਚਾਹੀਦੀਆਂ ਨੇ। ਖੇਡਾਂ ਦੀ ਲਗਨ ਵਿਦਿਆਰਥੀ ਜੀਵਨ ਵਿਚ ਈ ਲੱਗੇ ਤਦ ਹੀ ਚੰਗੇ ਨਤੀਜੇ ਨਿਕਲ ਸਕਦੇ ਨੇ। ਕਿਸੇ ਵੀ ਖੇਡ `ਚ ਮਾਹਿਰ ਬਣਨ ਲਈ ਮਿਹਨਤ, ਲਗਨ ਤੇ ਸਿਰੜ ਦੀ ਲੋੜ ਏ। ਜੀਹਦੇ ਵਿਚ ਲਗਨ ਤੇ ਸਿਰੜ ਐ ਉਹ ਜ਼ਰੂਰ ਕੁਝ ਨਾ ਕੁਝ ਕਰ ਕੇ ਈ ਦਮ ਲਵੇਗਾ।”
ਮੈਂ ਪੁੱਛਿਆ, “ਤੁਹਾਨੂੰ ਅਕਸਰ ਹੀ ਹਾਕੀ ਟੂਰਨਾਮੈਂਟਾਂ ਉਤੇ ਤੁਰੇ ਫਿਰਦੇ ਵੇਖੀਦਾ। ਪਿੱਛੇ ਤੁਹਾਡਾ ਕਾਰੋਬਾਰ ਕਿਵੇਂ ਚੱਲਦੈ? ਬਿਜ਼ਨਸ ਸਫਰ ਨਹੀਂ ਕਰਦਾ?”
ਗੁਰਬਖ਼ਸ਼ ਸਿੰਘ ਨੇ ਮੁਸਕਰਾਉਂਦਿਆਂ ਕਿਹਾ, “ਬਿਜ਼ਨਸ ਤਾਂ ਜ਼ਰੂਰ ਸਫਰ ਕਰਦਾ ਪਰ ਤੁਹਾਨੂੰ ਪਤਾ ਈ ਏ ਪਈ ਇਕ ਵਾਰ ਜਿਹੜਾ ਝੱਸ ਬੰਦੇ ਨੂੰ ਪੈ ਜਾਏ ਉਹ ਮਰਦੇ ਦਮ ਤਕ ਛੁੱਟਦਾ ਵੀ ਤੇ ਨਹੀਂ। ਇਹ ਹਾਕੀ ਵਾਲਾ ਸ਼ੌਕ ਤਾਂ ਹੁਣ ਉਮਰ ਭਰ ਈ ਰਹੇਗਾ ਭਾਵੇਂ ਕਿੰਨੇ ਘਾਟੇ ਪਈ ਜਾਣ।” ਹੁਣ ਉਹ ਨੱਬਿਆਂ ਨੂੰ ਢੁੱਕ ਚੁੱਕੈ ਤੇ 1957 ਤੋਂ ਕੋਲਕੱਤੇ ਦਾ ਵਸਨੀਕ ਹੈ। ਬੰਗਾਲ ਸਰਕਾਰ ਨੇ ਉਸ ਨੂੰ ‘ਬੰਗਾ ਬਿਭੂਸ਼ਨ ਪੁਰਸਕਾਰ’ ਨਾਲ ਅਤੇ ਈਸਟ ਬੰਗਾਲ ਕਲੱਬ ਨੇ ‘ਭਾਰਤ ਗੌਰਵ ਅਵਾਰਡ’ ਨਾਲ ਸਨਮਾਨਿਆ ਹੈ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ